ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਨੇ ਜਿਹੜੇ ਮੁੱਦਿਆਂ ਨੂੰ ਉਭਾਰ ਕੇ ਤਿੰਨ ਸਾਲ ਪਹਿਲਾਂ ਸੂਬੇ ਦੀ ਸੱਤਾ ਉਤੇ ਕਬਜ਼ਾ ਕੀਤਾ ਸੀ, ਉਹ ਹੁਣ ਸਭ ਭੁੱਲ-ਭਲਾ ਗਈ ਹੈ। ਮਾਰਚ ਵਿਚ ਕੈਪਟਨ ਸਰਕਾਰ ਦੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਜਾ ਰਿਹਾ ਹੈ। ਪੰਜਾਬ ਕਾਂਗਰਸ ਨੇ ਬੇਅਦਬੀ, ਰੇਤਾ, ਬੱਜਰੀ, ਨਸ਼ੇ, ਗੈਂਗਸਟਰ ਅਤੇ ਬਿਜਲੀ ਬਣਾਉਣ ਵਾਲੀਆਂ ਨਿੱਜੀ ਕੰਪਨੀਆਂ ਦੇ ਮੁੱਦਿਆਂ ਨੂੰ ਇੰਨੇ ਜ਼ੋਰ-ਸ਼ੋਰ ਨਾਲ ਉਭਾਰਿਆ ਸੀ ਕਿ ਸੱਤਾ ਉਤੇ ਦਸ ਸਾਲ ਤੋਂ ਕਾਬਜ਼ ਅਕਾਲੀ-ਭਾਜਪਾ ਗੱਠਜੋੜ ਨੂੰ ਹਾਸ਼ੀਏ ਉਤੇ ਧੱਕ ਦਿੱਤਾ ਗਿਆ ਸੀ। ਪੰਜਾਬ ‘ਚ ਜਿੱਤ ਨਾਲ ਕਾਂਗਰਸ ਨੂੰ ਕੌਮੀ ਪੱਧਰ ‘ਤੇ ਵੀ ਵੱਡੀ ਰਾਹਤ ਮਿਲੀ ਸੀ।
ਕਾਂਗਰਸ ਕੋਲ ਬੇਅਦਬੀ ਵਰਗਾ ਤਿੱਖਾ ਹਥਿਆਰ ਸੀ ਜਿਸ ਨੂੰ ਆਪਣੇ ਰਵਾਇਤੀ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਨਾ ਵਰਤੇ ਜਾਣ ਕਾਰਨ ਉਸ ਨੂੰ ਖੁੰਢਾ ਕਰ ਲਿਆ ਗਿਆ ਹੈ। ਬੇਅਦਬੀ ਕਾਂਡ ਉਤੇ ਮੁੱਖ ਮੰਤਰੀ ਦੀ ਚੁੱਪ ਤੋਂ ਕਾਂਗਰਸੀ ਹੈਰਾਨ ਤੇ ਪਰੇਸ਼ਾਨ ਹਨ।
ਕਾਂਗਰਸ ‘ਚ ਇਹ ਗੱਲ ਅੱਜ ਵੀ ਮਹਿਸੂਸ ਕੀਤੀ ਜਾ ਰਹੀ ਹੈ ਕਿ ਜੇ ਬੇਅਦਬੀ ਦੇ ਮਾਮਲੇ ਨੂੰ ਆਉਣ ਵਾਲੇ ਸਮੇਂ ‘ਚ ਸਿਰੇ ਨਾ ਲਾਇਆ ਗਿਆ ਤਾਂ ਇਹੀ ਮੁੱਦਾ ਉਨ੍ਹਾਂ ਨੂੰ ਲੈ ਕੇ ਬਹਿ ਜਾਵੇਗਾ। ਹਾਲਾਂਕਿ ਬੇਅਦਬੀ ਨੂੰ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਸੂਰਤ ਵਿਚ ਵਰਤਣ ਦੇ ਸਮਰੱਥ ਨਹੀਂ ਹੈ, ਜਿਵੇਂ ਉਨ੍ਹਾਂ ਨੇ ਦੂਜੇ ਮੁੱਦਿਆਂ ਉਤੇ ਕਾਂਗਰਸ ਉਤੇ ਪਲਟਵਾਰ ਕੀਤਾ ਹੈ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਤੰਬਰ 2016 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਸ ਵੇਲੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਤੇ ਦੋਸ਼ ਲਾਇਆ ਸੀ ਕਿ ਬਿਜਲੀ ਕੰਪਨੀਆਂ ਨਾਲ ਜੋ ਸਮਝੌਤੇ ਕੀਤੇ ਹਨ, ਉਨ੍ਹਾਂ ‘ਚ ਇਕ ਹਜ਼ਾਰ ਕਰੋੜ ਦਾ ਘਪਲਾ ਕੀਤਾ ਗਿਆ ਹੈ। ਕਾਂਗਰਸ ਸੱਤਾ ਵਿਚ ਆ ਕੇ ਇਸ ਦੀ ਜਾਂਚ ਸੀ.ਬੀ.ਆਈ. ਜਾਂ ਕੈਗ ਤੋਂ ਕਰਵਾਏਗੀ। ਇਸ ਮੁੱਦੇ ਉਤੇ ਸੁਖਬੀਰ ਸਿੰਘ ਬਾਦਲ ਨੇ ਪਲਟਵਾਰ ਕਰਦਿਆਂ ਸਿੱਧਾ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਿਆ ਹੈ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਨੇ ਬਿਜਲੀ ਕੰਪਨੀਆਂ ਤੋਂ ਅੰਦਰਖਾਤੇ ਪੈਸੇ ਲੈ ਲਏ ਹਨ ਤੇ ਇਸ ਦੀ ਨਿਰਪੱਖ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ।
ਕਾਂਗਰਸ ਨੇ ਗੈਂਗਸਟਰਾਂ ਦੇ ਮੁੱਦੇ ਨੂੰ ਵੀ ਗੰਭੀਰਤਾ ਨਾਲ ਉਭਾਰਿਆ ਸੀ ਪਰ ਇਸ ਮੁੱਦੇ ਉਤੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਵਿਉਂਤਬੱਧ ਢੰਗ ਨਾਲ ਮੁਹਿੰਮ ਚਲਾ ਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਸ਼ਾਨਾ ਬਣਾਇਆ ਹੈ। ਇਸੇ ਤਰ੍ਹਾਂ ਰੇਤਾ-ਬੱਜਰੀ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਕਾਂਗਰਸੀਆਂ ਸਿਰ ਦੋਸ਼ ਮੜ੍ਹ ਰਿਹਾ ਹੈ ਕਿ ਬਹੁਤੇ ਕਾਂਗਰਸੀ ਵਿਧਾਇਕਾਂ ਦਾ ਰੇਤੇ ਦੀਆਂ ਖੱਡਾਂ ਵਿਚ ਹਿੱਸਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਨੂੰ ਚਾਰ ਹਫਤਿਆਂ ‘ਚ ਖਤਮ ਕਰਨ ਦੀ ਸਹੁੰ ਝੂਠੀ ਪੈਂਦੀ ਜਾਪਦੀ ਹੈ। ਅਕਾਲੀ ਦਲ ਇਹ ਵੀ ਮੁੱਦਾ ਬਣਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਬੇਅਦਬੀ ਕੀਤੀ ਹੈ। ਕੇਬਲ ਮਾਫੀਆ ਨੂੰ ਨੱਥ ਪਾਉਣ ਦੀ ਥਾਂ ਕਾਂਗਰਸੀ ਵੀ ਇਸ ਵਿਚੋਂ ਕਮਾਈ ਕਰਨ ਲੱਗ ਪਏ ਹਨ ਤੇ ਉਂਗਲਾਂ ਮੋਤੀ ਮਹਿਲ ਵੱਲ ਵੀ ਉੱਠਣ ਲੱਗੀਆਂ ਹਨ।
_________________________________________
ਪੰਜਾਬ ਦੇ ਪੈਰਾਂ ਸਿਰ ਹੋਣ ਤਕ ਸਿਆਸਤ ਨਹੀਂ ਛੱਡਾਂਗਾ: ਕੈਪਟਨ
ਚੰਡੀਗੜ੍ਹ: ਕਾਂਗਰਸ ਭਵਨ ਵਿਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਸਮੇਤ ਨਵੇਂ ਚੁਣੇ ਅਹੁਦੇਦਾਰਾਂ ਦੇ ਅਹੁਦਾ ਸੰਭਾਲਣ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਗੰਭੀਰ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ ਤੇ ਦੇਸ਼ ਵਿਚ ਲੋਕ ਰਾਜ ਨਹੀਂ, ਸਗੋਂ ਗੁੰਡਾ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਜਿਸ ਤਰ੍ਹਾਂ ਪ੍ਰਿਅੰਕਾ ਗਾਂਧੀ ਨੂੰ ਗਲੇ ਤੋਂ ਫੜ ਕੇ ਪੁਲਿਸ ਵਲੋਂ ਰੋਕਿਆ ਗਿਆ, ਉਹ ਦੇਸ਼ ‘ਚ ਗੁੰਡਾ ਰਾਜ ਹੋਣ ਦਾ ਵੱਡਾ ਸਬੂਤ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਆਪਣੀ ਆਖਰੀ ਚੋਣ ਦੱਸਣ ਵਾਲੇ ਕੈਪਟਨ ਨੇ ਕਿਹਾ ਕਿ ਉਹ ਅਜੇ ਸਿਆਸਤ ਵਿਚ ਹੀ ਰਹਿਣਗੇ ਅਤੇ ਉਦੋਂ ਤੱਕ ਕਿਤੇ ਨਹੀਂ ਜਾਣਗੇ ਜਦੋਂ ਤੱਕ ਪੰਜਾਬ ਨੂੰ ਤਰੱਕੀ ਦੇ ਰਾਹ ਉਤੇ ਨਹੀਂ ਪਾ ਦਿੰਦੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸੰਕਲਪ ਸੂਬੇ ਦੀ ਅਰਥ ਵਿਵਸਥਾ ਨੂੰ ਪੈਰਾ ਸਿਰ ਕਰਨਾ ਹੈ।