ਝੂਠਾ ਪੁਲਿਸ ਮੁਕਾਬਲਾ: ਛੇ ਪੁਲਿਸ ਅਫਸਰਾਂ ਨੂੰ 10-10 ਸਾਲ ਦੀ ਕੈਦ

ਮੁਹਾਲੀ: ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਕੋਈ 27 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲਿਸ ਦੇ ਛੇ ਅਫਸਰਾਂ ਨੂੰ ਦੋਸ਼ੀ ਕਰਾਰ ਦਿੰਦਿਆਂ 10-10 ਸਾਲ ਦੀ ਕੈਦ ਤੇ ਜਰਮਾਨੇ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਹੀ ਪੁਲਿਸ ਅਫਸਰਾਂ ਨੂੰ ਦੋ ਕੇਸਾਂ ‘ਚ 5-5 ਸਾਲ ਦੀ ਕੈਦ ਤੇ ਦੋ ਹੋਰ ਕੇਸਾਂ ਵਿਚ 2-2 ਸਾਲ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ।

ਦੋਸ਼ੀਆਂ ਵਿਚ ਇੰਸਪੈਕਟਰ ਸੂਬਾ ਸਿੰਘ, ਇੰਸਪੈਕਟਰ ਬਿਕਰਮਜੀਤ ਸਿੰਘ, ਸਬ-ਇੰਸਪੈਕਟਰ ਸੁਖਦੇਵ ਸਿੰਘ, ਸੁਖਦੇਵ ਰਾਜ ਜੋਸ਼ੀ ਤੇ ਲੱਖਾ ਸਿੰਘ ਅਤੇ ਏ.ਐਸ਼ਆਈ. ਸੂਬਾ ਸਿੰਘ ਸ਼ਾਮਲ ਹਨ। ਸਬੂਤਾਂ ਦੀ ਘਾਟ ਕਾਰਨ ਤਿੰਨ ਅਫਸਰਾਂ ਏ.ਆਈ.ਜੀ. ਕਸ਼ਮੀਰ ਸਿੰਘ ਗਿੱਲ, ਸਾਬਕਾ ਐਸ਼ਐਸ਼ਪੀ. ਗੁਰਮੀਤ ਸਿੰਘ ਰੰਧਾਵਾ ਅਤੇ ਇੰਸਪੈਕਟਰ ਨਿਰਮਲ ਸਿੰਘ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਤਤਕਾਲੀ ਐਸ਼ਐਸ਼ਪੀ. ਅਜੀਤ ਸਿੰਘ ਸੰਧੂ ਸਣੇ ਅੱਠ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ। ਇਸ ਕੇਸ ਦੀ ਸੁਣਵਾਈ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਿਚ ਹੋਈ। ਦੋਸ਼ੀ ਪੁਲਿਸ ਅਧਿਕਾਰੀਆਂ ਨੇ ਸਾਲ 1993 ਵਿਚ ਕਾਰਸੇਵਾ ਵਾਲੇ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਸਮੇਤ ਪਰਿਵਾਰ ਦੇ ਛੇ ਜੀਆਂ ਨੂੰ ਘਰੋਂ ਚੁੱਕ ਕੇ ਮੌਤ ਦੇ ਘਾਟ ਉਤਾਰਿਆ ਸੀ।
ਜਾਣਕਾਰੀ ਅਨੁਸਾਰ ਬਾਬਾ ਚਰਨ ਸਿੰਘ ਬੀੜ ਸਾਹਿਬ ਕੋਲ ਲਗਭਗ 35 ਗੁਰਦੁਆਰਿਆਂ ਦੀ ਕਾਰ ਸੇਵਾ ਦਾ ਪ੍ਰਬੰਧ ਸੀ। ਅਪਰੈਲ 1993 ਵਿਚ ਬਾਬਾ ਚਰਨ ਸਿੰਘ, ਉਨ੍ਹਾਂ ਦੇ ਭਰਾਵਾਂ ਬਾਬਾ ਮੇਜਾ ਸਿੰਘ, ਜਥੇਦਾਰ ਕੇਸਰ ਸਿੰਘ ਅਤੇ ਜਥੇਦਾਰ ਗੁਰਦੇਵ ਸਿੰਘ ਸਣੇ ਬਾਬੇ ਦੇ ਭਤੀਜੇ ਬਲਵਿੰਦਰ ਸਿੰਘ, ਜੋ ਪੁਲਿਸ ਵਿਚ ਸਿਪਾਹੀ ਸੀ ਅਤੇ ਉਸ ਦੇ ਪਿਤਾ ਗੁਰਮੇਲ ਸਿੰਘ ਨੂੰ ਤਰਨ ਤਾਰਨ ਪੁਲਿਸ ਨੇ ਉਸ ਸਮੇਂ ਦੇ ਐਸ਼ਐਸ਼ਪੀ. ਅਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਡੀ.ਐਸ਼ਪੀ. ਗੁਰਜੀਤ ਸਿੰਘ ਰੰਧਾਵਾ ਅਤੇ ਇੰਸਪੈਕਟਰ ਸੂਬਾ ਸਿੰਘ ਸਮੇਤ ਹੋਰਨਾਂ ਪੁਲਿਸ ਮੁਲਾਜ਼ਮਾਂ ਨੇ ਵੱਖ-ਵੱਖ ਥਾਂਵਾਂ ਤੋਂ ਫੜ ਕੇ ਝੂਠਾ ਪੁਲਿਸ ਮੁਕਾਬਲਾ ਦਿਖਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੁਲਿਸ ਨੇ ਆਪਣੇ ਰਿਕਾਰਡ ਵਿਚ ਇਹ ਦਰਸਾਇਆ ਸੀ ਕਿ ਇਹ ਵਿਅਕਤੀ ਪੁਲਿਸ ਹਿਰਾਸਤ ‘ਚੋਂ ਫਰਾਰ ਹੋਣ ਲੱਗੇ ਸੀ ਅਤੇ ਪੁਲਿਸ ਗੋਲੀਆਂ ਨਾਲ ਮਾਰੇ ਗਏ। ਇਸ ਮਾਮਲੇ ਵਿਚ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਦਾ ਨਾਂ ਵੀ ਉਛਲਿਆ ਸੀ, ਕਿਉਂਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਦੋਂ ਉਹ ਐਸ਼ਪੀ. ਦੇ ਅਹੁਦੇ ਉਤੇ ਤਾਇਨਾਤ ਸੀ।
ਸ਼ਿਕਾਇਤਕਰਤਾ ਦੇ ਵਕੀਲਾਂ ਸਰਬਜੀਤ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਵੱਲੋਂ ਇਨਸਾਫ ਪ੍ਰਾਪਤੀ ਲਈ ਜਦ ਪੁਲਿਸ ਨੇ 4 ਸਾਲ ਕੋਈ ਕਾਰਵਾਈ ਨਾ ਕੀਤੀ, ਤਾਂ ਥੱਕ-ਹਾਰ ਕੇ ਬਾਬਾ ਚਰਨ ਸਿੰਘ ਦੀ ਪਤਨੀ ਬੀਬੀ ਸੁਰਜੀਤ ਕੌਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ।
__________________________________
ਫੈਸਲੇ ਤੋਂ ਪਰਿਵਾਰ ਨਾਖੁਸ਼
ਬਾਬਾ ਚਰਨ ਸਿੰਘ ਦੇ ਪੁੱਤਰ ਪ੍ਰਗਟ ਸਿੰਘ ਨੇ ਅਦਾਲਤ ਦੇ ਫੈਸਲੇ ‘ਤੇ ਸਖਤ ਨਾਰਾਜ਼ਗੀ ਅਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਇਸ ਫੈਸਲੇ ਤੋਂ ਬਿਲਕੁਲ ਸੰਤੁਸ਼ਟ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਪੂਰੇ ਟੱਬਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਅਦਾਲਤ ਨੇ 28 ਸਾਲਾਂ ਬਾਅਦ ਫੈਸਲਾ ਸੁਣਾਇਆ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਹੁਤ ਘੱਟ ਸਜ਼ਾ ਦੇ ਕੇ ਉਨ੍ਹਾਂ ਦੇ ਜਖਮਾਂ ਉਤੇ ਮੱਲ੍ਹਮ ਲਾਉਣ ਦੀ ਥਾਂ ਲੂਣ ਛਿੜਕਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਸੀ ਜਾਂ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਬਣਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸੀ.ਬੀ.ਆਈ. ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਵੇਗਾ।