ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਪਰਥਾਏ ਜੋ ਨਾਮ ਆਉਂਦੇ ਹਨ, ਉਨ੍ਹਾਂ ਵਿਚੋਂ ਕੁਝ ਇਕ ਦੀ ਵਿਚਾਰ ਕਰ ਰਹੇ ਹਾਂ। ਜਿਵੇਂ ਕਿ ਨਿਰੰਕਾਰ, ਏਕੰਕਾਰ, ਓਅੰਕਾਰ, ਪਾਰਬ੍ਰਹਮ, ਬ੍ਰਹਮ ਅਤੇ ਸ਼ਿਵ। ਨਿਰਗੁਣ ਅਤੇ ਨਿਰੰਕਾਰ ਪ੍ਰਾਇਵਾਚੀ ਹਨ। ਏਕੰਕਾਰ ਅਤੇ ਪਾਰਬ੍ਰਹਮ ਪ੍ਰਾਇਵਾਚੀ ਹਨ। ਓਅੰਕਾਰ, ਬ੍ਰਹਮ ਅਤੇ ਸ਼ਿਵ ਪ੍ਰਾਇਵਾਚੀ ਹਨ। ੴ ਦੀਆਂ ਇਹ ਤਿੰਨ ਅਵਸਥਾਵਾਂ ਹਨ। ਪਹਿਲੀ ਅਵਸਥਾ ਨਿਰੰਕਾਰ ਜਾਂ ਨਿਰਗੁਣ ਹੈ, ਜੋ ਅਫੁਰ ਅਵਸਥਾ ਹੈ, ਜਿੱਥੇ ਨਾ ਕੋਈ ਸੰਕਲਪ ਹੈ ਅਤੇ ਨਾ ਹੀ ਕੋਈ ਆਕਾਰ ਹੈ।
ਸੇਵਕ ਸਿੰਘ ਕੋਟਕਪੂਰਾ
ਫੋਨ: 661-444-3657
ਸਰਗੁਨ ਨਿਰਗੁਨ ਨਿਰੰਕਾਰ
ਸੁੰਨ ਸਮਾਧੀ ਆਪਿ॥
ਆਪਨ ਕੀਆ ਨਾਨਕਾ
ਆਪੇ ਹੀ ਫਿਰਿ ਜਾਪਿ॥
ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਪਰਥਾਏ ਜੋ ਨਾਮ ਆਉਂਦੇ ਹਨ, ਉਨ੍ਹਾਂ ਵਿਚੋਂ ਕੁਝ ਇਕ ਦੀ ਵਿਚਾਰ ਕਰ ਰਹੇ ਹਾਂ। ਜਿਵੇਂ ਕਿ ਨਿਰੰਕਾਰ, ਏਕੰਕਾਰ, ਓਅੰਕਾਰ, ਪਾਰਬ੍ਰਹਮ, ਬ੍ਰਹਮ ਅਤੇ ਸ਼ਿਵ। ਨਿਰਗੁਣ ਅਤੇ ਨਿਰੰਕਾਰ ਪ੍ਰਾਇਵਾਚੀ ਹਨ। ਏਕੰਕਾਰ ਅਤੇ ਪਾਰਬ੍ਰਹਮ ਪ੍ਰਾਇਵਾਚੀ ਹਨ। ਓਅੰਕਾਰ, ਬ੍ਰਹਮ ਅਤੇ ਸ਼ਿਵ ਪ੍ਰਾਇਵਾਚੀ ਹਨ। ੴ ਦੀਆਂ ਇਹ ਤਿੰਨ ਅਵਸਥਾਵਾਂ ਹਨ। ਪਹਿਲੀ ਅਵਸਥਾ ਨਿਰੰਕਾਰ ਜਾਂ ਨਿਰਗੁਣ ਹੈ, ਜੋ ਅਫੁਰ ਅਵਸਥਾ ਹੈ, ਜਿੱਥੇ ਨਾ ਕੋਈ ਸੰਕਲਪ ਹੈ ਅਤੇ ਨਾ ਹੀ ਕੋਈ ਆਕਾਰ ਹੈ। ਉਸ ਨੂੰ ਸੁੰਨ ਸਮਾਧੀ ਦੀ ਅਵਸਥਾ ਕਿਹਾ ਗਿਆ ਹੈ। ਉਹ ਆਪਣੇ ਆਪ ਵਿਚ ਆਪ ਹੀ ਸਥਿਤ ਹੈ, ਨਾ ਕੋਈ ਰਚਨਾ ਹੈ ਅਤੇ ਨਾ ਹੀ ਰਚਨਾ ਦਾ ਕੋਈ ਫੁਰਨਾ ਜਾਂ ਸੰਕਲਪ ਹੈ। ਸੁਖਮਨੀ ਸਾਹਿਬ ਵਿਚ ਜ਼ਿਕਰ ਆਇਆ ਹੈ,
ਜਬ ਨਿਰਗੁਨ ਪ੍ਰਭ ਸਹਜ ਸੁਭਾਇ॥
ਤਬ ਸਿਵ ਸਕਤਿ ਕਹੁਹ ਕਿਤੁ ਠਾਇ॥
ਦੂਜੀ ਅਵਸਥਾ ਏਕੰਕਾਰ ਜਾਂ ਪਾਰਬ੍ਰਹਮ ਹੈ। ਉਸ ਸਥਿਤੀ ਵਿਚ ਉਸ ਨੂੰ ਸੰਕਲਪ ਬਣਿਆ ਕਿ ਰਚਨਾ ਦਾ ਅਰੰਭ ਕੀਤਾ ਜਾਵੇ। ਇਸ ਸੰਕਲਪ ਦੇ ਆਧਾਰ ‘ਤੇ ਉਸ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ। ਸੁਖਮਨੀ ਸਾਹਿਬ ਬਾਣੀ ਵਿਚ ਇਸ ਅਵਸਥਾ ਦਾ ਜ਼ਿਕਰ ਇਸ ਤਰ੍ਹਾਂ ਆਇਆ ਹੈ। 10ਵੀਂ ਅਸ਼ਟਪਦੀ ਵਿਚ ਦਰਜ ਹੈ,
ਕਈ ਬਾਰ ਪਸਰਿਓ ਪਾਸਾਰ॥
ਸਦਾ ਸਦਾ ਇਕੁ ਏਕੰਕਾਰ॥
16ਵੀਂ ਅਸ਼ਟਪਦੀ ਵਿਚ ਦਰਜ ਹੈ,
ਨਾਨਾ ਬਿਧਿ ਕੀਨੋ ਬਿਸਥਾਰ॥
ਪ੍ਰਭੁ ਅਬਿਨਾਸੀ ਏਕੰਕਾਰ॥
23ਵੀਂ ਅਸ਼ਟਪਦੀ ਵਿਚ ਦਰਜ ਹੈ,
ਤਿਸੁ ਭਾਵੈ ਤਾ ਕਰੇ ਬਿਸਥਾਰ॥
ਤਿਸੁ ਭਾਵੈ ਤਾਂ ਏਕੰਕਾਰ॥
ਤੀਜੀ ਅਵਸਥਾ ਓਅੰਕਾਰ, ਬ੍ਰਹਮ ਜਾਂ ਸ਼ਿਵ ਹੈ। ਇੱਥੇ ਸ਼ਿਵ ਤੋਂ ਭਾਵ ਮ੍ਰਿਤੂ ਦਾ ਦੇਵਤਾ ਸ਼ੰਕਰ ਨਹੀਂ ਹੈ, ਸਗੋਂ ਉਹ ਕਰਤਾ ਪੁਰਖੁ ਹੈ, ਜਿਸ ਨੇ ਆਪਣੀ ਤ੍ਰੈਗੁਣ ਮਈ ਮਾਯਾ ਜਾਂ ਸ਼ਕਤੀ ਪ੍ਰਗਟ ਕਰਕੇ ਉਸ ਦੇ ਸਹਿਯੋਗ ਨਾਲ ਸਾਰੀ ਜੜ ਅਤੇ ਚੇਤਨ ਰਚਨਾ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ। ਇਸ ਮਾਯਾ, ਸ਼ਕਤੀ ਜਾਂ ਪ੍ਰਕਿਰਤੀ ਤੋਂ ਉਤਪਤੀ, ਸਥਿਤੀ ਅਤੇ ਵਿਨਾਸ਼ ਦੀਆਂ ਤਿੰਨ ਸ਼ਕਤੀਆਂ ਪੈਦਾ ਕੀਤੀਆਂ, ਜਿਨ੍ਹਾਂ ਨੇ ਸ੍ਰਿਸ਼ਟੀ ਦੀ ਰਚਨਾ ਸ਼ੁਰੂ ਕਰ ਦਿੱਤੀ। ਇਸ ਬਾਰੇ ਜਪੁਜੀ ਸਾਹਿਬ ਵਿਚ ਜ਼ਿਕਰ ਹੈ,
ਏਕਾ ਮਾਈ ਜੁਗਤਿ ਵਿਆਈ
ਤਿਨਿ ਚੇਲੇ ਪਰਵਾਣੁ॥
ਇਕੁ ਸੰਸਾਰੀ ਇਕੁ ਭੰਡਾਰੀ
ਇਕੁ ਲਾਏ ਦੀਬਾਣੁ॥
ਜਿਵ ਤਿਸੁ ਭਾਵੈ ਤਿਵੈ ਚਲਾਵੈ
ਜਿਵ ਹੋਵੈ ਫੁਰਮਾਣ॥
ਓਹੁ ਵੇਖੈ ਓਨਾ ਨਦਰਿ ਨ ਆਵੈ
ਬਹੁਤਾ ਏਹੁ ਵਿਡਾਣੁ॥
ਆਦੇਸੁ ਤਿਸੈ ਆਦੇਸੁ॥
ਆਦਿ ਅਨੀਲੁ ਅਨਾਦਿ ਅਨਾਹਤਿ
ਜੁਗੁ ਜੁਗੁ ਏਕੋ ਵੇਸੁ॥30॥
ਅਨੰਦ ਸਾਹਿਬ ਵਿਚ ਵੀ ਜ਼ਿਕਰ ਹੈ,
ਸਿਵ ਸਕਤਿ ਆਪਿ ਉਪਾਇਕੈ
ਕਰਤਾ ਆਪੇ ਹੁਕਮੁ ਵਰਤਾਏ॥
ਹੁਕਮੁ ਵਰਤਾਏ ਆਪਿ ਵੇਖੈ
ਗੁਰਮੁਖਿ ਕਿਸੈ ਬੁਝਾਏ॥
ਤੋੜੇ ਬੰਧਨ ਹੋਵੈ ਮੁਕਤੁ
ਸਬਦੁ ਮੰਨਿ ਵਸਾਏ॥
ਗੁਰਮੁਖਿ ਜਿਸਨੋ ਆਪਿ ਕਰੇ ਸੁ ਹੋਵੈ
ਏਕਸ ਸਿਉ ਲਿਵ ਲਾਏ॥
ਕਹੈ ਨਾਨਕੁ ਆਪਿ ਕਰਤਾ
ਆਪੇ ਹੁਕਮੁ ਬੁਝਾਏ॥26॥
ਸੋ ਗੁਰਬਾਣੀ ਅਨੁਸਾਰ ਸੰਸਾਰ ਰਚਨਾ ਦਾ ਕ੍ਰਮ ਇਸ ਤਰ੍ਹਾਂ ਵਰਣਨ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਆਸਾ ਕੀ ਵਾਰ ਵਿਚ ਜ਼ਿਕਰ ਆਇਆ ਹੈ,
ਮਹਲਾ ਦੂਜਾ
ਇਹੁ ਜਗੁ ਸਚੈ ਕੀ ਹੈ ਕੋਠੜੀ
ਸਚੇ ਕਾ ਵਿਚ ਵਾਸੁ॥
ਇਕਨਾਂ ਹੁਕਮਿ ਸਮਾਇ ਲਏ
ਇਕਨਾਂ ਹੁਕਮੇ ਕਰੇ ਵਿਣਾਸੁ॥
ਇਕਨਾਂ ਭਾਣੈ ਕਢਿ ਲਏ
ਇਕਨਾਂ ਮਾਇਆ ਵਿਚਿ ਨਿਵਾਸੁ॥
ਏਵ ਭਿ ਆਖਿ ਨ ਜਾਪਈ
ਜਿ ਕਿਸੈ ਆਣੇ ਰਾਸਿ॥
ਨਾਨਕ ਗੁਰਮੁਖਿ ਜਾਣਿਓ
ਜਾ ਕਉ ਆਪਿ ਕਰੇ ਪਰਗਾਸਿ॥
ਇਸੇ ਤਰ੍ਹਾਂ ਹੀ ਈਸ਼ਵਾਸਿਓ ਉਪਨਿਸ਼ਦ ਦੇ ਅਰੰਭ ਵਿਚ ਲਿਖੇ ਮੰਗਲਾਚਰਨ ਦੇ ਸ਼ਲੋਕ ਦਾ ਅਰਥ ਹੈ ਕਿ ਪੂਰਨ ਤੋਂ ਪੂਰਨ ਦੀ ਉਤਪਤੀ ਹੁੰਦੀ ਹੈ ਅਤੇ ਪਿੱਛੇ ਪੂਰਨ ਹੀ ਬਾਕੀ ਰਹਿ ਜਾਂਦਾ ਹੈ। ਪੂਰਨ ਪੂਰਨ ਵਿਚ ਲੀਨ ਹੋ ਜਾਂਦਾ ਹੈ ਅਤੇ ਉਸ ਦੀ ਪੂਰਨਤਾ ਵਿਚ ਕੋਈ ਅੰਤਰ ਨਹੀਂ ਆਉਂਦਾ। ਇਸ ਦਾ ਭਾਵ ਇਹ ਹੈ ਕਿ ਪੂਰਨ ਪਰਮਾਤਮਾ ਤੋਂ ਸੰਸਾਰ ਦੀ ਰਚਨਾ ਹੁੰਦੀ ਹੈ। ਇਹ ਸੰਸਾਰ ਵੀ ਪੂਰਨ ਹੈ ਅਤੇ ਪਿੱਛੇ ਪਰਮਾਤਮਾ ਵੀ ਪੂਰਨ ਹੀ ਬਾਕੀ ਰਹਿ ਜਾਂਦਾ ਹੈ। ਦੋਨੋਂ ਹੀ ਆਪਣੇ ਆਪ ਵਿਚ ਪੂਰੇ ਦੇ ਪੂਰੇ ਹਨ। ਕਿਸੇ ਵਿਚ ਵੀ ਕੋਈ ਕਮੀ ਨਹੀਂ ਹੈ। ਜਦੋਂ ਸੰਸਾਰ ਦੇ ਨਾਸ਼ ਦਾ ਸਮਾਂ ਆਇਆ ਤਾਂ ਉਹ ਪੂਰੇ ਦਾ ਪੂਰਾ ਸੰਸਾਰ ਪੂਰਨ ਪਰਮਾਤਮਾ ਵਿਚ ਵਿਲੀਨ ਹੈ ਜਾਵੇਗਾ, ਪਰ ਫਿਰ ਵੀ ਉਸ ਪੂਰਨ ਪਰਮਾਤਮਾ ਦੀ ਪੂਰਨਤਾ ਵਿਚ ਕੋਈ ਫਰਕ ਨਹੀਂ ਪਵੇਗਾ। ਹਿਸਾਬ ਦੀ ਭਾਸ਼ਾ ਅਨੁਸਾਰ 100 ਵਿਚੋਂ 100 ਕੱਢ ਕੇ ਫਿਰ ਵੀ ਬਾਕੀ 100 ਹੀ ਬਚਿਆ ਰਹਿੰਦਾ ਹੈ ਅਤੇ 100 ਵਿਚ 100 ਹੀ ਜੁੜ ਗਿਆ ਤੇ ਫਿਰ ਵੀ 100 ਦਾ 100 ਹੀ ਰਹਿ ਜਾਂਦਾ ਹੈ। ਮਤਲਬ, ਪਰਮਾਤਮਾ ਦਾ ਰਚਿਆ ਸੰਸਾਰ ਵੀ ਉਸ ਦਾ ਹੀ ਰੂਪ ਹੋਣ ਕਰਕੇ ਉਸ ਜਿਹਾ ਅਤੇ ਉਹੋ ਜਿਹਾ ਹੀ ਸੱਚ ਹੈ। ਦੋਹਾਂ ਵਿਚ ਕੋਈ ਫਰਕ ਨਹੀਂ ਹੈ। ਭਾਵੇਂ ਪ੍ਰਗਟ ਹੋ ਜਾਵੇ ਜਾਂ ਉਸ ਵਿਚ ਲੀਨ ਹੋ ਜਾਵੇ, ਦੋਹਾਂ ਵਿਚ ਕੋਈ ਫਰਕ ਨਹੀਂ ਹੈ। ਕਿਉਂਕਿ ਉਹ ਪਰਮਾਤਮਾ ਸੰਸਾਰ ਵਿਚ ਵਿਆਪਕ ਵੀ ਹੁੰਦਾ ਹੈ ਅਤੇ ਨਿਰਲੇਪ ਵੀ।
ਸੋ ਇਸ ਤਰ੍ਹਾਂ ਇਕ ਓਅੰਕਾਰ ਦਾ ਇਕ ਉਸ ਨਿਰਗੁਣ ਅਤੇ ਸਰਗੁਣ ਪਾਰਬ੍ਰਹਮ ਦਾ ਪ੍ਰਤੀਕ ਹੈ ਅਤੇ ਓਅੰਕਾਰੁ ਬ੍ਰਹਮ ਤੇ ਉਸ ਤੋਂ ਪ੍ਰਗਟ ਹੋਏ ਸੰਸਾਰ ਦਾ ਪ੍ਰਤੀਕ ਹੈ। ਇਸੇ ਓਅੰਕਾਰ ਨੂੰ ਹੀ ਓਮ ਕਿਹਾ ਗਿਆ ਹੈ। ਸੋ ਓਮ ਕੋਈ ਸ਼ਬਦ ਨਹੀਂ ਹੈ। ਇਹ ਤਾਂ ਸ਼ਿਵ ਅਤੇ ਸ਼ਕਤੀ ਦੇ ਸੁਮੇਲ ਤੋਂ ਪ੍ਰਗਟ ਹੋਏ ਤੇ ਰਚੇ ਹੋਏ ਸੰਸਾਰ ਦਾ ਪ੍ਰਤੀਕ ਹੈ। ਉਸ ਦਾ ਹੀ ਪ੍ਰਗਟਾਵਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਬੁੱਧ ਧਰਮ ਅਤੇ ਜੈਨ ਧਰਮ-ਦੋਹਾਂ ਵਿਚ ਵੀ ਓਮ ਸ਼ਬਦ ਦਾ ਜ਼ਿਕਰ ਆਇਆ ਹੈ। ਇਹ ਦੋਵੇਂ ਧਰਮ ਵੀ ਇਸ ਤੋਂ ਇਨਕਾਰੀ ਨਹੀਂ ਹਨ। ਭਾਵੇਂ ਉਹ ਕਿਸੇ ਪਰਮਾਤਮਾ ਨੂੰ ਨਹੀਂ ਮੰਨਦੇ! ਪ੍ਰੰਤੂ ਉਹ ਮੋਕਸ਼ ਜਾਂ ਕੈਵਲਿਆ ਦੀ ਧਾਰਨਾ ਨੂੰ ਮੰਨਦੇ ਹਨ। ਉਨ੍ਹਾਂ ਅਨੁਸਾਰ ਆਤਮਾ ਨੂੰ ਜਾਣ ਲੈਣਾ ਅਤੇ ਉਸ ਵਿਚ ਸਥਿਤ ਹੋ ਜਾਣਾ ਹੀ ਕੈਵਲਿਆ ਜਾਂ ਨਿਰਵਾਣ ਹੈ। ਜਦੋਂ ਇਹ ਸਥਿਤੀ ਪ੍ਰਗਟ ਹੋ ਜਾਂਦੀ ਹੈ ਤਾਂ ਜੀਵ ਆਤਮਾ ਸੰਸਾਰ ਦੇ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦੀ ਹੈ। ਇਹੀ ਅਨੰਦ ਦੀ ਅਵਸਥਾ ਹੈ, ਜਿੱਥੇ ਦੁੱਖ ਅਤੇ ਸੁੱਖ-ਦੋਵੇਂ ਸ਼ਾਂਤ ਹੋ ਜਾਂਦੇ ਹਨ ਤੇ ਸਿਰਫ ਅਨੰਦ ਹੀ ਬਾਕੀ ਰਹਿ ਜਾਂਦਾ ਹੈ।
ਯਹੂਦੀ, ਇਸਾਈ ਅਤੇ ਇਸਲਾਮ ਧਰਮ ਭਾਵੇਂ ਓਮ ਅਤੇ ਉਸ ਦੀ ਧਾਰਨਾ ਬਾਰੇ ਕੁਝ ਵੀ ਨਹੀਂ ਕਹਿੰਦੇ ਜਾਂ ਉਨ੍ਹਾਂ ਦਾ ਓਮ ਨਾਲ ਕੋਈ ਵਾਹ ਵਾਸਤਾ ਨਹੀਂ ਹੈ, ਪਰ ਆਮੀਨ ਸ਼ਬਦ ਦੀ ਵਰਤੋਂ ਕਰਦੇ ਹਨ, ਤੇ ਆਮੀਨ ਦੇ ਕੋਈ ਅਰਥ ਨਹੀਂ ਕਰਦੇ। ਉਸ ਦੀ ਵਰਤੋਂ ਤੋਂ ਬਿਨਾ ਉਨ੍ਹਾਂ ਦਾ ਕੋਈ ਕੰਮ ਜਾਂ ਮੰਤਰ ਸੰਪੂਰਨ ਨਹੀਂ ਹੁੰਦਾ। ਇਸੇ ਤਰ੍ਹਾਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ (ੌਮਨ ਿ) ਦਾ ਵੀ ਕੋਈ ਅਰਥ ਨਹੀਂ ਦਸਦੇ। ਸੋ ਉਹ ਵੀ ਅਚੇਤਨ ਤੌਰ ‘ਤੇ ਓਮ ਸ਼ਬਦ ਦੀ ਵਰਤੋਂ ਕਰਦੇ ਹਨ। ਉਹ ਵੀ ਇਕ ਹੀ ਪਰਮਾਤਮਾ ਦੀ ਹੋਂਦ ਅਤੇ ਹਸਤੀ ਨੂੰ ਮੰਨਦੇ ਹਨ ਤੇ ਉਸ ਦੀ ਪੂਜਾ ਕਰਦੇ ਹਨ। ਉਨ੍ਹਾਂ ਦੀ ਵਿਧੀ ਵੱਖਰੀ ਹੋ ਸਕਦੀ ਹੈ, ਪਰ ਵਿਸ਼ਵਾਸ ਉਹ ਵੀ ਪਰਮਾਤਮਾ ‘ਤੇ ਹੀ ਕਰਦੇ ਹਨ।
ਖਵਾਜਾ ਦਿਲ ਮੁਹੰਮਦ ਸਾਹਿਬ ਨੇ ਸ਼੍ਰੀਮਦ ਭਗਵਤ ਗੀਤਾ ਦਾ ਉਰਦੂ ਨਜ਼ਮ ਵਿਚ ਤਰਜਮਾ ‘ਦਿਲ ਕੀ ਗੀਤਾ’ ਦੇ ਨਾਮ ਨਾਲ ਕੀਤਾ ਹੈ, ਜਿਸ ਦੀ ਭੂਮਿਕਾ ਵਿਚ ਉਹ ਪਰਮਾਤਮਾ ਦੇ ਸਵਾਲ ਤੇ ਗੀਤਾ ਦਾ ਪੱਖ ਰੱਖਦਿਆਂ ਲਿਖਦੇ ਹਨ,
“ਸਭ ਸੇ ਪਹਿਲਾ ਔਰ ਸਭ ਸੇ ਅਹਿਮ ਸਵਾਲ ਖੁਦਾ ਕੀ ਹਸਤੀ ਕਾ ਹੈ। ਕਯਾ ਖੁਦਾ ਹੈ? ਗੀਤਾ ਜਵਾਬ ਦੇਤੀ ਹੈ, ਖੁਦਾ ਹੈ; ਬਲਕਿ ਖੁਦਾ ਹੀ ਹੈ। ਦੂਸਰੇ ਲਫਜੋਂ ਮੇਂ ਗੀਤਾ ਵਹਿਦਤ-ਏ-ਵਜੂਦੀ ਕੀ ਕਾਯਲ ਹੈ। ਫਿਤਰਤ ਕਹੋ, ਨੇਚਰ (ਂਅਟੁਰe) ਕਹੋ, ਪ੍ਰਕਿਰਤੀ ਕਹੋ, ਮਾਯਾ ਕਹੋ। ਗਰਜ਼ ਯੇ ਕਿ ਆਲਮ ਮੇਂ ਜੋ ਕੁਛ ਭੀ ਨਜ਼ਰ ਆਤਾ ਹੈ। ਖੁਦਾ ਹੀ ਕਾ ਜ਼ਹੂਰ ਹੈ। ਸੂਰਜ ਕੇ ਜਲਾਲ ਮੇਂ ਉਸੀ ਕੀ ਤਾਬਾਨੀ ਹੈ। ਚਾਂਦ ਜ਼ੋਬਨ ਮੇਂ ਉਸੀ ਕੀ ਦਿਲ-ਫਰੇਬੀ, ਸਰਦ ਵ ਚਨਾਰ ਮੇਂ ਉਸੀ ਕੀ ਰੈਨਾਈ, ਫੂਲੋਂ ਮੇਂ ਉਸੀ ਕੀ ਨਫਾਸਤ, ਸਮੁੰਦਰ ਮੇਂ ਉਸੀ ਕੀ ਹਿਲਮ ਕਾਰ ਫਰਮਾ ਹੈ-ਯਾਨਿ ਜਿਧਰ ਦੇਖਤਾ ਹੂੰ, ਉਧਰ ਤੂੰ ਹੀ ਤੂੰ ਹੈ। ਵੋਹ ਆਂਖੋਂ ਸੇ ਨਹੀਂ ਦੇਖਤਾ ਲੇਕਿਨ ਆਂਖੇਂ ਉਸ ਸੇ ਹੀ ਦੇਖਤੀ ਹੈਂ। ਵੋਹ ਕਾਨ ਸੇ ਨਹੀਂ ਸੁਣਤਾ ਲੇਕਿਨ ਕਾਨ ਉਸ ਸੇ ਹੀ ਸੁਣਤੇ ਹੈਂ। ਵੋਹ ਜ਼ੁਬਾਨ ਸੇ ਨਹੀਂ ਬੋਲਤਾ ਲੇਕਿਨ ਜ਼ੁਬਾਨ ਉਸ ਸੇ ਬੋਲਤੀ ਹੈ। ਵੋਹ ਸਾਂਸ ਸੇ ਦਮ ਨਹੀਂ ਦੇਖਤਾ ਲੇਕਿਨ ਸਾਂਸ ਉਸ ਸੇ ਦਮ ਲੇਤਾ ਹੈ। ਵੋਹ ਦਿਲ ਸੇ ਖਯਾਲ ਨਹੀਂ ਕਰਤਾ ਲੇਕਿਨ ਦਿਲ ਉਸ ਸੇ ਖਯਾਲ ਕਰਤਾ ਹੈ। ਵੋਹ ਆਂਖੋਂ ਕੀ ਆਂਖ ਹੈ, ਕਾਨ ਕਾ ਕਾਨ ਹੈ, ਜ਼ੁਬਾਨ ਕੀ ਜ਼ੁਬਾਨ ਹੈ, ਜਾਨ ਕੀ ਜਾਨ ਹੈ। ਔਰ ਦਿਲ ਕਾ ਦਿਲ ਹੈ।”
ਉਪਰੋਕਤ ਚਰਚਾ ਦਾ ਨਤੀਜਾ ਇਹੋ ਹੀ ਨਿਕਲਦਾ ਹੈ ਕਿ ਇਹ ਜੋ ਸੰਸਾਰ ਹੈ, ਉਸ ਪਰਮਾਤਮਾ ਕਰਕੇ ਦਿਸਦਾ ਅਤੇ ਅਣਦਿਸਦਾ ਸੰਸਾਰ ਵਿਆਪਕ ਹੈ। ਉਹ ਪਰਮਾਤਮਾ ਦਾ ਹੀ ਪ੍ਰਗਟਾਵਾ ਅਤੇ ਉਹਦਾ ਹੀ ਰੂਪ ਹੈ। ਉਹ ਪਰਮਾਤਮਾ ਇਸ ਵਿਚ ਵਿਆਪਕ ਹੁੰਦਾ ਹੋਇਆ ਵੀ ਇਸ ਤੋਂ ਵੱਖ ਹੈ ਅਤੇ ਇਸ ਤੋਂ ਨਿਰਲੇਪ ਹੈ। ਉਹ ਪਰਮਾਤਮਾ ਸੰਸਾਰ ਕਰਕੇ ਨਹੀਂ ਹੈ, ਸਗੋਂ ਸੰਸਾਰ ਉਸ ਕਰਕੇ ਹੈ। ਉਹ ਹੀ ਸੰਸਾਰ ਦਾ ਕਾਰਨ ਹੈ ਅਤੇ ਸੰਸਾਰ ਉਸ ਤੋਂ ਹੀ ਪ੍ਰਗਟ ਹੋ ਕੇ ਉਸੇ ਵਿਚ ਹੀ ਲੀਨ ਹੋ ਜਾਵੇਗਾ। ਭਾਵੇਂ ਅਸੀਂ ਇਸ ਨੂੰ ਮੰਨੀਏ ਜਾਂ ਨਾ, ਸਾਡਾ ਮੰਨਣਾ ਕੋਈ ਅਰਥ ਨਹੀਂ ਰੱਖਦਾ।
ਸੰਸਾਰ ਵਿਚ ਸਭਿਅਤਾ ਅਤੇ ਸਭਿਆਚਾਰ ਦੀ ਉਮਰ ਤਾਂ ਸਿਰਫ 10,000-15,000 ਹਜਾਰ ਸਾਲ ਹੈ, ਪਰ ਬ੍ਰਹਿਮੰਡ ਤਾਂ ਅੱਜ ਤੋਂ ਅਰਬਾਂ ਸਾਲ ਪਹਿਲਾਂ ਹੋਂਦ ਵਿਚ ਆਇਆ ਹੈ। ਇਸ ਦਾ ਅੰਤ ਕਦੋਂ ਹੋਵੇਗਾ? ਕੋਈ ਪਤਾ ਨਹੀਂ, ਪਰ ਗੁਰੂ ਨਾਨਕ ਦੇਵ ਜੀ ਨੇ ਅੰਤਿਮ ਨਿਰਣਾ ਜਪੁ ਜੀ ਸਾਹਿਬ ਵਿਚ ਕਰ ਦਿੱਤਾ ਹੈ। ਜੇ ਕਿਸੇ ਦਾ ਚਿੱਤ ਮੰਨੇ ਤਾਂ ਮੰਨ ਲਵੇ ਜਾਂ ਨਾ ਮੰਨੇ ਇਹ ਉਸ ਦੀ ਆਪਣੀ ਮਰਜ਼ੀ ਹੈ,
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥1॥