ਸੁਖਦੇਵ ਮਾਦਪੁਰੀ
ਫੋਨ: 91-94630-34472
ਪਾਣੀ ਜ਼ਿੰਦਗੀ ਦਾ ਚਿੰਨ੍ਹ ਹੈ। ਪਾਣੀ ਦੀ ਅਜ਼ਲ ਤ੍ਰੇਹ ਨੇ ਆਦਿ ਮਨੁੱਖ ਨੂੰ ਦਰਿਆਵਾਂ ਦੇ ਕੰਢਿਆਂ ‘ਤੇ ਵਸੇਬਾ ਕਰਨ ਲਈ ਪ੍ਰੇਰਿਆ ਅਤੇ ਦੁਨੀਆਂ ਭਰ ਵਿਚ ਨਗਰ ਤੇ ਸ਼ਹਿਰ ਦਰਿਆਵਾਂ ਦੇ ਆਲੇ-ਦੁਆਲੇ ਵਸਾਏ ਗਏ। ਇਸੇ ਤਰ੍ਹਾਂ ਉਨ੍ਹਾਂ ਨੇ ਆਪਣੀ ਜ਼ਿਹਨੀ ਤ੍ਰੇਹ ਦੀ ਤ੍ਰਿਪਤੀ ਲਈ ਲੋਕ ਸਾਹਿਤ ਦੇ ਭਿੰਨ ਭਿੰਨ ਰੂਪ ਸਿਰਜੇ ਅਤੇ ਇੱਕ ਦੂਜੇ ਦੀ ਸਮਝ ਨੂੰ ਪਰਖਣ ਲਈ ਬੁਝਾਰਤਾਂ ਦੀ ਕਾਢ ਕੱਢੀ।
ਬੁਝਾਰਤਾਂ ਲੋਕ ਸਾਹਿਤ ਦਾ ਅਨਿਖੜਵਾਂ ਅੰਗ ਹਨ। ਇਨ੍ਹਾਂ ਰਾਹੀਂ ਅਸੀਂ ਜਿੱਥੇ ਮਨੋਰੰਜਨ ਕਰਦੇ ਹਾਂ, ਉਥੇ ਸਾਡੇ ਵਸਤੂ ਗਿਆਨ ਵਿਚ ਵੀ ਵਾਧਾ ਹੁੰਦਾ ਹੈ, ਸੋਚ ਜ਼ਰਖੇਜ਼ ਹੁੰਦੀ ਹੈ ਅਤੇ ਯਾਦ ਸ਼ਕਤੀ ਵਧਦੀ ਹੈ। ਲੋਕ ਬੁਝਾਰਤਾਂ ਦਾ ਇਤਿਹਾਸ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ।
ਇਹ ਸੰਸਾਰ ਭਰ ਦੀਆਂ ਬੋਲੀਆਂ ਵਿਚ ਮੌਜੂਦ ਹਨ। ਇਹ ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਸਾਡੇ ਪਾਸ ਪੀੜ੍ਹੀ-ਦਰ-ਪੀੜ੍ਹੀ ਪੁੱਜੀਆਂ ਹਨ।
ਪੰਜਾਬੀ ਦੇ ਲਿਖਤੀ ਸਾਹਿਤ ਵਿਚ ਬੁਝਾਰਤਾਂ ਦਾ ਸਭ ਤੋਂ ਪੁਰਾਣਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿਚ ਮਿਲਦਾ ਹੈ। ਇੱਕ ਬੁਝਾਰਤ-ਮੁਦਾਵਣੀ (ਪੋਠੋਹਾਰ ਵੱਲ ਬੁਝਾਰਤ ਨੂੰ ਮੁਦਾਵਣੀ ਆਖਦੇ ਹਨ) ਸੋਰਠਿ ਵਾਰ ਵਿਚ ਗੁਰੂ ਅਮਰਦਾਸ ਜੀ ਨੇ ਲਿਖੀ ਹੈ,
ਥਾਲੈ ਵਿਚਿ ਤੈ ਵਸਤੂ ਪਈਓ
ਹਰਿ ਭੋਜਨੁ ਅੰਮ੍ਰਿਤ ਸਾਰੁ॥
ਜਿਤੁ ਖਾਧੈ ਮਨੁ ਤ੍ਰਿਪਤੀਐ
ਪਾਈਐ ਮੋਖ ਦੁਆਰੁ॥
ਇਹੁ ਭੋਜਨ ਅਲਭੁ ਹੈ ਸੰਤਹੁ
ਲਭੈ ਗੁਰ ਵੀਚਾਰਿ॥
ਇਹ ਮੁਦਾਵਣੀ ਕਿਉ ਵਿਚਹੁ ਕਢੀਐ
ਸਦਾ ਰਖੀਐ ਉਰਿ ਧਾਰਿ॥
ਏਹ ਮੁਦਾਵਣੀ ਸਤਿਗੁਰੂ ਪਾਈ
ਗੁਰਸਿਖਾ ਲਧੀ ਭਾਲਿ॥
ਨਾਨਕ ਜਿਸ ਬੁਝਾਏ ਸੁ ਬੁਝਸੀ
ਹਰਿ ਪਾਇਆ ਗੁਰਮੁਖਿ ਘਾਲਿ॥
ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿਚ ਕਿਹਾ ਹੈ,
ਕਹਾ ਬੁਝਾਰਿਤ ਬੁਝੈ ਡੋਰਾ॥
ਨਿਸਿ ਕਹੀਐ ਤਉ ਸਮਝੈ ਭੋਰਾ॥
ਬਾਈਬਲ ਵਿਚ ਵੀ ਬੁਝਾਰਤਾਂ ਪਾਉਣ ਦਾ ਜ਼ਿਕਰ ਹੈ। ਪੁਰਾਣੇ ਕਬੀਲਿਆਂ ਵਿਚ ਹੁਣ ਤੱਕ ਬਾਤਾਂ ਪਾਉਣ ਦਾ ਰਿਵਾਜ ਚਲਿਆ ਆ ਰਿਹਾ ਹੈ। ਸਰ ਜੇਮਜ਼ ਫਰੇਜ਼ਰ ਨੇ ਇਸ ਗੱਲ ‘ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਕਈ ਕਬੀਲਿਆਂ ਵਿਚ ਖਾਸ ਮੌਕਿਆਂ ਤੇ ਖਾਸ-ਖਾਸ ਉਤਸਵਾਂ ‘ਤੇ ਹੀ ਬੁਝਾਰਤਾਂ ਪੁੱਛੀਆਂ ਜਾਂਦੀਆਂ ਹਨ। ਹਿੰਦ ਦੇ ਆਦਿ ਵਾਸੀਆਂ ਵਿਚੋਂ ਗੌਂਡ, ਪਰਧਾਨ ਤੇ ਬਿਰਹੋਰ ਜਾਤੀਆਂ ਦੇ ਵਿਆਹਾਂ ਸਮੇਂ ਬੁਝਾਰਤ ਪਾਉਣੀ ਇਕ ਲਾਜ਼ਮੀ ਰਸਮ ਹੈ। ਅਫਰੀਕਾ ਦੇ ਬੰਤੋ ਕਬੀਲੇ ਦੀਆਂ ਔਰਤਾਂ ਨੱਚਦੇ ਸਮੇਂ ਆਦਮੀਆਂ ਤੋਂ ਬੁਝਾਰਤਾਂ ਪੁੱਛਦੀਆਂ ਹਨ, ਜੇ ਉਹ ਨਾ ਬੁਝ ਸਕਣ ਤਾਂ ਮਾਰਦੀਆਂ ਹਨ। ਤੁਰਕੀ ਦੀਆਂ ਕੁੜੀਆਂ ਸ਼ਾਦੀ ਹਿਤ ਮਨੁੱਖ ਦੀ ਪ੍ਰੀਖਿਆ ਲਈ ਬੁਝਾਰਤਾਂ ਪੁੱਛਦੀਆਂ ਹਨ।
ਪੁਰਾਤਨ ਕਾਲ ਤੋਂ ਹੀ ਬੁਝਾਰਤਾਂ ਕਿਸੇ ਗੰਭੀਰ ਉਦੇਸ਼ ਦੀ ਪੂਰਤੀ ਕਰਦੀਆਂ ਰਹੀਆਂ ਹਨ। ਬੁਝਾਰਤਾਂ ਬੁੱਝਣਾ ਬੁੱਧੀ ਦੀ ਪ੍ਰੀਖਿਆ ਹੁੰਦਾ ਹੈ। ਕਲਪਿਤ ਕਥਾਵਾਂ ਅਨੁਸਾਰ ਇਸ ਪ੍ਰੀਖਿਆ ਵਿਚ ਪੂਰਾ ਨਾ ਉਤਰਨ ਵਾਲੇ ਨੂੰ ਡੰਨ ਲਾਇਆ ਜਾਂਦਾ, ਇਥੋਂ ਤੀਕ ਕਿ ਕਈ ਵਾਰ ਕਈਆਂ ਨੂੰ ਬੁਝਾਰਤਾਂ ਦੇ ਸਹੀ ਉਤਰ ਨਾ ਦੇ ਸਕਣ ਕਾਰਨ ਆਪਣੀ ਜਾਨ ਵੀ ਗਵਾਉਣੀ ਪੈ ਜਾਂਦੀ।
ਮਹਾਂਭਾਰਤ ਵਿਚ ਇੱਕ ਕਥਾ ਆਉਂਦੀ ਹੈ। ਬਨਵਾਸ ਦੇ ਦਿਨੀਂ ਪੰਜੇ ਪਾਂਡੋ ਜਦੋਂ ਜੰਗਲ ਵਿਚ ਵਾਸ ਕਰ ਰਹੇ ਸਨ ਤਾਂ ਇੱਕ ਯਖਸ਼ ਨੇ ਪ੍ਰੀਖਿਆ ਲੈਣ ਲਈ ਇਨ੍ਹਾਂ ਤੋਂ ਕੁਝ ਬੁਝਾਰਤਾਂ ਦੇ ਉਤਰ ਪੁੱਛੇ। ਯਖਸ਼ ਸਾਰਸ ਦਾ ਰੂਪ ਧਾਰ ਕੇ ਝੀਲ ਵਿਚ ਜਾ ਖੜਾ ਹੋਇਆ। ਕੁਝ ਚਿਰ ਪਿੱਛੋਂ ਪਾਣੀ ਭਰਨ ਲਈ ਨਕੁਲ ਆਇਆ ਤਾਂ ਸਾਰਸ ਨੇ ਕਿਹਾ, “ਇਸ ਝੀਲ ਵਿਚੋਂ ਕੇਵਲ ਬੁੱਧੀਮਾਨ ਹੀ ਪਾਣੀ ਭਰ ਸਕਦੇ ਹਨ। ਜੇ ਤੂੰ ਬੁੱਧੀਮਾਨ ਹੈਂ ਤਾਂ ਪਹਿਲਾਂ ਮੇਰੀ ਬੁਝਾਰਤ ਦਾ ਉਤਰ ਦੇਹ।”
ਨਕੁਲ ਤੋਂ ਬੁਝਾਰਤ ਬੁਝੀ ਨਾ ਗਈ ਤੇ ਸਾਰਸ ਨੇ ਉਸ ਨੂੰ ਚੁੰਝਾਂ ਮਾਰ-ਮਾਰ ਝੀਲ ਵਿਚ ਡੋਬ ਦਿੱਤਾ। ਪਿੱਛੋਂ ਵਾਰੋ-ਵਾਰੀ ਸਹਿਦੇਵ, ਅਰਜਨ ਤੇ ਭੀਮ ਪਾਣੀ ਲੈਣ ਆਏ ਤਾਂ ਉਨ੍ਹਾਂ ਨੂੰ ਵੀ ਸਾਰਸ ਨੇ ਬੁਝਾਰਤਾਂ ਦਾ ਉਤਰ ਨਾ ਦੇ ਸਕਣ ਕਾਰਨ ਪਾਣੀ ਵਿਚ ਡੋਬ ਦਿੱਤਾ। ਅਖੀਰ ਯੁਧਿਸ਼ਟਰ ਖੁਦ ਗਿਆ ਤੇ ਉਸ ਨੇ ਯਖਸ਼ ਦੀਆਂ ਸਭ ਬੁਝਾਰਤਾਂ ਦੇ ਠੀਕ ਉਤਰ ਦਿੱਤੇ। ਬੁਝਾਰਤਾਂ ਤੇ ਉਨ੍ਹਾਂ ਦੇ ਉਤਰ ਇਹ ਸਨ,
ਯਖਸ਼: ਧਰਤੀ ਤੋਂ ਭਾਰੀ ਕੌਣ ਹੈ?
ਯੁਧਿਸ਼ਟਰ ਦਾ ਉਤਰ: ਮਾਤਾ।
ਯਖਸ਼: ਹਵਾ ਤੋਂ ਵੀ ਤੇਜ਼ ਰਫਤਾਰ ਕਿਸ ਦੀ ਹੈ?
ਯੁਧਿਸ਼ਟਰ: ਮਨ ਦੀ ਰਫਤਾਰ ਸਭ ਤੋਂ ਤੇਜ਼ ਹੈ।
ਯਖਸ਼: ਦੁਨੀਆਂ ਦਾ ਸਭ ਤੋਂ ਵੱਡਾ ਅਜੂਬਾ ਕੀ ਹੈ?
ਯੁਧਿਸ਼ਟਰ: ਲੋਕੀ ਰੋਜ਼ ਦੇਖਦੇ ਹਨ ਕਿ ਲੋਕ ਮਰ ਰਹੇ ਹਨ ਤੇ ਉਨ੍ਹਾਂ ਦੀਆਂ ਅਰਥੀਆਂ ਸ਼ਮਸ਼ਾਨ ਘਾਟ ਲਿਜਾਈਆਂ ਜਾ ਰਹੀਆਂ ਹਨ, ਪਰ ਫਿਰ ਵੀ ਉਹ ਸਮਝਦੇ ਹਨ ਕਿ ਉਨ੍ਹਾਂ ਦੀ ਵਾਰੀ ਕਦੇ ਨਹੀਂ ਆਵੇਗੀ।
ਯਖਸ਼: ਮੌਤ ਉਪਰੰਤ ਆਦਮੀ ਨਾਲ ਕੌਣ ਜਾਂਦਾ ਹੈ?
ਯੁਧਿਸ਼ਟਰ: ਉਸ ਦਾ ਕਰਮ।
ਯਖਸ਼: ਕਿਸ ਵਿਚ ਦਿਲ ਨਹੀਂ ਹੁੰਦਾ?
ਯੁਧਿਸ਼ਟਰ: ਪੱਥਰ ਵਿਚ ਦਿਲ ਨਹੀਂ ਹੁੰਦਾ, ਸ਼ਾਇਦ ਇਸੇ ਕਰਕੇ ਅਸੀਂ ਬੇਰਹਿਮ ਵਿਅਕਤੀ ਨੂੰ ਪੱਥਰ ਦਿਲ ਕਹਿੰਦੇ ਹਾਂ।
ਯੁਧਿਸ਼ਟਰ ਦੀ ਸੁਘੜ ਸਿਆਣਪ ਉਤੇ ਪ੍ਰਸੰਨ ਹੋਏ ਯਖਸ਼ ਨੇ ਚਹੁੰਆਂ ਪਾਂਡਵਾਂ ਨੂੰ ਮੁੜ ਸੁਰਜੀਤ ਕਰ ਦਿੱਤਾ।
ਇੱਕ ਯੂਨਾਨੀ ਲੋਕ ਕਥਾ ਵੀ ਪ੍ਰਚਲਿਤ ਹੈ। ਕਿਹਾ ਜਾਂਦਾ ਹੈ ਕਿ ਯੂਨਾਨ ਦੇ ਪ੍ਰਾਚੀਨ ਸ਼ਹਿਰ ਫੀਵ ਵਿਚਾਲੇ ਸੜਕ ਦੇ ਕੰਢੇ ਇੱਕ ਡਰਾਉਣਾ ਦਿਓ ਸਫਿੰਕਸ ਆ ਵਸਿਆ। ਉਸ ਸੜਕ ਰਾਹੀਂ ਜੋ ਵੀ ਇਸ ਸ਼ਹਿਰ ਨੂੰ ਆਉਂਦਾ, ਸਫਿੰਕਸ ਉਸ ਨੂੰ ਰੋਕ ਲੈਂਦਾ ਅਤੇ ਬੁਝਾਰਤਾਂ ਪੁੱਛਦਾ। ਜੋ ਬੁਝਾਰਤਾਂ ਨਾ ਬੁਝ ਸਕਦਾ, ਉਸ ਨੂੰ ਉਹ ਮਾਰ ਕੇ ਖਾ ਲੈਂਦਾ। ਇੰਜ ਉਸ ਨੇ ਬੁਝਾਰਤਾਂ ਨਾ ਬੁੱਝਣ ਕਰਕੇ ਹਜ਼ਾਰਾਂ ਪ੍ਰਾਣੀਆਂ ਨੂੰ ਮਾਰ ਮੁਕਾਇਆ। ਉਸ ਦੇ ਪੈਰਾਂ ਥੱਲੇ ਦੀ ਪਹਾੜੀ ਹੱਡੀਆਂ ਨਾਲ ਭਰੀ ਪਈ ਸੀ। ਸਾਰੇ ਦੇਸ਼ ਵਿਚ ਮਾਤਮ ਛਾਇਆ ਹੋਇਆ ਸੀ। ਸਾਰੀ ਜਨਤਾ ਦੁਖੀ ਸੀ ਤੇ ਮਰਨ ਵਾਲਿਆਂ ਲਈ ਵਿਰਲਾਪ ਕਰ ਰਹੀ ਸੀ। ਆਖਰ ਏਡਿਪ ਨਾਮੀ ਇੱਕ ਬੁੱਧੀਮਾਨ ਗੱਭਰੂ ਸਫਿੰਕਸ ਦਾ ਮੁਤਾਬਲਾ ਕਰਨ ਲਈ ਅੱਗੇ ਵਧਿਆ। ਉਸ ਨੇ ਆਪਣੇ ਆਪ ਨੂੰ ਬੁਝਾਰਤਾਂ ਬੁੱਝਣ ਲਈ ਪੇਸ਼ ਕੀਤਾ। ਸਫਿੰਕਸ ਨੇ ਉਸ ਪਾਸੋਂ ਬੁਝਾਰਤ ਪੁੱਛੀ, “ਸਵੇਰ ਨੂੰ ਚਾਰ, ਦਿਨ ਨੂੰ ਦੋ ਅਤੇ ਰਾਤ ਨੂੰ ਤਿੰਨ ਟੰਗਾਂ ‘ਤੇ ਕੌਣ ਤੁਰਦਾ ਹੈ?”
ਏਡਿਪ ਨੇ ਝੱਟ ਉਤਰ ਦਿੱਤਾ, “ਮਨੁੱਖ। ਬਚਪਨ ਵਿਚ ਉਹ ਚਾਰ ਟੰਗਾਂ ‘ਤੇ ਤੁਰਦਾ ਹੈ, ਜਵਾਨ ਅਵਸਥਾ ਵਿਚ ਦੋ ਟੰਗਾਂ ‘ਤੇ ਅਤੇ ਬੁਢਾਪੇ ਵਿਚ ਲਾਠੀ ਦਾ ਸਹਾਰਾ ਲੈ ਕੇ ਤਿੰਨ ਟੰਗਾਂ ‘ਤੇ ਤੁਰਦਾ ਹੈ।”
ਬੁਝਾਰਤ ਦਾ ਠੀਕ ਉਤਰ ਸੁਣ ਕੇ ਸਫਿੰਕਸ ਉਸ ਸੜਕ ਤੋਂ ਚਲਾ ਗਿਆ ਅਤੇ ਸਾਗਰ ਵਿਚ ਜਾ ਕੇ ਡੁੱਬ ਗਿਆ।
ਪੰਜਾਬ ਦੀਆਂ ਬਹੁਤ ਸਾਰੀਆਂ ਲੋਕ ਕਹਾਣੀਆਂ ਵਿਚ ਸ਼ਾਹਿਜ਼ਾਦੀਆਂ ਆਪਣੇ ਸ਼ਹਿਜ਼ਾਦਿਆਂ ਪਾਸੋਂ ਉਨ੍ਹਾਂ ਦੀ ਬੁੱਧੀ ਪ੍ਰੀਖਿਆ ਲਈ ਬੁਝਾਰਤਾਂ ਪੁੱਛਦੀਆਂ। ਜੋ ਬੁਝਾਰਤਾਂ ਬੁਝ ਲਵੇ, ਉਹਦੇ ਨਾਲ ਵਿਆਹ ਕਰਾ ਲੈਂਦੀਆਂ; ਜੋ ਨਾ ਬੁੱਝ ਸਕੇ, ਉਸ ਨੂੰ ਸਜ਼ਾ ਦਿੱਤੀ ਜਾਂਦੀ।
ਰਾਜ ਕੁਮਾਰੀ ਕੌਲਾਂ ਬਾਰੇ ਪ੍ਰਚਲਿਤ ਹੈ ਕਿ ਉਸ ਨੇ ਆਪਣੇ ਧੌਲਰ ਵਿਚ ਇੱਕ ਵੱਡਾ ਸਾਰਾ ਤਲਾਅ ਬਣਵਾਇਆ ਹੋਇਆ ਸੀ, ਜੋ ਕੰਵਲ ਫੁੱਲਾਂ ਨਾਲ ਖਿੜਿਆ ਰਹਿੰਦਾ। ਉਸ ਨੇ ਆਪਣੇ ਵਿਆਹ ਲਈ ਸ਼ਰਤ ਰੱਖੀ ਹੋਈ ਸੀ ਕਿ ਜੋ ਸ਼ਹਿਜ਼ਾਦਾ ਤਲਾਅ ਵਿਚੋਂ ਫੁੱਲ ਤੋੜ ਕੇ ਲਿਆਵੇਗਾ, ਉਸ ਨਾਲ ਵਿਆਹ ਰਚਾਏਗੀ। ਇਸ ਤਲਾਅ ਨੂੰ 360 ਪੌੜੀਆਂ ਜਾਂਦੀਆਂ ਸਨ ਤੇ ਹਰ ਪੌੜੀ ਉਤੇ ਇੱਕ ਸੁੰਦਰੀ ਤਲਵਾਰ ਹੱਥ ਵਿਚ ਫੜ ਕੇ ਸੁਚੇਤ ਖੜੀ ਰਹਿੰਦੀ। ਉਹ ਉਦੋਂ ਤੱਕ ਆਪਣੀ ਪੌੜੀ ਉਤੇ ਪੈਰ ਨਹੀਂ ਸੀ ਧਰਨ ਦਿੰਦੀ ਜਦੋਂ ਤੱਕ ਕੋਈ ਸ਼ਹਿਜ਼ਾਦਾ ਉਸ ਦੀ ਬੁਝਾਰਤ ਨਾ ਬੁੱਝ ਲੈਂਦਾ। ਸੁਝਾਓ ਦੇਣ ਲਈ ਕੌਲਾਂ ਨੇ ਤਲਾਅ ਦੇ ਤਿੰਨੇ ਪਾਸੇ 360 ਵੰਨਗੀਆਂ ਦੇ ਫਲਾਂ ਅਤੇ ਫੁੱਲਾਂ ਦੇ ਪੌਦੇ ਲਾਏ ਹੋਏ ਸਨ, ਜਿਨ੍ਹਾਂ ਦੇ ਪ੍ਰਸੰਗ ਵਿਚ ਹੀ ਉਸ ਨੇ 360 ਬੁਝਾਰਤਾਂ ਜੋੜੀਆਂ ਹੋਈਆਂ ਸਨ।
ਪੰਜਾਬ ਦੇ ਪ੍ਰਸਿੱਧ ਲੋਕ ਰੁਮਾਂਸ ਰਾਜਾ ਰਸਾਲੂ ਦੇ ਕਿੱਸੇ ਵਿਚ ਮੀਆਂ ਕਾਦਰ ਯਾਰ ਰਾਜਾ ਹੋਡੀ ਨੂੰ ਰਾਣੀ ਕੋਕਲਾਂ ਦੀ ਸੇਜ ਚੜ੍ਹਾਉਣ ਤੋਂ ਪਹਿਲਾਂ ਹਾਸੇ ਠੱਠੇ ਦਾ ਮਾਹੌਲ ਪੈਦਾ ਕਰਨ ਲਈ ਚੋਹਲ ਕਰਾਉਂਦਾ ਹੈ। ਰਾਣੀ ਕੋਕਲਾਂ ਹੋਡੀ ਪਾਸੋਂ ਬੁਝਾਰਤਾਂ ਦੇ ਜਵਾਬ ਪੁੱਛਦੀ ਹੈ,
ਕੋਕਲਾਂ: ਸਾਵਣ ਵਰਸੇ ਮੇਘਲਾ
ਵਰਸੇ ਝਿੰਬਰ ਲਾ
ਰੁੱਖ ਡੁੱਬੇ ਸਣ ਕੁੰਬਲੀਂ
ਹਾਥੀ ਮਲ ਮਲ ਨ੍ਹਾ
ਘੜਾ ਡੁੱਬਾ ਸਣ ਚੱਪਣੀ
ਚਿੜੀ ਤਿਹਾਈ ਜਾ
ਬਾਣੀਆਂ ਸੀ ਮੱਟ ਕੁੱਟਿਆ
ਕੱਪੜੇ ਲਿਤੇ ਲਾਹ
ਇਹ ਪਹੇਲੀ ਬੁਝ ਲੈ
ਮੇਰੀ ਸੇਜ ਪਰ ਆ।
ਹੋਡੀ: ਇਹ ਪਹੇਲੀ ਓਸ ਦੀ
ਹੋਰ ਨਵੀਂ ਕੋਈ ਪਾ
ਜੇ ਤੇਰੇ ਵਿਚ ਧਰਮ ਹੈ
ਸੇਜ ਆਪਣੀ ਚੜ੍ਹਾ।
ਕੋਕਲਾਂ ਇੱਕ ਹੋਰ ਬੁਝਾਰਤ ਪਾਉਂਦੀ ਹੈ,
ਜੰਮੀ ਸੀ ਸਠ ਗਜ
ਭਰ ਜੋਬਨ ਗਜ ਚਾਰ
ਬਾਪ ਬੇਟੇ ਰਮ ਲਈ
ਕਰਕੇ ਇੱਕੋ ਨਾਰ।
ਹੋਡੀ: ਇਹ ਪਹੇਲੀ ਛਾਉਂ ਦੀ
ਹੋਰ ਨਵੀਂ ਕੋਈ ਪਾ
ਜੇ ਤੇਰੇ ਵਿਚ ਧਰਮ ਹੈ
ਸੇਜ ਆਪਣੀ ਚੜ੍ਹਾ।
ਹਾਫਜ਼ ਮੀਆਂ ਅੱਲ੍ਹਾ ਬਖਸ਼ ਪਿਆਰਾ (1799-1860) ਉਸਤਾਦ ਕਵੀ ਸਨ, ਜਿਨ੍ਹਾਂ ਨੇ ਲਾਹੌਰ ਵਿਚ ਇੱਕ ਮਕਤਬ ਖੋਲ੍ਹਿਆ ਹੋਇਆ ਸੀ। ਇਹ ਸਕੂਲ ਕਵਿਤਾ ਸਿਖਾਉਣ ਦਾ ਸੀ। ਉਹ ਆਪਣੇ ਸ਼ਾਗਿਰਦਾਂ ਨਾਲ ਸਵਾਲ-ਜਵਾਬ ਕਰਿਆ ਕਰਦੇ ਸਨ। ਇਹ ਸਵਾਲ-ਜਵਾਬ ਕਵਿਤਾ ਵਿਚ ਇੱਕ ਤਰ੍ਹਾਂ ਬੁਝਾਰਤਾਂ ਹੁੰਦੀਆਂ ਸਨ। ਇਸ ਤਰ੍ਹਾਂ ਉਹ ਹਾਜ਼ਰ ਜਵਾਬੀ ਦਾ ਅਭਿਆਸ ਕਰਾਉਂਦੇ। ਅੱਕ ਬਾਰੇ ਬੁਝਾਰਤ ਦਾ ਪ੍ਰਸ਼ਨ ਉਤਰ ਹੈ,
ਅਲਫ ਅਸਾਂ ਦਿੱਤਾ ਤੇਰੇ ਹੱਥ ਪੈਸਾ
ਏਹਦੀਆਂ ਲਿਆ ਖਾਂ ਚੀਜ਼ਾਂ ਤੂੰ ਚਾਰ ਮੀਆਂ।
ਕਾਨ ਫੁਲ ਤੇ ਖਖੜੀ, ਪਾਨ ਬੀੜਾ,
ਨਾਲੇ ਲਿਆਵੀਂ ਖਾਂ ਫੁੱਲਾਂ ਦੇ ਹਾਰ ਮੀਆਂ।
ਪੈਸਾ ਮੋੜ ਲਿਆਵੀਂ, ਨਾਲੇ ਦੁੱਧ ਲਿਆਵੀਂ
ਅਤੇ ਕਰੀਂ ਨਾ ਮੂਲ ਉਧਾਰ ਮੀਆਂ।
ਪਿਆਰੇ ਯਾਰ ਨੂੰ ਦੇਵੀਂ ਜਵਾਬ ਇਸ ਦਾ
ਨਹੀਂ ਤੇ ਨਿਕਲ ਜਾਈਂ ਪਿੜੋਂ ਬਾਹਰ ਮੀਆਂ।
ਸ਼ਾਦੀ ਕਵੀ ਵਲੋਂ ਉਤਰ,
ਦਾਲ ਦੁਸ਼ਮਣਾਂ ਨੇ ਦਿੱਤਾ ਹੱਥ ਪੈਸਾ
ਜਾ ਕੇ ਲੱਭ ਦਿੱਤੀ ਜੂਹ ਵੱਖਰੀ ਮੈਂ।
ਇੱਕ ਅਜਬ ਅਜਾਇਬ ਥੀਂ ਅੱਕ ਡਿੱਠਾ
ਉਹਦੀ ਤੋੜ ਲਿੱਤੀ ਸੁੱਕੀ ਲੱਕੜੀ ਮੈਂ।
ਪਹਿਲੇ ਫੁਲ ਤੋੜ ਫੇਰ ਦੁੱਧ ਚੋਇਆ
ਨਾਲ ਤੋੜ ਲਿਤੀ ਉਹਦੀ ਕੁੱਕੜੀ ਮੈਂ।
ਸ਼ਾਦੀ ਯਾਰ ਨੇ ਤੈਨੂੰ ਜਵਾਬ ਦਿੱਤਾ
ਗੱਲ ਖੋਲ੍ਹ ਦਿੱਤੀ ਵੱਖੋ ਵੱਖਰੀ ਮੈਂ।
ਪੰਜਾਬੀ ਲੋਕ ਬੁਝਾਰਤਾਂ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਹਿੱਸਾ ਹਨ। ਪੰਜਾਬੀ ਲੋਕ ਬੁਝਾਰਤਾਂ ਪਾ ਕੇ ਅਤੇ ਬੁੱਝ ਕੇ ਸਦਾ ਹੀ ਸੁਆਦ ਮਾਣਦੇ ਰਹੇ ਹਨ। ਇਨ੍ਹਾਂ ਨੂੰ ਬੁੱਝਣ ਵਾਲੀਆਂ ਬਾਤਾਂ ਵੀ ਆਖਦੇ ਹਨ। ਕੇਵਲ ਬਾਲਕ ਹੀ ਬਾਤ ਪਾਉਣ ਅਤੇ ਬੁੱਝਣ ਦੀ ਖੁਸ਼ੀ ਹਾਸਲ ਨਹੀਂ ਸਨ ਕਰਦੇ, ਸਗੋਂ ਸਿਆਣੇ ਵੀ ਇਸ ਵਿਚ ਦਿਲਚਸਪੀ ਲੈਂਦੇ ਸਨ। ਇਹ ਨਿਆਣਿਆਂ ਤੇ ਸਿਆਣਿਆਂ ਦੇ ਬੁੱਧੀ ਸੰਗਰਾਮ ਦਾ ਸਾਂਝਾ ਕੇਂਦਰ ਰਹੀਆਂ ਹਨ, ਜਿਸ ਵਿਚ ਵੱਡੇ-ਵੱਡੇ ਸਿਆਣਿਆਂ ਨੂੰ ਵੀ ਮਿੱਠੀਆਂ ਹਾਰਾਂ ਸਹਿਣੀਆਂ ਪੈਂਦੀਆਂ ਸਨ।
ਪੰਜਾਬੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਬੁਝਾਰਤਾਂ ਮਿਲਦੀਆਂ ਹਨ। ਇਨ੍ਹਾਂ ਵਿਚ ਪੰਜਾਬ ਦਾ ਲੋਕ ਜੀਵਨ ਸਾਫ ਦਿਸਦਾ ਹੈ। ਇਹ ਸਾਡੇ ਸਭਿਆਚਾਰ ਦਾ ਦਰਪਣ ਹਨ। ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਹੋਵੇ, ਜਿਸ ਬਾਰੇ ਪੰਜਾਬੀ ਵਿਚ ਬੁਝਾਰਤਾਂ ਨਾ ਹੋਣ। ਮਨੁੱਖੀ ਸਰੀਰ ਦੇ ਅੰਗਾਂ, ਬਨਸਪਤੀ, ਫਸਲਾਂ, ਜੀਵ-ਜੰਤੂਆਂ, ਘਰੇਲੂ ਵਸਤਾਂ ਆਦਿ ਬਾਰੇ ਬੜੀਆਂ ਪਿਆਰੀਆਂ ਤੇ ਸੁਹਜ ਭਰਪੂਰ ਬੁਝਾਰਤਾਂ ਪਾਈਆਂ ਜਾਂਦੀਆਂ ਸਨ। ਮਸ਼ੀਨੀ ਸਭਿਅਤਾ ਦੇ ਵਿਕਾਸ ਦੇ ਪ੍ਰਭਾਵ ਕਾਰਨ ਸਾਡੇ ਪਰਿਵਾਰਾਂ ਵਿਚੋਂ ਬੁਝਾਰਤਾਂ ਪਾਉਣ ਅਤੇ ਬੁੱਝਣ ਦੀ ਪਰੰਪਰਾ ਖਤਮ ਹੋ ਰਹੀ ਹੈ। ਬੁਝਾਰਤਾਂ ਸਾਡੀ ਮੁਲਵਾਨ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ। ਸੋਚ ਨੂੰ ਜ਼ਰਖੇਜ਼ ਕਰਨ ਵਾਲੀਆਂ ਇਨ੍ਹਾਂ ਬੁਝਾਰਤਾਂ ਨੂੰ ਗੁਆਚਣ ਤੋਂ ਬਚਾਉਣ ਦੀ ਲੋੜ ਹੈ।