ਸੱਤਾ ਦੀ ਧੌਂਸ ਵਿਰੁਧ ਉਭਰ ਰਹੇ ‘ਸ਼ਾਹੀਨ ਬਾਗ’

ਬੂਟਾ ਸਿੰਘ
ਫੋਨ: +91-94634-74342
ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਥੋਪੇ ਜਾਣ ‘ਤੇ ਮੁਲਕ ਦੀ ਅਵਾਮ ਉਸ ਤਰ੍ਹਾਂ ਖਾਮੋਸ਼ ਨਹੀਂ ਰਹੀ ਜਿਵੇਂ ਉਹ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਅਤੇ ਬਾਬਰੀ ਮਸਜਿਦ ਮਾਮਲੇ ਵਿਚ ਸੁਪਰੀਮ ਕੋਰਟ ਦੇ ਸ਼ਰੇਆਮ ਪੱਖਪਾਤੀ ਫੈਸਲੇ ਦੇ ਵਕਤ ਖਾਮੋਸ਼ ਰਹੇ ਸਨ। ਐਨ.ਆਰ.ਸੀ. ਨੂੰ ਪੂਰੇ ਮੁਲਕ ਵਿਚ ਲਾਗੂ ਕਰਨ ਦੇ ਐਲਾਨਾਂ ਵਿਰੁੱਧ ਲੱਖਾਂ ਦੀ ਤਾਦਾਦ ‘ਚ ਅਵਾਮ ਸੜਕਾਂ ਉਪਰ ਆ ਗਏ। ਉਨ੍ਹਾਂ ਸਮਝ ਲਿਆ ਹੈ ਕਿ ਇਹ ਹਮਲੇ ਸਿਰਫ ਮੁਸਲਮਾਨਾਂ ਖਿਲਾਫ ਸੇਧਤ ਨਹੀਂ, ਹੋਰ ਗਰੀਬ ਅਤੇ ਨਿਤਾਣੇ ਹਿੱਸਿਆਂ ਨੂੰ ਵੀ ਇਨ੍ਹਾਂ ਦਾ ਬਰਾਬਰ ਖਮਿਆਜ਼ਾ ਭੁਗਤਣਾ ਪਵੇਗਾ। ਸ਼ਾਇਦ ਭਗਵੀਂ ਹਾਈਕਮਾਨ ਨੂੰ ਐਨੇ ਵਿਆਪਕ ਵਿਰੋਧ ਦੀ ਉਮੀਦ ਨਹੀਂ ਸੀ।

ਰੋਸ ਮੁਜ਼ਾਹਰਿਆਂ ਨੂੰ ਦਬਾਉਣ ਲਈ ਲਾਠੀਆਂ-ਗੋਲੀਆਂ ਦੀ ਬੇਤਹਾਸ਼ਾ ਵਰਤੋਂ ਦੇ ਬਾਵਜੂਦ ਉਨ੍ਹਾਂ ਦੇ ਪੈਰ ਉਖੜੇ ਹੋਏ ਨਜ਼ਰ ਆ ਰਹੇ ਹਨ। ਉਹ ਝੂਠ ਦਾ ਸਹਾਰਾ ਲੈ ਕੇ ਅਵਾਮ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਤਾਂ ਐਵੇਂ ‘ਟੁਕੜੇ ਟੁਕੜੇ ਗੈਂਗ’ ਅਫਵਾਹਾਂ ਫੈਲਾ ਰਿਹਾ ਹੈ, ਕਿਸੇ ਦੀ ਨਾਗਰਿਕਤਾ ਨੂੰ ਕੋਈ ਖਤਰਾ ਨਹੀਂ ਹੈ। ਇਹ ਵੀ ਕਿ ਪੂਰੇ ਮੁਲਕ ਵਿਚ ਐਨ.ਆਰ.ਸੀ. ਲਾਗੂ ਕਰਨ ਦੀ ਕੋਈ ਫੌਰੀ ਯੋਜਨਾ ਨਹੀਂ ਹੈ; ਲੇਕਿਨ ਨੋਟਬੰਦੀ ਅਤੇ ਜੀ.ਐਸ਼ਟੀ. ਦੇ ਕੌੜੇ ਤਜਰਬਿਆਂ ‘ਚੋਂ ਲੰਘ ਕੇ ਅਵਾਮ ਨੂੰ ਸਮਝ ਪੈ ਗਿਆ ਹੈ ਕਿ ਸੰਘ ਬ੍ਰਿਗੇਡ ਦਾ ਮਕਸਦ ਉਸ ਤੋਂ ਪੂਰੀ ਤਰ੍ਹਾਂ ਉਲਟ ਹੁੰਦਾ ਹੈ ਜੋ ਉਨ੍ਹਾਂ ਵਲੋਂ ਪੇਸ਼ ਕੀਤਾ ਜਾਂਦਾ ਹੈ। ਇਸੇ ਸੋਝੀ ਨੇ ਉਨ੍ਹਾਂ ਦੇ ਸੰਘਰਸ਼ ਦੇ ਇਰਾਦੇ ਨੂੰ ਦ੍ਰਿੜਤਾ ਬਖਸ਼ੀ ਹੈ।
5 ਦਸੰਬਰ ਦੀ ਰਾਤ ਨੂੰ ਮੋਦੀ ਸਰਕਾਰ ਨੇ ਪੁਲਿਸ+ਗੁੰਡਾ ਗੱਠਜੋੜ ਤੋਂ ਜੇ.ਐਨ.ਯੂ. ਉਪਰ ਇਸ ਮਨੋਰਥ ਨਾਲ ਹਮਲਾ ਕਰਵਾਇਆ ਕਿ ਖੌਫਜ਼ਦਾ ਹੋ ਕੇ ਵਿਦਿਆਰਥੀ, ਸੰਘਰਸ਼ ਬੰਦ ਕਰ ਦੇਣਗੇ। ਇਹ ਮਨਸੂਬਾ ਨਾਕਾਮ ਰਿਹਾ। ਸਗੋਂ ਨਾਗਰਿਕਤਾ ਸੋਧ ਐਕਟ ਦੀ ਚੁਣੌਤੀ ਵਿਦਿਆਰਥੀਆਂ ਨੂੰ ਸੰਘਰਸ਼ਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਲਈ ਨਵਾਂ ਪ੍ਰੇਰਕ ਬਣ ਗਈ। 14 ਦਸੰਬਰ ਤੋਂ ਬਾਅਦ ਤਾਂ ਮੰਜ਼ਰ ਹੀ ਬਦਲ ਗਿਆ ਹੈ। ‘ਸ਼ਹਿਰੀ ਨਕਸਲੀਆਂ’ ਦੇ ਨਵੇਂ ਪੂਰ ਉਭਰ ਆਏ ਹਨ। ਜਾਮੀਆ ਮਿਲੀਆ ਇਸਲਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦਬਾਉਣ ਲਈ ਢਾਹੀ ਵਹਿਸ਼ੀ ਹਿੰਸਾ ਨਾਲ ਵਿਰੋਧ ਦਬਣ ਦੀ ਬਜਾਏ ਸਗੋਂ ਹੋਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿਚ ਫੈਲ ਗਿਆ ਹੈ। ਕੁਲੀਨ ਵਰਗ ਦੇ ਸੇਂਟ ਸਟੀਫਨ ਕਾਲਜ ਦੇ ਵਿਦਿਆਰਥੀਆਂ ਨੇ ਵੀ ਤੀਹ ਸਾਲ ਬਾਅਦ ਅੰਗੜਾਈ ਲਈ ਹੈ। ਵੱਖ-ਵੱਖ ਰਾਜਾਂ ਵਿਚ ਵਿਸ਼ਾਲ ਮੁਜ਼ਾਹਰੇ ਹੋ ਰਹੇ ਹਨ। ਸੰਘ ਬ੍ਰਿਗੇਡ ਵਲੋਂ ਪਾਈ ਦਹਿਸ਼ਤ ਨੂੰ ਤੋੜ ਕੇ ਲੱਖਾਂ ਮੁਸਲਮਾਨ ਨਾਗਰਿਕਤਾ ਦਾ ਹੱਕ ਖੋਹੇ ਜਾਣ ਦੇ ਖਿਲਾਫ ਡਟ ਗਏ ਹਨ। ਇਕ ਮਜ਼ਲੂਮ ਘੱਟਗਿਣਤੀ ਦਾ ਮੁਜ਼ਾਹਰਿਆਂ ਵਿਚ ਐਨੀ ਵੱਡੀ ਤਾਦਾਦ ‘ਚ ਸ਼ਾਮਲ ਹੋਣਾ ਅਤੇ ਹੋਰ ਹਿੱਸਿਆਂ ਦਾ ਘੱਟਗਿਣਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਹਿੰਦੂਤਵੀ ਸਾਜ਼ਿਸ਼ ਦਾ ਵਿਰੋਧ ਕਰਨਾ ਵਿਲੱਖਣ ਵਰਤਾਰਾ ਹੈ ਜੋ ਸ਼ਾਇਦ ਪਿਛਲੇ ਸੱਤ ਦਹਾਕਿਆਂ ਵਿਚ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ।
ਇਸ ਵਿਰੋਧ ਦੀ ਹੋਰ ਵੀ ਖਾਸ ਵਿਲੱਖਣਤਾ ਇਸ ਵਿਚ ਔਰਤਾਂ ਦੀ ਮੋਹਰੀ ਭੂਮਿਕਾ ਹੈ। ਚਾਹੇ ਯੂਨੀਵਰਸਿਟੀ ਕੈਂਪਸ ਹਨ ਜਾਂ ਸ਼ਹਿਰਾਂ ਵਿਚ ਧਰਨੇ-ਮੁਜ਼ਾਹਰੇ, ਲੜਕੀਆਂ ਅਤੇ ਔਰਤਾਂ ਹਰ ਥਾਂ ਹੀ ਉਘੜਵੀਂ ਭੂਮਿਕਾ ਨਿਭਾ ਰਹੀਆਂ ਹਨ। ਖਾਸ ਕਰਕੇ ਮੁਸਲਿਮ ਔਰਤਾਂ ਬਾਰੇ ਬਣੀ ਇਹ ਧਾਰਨਾ ਟੁੱਟ ਗਈ ਹੈ ਕਿ ਉਨ੍ਹਾਂ ਦੀ ਦੁਨੀਆ ਤਾਂ ਹਿਜਾਬ ਅਤੇ ਘਰ ਦੀ ਚਾਰ-ਦੀਵਾਰੀ ਤੱਕ ਸੀਮਤ ਹੈ। ਸੀ.ਏ.ਏ., ਐਨ.ਆਰ.ਸੀ. ਅਤੇ ਐਨ.ਪੀ.ਆਰ. ਦੇ ਖਿਲਾਫ ਸੰਘਰਸ਼ਾਂ ਦੀ ਪਹਿਲਕਦਮੀਂ ਕਰਨ ਜ਼ਰੀਏ ਆਪਣੇ ਬਾਰੇ ਬਣੀਆਂ ਤਮਾਮ ਧਾਰਨਾਵਾਂ ਅਤੇ ਮਿੱਥਾਂ ਨੂੰ ਚਕਨਾਚੂਰ ਕਰਕੇ ਉਹ ਇਕ ਅਸਲੋਂ ਹੀ ਨਵੇਂ ਬੁਲੰਦ ਕਿਰਦਾਰ ਨਾਲ ਸੰਘਰਸ਼ ਦੀ ਮੋਹਰੀ ਟੁਕੜੀ ਬਣੀਆਂ ਹੋਈਆਂ ਹਨ। ਜਾਮੀਆ ਮੋਰਚੇ ਵਿਚ ਮੁਸਲਿਮ ਲੜਕੀਆਂ ਬਹੁਤ ਹੀ ਸੁਘੜ ਭੂਮਿਕਾ ਨਿਭਾ ਰਹੀਆਂ ਹਨ ਜੋ ਇਕ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈ। ਜਾਮੀਆ ਮਿਲੀਆ ਦੀਆਂ ਲਦੀਦਾ ਫਰਜ਼ਾਨਾ ਅਤੇ ਆਇਸ਼ਾ ਰੈਨਾ ਨੇ ਆਪਣੇ ਸਾਥੀਆਂ ਨੂੰ ਬਚਾਉਣ ਲਈ ਜਾਬਰ ਪੁਲਸੀਆਂ ਦੀਆਂ ਲਾਠੀਆਂ ਦੀ ਵੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਦੀ ਦਲੇਰੀ, ਉਨ੍ਹਾਂ ਦਾ ਜੁਝਾਰੂ ਜਜ਼ਬਾ ਹਿੰਦੂਤਵ ਫਾਸ਼ੀਵਾਦ ਨਾਲ ਟੱਕਰ ਲੈਣ ਵਾਲਿਆਂ ਲਈ ਮਿਸਾਲ ਬਣ ਗਿਆ ਹੈ।
ਇਕ ਨਿਆਰਾ ਮੰਜ਼ਰ ਦਿੱਲੀ ਦੇ ਸ਼ਾਹੀਨ ਬਾਗ ਦਾ ਹੈ। ਇਸ ਇਲਾਕੇ ਵਿਚ ਮੁਸਲਿਮ ਔਰਤਾਂ ਇਕ ਮਹੀਨੇ ਤੋਂ ਪੱਕਾ ਮੋਰਚਾ ਲਗਾਈ ਬੈਠੀਆਂ ਹਨ। ਇਨ੍ਹਾਂ ਵਿਚ ਨਵਜੰਮੇ ਬਾਲ ਗੋਦੀ ਚੁੱਕੀ ਮਾਵਾਂ ਵੀ ਜੋਸ਼ੋ-ਖਰੋਸ਼ ਨਾਲ ਸ਼ਾਮਲ ਹਨ। ਉਹ ਕੋਈ ਸੰਘਰਸ਼ਾਂ ਵਿਚ ਤਪੀਆਂ ਕਾਰਕੁਨ ਨਹੀਂ ਹਨ, ਉਹ ਸਾਧਾਰਨ ਔਰਤਾਂ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਸ਼ਾਇਦ ਹੀ ਕਦੇ ਇਕੱਲੀਆਂ ਘਰੋਂ ਬਾਹਰ ਨਿਕਲੀਆਂ ਹੋਣ; ਲੇਕਿਨ ਸੱਤਾ ਦੀ ਧੌਂਸ ਵਿਰੁਧ ਲੜਨ ਦੀ ਲੋੜ ਨੇ ਉਨ੍ਹਾਂ ਦੀ ਹਿਚਕਚਾਹਟ ਅਤੇ ਡਰ ਦੂਰ ਕਰ ਦਿੱਤੇ ਹਨ। ਜਿਸ ਦਿਨ ਰਾਜਧਾਨੀ ਵਿਚ ਠੰਢ ਇਕ ਸਦੀ ਦਾ ਰਿਕਾਰਡ ਤੋੜ ਰਹੀ ਸੀ, ਉਸ ਰਾਤ ਵੀ ਆਪਣੇ ਮੁਲਕ ਦੇ ਭਵਿਖ ਪ੍ਰਤੀ ਫਿਕਰਮੰਦ ਇਹ ਔਰਤਾਂ ਘਰ-ਬਾਰ ਛੱਡ ਕੇ ਉਥੇ ਡਟੀਆਂ ਹੋਈਆਂ ਸਨ। ਕਹਿਰ ਦੀ ਠੰਢ, ਬਾਰਿਸ਼ ਅਤੇ ਪੁਲਿਸ ਅਤੇ ਸੱਤਾਧਾਰੀ ਗੁੰਡਿਆਂ ਵਲੋਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਮੁਸ਼ਕਿਲਾਂ ਨਾਲ ਵੀ ਉਨ੍ਹਾਂ ਦੇ ਹੌਸਲੇ ਪਸਤ ਨਹੀਂ ਹੋਏ ਅਤੇ ਧਰਨਾ ਦਿਨ-ਰਾਤ ਜਾਰੀ ਹੈ। ਨਵੇਂ ਸਾਲ ਦੇ ਜਸ਼ਨ ਵੀ ਉਨ੍ਹਾਂ ਨੇ ਇਥੇ ਹੀ ਮਨਾਏ।
ਇਹ ਮੋਰਚਾ ਐਨਾ ਪੁਰਕਸ਼ਿਸ਼ ਹੈ ਕਿ ਦੂਰ-ਦਰਾਜ ਸੂਬਿਆਂ ਤੋਂ ਸ਼ਾਹੀਨ ਬਾਗ ਪਹੁੰਚ ਕੇ ਇਕਮੁੱਠਤਾ ਪ੍ਰਗਟਾਉਣ ਲਈ ਇਨਸਾਫਪਸੰਦ ਹਿੱਸਿਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਉਹ ਇਨ੍ਹਾਂ ਵੀਰਾਂਗਣਾਂ ਤੋਂ ਸੰਘਰਸ਼ ਦੀ ਨਵੀਂ ਊਰਜਾ ਲੈ ਕੇ ਪਰਤਦੇ ਹਨ। ਕਲਾਕਾਰ, ਕਵੀ, ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਸਿਵਲ ਸੁਸਾਇਟੀ ਗਰੁਪ, ਫਿਲਮੀ ਸਿਤਾਰੇ ਅਤੇ ਹੋਰ ਨਾਮਵਰ ਸ਼ਖਸੀਅਤਾਂ ਤੋਂ ਲੈ ਕੇ ਜਾਮੀਆ, ਜੇ.ਐਨ.ਯੂ., ਜਾਮੀਆ ਮਿਲੀਆ ਇਸਲਾਮੀਆ ਅਤੇ ਸਥਾਨਕ ਸਰਕਾਰੀ ਸਕੂਲ ਦੇ ਵਿਦਿਆਰਥੀ ਸ਼ਾਹੀਨ ਬਾਗ ਮੋਰਚੇ ਵਿਚ ਸ਼ਾਮਲ ਹੋ ਰਹੇ ਹਨ। ਹਮਾਇਤ ਕਰਨ ਵਾਲਿਆਂ ਵਿਚ ਹਾਕਮ ਜਮਾਤੀ ਵਿਰੋਧੀ-ਧਿਰ ਦੇ ਆਗੂ ਵੀ ਹੁੰਦੇ ਹਨ ਲੇਕਿਨ ਇਹ ਮੋਰਚਾ ਖੁਦਗਰਜ਼ ਸਿਆਸਤ ਦੀਆਂ ਤਮਾਮ ਰਾਜਨੀਤਕ ਗਿਣਤੀਆਂ-ਮਿਣਤੀਆਂ ਦਾ ਮੂੰਹ ਚਿੜਾ ਕੇ ਫਿਰਕੇਦਾਰਾਨਾ ਇਕਜੁੱਟਤਾ ਦਾ ਇਕ ਬਿਲਕੁਲ ਹੀ ਵੱਖਰਾ ਸੰਦੇਸ਼ ਬਣ ਕੇ ਉਭਰਿਆ ਹੈ। ਸਦੀਆਂ ਤੋਂ ਦਬਾਏ ਅਵਾਮ ਨਾ ਸਿਰਫ ਜਾਬਰ ਨਿਜ਼ਾਮ ਨਾਲ ਟੱਕਰ ਲੈਣ ਦੀ ਸਗੋਂ ਇਸ ਨੂੰ ਅਗਵਾਈ ਦੇਣ ਦੀ ਕਮਾਲ ਦੀ ਸਮਰੱਥਾ ਦੇ ਪ੍ਰਤੱਖ ਦੀਦਾਰ ਕਰਵਾ ਰਹੇ ਹਨ।
ਗੁਜਰਾਤ ਤੋਂ ਬਾਅਦ ਯੂ.ਪੀ. ਹਿੰਦੂਤਵ ਦਹਿਸ਼ਤਵਾਦ ਦੀ ਨਵੀਂ ਪ੍ਰਯੋਗਸ਼ਾਲਾ ਹੈ ਜਿਥੇ ਸੱਤਾ ਵੱਲੋਂ ਵੀਹ ਲੋਕਾਂ ਨੂੰ ਸਿੱਧੀਆਂ ਗੋਲੀਆਂ ਮਾਰਨ, ਪ੍ਰਦਰਸ਼ਨਕਾਰੀਆਂ ਦੀਆਂ ਜਾਇਦਾਦਾਂ ਕੁਰਕ ਕਰਨ, ਲੇਖਕਾਂ, ਕਵੀਆਂ, ਕਲਾਕਾਰਾਂ ਤੇ ਔਰਤਾਂ ਨੂੰ ਜੇਲ੍ਹਾਂ ਵਿਚ ਡੱਕਣ ਅਤੇ ਝੂਠੇ ਕੇਸ ਦਰਜ ਕਰਨ ਸਮੇਤ ਹਰ ਹਥਕੰਡਾ ਵਰਤਿਆ ਗਿਆ ਹੈ। ਇਥੇ ਕਾਨਪੁਰ ਵਿਚ ਦੂਸਰਾ ‘ਸ਼ਾਹੀਨ ਬਾਗ’ ਉਭਰ ਆਇਆ ਹੈ। ਚਮਨਗੰਜ ਕਾਨਪੁਰ ਦਾ ਸਭ ਤੋਂ ਸੰਘਣੀ ਮੁਸਲਿਮ ਆਬਾਦੀ ਵਾਲਾ ਇਲਾਕਾ ਹੈ ਜਿਸ ਨੂੰ ਜਾਗਰੂਕਤਾ ਦੇ ਲਿਹਾਜ਼ ਨਾਲ ਬਹੁਤ ਹੀ ਪਿਛੜਿਆ ਹੋਇਆ ਇਲਾਕਾ ਸਮਝਿਆ ਜਾਂਦਾ ਹੈ। ਪਿਛਲੇ ਦਿਨਾਂ ਤੋਂ ਇਥੇ ‘ਮੁਹੰਮਦ ਅਲੀ ਪਾਰਕ’ ਵਿਚ ਲੱਗੇ ਧਰਨੇ ਵਿਚ ਮੁਸਲਿਮ ਔਰਤਾਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਨੇ ਤਮਾਮ ਮਿੱਥਾਂ ਤੋੜ ਦਿੱਤੀਆਂ ਹਨ। ਇਨ੍ਹਾਂ ਔਰਤਾਂ ਨੇ ਸ਼ਾਇਦ ਹੀ ਕਦੇ ਸਿਆਸਤ ਬਾਰੇ ਚਰਚਾ ਕੀਤੀ ਹੋਵੇਗੀ, ਲੇਕਿਨ ਹੁਣ ਇਥੇ ਹਜ਼ਾਰਾਂ ਦੇ ਇਕੱਠ ਵਿਚ ਮਾਈਕ ਉਪਰ ਆ ਕੇ ਭਾਸ਼ਨ ਕਰਦੀਆਂ, ਗੀਤ-ਨਜ਼ਮਾਂ ਗਾਉਾਂਦੀਆਂ ਤੇ ਸੰਵਿਧਾਨ ਨੂੰ ਬਚਾਉਣ ਦੇ ਹੋਕਾ ਦਿੰਦੀਆਂ ਅਤੇ ਜੋਸ਼ੀਲੇ ਨਾਅਰੇ ਲਗਾ ਕੇ ਹਿੰਦੂਤਵ ਫਾਸ਼ੀਵਾਦ ਨੂੰ ਲਲਕਾਰਦੀਆਂ ਆਮ ਹੀ ਦੇਖੀਆਂ ਜਾ ਸਕਦੀਆਂ ਹਨ। ਇਹ ਸਵੈ-ਵਿਸ਼ਵਾਸ ਅਤੇ ਦਲੇਰੀ ਹੈਰਾਨ ਕਰਨ ਵਾਲੀ ਹੈ। ਇਹ ਔਰਤਾਂ ਹਰ ਮੁਸ਼ਕਿਲ ਦਾ ਮੁਕਾਬਲਾ ਕਰਦੀਆਂ ਹੋਈਆਂ ਰੋਜ਼ਾਨਾ ਧਰਨੇ ਵਿਚ ਸ਼ਾਮਲ ਹੁੰਦੀਆਂ ਹਨ ਅਤੇ ਪੂਰੇ ਅਨੁਸ਼ਾਸਨ ਵਿਚ ਰਹਿ ਕੇ ਆਵਾਜ਼ ਉਠਾ ਰਹੀਆਂ ਹਨ। ਇਕ ਪਾਸੇ ਸੰਘ ਅਤੇ ਸੱਤਾ ਦੇ ਬੇਲਗਾਮ ਗੁੰਡੇ ਹਨ ਦੂਜੇ ਪਾਸੇ ਬਾ-ਜ਼ਾਬਤਾ ਪ੍ਰਦਰਸ਼ਨਕਾਰੀਆਂ ਦਾ ਕਮਾਲ ਦਾ ਸਵੈ-ਅਨੁਸ਼ਾਸਨ ਹੈ। ਸ਼ਾਹੀਨ ਬਾਗ ਦਾ ਮੋਰਚਾ ਇਕ ਮਹੀਨੇ ਤੋਂ ਜਾਰੀ ਹੈ। ਕੋਈ ਬੇਤਰਤੀਬੀ, ਕੋਈ ਅਫਰਾ-ਤਫਰੀ ਨਹੀਂ। ਇਕ ਹਿੱਸੇ ਨੇ ਪਾਸਾ ਵੱਟ ਲਿਆ ਲੇਕਿਨ ਬਾਕੀ ਲੋਕ ਡਟੇ ਹੋਏ ਹਨ। ਅਲਾਹਾਬਾਦ ਦੇ ਮਨਸੂਰ ਪਾਰਕ, ਪੂਨਾ ਦੇ ਕੌਸਰ ਬਾਗ, ਕੋਲਕਾਤਾ ਦੇ ਪਾਰਕ ਸਰਕਸ ਮੈਦਾਨ, ਪਟਨਾ ਦੇ ਸਬਜ਼ੀ ਬਾਗ ਅਤੇ ਬਿਹਾਰ ਦੇ ਨਵਾਦਾ, ਬੇਗੂਸਰਾਏ ਆਦਿ ਵਿਚ ਵੀ ਇਸੇ ਤਰ੍ਹਾਂ ਦੇ ਮੋਰਚੇ ਸ਼ੁਰੂ ਹੋਣ ਦੀਆਂ ਖਬਰਾਂ ਹਨ। ਜਿਸ ਤਰ੍ਹਾਂ ਦਹਾਕਿਆਂ ਤੋਂ ਦਬਾਇਆ ਅਤੇ ਡਰ-ਡਰ ਕੇ ਰਹਿ ਰਿਹਾ ਮੁਸਲਿਮ ਭਾਈਚਾਰਾ ਸੜਕਾਂ ਉਪਰ ਆ ਗਿਆ ਹੈ, ਆਉਣ ਵਾਲੇ ਦਿਨਾਂ ਵਿਚ ਹੋਰ ਸ਼ਹਿਰਾਂ ਵਿਚ ਵੀ ਇਸੇ ਤਰਜ਼ ਦੇ ਮੋਰਚੇ ਲੱਗਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਸ਼ਾਹੀਨ ਬਾਗ ਅਤੇ ਹੋਰ ਮੋਰਚਿਆਂ ਦਾ ਇਕ ਹੋਰ ਰੰਗ ਵੀ ਗੌਰਤਲਬ ਹੈ। ਇਸ ਨੇ ਅਵਾਮੀ ਰੋਹ ਦੇ ਇਜ਼ਹਾਰ ਨੂੰ ਨਵੇਂ ਕਲਾਤਮਕ ਰੂਪ ਦਿੱਤੇ ਹਨ। ਜਾਮੀਆ ਮਿਲੀਆ ਮੋਰਚੇ ਵਿਚ ਲਾਇਬ੍ਰੇਰੀ ਬਣ ਗਈ ਹੈ ਜਿਥੇ ਕਿਤਾਬਾਂ ਪੜ੍ਹਦੇ ਸੰਘਰਸ਼ਸ਼ੀਲਾਂ ਦਾ ਮੰਜ਼ਰ ਜਹਾਲਤ ਦੀ ਧੌਂਸ ਨੂੰ ਖਾਮੋਸ਼ੀ ਨਾਲ ਲਲਕਾਰਦਾ ਦੇਖਿਆ ਜਾ ਸਕਦਾ ਹੈ। ਜਦੋਂ ਰਾਤ ਨੂੰ ਮੰਚ ਦੀ ਕਾਰਵਾਈ ਬੰਦ ਹੋ ਜਾਂਦੀ ਹੈ ਤਾਂ ਹਾਜ਼ਰ ਲੋਕ ਪ੍ਰਤੀਰੋਧ ਦੀਆਂ ਫਿਲਮਾਂ ਦੇਖਣ ਵਿਚ ਮਸਰੂਫ ਹੋ ਜਾਂਦੇ ਹਨ। ਜੇ.ਐਨ.ਯੂ. ਵਿਚੋਂ ਉਭਰਿਆ ‘ਆਜ਼ਾਦੀ’ ਦਾ ਨਾਅਰਾ ਪ੍ਰਤੀਰੋਧ ਦੀ ਗੂੰਜ ਬਣ ਕੇ ਮੁਜ਼ਾਹਰਿਆਂ ਵਿਚ ਗੂੰਜ ਰਿਹਾ ਹੈ। ‘ਸੰਘਵਾਦ ਸੇ ਆਜ਼ਾਦੀ’, ‘ਮਨੂਵਾਦ ਸੇ ਆਜ਼ਾਦੀ’ ਵਰਗੇ ਨਾਅਰੇ ਆਰ.ਐਸ਼ਐਸ਼ ਦੇ ਹਿੰਦੂ ਰਾਸ਼ਟਰ ਦੇ ਪ੍ਰੋਜੈਕਟ ਬਾਰੇ ਰਾਜਨੀਤਕ ਚੇਤਨਾ ਦਾ ਨਵਾਂ ਹਰਕਾਰਾ ਬਣ ਗਏ ਹਨ। ਰਚਨਾਤਮਕ ਨਾਅਰੇ, ਪੋਸਟਰ, ਕੰਧ ਨਾਅਰੇ ਅਤੇ ਸੜਕਾਂ ਉਪਰ ਚਿਤਰੀਆਂ ਸੰਘਰਸ਼ ਦੀਆਂ ਰੰਗੋਲੀਆਂ ਕਲਾ ਦੇ ਮੁਕਾਮ ਛੋਹ ਰਹੀਆਂ ਹਨ। ਚੇਨਈ ਵਿਚ ਇਸ ‘ਬੁਰਾਈ ਦਾ ਜੰਮਦੇ ਹੀ ਗਲਾ ਘੁੱਟਣ’ ਲਈ ਸੜਕ ਉਪਰ ਰੰਗੀਲੀ ਬਣਾਉਣ ਵਾਲੇ ਪੰਜ ਜਣਿਆਂ ਨੂੰ ਗ੍ਰਿਫਤਾਰ ਕਰਨਾ ਅਤੇ ਆਈ.ਆਈ.ਟੀ. ਕਾਨਪੁਰ ਵਿਚ ਵਿਦਿਆਰਥੀਆਂ ਵਲੋਂ ਫੈਜ਼ ਅਹਿਮਦ ਫੈਜ਼ ਦੀ ਨਜ਼ਮ ‘ਹਮ ਦੇਖੇਂਗੇ’ ਗਾਏ ਜਾਣ ਦੀ ਜਾਂਚ ਲਈ ਕਮੇਟੀ ਬਣਾਉਣਾ ਵਿਰੋਧ ਦੀ ਇਸ ਰਚਨਾਤਮਕਾ ਪ੍ਰਤੀ ਸੱਤਾ ਦੀ ਬੌਖਲਾਹਟ ਹੀ ਤਾਂ ਹੈ।
ਜਮਹੂਰੀ ਵਿਰੋਧ ਦੀ ਇਹ ਨਾਬਰੀ ਸੱਤਾ ਦੀ ਅੱਖ ਦਾ ਰੋੜ ਬਣੀ ਹੋਈ ਹੈ। ਜੇ.ਐਨ.ਯੂ. ਦੇ ਹਾਲੀਆ ਘਟਨਾਕ੍ਰਮ ਦੌਰਾਨ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਦੀ ਲਹੂ-ਲੁਹਾਣ ਤਸਵੀਰ ਨੇ ਕੁਲ ਆਲਮ ਨੂੰ ਆਰ.ਐਸ਼ਐਸ਼-ਭਾਜਪਾ ਦੇ ਰਾਜ ਦਾ ਅਸਲ ਚਿਹਰਾ ਵੀ ਦਿਖਾ ਦਿੱਤਾ ਹੈ ਅਤੇ ਹੁਕਮਰਾਨਾਂ ਦੀ ਬੌਖਲਾਹਟ ਵੀ। ਜਿਨ੍ਹਾਂ ਉਪਰ ਹਮਲਾ ਕੀਤਾ ਗਿਆ, ਉਨ੍ਹਾਂ ਨੂੰ ਹੀ ਹਿੰਸਾ ਦੇ ਦੋਸ਼ੀ ਕਰਾਰ ਦੇ ਕੇ ਅਤੇ ਉਨ੍ਹਾਂ ਖਿਲਾਫ ਪਰਚੇ ਦਰਜ ਕਰਕੇ ਮੋਦੀ ਸਰਕਾਰ ਨੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ। ਇਸ ਦਾ ਸੰਕੇਤ ਦਿੱਲੀ ਚੋਣਾਂ ਦੀ ਤਿਆਰੀ ਵਜੋਂ ਪਿਛਲੇ ਦਿਨੀਂ ਰਾਮ ਲੀਲਾ ਮੈਦਾਨ ਵਿਚ ਮੋਦੀ ਦੇ ਭਾਸ਼ਨ ਵਿਚ ਮਿਲ ਗਿਆ ਸੀ। ਜਿਥੇ ਸੰਘ ਦੇ ਲਸ਼ਕਰ ‘ਮੋਦੀ ਜੀ ਇਸ਼ਾਰਾ ਦੋ, ਹਮ ਤੁਮਾਰੇ ਸਾਥ ਹੈ’ ਚੀਕ ਕੇ ਸੱਤਾ ਵਿਰੋਧੀ ਆਵਾਜ਼ਾਂ ਉਪਰ ਝਪਟਣ ਲਈ ਤਰਲੋਮੱਛੀ ਹੋ ਰਹੇ ਸਨ।
ਉਹ ਭੁੱਲ ਰਹੇ ਹਨ ਕਿ ਨਾਬਰੀ ਕਦੇ ਮਰਦੀ ਨਹੀਂ, ਸੱਤਾ ਦਾ ਜਬਰ ਸਦਾ ਇਸ ਵਿਚ ਨਵੀਂ ਰੂਹ ਫੂਕਣ ਦਾ ਸਾਧਨ ਹੀ ਬਣਦਾ ਹੈ।