ਮਿੰਟੂ ਬਰਾੜ ਆਸਟ੍ਰੇਲੀਆ
ਫੋਨ: +61434289905
ਮਾਲਵੇ ਦੇ ਕ੍ਰਾਂਤੀਕਾਰੀ ਲੇਖਕ ਜਗਸੀਰ ਜੀਦਾ ਦੀ ਇਹ ਬੋਲੀ ‘ਬੰਦੇ ਮਾਰਨ ਲਈ ਖੋਜੀਆਂ ਮਿਜ਼ਾਈਲਾਂ ਤੇ ਨਰਮੇ ਦੀ ਸੁੰਡੀ ਨਾ ਮਰੇ’ ਅੱਜ ਵਾਰ-ਵਾਰ ਜ਼ਿਹਨ ‘ਚ ਦਸਤਕ ਦੇ ਰਹੀ ਹੈ। ਭਾਵੇਂ ਬਾਈ ਜਗਸੀਰ ਦੀ ਇਹ ਰਚਨਾ ਮਾਲਵੇ ਦੇ ਨਰਮਾ ਉਤਪਾਦਕ ਜ਼ਿਮੀਂਦਾਰ ਦੀ ਪੀੜ ‘ਚੋਂ ਨਿਕਲੀ ਹੋਈ ਹੈ, ਪਰ ਅੱਜ ਅੱਗ ‘ਚ ਸੜ ਰਹੇ ਆਸਟ੍ਰੇਲੀਆ ਨੂੰ ਦੇਖ ਕੇ ਕੁਝ ਇਹੋ ਜਿਹੀ ਬੋਲੀ ਮੇਰੇ ਜ਼ਿਹਨ ‘ਚ ਘੁੰਮ ਰਹੀ ਹੈ ਕਿ ‘ਨਾਮ ਚੋਟੀ ਦੇ ਮੁਲਕਾਂ ‘ਚ ਬੋਲਦਾ ਤੇ ਘਰ ਲੱਗੀ ਅੱਗ ਨਾ ਬੁੱਝੇ।’
ਇਹੋ ਸੱਚ ਹੈ ਅੱਜ ਦੀ ਘੜੀ ਤਾਂ। ਕਰੀਬ ਦੋ-ਢਾਈ ਸਦੀਆਂ ‘ਚ ਆਸਟ੍ਰੇਲੀਆ ਦੁਨੀਆਂ ਦੇ ਮੋਹਰੀ ਮੁਲਕਾਂ ‘ਚ ਆਪਣਾ ਨਾਂ ਦਰਜ ਕਰਵਾ ਗਿਆ। ਇਕੱਲੇ ਭਾਰਤੀਆਂ ਦੀ ਹੀ ਨਹੀਂ, ਦੁਨੀਆਂ ਦੇ ਬਹੁਤੇ ਮੁਲਕਾਂ ਦੇ ਲੋਕਾਂ ਦੀ, ਪਰਵਾਸ ਕਰਨ ਲਈ ਆਸਟ੍ਰੇਲੀਆ ਪਹਿਲੀ ਪਸੰਦ ਹੈ। ਜਦੋਂ-ਕਦੇ ਸਰਵੇਖਣ ਹੁੰਦੇ ਹਨ ਤਾਂ ਰਹਿਣ ਲਈ ਸਭ ਤੋਂ ਚੰਗੇ ਸ਼ਹਿਰਾਂ ‘ਚ ਆਸਟ੍ਰੇਲੀਆ ਦੇ ਕਈ ਸ਼ਹਿਰ ਆਉਂਦੇ ਹਨ। ਸੋਸ਼ਲ ਸਿਕਿਉਰਿਟੀ ‘ਚ ਆਸਟ੍ਰੇਲੀਆ ਦੀ ਅਮਰੀਕਾ ਵੀ ਰੀਸ ਨਹੀਂ ਕਰ ਸਕਦਾ। ਹੈਲਥ ਅਤੇ ਸੇਫਟੀ ਦੇ ਮਾਮਲੇ ‘ਚ ਆਸਟ੍ਰੇਲੀਆ ਏਨਾ ਚੌਕਸ ਹੈ ਕਿ ਭਾਵੇਂ ਕਿੰਨਾ ਵੀ ਨੁਕਸਾਨ ਹੋ ਜਾਵੇ, ਪਰ ਬੰਦੇ ਦੀ ਜਾਨ ਅਤੇ ਸਿਹਤ ਨਾਲ ਕੋਈ ਸਮਝੌਤਾ ਨਹੀਂ। ਸਾਫ ਆਬੋ-ਹਵਾ, ਸ਼ੁੱਧ ਖਾਣ-ਪੀਣ, ਚੰਗੀਆਂ ਡਾਕਟਰੀ ਸਹੂਲਤਾਂ, ਚੰਗੀ ਪੜ੍ਹਾਈ-ਲਿਖਾਈ ਤੇ ਚੰਗੀਆਂ ਖੇਡਾਂ। ਏਨਾ ਕੁਝ ਚੰਗਾ ਹੋਣ ਦੇ ਬਾਵਜੂਦ ਅੱਜ ਆਸਟ੍ਰੇਲੀਆ ਦੁਨੀਆਂ ਦੀ ਨਜ਼ਰ ‘ਚ ਤਰਸ ਦਾ ਪਾਤਰ ਬਣਿਆ ਹੋਇਆ ਹੈ; ਕਾਰਨ ਹੈ, ਇੱਥੇ ਲੱਗੀਆਂ ਅੱਗਾਂ।
ਅੱਗਾਂ ਦਾ ਇਤਿਹਾਸ: ਭਾਵੇਂ ਆਸਟ੍ਰੇਲੀਆ ‘ਚ ਜੀਵਨ ਹਜ਼ਾਰਾਂ ਸਾਲ ਪਹਿਲਾਂ ਤੋਂ ਪਾਇਆ ਜਾਂਦਾ ਹੈ, ਪਰ ਜੋ ਰਿਕਾਰਡ ਦਰਜ ਹੋਇਆ ਮਿਲਦਾ ਹੈ, ਉਸ ਮੁਤਾਬਿਕ 1851 ਤੋਂ ਲੈ ਕੇ ਹੁਣ ਤੱਕ 800 ਤੋਂ ਵੱਧ ਇਨਸਾਨ ਅਤੇ ਲੱਖਾਂ ਦੀ ਗਿਣਤੀ ‘ਚ ਜਾਨਵਰ ਅੱਗਾਂ ਕਾਰਨ ਮਾਰੇ ਜਾ ਚੁਕੇ ਹਨ। ਪਿਛਲੀ ਡੇਢ ਸਦੀ ਦੌਰਾਨ ਆਏ ਇਨ੍ਹਾਂ ਭਿਆਨਕ ਦਿਨਾਂ ਦੀ ਮਾੜੀ ਯਾਦ ਆਸਟ੍ਰੇਲੀਆ ਵੱਸਦੇ ਲੋਕਾਂ ਦੇ ਮਨਾਂ ‘ਚ ਵੱਖੋ-ਵੱਖ ਨਾਂਵਾਂ ਨਾਲ ਉਕਰੀ ਪਈ ਹੈ। ‘ਕਾਲੇ ਵੀਰਵਾਰ’, ‘ਕਾਲੇ ਸਨਿਚਰਵਾਰ’ ਜਾ ‘ਸਵਾਹ ਰੰਗੇ ਬੁੱਧਵਾਰ’ ਦੀ ਗੱਲ ਅੱਜ ਵੀ ਪ੍ਰਭਾਵਿਤ ਲੋਕਾਂ ਦਾ ਗੱਚ ਭਰ ਦਿੰਦੀ ਹੈ।
ਇਤਿਹਾਸਕਾਰ ਲਿਖਦੇ ਹਨ ਕਿ 6 ਫਰਵਰੀ 1851, ਦਿਨ ਵੀਰਵਾਰ ਨੂੰ ਬਹੁਤ ਸਾਰੇ ਇਨਸਾਨ, ਦਸ ਲੱਖ ਤੋਂ ਉਤੇ ਭੇਡਾਂ ਅਤੇ ਅਣਗਿਣਤ ਹੋਰ ਜਾਨਵਰ ਅੱਗ ਦੀ ਭੇਟ ਚੜ੍ਹ ਗਏ ਸਨ, ਜਿਸ ਕਾਰਨ ਇਸ ਦਿਨ ਨੂੰ ‘ਕਾਲੇ ਵੀਰਵਾਰ’ ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਹੈ।
ਆਸਟ੍ਰੇਲੀਆ ਦੇ ਇਤਿਹਾਸ ‘ਚ ਹੁਣ ਤੱਕ ਦੀ ਸਭ ਤੋਂ ਭਿਆਨਕ ਅੱਗ 7 ਫਰਵਰੀ 2009 ਨੂੰ ਲੱਗੀ ਸੀ, ਜਿਸ ਦੌਰਾਨ 173 ਇਨਸਾਨ, ਅਣਗਿਣਤ ਜਾਨਵਰ ਤੇ ਪੰਛੀ ਇਸ ਦੀ ਲਪੇਟ ‘ਚ ਆਏ ਸਨ। ਇਸ ਕਾਲੇ ਸਨਿਚਰਵਾਰ ਨੂੰ 400 ਦੇ ਕਰੀਬ ਵੱਖ-ਵੱਖ ਥਾਂਵਾਂ ‘ਤੇ ਅੱਗ ਨੇ ਤਬਾਹੀ ਮਚਾਈ ਸੀ, ਜਿਸ ਵਿਚ 11 ਲੱਖ ਏਕੜ ਜ਼ਮੀਨ, ਕਰੀਬ 2000 ਰਿਹਾਇਸ਼ੀ ਘਰਾਂ ਸਮੇਤ 3500 ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਸਨ। ਕਰੀਬ 400 ਲੋਕ ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਗਏ ਸਨ।
ਇਸ ਅੱਗ ‘ਚ ਸਾਡੇ ਇੱਕ ਪੰਜਾਬੀ ਚਰਨਾਮਤ ਸਿੰਘ ਦੇ ਪਰਿਵਾਰ ਨੇ ਵੀ ਆਪਣਾ ਸਭ ਕੁਝ ਗੁਆ ਲਿਆ ਸੀ। ਬੱਸ ਵਾਹਿਗੁਰੂ ਦਾ ਸ਼ੁਕਰ ਹੈ ਕਿ ਕਿਸੇ ਜਾਨੀ ਨੁਕਸਾਨ ਤੋਂ ਉਹ ਬਚ ਗਏ ਸਨ। ਦੁਨੀਆਂ ਭਰ ‘ਚ ਚਰਨਾਮਤ ਸਿੰਘ ਨੂੰ ਜਾਣਨ ਵਾਲੇ ਹਾਸਿਆਂ ਦਾ ਵਣਜਾਰਾ ਸਮਝਦੇ ਹਨ, ਪਰ ਉਨ੍ਹਾਂ ਦੇ ਨਜ਼ਦੀਕੀ ਜਾਣਦੇ ਹਨ ਕਿ ਉਨ੍ਹਾਂ ਦੇ ਹਾਸਿਆਂ ਥੱਲੇ ਜੋ ਅੱਗ ਮੱਚਦੀ ਹੈ, ਉਸ ਨੂੰ ਯਾਦ ਕਰਕੇ ਉਹ ਅੱਜ ਵੀ ਡੌਰ-ਭੌਰ ਹੋ ਜਾਂਦੇ ਹਨ। ਉਹ ਦੱਸਦੇ ਹਨ ਕਿ ਅੱਗ ਉਨ੍ਹਾਂ ਦੇ ਫਾਰਮ ਤੋਂ ਕਾਫੀ ਦੂਰ ਸੀ, ਪਰ ਹਵਾ ‘ਚ ਉਡ ਕੇ ਆਇਆ ਇਕ ਫਲੂਆ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਭਰ ਦੀ ਕਮਾਈ ਨੂੰ ਸੁਆਹ ਕਰ ਗਿਆ।
ਹਰ ਸਾਲ ਅੱਗ ਪੀੜਤਾਂ ਦੀ ਗਿਣਤੀ ਵਧਦੀ ਜਾਂਦੀ ਹੈ। ਪਿਛਲੇ ਸਾਲਾਂ ਦੇ ਅੰਕੜੇ ਤਾਂ ਸਦਾ ਲਈ ਦਰਜ ਹੋ ਚੁਕੇ ਹਨ ਤੇ ਇਸ ਸਾਲ ਦੇ ਅੰਕੜੇ ਚਾਰ ਕੁ ਦਿਨਾਂ ਨੂੰ ਦਰਜ ਹੋ ਜਾਣਗੇ। ਇਹ ਸਵਾਲ ਹਰ ਇਕ ਦੇ ਮਨ ‘ਚ ਹੈ ਕਿ ਕੀ ਆਸਟ੍ਰੇਲੀਆ ਜਿਹਾ ਵਿਕਸਿਤ ਦੇਸ਼ ਇਸ ਦਾ ਕੋਈ ਹੱਲ ਨਹੀਂ ਕੱਢ ਸਕਦਾ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਅੱਗਾਂ ਲੱਗਣ ਦੇ ਕਾਰਨ ਕੀ ਹਨ?
ਕਾਰਨ ਕਈ ਹਨ। ਸੰਖੇਪ ਇਹ ਹੈ ਕਿ ਆਸਟ੍ਰੇਲੀਆ ‘ਚ ਸੂਰਜ ਦੀ ਤਪਸ਼ ਗਰਮੀਆਂ ‘ਚ ਬਨਸਪਤੀ ਨੂੰ ਇੰਨਾ ਸੁਕਾ ਦਿੰਦੀ ਹੈ ਕਿ ਸੁੱਕੀ ਬਨਸਪਤੀ ਅੱਗ ਨੂੰ ਬਹੁਤ ਹੀ ਤੇਜ਼ੀ ਨਾਲ ਫੜਦੀ ਹੈ। ਇਸ ਤੋਂ ਬਿਨਾ ਇਥੋਂ ਦੇ ਜੰਗਲਾਂ ਅਤੇ ਖਾਲੀ ਥਾਂਵਾਂ ‘ਤੇ ਜ਼ਿਆਦਾਤਰ ਸਫੈਦੇ ਅਤੇ ਪਾਈਨ ਦੇ ਦਰਖਤ ਹਨ। ਮਾਹਿਰ ਮੰਨਦੇ ਹਨ ਕਿ ਇਨ੍ਹਾਂ ਦਰਖਤਾਂ ‘ਚ ਤੇਲ ਦੀ ਮਾਤਰਾ ਵੱਧ ਹੋਣ ਕਾਰਨ ਇਹ ਹਰੇ ਵੀ ਸੁੱਕਿਆਂ ਵਾਂਗ ਮੱਚਦੇ ਹਨ। ਇਹ ਅੱਗ ਕਈ ਵਾਰ ਸੂਰਜ ਦੀ ਵੱਧ ਤਪਸ਼ ਕਾਰਨ, ਬਿਜਲੀ ਦੇ ਸਪਾਰਕ ਕਾਰਨ, ਮਸ਼ੀਨਰੀ ਕਾਰਨ, ਕਿਸੇ ਇਨਸਾਨ ਦੀ ਬੇਵਕੂਫੀ ਜਾਂ ਜਾਣ ਬੁੱਝ ਕੇ ਸੁੱਟੀ ਸਿਗਰਟ ਆਦਿ ਨਾਲ ਲਗਦੀ ਹੈ।
ਜੇ ਪਿਛੋਕੜ ‘ਚ ਝਾਤ ਮਾਰੀ ਜਾਵੇ ਤਾਂ ਇਸ ਸਭਿਅਕ ਮੁਲਕ ‘ਚ ਵੀ ਅਸੱਭਿਅਕ ਤੇ ਸ਼ਰਾਰਤੀ ਲੋਕਾਂ ਦੀ ਕੋਈ ਘਾਟ ਨਹੀਂ ਦਿਸੀ। ਪਹਿਲਾਂ ਕੁਝ ਕੁ ਹਾਦਸਿਆਂ ਪਿੱਛੇ ਮਛੋਹਰ ਮੱਤ ਦੇ ਮੁੰਡੇ-ਕੁੜੀਆਂ ਦਾ ਹੱਥ ਸਾਬਿਤ ਹੋਇਆ ਸੀ, ਪਰ ਇਸ ਵਾਰ ਇਕ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਕਰੀਬ ਦੋ ਸੌ ਬੰਦਿਆਂ ‘ਤੇ ਜਾਣ-ਬੁੱਝ ਕੇ ਅੱਗ ਲਾਉਣ ਦਾ ਘਿਨੌਣਾ ਕਾਰਾ ਕਰਨ ਦਾ ਪਰਚਾ ਦਰਜ ਕੀਤਾ ਹੈ।
ਉਪਰਾਲੇ: ਆਸਟ੍ਰੇਲੀਆ ਦੀ ਵਿਸ਼ਾਲ ਭੂਗੋਲਿਕ ਰਚਨਾ ਸਰਕਾਰਾਂ ਲਈ ਇਕ ਵੱਡਾ ਚੈਲੰਜ ਰਿਹਾ ਹੈ। 1850 ‘ਚ ਵਿਕਟੋਰੀਆ ਸੂਬੇ ‘ਚ ਕੰਟਰੀ ਫਾਇਰ ਅਥਾਰਿਟੀ, 1859 ‘ਚ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ‘ਚ ਰੂਰਲ ਫਾਇਰ ਸਰਵਿਸਿਜ਼, 1913 ਵਿਚ ਸਾਊਥ ਆਸਟ੍ਰੇਲੀਆ ‘ਚ ਕੰਟਰੀ ਫਾਇਰ ਸਰਵਿਸਿਜ਼ ਆਦਿ ਸੰਸਥਾਵਾਂ ਹੋਂਦ ‘ਚ ਆਈਆਂ ਸਨ ਤੇ ਜੋ ਅੱਜ ਤੱਕ ਹਰ ਸਾਲ ਇਸ ਆਫਤ ਨਾਲ ਜੂਝਦੀਆਂ ਆ ਰਹੀਆਂ ਹਨ।
ਆਪਣੇ ਸਾਲਾਨਾ ਬਜਟ ‘ਚ ਅੱਗਾਂ ਦੀ ਆਫਤ ਦੇ ਫੰਡ ‘ਚ ਕਟੌਤੀ ਕਰਕੇ ਮੌਜੂਦਾ ਸਰਕਾਰ ਦੀ ਕਿਰਕਰੀ ਹੋ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਗਰਮੀ ਦੇ ਮੌਸਮ ਵਿਚ ਕਿਤੇ ਵੀ ਅੱਗ ਲਾਉਣਾ ਗੈਰ ਕਾਨੂੰਨੀ ਹੈ। ਥਾਂ ਥਾਂ ‘ਤੇ ਸਰਕਾਰ ਲਿਖਤੀ ਬੋਰਡ ਲਾ ਕੇ ਅਤੇ ਮੀਡੀਏ ਜ਼ਰੀਏ ਲੋਕਾਂ ਨੂੰ ਜਾਗ੍ਰਿਤ ਕਰਦੀ ਰਹਿੰਦੀ ਹੈ। ਇੱਥੋਂ ਤੱਕ ਕਿ ਸਿਆਲਾਂ ‘ਚ ਵੀ ਜਦੋਂ ਆਪਣੇ ਖੇਤਾਂ ਆਦਿ ਦੇ ਝਾੜ ਬੂਝ ਨੂੰ ਅੱਗ ਲਾਉਣੀ ਹੋਵੇ ਤਾਂ ਪਹਿਲਾਂ ਨੇੜੇ ਦੇ ਅੱਗ ਬੁਝਾਊ ਮਹਿਕਮੇ ਨੂੰ ਦੱਸਣਾ ਪੈਂਦਾ ਹੈ। ਤੁਸੀਂ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਮਚਾ ਸਕਦੇ, ਜਿਸ ਨਾਲ ਜ਼ਹਿਰੀਲਾ ਧੂੰਆਂ ਬਣਦਾ ਹੋਵੇ ਮਸਲਨ ਜ਼ਹਿਰੀਲੀਆਂ ਦਵਾਈਆਂ ਲੱਗੀ ਲੱਕੜ ਜਾ ਪਲਾਸਟਿਕ ਆਦਿ।
ਪਰ ਇਹ ਤਾਂ ਆਮ ਜਿਹੇ ਉਪਰਾਲੇ ਹਨ, ਲੋਕਾਂ ਨੂੰ ਜਾਗਰੂਕ ਕਰਨ ਦੇ। ਇਸ ਸਵਾਲ ਕਿ ‘ਸਾਇੰਸ ਦੇ ਇਸ ਯੁੱਗ ‘ਚ ਅਸੀਂ ਬਹੁਤ ਕੁਝ ਖੋਜ ਲਿਆ ਹੈ, ਪਰ ਆਸਟ੍ਰੇਲੀਆ ‘ਚ ਹਰ ਸਾਲ ਲਗਦੀਆਂ ਇਨ੍ਹਾਂ ਭਿਆਨਕ ਅੱਗਾਂ ਦਾ ਕੋਈ ਤੋੜ ਕਿਉਂ ਨਹੀਂ ਲੱਭ ਸਕੇ?’ ਬਹੁਤਿਆਂ ਨੇ ਆਸਟ੍ਰੇਲੀਅਨ ਲੋਕਾਂ ਦੇ ਸੁਸਤਪੁਣੇ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਹੈ ਕਿ ਆਸਟ੍ਰੇਲੀਆ ਸਾਲ ਭਰ ਕੁਝ ਨਹੀਂ ਕਰਦਾ ਤੇ ਜਦੋਂ ਅੱਗਾਂ ਲੱਗਣ ਦੀ ਰੁੱਤ ਆ ਜਾਂਦੀ ਹੈ, ਫਿਰ ਕੁਰਲਾਉਂਦਾ ਹੈ।
ਹਾਸੋ ਹੀਣੀ ਗੱਲ ਇਹ ਹੈ ਕਿ ਅੱਜ ਆਸਟ੍ਰੇਲੀਆ ਬੈਠਾ ਅਮਰੀਕਾ ਤੋਂ ਮਦਦ ‘ਚ ਆ ਰਹੇ ਅੱਗ ਬੁਝਾਉਣ ਵਾਲੇ ਹੈਲੀਕਾਪਟਰ ਉਡੀਕ ਰਿਹਾ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਜ਼ਮੀਨੀ ਪੱਧਰ ‘ਤੇ ਆਪ ਪੀੜਤਾਂ ਨੂੰ ਮਿਲਣ ਗਏ ਤਾਂ ਅੱਗੋਂ ਪੀੜਤ ਪੈ ਗਏ, ਕਹਿੰਦੇ ਤੁਹਾਨੂੰ ਸਿਰਫ ਸ਼ਹਿਰਾਂ ਵਾਲੇ ਦਿਸਦੇ ਹਨ, ਪਿੰਡਾਂ ਵਾਲਿਆਂ ਦੀ ਤੁਸੀਂ ਸਾਰ ਨਹੀਂ ਲੈਂਦੇ। ਇਕ ਰਾਹਤ ਅਤੇ ਮਾਣ ਕਰਨ ਵਾਲੀ ਗੱਲ ਇਹ ਹੈ ਕਿ ਆਸਟ੍ਰੇਲੀਆ ਦਾ ਹਰ ਛੋਟਾ-ਵੱਡਾ ਅੱਗ ਬੁਝਾਉਣ ਅਤੇ ਰਾਹਤ ਕਾਰਜਾਂ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ।