ਚੰਡੀਗੜ੍ਹ: ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸਰਹੱਦ ਪਾਰੋਂ ਸੂਬੇ ਵਿਚ ਨਸ਼ਿਆਂ ਦੀ ਸਮਗਲਿੰਗ ਦੇ ਮਾਮਲੇ ਵਿਚ ‘ਡਰੋਨ’ ਦੀ ਵਰਤੋਂ ਦਾ ਵੱਡਾ ਸਬੂਤ ਹੱਥ ਲੱਗਾ ਹੈ। ਸੂਬੇ ਦੇ ਡੀ.ਜੀ.ਪੀ. ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਡਰੋਨ ਰਾਹੀਂ ਨਸ਼ਾ ਤਸਕਰੀ ਦੇ ਮਾਮਲੇ ਵਿਚ ਭਾਰਤੀ ਫੌਜ ਦੇ ਇਕ ਨਾਇਕ ਸਣੇ ਦੋ ਤਸਕਰਾਂ ਨੂੰ ਚੀਨ ਦੇ ਬਣੇ ‘ਡਰੋਨ’, ਵਾਕੀ ਟਾਕੀਜ਼ ਅਤੇ ‘ਡਰੱਗ ਮਨੀ’ ਸਮੇਤ ਕਾਬੂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਬਰਾਮਦ ਸਾਮਾਨ ਵਿਚ ਡਰੋਨ ਬੈਟਰੀਆਂ, ਲੋੜ ਮੁਤਾਬਕ ਬਣਾਏ ਗਏ ਡਰੋਨ ਕੰਟੇਨਰਜ਼, 2 ਵਾਕੀ ਟਾਕੀ ਸੈੱਟ, 6.22 ਲੱਖ ਰੁਪਏ ਨਗਦ ਅਤੇ ਇਨਸਾਸ ਰਾਈਫਲ ਦੇ ਮੈਗਜ਼ੀਨ ਵੀ ਬਰਾਮਦ ਸ਼ਾਮਲ ਹਨ। ਤਫਤੀਸ਼ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਸਰਹੱਦ ਦੇ ਦੋਵੇਂ ਪਾਸੇ 2-3 ਕਿਲੋਮੀਟਰ ਦਾ ਸਫਰ ਤੈਅ ਕਰਨ ਦੇ ਸਮਰੱਥ ਡਰੋਨ ਨਸ਼ਿਆਂ ਦੀ ਖੇਪ ਲਿਆਉਣ ਲਈ ਭਾਰਤ ਵਾਲੇ ਪਾਸੇ ਤੋਂ ਪਾਕਿਸਤਾਨ ਵੱਲ ਭੇਜੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ‘ਡਰੋਨਾਂ’ ਵੱਲੋਂ ਸਪੱਸ਼ਟ ਤੌਰ ਉਤੇ ਪਹਿਲਾਂ ਹੀ 4-5 ਉਡਾਣਾਂ ਭਰੀਆਂ ਗਈਆਂ ਸਨ। ਸ੍ਰੀ ਗੁਪਤਾ ਨੇ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਕੀਤੀ ਗਈ ਇਹ ਕਾਰਵਾਈ ਇਕ ਵੱਡਾ ਸਬੂਤ ਹੈ ਕਿ ਕਿ ਪੰਜਾਬ ‘ਚ ਸਰਹੱਦ ਪਾਰੋਂ ਨਸ਼ਾ ਤਸਕਰੀ ਲਈ ‘ਡਰੋਨ’ ਦੀ ਵਰਤੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਕਾਰਵਾਈ ਦੌਰਾਨ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ। ਗ੍ਰਿਫਤਾਰ ਕੀਤੇ ਤਿੰਨ ਵਿਅਕਤੀਆਂ ਦੀ ਪਛਾਣ ਧਰਮਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਧਨੋਆ ਖੁਰਦ (ਅੰਮ੍ਰਿਤਸਰ), ਰਾਹੁਲ ਚੌਹਾਨ ਪੁੱਤਰ ਸ਼ੀਸ਼ ਪਾਲ ਚੌਹਾਨ ਵਾਸੀ 37 ਈ ਪੂਜਾ ਵਿਹਾਰ ਅੰਬਾਲਾ ਕੈਂਟ (ਹਰਿਆਣਾ) ਅਤੇ ਬਲਕਾਰ ਸਿੰਘ ਵਾਸੀ ਪਿੰਡ ਕਾਲਸ ਪੁਲਿਸ ਥਾਣਾ ਸਰਾਏ ਅਮਾਨਤ ਖਾਨ ਅੰਮ੍ਰਿਤਸਰ (ਦਿਹਾਤੀ) ਵਜੋਂ ਹੋਈ ਹੈ।
ਪੁਲਿਸ ਮੁਖੀ ਨੇ ਦੱਸਿਆ ਕਿ ਧਰਮਿੰਦਰ ਨੂੰ ਭਾਰਤ-ਪਾਕਿ ਸਰਹੱਦ ਤੋਂ 3 ਕਿਲੋਮੀਟਰ ਦੂਰ ਪਿੰਡ ਹਰਦੋ ਰਤਨ ਦੀ ਇਕ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਬਲਕਾਰ, ਜੋ ਐਨ.ਡੀ.ਪੀ.ਐਸ਼ ਦੇ ਇਕ ਕੇਸ ਵਿਚ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਸੀ, ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ। ਸ੍ਰੀ ਗੁਪਤਾ ਅਨੁਸਾਰ ਹਥਿਆਰਬੰਦ ਸੈਨਾਵਾਂ ਦਾ ਨਾਇਕ ਰਾਹੁਲ ਚੌਹਾਨ ਡਰੋਨ ਖਰੀਦਣ ਅਤੇ ਸਪਲਾਈ ਕਰਨ ਅਤੇ ਸਰਹੱਦ ਪਾਰ ਦੇ ਤਸਕਰਾਂ ਨੂੰ ਸਿਖਲਾਈ ਦੇਣ ਵਿਚ ਸ਼ਾਮਲ ਸੀ। ‘ਨਸ਼ਾ-ਅਤਿਵਾਦ’ ਦੇ 2 ਮੈਂਬਰ ਅਜੇ ਵੀ ਫਰਾਰ ਹਨ ਅਤੇ ਉਨ੍ਹਾਂ ਨੂੰ ਫੜਨ ਲਈ ਕੋਸ਼ਿਸ਼ਾਂ ਜਾਰੀ ਹਨ।
ਰਾਹੁਲ ਨੇ ਖੁਲਾਸਾ ਕੀਤਾ ਕਿ ਉਸ ਨੇ 2019 ਦੇ ਦੂਜੇ ਅੱਧ ਦੌਰਾਨ ਓਐਲਐਕਸ ਤੋਂ ਕਾਲੇ ਰੰਗ ਦਾ ਅੰਸ਼ਕ ਤੌਰ ‘ਤੇ ਖਰਾਬ ਹੋਇਆ ਡ੍ਰੋਨ-ਐਸਪਾਇਰ 02 ਮਾਡਲ 1.50 ਲੱਖ ਰੁਪਏ ਵਿਚ ਖਰੀਦਿਆ ਸੀ। ਪੁਲਿਸ ਮੁਖੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਡਰੋਨ ਦੀ ਮੁਰੰਮਤ ਕਰਨ ਤੋਂ ਬਾਅਦ ਉਸ ਨੇ ਇਸ ਨੂੰ ਲਗਭਗ 2.75 ਲੱਖ ਰੁਪਏ ਵਿਚ ਓਐਲਐਕਸ ਉਤੇ ਵੇਚ ਦਿੱਤਾ। ਇਸ ਰਕਮ ਤੋਂ ਰਾਹੁਲ ਨੇ ਪੁਣੇ ਤੋਂ ਇਕ ਨਵਾਂ ਡਰੋਨ ਡੀ.ਜੇ.ਆਈ. ਇੰਸਪਾਇਰ 02 ਮਾਡਲ ਤਕਰੀਬਨ 3.20 ਲੱਖ ਰੁਪਏ ਵਿਚ ਖਰੀਦਿਆ ਅਤੇ ਇਸ ਨੂੰ ਅੰਮ੍ਰਿਤਸਰ ਦੇ ਇਕ ਅਪਰਾਧੀ ਨੂੰ 5.70 ਲੱਖ ਰੁਪਏ ਵਿਚ ਵੇਚ ਦਿੱਤਾ। ਉਸ ਨੇ ਇਕ ਹੋਰ ਡਰੋਨ ਡੀ.ਜੇ.ਆਈ. ਮੈਟ੍ਰਿਸ 600 ਨੂੰ ਲਗਭਗ 5.35 ਲੱਖ ਰੁਪਏ ਵਿਚ ਖਰੀਦਿਆ ਅਤੇ ਇਸ ਨੂੰ ਕਰਨਾਲ ਵਿਚ ਛੁਪਾ ਕੇ ਰੱਖਿਆ ਸੀ। ਉਨ੍ਹਾਂ ਡਰੋਨਾਂ ਦੀ ਵਰਤੋਂ ਵਿਚ ਬੀ.ਐਸ਼ਐਫ਼ ਦੀ ਕਿਸੇ ਵੀ ਤਰ੍ਹਾਂ ਦੀ ਮਿਲੀਭੁਗਤ ਨੂੰ ਨਕਾਰਿਆ ਹੈ।