ਗੁਰਬਾਣੀ ਪ੍ਰਸਾਰਨ ਦੇ ਅਧਿਕਾਰਾਂ ਦਾ ਮਾਮਲਾ ਭਖਿਆ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਤੇ ਹੁਕਮਨਾਮੇ ਦੇ ਹੱਕਾਂ ਸਬੰਧੀ ਉਠੇ ਵਿਵਾਦ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਲੋਚਨਾ ਦੇ ਘੇਰੇ ਵਿਚ ਆ ਗਈ ਹੈ। ਸ਼੍ਰੋਮਣੀ ਕਮੇਟੀ ਨੂੰ ਸਵਾਲ ਕੀਤਾ ਜਾ ਰਿਹਾ ਹੈ ਕਿ, ਕੀ ਗੁਰਬਾਣੀ ਨੂੰ ਵੇਚਿਆ ਜਾ ਸਕਦਾ ਹੈ? ਗੁਰਬਾਣੀ ਤਾਂ ਸਰਬ ਸਾਂਝੀ ਹੈ। ਫਿਰ ਹਰਿਮੰਦਰ ਸਾਹਿਬ ਤੋਂ ਕੀਰਤਨ ਦੇ ਪ੍ਰਸਾਰਨ ਹੱਕ ਸਿਰਫ ਇਕ ਟੀਵੀ ਚੈਨਲ ਕੋਲ ਹੀ ਕਿਉਂ ਹਨ? ਮਾਮਲਾ ਭਖਣ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਅਤੇ ਟੀæਵੀæ ਚੈਨਲ ਪੀæਟੀæਸੀæ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਦੋਵਾਂ ਕੋਲੋਂ 15 ਦਿਨਾਂ ਵਿਚ ਆਪਣੀ ਸਥਿਤੀ ਸਪਸ਼ਟ ਕਰਨ ਲਈ ਆਖਿਆ ਗਿਆ ਹੈ।

ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਚ ਰੋਜ਼ ਹੁੰਦੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਹੱਕ ਸਿਰਫ ਇਕ ਟੀæਵੀæ ਚੈਨਲ ਨੂੰ ਦਿੱਤੇ ਜਾਣ ਕਾਰਨ ਇਹ ਮਾਮਲਾ ਪਹਿਲਾਂ ਵੀ ਵਿਵਾਦਾਂ ਵਿਚ ਰਿਹਾ ਹੈ। ਇਸ ਵਿਵਾਦ ਨੂੰ ਹੁਣ ਹੋਰ ਹਵਾ ਉਸ ਸਮੇਂ ਮਿਲੀ ਜਦੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵੇਰੇ ਪ੍ਰਕਾਸ਼ ਵੇਲੇ ਪਹਿਲੇ ਹੁਕਮਨਾਮੇ ਉਤੇ ਟੀæਵੀæ ਚੈਨਲ ਵਲੋਂ ਆਪਣਾ ਹੱਕ ਹੋਣ ਦਾ ਦਾਅਵਾ ਜਤਾਇਆ ਗਿਆ। ਇਸ ਦਾ ਸਖਤ ਵਿਰੋਧ ਹੋ ਰਿਹਾ ਹੈ।
ਗੁਰਬਾਣੀ ਦੇ ਪ੍ਰਸਾਰਨ ਦੇ ਹੱਕ ਸਿਰਫ ਇਕ ਧਿਰ ਨੂੰ ਦਿੱਤੇ ਜਾਣ ਦਾ ਅੰਦਰਖਾਤੇ ਵਿਰੋਧ ਵੀ ਹੋ ਰਿਹਾ ਹੈ। ਸ਼੍ਰੋਮਣੀ ਕਮੇਟੀ ਵਲੋਂ ਗੁਰਬਾਣੀ ਦੇ ਪ੍ਰਸਾਰਨ ਦੇ ਇਹ ਹੱਕ ਸਭ ਤੋਂ ਪਹਿਲਾਂ ਸਾਲ 2000 ਵਿਚ ਜ਼ੀ ਪੰਜਾਬੀ ਚੈਨਲ ਨੂੰ ਦਿੱਤੇ ਗਏ ਸਨ। ਉਪਰੰਤ, 2007 ਵਿਚ ਇਸ ਸਬੰਧੀ ਈæਟੀæਸੀæ ਚੈਨਲ ਨਾਲ ਸਮਝੌਤਾ ਕੀਤਾ ਗਿਆ ਅਤੇ ਮਗਰੋਂ 2012 ਵਿਚ ਗੁਰਬਾਣੀ ਦੇ ਪ੍ਰਸਾਰਨ ਦੇ ਹੱਕ ਪੀæਟੀæਸੀæ ਚੈਨਲ ਨੂੰ ਸੌਂਪ ਦਿੱਤੇ ਗਏ ਸਨ। ਹੋਰ ਵੀ ਕਈ ਟੀæਵੀæ ਚੈਨਲਾਂ ਨੇ ਸ਼੍ਰੋਮਣੀ ਕਮੇਟੀ ਕੋਲ ਮੰਗ ਰੱਖੀ ਸੀ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦੇ ਹੱਕ ਸਿਰਫ ਇਕ ਟੀæਵੀæ ਚੈਨਲ ਨੂੰ ਨਹੀਂ ਸਗੋਂ ਹੋਰਨਾਂ ਨੂੰ ਵੀ ਦਿੱਤੇ ਜਾਣੇ ਚਾਹੀਦੇ ਹਨ।
ਸਿੱਖ ਜਥੇਬੰਦੀਆਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਕਥਾ ਕੀਰਤਨ ਕਿਸੇ ਕੰਪਨੀ ਦੀ ਮਲਕੀਅਤ ਨਹੀਂ ਹਨ। ਇਸ ਦੇ ਪ੍ਰਚਾਰ ਤੇ ਪ੍ਰਸਾਰ ਦੀ ਸੇਵਾ ਹਰ ਵਿਅਕਤੀ ਅਤੇ ਅਦਾਰਾ ਨਿਭਾਅ ਸਕਦਾ ਹੈ।
ਪੰਜਾਬ ਦੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਦੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ ‘ਤੇ ਆਪਣੀ ਮਾਲਕੀ ਦਾ ਦਾਅਵਾ ਕਰਨਾ ਗੁਰਬਾਣੀ ਦਾ ਘੋਰ ਨਿਰਾਦਰ ਹੈ। ਇਹ ਨਿਰਾਦਰ ਕਰਨ ਦੇ ਦੋਸ਼ੀਆਂ ਖਿਲਾਫ ਸਿੱਖ ਪਰੰਪਰਾਵਾਂ ਅਤੇ ਮਰਿਯਾਦਾ ਅਨੁਸਾਰ ਤੁਰਤ ਕਾਰਵਾਈ ਹੋਣੀ ਚਾਹੀਦੀ ਹੈ। ਬਾਜਵਾ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਵਲੋਂ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਟੀਵੀ ਚੈਨਲ ਨਾਲ ਕੀਤੇ ਗਏ ਸਮਝੌਤੇ ਨੂੰ ਜਨਤਕ ਕਰਨ ਤਾਂ ਜੋ ਪੂਰੇ ਸਿੱਖ ਪੰਥ ਨੂੰ ਇਸ ਦੀ ਅਸਲੀਅਤ ਦਾ ਪਤਾ ਲੱਗ ਸਕੇ।
ਉਧਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੁਰ ਮਰਿਆਦਾ ਨੂੰ ਢਾਹ ਲਗਾਉਣ ਬਦਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕਰਕੇ ਕਾਰਵਾਈ ਕਰਨ ਦੀ ਮੰਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕੀਤੀ ਹੈ।