ਆਓ ਕਿਤਾਬਾਂ ਪੜ੍ਹੀਏ

ਪ੍ਰਗਟ ਸਿੰਘ ਟਾਂਡਾ
ਫੋਨ: 91-97793-69261
ਗਿਆਨ ਮਨੁੱਖੀ ਜੀਵਨ ਦੀ ਚੂਲ ਹੈ। ਗਿਆਨ ਦੀ ਘਾਟ ਕਾਰਨ ਹੀ ਲੋਕ ਗੁਲਾਮ ਬਣਦੇ ਹਨ। ਭਾਵੇਂ ਗਿਆਨ ਦੇ ਅੱਜ ਕਲ ਬਹੁਤ ਸਾਰੇ ਸਰੋਤ ਜਿਵੇਂ ਇੰਟਰਨੈਟ, ਸੋਸ਼ਲ ਮੀਡੀਆ, ਟੀ. ਵੀ., ਸੰਤਾਂ, ਲੀਡਰਾਂ ਆਦਿ ਦੇ ਭਾਸ਼ਣ ਆਦਿ ਹਨ, ਪਰ ਕਿਤਾਬਾਂ ਦੇ ਮੁਕਾਬਲੇ ਇਹ ਸਭ ਫਿੱਕੇ ਹੀ ਹਨ। ਇਨ੍ਹਾਂ ਦਾ ਗਿਆਨ ਵੀ ਟੁੱਟਵਾਂ ਹੁੰਦਾ ਹੈ। ਸਾਨੂੰ ਪਤਾ ਹੈ ਕਿ ਅੰਸ਼ਕ ਗਿਆਨ ਖਤਰਨਾਕ ਹੁੰਦਾ ਹੈ। ਕਿਤਾਬਾਂ ਦੇ ਸਹਾਰੇ ਹੀ ਦੁਨੀਆਂ ਵਿਚ ਕਈ ਥਾਂਈਂ ਕ੍ਰਾਂਤੀਆਂ ਆਈਆਂ ਹਨ। ਵੱਡੇ-ਵੱਡੇ ਬਿਜਨਸਮੈਨ, ਫਿਲਾਸਫਰ, ਲੀਡਰ ਆਦਿ ਸਾਰੇ ਕਿਤਾਬਾਂ ਪੜ੍ਹਦੇ ਹਨ। ਕਹਿੰਦੇ ਹਨ, ਭਗਤ ਸਿੰਘ ਵੀ ਆਪਣੇ ਕੋਟ ਵਿਚ ਕਿਤਾਬਾਂ ਰੱਖਦੇ ਸਨ ਅਤੇ ਖੁਦ ਪੜ੍ਹਦੇ ਤੇ ਆਪਣੇ ਦੋਸਤਾਂ ਨੂੰ ਵੀ ਪੜ੍ਹਨ ਲਈ ਦਿੰਦੇ ਸਨ। ਗਿਆਨ ਦੀ ਲਾਲਸਾ ਦੀ ਜਦੋਂ ਆਦਤ ਪੈ ਜਾਵੇ ਤਾਂ ਇਨਸਾਨ ਵਾਧੂ ਸਮਾਂ ਅਜਾਈਂ ਨਹੀਂ ਗਵਾਉਂਦਾ, ਸਗੋਂ ਕਿਤਾਬਾਂ ਪੜ੍ਹਨ ਵਿਚ ਲਾਉਂਦਾ ਹੈ। ਇਸ ਤਰ੍ਹਾਂ ਉਹ ਨਿੰਦਾ-ਚੁਗਲੀ ਦੀ ਆਦਤ ਤੋਂ ਵੀ ਬਚਿਆ ਰਹਿੰਦਾ ਹੈ।

ਸਥਾਨਕ ਦੁਕਾਨਾਂ ‘ਤੇ ਤਾਂ ਸਿਰਫ ਸਕੂਲ ਦੀਆਂ ਪਾਠ ਪੁਸਤਕਾਂ ਹੀ ਮਿਲਦੀਆਂ ਹਨ। ਅਸਲ ਵਿਚ ਇਨ੍ਹਾਂ ਕਿਤਾਬਾਂ ਵਿਚੋਂ ਹੀ ਉਨ੍ਹਾਂ ਨੂੰ ਆਮਦਨ ਹੁੰਦੀ ਹੈ। ਗਿਆਨ ਭਰਪੂਰ ਕਿਤਾਬਾਂ ਲੋਕ ਘਟ ਪੜ੍ਹਦੇ ਹਨ। ਮਾਰਕੀਟ ਨਾ ਹੋਣ ਕਰਕੇ ਦੁਕਾਨਦਾਰ ਮਾਲ ਨਹੀਂ ਲਿਆਉਂਦੇ, ਇਸ ਤਰ੍ਹਾਂ ਲੇਖਕ ਨੂੰ ਵੀ ਕਿਤਾਬ ਲਿਖਣ ਦਾ ਬਲ ਨਹੀਂ ਮਿਲਦਾ। ਅੰਤ ਗਿਆਨ ਦੀ ਘਾਟ ਕਾਰਨ ਪੂਰੇ ਸਮਾਜ ਨੂੰ ਘਾਟਾ ਹੁੰਦਾ ਹੈ।
ਅਸਲ ਵਿਚ ਇਸ ਦਾ ਇੱਕ ਕਾਰਨ ਸਾਡੀ ਸਿਖਿਆ ਪ੍ਰਣਾਲੀ ਵੀ ਹੈ, ਜਿੱਥੇ ਸਾਨੂੰ ਬਣੇ-ਬਣਾਏ ਉਤਰ ਰੱਟਾ ਮਾਰਨੇ ਸਿਖਾਏ ਜਾਂਦੇ ਹਨ। ਇਸ ਤਰ੍ਹਾਂ ਪੜ੍ਹਾਈ ਬੋਝ ਲੱਗਣ ਲੱਗ ਜਾਂਦੀ ਹੈ। ਵਿਦਿਆਰਥੀ ਸਿਰਫ ਨੰਬਰ ਲੈਣ ਤੇ ਨੌਕਰੀ ਪ੍ਰਾਪਤੀ ਹਿਤ ਹੀ ਪੜ੍ਹਨਾ ਚਾਹੁੰਦਾ ਹੈ। ਆਈਲੈਟਸ (ੀਓ.ਠੰ) ਦੀ ਕਲਾਸ ਵਿਚ ਜਦੋਂ ਬੱਚਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਵਿਚੋਂ ਕਿੰਨਿਆਂ ਨੇ ਕੋਈ ਨਾਵਲ ਪੜ੍ਹਿਆ ਹੈ ਤਾਂ ਇੱਕ-ਦੋ ਹੀ ਹੱਥ ਖੜ੍ਹਾ ਕਰਦੇ ਹਨ!
ਸੋ ਲੋੜ ਹੈ ਲੋਕਾਂ, ਖਾਸ ਕਰਕੇ ਵਿਦਿਆਰਥੀਆਂ ਵਿਚ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਦੀ। ਭਾਰਤ ਦੀ ਸੱਠ ਫੀਸਦੀ ਤੋਂ ਵੱਧ ਆਬਾਦੀ ਜਵਾਨਾਂ ਦੀ ਹੈ। ਇਸ ਦਾ ਫਾਇਦਾ ਤਾਂ ਹੀ ਲਿਆ ਜਾ ਸਕਦਾ ਹੈ, ਜੇ ਇਹ ਲੋਕ ਗਿਆਨ ਭਰਪੂਰ ਹੋਣ। ਸਾਨੂੰ ਆਪਣੇ ਇਤਿਹਾਸ, ਸੰਵਿਧਾਨ, ਭੁਗੋਲ, ਅਰਥਚਾਰੇ, ਵਾਤਾਵਰਣ, ਚਲੰਤ ਮਾਮਲਿਆਂ, ਲੋਕ ਵਿਹਾਰ, ਜ਼ਿੰਦਗੀ ਜਿਉਣ ਦੇ ਗੁਣਾਂ, ਮਹਾਨ ਪੁਰਖਾਂ ਆਦਿ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਆਪਣੀ ਉਮਰ, ਲੋੜ ਅਤੇ ਦਿਲਚਸਪੀ ਆਦਿ ਦੇ ਹਿਸਾਬ ਨਾਲ ਜੇ ਕੋਈ ਕਿਤਾਬਾਂ ਬਾਰੇ ਜਾਣਨਾ ਚਾਹੁੰਦਾ ਹੈ ਤਾਂ ਯੂਟਿਊਬ ‘ਤੇ ਇਸ ਨਾਲ ਸਬੰਧਿਤ ਕਈ ਵੀਡੀਓ ਹਨ।
Aਮਅਡੋਨ।ਨਿ, ਾਲਪਿਕਅਰਟ।ਚੋਮ, ੁਨਸਿਟਅਰਬੋਕਸ।ਚੋਮ, ਅਪਨਅੋਰਗ।ਚੋਮ, ਫੁਨਜਅਬਲਿਬਿਰਅਰੇ।ਚੋਮ, ਝਸਕਸ।ਬਡਿ ਆਦਿ ਵੈਬਸਾਈਟਾਂ ਉਤੇ ਵੱਖ-ਵੱਖ ਭਾਸ਼ਾਵਾਂ ਅਤੇ ਵਿਸ਼ਿਆਂ ‘ਤੇ ਕਾਫੀ ਕਿਤਾਬਾਂ ਉਪਲਬਧ ਹਨ। ਹਰ ਜਿਲੇ ਦੀ ਕਿਤਾਬਾਂ ਦੀ ਮੁੱਖ ਮਾਰਕੀਟ ਵਿਚ ਵੀ ਇੱਕ-ਦੋ ਦੁਕਾਨਾਂ ਸਾਹਿਤਕ ਕਿਤਾਬਾਂ ਦੀਆਂ ਵੀ ਹੁੰਦੀਆਂ ਹਨ।
ਸਮਾਜਕ ਜਥੇਬੰਦੀਆਂ, ਸਕੂਲਾਂ-ਕਾਲਜਾਂ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ ਕਿਤਾਬਾਂ ਦੀ ਨੁਮਾਇਸ਼ ਲਵਾਉਣ। ਵਿਆਹ-ਸ਼ਾਦੀਆਂ ਆਦਿ ਵੇਲੇ ਵੀ ਇੱਕ ਸਟਾਲ ਕਿਤਾਬਾਂ ਦਾ ਹੋਣਾ ਚਾਹੀਦਾ ਹੈ। ਗਿਫਟ ਦੇ ਰੂਪ ਵਿਚ ਵੀ ਕਿਤਾਬਾਂ ਨੂੰ ਪਹਿਲ ਦਿੱਤੀ ਜਾਵੇ। ਆਮ ਗੱਪ-ਸ਼ੱਪ ਦੌਰਾਨ ਵੀ ਕਿਤਾਬਾਂ ਬਾਰੇ ਚਰਚਾ ਕੀਤੀ ਜਾਵੇ।
ਨਵੀਂ ਪਨੀਰੀ ਵਿਚ ਕਿਤਾਬਾਂ ਪੜ੍ਹਨ ਦੀ ਦਿਲਚਸਪੀ ਪੈਦਾ ਕਰਨ ਲਈ ਹੇਠਾਂ ਦਿੱਤੀ ਸਕੀਮ ਵਰਤੀ ਜਾ ਸਕਦੀ ਹੈ:
ਹਰ ਇੱਕ ਸਫੇ ਲਈ ਇੱਕ ਜਾਂ ਦੋ ਰੁਪਏ ਇਨਾਮ ਵਜੋਂ ਰੱਖੇ ਜਾ ਸਕਦੇ ਹਨ। ਹਦਾਇਤ ਕੀਤੀ ਜਾਵੇ ਕਿ ਹਰ ਇੱਕ ਸ਼ਬਦ ਦੇ ਥੱਲੇ ਪੈਨਸਿਲ ਨਾਲ ਲਕੀਰ ਲਾਈ ਜਾਵੇ, ਇਸ ਤਰ੍ਹਾਂ ਉਹ ਸ਼ਬਦ ਵੀ ਜ਼ਰੂਰ ਪੜ੍ਹ ਹੋ ਜਾਵੇਗਾ, ਪੜ੍ਹੇ ਹੋਏ ਸਫੇ ਗਿਣਨ ਵਿਚ ਵੀ ਮਦਦ ਹੋਵੇਗੀ।
ਕਿਤਾਬਾਂ ਮਨੁੱਖ ਦੀਆਂ ਚੰਗੀਆਂ ਦੋਸਤ ਹਨ। ਸਾਨੂੰ ਉਨ੍ਹਾਂ ਨਾਲ ਗੂੜ੍ਹੀ ਯਾਰੀ ਪਾ ਕੇ ਆਪਣੇ ਤੇ ਮਾਨਵਤਾ ਦੇ ਵਿਕਾਸ ਵਿਚ ਹਿੱਸਾ ਪਾਉਣਾ ਚਾਹੀਦਾ ਹੈ।