ਅਵਾਜ਼ਾਰ ਲੋਕਾਂ ਦੀਆਂ ਅਗਲੀਆਂ ਚੋਣਾਂ ਬਾਰੇ ਗੱਲਾਂ

-ਜਤਿੰਦਰ ਪਨੂੰ
ਹਾਲਾਤ ਇਸ ਵਕਤ ਬਿਨਾ ਸ਼ੱਕ ਸਾਡੇ ਦੇਸ਼ ਦੇ ਵੀ ਚੰਗੇ ਨਹੀਂ ਤੇ ਦੁਨੀਆਂ ਦੇ ਵੀ ਸੁਖਾਵੇਂ ਨਹੀਂ। ਨਰਿੰਦਰ ਮੋਦੀ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਨ ਪਿੱਛੋਂ ਧੱਕੇ ਨਾਲ ਲਾਗੂ ਕਰਨ ਦਾ ਰਾਹ ਵੀ ਫੜ ਲਿਆ ਹੈ। ਇਸ ਬਾਰੇ ਨੋਟੀਫਿਕੇਸ਼ਨ ਜਿਸ ਤਰ੍ਹਾਂ ਕਾਹਲੀ ਵਿਚ ਜਾਰੀ ਕੀਤਾ ਗਿਆ ਅਤੇ ਰਾਜ ਸਰਕਾਰਾਂ ਦੇ ਵਿਰੋਧ ਨੂੰ ਟਿੱਚ ਜਾਣਿਆ ਗਿਆ ਹੈ, ਇਸ ਦੇ ਨਾਲ ਵਿਰੋਧ ਦੀ ਲਹਿਰ ਹੋਰ ਵਧ ਸਕਦੀ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਈ ਹਿੰਸਾ ਬਾਰੇ ਦਿੱਲੀ ਦੇ ਪੁਲਿਸ ਅਧਿਕਾਰੀ ਭਾਵੇਂ ਕੇਂਦਰੀ ਹਾਕਮਾਂ ਦੇ ਇਸ਼ਾਰੇ ‘ਤੇ ਇੱਕ-ਤਰਫਾ ਰਿਪੋਰਟਾਂ ਦੇਈ ਜਾ ਰਹੇ ਹਨ, ਭਾਜਪਾ ਦੇ ਨਾਲ ਨੇੜਤਾ ਵਾਲੇ ਨਿਊਜ਼ ਚੈਨਲ ਦੇ ਸਟਿੰਗ ਅਪਰੇਸ਼ਨ ਤੋਂ ਵੀ ਸਾਫ ਹੋ ਗਿਆ ਹੈ ਕਿ ਹਿੰਸਾ ਭੜਕਾਉਣ ਲਈ ਬਾਹਰੋਂ ਆਉਣ ਵਾਲੇ ਲੋਕ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਨਾਲ ਸਬੰਧਿਤ ਸਨ ਤੇ ਉਹ ਇਸ ਨੂੰ ਲੁਕਾਉਂਦੇ ਵੀ ਨਹੀਂ।

ਭਾਜਪਾ ਨਾਲ ਬਹੁਤਾ ਹੇਜ ਵਿਖਾਉਣ ਵਾਲੇ ਨਿਤੀਸ਼ ਕੁਮਾਰ ਦੀਆਂ ਜੜ੍ਹਾਂ ਟੁੱਕਣ ਲਈ ਉਸ ਦੀ ਸਰਕਾਰ ਵਿਚਲੇ ਇੱਕ ਭਾਜਪਾਈ ਮੰਤਰੀ ਨੇ ਇਹ ਬਿਆਨ ਦੇ ਦਿੱਤਾ ਹੈ ਕਿ ਬਿਹਾਰ ਦੇ ਲੋਕ ਅਗਲੀ ਵਾਰੀ ਭਾਜਪਾ ਦਾ ਮੁੱਖ ਮੰਤਰੀ ਚਾਹੁੰਦੇ ਹਨ। ਪੱਛਮੀ ਬੰਗਾਲ ਅਤੇ ਕੇਰਲਾ ਦੀਆਂ ਸਰਕਾਰਾਂ ਇਸ ਵਕਤ ਨਿਸ਼ਾਨੇ ‘ਤੇ ਦੱਸੀਆਂ ਜਾ ਰਹੀਆਂ ਹਨ ਤੇ ਭਾਜਪਾ ਨਾਲ ਨੇੜ ਵਾਲੀ ਧਾੜ ਇਸ ਵੇਲੇ ਉਨ੍ਹਾਂ ਦੋ ਰਾਜਾਂ ਵਲ ਨੂੰ ਧਾਈ ਕਰੀ ਜਾ ਰਹੀ ਹੈ। ਉਨ੍ਹਾਂ ਨੂੰ ਇੱਕ ਸਾਲ ਦੌਰਾਨ ਛੇ ਰਾਜਾਂ ‘ਚ ਆਪਣੀਆਂ ਸਰਕਾਰਾਂ ਡਿੱਗਣ ਦੇ ਦੁੱਖ ਨਾਲੋਂ ਵੱਧ ਚਿੰਤਾ ਇਸ ਵਕਤ ਦਿੱਲੀ ਵਿਚ ਕੁਝ ਕਰ ਵਿਖਾਉਣ ਦੀ ਵੀ ਹੈ।
ਅਸੀਂ ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਖਿੱਚੋਤਾਣ ਬਾਰੇ ਵੀ ਅਵੇਸਲੇ ਨਹੀਂ ਹੋ ਸਕਦੇ, ਪਰ ਇਸ ਸਾਰੇ ਕੁਝ ਦੀ ਚਿੰਤਾ ਦੌਰਾਨ ਪੰਜਾਬ ਵਿਚ ਜੋ ਕੁਝ ਹੋ-ਵਾਪਰ ਰਿਹਾ ਹੈ, ਉਸ ਨੂੰ ਅੱਖੋਂ ਪਰੋਖੇ ਕਰਨਾ ਔਖਾ ਹੈ। ਆਮ ਆਦਮੀ ਪਾਰਟੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਰਾਜ ਦੇ ਲੋਕਾਂ ਦੀਆਂ ਵੋਟਾਂ ਨਾਲ ਮੁੱਖ ਵਿਰੋਧੀ ਧਿਰ ਬਣਨ ਪਿਛੋਂ ਆਪਣੀ ਜ਼ਿਮੇਵਾਰੀ ਨੂੰ ਕਦੇ ਸਮਝ ਵੀ ਨਹੀਂ ਸਕੀ ਤੇ ਨਿਭਾ ਵੀ ਨਹੀਂ ਸਕੀ। ਪਹਿਲਾਂ ਉਸ ਅੰਦਰ ਪਾਟਕ ਪੈ ਗਿਆ ਅਤੇ ਫਿਰ ਜਦੋਂ ਕੁਝ ਲੋਕ ਬਾਹਰ ਨਿਕਲਣ ਪਿਛੋਂ ਬਾਕੀ ਪਾਰਟੀ ਇੱਕ-ਸੁਰ ਜਾਪਦੀ ਸੀ, ਇਹ ਏਦਾਂ ਸੋਚ ਬੈਠੀ ਕਿ ਉਸ ਨੂੰ ਕੁਝ ਕਰਨ ਦੀ ਲੋੜ ਨਹੀਂ, ਵਿਰੋਧੀ ਧਿਰ ਦਾ ਦਰਜਾ ਸਾਡਾ ਹੈ, ਇਹ ਕਿਤੇ ਜਾਣਾ ਨਹੀਂ।
ਕਈ ਹਫਤਿਆਂ ਤੀਕ ਪੰਜਾਬ ਵਿਚ ਦੋ ਪੁਰਾਣੀਆਂ ਰਾਜਸੀ ਧਿਰਾਂ ਦਾ ਆਢਾ ਲੱਗਾ ਰਿਹਾ ਅਤੇ ਬਿਆਨਬਾਜ਼ੀ ਚੱਲਦੀ ਰਹੀ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਦਰਜਾ ਰੱਖਦੀ ਇਹ ਪਾਰਟੀ ਕਦੇ ਰੜਕੀ ਹੀ ਨਹੀਂ। ਇਸ ਹਫਤੇ ਇਸ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਘੇਰਨ ਦਾ ਇੱਕ ਪ੍ਰੋਗਰਾਮ ਕੀਤਾ ਹੈ। ਅੱਗੋਂ ਇਹ ਕੀ ਕਰੇਗੀ, ਕਿਸੇ ਨੂੰ ਪਤਾ ਨਹੀਂ। ਸ਼ਾਇਦ ਇਹ ਦਿੱਲੀ ਦੀਆਂ ਚੋਣਾਂ ਹੋਣ ਤੱਕ ਅਗਲਾ ਸਮਾਂ ਉਥੇ ਲਾਵੇਗੀ ਤੇ ਪੰਜਾਬ ਦਾ ਮੈਦਾਨ ਫਿਰ ਦੋ ਰਵਾਇਤੀ ਧਿਰਾਂ ਲਈ ਵਿਹਲਾ ਰਹੇਗਾ।
ਇਸ ਦੌਰਾਨ ਪੰਜਾਬ ਵਿਚ ਦੋਵਾਂ ਰਵਾਇਤੀ ਧਿਰਾਂ ਦੀ ਖਹਿਬੜ ਅੰਤ ਨੂੰ ਇੱਕ ਕਾਂਗਰਸੀ ਆਗੂ ਅਤੇ ਦੋ ਅਕਾਲੀ ਆਗੂਆਂ, ਜੋ ਅਸਲ ਵਿਚ ਇੱਕ ਪਰਿਵਾਰ ਦੇ ਜੀਅ ਹਨ, ਵਿਚਾਲੇ ਸੀਮਤ ਹੋ ਗਈ ਹੈ। ਕਾਂਗਰਸ ਵੱਲੋਂ ਇੱਕ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਿਆਨਬਾਜ਼ੀ ਕਰਦਾ ਹੈ ਅਤੇ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਬਿਆਨ ਸਿਆਸੀ ਲੜਾਈ ਲੜਨ ਦੀ ਥਾਂ ਇਸ ਗੱਲ ਦੁਆਲੇ ਘੁੰਮਦੇ ਹਨ ਕਿ ਗੁੰਡਿਆਂ ਦੇ ਗੈਂਗਾਂ ਨੂੰ ਕੌਣ ਕਿੰਨੀ ਸਰਪ੍ਰਸਤੀ ਦਿੰਦਾ ਹੈ ਤੇ ਇਸ ਸਾਰੀ ਲੜਾਈ ਵਿਚ ਬਾਕੀ ਕਾਂਗਰਸ ਚੁੱਪ ਰਹਿੰਦੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਦੇ ਮਸਲਿਆਂ ਦੀ ਚਰਚਾ ਹੋਣ ਦੀ ਥਾਂ ਬਦਮਾਸ਼ਾਂ ਨਾਲ ਰਾਜਸੀ ਆਗੂਆਂ ਦੇ ਸਬੰਧਾਂ ਦੀ ਚਰਚਾ ਵੱਧ ਮਹੱਤਵ ਵਾਲੀ ਬਣਨ ਲੱਗ ਪਈ ਹੈ। ਪੰਜਾਬ ਦੀ ਰਾਜਨੀਤੀ ਵਿਚ ਬਦਮਾਸ਼ਾਂ ਦਾ ਦਖਲ ਮਾੜੀ ਗੱਲ ਹੈ, ਪਰ ਏਦਾਂ ਦਾ ਦਖਲ ਤਾਂ ਪ੍ਰਤਾਪ ਸਿੰਘ ਕੈਰੋਂ ਦੇ ਵਕਤ ਤੋਂ ਚੱਲਦਾ ਹੈ, ਜਦੋਂ ਇੱਕ ਵਾਰ ਫੌਜ ਦੀਆਂ ਟੁਕੜੀਆਂ ਵੱਲੋਂ ਅੰਮ੍ਰਿਤਸਰ ਦੇ ਇੱਕ ਸਿਨੇਮਾ ਘਰ ਨੂੰ ਘੇਰਾ ਪਾਉਣ ਦੀ ਨੌਬਤ ਆਈ ਸੀ। ਅੱਜ ਦੀ ਤਰੀਕ ਵਿਚ ਇਨ੍ਹਾਂ ਦੋਹਾਂ ਧਿਰਾਂ ਵਿਚੋਂ ਜੋ ਵੀ ਇਹ ਕਹੇ ਕਿ ਉਸ ਦਾ ਬਦਮਾਸ਼ਾਂ ਨਾਲ ਕੋਈ ਸਬੰਧ ਨਹੀਂ, ਝੂਠ ਕਹੇਗਾ, ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਦੋਹਾਂ ਧਿਰਾਂ ਦੇ ਨਾਲ ਛੱਟੇ-ਫੂਕੇ ਬੰਦੇ ਸ਼ੱਰੇਆਮ ਤੁਰੇ ਫਿਰਦੇ ਹਨ। ਇੱਕ ਦਿਨ ਇਹ ਗੱਲ ਸੁਣੀ ਜਾਂਦੀ ਹੈ ਕਿ ਅਕਾਲੀ ਦਲ ਦਾ ਇੱਕ ਆਗੂ ਜਾਂ ਵਰਕਰ ਕਿਸੇ ਥਾਂ ਬਦਮਾਸ਼ੀ ਕਰਦਾ ਲੋਕਾਂ ਨੇ ਘੇਰਿਆ ਹੈ ਤੇ ਉਸ ਗੁੰਡੇ ਦੇ ਨਾਂ ਦੇ ਨੀਂਹ-ਪੱਥਰ ਉਸੇ ਇਲਾਕੇ ਵਿਚ ਚਮਕਦੇ ਪਏ ਹਨ ਤੇ ਦੂਜੇ ਦਿਨ ਕਿਸੇ ਇਹੋ ਜਿਹੇ ਕਾਂਗਰਸੀ ਬਦਮਾਸ਼ ਦੀ ਖਬਰ ਮਿਲ ਜਾਂਦੀ ਹੈ।
ਭਾਰਤ ਦੀ ਪਾਰਲੀਮੈਂਟ ਵਿਚ ਪਿਛਲੀ ਵਾਰੀ 183 ਉਹ ਲੋਕ ਚੁਣੇ ਗਏ ਸਨ, ਜਿਨ੍ਹਾਂ ਦੇ ਖਿਲਾਫ ਕਤਲ ਤੇ ਬਲਾਤਕਾਰ ਸਮੇਤ ਹਰ ਕਿਸੇ ਕਿਸਮ ਦੇ ਅਪਰਾਧਾਂ ਦੇ ਕੇਸ ਚੱਲਦੇ ਸਨ ਅਤੇ ਇਸ ਵਾਰੀ ਉਨ੍ਹਾਂ ਦੀ ਗਿਣਤੀ 50 ਹੋਰ ਵਧ ਕੇ 233 ਹੋ ਗਈ ਹੈ, ਸ਼ਾਇਦ ਅਗਲੀ ਵਾਰੀ 50 ਹੋਰ ਵਧ ਕੇ ਉਨ੍ਹਾਂ ਦੀ ਆਪਣੀ ‘ਬਹੁ-ਸੰਮਤੀ’ ਹੋ ਜਾਵੇਗੀ। ਪੰਜਾਬ ਦੀ ਵਿਧਾਨ ਸਭਾ ਵਿਚ ਅਜਿਹੇ ਕਿੰਨੇ ਹਨ, ਸਾਨੂੰ ਇਸ ਦਾ ਰਿਕਾਰਡ ਤਾਂ ਨਹੀਂ ਮਿਲ ਸਕਿਆ, ਪਰ ਜਾਣਨ ਵਾਲੇ ਸਾਫ ਕਹਿੰਦੇ ਹਨ ਕਿ ਇਸ ਪੱਖ ਤੋਂ ਸਾਡੇ ਪੰਜਾਬ ਦੀ ਵਿਧਾਨ ਸਭਾ ਵੀ ਦਾਗੀ ਹੋਣ ਤੋਂ ਬਚੀ ਨਹੀਂ ਰਹਿ ਸਕੀ। ਸਭ ਥਾਂਈਂ ਇਹੋ ਹਾਲ ਹੈ।
ਜਿੱਥੋਂ ਤੱਕ ਆਮ ਲੋਕਾਂ ਦੇ ਮੁੱਦਿਆਂ ਦਾ ਸਵਾਲ ਹੈ, ਉਹ ਕਿਸੇ ਪਾਸੇ ਨਹੀਂ ਲੱਗ ਸਕੇ। ਸੜਕਾਂ ਪਿਛਲੀ ਸਰਕਾਰ ਦੇ ਵਕਤ ਵੀ ਟੁੱਟੀਆਂ ਸਨ ਤੇ ਇਸ ਸਰਕਾਰ ਦੇ ਤਿੰਨ ਸਾਲ ਲੰਘ ਜਾਣ ਪਿਛੋਂ ਵੀ ਟੁੱਟੀਆਂ ਹਨ। ਜੋ ਸੜਕ ਬਣਦੀ ਦਿਖਾਈ ਦਿੰਦੀ ਹੈ, ਪੁੱਛਣ ‘ਤੇ ਪਤਾ ਲੱਗਦਾ ਹੈ ਕਿ ਫਲਾਣੇ ਮੰਤਰੀ, ਚੇਅਰਮੈਨ ਜਾਂ ਵਿਧਾਇਕ ਦੇ ਘਰ ਜਾਂ ਰਿਸ਼ਤੇਦਾਰ ਦੇ ਘਰ ਨੂੰ ਜਾਣ ਵਾਲੀ ਹੈ, ਇਸ ਲਈ ਬਣਾਈ ਜਾਣੀ ਹੈ, ਬਾਕੀ ਟੁੱਟੀਆਂ ਰਹਿੰਦੀਆਂ ਹਨ।
ਨੌਕਰੀਆਂ ਨਾ ਮਿਲਣ ਕਰ ਕੇ ਹੁਨਰਮੰਦ ਲੋਕ ਪਿਛਲੀ ਸਰਕਾਰ ਦੇ ਵਕਤ ਵੀ ਸੜਕਾਂ ‘ਤੇ ਮੁਜਾਹਰੇ ਕਰਦੇ ਅਤੇ ਪੁਲਿਸ ਦੀ ਕੁੱਟ ਖਾਂਦੇ ਮਿਲਦੇ ਸਨ ਤੇ ਇਸ ਸਰਕਾਰ ਦੇ ਵੇਲੇ ਵੀ ਉਨ੍ਹਾਂ ਦਾ ਨਸੀਬ ਨਹੀਂ ਬਦਲ ਸਕਿਆ। ਭ੍ਰਿਸ਼ਟਾਚਾਰ ਪਿਛਲੀ ਸਰਕਾਰ ਦੇ ਵਕਤ ਜਿੰਨਾ ਸੀ, ਇਸ ਸਰਕਾਰ ਦੇ ਆਉਣ ਨਾਲ ਮਕਾਨਾਂ ਦੇ ਮਾਲਕ ਬਦਲਣ ਨਾਲ ਮਕਾਨ-ਕਿਰਾਇਆ ਵਧਣ ਵਾਂਗ ਇਹ ਵੀ ਵਧਣ ਦੀ ਗੱਲ ਸਭ ਨੂੰ ਪਤਾ ਹੈ। ਖਜਾਨਾ ਆਮ ਲੋਕਾਂ ਵਾਸਤੇ ਪਿਛਲੀ ਸਰਕਾਰ ਵੇਲੇ ਵੀ ਖਾਲੀ ਸੀ, ਅੱਜ ਵੀ ਖਜਾਨਾ ਭਰਨ ਦੀ ਥਾਂ ਖਾਲੀ ਗਾਗਰ ਖੜਕਦੀ ਸੁਣੀ ਜਾਂਦੀ ਹੈ। ਲੋਕ ਇਸ ਦਾ ਕਾਰਨ ਨਹੀਂ ਜਾਣ ਸਕਦੇ। ਜਿਨ੍ਹਾਂ ਨੂੰ ਕਾਰਨਾਂ ਬਾਰੇ ਪਤਾ ਹੈ ਤੇ ਉਨ੍ਹਾਂ ਦੀ ਇਹ ਕਾਰਨ ਦੂਰ ਕਰਨ ਦੀ ਜਿੰਮੇਵਾਰੀ ਹੈ, ਉਹ ਮੁੱਦੇ ਦੀ ਗੱਲ ਕਰਨ ਦੀ ਥਾਂ ਸਿਆਸੀ ਬਿਆਨਾਂ ਦੀ ਲੜੀ ਬੰਨਣ ਰੁੱਝੇ ਰਹਿੰਦੇ ਹਨ। ਸਰਕਾਰ ਦੇ ਤਿੰਨ ਸਾਲ ਬੀਤਣ ਨੂੰ ਆਏ ਹੋਣ ਤਾਂ ਪਿਛਲੀ ਸਰਕਾਰ ਦੇ ਮਿਹਣੇ ਮਾਰ ਕੇ ਡੰਗ ਸਾਰਨ ਦਾ ਯਤਨ ਕਰਨਾ ਲੋਕਾਂ ਦੇ ਮਨਾਂ ਨੂੰ ਤਸੱਲੀ ਨਹੀਂ ਦੇ ਸਕਦਾ। ਕੁਝ ਤਾਂ ਕਰਨਾ ਚਾਹੀਦਾ ਹੈ।
ਹਾਲ ਦੀ ਘੜੀ ਇਹ ਅੰਦਾਜ਼ਾ ਲਾਉਣ ਔਖਾ ਹੈ ਕਿ ਅਕਾਲੀ ਦਲ ਵਿਚ ਚੱਲ ਰਹੀ ਟੁੱਟ-ਭੱਜ ਕੀ ਸਿੱਟੇ ਕੱਢੇਗੀ ਤੇ ਆਮ ਆਦਮੀ ਪਾਰਟੀ ਕਿਸੇ ਤਰ੍ਹਾਂ ਏਕੇ ਵੱਲ ਮੁੜੇਗੀ ਜਾਂ ਹੋਰ ਖੱਖੜੀਆਂ ਦਾ ਖਿਲਾਰਾ ਬਣੇਗੀ? ਪਰ ਆਮ ਲੋਕ ਏਦਾਂ ਦੇ ਕਿਆਫੇ ਲਾਉਣ ਦੀ ਥਾਂ ਅਗਲੀ ਵਿਧਾਨ ਸਭਾ ਚੋਣ ਬਾਰੇ ਗੱਲਾਂ ਕਰਦੇ ਸੁਣੇ ਜਾਣ ਲੱਗ ਪਏ ਹਨ। ਏਨੇ ਅਗੇਤੇ ਆਮ ਲੋਕ ਉਦੋਂ ਗੱਲਾਂ ਕਰਦੇ ਹਨ, ਜਦੋਂ ਬਾਹਲੇ ਅਵਾਜ਼ਾਰ ਹੋਣ ਅਤੇ ਬਿਨਾ ਸ਼ੱਕ ਇਸ ਵਾਰ ਉਹ ਅਵਾਜ਼ਾਰ ਹੋ ਚੁਕੇ ਹਨ!