ਆਦਿ ਸਚੁ ਜੁਗਾਦਿ ਸਚੁ (ਭਾਗ ਪਹਿਲਾ)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਸੰਕੇਤਕ ਸੂਤਰ ੴ ਤੋਂ ਬਾਅਦ ਗੁਰੂ ਨਾਨਕ ਦੀ ਇੰਨੇ ਹੀ ਮਹੱਤਵ ਵਾਲੀ ਬਾਣੀ ‘ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥’ ਹੈ। ਇਹ ਬਾਣੀ ਆਪਣੇ ਆਪ ਵਿਚ ਇਕ ਸੰਪੂਰਨ ਸਲੋਕ ਹੈ ਤੇ ਜਪੁਜੀ ਸਾਹਿਬ ਵਿਚ ਇਸ ਦਾ ਪੰਜੀਕਰਣ ‘॥੧॥’ ਕਰਕੇ ਕੀਤਾ ਗਿਆ ਹੈ। ਜਪੁਜੀ ਦਾ ਪਹਿਲਾ ਸਲੋਕ ਕਹੀ ਜਾਣ ਵਾਲੀ ਇਹ ਦੋ ਤੁਕੀ ਬਾਣੀ ਜਿੰਨੀ ਸੰਖੇਪ ਹੈ ਤੇ ਸਹਿਜ-ਸੁਭਾਵੀ ਲਗਦੀ ਹੈ, ਉਨੀ ਹੀ ਇਹ ਵੱਡੇ ਤੇ ਉਚੇ ਮਹੱਤਵ ਵਾਲੀ ਹੈ। ਇਕ ਪਾਸੇ ਇਹ ਧਰਮ ਨਾਲ ਜੁੜੀ ਹੋਈ ਹੈ,

ਦੂਜੇ ਪਾਸੇ ਫਿਲਾਸਫੀ ਨਾਲ ਤੇ ਤੀਜੇ ਪਾਸੇ ਵਿਗਿਆਨ ਨਾਲ। ਵਿਗਿਆਨ ਵਿਚੋਂ ਹੁੰਦੀਆਂ ਇਸ ਦੀਆਂ ਤੰਦਾਂ ਪੁਰਾਤਨ ਹਿੰਦ ਦੇ ਸੰਖ-ਦਰਸ਼ਨ, ਯੁਨਾਨ ਦੇ ਕਣ-ਵਾਦ (ੋਨਸਿਮ) ਤੇ ਯੂਰਪ ਦੇ ਮਕਾਨਕੀ ਪਦਾਰਥਵਾਦ ਨਾਲ ਜੁੜੀਆਂ ਹੋਈਆਂ ਹਨ। ਹਾਬਜ਼, ਡਾਲਟਨ ਤੇ ਫਾਇਰਬਾਖ ਥਾਣੀਂ ਇਹ ਤੰਦਾਂ ਮਾਰਕਸ ਦੇ ਦਵੰਦਵਾਦੀ ਪਦਾਰਥਵਾਦ (ਧਅਿਲeਚਟਚਿਅਲ ੰਅਟeਰਅਿਲਸਿਮ) ਬਨਾਮ ਗਤੀਸ਼ੀਲ ਪਦਾਰਥਵਾਦ (ਧੇਨਅਮਚਿ ੰਅਟeਰਅਿਲਸਿਮ) ਨਾਲ ਜਾ ਮਿਲਦੀਆਂ ਹਨ। ਇਸ ਤੋਂ ਪਤਾ ਲਗਦਾ ਹੈ ਕਿ ਜਿਸ ਗੁਰੂ ਨਾਨਕ ਨੂੰ ਅਜੋਕੇ ਸਿੱਖ ਪੁਜਾਰੀ ਮਿਥਿਹਾਸਕ ਕਰਾਮਾਤਾਂ ਦੇ ਸਿਰ ਉਚਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ, ਉਹ ਤੀਖਣ ਸਮਝ ਤੇ ਤਰਕ-ਭਰਪੂਰ ਵਿਚਾਰਾਂ ਵਾਲਾ ਦੁਨੀਆਂ ਦਾ ਅਤਿ-ਆਧੁਨਿਕ ਤੇ ਅਦੁੱਤੀ ਪ੍ਰਤਿਭਾ ਵਾਲਾ ਮਹਾਂਪੁਰਸ਼ ਸੀ।
ਜੋ ਵਿਦਵਾਨ ਉਚੇਰੇ-ਗਣਿਤ ਦੀ ਸੈੱਟ ਥਿਓਰੀ ਦੇ ਵਾਕਫ ਹਨ, ਉਹ ਜਾਣਦੇ ਹਨ ਕਿ ਵੱਖ ਵੱਖ ਗੁਣਾਂ ਵਾਲੀਆਂ ਇਕਾਈਆਂ ਦੇ ਹਰ ਸੈੱਟ ਵਿਚ ਇਕ ਅਜਿਹਾ ਕੇਂਦਰੀ ਗੁਣ ਹੁੰਦਾ ਹੈ, ਜੋ ਸੈੱਟ ਦੀਆਂ ਸਭ ਇਕਾਈਆਂ ਵਿਚ ਸਾਂਝਾ ਹੁੰਦਾ ਹੈ। ਮਿਸਾਲ ਵਜੋਂ ਮਨੁੱਖ, ਬਲਦ, ਤੋਤੇ ਤੇ ਸੱਪ ਦੇ ਸੈੱਟ ਵਿਚ ਵੱਖ ਵੱਖ ਤਰ੍ਹਾਂ ਦੇ ਜੀਵ ਹਨ। ਨਾ ਇਹ ਸਾਰੇ ਚਾਰ ਪੈਰਾਂ ਵਾਲੇ ਹਨ ਤੇ ਨਾ ਸਭ ਖੰਭਾਂ ਨਾਲ ਉਡਦੇ ਹਨ, ਪਰ ਇਨ੍ਹਾਂ ਸਭਨਾਂ ਦਾ ਜੀਵਨ ਤੇ ਵਿਕਾਸ ਮਿਹਦੇ ‘ਤੇ ਨਿਰਭਰ ਕਰਦਾ ਹੈ। ਇਸੇ ਸਾਂਝੇ ਅੰਗ ਕਾਰਨ ਇਨ੍ਹਾਂ ਨੂੰ ਇਕ ਸੈੱਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇ ਉਪਰੋਕਤ ਸਲੋਕ ਵਿਚ ਵੀ ਬ੍ਰਹਿਮੰਡ ਦੇ ਸਚੁ ਭਾਵ ਪਰਮ-ਤੱਤ ਦੀ ਉਹ ਅਟੱਲ ਸੱਚਾਈ ਹੈ, ਜੋ ਸੋਚ ਦੇ ਕਿਸੇ ਵੀ ਵਿਸ਼ੇ ਨੂੰ ਗੰਭੀਰ ਚਿੰਤਨ ਦੇ ਸੈੱਟ ਵਿਚ ਸ਼ਾਮਲ ਕਰ ਦਿੰਦੀ ਹੈ। ਮਾਯਾਵੀ ਸੰਸਾਰ ਪਿੱਛੇ ਸਦੀਵੀ ਹੋਂਦ ਦੀ ਇਹ ਧਾਰਨਾ ਧਰਮ, ਫਿਲਾਸਫੀ ਅਤੇ ਵਿਗਿਆਨ ਜਿਹੇ ਵੱਖ ਵੱਖ ਵਿਸ਼ਿਆਂ ਦੀ ਸਾਂਝੀ ਮਨੌਤ ਹੈ ਤੇ ਇਸੇ ਨੂੰ ਗੁਰੂ ਨਾਨਕ ਨੇ ਇਸ ਸਲੋਕ ਵਿਚ ਛੋਹਿਆ ਹੈ। ਗੁਰੂ ਸਾਹਿਬ ਦੀ ਵਡਿਆਈ ਇਹੀ ਨਹੀਂ ਕਿ ਉਨ੍ਹਾਂ ਨੇ ਜੁਗਾਂ ਜੁਗਾਂਤਰਾਂ ਤੋਂ ਮਘਦੇ ਇਸ ਮੁੱਦੇ ਨੂੰ ਹੱਥ ਪਾਇਆ ਹੈ, ਸਗੋਂ ਉਨ੍ਹਾਂ ਦੀ ਵੱਡੀ ਵਡਿਆਈ ਇਹ ਹੈ ਕਿ ਉਹ ਇਸ ਮੁੱਦੇ ਦੇ ਇੰਨਾ ਸਹੀ ਪਾਸੇ ਭੁਗਤੇ ਹਨ ਕਿ ਵਿਗਿਆਨ ਵੀ ਉਨ੍ਹਾਂ ਅੱਗੇ ਸਿਰ ਨਹੀਂ ਚੁੱਕ ਸਕਿਆ।
ਇਸ ਵਡਿਆਈ ਦਾ ਸਾਰ ਵੀ ਵਿਗਿਆਨਕ ਵਿਆਖਿਆ ਨਾਲ ਹੀ ਪ੍ਰਤੱਖ ਰੂਪ ਵਿਚ ਸਾਹਮਣੇ ਆ ਸਕਦਾ ਹੈ। ਇਸ ਵਿਆਖਿਆ ਦਾ ਮੁਢਲਾ ਅਸੂਲ ਨਿਰਪੱਖਤਾ ਹੈ। ਨਿਰਪੱਖਤਾ ਦਾ ਭਾਵ ਹੈ ਕਿ ਜੋ ਲਿਖਿਆ ਹੈ, ਉਸੇ ਦਾ ਹੀ ਵਿਚਾਰ ਕੀਤਾ ਜਾਵੇ ਤੇ ਆਪਣੇ ਕੋਲੋਂ ਜੋੜ-ਘਟਾਓ ਕਰ ਕੇ ਕੋਈ ਖੋਟ ਨਾ ਪਾਇਆ ਜਾਵੇ। ਵਿਆਖਿਆਕਾਰ ਆਪਣੀਆਂ ਨਿਜੀ ਧਾਰਨਾਵਾਂ, ਕਲਪਨਾਵਾਂ, ਅਰਧ-ਚੇਤਨੀ ਉਲਾਰਾਂ, ਪੂਰਵ-ਨਿਰਧਾਰਤ ਮਾਨਤਾਵਾਂ ਤੇ ਵਿਚਾਰਧਾਰਕ ਝੁਕਾਵਾਂ ਅਤੇ ਟੇਢਾਂ ਨੂੰ ਇਕ ਪਾਸੇ ਰੱਖ ਕੇ ਨਿਰਣਾ ਕਰੇ, ਭਾਵੇਂ ਅਜਿਹਾ ਕਰਦਿਆਂ ਉਸ ਨੂੰ ਕੋਈ ਕਿਸੇ ‘ਅਲਰਜੀ’ ਦਾ ਸ਼ਿਕਾਰ ਹੀ ਕਿਉਂ ਨਾ ਸਮਝੇ। ਜਿਥੋਂ ਤੀਕ ਹੋ ਸਕੇ, ਉਹ ਅੰਤਰਮੁਖੀ ਹੋ ਕੇ ਵਿਆਖਿਆ ਕਰਨ ਤੋਂ ਸੰਕੋਚ ਕਰੇ ਤੇ ਵੱਧ ਤੋਂ ਵੱਧ ਬਾਹਰਮੁਖੀ ਰਹਿਣ ਦਾ ਯਤਨ ਕਰੇ। ਅੰਤਰਮੁਖੀ ਭਾਵਨਾਵਾਂ ਦਾ ਨਾ ਕੋਈ ਪੈਮਾਨਾ ਹੁੰਦਾ ਹੈ ਤੇ ਨਾ ਹੀ ਇਨ੍ਹਾਂ ਦੀ ਤੱਥਾਂ ਦੇ ਆਧਾਰ ‘ਤੇ ਤਸਦੀਕ ਹੋ ਸਕਦੀ ਹੈ। ਇਨ੍ਹਾਂ ਦੇ ਮੁਕਾਬਲੇ ਬਾਹਰਲੇ ਤੱਥਾਂ ਉਤੇ ਆਧਾਰਿਤ ਵਿਸ਼ਲੇਸ਼ਣ ਵਧੇਰੇ ਪ੍ਰਮਾਣੀਕ ਹੁੰਦੇ ਹਨ ਤੇ ਆਸਾਨੀ ਨਾਲ ਸਮਝ ਪੈਂਦੇ ਹਨ।
ਇਸ ਸਲੋਕ ਵਿਚ ਗੁਰੂ ਸਾਹਿਬ ਨੇ ਬਿਨਾ ਨਾਮ ਲਏ ਕਿਸੇ ਚੀਜ਼ ਨੂੰ ‘ਸਚੁ’ ਕਿਹਾ ਹੈ, ਭਾਵ ਜਿਸ ਨੂੰ ਸਚੁ ਕਿਹਾ ਹੈ, ਉਸ ਦਾ ਨਾਮ ਨਹੀਂ ਲਿਆ। ਫਿਰ ਵੀ ਕਈ ਵਿਦਵਾਨ ਸਮਝਦੇ ਹਨ ਕਿ ਉਨ੍ਹਾਂ ਨੇ ਇਹ ਸ਼ਬਦ ੴ ਲਈ ਵਰਤਿਆ ਹੈ, ਜੋ ਹੋ ਨਹੀਂ ਸਕਦਾ, ਕਿਉਂਕਿ ੴ ਤਾਂ ਇਕ ਵਿਧੀ ਹੈ। ਕਈ ਸੋਚਦੇ ਹਨ ਕਿ ਇਹ ਕਰਤਾ ਪੁਰਖੁ ਜਾਂ ਅਕਾਲ ਮੂਰਤਿ ਲਈ ਹੈ, ਪਰ ਇਹ ਤਾਂ ਸਭ ਮੂਲਮੰਤਰ ਵਿਚ ਵਰਤੇ ਵਿਸ਼ੇਸ਼ਣ ਹਨ ਤੇ ਵਿਸ਼ੇਸ਼ਣਾਂ ਦਾ ਕੋਈ ਵਿਸ਼ੇਸ਼ਣ ਨਹੀਂ ਹੁੰਦਾ। ਬਹੁਤੇ ਵਿਦਵਾਨ ਸਮਝਦੇ ਹਨ ਕਿ ਇਸ ਦਾ ਸਬੰਧ ਪਰਮਾਤਮਾ ਜਾਂ ਰੱਬ ਨਾਲ ਹੈ, ਪਰ ਜੇ ਇੱਦਾਂ ਦਾ ਕੁਝ ਹੁੰਦਾ ਤਾਂ ਗੁਰੂ ਸਾਹਿਬ ਆਪ ਹੀ ਇਸ ਦਾ ਜ਼ਿਕਰ ਕਰ ਦਿੰਦੇ ਜਾਂ ਕੋਈ ਸੰਕੇਤ ਦੇ ਦਿੰਦੇ।
ਇਸ ਬਾਰੇ ਨਿਰਪੇਖ ਗੱਲ ਇਹ ਹੈ ਕਿ ਗੁਰੂ ਸਾਹਿਬ ਦਾ ਸੰਕੇਤ ਉਸ ਅਗਿਆਤ ਕਾਰਕ ਵਲ ਹੈ, ਜਿਸ ਦਾ ਹਵਾਲਾ ਮੂਲਮੰਤਰ ਵਿਚ ਹੈ। ਉਨ੍ਹਾਂ ਅਨੁਸਾਰ ਇਸ ਬੇਨਾਮ ਚੀਜ਼ ਦਾ ਅਸਲ ਨਾਂ ਹਾਲੇ ਪਤਾ ਹੀ ਨਹੀਂ ਹੈ। ਇਸ ਨਾਮ ਨੂੰ ਤਾਂ ਮਨੁੱਖੀ ਭਾਈਚਾਰੇ ਨੇ ਹਾਲੇ ੴ ਦੇ ਵਿਗਿਆਨਕ ਸੂਤਰ ਨਾਲ ਲੱਭਣਾ ਜਾਂ ਪਰਿਭਾਸ਼ਿਤ ਕਰਨਾ ਹੈ। ਹਾਲੇ ਤਾਂ ਬਹੁਤਿਆਂ ਨੂੰ ਇਹ ਵੀ ਪਤਾ ਨਹੀਂ ਹੈ ਕਿ ੴ ਇਕ ਵਿਗਿਆਨਕ ਸੂਤਰ ਹੈ। ਕਰੀਬ ਸਭ ਸਿੱਖ ਵਿਦਵਾਨ ਤੇ ਸ਼ਰਧਾਲੂ ਤਾਂ ਇਸ ਨੂੰ ‘ਇਕ ਰੱਬ’ ਹੀ ਸਮਝੀ ਬੈਠੇ ਹਨ। ਸ਼ਰਧਾਲੂ ਸਿੱਖਾਂ ਨੇ ਤਾਂ ਉਸ ਨੂੰ ਸੰਬੋਧਨ ਕਰਨ ਲਈ ਰੱਬ ਤੇ ਪਰਮਾਤਮਾ ਤੋਂ ਇਲਾਵਾ ਹਜ਼ਾਰਾਂ ਹੋਰ ਨਾਂ ਵੀ ਘੜੇ ਹੋਏ ਹਨ, ਪਰ ਇਹ ਸਭ ਨਾਮ ਮਨ-ਮਾਨੇ ਤੇ ਪਰੰਪਰਾਗਤ ਢੰਗ ਨਾਲ ਰੱਖੇ ਹੋਏ ਹਨ।
ਗੁਰੂ ਨਾਨਕ ਅਨੁਸਾਰ ਇਨ੍ਹਾਂ ਵਿਚ ਸਤਿ ਅਰਥਾਤ ਵਿਗਿਆਨਕ ਨਾਮ ਇਕ ਵੀ ਨਹੀਂ ਹੈ। ਇਨ੍ਹਾਂ ਵਿਚ ਤਾਂ ਗੁਰੂ ਨਾਨਕ ਦੀਆਂ ਮੂਲਮੰਤਰ ਵਿਚ ਦੱਸੀਆਂ ਵਿਸ਼ੇਸ਼ਤਾਈਆਂ ਦਾ ਉਕਾ ਹੀ ਕੋਈ ਜ਼ਿਕਰ ਨਹੀਂ ਹੈ। ਇਨ੍ਹਾਂ ਵਿਚ ਤਾਂ ਗੁਰੂ ਸਾਹਿਬ ਦੀਆਂ ਸੁਝਾਈਆਂ ਨਿਰਭਉ, ਨਿਰਵੈਰ, ਅਜੂਨੀ ਤੇ ਸੈਭੰ ਜਿਹੀਆਂ ਖਾਸੀਅਤਾਂ ਕਿਤੇ ਨਜ਼ਰ ਨਹੀਂ ਆਉਂਦੀਆਂ। ਇਹ ਸਭ ਸ਼ਰਧਾਲੂਆਂ ਦੀਆਂ ਆਪਣੀਆਂ ਕਈ ਕਾਲਪਨਿਕ ਅਕਾਂਖਿਆਵਾਂ ਜਿਵੇਂ ਅਰਦਾਸ, ਕਿਰਪਾ, ਦਾਤ ਤੇ ਦੈਵੀ ਛਤਰ-ਛਾਇਆ ਨਾਲ ਜੁੜੇ ਹੋਏ ਫਰਜੀ ਨਾਮ ਹਨ। ਗੁਰੂ ਸਾਹਿਬ ਨੂੰ ਇਨ੍ਹਾਂ ਨਾਂਵਾਂ ਦਾ ਪਤਾ ਸੀ, ਕਿਉਂਕਿ ਅਜਿਹੇ ਨਾਮ ਪਹਿਲਾਂ ਤੋਂ ਹੀ ਪ੍ਰਚਲਿਤ ਸਨ; ਪਰ ਵਿਗਿਆਨਕ ਤਾਸੀਰ ਦੇ ਮਾਲਕ ਹੋਣ ਕਰਕੇ ਉਹ ਇਨ੍ਹਾਂ ਨਾਂਵਾਂ ਨਾਲ ਸਹਿਮਤ ਨਹੀਂ ਸਨ। ਉਨ੍ਹਾਂ ਨੂੰ ਸਤਿ ਨਾਮ ਭਾਵ ਸੱਚੇ ਨਾਮ ਦੀ ਤਲਾਸ਼ ਸੀ, ਇਸ ਲਈ ਉਨ੍ਹਾਂ ਨੇ ਇਸ ਦੇ ਵਿਗਿਆਨਕ ਢੰਗ ਨਾਲ ਜਾਣੇ ਜਾਣ ‘ਤੇ ਜੋਰ ਦਿੱਤਾ।
ਵਿਗਿਆਨਕ ਢੰਗ ਦਾ ਜਟਕਾ ਅਰਥ ਹੈ-ਤਰਕ, ਸਬੂਤ, ਤਜਰਬੇ ਤੇ ਗਣਿਤੀ ਪ੍ਰਮਾਣ ਵਾਲਾ ਢੰਗ। ਉਹ ਸਮਝਦੇ ਸਨ ਕਿ ਅਜਿਹਾ ਅਸਲ ਨਾਮ ਇਕ ਲੰਮੀ ਤੇ ਮੁਸ਼ੱਕਤ ਭਰੀ ਖੋਜ ਪ੍ਰਕ੍ਰਿਆ, ਭਾਵ ਟਕਸਾਲ ਅਰਥਾਤ ਆਧੁਨਿਕ ਵਿਗਿਆਨ ਪ੍ਰਯੋਗਸ਼ਾਲਾਵਾਂ ਵਿਚ ਹੀ ਘੜਿਆ ਜਾਵੇਗਾ; ਪਰ ਕੀ ਜਦੋਂ ਤੀਕ ਸੱਚੇ ਨਾਮ ਦਾ ਪਤਾ ਨਾ ਲੱਗੇ, ਇਸ ਦੀ ਥਾਂ ਕੋਈ ਝੂਠਾ ਨਾਮ ਵਰਤ ਲਿਆ ਜਾਵੇ? ਗੁਰੂ ਸਾਹਿਬ ਦਾ ਵਿਚਾਰ ਸੀ, ਨਹੀਂ। ਉਦੋਂ ਤੀਕ ਸਿਰਫ ‘ਨਾਮ’ ਕਹਿ ਕੇ ਹੀ ਕੰਮ ਚਲਾ ਲਿਆ ਜਾਵੇ, ਭਾਵ ਖਾਸ ਨਾਮ ਦੀ ਥਾਂ ਆਮ ਨਾਮ ਜਾਂ ਵਿਆਕਰਣਕ ਨਾਮ ਵਰਤਿਆ ਜਾਵੇ ਤੇ ਜਾਂ ਫਿਰ ਨਾਮ ਦੀ ਥਾਂ ਖਾਲੀ ਰਹਿਣ ਦਿੱਤੀ ਜਾਵੇ। ਇਸ ਲਈ ਉਪਰੋਕਤ ਸਲੋਕ ਵਿਚ ਉਨ੍ਹਾਂ ਨੇ ‘ਸਚੁ’ ਦੇ ਪਾਤਰ ਨੂੰ ਕੋਈ ਵਿਸ਼ੇਸ਼ ਨਾਮ ਨਹੀਂ ਦਿੱਤਾ, ਸਗੋਂ ਇਸ ਨੂੰ ਨਾਮ-ਰਹਿਤ ਹੀ ਰਹਿਣ ਦਿੱਤਾ ਹੈ।
ਇੱਥੇ ਸਚੁ ਦਾ ਭਾਵ ਸੱਚ-ਝੂਠ ਵਾਲਾ ਸੱਚ ਨਹੀਂ ਹੈ ਤੇ ਨਾ ਹੀ ਅਸਲੀ-ਨਕਲੀ ਵਾਲਾ ਅਸਲ। ਇੱਥੇ ਇਸ ਦਾ ਸਬੰਧ ਹੋਂਦ-ਅਣਹੋਂਦ ਵਾਲੀ ਹੋਂਦ ਨਾਲ ਹੈ। ਇਸ ਅਨੁਸਾਰ ਸਲੋਕ ਦਾ ਪਾਤਰ ਸ੍ਰਿਸ਼ਟੀ ਦੇ ਆਦਿ, ਭਾਵ ਅਰੰਭ ਵੇਲੇ ਵੀ ਹੋਂਦ ਵਿਚ ਸੀ ਤੇ ਇਸ ਦੇ ਅੰਤ ਤੋਂ ਬਾਅਦ ਵੀ ਇਵੇਂ ਹੀ ਕਾਇਮ ਰਹੇਗਾ। ਆਦਿ ਤੇ ਜੁਗਾਦਿ-ਦੋਵੇਂ ਸਮੇਂ ਦੇ ਦਾਇਰੇ ਦੇ ਅੰਦਰਵਾਰ ਵਾਲੇ ਸੰਕਲਪ ਹਨ, ਇਸ ਲਈ ਇਹ ਮਨੁੱਖ ਦੀ ਸਮਝ ਵਿਚ ਆ ਸਕਦੇ ਹਨ, ਕਿਉਂਕਿ ਇਹ ਇਸ ਦਾਇਰੇ ਤੋਂ ਬਾਹਰ ਲਾਗੂ ਨਹੀਂ ਹੁੰਦੇ, ਇਸ ਲਈ ਉਥੇ ਇਹ ਮਨੁੱਖੀ ਸਮਝ ਪ੍ਰਕ੍ਰਿਆ ਰਾਹੀਂ ਸਿੱਧੇ ਸਮਝਣੇ ਅਸੰਭਵ ਹਨ।
ਜਿਵੇਂ ਉਬਲਦੇ ਪਾਣੀ ਤੋਂ ਉਠਦੀ ਭਾਫ ਦੇ ਆਦਿ ਜੁਗਾਦਿ ਅਰਥਾਤ ਅਰੰਭ ਤੇ ਅੰਤ ਬਿੰਦੂ ਭਾਫ ਦੇ ਆਪਣੇ ਹਨ, ਪਾਣੀ ਦੇ ਨਹੀਂ, ਇਵੇਂ ਹੀ ਸ੍ਰਿਸ਼ਟੀ ਦੇ ਆਦਿ ਜੁਗਾਦਿ ਸ੍ਰਿਸ਼ਟੀ ਦੇ ਆਪਣੇ ਹਨ, ਸ੍ਰਿਸ਼ਟੀ ਦੇ ਮੂਲ ਤੱਤ ਦੇ ਨਹੀਂ। ਮੂਲ ਤੱਤ ਤਾਂ ਪਾਣੀ ਵਾਂਗ ਪਹਿਲਾਂ ਵੀ ਸਚੁ ਸੀ, ਭਾਵ ਹੋਂਦ ਵਿਚ ਸੀ, ਤੇ ਬਾਅਦ ਵਿਚ ਵੀ ਇਵੇਂ ਹੀ ਸਚੁ ਰਹੇਗਾ। ਇਸ ਤੱਤ ਦਾ ਭਾਫ ਦੇ ਪਾਣੀ ਵਾਂਗ ਕੋਈ ਇਤਿਹਾਸ ਨਹੀਂ ਹੈ, ਜਦੋਂ ਕਿ ਭਾਫ ਤੇ ਮਾਯਾਵੀ ਬ੍ਰਹਿਮੰਡ ਦਾ ਇਨ੍ਹਾਂ ਦੇ ਬਣਨ ਤੋਂ ਮਿਟਣ ਤੀਕ ਇਕ ਇਤਿਹਾਸ ਬਣਦਾ ਹੈ। ਬ੍ਰਹਿਮੰਡ ਦਾ ਇਤਿਹਾਸ ਸਮੇਂ ਦੀਆਂ ਹੱਦਾਂ ਵਿਚਕਾਰ ਹੈ, ਜਿਸ ਦੀ ਨਿਸ਼ਾਨਦੇਹੀ ਸਮੇਂ ਦੇ ਦੋ ਬਿੰਦੂਆਂ-ਆਦਿ ਤੇ ਜੁਗਾਦਿ ਨੇ ਕੀਤੀ ਹੋਈ ਹੈ।
ਸੋ ਆਦਿ ਜੁਗਾਦਿ ਦੀ ਧਾਰਨਾ ਸ੍ਰਿਸ਼ਟੀ ‘ਤੇ ਲਾਗੂ ਹੁੰਦੀ ਹੈ, ਸ੍ਰਿਸ਼ਟੀ ਦੇ ਕਾਰਕ ‘ਤੇ ਨਹੀਂ। ਉਹ ਤਾਂ ਸ੍ਰਿਸ਼ਟੀ ਦੇ ਆਦਿ ਤੋਂ ਪਹਿਲਾਂ ਵੀ ਸਚੁ ਸੀ, ਹੁਣ ਵੀ ਸਚੁ ਹੈ ਤੇ ਬਾਅਦ ਵਿਚ ਵੀ ਸਚੁ ਰਹੇਗਾ। ਗੁਰੂ ਸਾਹਿਬ ਦਾ ਸੰਕੇਤ ਵੀ ਇਸੇ ਤਰ੍ਹਾਂ ਦੀ ਸਦੀਵੀ ਸਚੁ ਵਾਲੀ ਹੋਂਦ ਵਲ ਹੈ, ਜੋ ਗਣਿਤ ਦੀ ਸੰਖਿਆ ਰੇਖਾ ਦੇ ਸਿਰਿਆਂ ਵਾਂਗ ਆਦਿ ਜੁਗਾਦਿ ਦੇ ਦੋ ਬਿੰਦੂਆਂ ਤੋਂ ਬਾਹਰਵਾਰ ਅਨੰਤ ਦੂਰੀ ਤੀਕ ਚਲਦੀ ਰਹਿੰਦੀ ਹੈ। ਇਹ ਅਨੁਭਵ ਗਿਆਨ ਇੰਦਰੀਆਂ ਨਾਲ ਨਹੀਂ, ਸਗੋਂ ਆਮ ਸਮਝ ਤੇ ਗਣਿਤੀ ਤਰਕ ਨਾਲ ਆਉਂਦਾ ਹੈ।
ਇੱਥੇ ਇਹ ਤਾਂ ਸਮਝ ਵਿਚ ਆਉਂਦਾ ਹੈ ਕਿ ਬ੍ਰਹਿਮੰਡ ਸਿਰਜਣਾ ਦਾ ਕਾਰਕ ਵਰਤਮਾਨ ਵਿਚ ਸਚੁ ਹੈ ਤੇ ਭਵਿੱਖ ਵਿਚ ਵੀ ਇਵੇਂ ਹੀ ਸਚੁ ਰਹੇਗਾ, ਪਰ ਇਹ ਪ੍ਰਸ਼ਨ ਕਿ ਭੂਤਕਾਲ ਵਿਚ ਪਹਿਲਾਂ ਪਹਿਲ ਇਹ ਸਚੁ ਬਣਿਆ ਕਿਵੇਂ ਸੀ, ਭਾਵ ਕਿਵੇਂ ਉਭਰ ਕੇ ਹੋਂਦ ਵਿਚ ਆਇਆ ਸੀ? ਮਨੁੱਖੀ ਸੋਚ ਨੂੰ ਠੰਡਾ ਕਰਨ ਵਾਲਾ ਹੈ। ਗੁਰੂ ਸਾਹਿਬ ਦਾ ਇਸ਼ਾਰਾ ਹੈ ਕਿ ਇਹ ਨਾ ਬਣਿਆ ਸੀ ਤੇ ਨਾ ਕਿਸੇ ਨੇ ਇਸ ਨੂੰ ਬਣਾਇਆ ਸੀ, ਭਾਵ ਇਹ ਬਿਨ ਬਣਾਏ ਜਾਂ ਬਿਨਾ ਕਦੇ ਹੋਂਦ ਵਿਚ ਆਏ ਹੀ ਹਮੇਸ਼ਾ ਤੋਂ ਹੋਂਦ ਵਿਚ ਹੈ। ਮਨੁੱਖੀ ਦਿਮਾਗ ਇੱਥੇ ਠੰਡਾ ਹੋਣ ਦੇ ਨਾਲ ਨਾਲ ਸਥਗਿਤ ਵੀ ਹੋ ਜਾਂਦਾ ਹੈ। ਉਹ ਜਾਣ ਨਹੀਂ ਸਕਦਾ ਕਿ ਕੋਈ ਚੀਜ਼ ਬਿਨਾ ਬਣਾਇਆਂ ਕਿਵੇਂ ਹੋਂਦ ਵਿਚ ਆ ਸਕਦੀ ਹੈ?
ਇਹ ਉਸ ਦੀ ਸਮਝ ਤੋਂ ਬਾਹਰ ਹੈ, ਕਿਉਂਕਿ ਉਹ ਕਾਲ ਤੋਂ ਬਾਹਰ ਕੁਝ ਅਨੁਭਵ ਨਹੀਂ ਕਰ ਸਕਦਾ। ਉਸ ਦੀ ਸਮਰੱਥਾ ਕਾਲ ਸੀਮਾ ਵਿਚ ਬੱਧੀ ਹੋਈ ਹੈ ਤੇ ਉਹ ਇਸ ਤੋਂ ਬਾਹਰ ਦੀਆਂ ਚੀਜ਼ਾਂ ਦੇ ਕਿਆਸ ਦਾ ਆਦੀ ਨਹੀਂ ਹੈ। ਜੇ ਉਹ ਅਜਿਹਾ ਕਰੇਗਾ ਵੀ ਤਾਂ ਆਪਣੀ ਆਦਰਸ਼ਵਾਦੀ ਕਲਪਨਾ ਅਨੁਸਾਰ ਕਰੇਗਾ ਤੇ ਅਧਿਆਤਮਵਾਦ ਦੇ ਗੇੜ ਵਿਚ ਫਸੇਗਾ। ਇਸ ਤਰ੍ਹਾਂ ਕਰਨ ਨਾਲ ਜਿਸ ਸਚੁ ਦੀ ਉਹ ਕਲਪਨਾ ਕਰੇਗਾ, ਉਸ ਵਿਚ ਸਚੁ ਦੇ ਅਸਲ ਪਹਿਲੂ ਗਾਇਬ ਹੋਣਗੇ। ਇਹ ਮਨੁੱਖੀ ਹੋਣੀ ਹੈ। ਸ਼ਾਇਦ ਇਸੇ ਹੋਣੀ ਨੂੰ ਪਾਰ ਕਰਨ ਲਈ ਹੀ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ‘ਧਿਆਉਣ’ ਭਾਵ ਧਿਆਨ ਦੇਣ ਅਰਥਾਤ ਅਧਿਐਨ ਕਰਨ ਜਾਂ ਖੋਜ ਕਰਨ ਦਾ ਸੰਕਲਪ ਦਿੱਤਾ ਸੀ, ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਸਿੱਖ ਧਿਆਉਣ ਦੇ ਅਰਥ ਬਿਪਰਵਾਦੀ ਪੂਜਾ ਪਾਠ ਕਰ ਲੈਣਗੇ ਤੇ ਇਸ ਨੂੰ ਮੁਰਾਦ-ਪੂਰਤੀ ਦੇ ਸਾਧਨ ਵਜੋਂ ਵਰਤਣਗੇ।
ਗੁਰੂ ਸਾਹਿਬ ਦੀ ‘ਧਿਆਉਣ’ ਜਾਂ ਖੋਜ ਦੀ ਧਾਰਨਾ ਕਾਲ ਸੀਮਾ ਤੋਂ ਬਾਹਰ ਦੇ ਸਚੁ ਨੂੰ ਜਾਣਨ ਦੀ ਤਾਂਘ ਨਾਲ ਜੁੜੀ ਹੋਈ ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਨ੍ਹਾਂ ਨੇ ਅਕਾਲ ਹੋਂਦ ਦੇ ਗਿਆਨ ਲਈ ਵਿਗਿਆਨਕ ਵਿਧੀ ‘ਤੇ ਟੇਕ ਲਾਈ। ਉਨ੍ਹਾਂ ਨੂੰ ਪਤਾ ਸੀ ਕਿ ਮਨੁੱਖ ਲਈ ਵਿਗਿਆਨ ਦੇ ਸਹਾਰੇ ਤੋਂ ਬਿਨਾ ਕਾਲ ਤੋਂ ਪਰ੍ਹਾਂ ਦੀ ਹੋਂਦ ਬਾਰੇ ਜਾਣਨਾ ਅਸੰਭਵ ਹੈ। ਉਸ ਪਾਰ ਦੇ ਸਚੁ ਦੇ ਗੁਣ ਤੇ ਨਿਯਮ ਵੱਖਰੇ ਹੋਣ ਕਰਕੇ ਇਸ ਪਾਰ ਦੇ ਪ੍ਰਾਣੀਆਂ ਦੀ ਸਮਝ ਵਿਚ ਉਦੋਂ ਤੀਕ ਨਹੀਂ ਪੈ ਸਕਦੇ, ਜਦੋਂ ਤੀਕ ਉਹ ਵਿਗਿਆਨ ਦਾ ਪੱਲਾ ਨਾ ਫੜਨ। ਵਿਗਿਆਨ ਉਥੇ ਜਾਂਦਾ ਹੈ, ਜਿੱਥੇ ਕੁਦਰਤ ਸਕ੍ਰਿਆ ਹੋ ਕੇ ਸ੍ਰਿਸ਼ਟੀ ਦੇ ਰਚਨਾਤਮਕ ਕਾਰਜਾਂ ਵਿਚ ਰੁੱਝੀ ਹੁੰਦੀ ਹੈ। ਇਹ ਜੀਵਾਂ, ਪੌਦਿਆਂ, ਹਵਾ, ਪਾਣੀ, ਮਿੱਟੀ, ਧਰਤੀ, ਪਤਾਲ, ਪੁਲਾੜ ਆਦਿ ਸਭ ਥਾਂਈਂ ਜਾਂਦਾ ਹੈ ਤੇ ਸਭ ਦੇ ਗੁਣਾਂ ਦਾ ਅਧਿਐਨ ਕਰਕੇ ਕੁਦਰਤ ਦੇ ਨਿਯਮ ਲੱਭਦਾ ਹੈ। ਇਹ ਕੁਦਰਤ ਦੀ ਗੋਦੀ ਵਿਚ ਬੈਠ ਕੇ ਪ੍ਰਸ਼ੰਸਾ ਭਰੇ ਰਾਗ ਨਹੀਂ ਅਲਾਪਦਾ, ਸਗੋਂ ਕੁਦਰਤ ਦੀ ਛਾਤੀ ਫਰੋਲ ਕੇ ਉਸ ਦੇ ਭੇਦ ਜਾਣਨ ਦੀ ਕੋਸ਼ਿਸ਼ ਕਰਦਾ ਹੈ।
ਵਿਗਿਆਨ ਤਰੰਗਾਂ ਦੀ ਗੱਲ ਕਰਦਾ ਹੈ, ਫ੍ਰਿਕੁਐਂਸੀ ਦੀ ਗੱਲ ਕਰਦਾ, ਕੁਆਂਟਮ ਦੀ ਗੱਲ ਕਰਦਾ ਹੈ, ਕੁਆਰਕਾਂ ਦੀ ਗੱਲ ਕਰਦਾ ਹੈ, ਗਾਲੋਨਜ਼ ਦੀ ਗੱਲ ਕਰਦਾ ਹੈ, ਡਿਜ਼ੀਟਲ ਰਿਐਲਿਟੀ ਦੀ ਗੱਲ ਕਰਦਾ ਹੈ ਤੇ ਉਨ੍ਹਾਂ ਹੋਰ ਗੱਲਾਂ ਦਾ ਜ਼ਿਕਰ ਕਰਦਾ ਹੈ, ਜੋ ਮਨੁੱਖ ਨੂੰ ਕਾਲ ਸੀਮਾਂ ਤੋਂ ਬਾਹਰ ਦਾ ਅਨੁਭਵ ਦੇ ਸਕਦੀਆਂ ਹਨ। ਪੁਜਾਰੀ ਵਰਗ ਨੂੰ ਪਤਾ ਹੀ ਨਹੀਂ ਹੈ ਕਿ ਗੁਰੂ ਨਾਨਕ ਦੇ ਦਰਸਾਏ ਰਾਹ ‘ਤੇ ਚਲਦਿਆਂ ਵਿਗਿਆਨ ਬਹੁਤ ਦੂਰ ਨਿਕਲ ਗਿਆ ਹੈ ਤੇ ਹੁਣ ਇਸ ਦੀ ਪਹੁੰਚ ‘ਜਿਤ ਬਹਿ ਸਰਬ ਸਮਾਲੇ’ ਵਾਲੇ ਦਰ ਤੋਂ ਬਹੁਤੀ ਦੂਰ ਨਹੀਂ ਹੈ।
ਇਸ ਦੇ ਨਤੀਜਿਆਂ ਰਾਹੀਂ ਹੁਣ ਮਨੁੱਖ ਸਚੁਖੰਡ ਦੇ ਮੁੱਖ ਦੁਆਰ ‘ਤੇ ਲੱਗੇ ਉਸ ਕੱਪੜੇ ਭਾਵ ਝੰਡੇ ਜਾਂ ਬੈਨਰ ਨੂੰ ਵੇਖ ਸਕਦਾ ਹੈ, ਜਿਸ ਬਾਰੇ ਗੁਰੂ ਸਾਹਿਬ ਨੇ ਕਿਹਾ ਹੋਇਆ ਹੈ, ‘ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ॥’ ਪਰ ਜਿਨ੍ਹਾਂ ਕਰਮਾਂ ਭਾਵ ਕੰਮਾਂ ਨਾਲ ਮਨੁੱਖ ਨੂੰ ਇਹ ਗਿਆਨ ਹਾਸਲ ਹੋਇਆ ਹੈ, ਉਹ ਕਰਮ ਪੁਜਾਰੀ-ਵਰਗ ਨੇ ਭਜਨ-ਸ਼ਾਲਾਵਾਂ ਵਿਚ ਨਹੀਂ ਕੀਤੇ। ਉਨ੍ਹਾਂ ਨੂੰ ਗੁਰੂ ਸਾਹਿਬ ਦੀ ਪੇਸ਼ੀਨਗੋਈ ਅਨੁਸਾਰ ਅਨੁਸੰਧਾਨ ਕਰਨ ਵਾਲੇ ਖਾਮੋਸ਼ ਮਿਹਨਤੀ ਵਿਗਿਆਨੀਆਂ ਤੇ ਤਕਨੀਸ਼ਨਾਂ ਨੇ ਖੋਜ-ਕੇਂਦਰਾਂ ਤੇ ਪ੍ਰਯੋਗਸ਼ਾਲਾਵਾਂ ਵਿਚ ੴ ਦੇ ਢੰਗ ਅਨੁਸਾਰ ਕੀਤਾ ਹੈ। ਇਸ ਪੱਖੋਂ ਆਧੁਨਿਕ ਵਿਗਿਆਨ ਦੇ ਇਹ ਤਕਨੀਕੀ ਮਾਹਿਰ ਗੁਰੂ ਸਾਹਿਬ ਦੇ ਵਧੇਰੇ ਸ਼ਰਧਾਵਾਨ ਸਿੱਖ ਹੋ ਨਿਬੜੇ ਹਨ।
ਇਸ ਤਰ੍ਹਾਂ ਇਕ ਪਾਸੇ ਵਿਗਿਆਨਕ ਖੋਜਾਂ ਦਾ ਮੁਸ਼ੱਕਤ ਭਰਿਆ ਕਾਰਜ ਕਰਨ ਵਾਲੇ ਵਿਗਿਆਨੀ ਹਨ, ਜਿਨ੍ਹਾਂ ਨੇ ਨਾ ਦੈਵੀ ਮਸਲਿਆਂ ਦੀ ਖੋਜ ਕੀਤੀ ਤੇ ਨਾ ਆਪਣੇ ਖੋਜ ਕਾਰਜ ਦੀ ਸੰਪੰਨਤਾ ਲਈ ਕਿਸੇ ਦੈਵੀ ਸ਼ਕਤੀ ਨੂੰ ਪੁਕਾਰਿਆ ਹੈ। ਉਹ ਅਧਿਆਤਮਕ ਰਾਹ ਦੇ ਰਾਹੀ ਨਹੀਂ ਸਨ, ਸਗੋਂ ਕੁਦਰਤ ਦੇ ਯਥਾਰਥਕ ਭਾਵ ‘ਜਿਨਸੀ’ ਪੱਖ ਦਾ ਅਧਿਐਨ ਕਰਨ ਵਾਲੇ ਮਾਹਿਰ ਸਨ।
ਦੂਜੇ ਪਾਸੇ ਅਜੋਕੇ ਸਿੱਖ ਵਿਦਵਾਨ ਹਨ, ਜੋ ਸਮਝਦੇ ਹਨ ਕਿ ਗੁਰੂ ਸਾਹਿਬ ਨੇ ‘ਸਚੁ’ ਦਾ ਸ਼ਬਦ ਪਰਮਾਤਮਾ ਲਈ ਵਰਤਿਆ ਹੈ, ਜੋ ਅਧਿਆਤਮਕ ਖੇਤਰ ਦਾ ਵਿਸ਼ਾ ਹੈ। ਇਨ੍ਹਾਂ ਦੋਹਾਂ ਸਥਿਤੀਆਂ ਨੂੰ ਪਰਖਦਿਆਂ ਸਵਾਲ ਪੈਦਾ ਹੁੰਦਾ ਹੈ ਕਿ ਫਿਰ ‘ਆਦਿ ਸਚੁ ਜੁਗਾਦਿ ਸਚੁ’ ਵਾਲਾ ‘ਸਚੁ’ ਅਸਲ ਵਿਚ ਹੈ ਕੀ? ਕੀ ਇਹ ਅਧਿਆਤਮਕ ਪ੍ਰਕ੍ਰਿਤੀ ਦਾ ਹੈ ਜਾਂ ਮਾਦਿਕ ਪ੍ਰਕ੍ਰਿਤੀ ਦਾ? ਯਾਦ ਕਰੀਏ, ਗੁਰੂ ਸਾਹਿਬ ਬਿਨਾ ਨਾਂ ਲਏ ਸ੍ਰਿਸ਼ਟੀ ਦੇ ਮੂਲ ਆਧਾਰ ਨੂੰ ਇਕ ਅਜਿਹਾ ਸਚੁ ਮੰਨਦੇ ਹਨ, ਜਿਸ ਦਾ ਨਾ ਕੋਈ ਆਦਿ ਹੈ, ਨਾ ਅੰਤ। ਸਾਦੇ ਸ਼ਬਦਾਂ ਵਿਚ ਇਹ ਮੂਲ ਆਧਾਰ ਨਾ ਕਦੇ ਬਣਾਇਆ ਗਿਆ ਸੀ ਤੇ ਨਾ ਮਿਟਾਇਆ ਜਾ ਸਕਦਾ ਹੈ, ਕਿਉਂਕਿ ਜੇ ਇਸ ਨੂੰ ਬਣਾਇਆ ਜਾਂ ਮਿਟਾਇਆ ਜਾ ਸਕਦਾ ਹੁੰਦਾ ਤਾਂ ਇਹ ਕਾਲ ਸੀਮਾ ਵਿਚ ਆ ਜਾਂਦਾ ਤੇ ਅਕਾਲ ਨਾ ਰਹਿੰਦਾ। ਗੁਰੂ ਸਾਹਿਬ ਪਰਮ-ਤੱਤ ਦੀ ਹੋਂਦ ਨੂੰ ‘ਸਚੁ’ ਭਾਵ ਅਮਿਟ ਕਹਿੰਦੇ ਹਨ, ਜਦੋਂ ਕਿ ਵਿਗਿਆਨ ਉਸ ਨੂੰ ਪਦਾਰਥ ਕਹਿ ਕੇ ਸੱਦਦਾ ਹੈ।
ਪਦਾਰਥ ਬਾਰੇ ਵਿਗਿਆਨ ਦਾ ਖੋਜਿਆ ਪੱਕਾ ਨਿਯਮ ਹੈ ਕਿ ਨਾ ਇਹ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਮਿਟਾਇਆ ਜਾ ਸਕਦਾ ਹੈ। (ੰਅਟਟeਰ ਚਅਨ ਨeਟਿਹeਰ ਬe ਚਰeਅਟeਦ ਨੋਰ ਦeਸਟਰੇeਦ)। ਇਨ੍ਹਾਂ ਕਥਨਾਂ ਦੇ ਜੋੜਵੇਂ ਅਧਿਐਨ ਤੋਂ ਪਤਾ ਚਲਦਾ ਹੈ ਕਿ ਸ੍ਰਿਸ਼ਟੀ ਦੇ ਮੂਲ ਆਧਾਰ ਬਾਰੇ ਗੁਰੂ ਨਾਨਕ ਅਤੇ ਆਧੁਨਿਕ ਵਿਗਿਆਨ ਦੇ ਸਿੱਟੇ ਇਕੋ ਜਿਹੇ ਹਨ। ਫਰਕ ਸਿਰਫ ਇਹ ਹੈ ਕਿ ਜਿਸ ਮੂਲ ਨੂੰ ਗੁਰੂ ਸਾਹਿਬ ਨੇ ਕੋਈ ਨਾਮ ਨਹੀਂ ਦਿੱਤਾ, ਵਿਗਿਆਨ ਨੇ ਉਸ ਨੂੰ ਪਦਾਰਥ ਦਾ ਨਾਮ ਦੇ ਦਿੱਤਾ ਹੈ। ਨਾਮ ਉਸ ਨੂੰ ਅਧਿਆਤਮਕ ਚਿੰਤਕਾਂ ਨੇ ਵੀ ਅਣਗਿਣਤ ਦਿੱਤੇ ਹੋਏ ਸਨ, ਪਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਪ੍ਰਾਪਤ-ਵਿਧੀਆਂ ਸਮੇਤ ਨਕਾਰ ਦਿੱਤਾ ਸੀ। ਫਿਰ ਅਧਿਆਤਮਵਾਦ ਤੇ ਪਦਾਰਥਵਾਦ ਵਿਚੋਂ ਗੁਰੂ ਸਾਹਿਬ ਦੇ ਦਰਸਾਏ ਸਿੱਖੀ ਰਾਹ ‘ਤੇ ਕਿਹੜਾ ਅੱਗੇ ਵਧਿਆ ਹੈ ਤੇ ਕਿਹੜਾ ਉਥੇ ਖੜ੍ਹਾ ਹੈ?
ਪਿਛਾਂਹ ਝਾਤ ਮਾਰਨ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਖੀ ਦਾ ਅਧਿਆਤਮਵਾਦ ਤਾਂ ਸਦੀਆਂ ਤੋਂ ਗੁਰੂ ਸਾਹਿਬ ਦੀਆਂ ਨਿਰੀਖਣੀ ਤੁਕਾਂ ‘ਗਿਆਨ ਖੰਡ ਮਹਿ ਗਿਆਨ ਪਰਚੰਡੁ॥ ਤਿਥੈ ਨਾਦ ਬਿਨੋਦ ਕੋਡ ਅਨੰਦੁ॥’ ਨੂੰ ਹੀ ਸਹੀ ਸਿੱਧ ਕਰ ਰਿਹਾ ਹੈ। ਹਾਂ, ਪਦਾਰਥਵਾਦ ਤੇ ਇਸ ਦਾ ਮੁੱਦਈ ਵਿਗਿਆਨ ਜਰੂਰ ਅੱਗੇ ਵਧੇ ਹਨ, ਜਿਨ੍ਹਾਂ ਨੇ ਮੋਹਰੀ ਬਣ ਕੇ ਗੁਰੂ ਸਾਹਿਬ ਦੇ ਸੁਝਾਏ ਸਭ ਗੁਣ ਅਰਥਾਤ ਸਦੀਵਤਾ, ਅਜੂਨੀ, ਅਕਾਲ, ਸੈਭੰ ਆਦਿ ਪਦਾਰਥ ਵਿਚ ਲੱਭੇ ਹਨ। ਤਾਂ ਕੀ ਗੁਰੂ ਨਾਨਕ ਦਾ ਸੁਝਾਇਆ ਨਾਮ-ਰਹਿਤ ‘ਸਦੀਵੀ ਸਚੁ’ ਪਦਾਰਥ ਹੀ ਹੈ? ਇਸ ਸਵਾਲ ਦੇ ਉਤਰ ਲਈ ਪਦਾਰਥ ਦੀ ਪਰਿਭਾਸ਼ਾ ਜਾਣਨਾ ਤੇ ਇਸ ਦਾ ਵਿਸ਼ਲੇਸ਼ਣ ਕਰਨਾ ਜਰੂਰੀ ਹੈ।
(ਚਲਦਾ)