ਮੀਰ ਅਮਲ ਕਾਸੀ

ਹਰਮਹਿੰਦਰ ਚਾਹਿਲ
ਫੋਨ: 703-362-3239
ਵਰਜੀਨੀਆ ਸਟੇਟ ਦੇ ਦੱਖਣ ਵੱਲ ਪੈਂਦਾ ਇਕ ਛੋਟਾ ਜਿਹਾ ਸ਼ਹਿਰ ਹੈ, ਗਰੀਨਸਵਿਲ। ਇਸ ਸ਼ਹਿਰ ਵਿਚ ਬੜੇ ਪੁਖਤਾ ਪ੍ਰਬੰਧਾਂ ਅਤੇ ਭਾਰੀ ਭਰਕਮ ਸਿਕਿਉਰਿਟੀ ਵਾਲੀ ਜੇਲ੍ਹ ਹੈ, ਜਿਸ ਦਾ ਨਾਂ ਹੈ, ਗਰੀਨਸਵਿਲ ਕੁਰੈਕਸ਼ਨਲ ਸੈਂਟਰ। 14 ਨਵੰਬਰ 2002 ਨੂੰ ਸ਼ਾਮ ਵੇਲੇ ਇਸ ਜੇਲ੍ਹ ਦੇ ਡੈਥ ਚੈਂਬਰ ਵਿਚ ਮੀਰ ਅਮਲ ਕਾਸੀ ਨਾਂ ਦੇ ਕੈਦੀ ਨੂੰ ਲਿਆਂਦਾ ਗਿਆ, ਜਿਸ ਨੂੰ ਸਜ਼ਾ-ਏ-ਮੌਤ ਦੀ ਸਜ਼ਾ ਸੁਣਾਈ ਗਈ ਸੀ। ਅਠੱਤੀ ਕੁ ਸਾਲਾ ਮੀਰ ਅਮਲ ਕਾਸੀ ਪਾਕਿਸਤਾਨੀ ਮੂਲ ਦਾ ਬਾਸ਼ਿੰਦਾ ਸੀ।

ਡਾਕਟਰਾਂ ਨੇ ਉਸ ਦੀ ਲਾਸ਼ ਦਾ ਮੁਆਇਨਾ ਕਰਕੇ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ। ਵਾਰਸਾਂ ਨੇ ਕਾਂਸੀ ਦਾ ਆਖਰੀ ਕਿਰਿਆ ਕਰਮ ਅਮਰੀਕਾ ਵਿਚ ਹੀ ਕਰ ਦਿੱਤਾ ਤੇ ਆਪਣੇ ਘਰ ਪਾਕਿਸਤਾਨ ਪਰਤ ਗਏ। ਕੌਣ ਸੀ, ਇਹ ਮੀਰ ਅਮਲ ਕਾਂਸੀ ਤੇ ਇਸ ਨੂੰ ਕਿਨ੍ਹਾਂ ਦੋਸ਼ਾਂ ਬਦਲੇ ਫਾਂਸੀ ਦਿੱਤੀ ਗਈ। ਆਓ, ਜਾਣੀਏ ਮੀਰ ਅਮਲ ਕਾਂਸੀ ਦੀ ਅਸਲ ਕਹਾਣੀ।
ਵਰਜੀਨੀਆ ਸਟੇਟ ਵਿਚ ਵਾਸ਼ਿੰਗਟਨ ਡੀ. ਸੀ. ਦੇ ਕੋਲ ਹੀ, ਜੀ. ਡਬਲਿਊ. ਪਾਰਕਵੇਅ ਬੜੀ ਮਸ਼ਹੂਰ ਸੜਕ ਹੈ। ਜੀ. ਡਬਲਿਊ. ਪਾਰਕਵੇਅ, ਪਟਾਮਿਕ ਦਰਿਆ ਦੇ ਨਾਲ ਨਾਲ ਵਲ ਵਲੇਵੇਂ ਖਾਂਦਾ ਤੁਰਿਆ ਜਾਂਦਾ ਹੈ। ਜੇ ਪੱਛਮ ਵੱਲ ਨੂੰ ਜਾਈਏ ਤਾਂ ਰੋਜ਼ਲਿਨ ਸ਼ਹਿਰ ਤੋਂ ਕੁਝ ਕੁ ਮੀਲ ਅੱਗੇ ਖੱਬੇ ਹੱਥ ਵੱਡੀ ਕਾਲੀ ਬਿਲਡਿੰਗ ਦਿਸਦੀ ਹੈ, ਜੋ ਅਮਰੀਕਾ ਦੀ ਸੀ. ਆਈ. ਏ. ਦਾ ਹੈਡ ਕੁਆਰਟਰ ਹੈ। ਇੱਧਰ ਨੂੰ ਜਾਣ ਲਈ ਪਾਰਕਵੇਅ ‘ਚੋਂ ਰੂਟ 123 ਨਿਕਲਦਾ ਹੈ। ਇੱਥੋਂ ਬਾਹਰ ਨਿਕਲ ਕੇ 123 ਲੈਂਦਿਆਂ ਸਾਰ ਹੀ ਜੋ ਸਟਰੀਟ ਲਾਈਟ ਆਉਂਦੀ ਹੈ, ਉਸ ਤੋਂ ਸੱਜੇ ਹੱਥ ਮੁੜ ਕੇ ਸੀ. ਆਈ. ਏ. ਹੈਡ ਕੁਆਰਟਰ ਨੂੰ ਜਾਇਆ ਜਾਂਦਾ ਹੈ।
ਪਰ ਜੇ ਮੈਕਲੀਨ ਤੋਂ ਡੀ. ਸੀ. ਵੱਲ ਨੂੰ ਆਈਏ ਤਾਂ ਜੀ. ਡਬਲਿਊ. ਪਾਰਕਵੇਅ ਤੋਂ ਪਹਿਲਾਂ ਸੀ. ਆਈ. ਏ. ਹੈਡ ਕੁਆਰਟਰ ਨੂੰ ਜਾਣ ਲਈ ਰੂਟ 123 ਦੀ ਇਹ ਆਖਰੀ ਟਰੈਫਿਕ ਲਾਈਟ ਹੈ। ਇੱਥੋਂ ਖੱਬਾ ਮਾਰ ਕੇ ਸੀ. ਆਈ. ਏ. ਹੈਕੁਆਰਟਰ ਦੀ ਬਿਲਡਿੰਗ ਨੂੰ ਜਾਇਆ ਜਾਂਦਾ ਹੈ। ਇਸ ਲਾਈਟ ਕੋਲ ਆ ਕੇ ਖੱਬੇ ਹੱਥ ਮੁੜਨ ਲਈ ਯਾਨਿ ਹੈਡ ਕੁਆਰਟਰ ਵੱਲ ਜਾਣ ਲਈ ਇਕ ਵੱਖਰੀ ਲਾਈਨ ਬਣੀ ਹੋਈ ਹੈ। ਜਿਨ੍ਹਾਂ ਨੇ ਹੈਡ ਕੁਆਰਟਰ ਵੱਲ ਜਾਣਾ ਹੁੰਦਾ ਹੈ, ਉਹ ਇਸ ਵਾਧੂ ਲਾਈਨ ‘ਚ ਖੜੋ ਕੇ ਗਰੀਨ ਐਰੋ ਦੇ ਆਏ ਤੋਂ ਹੀ ਉਧਰ ਨੂੰ ਮੁੜਦੇ ਹਨ।
23 ਜਨਵਰੀ 1993 ਨੂੰ ਸਵੇਰੇ ਅੱਠ ਵੱਜੇ ਸਨ ਤੇ ਦੋਨਾਂ ਪਾਸਿਆਂ ਤੋਂ ਟਰੈਫਿਕ ਆ-ਜਾ ਰਿਹਾ ਸੀ। ਫਿਰ ਜਿਉਂ ਹੀ ਇਹ ਲਾਈਟ ਰੈਡ ਹੋਈ ਤਾਂ ਦੋਹਾਂ ਪਾਸਿਆਂ ਦਾ ਟਰੈਫਿਕ ਰੁਕ ਗਿਆ। ਸਾਰੇ ਪਾਸਿਆਂ ਦਾ ਟਰੈਫਿਕ ਲੰਘਾ ਕੇ ਮੇਨ ਲਾਈਟ ਫਿਰ ਹਰੀ ਹੋ ਗਈ। ਟਰੈਫਿਕ ਫਿਰ ਤੋਂ ਚੱਲ ਪਿਆ, ਪਰ ਜਿਨ੍ਹਾਂ ਨੇ ਸੀ. ਆਈ. ਏ. ਹੈਡਕੁਆਰਟਰ ਵੱਲ ਜਾਣਾ ਸੀ, ਉਹ ਖੱਬੇ ਹੱਥ ਦੀ ਵਾਧੂ ਲੇਨ ‘ਚ ਆਪਣੀਆਂ ਗੱਡੀਆਂ ਲਾ ਕੇ ਖੜੋ ਗਏ, ਕਿਉਂਕਿ ਉਨ੍ਹਾਂ ਦੇ ਸਾਹਮਣੇ ਐਰੋ ਰੈਡ ਸੀ। ਉਹ ਇਸ ਦੇ ਗਰੀਨ ਹੋਣ ਦੀ ਉਡੀਕ ਕਰ ਰਹੇ ਸਨ। ਇਸ ਲੇਨ ‘ਚ ਕੁੱਲ ਸੱਤ ਗੱਡੀਆਂ ਆ ਖੜੋਤੀਆਂ ਸਨ। ਇੰਨੇ ਨੂੰ ਸਭ ਤੋਂ ਪਿਛਲੀ ਗੱਡੀ, ਜੋ ਇਕ ਛੋਟਾ ਜਿਹਾ ਪਿਕਅੱਪ ਟਰੱਕ ਸੀ, ਦਾ ਡਰਾਈਵਰ ਬਾਹਰ ਨਿਕਲਿਆ। ਉਸ ਨੇ ਸੀਟ ‘ਤੇ ਪਈ ਆਪਣੀ ਏ. ਕੇ. ਸੰਤਾਲੀ ਰਾਈਫਲ ਚੁੱਕੀ ਤੇ ਮੂਹਰੇ ਖੜ੍ਹੀਆਂ ਛੇ ਗੱਡੀਆਂ ਦੇ ਡਰਾਈਵਰਾਂ ‘ਤੇ ਫਾਇਰਿੰਗ ਕਰਨ ਲੱਗਾ। ਉਸ ਨੇ ਸਾਰਿਆਂ ਦੇ ਗੋਲੀਆਂ ਮਾਰੀਆਂ। ਬਾਕੀ ਦਾ ਟਰੈਫਿਕ ਬਿਨਾ ਇਸ ਕਾਰੇ ਵੱਲ ਧਿਆਨ ਦਿੱਤਿਆਂ ਆਪਣੀ ਚਾਲੇ ਚੱਲਦਾ ਰਿਹਾ। ਅਸਲ ‘ਚ ਦੋਨਾਂ ਪਾਸਿਆਂ ਦਾ ਟਰੈਫਿਕ ਇੰਨੇ ਜ਼ੋਰ ਸ਼ੋਰ ਨਾਲ ਆ ਜਾ ਰਿਹਾ ਸੀ ਕਿ ਕਿਸੇ ਦਾ ਇੱਧਰ ਧਿਆਨ ਹੀ ਨਾ ਗਿਆ। ਆਪਣੇ ਵੱਲੋਂ ਸਭ ਨੂੰ ਮਾਰ ਕੇ ਉਹ ਬੰਦਾ ਵਾਪਸ ਆ ਕੇ ਆਪਣੇ ਟਰੱਕ ‘ਚ ਬੈਠਿਆ ਤੇ ਟਰੱਕ ਬੈਕ ਕਰਦਾ ਅੱਗੇ ਲੰਘ ਗਿਆ।
ਇਹ ਬੰਦਾ ਹੋਰ ਕੋਈ ਨਹੀਂ, ਸਗੋਂ ਮੀਰ ਅਮਲ ਕਾਸੀ ਹੀ ਸੀ। ਕਾਸੀ ਨੇ ਅੰਨੇਵਾਹ ਗੋਲੀ ਚਲਾ ਕੇ ਸੀ. ਆਈ. ਏ. ਦੇ ਦੋ ਕਾਮੇ ਮਾਰ ਦਿੱਤੇ ਸਨ ਤੇ ਕਈ ਜ਼ਖਮੀ ਕਰ ਦਿੱਤੇ ਸਨ। ਉਹ ਉਥੋਂ ਆਰਾਮ ਨਾਲ ਨਿਕਲ ਗਿਆ ਤੇ ਨੇੜਲੇ ਪਾਰਕ ‘ਚ ਇਕ ਪਾਸੇ ਟਰੱਕ ਲਾ ਕੇ ਵਿਚੇ ਬੈਠਾ ਰਿਹਾ। ਉਹ ਆਲੇ ਦੁਆਲੇ ਵੱਜ ਰਹੇ ਪੁਲਿਸ ਗੱਡੀਆਂ ਦੇ ਸਾਇਰਨ ਸੁਣਨ ਲੱਗਾ। ਉਸ ਨੂੰ ਜਾਪਦਾ ਸੀ ਕਿ ਕੁਝ ਹੀ ਦੇਰ ‘ਚ ਪੁਲਿਸ ਆਊ ਤੇ ਉਸ ਨੂੰ ਗ੍ਰਿਫਤਾਰ ਕਰ ਲਊ। ਉਹ ਮਾਨਸਿਕ ਤੌਰ ‘ਤੇ ਗ੍ਰਿਫਤਾਰੀ ਦੇਣ ਲਈ ਤਿਆਰ ਵੀ ਸੀ, ਕਿਉਂਕਿ ਉਸ ਨੂੰ ਜਾਪਦਾ ਸੀ ਕਿ ਉਸ ਨੇ ਆਪਣਾ ਨਿਸ਼ਾਨਾ ਪ੍ਰਾਪਤ ਕਰ ਲਿਆ ਹੈ ਤੇ ਹੁਣ ਭਾਵੇਂ ਕੁਝ ਵੀ ਹੋਵੇ, ਉਹ ਉਸ ਲਈ ਤਿਆਰ ਹੈ। ਉਹ ਦੋ ਘੰਟੇ ਬੈਠਾ ਰਿਹਾ ਪਰ ਕੋਈ ਵੀ ਉਸ ਵੱਲ ਨਾ ਆਇਆ। ਅਸਲ ‘ਚ ਪੁਲਿਸ ਦੀ ਥਿਊਰੀ ਸੀ ਕਿ ਕਾਤਲ, ਕਤਲ ਕਰ ਕੇ ਦੂਰ ਭੱਜ ਗਿਆ ਹੈ, ਤੇ ਪੁਲਿਸ ਨੇ ਦੂਰ ਦੂਰ ਤੱਕ ਕਾਤਲ ਨੂੰ ਲੱਭਣ ਲਈ ਸਰਗਰਮੀ ਤੇਜ਼ ਕੀਤੀ ਹੋਈ ਸੀ।
ਜਦੋਂ ਕੋਈ ਵੀ ਕਾਸੀ ਵੱਲ ਨਾ ਆਇਆ ਤਾਂ ਉਸ ਨੇ ਹੌਲੀ ਜਿਹੇ ਆਪਣਾ ਟਰੱਕ ਸੜਕ ‘ਤੇ ਪਾਇਆ ਤੇ ਆਪਣੇ ਅਪਾਰਟਮੈਂਟ ਨੂੰ ਚੱਲ ਪਿਆ। ਉਹ ਰੈਸਟਨ ਦੇ ਇੱਕ ਅਪਾਰਟਮੈਂਟ ‘ਚ ਜਾਹਿਦ ਮੀਰ ਨਾਂ ਦੇ ਇਕ ਰੂਮ ਮੇਟ ਨਾਲ ਰਹਿੰਦਾ ਸੀ। ਘਰੇ ਜਾ ਕੇ ਉਸ ਨੇ ਟੀ. ਵੀ. ਲਾਇਆ ਤਾਂ ਵੇਖਿਆ ਕਿ ਪੁਲਿਸ ਨੂੰ ਹਾਲੇ ਤੱਕ ਹਮਲਾਵਰ ਦੀ ਕਾਰ ਬਾਰੇ ਕੋਈ ਜਾਣਕਾਰੀ ਨਹੀਂ। ਇਸੇ ਕਰਕੇ ਪੁਲਿਸ ਨੂੰ ਅਜੇ ਤੱਕ ਇਹ ਪਤਾ ਨਹੀਂ ਸੀ ਲੱਗਾ ਕਿ ਕਾਤਲ ਕੌਣ ਹੈ। ਕਾਸੀ ਨੇ ਉਸੇ ਵੇਲੇ ਟਿਕਟ ਖਰੀਦੀ ਤੇ ਪਾਕਿਸਤਾਨ ਨੂੰ ਭੱਜ ਗਿਆ। ਇੱਧਰ ਤਫਤੀਸ਼ੀ ਅਫਸਰ ਮੌਕਾ-ਏ-ਵਾਰਦਾਤ ਵਾਲੀ ਥਾਂ ਕੰਮ ‘ਤੇ ਲੱਗ ਪਏ। ਸਭ ਤੋਂ ਪਹਿਲਾਂ ਉਨ੍ਹਾਂ ਮੌਕੇ ਤੋਂ ਬਰਾਮਦ ਹੋਏ ਖਾਲੀ ਖੋਲਾਂ ਤੋਂ ਪਤਾ ਲਾਇਆ ਕਿ ਇਹ ਏ. ਕੇ. ਸੰਤਾਲੀ ਦੇ ਹਨ। ਉਨ੍ਹਾਂ ਸਾਰੀ ਵਰਜੀਨੀਆ ਦੇ ਗੰਨ ਹਾਊਸਾਂ ਦਾ ਰਿਕਾਰਡ ਤਲਬ ਕਰ ਲਿਆ। ਪਤਾ ਲੱਗਾ ਕਿ ਪਿਛਲੇ ਇਕ ਮਹੀਨੇ ਵਿਚ ਕੁੱਲ ਸੋਲਾਂ ਸੌ ਏ. ਕੇ. ਸੰਤਾਲੀ ਰਾਈਫਲਾਂ ਵਿਕੀਆਂ ਹਨ। ਉਨ੍ਹਾਂ ਤਫਤੀਸ਼ ਦਾ ਘੇਰਾ ਹੋਰ ਤੰਗ ਕੀਤਾ ਤਾਂ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਸ਼ੈਂਟਲੀ ਸ਼ਹਿਰ ਦੇ ਇਕ ਸਟੋਰ ਤੋਂ ਮੀਰ ਕਾਸੀ ਨਾਂ ਦੇ ਵਿਅਕਤੀ ਨੇ ਇੱਕ ਰਾਈਫਲ ਖਰੀਦੀ ਸੀ।
ਉਧਰ ਜਦੋਂ ਦੋ ਦਿਨ ਕਾਸੀ ਘਰ ਨਾ ਆਇਆ ਤਾਂ ਉਸ ਦੇ ਰੂਮ ਮੇਟ ਨੇ ਇੱਧਰ ਉਧਰ ਉਸ ਦਾ ਪਤਾ-ਸਤਾ ਕੀਤਾ। ਉਦੋਂ ਨੂੰ ਟੀ. ਵੀ. ‘ਤੇ ਪੁਲਿਸ ਦਾ ਇਹ ਸੁਨੇਹਾ ਵਾਰ ਵਾਰ ਵਿਖਾਇਆ ਜਾ ਰਿਹਾ ਸੀ ਕਿ ਜੇ ਤੁਹਾਨੂੰ ਕਿਸੇ ਵੀ ਸ਼ੱਕੀ ਬੰਦੇ ਬਾਰੇ ਜਾਣਕਾਰੀ ਹੈ ਤਾਂ ਤੁਰੰਤ ਪੁਲਿਸ ਨੂੰ ਦੱਸੋ। ਕਾਸੀ ਦੇ ਰੂਮ ਮੇਟ ਜਾਹਿਦ ਮੀਰ ਨੇ ਆਖਰ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਰੂਮ ਮੇਟ ਦੋ ਦਿਨਾਂ ਤੋਂ ਲਾਪਤਾ ਹੈ।
ਸ਼ੈਂਟਲੀ ਦੇ ਗੰਨ ਹਾਊਸ ਤੋਂ ਕਾਸੀ ਦਾ ਨਾਂ ਪਹਿਲਾਂ ਹੀ ਪੁਲਿਸ ਨੂੰ ਮਿਲ ਚੁਕਾ ਸੀ। ਹੁਣ ਜਦੋਂ ਜਾਹਿਦ ਨੇ ਇਹੀ ਨਾਂ ਆਪਣੇ ਗੁੰਮਸ਼ੁਦਾ ਰੂਮ ਮੇਟ ਦਾ ਦੱਸਿਆ ਤਾਂ ਪੁਲਿਸ ਤੁਰੰਤ ਹਰਕਤ ‘ਚ ਆ ਗਈ ਤੇ ਤੁਰੰਤ ਜਾਹਿਦ ਮੀਰ ਦੇ ਅਪਾਰਟਮੈਂਟ ‘ਤੇ ਛਾਪਾ ਮਾਰਿਆ। ਪੁਲਿਸ ਨੂੰ ਕਾਸੀ ਦੇ ਸਮਾਨ ਵਿਚੋਂ ਦੋ ਪਿਸਤੌਲਾਂ ਅਤੇ ਇਕ ਏ. ਕੇ. ਸੰਤਾਲੀ ਦਾ ਭਰਿਆ ਮੈਗਜ਼ੀਨ ਬਰਾਮਦ ਹੋਇਆ। ਜਾਹਿਦ ਮੀਰ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਉਸ ਤੋਂ ਕਾਸੀ ਬਾਰੇ ਕੋਈ ਖਾਸ ਜਾਣਕਾਰੀ ਨਾ ਮਿਲ ਸਕੀ, ਕਿਉਂਕਿ ਜਾਹਿਦ ਦਾ ਕਹਿਣਾ ਸੀ ਕਿ ਭਾਵੇਂ ਉਹ ਰੂਮ ਮੇਟ ਸਨ ਪਰ ਆਪਸ ਵਿਚ ਉਨ੍ਹਾਂ ਦਾ ਕੋਈ ਗੂੜ੍ਹਾ ਰਿਸ਼ਤਾ ਨਹੀਂ ਸੀ। ਹਾਂ, ਇੰਨਾ ਉਸ ਨੇ ਜ਼ਰੂਰ ਦੱਸਿਆ ਕਿ ਜਦੋਂ ਹੀ ਟੀ. ਵੀ. ‘ਤੇ ਇਜ਼ਰਾਈਲ ਜਾਂ ਇਰਾਕ ਦੀ ਕੋਈ ਖਬਰ ਆਉਂਦੀ ਤਾਂ ਕਾਸੀ ਪ੍ਰੇਸ਼ਾਨ ਹੋ ਜਾਂਦਾ ਸੀ। ਉਸ ਵੇਲੇ ਉਹ ਕਹਿੰਦਾ ਰਹਿੰਦਾ ਕਿ ਉਸ ਦੇ ਵੱਸ ਹੋਵੇ ਤਾਂ ਉਹ ਇਜ਼ਰਾਈਲੀ ਅੰਬੈਸੀ ਜਾਂ ਕਿਸੇ ਅਮਰੀਕੀ ਫੌਜੀ ਦਫਤਰ ਆਦਿ ਨੂੰ ਉਡਾ ਦੇਵੇ। ਉਸ ਦੀ ਸੋਚ ਸੀ ਕਿ ਅਮਰੀਕਾ ਇਜ਼ਰਾਈਲ ਦੀ ਨਾਜਾਇਜ਼ ਮਦਦ ਕਰਦਾ ਹੈ ਤੇ ਖਾਹ-ਮਖਾਹ ਮੁਸਲਿਮ ਮੁਲਕਾਂ ‘ਚ ਦਖਲ ਦਿੰਦਿਆਂ ਲੋਕਾਂ ‘ਤੇ ਜ਼ੁਲਮ ਕਰਦਾ ਹੈ। ਉਸ ਦੇ ਬਿਆਨਾਂ ਤੋਂ ਪੁਲਿਸ ਨੇ ਨਤੀਜਾ ਕੱਢਿਆ ਕਿ ਕਾਸੀ ਕੋਈ ਕੱਟੜਵਾਦੀ ਹੈ, ਜੋ ਅਮਰੀਕਾ ਤੋਂ ਬਦਲਾ ਲੈਣ ਦੇ ਮਕਸਦ ਨਾਲ ਸੀ. ਆਈ. ਏ. ਦੇ ਆਮ ਮੁਲਾਜ਼ਮਾਂ ‘ਤੇ ਗੋਲੀ ਚਲਾ ਕੇ ਆਪਣਾ ਗੁੱਸਾ ਕੱਢ ਗਿਆ। ਇੰਨੇ ਨੂੰ ਉਸ ਦੀ ਭਾਲ ਸ਼ੁਰੂ ਹੋਈ ਤਾਂ ਪਤਾ ਲੱਗਾ ਕਿ ਕਾਸੀ ਤਾਂ ਅਮਰੀਕਾ ਛੱਡ ਕੇ ਭੱਜ ਗਿਆ ਹੈ।
ਅਮਰੀਕੀ ਅਤੇ ਪਾਕਿਸਤਾਨੀ ਪੁਲਿਸ ਤੇ ਹੋਰ ਫੋਰਸਾਂ ਨੇ ਪੂਰੇ ਜੋਰ-ਸ਼ੋਰ ਨਾਲ ਕਾਸੀ ਦੀ ਭਾਲ ਸ਼ੁਰੂ ਕਰ ਦਿੱਤੀ। ਪਰ ਉਹ ਅਮਰੀਕਾ ਤੋਂ ਪਾਕਿਸਤਾਨ ਭੱਜਿਆ ਤਾਂ ਐਸਾ ਗੁੰਮ ਹੋਇਆ ਕਿ ਕੋਈ ਥਹੁ ਪਤਾ ਨਾ ਲੱਗਾ। ਇਕ ਗੱਲ ਸਭ ਨੂੰ ਪਤਾ ਸੀ ਕਿ ਉਹ ਬਲੋਚਿਸਤਾਨ ਦਾ ਬਾਸ਼ਿੰਦਾ ਸੀ, ਇਸ ਕਰਕੇ ਕਿਧਰੇ ਉਸੇ ਇਲਾਕੇ ਵਿਚ ਛੁਪਿਆ ਹੋਵੇਗਾ। ਬਹੁਤ ਭੱਜ-ਨੱਸ ਕੀਤੀ, ਪਰ ਸਭ ਬੇਕਾਰ। ਆਖਰ ਅਮਰੀਕਾ ਦੀ ਸੀ. ਆਈ. ਏ. ਅਤੇ ਐਫ਼ ਬੀ. ਆਈ. ਨੇ ਨਤੀਜਾ ਕੱਢਿਆ ਕਿ ਉਹ ਬਲੋਚਿਸਤਾਨ ਨਾਲ ਲੱਗਦੇ ਅਫਗਾਨਿਸਤਾਨ ਦੇ ਕਿਸੇ ਇਲਾਕੇ ਵਿਚ ਛੁਪ ਗਿਆ ਹੈ, ਪਰ ਉਸ ਵੇਲੇ ਅਫਗਾਨਿਸਤਾਨ ਅੰਦਰ ਕੋਈ ਜਾ ਨਹੀਂ ਸੀ ਸਕਦਾ ਸੀ, ਕਿਉਂਕਿ ਉਦੋਂ ਤੱਕ ਉਥੇ ਤਾਲਿਬਾਨ ਦਾ ਰਾਜ ਆ ਚੁਕਾ ਸੀ, ਜੋ ਅਮਰੀਕਨਾਂ ਨੂੰ ਨਫਰਤ ਕਰਦੇ ਸਨ। ਅਮਰੀਕਾ ਨੂੰ ਇਹ ਵੀ ਸ਼ੱਕ ਸੀ ਕਿ ਸ਼ਾਇਦ ਤਾਲਿਬਾਨ ਕਾਸੀ ਨੂੰ ਹੀਰੋ ਜਾਣ ਕੇ ਖਾਸ ਤੌਰ ‘ਤੇ ਉਸ ਦਾ ਰੱਖ-ਰਖਾ ਕਰ ਰਹੇ ਹੋਣ। ਫਿਰ ਅਮਰੀਕਾ ਨੇ ਆਪਣਾ ਕੰਮ ਕਰਨ ਦਾ ਢੰਗ ਬਦਲਣ ਦੀ ਸੋਚੀ। ਰੂਸ-ਅਫਗਾਨਿਸਤਾਨ ਜੰਗ ਵੇਲੇ ਜੋ ਲੜਾਕੇ ਜਹਾਦ ਦੇ ਨਾਂ ਹੇਠ ਰੂਸ ਨਾਲ ਲੜੇ ਸਨ, ਉਨ੍ਹਾਂ ‘ਚੋਂ ਕੁਝ ਲੋਕ ਅਜੇ ਵੀ ਐਕਟਿਵ ਸਨ।
ਇੱਧਰੋਂ ਅਮਰੀਕਾ ਦੇ ਕਈ ਸੀ. ਆਈ. ਏ. ਦੇ ਉਚ ਅਧਿਕਾਰੀ ਅਜਿਹੇ ਵੀ ਸਨ, ਜਿਨ੍ਹਾਂ ਦੀ ਇਨ੍ਹਾਂ ਜਹਾਦੀਆਂ ਨਾਲ ਨੇੜਤਾ ਰਹੀ ਸੀ। ਮਿਲ-ਮਿਲਾ ਕੇ ਜਾਣ-ਪਛਾਣ ਵਾਲੇ ਲੋਕ ‘ਕੱਠੇ ਕੀਤੇ ਗਏ। ਉਨ੍ਹਾਂ ਜਹਾਦੀਆਂ ਵਿਚ ਬਹੁਤ ਲੋਕ ਉਹ ਸਨ, ਜਿਨ੍ਹਾਂ ਨੇ ਮਿਲਟਰੀ ਟਰੇਨਿੰਗ ਵਗੈਰਾ ਲਈ ਹੋਈ ਸੀ। ਇਸ ਤਰ੍ਹਾਂ ਦੋਹਾਂ ਪਾਸਿਆਂ ਦੀ ਸਹਿਮਤੀ ਨਾਲ ਇਕ ਲੜਾਕਾ ਗਰੁੱਪ ਤਿਆਰ ਕੀਤਾ ਗਿਆ, ਜਿਸ ਨੇ ਕਾਸੀ ਨੂੰ ਲੱਭਣਾ ਸੀ। ਇਸ ਗਰੁੱਪ ਦਾ ਨਾਮ ਰੱਖਿਆ ਗਿਆ, ਐਫ਼ ਡੀ. ਟਰਾਡਪਿੰਟ। ਆਪਸੀ ਰਜ਼ਾਮੰਦੀ ਹੁੰਦਿਆਂ ਹੀ ਅਮਰੀਕਾ ਨੇ ਇਸ ਟਰਾਡਪਿੰਟ ਗਰੁੱਪ ਨੂੰ ਲੱਖਾਂ ਡਾਲਰ, ਏ. ਕੇ. ਸੰਤਾਲੀ ਜਿਹੀਆਂ ਰਾਈਫਲਾਂ, ਲੈਂਡਮਾਈਨਜ਼, ਟਰੱਕ, ਮੋਟਰਸਾਈਕਲ ਅਤੇ ਸਕਿਉਰ ਕਮਿਉਨੀਕੇਸ਼ਨ ਸਿਸਟਮ ਵਗੈਰਾ ਦੇ ਦਿੱਤਾ। ਇੰਨਾ ਪੈਸਾ ਅਤੇ ਇੰਨੇ ਸਾਧਨ ਆਉਣ ‘ਤੇ ਇਹ ਟਰਾਡਪਿੰਟ ਗਰੁੱਪ ਇਕ ਦਮ ਹਰਕਤ ਵਿਚ ਆ ਗਿਆ। ਇਸ ਦੇ ਨਾਲ ਹੀ ਅਮਰੀਕਾ ਨੇ ਕਾਸੀ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਲਈ ਕਈ ਮਿਲੀਅਨ ਡਾਲਰ ਦਾ ਇਨਾਮ ਰੱਖ ਦਿੱਤਾ।
ਟਰਾਡਪਿੰਟ ਗਰੁੱਪ ਦਾ ਵਿਚਾਰ ਸੀ ਕਿ ਕਾਸੀ, ਬਲੋਚਿਸਤਾਨ ਨਾਲ ਲੱਗਦੇ ਅਫਗਾਨਿਸਤਾਨ ਦੇ ਇਲਾਕੇ ਵਿਚ ਛੁਪਿਆ ਹੋਵੇਗਾ। ਇਸ ਕਰਕੇ ਉਨ੍ਹਾਂ ਆਪਣਾ ਮੁੱਖ ਨਿਸ਼ਾਨਾ ਇਹੀ ਇਲਾਕਾ ਚੁਣਿਆ। ਅਗਲਾ ਵਿਚਾਰ ਉਨ੍ਹਾਂ ਨੂੰ ਇਹ ਆਇਆ ਕਿ ਜੇ ਉਹ ਇਸ ਇਲਾਕੇ ‘ਚ ਉਸ ਨੂੰ ਕਿਧਰੇ ਫੜ੍ਹ ਲੈਂਦੇ ਹਨ ਤਾਂ ਇੱਥੋਂ ਬਾਹਰ ਕਿਵੇਂ ਕੱਢਿਆ ਜਾਵੇਗਾ? ਕੁਦਰਤੀ ਗੱਲ ਸੀ ਕਿ ਉਸ ਨੂੰ ਇੱਥੋਂ ਜਹਾਜ ਰਾਹੀਂ ਹੀ ਲਿਜਾਇਆ ਜਾ ਸਕਦਾ ਸੀ। ਫਿਰ ਇਸ ਲਈ ਉਨ੍ਹਾਂ ਨੇੜਲੀਆਂ ਪਹਾੜੀਆਂ ਵਿਚ ਇਕ ਅਜਿਹੀ ਥਾਂ ਲੱਭੀ, ਜੋ ਕਿ ਏਅਰ ਸਟਰਿਪ ਦੇ ਤੌਰ ‘ਤੇ ਵਰਤੀ ਜਾ ਸਕੇ। ਇਸ ਏਅਰ ਸਟਰਿਪ ਨੂੰ ਫੋਟੋਆਂ ਅਤੇ ਸੈਟੇਲਾਈਟ ਰਾਹੀਂ ਅਮਰੀਕਨਾਂ ਨੇ ਮਨਜ਼ੂਰ ਵੀ ਕਰ ਦਿੱਤਾ। ਸਭ ਕੁਝ ਤਿਆਰ ਸੀ, ਬਸ ਹੁਣ ਸ਼ਿਕਾਰ ਦੀ ਭਾਲ ਹੋ ਰਹੀ ਸੀ। ਟਰਾਡਪਿੰਟ ਗਰੁੱਪ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਉਨ੍ਹਾਂ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ, ਕਾਸੀ ਨੂੰ ਲੱਭਣ ਲਈ; ਪਰ ਉਹ ਕਿਧਰੇ ਐਸਾ ਅਲੋਪ ਹੋਇਆ ਕਿ ਉਸ ਦਾ ਨਾਂ ਨਿਸ਼ਾਨ ਵੀ ਨਾ ਮਿਲਿਆ। ਇਸ ਤਰ੍ਹਾਂ ਸਾਲਾਂ ਦੇ ਸਾਲ ਬੀਤ ਗਏ, ਪਰ ਕਾਸੀ ਇਕ ਬੁਝਾਰਤ ਬਣ ਕੇ ਰਹਿ ਗਿਆ। ਫਿਰ ਹੌਲੀ ਹੌਲੀ ਅਮਰੀਕਨਾਂ ਵੱਲੋਂ ਆਉਂਦੀ ਮਦਦ ਘਟਦੀ ਗਈ ਤੇ ਟਰਾਡਪਿੰਟ ਗਰੁੱਪ ਵੀ ਧੀਮੀ ਗਤੀ ਹੋ ਗਿਆ।
ਫਿਰ ਇਕ ਦਿਨ ਅਮਰੀਕਨਾਂ ਦੀ ਕਿਸਮਤ ਚਮਕੀ। ਆਪਣੇ ਆਪ ਨੂੰ ਬਲੋਚੀ ਦੱਸਦਾ ਇਕ ਬੰਦਾ ਕਰਾਚੀ ਦੇ ਅਮਰੀਕਨ ਕੌਂਸਲੇਟ ਵਿਚ ਆਉਂਦਾ ਹੈ। ਉਹ ਰਿਸੈਪਸ਼ਨ ‘ਤੇ ਬੈਠੀ ਕਲਰਕ ਨੂੰ ਸਿਰਫ ਚਾਰ ਲਫਜ਼ ਬੋਲਦਾ ਹੈ, “ਮੈਂ ਕਾਸੀ ਬਾਰੇ ਗੱਲ ਕਰਨੀ ਹੈ।”
“ਹੈਂ ਕਾਸੀ?” ਕਲਰਕ ਦਾ ਮੂੰਹ ਟੱਡਿਆ ਰਹਿ ਗਿਆ। ਉਸ ਨੇ ਪੁੱਛਿਆ ਕਿ ਹਾਂ ਦੱਸ ਕੀ ਗੱਲ ਕਰਨੀ ਹੈ? ਇਸ ‘ਤੇ ਉਸ ਬੰਦੇ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ। ਉਹ ਕਿਸੇ ਸੀਨੀਅਰ ਅਧਿਕਾਰੀ ਨਾਲ ਹੀ ਗੱਲ ਕਰੇਗਾ। ਉਸ ਦੀ ਇਹ ਗੱਲ ਸੁਣ ਕੇ ਕਲਰਕ ਉਸ ਨੂੰ ਆਪਣੇ ਨਾਲ ਹੀ ਅੰਦਰ ਸੀ. ਆਈ. ਏ. ਦੇ ਇਕ ਅਧਿਕਾਰੀ ਦੇ ਦਫਤਰ ਲੈ ਗਈ। ਕਾਸੀ ਦਾ ਨਾਮ ਸੁਣਦਿਆਂ ਅਧਿਕਾਰੀ ਨੇ ਦਰਵਾਜਾ ਬੰਦ ਕਰ ਲਿਆ। ਫਿਰ ਉਸ ਨੇ ਪੁੱਛਿਆ ਕਿ ਉਹ ਦੱਸੇ ਕਿ ਉਸ ਕੋਲ ਕਾਸੀ ਬਾਰੇ ਕੀ ਜਾਣਕਾਰੀ ਹੈ। ਇਸ ‘ਤੇ ਉਸ ਬੰਦੇ ਨੇ ਕਿਹਾ ਕਿ ਯਾਦ ਰਹੇ ਕਿ ਕਾਸੀ ‘ਤੇ ਕਈ ਮਿਲੀਅਨ ਡਾਲਰ ਦਾ ਇਨਾਮ ਹੈ। ਅਧਿਕਾਰੀ ਨੇ ਉਤਰ ਦਿੱਤਾ ਕਿ ਜੇ ਉਹ ਕਾਸੀ ਨੂੰ ਗ੍ਰਿਫਤਾਰ ਕਰਵਾ ਦੇਵੇ ਤਾਂ ਵਾਕਿਆ ਹੀ ਉਹ ਸਾਰਾ ਇਨਾਮ ਉਸੇ ਨੂੰ ਮਿਲੇਗਾ। ਇੰਨਾ ਤੈਅ ਹੋਣ ‘ਤੇ ਉਸ ਬੰਦੇ ਨੇ ਕਿਹਾ ਕਿ ਉਹ ਹਰ ਰੋਜ਼ ਕਾਸੀ ਦੇ ਕੋਲ ਰਹਿੰਦਾ ਹੈ, ਕਿਉਂਕਿ ਜਿਸ ਬਲੋਚੀ ਕਬੀਲੇ ਦੇ ਸਰਦਾਰ ਨੇ ਕਾਸੀ ਨੂੰ ਪਨਾਹ ਦਿੱਤੀ ਹੋਈ ਹੈ, ਉਹ ਉਸ ਸਰਦਾਰ ਦਾ ਨੌਕਰ ਹੈ ਅਤੇ ਹੁਣ ਵੀ ਉਸੇ ਸਰਦਾਰ ਨੇ ਉਸ ਨੂੰ ਇੱਥੇ ਭੇਜਿਆ ਹੈ। ਉਸ ਨੇ ਹੋਰ ਦੱਸਿਆ ਕਿ ਕਾਸੀ ਕਬੀਲੇ ਦੇ ਉਸ ਸਰਦਾਰ ਕੋਲ ਕਈ ਸਾਲ ਤੋਂ ਰਹਿੰਦਾ ਹੈ। ਦੋਨੋਂ ਰਲ ਕੇ ਹਥਿਆਰਾਂ ਦਾ ਵਪਾਰ ਕਰਦੇ ਹਨ, ਪਰ ਪਿਛਲੇ ਦਿਨੀਂ ਕਾਸੀ ਨੇ ਸਰਦਾਰ ਨਾਲ ਕੋਈ ਧੋਖਾ ਕੀਤਾ ਹੈ। ਇਸੇ ਕਰਕੇ ਸਰਦਾਰ ਉਸ ਨੂੰ ਅਮਰੀਕਨਾਂ ਦੇ ਹਵਾਲੇ ਕਰਨਾ ਚਾਹੁੰਦਾ ਹੈ। ਫਿਰ ਉਸ ਨੇ ਕਾਸੀ ਦੀਆਂ ਕਈ ਤਾਜ਼ੀਆਂ ਤਸਵੀਰਾਂ ਵਿਖਾਈਆਂ।
ਸੀ. ਆਈ. ਏ. ਅਧਿਕਾਰੀ ਨੇ ਬੜੇ ਗਹੁ ਨਾਲ ਸਭ ਕੁਝ ਵੇਖਿਆ। ਫਿਰ ਉਸ ਨੇ ਪੁੱਛਿਆ, ਕੋਈ ਪੱਕਾ ਸਬੂਤ ਲਿਆ ਜਿਸ ਨਾਲ ਅਸੀਂ ਕਾਰਵਾਈ ਸ਼ੁਰੂ ਕਰ ਸਕੀਏ। ਉਸ ਦੇ ਇੰਨਾ ਕਹਿਣ ‘ਤੇ ਉਸ ਬੰਦੇ ਨੇ ਜੇਬ ‘ਚੋਂ ਕਾਸੀ ਦੀ ਕੁਝ ਦਿਨ ਪਹਿਲਾਂ ਫਰਜ਼ੀ ਨਾਂ ਹੇਠ ਡਰਾਈਵਰ ਲਾਈਸੈਂਸ ਲਈ ਭਰੀ ਅਰਜੀ ਰੱਖ ਦਿੱਤੀ, ਪਰ ਅਰਜੀ ‘ਤੇ ਫੋਟੋ ਕਾਸੀ ਦੀ ਸੀ। ਫੋਟੋ ਤਾਂ ਹੈ ਹੀ ਸੀ, ਨਾਲ ਹੀ ਉਸ ਦਾ ਅੰਗੂਠਾ ਵੀ ਲੱਗਾ ਹੋਇਆ ਸੀ। ਅਧਿਕਾਰੀ ਨੇ ਤੁਰੰਤ ਮਾਈਕਰੋ ਸਿਸਟਮ ਰਾਹੀਂ ਅੰਗੂਠੇ ਦਾ ਪ੍ਰਿੰਟ ਲਿਆ ਅਤੇ ਆਪਣੇ ਸਿਸਟਮ ਵਿਚ ਪਾਇਆ। ਰਿਜ਼ਲਟ ਆਇਆ ਪਾਜ਼ੇਟਿਵ ਯਾਨਿ ਇਹ ਨਿਸ਼ਾਨ ਕਾਸੀ ਦਾ ਹੀ ਸੀ।
ਅਧਿਕਾਰੀ ਨੇ ਤੁਰੰਤ ਇਸਲਾਮਾਬਾਦ ਅੰਬੈਸੀ ਅਤੇ ਉਥੋਂ ਅੱਗੇ ਅਮਰੀਕਾ ਦੇ ਸੀ. ਆਈ. ਏ. ਸੈਂਟਰ ਤੱਕ ਤਾਰਾਂ ਖੜਕਾ ਦਿੱਤੀਆਂ। ਉਸ ਪਿੱਛੋਂ ਕੁਝ ਹੋਰ ਗੱਲਾਂ ਤੈਅ ਕਰਕੇ ਉਹ ਬੰਦਾ ਉਥੋਂ ਰੁਖਸਤ ਹੋ ਗਿਆ। ਅੱਗੇ ਦੀ ਕਾਰਵਾਈ ਵਿਚ ਸੀ. ਆਈ. ਏ. ਅਤੇ ਐਫ਼ ਬੀ. ਆਈ. ਦੇ ਅਫਸਰਾਂ ਤੋਂ ਬਿਨਾ ਉਸ ਕਬੀਲੇ ਦੇ ਸਰਦਾਰ ਨੇ ਸ਼ਾਮਲ ਹੋਣਾ ਸੀ। ਅੱਗੇ ਦੀ ਕਾਰਵਾਈ ਉਲੀਕਣ ਲਈ ਮੀਟਿੰਗ ਰੱਖੀ ਗਈ, ਜਿਸ ਵਿਚ ਕਬੀਲੇ ਦਾ ਸਰਦਾਰ ਵੀ ਸ਼ਾਮਲ ਸੀ। ਉਸ ਨੂੰ ਸਭ ਸਮਝਾਇਆ ਗਿਆ ਕਿ ਅਗਲੀ ਕਾਰਵਾਈ ਕਿਵੇਂ ਹੋਵੇਗੀ।
ਕਬੀਲੇ ਦੇ ਸਰਦਾਰ ਦੀ ਡਿਊਟੀ ਕਾਸੀ ਨੂੰ ਪਾਕਿਸਤਾਨ ਵਾਲੇ ਪਾਸੇ ਕਿਸੇ ਨੇੜਲੇ ਸ਼ਹਿਰ ਲਿਆਉਣ ਦੀ ਸੀ। ਸੋ ਉਸ ਨੇ ਬਾਰਡਰ ਨੇੜਲਾ ਸ਼ਹਿਰ ਡੇਰਾ ਗਾਜੀ ਖਾਂ ਚੁਣਿਆ। ਇਥੋਂ ਮੁਲਤਾਨ ਏਅਰਪੋਰਟ ਵੀ ਨੇੜੇ ਪੈਂਦਾ ਸੀ ਅਤੇ ਸ਼ਹਿਰ ਵੀ ਕੋਈ ਬਹੁਤਾ ਵੱਡਾ ਨਹੀਂ ਸੀ। ਇਸ ਕੇਸ ਵਿਚ ਪਾਕਿਸਤਾਨੀ ਆਈ. ਐਸ਼ ਆਈ. ਨੇ ਪੂਰੀ ਇਮਾਨਦਾਰੀ ਨਾਲ ਕਾਸੀ ਨੂੰ ਫੜ੍ਹਨ ਵਿਚ ਮਦਦ ਕੀਤੀ।
ਖੈਰ! ਆਖਰ ਕਬੀਲਾ ਸਰਦਾਰ ਕਾਸੀ ਨੂੰ ਹਥਿਆਰਾਂ ਦੀ ਖਰੀਦੋ ਫਰੋਖਤ ਦਾ ਆਖ ਕੇ ਡੇਰਾ ਗਾਜੀ ਖਾਂ ਲੈ ਆਇਆ। ਸ਼ਾਮ ਵੇਲੇ ਉਨ੍ਹਾਂ ਸਸਤੇ ਜਿਹੇ ਸ਼ਾਲੀਮਾਰ ਹੋਟਲ ਦੇ ਅੱਡੋ ਅੱਡ ਕਮਰਿਆਂ ‘ਚ ਠਹਿਰ ਕੀਤੀ। ਸਰਦਾਰ ਨੇ ਕਾਸੀ ਨੂੰ ਕਿਹਾ ਕਿ ਉਹ ਇਸ ਸ਼ਹਿਰ ਦੀ ਮਸਜਿਦ ਬਾਰੇ ਜਾਣਦਾ ਹੈ। ਇਸ ਕਰਕੇ ਉਹ ਸਵੇਰੇ ਚਾਰ ਵਜੇ ਉਸ ਨੂੰ ਉਠਾਵੇਗਾ ਤੇ ਫਿਰ ਇਕੱਠੇ ਫਜ਼ਰ ਦੀ ਨਮਾਜ ਲਈ ਮਸਜਿਦ ਜਾਣਗੇ। ਇਹ ਕਹਿ ਕੇ ਉਹ ਆਪੋ ਆਪਣੇ ਕਮਰੇ ‘ਚ ਜਾ ਸੁੱਤੇ।
ਪਰ ਜੋ ਲੋਕ ਜਾਗਦੇ ਸਨ, ਉਹ ਹੋਰ ਸਨ। ਹੋਟਲ ਨੂੰ ਆਲੇ ਦੁਆਲਿਉਂ ਆਈ. ਐਸ਼ ਆਈ. ਨੇ ਘੇਰਿਆ ਹੋਇਆ ਸੀ। ਉਨ੍ਹਾਂ ਦੇ ਨਾਲ ਅਮਰੀਕਨ ਸੀ. ਆਈ. ਏ. ਅਤੇ ਐਫ਼ ਬੀ. ਆਈ. ਦੇ ਅਫਸਰ ਸਨ। ਉਧਰ ਮੁਲਤਾਨ ਏਅਰਪੋਰਟ ‘ਤੇ ਜਹਾਜ ਤਿਆਰ ਖੜ੍ਹਾ ਸੀ ਜਿਸ ਨੇ ਇਸਲਾਮਾਬਾਦ ਲਈ ਉਡਣਾ ਸੀ ਅਤੇ ਇਸਲਾਮਾਬਾਦ ਏਅਰਪੋਰਟ ‘ਤੇ ਅਮਰੀਕਾ ਜਾਣ ਵਾਲਾ ਜਹਾਜ ਉਡੀਕ ਰਿਹਾ ਸੀ।
ਰਾਤ ਹੌਲੀ ਹੌਲੀ ਸਰਕ ਰਹੀ ਸੀ। ਅਫਸਰਾਂ ਲਈ ਵਕਤ ਲੰਘਣ ਵਿਚ ਹੀ ਨਹੀਂ ਸੀ ਆਉਂਦਾ। ਆਖਰ ਚਾਰ ਵੱਜਣ ਲੱਗੇ ਤਾਂ ਸਭ ਨੇ ਆਪੋ ਆਪਣੀਆਂ ਪੁਜੀਸ਼ਨਾਂ ਲੈ ਲਈਆਂ। ਪੂਰੇ ਚਾਰ ਵਜੇ ਕਬੀਲੇ ਦੇ ਸਰਦਾਰ ਨੇ ਕਾਸੀ ਦਾ ਦਰਵਾਜਾ ਖੜਕਾਉਂਦਿਆਂ ਕਿਹਾ ਕਿ ਨਮਾਜ਼ ਦਾ ਵਕਤ ਹੋ ਗਿਆ ਹੈ, ਆ ਚੱਲੀਏ। ਇੰਨਾ ਕਹਿ ਕੇ ਸਰਦਾਰ ਪਿਛਾਂਹ ਹਟ ਗਿਆ। ਕਾਸੀ ਨੇ ਉਬਾਸੀ ਲੈਂਦਿਆਂ ਦਰਵਾਜਾ ਖੋਲ੍ਹਿਆ।
ਜਿਉਂ ਹੀ ਦਰਵਾਜਾ ਖੁੱਲ੍ਹਾ ਤਾਂ ਐਫ਼ ਬੀ. ਆਈ. ਦੇ ਚਾਰ ਹੱਟੇ ਕੱਟੇ ਅਫਸਰਾਂ ਨੇ ਉਸ ਨੂੰ ਧਰਤੀ ‘ਤੇ ਮੂਧਾ ਪਾ ਲਿਆ। ਇਕ ਜਣੇ ਨੇ ਉਸ ਦੇ ਅੰਗੂਠੇ ਦਾ ਨਿਸ਼ਾਨ ਲਿਆ ਅਤੇ ਅਮਰੀਕਾ ਹੈਡ ਕੁਆਰਟਰ ਨੂੰ ਭੇਜ ਦਿੱਤਾ। ਦੂਜਾ ਅਫਸਰ ਉਸ ਨੂੰ ਉਸ ਦੇ ਮੁਰੈਂਡਾ ਰਾਈਟਸ ਪੜ੍ਹ ਕੇ ਸੁਣਾਉਂਦਾ ਰਿਹਾ। ਮਿੰਟ ਭਰ ਵਿਚ ਹੀ ਅਮਰੀਕਾ ਤੋਂ ਫਿੰਗਰ ਪ੍ਰਿੰਟ ਰਿਪੋਰਟ ਆ ਗਈ ਕਿ ਫੜ੍ਹਿਆ ਗਿਆ ਬੰਦਾ ਮੀਰ ਅਮਲ ਕਾਸੀ ਹੀ ਹੈ। ਇੰਨਾ ਪੱਕ ਹੁੰਦਿਆਂ ਹੀ ਉਸ ਦਾ ਮੂੰਹ-ਸਿਰ ਬੰਨ ਕੇ ਹੇਠਾਂ ਖੜ੍ਹੀ ਕਾਰ ‘ਚ ਸੁੱਟਿਆ ਤੇ ਏਅਰਪੋਰਟ ਵੱਲ ਨੂੰ ਕਾਰ ਭਜਾ ਲਈ। ਸਾਰੀਆਂ ਕਾਰਾਂ ਇਕੱਠੀਆਂ ਹੀ ਏਅਰਪੋਰਟ ‘ਚ ਦਾਖਲ ਹੋਈਆਂ। ਅਗਾਂਹ ਸਭ ਪ੍ਰਬੰਧ ਕੀਤੇ ਹੋਏ ਸਨ। ਉਸ ਨੂੰ ਜਹਾਜ ‘ਤੇ ਚੜ੍ਹਾ ਕੇ ਇਸਲਾਮਾਬਾਦ ਲਿਜਾਇਆ ਗਿਆ। ਅਗਲੇ ਦਿਨ ਉਸ ਨੂੰ ਲੋਕਲ ਜੇਲ੍ਹ ‘ਚ ਰੱਖਿਆ ਗਿਆ। ਇਸ ਦੌਰਾਨ ਪਾਕਿਸਤਾਨੀ ਸਿਟੀਜ਼ਨ ਨੂੰ ਕਿਸੇ ਦੂਜੇ ਦੇਸ਼ ‘ਚ ਕੀਤੇ ਜ਼ੁਰਮ ਲਈ ਲਿਜਾਣ ਦਾ ਪੇਪਰ ਵਰਕ ਪੂਰਾ ਕਰ ਲਿਆ ਗਿਆ। ਇੱਥੋਂ ਉਸ ਨੂੰ ਅਮਰੀਕਾ ਜਾਣ ਵਾਲੇ ਜਹਾਜ ‘ਚ ਚੜ੍ਹਾ ਦਿੱਤਾ। ਚਾਰ ਸਾਲ ਤੋਂ ਛੁਪਦਾ ਫਿਰਦਾ ਮੀਰ ਅਮਲ ਕਾਸੀ ਆਖਰ ਅਮਰੀਕਾ ਦੇ ਕਬਜ਼ੇ ਵਿਚ ਸੀ।
ਅਗਲੇ ਦਿਨ ਤੱਕ ਮੀਰ ਅਮਲ ਕਾਸੀ ਵਰਜੀਨੀਆ ਦੀ ਫੇਅਰਫੈਕਸ ਜੇਲ੍ਹ ਵਿਚ ਪਹੁੰਚਾ ਦਿੱਤਾ ਗਿਆ। ਕੇਸ ਦੇ ਫੈਸਲੇ ਤੱਕ ਉਸ ਨੂੰ ਇੱਥੇ ਹੀ ਰੱਖਿਆ ਗਿਆ ਅਤੇ ਇਸੇ ਕੋਰਟ ਵਿਚ ਉਸ ਦਾ ਕੇਸ ਚੱਲਿਆ। ਕਿਉਂਕਿ ਮੌਕਾ ਏ ਵਾਰਦਾਤ ਯਾਨਿ ਸੀ. ਆਈ. ਏ., ਫੇਅਰਫੈਕਸ ਕਾਉਂਟੀ ਵਿਚ ਆਉਂਦੀ ਹੈ। ਉਸ ਦਾ ਕੇਸ ਕੋਈ ਬਹੁਤਾ ਗੁੰਝਲਦਾਰ ਨਹੀਂ ਸੀ, ਕਿਉਂਕਿ ਪਾਕਿਸਤਾਨ ਤੋਂ ਅਮਰੀਕਾ ਨੂੰ ਜਹਾਜ ਰਾਹੀਂ ਆਉਂਦਿਆਂ ਹੀ ਉਸ ਨੇ ਗੁਨਾਹ ਕਬੂਲ ਕਰਕੇ ਆਪਣਾ ਹੱਥ ਲਿਖਤ ਬਿਆਨ ਦੇ ਦਿੱਤਾ ਸੀ, ਜਿਸ ਵਿਚ ਉਸ ਨੇ ਮੰਨਿਆ ਸੀ ਕਿ ਉਸ ਨੇ 25 ਜਨਵਰੀ 1993 ਦੇ ਦਿਨ ਸੀ. ਆਈ. ਏ. ਅੱਗੇ ਅੰਨੇਵਾਹ ਫਾਇਰਿੰਗ ਕਰਕੇ ਦੋ ਜਣਿਆਂ ਨੂੰ ਮਾਰ ਦਿੱਤਾ ਸੀ ਅਤੇ ਕੁਝ ਜ਼ਖਮੀ ਹੋ ਗਏ ਸਨ। ਕਾਰਨ ਉਸ ਨੇ ਇਹ ਦੱਸਿਆ ਕਿ ਉਸ ਨੂੰ ਅਮਰੀਕਾ ‘ਤੇ ਗੁੱਸਾ ਸੀ ਕਿ ਇਹ ਇਜ਼ਰਾਈਲ ਦੀ ਮੱਦਦ ਕਰਦਾ ਹੈ ਅਤੇ ਫਲਸਤੀਨੀਆਂ ਦਾ ਘਾਣ ਕਰਵਾਉਂਦਾ ਹੈ।
ਕੁੱਲ ਮਿਲਾ ਕੇ ਉਸ ਨੇ ਅਮਰੀਕਾ ਦੇ ਮਿਡਲ ਈਸਟ ਪ੍ਰਤੀ ਵਿਹਾਰ ਤੋਂ ਚਿੜ੍ਹ ਕੇ ਇਹ ਵਾਰਦਾਤ ਕੀਤੀ ਸੀ। ਪਰ ਜਦੋਂ ਉਸ ‘ਤੇ ਕੇਸ ਚੱਲਣਾ ਸ਼ੁਰੂ ਹੋਇਆ ਤਾਂ ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ। ਉਸ ਦਾ ਕਹਿਣਾ ਸੀ ਕਿ ਇਹ ਕਾਰਵਾਈ ਸਿਆਸੀ ਤੌਰ ‘ਤੇ ਲੈਣੀ ਚਾਹੀਦੀ ਹੈ। ਖੈਰ! ਕਈ ਮਹੀਨੇ ਕੇਸ ਚੱਲਿਆ ਅਤੇ ਆਖਰ ਜਿਊਰੀ ਬੈਠ ਗਈ। ਜਿਊਰੀ ਨੇ ਇਸ ਕੇਸ ‘ਤੇ ਦਸ ਦਿਨ ਲਾਏ। ਅੰਤ ਉਨ੍ਹਾਂ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ, ਕਿਉਂਕਿ ਉਸ ਦੇ ਇਸ ਕਾਰੇ ਵਿਚ ਦੋ ਮੌਤਾਂ ਹੋਈਆਂ ਸਨ ਅਤੇ ਇਹੀ ਉਸ ਦੀ ਫਾਂਸੀ ਦਾ ਕਾਰਨ ਸਨ। ਉਸ ਨੇ ਅਪੀਲ ਵੀ ਪਾਈ ਕਿ ਮੈਂ ਜੋ ਕੀਤਾ ਸਿਆਸੀ ਕਾਰਨਾਂ ਕਰਕੇ ਕੀਤਾ ਤੇ ਉਸ ਨੂੰ ਫਾਂਸੀ ਨਾ ਦਿੱਤੀ ਜਾਵੇ, ਪਰ ਗਵਰਨਰ ਨੇ ਉਸ ਦੀ ਅਪੀਲ ਖਾਰਜ ਕਰ ਦਿੱਤੀ। ਫਿਰ ਉਸ ਨੂੰ ਵਰਜੀਨੀਆ ਦੀ ਗਰੀਨਸਵਿਲ ਜੇਲ੍ਹ ਪਹੁੰਚਾ ਦਿੱਤਾ ਗਿਆ। ਇੱਥੇ ਹੀ ਉਸ ਨੂੰ ਫਾਂਸੀ ਦੇਣੀ ਸੀ। ਆਖਰ 14 ਨਵੰਬਰ 2002 ਨੂੰ ਸ਼ਾਮ ਦੇ ਸੱਤ ਵਜੇ ਤੋਂ ਪਿੱਛੋਂ ਉਸ ਨੂੰ ਜ਼ਹਿਰੀਲਾ ਟੀਕਾ ਲਾ ਕੇ ਸਜ਼ਾ-ਏ-ਮੌਤ ਦੇ ਦਿੱਤੀ ਗਈ।