ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ 18 ਸਿੱਖ ਗਦਰੀ ਬਾਬਿਆਂ ਦੀਆਂ ਤਸਵੀਰਾਂ ਸਥਾਪਤ ਕਰ ਕੇ ਗਦਰੀ ਬਾਬਿਆਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤੇ ਸੰਘਰਸ਼ ਨੂੰ ਮਾਨਤਾ ਦਿੱਤੀ ਹੈ। ਇਹ ਤਸਵੀਰਾਂ ਖ਼ਾਲਸਾਈ ਰਸਮਾਂ ਮੁਤਾਬਕ ਸਥਾਪਤ ਕੀਤੀਆਂ ਗਈਆਂ।
ਸ਼੍ਰੋਮਣੀ ਕਮੇਟੀ ਦੇ ਲਗਭਗ ਸੌ ਸਾਲ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਸਿੱਖ ਸੰਸਥਾ ਨੇ ਗਦਰ ਲਹਿਰ ਦੇ ਸਿੱਖ ਸ਼ਹੀਦਾਂ ਨੂੰ ਮਾਨਤਾ ਦਿੱਤੀ ਹੈ। ਹੁਣ ਤੱਕ ਇਹ ਸਿੱਖ ਸੰਸਥਾ ਸਿਰਫ ਧਾਰਮਿਕ ਲਹਿਰ ਨਾਲ ਜੁੜੇ ਸਿੱਖਾਂ ਨੂੰ ਹੀ ਮਾਨਤਾ ਦਿੰਦੀ ਰਹੀ ਹੈ। ਇਸ ਸਬੰਧੀ ਸ੍ਰੀ ਅਜਾਇਬ ਘਰ ਵਿਚ ਇਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਸੀ। ਇਸ ਦੌਰਾਨ ਪਹਿਲਾਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਮਗਰੋਂ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਬਲਵਿੰਦਰ ਸਿੰਘ ਸਮੇਤ ਹੋਰ ਸ਼ਖਸੀਅਤਾਂ ਨੇ 18 ਸਿੱਖ ਗਦਰੀ ਯੋਧਿਆਂ ਦੀਆਂ ਤਸਵੀਰਾਂ ਤੋਂ ਪਰਦਾ ਹਟਾਇਆ।
ਇਸ ਦੌਰਾਨ ਭਾਈ ਗੁਰਦਾਸ ਹਾਲ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ‘ਚ ਕੈਨੇਡਾ ਤੋਂ ਇਕ 50 ਮੈਂਬਰੀ ਵਫਦ ਇਸ ਸਮਾਗਮ ‘ਚ ਸ਼ਾਮਲ ਹੋਣ ਲਈ ਪੁੱਜਾ ਸੀ, ਜਿਨ੍ਹਾਂ ਵਿਚ ਕੈਨੇਡਾ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਵੀ ਸ਼ਾਮਲ ਸਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਗਦਰੀ ਬਾਬਿਆਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਸ੍ਰੀ ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਗਦਰੀ ਯੋਧਿਆਂ ਅਤੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਛਾਪੇਗੀ ਅਤੇ ਇਸ ਨੂੰ ਸੰਗਤ ਵਿਚ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਗਦਰੀ ਬਾਬਿਆਂ ਨੇ ਦੇਸ਼ ਦੀ ਆਜ਼ਾਦੀ ਸਮੇਤ ਵਿਦੇਸ਼ੀ ਧਰਤੀ ਉਤੇ ਮਨੁੱਖੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਲੜਾਈ ਲੜੀ ਹੈ, ਜਿਸ ਨੂੰ ਭੁੱਲਿਆ ਨਹੀਂ ਜਾ ਸਕਦਾ। ਖਾਸ ਕਰਕੇ ਕੈਨੇਡਾ ਵਿਚ ਨਸਲੀ ਵਿਤਕਰੇ ਖਿਲਾਫ ਸਿੱਖ ਗਦਰੀ ਬਾਬਿਆਂ ਨੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸੀ। ਇਸੇ ਦਾ ਸਿੱਟਾ ਹੈ ਕਿ ਅੱਜ ਉਥੇ ਸਿੱਖਾਂ ਨੂੰ ਇਕ ਵੱਡਾ ਮੁਕਾਮ ਪ੍ਰਾਪਤ ਹੈ। ਸਿੱਖ ਕੌਮ ਨੂੰ ਆਪਣੇ ਇਨ੍ਹਾਂ ਯੋਧਿਆਂ ਉਤੇ ਹਮੇਸ਼ਾ ਮਾਣ ਰਹੇਗਾ।
ਇਸ ਦੌਰਾਨ ਹੋਰਨਾਂ ਬੁਲਾਰਿਆਂ ਨੇ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਵੱਲੋਂ ਪਾਏ ਯੋਗਦਾਨ ਉਤੇ ਚਾਨਣਾ ਪਾਇਆ। ਉਨ੍ਹਾਂ ਵਿਦੇਸ਼ਾਂ ‘ਚ ਮਨੁੱਖੀ ਸਰੋਕਾਰਾਂ ਤੇ ਹੱਕਾਂ ਲਈ ਲੜਨ ਵਾਲੇ ਗਦਰੀ ਬਾਬਿਆਂ ਦੀਆਂ ਤਸਵੀਰਾਂ ਨੂੰ ਸਿੱਖ ਅਜਾਇਬ ਘਰ ਵਿਚ ਸਥਾਪਤ ਕਰਨ ਦੇ ਫੈਸਲੇ ਨੂੰ ਇਕ ਅਹਿਮ ਫੈਸਲਾ ਕਰਾਰ ਦਿੱਤਾ। ਜਿਨ੍ਹਾਂ ਗਦਰੀ ਸਿੱਖ ਯੋਧਿਆਂ ਦੀਆਂ ਤਸਵੀਰਾਂ ਅਜਾਇਬ ਘਰ ਵਿਚ ਸਥਾਪਤ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ, ਸ਼ਹੀਦ ਬਲਵੰਤ ਸਿੰਘ ਖੁਰਦਪੁਰ, ਸ਼ਹੀਦ ਕਰਮ ਸਿੰਘ ਝਿੰਗੜ, ਸ਼ਹੀਦ ਭਾਗ ਸਿੰਘ ਭਿੱਖੀਵਿੰਡ, ਸ਼ਹੀਦ ਈਸ਼ਰ ਸਿੰਘ, ਸ਼ਹੀਦ ਜਗਤ ਸਿੰਘ ਸੁਰਸਿੰਘ ਵਾਲਾ, ਸ਼ਹੀਦ ਜਵੰਦ ਸਿੰਘ ਨੰਗਲ ਕਲਾਂ, ਸ਼ਹੀਦ ਰਾਮ ਸਿੰਘ ਧਲੇਤਾ, ਸ਼ਹੀਦ ਉਤਮ ਸਿੰਘ ਹਾਂਸ, ਸ਼ਹੀਦ ਬੀਰ ਸਿੰਘ ਬਾਹੋਵਾਲ, ਸ਼ਹੀਦ ਕਰਮ ਸਿੰਘ ਬੱਬਰ ਦੌਲਤਪੁਰ, ਸ਼ਹੀਦ ਬਤਨ ਸਿੰਘ ਦਲੇਲਸਿੰਘ ਵਾਲਾ, ਭਾਈ ਸਫਾ ਸਿੰਘ ਕੈਨੇਡੀਅਨ, ਬੀਬੀ ਹਰਨਾਮ ਕੌਰ, ਪ੍ਰਿੰਸੀਪਲ ਸੰਤ ਤੇਜਾ ਸਿੰਘ, ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਅਤੇ ਬਤਨ ਸਿੰਘ ਕਾਹਰੀ ਸ਼ਾਮਲ ਹਨ। ਗਦਰ ਪਾਰਟੀ ਦੇ ਮੁਖੀ ਬਾਬਾ ਸੋਹਣ ਸਿੰਘ ਭਕਨਾ ਦੇ ਪਰਿਵਾਰਕ ਮੈਂਬਰਾਂ ਵਿਚ ਸ਼ਾਮਲ ਜਸਬੀਰ ਸਿੰਘ ਗਿੱਲ ਨੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
_____________________________________
ਦਰਬਾਰ ਸਾਹਿਬ ਦੀ ਤਸਵੀਰ ਦੇ ਮੁੱਦੇ ‘ਤੇ ਐਮਾਜ਼ੋਨ ਵਿਰੁਧ ਕੇਸ ਦਰਜ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਨਲਾਈਨ ਸਾਮਾਨ ਵੇਚਣ ਵਾਲੀ ਕੰਪਨੀ ਐਮਾਜ਼ੋਨ ਡਾਟ ਕਾਮ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਵਰਤ ਕੇ ਇਸ ਦਾ ਨਿਰਾਦਰ ਤੇ ਬੇਅਦਬੀ ਕਰਨ ਉਤੇ ਫੌਜਦਾਰੀ ਕੇਸ ਦਰਜ ਕਰਵਾਇਆ ਹੈ ਤੇ ਇਸ ਬੇਅਦਬੀ ਲਈ ਜਿੰਮੇਵਾਰ ਅਨਸਰਾਂ ਦੀ ਤੁਰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਪੁਲਿਸ ਸਟੇਸ਼ਨ ਨਾਰਥ ਐਵੇਨਿਊ ਵਿਚ ਦਰਜ ਕਰਵਾਏ ਕੇਸ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਐਮਾਜ਼ੋਨ ਜੋ ਕਿ ਇਕ ਆਨਲਾਈਨ ਸ਼ਾਪਿੰਗ ਵੈੱਬਸਾਈਟ ਹੈ, ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਵਾਲੇ ਟੌਇਲਟ ਮੈਟ ਵੇਚੇ ਜਾ ਰਹੇ ਹਨ, ਜਿਸ ਕਾਰਨ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਆਪਣੇ ਉਤਪਾਦ ਖਾਸ ਤੌਰ ਉਤੇ ਟੌਇਲਟ ਮੈਟ ਵੇਚਣ ਲਈ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੀ ਵਰਤੋਂ ਕਰਨਾ ਗੁਰੂ ਘਰ ਦਾ ਘੋਰ ਨਿਰਾਦਰ ਤੇ ਬੇਅਦਬੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਮਾਜ਼ੋਨ ਨੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੀ ਦੁਰਵਰਤੋਂ ਕਰਕੇ ਠੇਸ ਪਹੁੰਚਾਈ ਹੈ। ਇਹ ਡੂੰਘੀ ਸਾਜ਼ਿਸ਼ ਜਾਪਦੀ ਹੈ ਤੇ ਇਸ ਲਈ ਦੋਸ਼ੀਆਂ ਖਿਲਾਫ ਧਾਰਾ 295 ਏ ਤੇ ਆਈ.ਪੀ.ਸੀ. ਦੀਆਂ ਹੋਰ ਧਾਰਾਵਾਂ ਤਹਿਤ ਅਦਾਲਤ ਵਿਚ ਕੇਸ ਚਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪੜਤਾਲ ਕਰਨ ਦੀ ਜ਼ਰੂਰਤ ਹੈ ਕਿ ਐਮਾਜ਼ੋਨ ਉਤੇ ਕੌਣ ਅਜਿਹੇ ਉਤਪਾਦ ਸਪਾਂਸਰ ਕਰ ਰਿਹਾ ਹੈ। ਸ੍ਰੀ ਸਿਰਸਾ ਨੇ ਮੰਗ ਕੀਤੀ ਕਿ ਪੁਲਿਸ ਐਮਾਜ਼ੋਨ ਚਲਾਉਣ ਵਾਲੇ ਤੇ ਪ੍ਰੋਡਕਟ ਬਣਾਉਣ ਤੇ ਵੇਚਣ ਦੇ ਦੋਸ਼ੀਆਂ ਨੂੰ ਤੁਰਤ ਗ੍ਰਿਫਤਾਰ ਕਰੇ।
ਐਮਾਜ਼ੋਨ ਖਿਲਾਫ ਸ਼੍ਰੋਮਣੀ ਕਮੇਟੀ ਨੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਬੰਧਤ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਾਈ ਜਾ ਰਹੀ ਹੈ। ਲੌਂਗੋਵਾਲ ਨੇ ਕਿਹਾ ਕਿ ਆਨ ਲਾਈਨ ਕੰਪਨੀਆਂ ਵੱਲੋਂ ਉਤਪਾਦ ਵੇਚਣ ਲਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੀਆਂ ਕੰਪਨੀਆਂ ਦਾ ਵਿਰੋਧ ਕੀਤਾ ਜਾਵੇ ਅਤੇ ਇਨ੍ਹਾਂ ਦੇ ਉਤਪਾਦ ਨਾ ਖਰੀਦੇ ਜਾਣ।