ਰੂਹ-ਰੇਜ਼ੇ ਸਮਿਆਂ ਦੀ ਸ਼ਾਇਰੀ

ਉਂਕਾਰਪ੍ਰੀਤ
ਕਵਿਤਾ ਮਨੁੱਖੀ ਮਨ ਦਾ ਜਜ਼ਬਾਤੀ ਤੇ ਤਾਲਮਈ ਬੋਲੀ ‘ਚ ਨਿੱਗਰ ਅਤੇ ਕਲਾਮਈ ਪ੍ਰਗਟਾਓ ਹੈ। ਗੁਰਬਖਸ਼ ਸਿੰਘ ਭੰਡਾਲ ਦੇ ਕਾਵਿ ਸੰਗ੍ਰਿਹ ‘ਰੂਹ ਰੇਜ਼ਾ’ ਦੀ ਸ਼ਾਇਰੀ ਭਾਵੇਂ ਛੰਦ-ਬੱਧ ਨਹੀਂ, ਪਰ ਇਸ ਦਾ ਬੰਦ-ਬੰਦ ਕਾਵਿਕ ਤਾਲਮਈ ਹੈ। ਖੁੱਲ੍ਹੀ ਕਵਿਤਾ ਵਿਚ ਜੇ ਕਵਿਤਾ ਹੈ ਤਾਂ ਇਹੀ ਕਾਵਿਕ ਤਾਲ ਉਸ ਦੀ ਸੋਅ ਤੇ ਪਛਾਣ ਹੈ। ਕਵਿਤਾ ਅਤੇ ਸਾਹਿਤਕ ਵਾਰਤਕ ਵਿਚ ਸੂਖਮ ਭੇਦ ਇਹੀ ਸੁਰ-ਤਾਲ ਹੈ। ਇਸੇ ਤੋਂ ਅਗਿਆਨ ਵੱਸ ਹੀ ‘ਖੁੱਲ੍ਹੀ ਕਵਿਤਾ’ ਦੇ ਸ਼ਾਇਰ ‘ਛੰਦ-ਬੱਧ ਕਵਿਤਾ’ ਨੂੰ ਨਕਾਰੀ ਜਾਂਦੇ ਅਤੇ ਛੰਦ ਬੱਧ ਕਵਿਤਾ ਵਾਲੇ ਖੁੱਲ੍ਹੀ ਕਵਿਤਾ ਨੂੰ ਭੰਡੀ ਜਾਂਦੇ। ਇਸੇ ਸੂਖਮ ਭੇਦ ਦਾ ਅਭਾਵ ਹੈ ਕਿ ਕੁਝ ਸ਼ਾਇਰ ਵਾਰਤਕ ਨੂੰ ਨਿੱਕੇ ਨਿੱਕੇ ਸਤਰੀ ਟੋਟਿਆਂ ‘ਚ ਤੋੜ ਤੋੜ ਕੇ ਉਨ੍ਹਾਂ ਨੂੰ ਕਵਿਤਾ ਦੀ ਬਾਹਰੀ ਦਿਖ ਵਾਂਗ ਚਿਣ ਚਿਣ ਕੇ ਕਵੀ ਹੋਣ ਦਾ ਭਰਮ ਪਾਲੀ ਜਾਂਦੇ ਅਤੇ ਛੰਦ-ਬੱਧ ਵਾਲੇ ਤੁਕਬੰਦੀ, ਤੋਲ-ਤੁਕਾਂਤ ਅਤੇ ਕਾਫੀਆ ਮਿਲਣ ਨੂੰ ਹੀ ਸ਼ਾਇਰੀ ਕਹਿਣ/ਮੰਨਣ ‘ਤੇ ਬਜ਼ਿਦ ਹਨ। ਪਰ ਜਿਵੇਂ ਕਿਹੈ, ਇਸ ਪੁਸਤਕ ਵਿਚਲੀ ਸ਼ਾਇਰੀ ਦਾ ਬੰਦ-ਬੰਦ ਸ਼ਾਇਰਾਨਾ ਸੁਰ ਨਾਲ ਇਕ ਤਾਲ ਹੈ। ਤਦ ਹੀ ਇਸ ‘ਚ ‘ਸ਼ੁੱਧ ਕਵਿਤਾ’ ਖੁੱਲ੍ਹ ਕੇ ਮੌਜੂਦ ਹੈ।

ਧੁੱਪ ਦੇ ਟੋਟੇ ਵਰਗਿਆ,
ਜੀਅ ਕਰਦੈ
ਤੇਰੀ ਧੁੱਪ ਦੇ ਹੋਠੀਂ,
ਧੁੱਪ ਦੀ ਥੱਪਕੀ ਧਰ ਦੇਵਾਂ। (ਪੰਨਾ 50)

ਅੱਜ ਇਕ ਸੁਪਨਾ ਸੁੰਨੇ ਵਿਹੜੇ
ਸੁਪਨੇ ਲੈ ਕੇ ਆਇਆ
ਚਾਨਣ ਭਰਿਆ ਇਕ ਕਸੋਰਾ
ਉਤਰ ਬਨੇਰਿਉਂ ਆਇਆ।

ਅੱਜ ਇਕ ਸੁਪਨਾ ਸੁਪਨਿਆਂ ਜੂਹੇ
ਸੂਰਜ ਡੰਗਣ ਆਇਆ
ਦੂਰ ਦੂਰ ਤੀਕ ਨੀਲੇ ਅੰਬਰ ਨੂੰ
ਚਾਨਣ ਨੇ ਗਰਭਾਇਆ। (ਪੰਨਾ 54)

ਕੁਝ ਪਲ ਹੁੰਦੇ ਫੁੱਲਾਂ ਜੇਹੇ
ਮਨ ਦਾ ਚਮਨ ਖਿੜਾਈਏ
ਕੁਝ ਪਲ ਹੁੰਦੇ ਜ਼ਿੰਦ ਤੋਂ ਮਹਿੰਗੇ
ਰੂਹਾਂ ਸੰਗ ਵਟਾਈਏ। (ਪੰਨਾ 80)
ਰੂਹ-ਰੇਜ਼ਾ ਵਿਚਲੀ ਕਵਿਤਾ ਦਾ ਸੂਝ ਮਾਡਲ, ਤ੍ਰੈ-ਆਧਾਰੀ ਹੈ। ਅਖੰਡ ਰੂਹ ਦਾ ਸੰਕਲਪ, ਖੰਡਿਤ ਰੂਹ ਦੇ ਰੇਜ਼ੇ/ਟੁਕੜੇ ਅਤੇ ਸਮਾਂ। ਕਵਿਤਾ ਇਨ੍ਹਾਂ ਤਿੰਨਾਂ ਵਿਚਲੀ ਸਾਂਝੀ ਤੰਦ ਹੈ ਅਤੇ ਰੂਹ ਇਸ ਦੀ ਬੁਨਿਆਦੀ ਵਸਤੂ। ਜਿਵੇਂ ਮਨੁੱਖ ਬਚਪਨ ਤੋਂ ਬੁਢਾਪੇ ਤੀਕ ਕਈ ਹਾਲਤਾਂ ਬਦਲਦਾ ਹੈ, ਪਰ ਉਸ ਦੀ ਇਨਸਾਨੀ ਹਕੀਕਤ ਜਿਉਂ ਦੀ ਤਿਉਂ ਕਾਇਮ ਰਹਿੰਦੀ ਹੈ। ਏਦਾਂ ਹੀ, ਇਕ ਕਵੀ ਕਵਿਤਾ ਨੂੰ ਜਿਉਂਦਿਆਂ ਵੱਖੋ ਵੱਖ ਅਹਿਸਾਸਾਂ ਚੀਂ ਲੰਘਦੈ, ਪਰ ਹਰ ਮਰਹਲੇ ‘ਤੇ ਉਸ ਅੰਦਰਲੀ ਕਵਿਤਾ/ ਰੂਹ ਜਿਉਂ ਦੀ ਤਿਉਂ ਰਹਿੰਦੀ। ਕਾਵਿ-ਰੂਹ ਜੋ ਸਰਬਤ ਲਈ ਆਪਣੀ ਰੂਹ ਦਾ ਤਰਜ਼ਮਾਨ, ‘ਬੇ-ਗਮਪੁਰੇ’ ਵਰਗਾ ਘਰ ਰੌਸ਼ਨ ਕਰਨਾ ਲੋਚਦੀ ਹੈ,
ਇਕ ਘਰ, ਮੇਰੀ ਕਲਮ ਦੀ ਜੂਹੇ
ਕਦੇ ਨਾ ਮੰਨੇ ਹਾਰ
ਹਰਫ-ਹਰਫ ਹੋ ਵਰਕ ‘ਤੇ
ਆਪਾ ਰਿਹਾ ਉਤਾਰ।

ਇਕ ਘਰ, ਮੇਰੇ ਘਰ ਵਰਗਾ ਹੀ
ਮੇਰਾ ਸੁਪਨ-ਸੰਸਾਰ
‘ਕੇਰਾਂ ਜਿਸ ਦੇ ਮੱਥੇ ਧਰਨੇ
ਸੂਰਜ ਚੰਦ ਹਜ਼ਾਰ। (ਪੰਨਾ 68)
ਜੇ ਕਵਿਤਾ ਦਾ ਬੁਨਿਆਦੀ ਤੱਤ ਰੂਹ ਦੀ ਤਰਜ਼ਮਾਨੀ ਹੈ ਤਾਂ ਕਵੀ ਦੀ ਰਚਨਾ ਦੇ ਸੱਚ ਤੀਕ ਪੁੱਜਣ ਲਈ ਇਹ ਜਾਣਨਾ ਪਵੇਗਾ ਕਿ ਸ਼ਾਇਰ ਸੁਣਦਾ ਕੀ ਹੈ? ਮੰਨਦਾ ਕੀ ਹੈ? ਇਸ ਤੋਂ ਵੀ ਪਹਿਲਾਂ ਲਾਜ਼ਮੀ ਹੁੰਦਾ ਕਿ ਪਤਾ ਹੋਵੇ ‘ਸ਼ਾਇਰ’ ਵਿਚਰ ਕਿੱਥੇ ਰਿਹਾ ਹੈ? ਧਰਤੀ ‘ਤੇ, ਅੰਬਰੀਂ ਕਿ ਪਾਤਾਲੀਂ? ਕਿਉਂਕਿ ਹਰ ਇਕ ਤਲ ਦੀਆਂ ਪਿੱਠਵਰਤੀ ਤੇ ਮੁਖਵਰਤੀ ਅਵਾਜ਼ਾਂ ਆਪਣੀਆਂ ਖਾਸ ਹੁੰਦੀਆਂ ਅਤੇ ਇਨ੍ਹਾਂ ਵੱਖੋ ਵੱਖ ਤਲਾਂ ‘ਤੇ ਵਿਚਰਦਿਆਂ ਸੁਣਨ, ਮੰਨਣ ਅਤੇ ਗ੍ਰਹਿਣ ਕਰਨ ਦੇ ਆਪਣੇ ਆਯਾਮ ਹੁੰਦੇ।
ਕਾਵਿ ਸ਼ਾਸਤਰ ਅਨੁਸਾਰ ਕਾਵਿ/ਕਲਾ ਦੀ ਸੰਵੇਦਨਾ ਤੱਤ-ਗ੍ਰਹਿਣ ਕਰਨ ਵਾਲੀ ਬੁਧੀ ਪ੍ਰਤੀ ਨਹੀਂ ਸਗੋਂ ਮਨ ਦੀ ਮੂਰਤ ਘੜਨਹਾਰ ਸ਼ਕਤੀ ਪ੍ਰਤੀ ਹੁੰਦੀ ਹੈ। ਜੇ ਸ਼ਾਇਰੀ ਨੂੰ ਮਨੁੱਖੀ ਤਲ ਤੋਂ ਵੇਖਣਾ ਹੋਵੇ ਤਾਂ ਤੱਤ-ਦ੍ਰਿਸ਼ਟ, ਧਰਤ-ਅੰਬਰ-ਪਾਤਾਲ ਨੂੰ ਜਿਸਮ ਅਤੇ ਰੂਹ ਦੇ ਭਾਵਾਂ ਰਾਹੀਂ ਪਰਿਭਾਸ਼ਿਤ ਕਰਨਾ ਪਵੇਗਾ।
ਕਵਿਤਾ ਸਿਰਜਣਾਤਮਕ ਜੀਵਨ ਲਈ ਹੈ। ਮਨੁੱਖ ਅਤੇ ਮਸ਼ੀਨ ‘ਚ ਕਵਿਤਾ ਦਾ ਹੀ ਫਾਸਲਾ ਹੁੰਦਾ। ਜਦ ਬੰਦਾ ਕਵਿਤਾ ਨਾਲ ਜੁੜਦੈ ਤਾਂ ਕਵਿਤਾ ਉਸ ਦੇ ਦੁਆਲੇ ਫੈਲੀ ਅਕਵਿਤਾ ਨੂੰ ਨੰਗਾ ਕਰਨ ਲੱਗਦੀ। ਦੁਆਲੜੇ ਪਸਾਰੇ ਤੇ ਚੜ੍ਹੇ ਅਕਾਵਿਕ ਵਸਤਰਾਂ ਨੂੰ ਤਾਰ ਤਾਰ ਕਰਨ ਲੱਗਦੀ। ਸੱਚੀ ਕਵਿਤਾ ‘ਰੂਹੀ ਨਾਂਗੇ’ ਸਿਰਜਦੀ।
ਕਵਿਤਾ ਦੇ ਇਸ ਰੂਹੀ ਸੂਝ-ਮਾਡਲ ਦੀ ਲੋਅ ‘ਚ ਰੂਹ-ਰੇਜ਼ਾ ਦੀਆਂ ਕਵਿਤਾਵਾਂ ਵਾਚਦਿਆਂ ਸਭ ਤੋਂ ਪਹਿਲਾਂ ਇਨ੍ਹਾਂ ਦੀ ਘਾੜਤ ਧਿਆਨ ਖਿੱਚਦੀ ਹੈ। ਕੁਝ ਕੁ ਨੂੰ ਛੱਡ ਕੇ ਪੁਸਤਕ ਵਿਚਲੀ ਹਰ ਕਵਿਤਾ ਇਕ ਨਿਸ਼ਚਿਤ ਰੂਪ ‘ਚ ਸਾਹਮਣੇ ਆਉਂਦੀ ਹੈ। ਸ਼ੁਰੂ ਤੋਂ ਲੈ ਕੇ ਆਖਰੀ ਬੰਦ ਤੀਕ ‘ਪੂਰੀ ਰੂਹ’ ਨਾਲ ਨਾ ਜੀ ਸਕਣ ਦੇ ਗਿਲੇ, ਸ਼ਿਕਵੇ, ਰੋਸੇ ਅਤੇ ਪੀੜਾ। ਆਖਰੀ ਬੰਦ ਵਿਚ ਇਸ ਕਸ਼ਟ ਦੇ ਨਿਵਾਰਣ ਤੇ ਨਿਰਵਾਣ ਲਈ ਰੂਹੀ-ਸਮੁੱਚਤਾ ਦੇ ਅਹਿਸਾਸ ਨੂੰ ਪਛਾਣਨ, ਉਸ ਨਾਲ ਜੁੜਨ ਅਤੇ ਜੀਵਨ ਵਿਚ ਅਪਨਾਉਣ ਦੀ ਹੂਕ ਅਤੇ ਹੋਕਾ।
ਰੂਹ-ਰੇਜ਼ਾ ਦਾ ਕਵੀ ਇਸ ਰੇਜ਼ਾ-ਰੇਜ਼ਾ ਖੰਡਿਤ ਰੂਹੇ ਪਲਾਂ ਦਾ ਕਾਰਨ ‘ਸਮੇਂ’ ‘ਚ ਚਿਤਵਦਾ ਹੈ। ਤਦ ਹੀ ਸਮਾਂ ਅਕਸਰ ਉਸ ਦੇ ਕਾਵਿ-ਪਰਵਚਨ ‘ਚ ‘ਵਰਤਾਰਾ-ਮੁਖੀ’ ਨਾ ਰਹਿ ਕੇ ‘ਵਸਤੂ-ਮੁਖੀ’ ਹੋ ਜਾਂਦਾ ਹੈ ਅਤੇ ਅੱਖ ‘ਚੋਂ ਅੱਥਰੂ ਬਣ ਕਿਰਦਾ ਨਜ਼ਰ ਆਉਂਦਾ ਹੈ। ਸਮਾਂ ਨਸ਼ਤਰ ਹੋ ਕੇ ਰੂਹ ਨੂੰ ਰੇਜ਼ਾ ਰੇਜ਼ਾ ਕਰਦਾ ਲਗਦਾ ਹੈ,
ਕੇਹਾ ਸਮਾਂ ਕਿ ਦਰ ਦੀ ਦਸਤਕ
ਸਾਹੋਂ ਵਿਰਵੀ ਹੋਈ,
ਨਾ ਹੀ ਕਿਧਰੇ ਮਿੱਤਰ-ਮੋਢਾ
ਨਾ ਭਾਵਾਂ ਨੂੰ ਢੋਈ।

ਕੇਹਾ ਪਲ ਕਿ ਘਰ ਦੀ ਚੁੱਪ ਵੀ
ਜ਼ਾਰੋ-ਜ਼ਾਰੀ ਰੋਵੇ,
ਨਾ ਕੋਈ ਇਸ ਦੀ ਜੂਹੇ ਵੜਦਾ
ਨਾ ਕੋਈ ਸੰਗ ਖਲੋਵੇ? (ਪੰਨਾ 11)

ਵਿਹੜੇ ਦੀ ਵੇਦਨਾ ਸੁਣ
ਕੇਹਾ ਵਕਤ ਖਲੋਇਆ ਏ
ਕਿ ਕਮਰੇ ‘ਚ ਕੰਬਣੀ ਏ
ਕੈਲੰਡਰ ਟੁਕੜੇ ਹੋਇਆ ਏ
ਜਿਉਂਦਾ ਤੇ ਹੱਸਦਾ ਸੀ
ਉਹ ਬੰਦਾ ਮੋਇਆ ਏ
ਤੇ ਸੁਪਨੇ ਦੇ ਮਾਤਮ ਵਿਚ
ਘਰ ਅਰਥੀ ਹੋਇਆ ਏ। (ਪੰਨਾ 20)

ਘੁੱਗ ਵਸਦੀ ਨਗਰੀ ਦੇ ਵਿਚ
ਕਿਹੜਾ ਕਾਲ ਖਲੋਇਆ
ਕਿ ਪਤਾਲ ਤੋਂ ਅੰਬਰ ਤੀਕ
ਹਰ ਜ਼ੱਰਾ ਹੀ
ਸੋਚੀਂ ਡੁੱਬ ਕੇ ਮੋਇਆ। (ਪੰਨਾ 45)

ਸਮਿਆਂ ਵੇ ਤੂੰ ਕਿਸ ਮੋੜ ‘ਤੇ
ਕਿਹੜੀ ਸ਼ਕਲ ਵਟਾ’ਲੀ
ਸੀਨੇ ਦੇ ਵਿਚ ਮਘਦੀ ਅੱਗ ਦੀ
ਬਰਫਾਂ ਨਾਲ ਭਿਆਲੀ। (ਪੰਨਾ 73)

ਕੇਹਾ ਵਕਤ ਕਿ ਪੁੰਨਿਆਂ ਦੀ ਰਾਤੇ
ਨਜ਼ਰੀਂ ਆਵੇ ਮੱਸਿਆ
ਚਾਨਣ-ਧੋਤੇ ਰਾਹੀਂ ਹਨੇਰਾ;
ਦੇਖ ਕੇ ਤਾਰਾ ਹੱਸਿਆ। (ਪੰਨਾ 82)
ਰੂਹ-ਰੇਜ਼ਾ ਵਿਚਲਾ ਕਾਵਿ-ਚਿੰਤਨ ਸਮੇਂ ਦੀ ਇਸ ਵਸਤੂ-ਮੁਖਤਾ ਕਾਰਨ ਵਰਤ ਰਹੀ ਅਰੂਹੀ ਪੀੜਾ ਦਾ ਬਾਖੂਬੀ ਚਿਤਰਣ ਅਤੇ ਉਸ ਤੋਂ ਨਿਜਾਤ ਦੀ ਲੋਚਾ ਦੀ ਸੁਚੇਤ ਚਾਹਤ ਬਣਦਾ ਹੈ। ਅਚੇਤ ਰੂਪ ‘ਚ ਇਹੀ ਕਾਵਿ-ਚਿੰਤਨ ‘ਪੀੜਤ-ਯੁੱਗ’ ਦੇ ‘ਰੂਹੀ-ਯੁੱਗ’ ‘ਚ ਰੁਪਾਂਤਰਣ ਲਈ ਲੋੜੀਂਦੇ ਕਰਮਯੋਗ ਦਾ ਸੂਝ ਮਾਡਲ ਵੀ ਹੈ,
ਜੀਵਨੀ-ਧੁੱਪ ‘ਚ ਜਿੰਦ ਦੀ ਛਾਂਵੇਂ
ਰੰਗਲਾ ਪੀਹੜਾ ਡਾਹਵੀਂ,
ਸਾਹ-ਤਕਲੇ ‘ਤੇ ਸੁਖਨ-ਸਬੂਰੀ ਦੇ
ਤੰਦ ਲਮੇਰੇ ਪਾਵੀਂ। (ਪੰਨਾ 11)

ਗੁੰਗੀ ਵਕਤ-ਦਹਿਲੀਜ਼ ‘ਤੇ
ਦੇਈਏ ਕੋਈ ਅਵਾਜ਼
ਸੁਪਨੇ ਦੀ ਅੱਖ ਖੁੱਲ੍ਹ ਜੇ
ਭਰੇ ਉਚੀ ਪਰਵਾਜ਼। (ਪੰਨਾ 19)

ਕਲਮ ਚਾਹੁੰਦੀ!
ਖੂਹ ਵਰਗੀ ਰੂਹ-ਰਮਤਾ
ਹਰ ਮਸਤਕ ਲਿਖਵਾਏ
ਸੋਚ-ਸੁਗੰਧੀ ਤੇ ਰੰਗ-ਆਭਾ
ਸਾਹਾਂ ਵਿਚ ਰਮਾਵੇ। (ਪੰਨਾ 26)

ਅਜੇ ਵੀ ਵੇਲਾ ਵਕਤ-ਵੰਗਾਰ ਦਾ
ਭਰੀਏ ਰਲ ਹੁੰਗਾਰਾ
ਕਿਤੇ ਨਾ ਖਲਕਤ ਖਾਕ ਬਣਸੀ
ਦੇਂਦੀ ਦਰਦ ਕੁੰਵਾਰਾ।

ਖੁਦ ‘ਚੋਂ ਖੁਦ ਨੂੰ ਭਾਲਣ ਦੇ ਲਈ
ਖੁਦ ਨੂੰ ਖੁਦ ਜਗਾਵ ਸਿੱਸਕ ਰਹੀ
ਫਿਜ਼ਾ ਦੀ ਝੋਲੀ
ਸੁੱਚਾ ਸੁਪਨਾ ਪਾਓ। (ਪੰਨਾ 46)
ਰੂਹ ਰੇਜ਼ਾ ਦਾ ਕਾਵਿ ਚਿੰਤਨ ‘ਸਰਬ ਰੋਗ ਕਾ ਅਉਖਦ’ ਰੂਹ ਦੇ ਮੁਕੰਮਲ ਰੂਹੀਪਨ ‘ਚ ਵੇਖਦਾ ਹੈ। ਮੁਕੰਮਲ ਰੂਹੀਪਨ ਦੀ ਛਾਂ ਹੀ ਹਰ ‘ਬੰਦਿਆਈ’ ਲੂਹਣੀ ਅੱਗ ਤੋਂ ਨਿਜਾਤ ਦੁਆ ਸਕਦੀ ਹੈ, ਪਰ ਸਵਾਲ ਹੈ ਕਿ ਜੋ ਜ਼ਿੰਦ/ਰੂਹ ਰੇਜ਼ਾ ਰੇਜ਼ਾ ਹੋਈ ਪਈ ਹੈ, ਉਸ ਦੀ ਛਾਂਵੇਂ ਕਿੰਜ ਬੈਠੀਏ?
ਰੂਹ ਦਾ ਢਾਰਾ ਤਿੱਪ ਤਿੱਪ ਚੋਵੇ
ਕੌਣ ਬੰਨਾਵੇ ਧੀਰ
ਕੱਚੀਆਂ ਗਲੀਆਂ ਚਿੱਕੜ ਲੱਧੀਆਂ
ਰਾਹ-ਰਸਤੇ ਦਿਲਗੀਰ।

ਬੋਲ-ਬੀਹੀਏ ਸੁੰਨ ਵਰਤੀ ਏ
ਮੌਤ-ਸੰਨਾਟਾ ਛਾਇਆ
ਆਪਣਿਆਂ ਨੇ ਆਪਣੇ ਅੰਦਰ
ਦਫਨ ਕੀਤਾ ਹਮਸਾਇਆ। (ਪੰਨਾ 39)
ਨਿਰਸੰਦੇਹ, ਤਾਰ-ਤਾਰ ਹੋਈ ਛਾਂ ਨੂੰ ਮੁੜ ਛਾਂ ਜੋਗੀ ਕਰਨ ਲਈ ਪਹਿਲੋਂ ਉਸ ਦੀ ‘ਮੁੜ-ਉਸਾਰੀ’ ਕਰਨੀ ਪਵੇਗੀ। ਜਿਨ੍ਹਾਂ ਤਾਕਤਾਂ ਨੇ ਸਮੇਂ ਨੂੰ ਨਸ਼ਤਰ ਬਣਾ ਕੇ ਲੋਕਤਾ ਦੀ ਰੂਹ ਰੇਜ਼ਾ-ਰੇਜ਼ਾ ਕੀਤੀ ਹੈ, ਕੀ ਉਹ ਇਸ ਦੀ ‘ਮੁੜ-ਉਸਾਰੀ’ ਹੋਣ ਦੇਣਗੇ?
ਕੁਹਜ ਦਾ ਰੰਗ-ਰੂਪ ਹੀ
ਸੁਹਜ ਨੂੰ ਚੜ੍ਹ ਗਿਆ
ਮਾਨਵੀ ਫਿਤਰਤ ਮਾਣਦਾ
ਬੰਦਾ ਮਰ ਗਿਆ
ਤੇ ਬੰਦੇ ‘ਚ ਵੱਸਦਾ ਖੁਦਾ ਵੀ
ਖੁਦੀ ਬਣ ਗਿਆ। (ਪੰਨਾ 16)

ਸਾਹ ਨੂੰ ਚੜ੍ਹਿਆ ਤਾਪ ਜੇਹਾ
ਕਰਮ ਨਿਕਰਮੇ ਪਾਪ ਜੇਹਾ
ਭਲਾ! ਕਬਰਾਂ ਵਰਗੇ ਬੰਦਿਆਂ ਲਈ,
ਰੂਹੇ-ਕਲਮਾ ਕਿਹੜਾ ਪੀਰ ਪੜ੍ਹੇ? (ਪੰਨਾ 70)
ਬੰਦੇ ‘ਚੋਂ ਮਰ ਗਏ ਬੰਦੇ ਨੂੰ ਮੁੜ ਬੰਦਿਆਈ ਵਾਲਾ ਬਣਾਉਣ ਲਈ ਇਕ ਬਿਖਮ ਪੈਂਡਾ ਦਰਕਾਰ ਹੈ। ਉਸ ਨੂੰ ਆਪਣੀ ‘ਰੂਹ ਮਜੀਠੜੀ’ ਦੇ ਸਨਮੁੱਖ ਕਰਨ ਲਈ ਪਹਿਲੋਂ ‘ਜੀਂਦਾ ਕਰਨਾ ਪਵੇਗਾ।’ ਉਸ ਦੀ ਮੁੱਢੋ-ਸੁੱਢੋਂ ਨਵ-ਉਸਾਰੀ ਕਰਨੀ ਪਵੇਗੀ।
ਅਰਸਤੂ ਦੇ ਕਾਵਿ-ਸ਼ਾਸਤਰ ਅਨੁਸਾਰ ਜੇ ਕਵੀ/ਕਲਾਕਾਰ ਦਾ ਕਰਮ ਜੀਵਨ ਦੀ ‘ਰੂਹੀ-ਮੁੜ ਉਸਾਰੀ’ ਹੁੰਦਾ ਹੈ, ਤਾਂ ਏਸ ‘ਮੰਡੀ-ਯੁੱਗ’ ਦਾ ‘ਰੂਹੀ-ਯੁੱਗ’ ‘ਚ ਰੁਪਾਂਤਰਣ ਹੀ ਨਿਰਸੰਦੇਹ ਅਸਲ ਕਵੀ ਦਾ ਕਰਮ। ਇਸ ਰੁਪਾਂਤਰਣ ਨੂੰ ਸਮਰਪਿਤ ਕਵੀ ਦਾ ਸਫਰ ਪੀੜਾਂ ਦਾ ਸਫਰ ਹੈ। ਇਹ ਪੀੜ, ਜੋ ਜੰਮਣ-ਪੀੜਾ ਹੈ, ਜਿਸ ਦੇ ਦੂਜੇ ਸਿਰੇ ਕਵਿਤਾ ਦਾ ਜਸ਼ਨ ਉਡੀਕਦਾ ਹੈ।
ਇਕ ਫੁੱਲ, ਫੁੱਲ ਵਿਹੂਣੇ ਵਿਹੜੇ
ਫੁੱਲ ਦਾ ਕਰਮ ਨਿਭਾਵੇ
ਇਕ ਫੁੱਲ, ਫੁੱਲ ਦੇ ਗੱਲ ਲੱਗ ਕੇ
ਦੋ ਤੋਂ ਇਕ ਹੋ ਜਾਵੇ
ਸ਼ਾਲਾ! ਇਹ ਰੰਗਾਂ ਦਾ ਜਾਇਆ
ਸੰਦਲੀ ਰੁੱਤ ਹੰਢਾਵੇ। (ਪੰਨਾ 62)
ਕਵਿਤਾ ਦੇ ਇਸ ਜਸ਼ਨ ਤੀਕ ਪੁਜਣ ਲਈ ਸਮੇਂ ਦੇ ਸਹੀ ਪਰਿਪੇਖ ਨੂੰ ਸਮਝਣ, ਬੁੱਝਣ ਅਤੇ ਰੌਸ਼ਨ ਕਰਨ ਦੀ ਲੋੜ ਪੈਂਦੀ ਹੈ। ਤਦ ਹੀ ਪਤਾ ਲੱਗਦਾ ਹੈ ਕਿ ਸਮਾਂ ‘ਸੈਭੰ’ ਨਹੀਂ ਸਗੋਂ ਰੈਲਿਟਵ ਗਤੀਸ਼ੀਲ ਵਰਤਾਰਾ ਹੈ। ਜਿਸ ਨੂੰ ਜੜ੍ਹ-ਵਸਤਮੁਖੀ-ਤਾਕਤਾਂ ਸਦਾ ਆਪਣੇ ਕਾਬੂ ‘ਚ ਰੱਖਣ ਦੇ ਆਹਰ ‘ਚ ਹਨ। ਸਮੇਂ ਨੂੰ ਕੰਟਰੋਲ ਕਰ ਰਹੀਆਂ ਇਨ੍ਹਾਂ ਵਸਤੂ-ਮੁਖੀ ਲਾਭ/ਹਾਨ ਆਧਾਰਤ ਤਾਕਤਾਂ ਦੀ ਬਦੌਲਤ ਹੀ ਲੋਕ ‘ਪੂਰੀ ਰੂਹ’ ਨਾਲ ਜੀਣ ਤੋਂ ਵਾਂਝੇ ਹਨ। ਲੋਕਾਂ ਦੀ ਰੂਹ ਦਾ ਰੇਜ਼ਾ-ਰੇਜ਼ਾ ਟੁੱਟਣਾ ਅਤੇ ਟੁੱਟਦੇ ਰੱਖਣਾ ਇਨ੍ਹਾਂ ਤਾਕਤਾਂ ਦਾ ਪ੍ਰਮੁੱਖ ਏਜੰਡਾ ਹੈ।
ਪੁਸਤਕ ਵਿਚਲੀਆਂ ਕੁਝ ਕਵਿਤਾਵਾਂ: ਅੰਤ੍ਰੀਵ ਵਿਚਲਾ ਬਾਬਾ ਨਾਨਕ (86), ਪੂਰਨੇ (91), ਖਤ ਦੀ ਖੁਦਕੁਸ਼ੀ (93), ਫੋਨ ਚੁੱਪ ਹੈ (98), ਘਰ-ਪਰਵਾਸ (103), ਯਾਦ ਨੂੰ ਸਜਦਾ (112) ਸਤਹੀ ਨਜ਼ਰੇ ਭੂ-ਹੇਰਵਾ ਜਾਪਦੀਆਂ ਹਨ,
ਫੌਂਟਾਂ ਨੇ ਸਿਸਕੀ ਬਣਾ ਦਿਤੀ ਹੈ
ਅੱਖਰਾਂ ਦੀ ਸੁੰਦਰ-ਸਿਰਜਣਾ ਲਈ
ਮਾਸਟਰ ਦੀ ਘੜ ਕੇ ਦਿਤੀ ਹੋਈ ਕਲਮ
ਅਤੇ ‘ਜੀ’ ਦੀ ਨਿੱਬ ਵਰਤਣ ਦਾ ਫੁਰਮਾਨ।

ਫੌਂਟ ਸਾਈਜ਼ ਨੇ ਗੁੰਮਸੁੰਮ ਕਰ ਦਿਤੀ ਏ
ਫੱਟੀ ‘ਤੇ ਮਾਰੀ ਲੀਕ-ਜੁਗਤ
ਤੇ ਹਰਫ ਸਾਈਜ਼ ਦੀ ਵੁੱਕਤ। (ਪੰਨਾ 91)

ਖਤ ਤਾਂ ਅਤੀਤ ਹੋ ਕੇ ਵੀ
ਸ਼ਬਦ-ਸੰਵੇਦਨਾ ਸਾਂਭੀ ਰੱਖਦੇ ਨੇ
ਭਲਾ! ਪਲ ਕੁ ਬਾਅਦ
ਡਿਲੀਟ ਹੋਣ ਵਾਲਾ ਕੁਮੈਂਟ/ਅਪਡੇਟ/ਚੈਟਿੰਗ
ਚੇਤਿਆਂ ‘ਚ ਕਿੰਜ ਵੱਸੇਗਾ
ਤੇ ਹਰਫਾਂ ਨੂੰ ਕਿੰਜ ਦੁੱਖ ਦਸੇਗਾ? (ਪੰਨਾ 94)

ਵਤਨ ਚੱਲਿਆਂ ਹਾਂ, ਬੱਚੇ ਫਿਕਰਮੰਦ ਨੇ
ਖਾਲੀ ਘਰ ਵਿਚ ਪਾਪਾ ਦਾ ਜੀਅ ਨਹੀਂ ਲੱਗਣਾ
ਵਿਹੜੇ ਦੀ ਸੁੰਨ ਤੇ ਕੰਧਾਂ ਦੀ ਚੁੱਪ ਨੂੰ
ਆਪਣੇ ਅੰਤਰੀਵ ‘ਚ ਉਤਾਰ ਪਰਤ ਆਉਣਗੇ
ਤੇ ਫਿਰ ਕਈ ਦਿਨਾਂ ਤੱਕ ਅੰਦਰਲਾ ਦਰਦ
ਹਰਫਾਂ ਨੂੰ ਸੁਣਾਉਣਗੇ (ਪੰਨਾ 105)

ਅਸੀਂ ਤਾਂ ਸਿਰਫ ਘਰਾਂ ਨੂੰ ਪਰਤਦੇ ਹਾਂ
ਸਿਮਰਤੀਆਂ ਨੂੰ ਸਿਜਦਾ ਕਰਨ
ਮਾਂ ਦਾ ਸਿਵਾ ਸੇਕਣ
ਬਾਪ ਦੇ ਕੰਬਦੇ ਹੱਥਾਂ ਦੀ ਆਖਰੀ ਅਸੀਸ ਲੈਣ
ਰਿਸ਼ਤਿਆਂ ਦੀ ਬੇਰੁਖੀ ਦਾ ਦਰਦ ਜ਼ੀਰਨ
ਸਾਂਝਾਂ ‘ਤੇ ਫੋਕੀ ਦਿਲਬਰੀ ਖੁਣਨ
ਜਾਂ ਘਰ-ਜ਼ਮੀਨ ‘ਚੋਂ ਬੇਦਖਲੀ ਦਾ ਨੋਟਿਸ ਬਣਨ। (ਪੰਨਾ 107)

ਬੰਦ ਪਿਆ ਦਰਵਾਜਾ ਏ,
ਫਿਰਨੇ ‘ਤੇ ਤੇਰੀ ਹਵੇਲੀ ਦਾ।
ਹਉਕਾ ਸਾਥੀ ਬਣ ਗਿਆ ਏ,
ਇਸ ਦਰਦਾਂ ਮਾਰੀ ਦੇਹਲੀ ਦਾ।
ਤੇਰੇ ਰੰਬੇ ਕਹੀਆਂ ਦਾਤੀਆਂ ਨੂੰ,
ਘੜੀ ਕੁ ਬਹਿ ਵਰਾ ਆਇਆਂ। (ਪੰਨਾ 112)
ਇਨ੍ਹਾਂ ਵਿਚ ਕਵੀ ਆਪਣੇ ਆਲੇ ਦੁਆਲੇ ‘ਚ ਫੈਲੀ ਅਕਾਵਿਕਤਾ ਨੂੰ ਮਹਿਸੂਸਦਿਆਂ ਜੀਵਨ ਦੇ ਵਕਤੀ ਅਰੂਹੀ ਸਹਿਜ ਅਤੇ ਸੁਹਜ ਦੇ ਰੁਦਨ ਵਿਚ ਖੁੱਭਾ ਲੱਗਦਾ ਹੈ, ਪਰ ਇਸ ਕਵਿਤਾ ਦੇ ਸਮੁੱਚੇ ਚਿੰਤਨ ਦੇ ਰੂ-ਬ-ਰੂ ਜਿਸ ਭੌਂਇ ਦਾ ਇਹ ਹੇਰਵਾ ਹੈ, ਉਹ ਹਾਲੇ, ਰੂਹ ਦੇ ਰੇਜ਼ਿਆਂ ਨੂੰ ਜੋੜ ਜੋੜ ਕੇ, ਸਿਰਜੀ ਜਾਣੀ ਹੈ।
ਤਦ ਹੀ ‘ਰੂਹੀ ਪਿਆਰ’ ਰੂਹ ਰੇਜ਼ਾ ਵਿਚਲੇ ਸੁਪਨਈ-ਸੰਸਾਰ ਦੀ ਸਿਰਜਣਾ ਦਾ ਬੀਜ ਹੈ। ਇਸ ਦੇ ਧੁਰ ਅਚੇਤ ‘ਚ ‘ਬੇ-ਗਮ ਪੁਰਾ’ ਮੌਜੂਦ ਹੈ। ਇਸ ਕਵਿਤਾ ਦੇ ਪ੍ਰਗਤੀਵਾਦ ਅਤੇ ਆਦਰਸ਼ਵਾਦ ਦੀ ਕਰਮ-ਭੂਮੀ ‘ਬੇ-ਗਮ ਪੁਰਾ’ ਹੈ। ਅਜਿਹਾ ਕਰਦਿਆਂ ਇਹ ਕਵਿਤਾ ਸਹਿਜੇ ਹੀ ‘ਉੱਤਰ ਆਧੁਨਿਕ’ ਹੈ।
ਗਹਿਰੇ ਅਚੇਤ ਤਲਾਂ ਤੇ ਰੂਹ ਰੇਜ਼ਾ ਦਾ ਕਵੀ ਆਪਣੀ ਰੂਹ ਦੇ ਰੇਜ਼ਿਆਂ ਨੂੰ ਜੋੜ ਕੇ ਉਸੇ ਮਹਿਬੂਬ ‘ਦਿਲੀ/ਰੂਹੀ ਮੁਹੱਬਤ ਵਾਲੇ ਸਮਾਜ ਦੀ ਧਰਤ ਤੀਕ ਪਹੁੰਚਣ ਦੇ ਆਹਰ ‘ਚ ਹੈ।
ਸਮੇਂ ਦੇ ਅਸਲੀ ਵਰਤਾਰੇ ਦੀ ਸੂਝ ਲਈ ਪਹਿਲਾਂ ਕਵੀ ਨੂੰ ਬੇਸੁਰਤੀ ਨਾਲ ਯੁੱਧ ਕਰਨਾ ਪੈਂਦਾ। ਤਦ ਹੀ, ਰੂਹ ਜੇ ‘ਅਸਲ’ ਹੈ ਅਤੇ ਇਸ ਦੀ ਧੁਨੀ ਕੁਦਰਤ ‘ਚ ਇਕ ਰਸ ਵਰਤਦਾ ਨਿਯਮ/ਹੁਕਮ ਤਾਂ ਸਾਧਕ ਕਵੀ/ਕਲਾਕਾਰ ਨਿਰਸੰਦੇਹ ‘ਕੁਦਰਤੀ ਆਜ਼ਾਦੀ’ ਵਾਲੇ ਜੀਣ-ਥੀਣ ਲਈ ਜੂਝਦੇ ਉਹ ਯੋਧੇ ਹਨ, ਜੋ ਆਪਣੀ ਕਲਾ ਸੂਝ ਰਾਹੀਂ ਲੋਕਮਈ ਜੀਵਨ ਦੀ ਸ਼ਮਾ ਰੌਸਨ ਕਰੀ ਰੱਖਦੇ ਹਨ। ਤਦ ਹੀ ਅਸਲੀ ਕਵੀ ਆਪਣੇ ਸਰੋਤੇ ਅਤੇ ਪਾਠਕ ਦੇ ‘ਸਿਰ ਨੂੰ ਲੋਰ’ ਦੀ ਥਾਂ ‘ਰੂਹ ਨੂੰ ਲਿਸ਼ਕੋਰ’ ਵੰਡਦੇ। ਪੀੜ ਦਾ ਪਰਾਗਾ ਵੰਡਦੇ, ਪਰ ਆਪਣੇ ਸਰੋਦੀ ਰੁਦਨ ਨਾਲ ਸਰੋਤੇ/ਪਾਠਕ ਤੋਂ ਤਾੜੀਆਂ ਬਟੋਰਨ ਦੀ ਥਾਂ ਉਸ ਤੋਂ ਉਸ ਦੀ ਬੇਸੁਰਤੀ ਬਟੋਰ ਲੈਂਦੇ। ਜਾਗ ਦੀ ਪੀੜਾ ਫੇਅ ਜੰਮਦੀ ਰੂਹੀ ਪਹੁ-ਫੁਟਾਲਾ,
ਐਸਾ ਨਾ ਹੋਵੇ ਕਿ
ਦਿਸਹੱਦਿਆਂ ਦਾ ਸਿਰਨਾਵਾਂ
ਭਟਕਣਾ ਦਾ ਨਾਮਕਰਨ ਕਰੇ
ਬਿਨ-ਮੰਜ਼ਲੇ ਪੈਰਾਂ ‘ਚ ਨਰੋਈਆਂ ਪੈੜਾਂ ਉਕਰੇ।

ਇਸ ਤੋਂ ਪਹਿਲਾਂ ਕਿ
ਅਣਹੋਂਦ ਦਾ ਤੁਸੱਵਰ
ਦੀਦਿਆਂ ‘ਚ ਉਤਰ ਆਵੇ
ਨੈਣਾਂ ‘ਚ ਇਕ ਸੰਦਲੀ ਸੁਪਨਾ ਜਰੂਰ ਧਰੀਂ। (ਪੰਨਾ 101)
ਇਸ ਯੁੱਗ ਦੀ ਮੰਡੀ ‘ਚ ਵਿਕਾਊ ਵਸਤ ਵਾਂਗ ਕੁੰਡੀ ‘ਤੇ ਟੰਗਿਆ ਸਿਰ, ਰੂਹੀ ਹੱਥ ਦੀ ਛੋਹ ਉਡੀਕਦਾ ਹੈ ਪਿਆ। ਇਹ ਛੋਹ ਹੀ ਸਿਰ ਦੀ ਮੁਕਤੀ ਹੈ। ਸਿਰ, ਜਿਸ ਨੇ ਮੁਕਤ ਹੋ ਕੇ ‘ਰੂਹੀ-ਮੁਕਤੇ’ ਸਿਰਜਣੇ ਹਨ। ਤਦ ਤੀਕ ਰੂਹ ਤੋਂ ਬੇਪਛਾਣ ਹੋਏ ਸਿਰਾਂ ਉੱਤੇ ‘ਰੂਹੀ ਫੈਹੇ’ ਜਿਹਾ ਹੱਥ ਧਰਦੀ ਇਸ ਸ਼ਾਇਰੀ ਨੂੰ ਜੀ ਆਇਆਂ ਨੂੰ,
ਬੰਦਿਆ!
ਤੂੰ ਬੰਦਿਆਈ ਦੀ ਬੰਸਰੀ
ਭਲਿਆਈ ਦਾ ਮਾਣ
ਸਰਬੱਤ ਦੇ ਭਲੇ ਦਾ ਵਾਰਸ
ਸੇਵਾ, ਸੰਕਲਪ, ਧਿਆਨ
ਤੇਰੀ ਰੂਹ ਮਜੀਠੀ ਰੰਗੜੀ
ਹੈ ਅੰਤਰੀਵੀ ਸ਼ਾਨ
ਬਹਿ ਕੇ ਖੋਜ ਤੂੰ ਖੁਦ ਨੂੰ
ਧਰ ਕੇ ਜਰਾ ਧਿਆਨ। (ਪੰਨਾ 16)