ਪੰਜਾਬੀ ਲੋਕ ਨਾਟ ‘ਨੌਟੰਕੀ’

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185
ਲੋਕ ਮਨੋਰੰਜਨ ਨੂੰ ਲੋਕ ਧਾਰਾ ਦਾ ਅਹਿਮ ਪਹਿਲੂ ਸਮਝਿਆ ਜਾਂਦਾ ਰਿਹਾ ਹੈ। ਪਹਿਲੇ ਸਮਿਆਂ ਵਿਚ ਲੋਕ ਨਾਟਕ ਲੋਕ ਮਨੋਰੰਜਨ ਦਾ ਲੋਕਪ੍ਰਿਅ ਸਾਧਨ ਹੁੰਦਾ ਸੀ ਤੇ ਲੋਕ ਨਾਟ ਦੀਆਂ ਅੱਗੇ ਕਈ ਵੰਨਗੀਆਂ ਹੁੰਦੀਆਂ ਸਨ। ਨੌਟੰਕੀ ਨੂੰ ਲੋਕ ਨਾਟ ਦੀ ਬੜੀ ਹਰਮਨਪਿਆਰੀ ਵੰਨਗੀ ਹੋਣ ਦਾ ਮਾਣ ਪ੍ਰਾਪਤ ਹੁੰਦਾ ਸੀ। ਨੌਟੰਕੀ ਪੰਜਾਬ ਤੋਂ ਇਲਾਵਾ ਕਈ ਹੋਰ ਰਾਜਾਂ ਵਿਚ ਵੀ ਖੇਡੀ ਜਾਂਦੀ ਸੀ। ਨੌਟੰਕੀ ਅਸਲ ਵਿਚ ਇਕ ਤਰ੍ਹਾਂ ਦਾ ਗੀਤ ਨਾਟ ਹੁੰਦਾ ਸੀ, ਜਿਸ ਵਿਚ ਵਾਰਤਾਲਾਪ ਬਹੁਤ ਘੱਟ ਵਰਤੇ ਜਾਂਦੇ ਸਨ ਤੇ ਬਹੁਤੇ ਸੰਵਾਦ ਲੋਕ ਗੀਤਾਂ ਰਾਹੀਂ ਹੀ ਉਚਾਰੇ ਜਾਂਦੇ ਸਨ। ਲੋਕ ਗੀਤਾਂ ਵਿਚ ਨਾਟਕੀ ਅੰਸ਼ਾਂ ਦੀ ਬਹੁਲਤਾ ਕਾਰਨ ਇਸ ਵੰਨਗੀ ਦਾ ਸਮੁੱਚਾ ਪ੍ਰਭਾਵ ਗੀਤ ਨਾਟ ਵਾਲਾ ਹੁੰਦਾ ਸੀ।

ਨੌਟੰਕੀ ਵਿਚ ਗੀਤਾਂ ਨੂੰ ਲੋਕ ਗੀਤਾਂ ਦੀਆਂ ਧੁਨੀਆਂ, ਲੈਅ, ਰਵਾਨੀ ਅਤੇ ਗਾਇਨ ਸ਼ੈਲੀ ਦੇ ਰਸਦਾਇਕ ਲਹਿਜੇ ਵਿਚ ਗਾਇਆ ਜਾਂਦਾ ਸੀ। ਨੌਟੰਕੀ ਖੇਡਣ ਵਾਲੇ ਕਿੱਤਾਵਰ ਕਲਾਕਾਰ ਆਪਣੇ ਜੁੱਟ ਬਣਾ ਲੈਂਦੇ ਤੇ ਵੱਖ ਵੱਖ ਥਾਂਈਂ ਜਾ ਕੇ ਨੌਟੰਕੀਆਂ ਖੇਡਦੇ। ਨੌਟੰਕੀ ਖੇਡਣ ਵਾਲੀਆਂ ਇਨ੍ਹਾਂ ਮੰਡਲੀਆਂ ਦੀ ਲੋਕ ਬੜੀ ਉਤਸੁਕਤਾ ਨਾਲ ਉਡੀਕ ਕਰਦੇ।
ਇਹ ਟੋਲੀਆਂ ਅਕਸਰ ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਨਿਸ਼ਚਿਤ ਸਥਾਨ ‘ਤੇ ਸੂਰਜ ਛਿਪਣ ਪਿੱਛੋਂ ਨੌਟੰਕੀ ਖੇਡਣ ਦੀ ਤਿਆਰੀ ਸ਼ੁਰੂ ਕਰ ਦਿੰਦੀਆਂ। ਪਿੰਡ ਦੇ ਕਿਸੇ ਚੌਕ ਵਿਚ, ਕਿਸੇ ਖੁੱਲ੍ਹੇ ਮੋੜ ‘ਤੇ ਜਾਂ ਕਿਸੇ ਖੁੱਲ੍ਹੇ ਸਥਾਨ ਦੀ ਚੋਣ ਕਰਕੇ ਉਹ ਤਖਤਪੋਸ਼ ਜੋੜ ਕੇ ਰੰਗ ਮੰਚ ਬਣਾ ਲੈਂਦੇ ਜਾਂ ਕਿਸੇ ਥੜ੍ਹੇ ਜਾਂ ਆਮ ਨਾਲੋਂ ਉਚੇ ਸਥਾਨ ਨੂੰ ਰੰਗ ਮੰਚ ਵਜੋਂ ਵਰਤ ਲੈਂਦੇ ਤੇ ਉਸ ਉਤੇ ਨੌਟੰਕੀ ਖੇਡਣੀ ਸ਼ੁਰੂ ਕਰ ਦਿੰਦੇ। ਤਖਤਪੋਸ਼ ਦੇ ਪਿਛਲੇ ਪਾਸੇ ਪਰਦਾ ਲਟਕਾ ਕੇ ਉਹਲਾ ਕਰ ਲਿਆ ਜਾਂਦਾ। ਪਰਦੇ ਦੇ ਪਿੱਛੇ ਜਾ ਕੇ ਕਲਾਕਾਰ ਹਾਰ ਸ਼ਿੰਗਾਰ ਕਰਦੇ ਤੇ ਕੱਪੜੇ ਬਦਲ ਆਉਂਦੇ। ਮੰਚ ਦੇ ਸਾਹਮਣੇ ਅਤੇ ਸੱਜੇ-ਖੱਬੇ ਦੀਆਂ ਬਾਹੀਆਂ ਵਾਲੇ ਪਾਸਿਆਂ ‘ਤੇ ਦਰਸ਼ਕ ਬੈਠ ਜਾਂਦੇ। ਨੌਟੰਕੀ ਖੇਡਣ ਵਾਲੀ ਮੰਡਲੀ ਵਿਚ ਸਾਜ਼ਿੰਦੇ ਵੀ ਹੁੰਦੇ, ਜੋ ਰੰਗ ਮੰਚ ਦੇ ਇਕ ਪਾਸੇ ਬੈਠ ਕੇ ਸਾਜ਼ ਵਜਾਉਂਦੇ ਅਤੇ ਗਾਏ ਜਾਣ ਵਾਲੇ ਗੀਤਾਂ ਤੇ ਅਭਿਨੈ ਦੇ ਪ੍ਰਭਾਵ ਨੂੰ ਗੂੜ੍ਹਿਆਂ ਕਰਦੇ।
ਨੌਟੰਕੀ ਦੀ ਕਹਾਣੀ ਕਿਸੇ ਸੂਰਬੀਰ ਯੋਧੇ, ਇਤਿਹਾਸਕ ਲੋਕ ਨਾਇਕ ਜਾਂ ਪ੍ਰਸਿੱਧ ਪ੍ਰੇਮੀ ਜੋੜੇ ਦੇ ਪ੍ਰੇਮ ਪ੍ਰਸੰਗਾਂ ‘ਤੇ ਆਧਾਰਿਤ ਹੁੰਦੀ। ਸਮੇਂ ਦੀਆਂ ਸਮਾਜਕ, ਸਭਿਆਚਾਰਕ ਹਾਲਤਾਂ ਅਨੁਸਾਰ ਔਰਤ ਪਾਤਰਾਂ ਦੀ ਭੂਮਿਕਾ ਅਲੂਏਂ ਮੁੰਡੇ ਨਿਭਾਉਂਦੇ, ਜਿਸ ਵਿਚ ਉਹ ਬਹੁਤ ਜਚਦੇ।
ਨੌਟੰਕੀ ਦੀ ਰੰਗ ਮੰਚੀ ਪੇਸ਼ਕਾਰੀ ਦੌਰਾਨ ਕਈ ਪਾਤਰ ਦਰਸ਼ਕਾਂ ਨਾਲ ਇਸ ਹੱਦ ਤੱਕ ਘੁਲ-ਮਿਲ ਜਾਂਦੇ ਕਿ ਕਾਰਜ ਨੂੰ ਰੌਚਕ ਬਣਾਉਣ ਲਈ ਕਈ ਵਾਰ ਉਹ ਛਿਣ ਭੰਗਰ ਵਾਸਤੇ ਦਰਸ਼ਕਾਂ ਵਿਚ ਜਾ ਬੈਠਦੇ। ਇੰਜ ਉਹ ਇਕ ਤਰ੍ਹਾਂ ਆਰਾਮ ਵੀ ਕਰ ਲੈਂਦੇ ਤੇ ਮੁੜ ਸਟੇਜ ‘ਤੇ ਜਾ ਕੇ ਆਪਣੇ ਕਿਰਦਾਰ ਨੂੰ ਆਪਣੀ ਪਹਿਲਾਂ ਵਾਲੀ ਜਾਂ ਕਿਸੇ ਨਵੀਂ ਭੂਮਿਕਾ ਵਿਚ ਢਾਲ ਕੇ ਨੌਟੰਕੀ ਦੇ ਕਥਾਨਕ ਵਿਚ ਕੋਈ ਨਾਟਕੀ ਮੋੜ ਵੀ ਲੈ ਆਉਂਦੇ। ਨੌਟੰਕੀ ਦੀ ਮੰਡਲੀ ਦਾ ਮੁਖੀ ਕਿਸੇ ਕੇਂਦਰੀ, ਪ੍ਰਮੁੱਖ ਤੇ ਖਾਸ ਕਿਰਦਾਰ ਦੀ ਭੂਮਿਕਾ ਨਿਭਾਉਣ ਵਾਲਾ ਪਾਤਰ ਹੁੰਦਾ। ਕਈ ਥਾਂਈਂ ਨੌਟੰਕੀ ਦੇ ਕਥਾਨਕ ਵਿਚ ਆਉਣ ਵਾਲੇ ਘਾਪਿਆਂ ਨੂੰ ਮੰਡਲੀ ਦਾ ਮੁਖੀ ਸੂਤਰਧਾਰ ਬਣ ਕੇ ਆਪਣੇ ਸੰਵਾਦਾਂ ਜਾਂ ਗੀਤਾਂ ਰਾਹੀਂ ਬੜੀ ਜੁਗਤੀ ਨਾਲ ਭਰਦਾ ਜਾਂਦਾ।
ਨੌਟੰਕੀ ਵਿਚ ਕਿਸੇ ਮਜ਼ਾਹੀਆ ਪਾਤਰ ਦੀ ਮੌਜੂਦਗੀ ਨੂੰ ਬਣਾਈ ਰੱਖਣਾ ਵੀ ਜ਼ਰੂਰੀ ਸਮਝਿਆ ਜਾਂਦਾ। ਉਹ ਆਪਣੇ ਮਜ਼ਾਹੀਆ ਅੰਦਾਜ਼ ਵਿਚ ਹਾਸੇ ਮਜ਼ਾਕ ਵਾਲਾ ਮਾਹੌਲ ਬਣਾਈ ਰੱਖਦਾ। ਉਹ ਆਪਣੀ ਅਭਿਨੈ ਕਲਾ ਨਾਲ ਦਰਸ਼ਕਾਂ ਦੇ ਧਿਆਨ ਨੂੰ ਨੌਟੰਕੀ ਦੇ ਕਾਰਜ ਨਾਲ ਜੋੜੀ ਰੱਖਣ ਦੀ ਕਲਾ ਵਿਚ ਮਾਹਿਰ ਹੁੰਦਾ। ਪੰਜਾਬ ਵਿਚ ਲੱਗਦੇ ਮੇਲਿਆਂ ਵਿਚ ਜੁੜਦੀ ਭੀੜ ਦਾ ਵੱਡਾ ਹਿੱਸਾ ਨੌਟੰਕੀ ਖੇਡਣ ਵਾਲੇ ਸਥਾਨ ਵੱਲ ਸਹਿਜੇ ਹੀ ਖਿੱਚਿਆ ਜਾਂਦਾ ਸੀ।
ਇਸ ਗੀਤ ਨਾਟ ਦਾ ਨਾਂ ਨੌਟੰਕੀ ਪੈ ਜਾਣ ਦੇ ਪਿਛੋਕੜ ਨਾਲ ਵੀ ਇਕ ਬੜੀ ਰੌਚਕ ਤੇ ਭਾਵਨਾਵਾਂ ਨੂੰ ਟੁੰਬਣ ਵਾਲੀ ਪ੍ਰੇਮ ਕਥਾ ਦਾ ਪ੍ਰਸੰਗ ਜੁੜਦਾ ਹੈ। ਕਹਿੰਦੇ ਹਨ, ਮੁਲਤਾਨ ਦੀ ਇਕ ਬੇਹੱਦ ਖੂਬਸੂਰਤ ਰਾਜਕੁਮਾਰੀ, ਜਿਸ ਦਾ ਨਾਂ ਨੌਟੰਕੀ ਸੀ, ਦੀ ਅਦਭੁੱਤ ਪ੍ਰੇਮ ਗਾਥਾ ‘ਤੇ ਆਧਾਰਿਤ ਜੋ ਗੀਤ ਨਾਟਕ ਖੇਡੇ ਜਾਂਦੇ ਸਨ, ਉਨ੍ਹਾਂ ਨੂੰ ਨੌਟੰਕੀ ਕਿਹਾ ਜਾਣ ਲੱਗ ਪਿਆ। ਫਿਰ ਹੌਲੀ ਹੌਲੀ ਹੋਰ ਗਾਥਾਵਾਂ ਵਾਲੇ ਗੀਤ ਨਾਟਕਾਂ ਨੂੰ ਵੀ ਨੌਟੰਕੀ ਕਿਹਾ ਜਾਣ ਲੱਗਾ (ਉਸ ਦਿਲਚਸਪ ਕਹਾਣੀ ਨੂੰ ਬਿਆਨਣ ਦੀ ਇਥੇ ਗੁੰਜਾਇਸ਼ ਨਹੀਂ ਹੈ)।
ਕਹਿੰਦੇ ਹਨ, ਉਸ ਅਤਿਅੰਤ ਰੁਮਾਂਟਿਕ, ਰੌਚਕ ਤੇ ਦਿਲਚਸਪ ਕਹਾਣੀ ਵਿਚਲੇ ਨਾਟਕੀ ਅੰਸ਼ਾਂ, ਰੁਮਾਂਟਿਕ ਦ੍ਰਿਸ਼ਾਂ, ਦੁਖਾਂਤਕ ਅੰਸ਼ਾਂ ਤੇ ਉਤਸੁਕਤਾ ਭਰਪੂਰ ਕਥਾਨਕ ਨੂੰ ਬੜੇ ਕਲਾ ਭਰਪੂਰ ਢੰਗ ਨਾਲ ਪੇਸ਼ ਕੀਤਾ ਜਾਂਦਾ। ਦਰਸ਼ਕ ਇਸ ਗੀਤ ਨਾਟ ਦਾ ਪੂਰਾ ਅਨੰਦ ਮਾਣਦੇ। ਸਮੇਂ ਦੇ ਗੇੜ ਨਾਲ ਇਸ ਸ਼ੈਲੀ ਵਿਚ ਕਈ ਹੋਰ ਗਾਥਾਵਾਂ ਨੂੰ ਪੇਸ਼ ਕਰਨ ਵਾਲੇ ਹੋਰ ਗੀਤ ਨਾਟਕਾਂ ਨੂੰ ਵੀ ਨੌਟੰਕੀ ਕਿਹਾ ਜਾਣ ਲੱਗ ਪਿਆ।
ਨੌਟੰਕੀ ਵਿਚ ਗੀਤ-ਸੰਗੀਤ ਦਾ ਵਿਸ਼ੇਸ਼ ਸਥਾਨ ਅਤੇ ਮਹੱਤਵ ਹੁੰਦਾ ਸੀ। ਪਾਤਰ ਲੋਕ ਗੀਤਾਂ, ਗੀਤਾਂ ਦੇ ਮਾਧਿਅਮ ਰਾਹੀਂ ਸੰਵਾਦ ਰਚਾਉਂਦੇ। ਲੋਕ ਗੀਤ ਲੋਕ ਮਕਬੂਲੀਅਤ ਪ੍ਰਾਪਤ ਪ੍ਰਚਲਿਤ ਲੋਕ ਧੁਨਾਂ ਵਿਚ ਗਾਏ ਜਾਣ ਵਾਲੇ ਹੁੰਦੇ ਸਨ। ਨੌਟੰਕੀ ਵਿਚ ਹਾਸਾ ਮਜ਼ਾਕ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ। ਪੰਜਾਬ ਤੇ ਰਾਜਸਥਾਨ ਵਿਚ ਨੌਟੰਕੀ ਨੂੰ ਇਕ ਪ੍ਰਸਿੱਧ ਗੀਤ ਨਾਟ ਵਜੋਂ ਜਾਣਿਆ ਜਾਂਦਾ ਰਿਹਾ ਹੈ। ਨੌਟੰਕੀ ਪੰਜਾਬੀ ਲੋਕ ਨਾਟ ਤੇ ਵਿਰਸੇ ਦੀ ਮਾਣਮੱਤੀ ਪ੍ਰਾਪਤੀ ਹੈ, ਜਿਸ ਨੇ ਲੋਕ ਚੇਤਿਆਂ ਵਿਚ ਅਜੇ ਤੱਕ ਵੀ ਆਪਣਾ ਅਹਿਮ ਸਥਾਨ ਬਣਾਈ ਰੱਖਿਆ ਹੈ। ਹੁਣ ਸਿਮ੍ਰਿਤੀਆਂ ਦੇ ਝਰੋਖਿਆਂ ਵਿਚ ਪਈ ਇਸ ਮਾਣਮੱਤੀ ਕਲਾ ਦੇ ਮਿਟ ਜਾਣ ਦੇ ਸੁਭਾਵਿਕ ਸੰਸਿਆਂ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ।