ਲਾਹੌਰ ਸ਼ਹਿਰ ਦੀ ‘ਮੋਰੀ’ ਦਾ ਇਤਿਹਾਸ

ਮਜੀਦ ਸ਼ੇਖ
ਜੇ ਤੁਸੀਂ ਪੁਰਾਣੇ ਅੰਦਰੂਨੀ ਲਾਹੌਰ ਸ਼ਹਿਰ ਦੇ ਵਸਨੀਕਾਂ ਨੂੰ ਪੁੱਛੋ ਕਿ ਇਸ ਪੁਰਾਤਨ ਸ਼ਹਿਰ ਦੇ ਇਤਿਹਾਸਕ ਤੌਰ ‘ਤੇ ਕਿੰਨੇ ਗੇਟ ਜਾਂ ਦਰਵਾਜੇ ਹਨ ਤਾਂ ਉਹ ਸੁੱਤੇ-ਸਿੱਧ ਹੀ ਆਖਣਗੇ-12 ਗੇਟ ਅਤੇ ਇਕ ‘ਮੋਰੀ।’ ਇਸ ਨਾਲ ਲੰਮਾ ਇਤਿਹਾਸ ਜੁੜਿਆ ਹੈ।

ਲਾਹੌਰ ਦੇ ਦੱਖਣ ਵਲ ਦੇ ਦੋ ਮੁੱਖ ਦਰਵਾਜਿਆਂ-ਭੱਟੀ ਗੇਟ ਅਤੇ ਲਾਹੌਰ ਗੇਟ ਵਿਚਾਲੇ ਇਕ ਛੋਟਾ ਮੋਰੀ ਦਰਵਾਜਾ ਹੈ। ਇਹ ਸ਼ਹਿਰ ਦੇ ਸਭ ਤੋਂ ਪ੍ਰਾਚੀਨ ਦਰਵਾਜਿਆਂ ਵਿਚੋਂ ਇਕ ਹੈ ਤੇ ਕਰੀਬ 1000 ਸਾਲ ਪਹਿਲਾਂ ਮਹਿਮੂਦ ਗਜ਼ਨਵੀ ਦੀ ਅਗਵਾਈ ਹੇਠ ਅਫਗਾਨਾਂ ਵਲੋਂ ਮਚਾਏ ਕਹਿਰ ਵੇਲੇ ਦੇ ਸੱਤ ਮੁਢਲੇ ਦਰਵਾਜਿਆਂ ਵਿਚ ਸ਼ਾਮਲ ਸੀ। ਗਜ਼ਨਵੀ ਨੂੰ ਆਇਆਂ ਤੇ ਲੁੱਟ ਮਾਰ ਕਰ ਕੇ ਗਿਆਂ ਸਦੀਆਂ ਬੀਤ ਗਈਆਂ ਹਨ, ਪਰ ਉਸ ਦੀ ਪਾਈ ਲੁੱਟ-ਮਾਰ, ਕਤਲੇਆਮ ਤੇ ਜ਼ੋਰ-ਜ਼ਬਰਦਸਤੀਆਂ ਦੀ ਪਿਰਤ ਮੁੜ ਕੇ ਬੰਦ ਨਹੀਂ ਹੋਈ।
ਮੋਰੀ ਗੇਟ ਦਾ ਆਪਣਾ ਇਤਿਹਾਸ ਹੈ। ਇਹ ਭੱਜਣ ਲਈ ਮਜਬੂਰ ਹਾਕਮਾਂ ਦੇ ਬਚ ਨਿਕਲਣ ਦੇ ਰਾਹ ਵਜੋਂ ਕੰਮ ਆਉਂਦਾ ਰਿਹਾ; ਨਾਲ ਹੀ ਹਮਲਾਵਰਾਂ ਦੇ ਚੁੱਪ-ਚੁਪੀਤੇ ਸ਼ਹਿਰ ਵਿਚ ਦਾਖਲ ਹੋਣ ਦੇ ਕੰਮ ਵੀ ਆਇਆ। ਇਸ ਦੇ ਨਾਲ ਹੀ ਇਹ ਸ਼ਹਿਰ ਦੀ ਬਹੁਗਿਣਤੀ ਹਿੰਦੂ ਤੇ ਸਿੱਖ ਆਬਾਦੀ ਵਲੋਂ ਮੁਰਦਿਆਂ ਨੂੰ ਅੰਤਿਮ ਸਸਕਾਰ ਲਈ ਲਿਜਾਏ ਜਾਣ ਦਾ ਵੀ ਰਾਹ ਸੀ। ਕਿਸੇ ਵੇਲੇ ਇਸ ਪਾਸਿਓਂ ਸ਼ਹਿਰ ਦੇ ਬਾਹਰਵਾਰ ਦਰਿਆ ਵਗਦਾ ਸੀ ਅਤੇ ਇਸ ਦਰਿਆ ਦੀ ਬਾਕੀ ਬਚੀ ਖਾਈ ਦੇ ਲਾਗੇ ਸ਼ਮਸ਼ਾਨਘਾਟ ਸੀ। ਇਹ ਅਜਿਹਾ ਗੇਟ ਹੈ, ਜਿਸ ਨਾਲ ਸ਼ਹਿਰ ਦੇ ਬਾਕੀ 12 ਦਰਵਾਜਿਆਂ ਨਾਲੋਂ ਵੱਧ ਇਤਿਹਾਸ ਜੁੜਿਆ ਹੈ। ਇਹ ਤਵਾਰੀਖ ਭਾਵੇਂ ਮਾਣਮੱਤੀ ਜਾਂ ਪ੍ਰੇਰਨਾ ਵਾਲੀ ਨਾ ਵੀ ਹੋਵੇ ਤਾਂ ਵੀ ਅਹਿਮ ਹੈ।
ਕਰੀਬ 1000 ਵਰ੍ਹੇ ਪਹਿਲਾਂ ਜਦੋਂ ਪੁਰਾਣੇ ਅੰਦਰੂਨੀ ਸ਼ਹਿਰ ਦੁਆਲੇ ਵਲੀਆਂ ਕੰਧਾਂ ਅਧ-ਪੱਕੀ ਮਿੱਟੀ ਦੀਆਂ ਬਣੀਆਂ ਤੇ ਘਸਮੈਲੇ ਰੰਗ ਦੀਆਂ ਇੱਟਾਂ ਦੀਆਂ ਬਣੀਆਂ ਤੇ ਬਹੁਤ ਮੋਟੀਆਂ ਹੁੰਦੀਆਂ ਸਨ, ਉਦੋਂ ਸ਼ਹਿਰ ਦੇ ਸਿਰਫ ਛੇ ਦਰਵਾਜੇ ਤੇ ਇਕ ‘ਮੋਰੀ’, ਭਾਵ ਲੰਘਣ ਲਈ ਛੋਟਾ ਦਰਵਾਜਾ ਸੀ। ਇਕ ਵੇਰਵੇ ਮੁਤਾਬਿਕ ਘੋੜੇ ਜਾਂ ਖੋਤੇ ਉਤੇ ਸਵਾਰ ਕਿਸੇ ਵਿਅਕਤੀ ਨੂੰ ਇਥੋਂ ਲੰਘਣ ਲਈ ਉਤਰਨਾ ਤੇ ਤੁਰ ਕੇ ਲੰਘਣਾ ਪੈਂਦਾ। ਇਹ ਯਕੀਨਨ ਅਜਿਹਾ ਸੁਰਾਖ ਸੀ, ਜਿਸ ਵਿਚੋਂ ਸਮਾਜ ਦੇ ਨੀਵੇਂ ਕਰਾਰ ਦਿੱਤੇ ਗਏ ਲੋਕ ਲੰਘਦੇ ਸਨ।
ਇਸ ਗੱਲ ਨੂੰ ਲੈ ਕੇ ਕੁਝ ਵੱਖੋ-ਵੱਖਰੇ ਵਿਚਾਰ ਹਨ ਕਿ ਇਸ ਥਾਂ ਮੁੱਢਲੇ ਤੌਰ ‘ਤੇ ਇਹ ਛੋਟਾ ਮੋਰੀ ਦਰਵਾਜਾ ਕਿਉਂ ਬਣਾਇਆ ਗਿਆ? ਇਕ ਵਿਚਾਰ ਇਹ ਹੈ ਕਿ ਉਚੀਆਂ ਜਾਤਾਂ ਦੇ ਹਿੰਦੂ ਨਹੀਂ ਸਨ ਚਾਹੁੰਦੇ ਕਿ ‘ਅਛੂਤ’ ਕਰਾਰ ਦਿੱਤੇ ਲੋਕ ਉਨ੍ਹਾਂ ਵਾਲੇ ਰਾਹਾਂ ਤੋਂ ਲੰਘਣ। ਇਸ ਲਈ ਉਨ੍ਹਾਂ ਦੇ ਆਉਣ-ਜਾਣ ਵਾਸਤੇ ਉਨ੍ਹਾਂ ਇਹ ‘ਮੋਰੀ’ ਬਣਵਾਈ। ਦੂਜਾ ਵਿਚਾਰ ਇਹ ਹੈ ਕਿ ਇਹ ਮੁਰਦੇ ਲਿਜਾਣ ਲਈ ਹੀ ਬਣਾਈ ਗਈ ਸੀ ਤਾਂ ਕਿ ਇਥੋਂ ਬਾਹਰ ਲਿਜਾ ਕੇ ਦਰਿਆ ਕੰਢੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਜਾਵੇ। ਉਂਜ ਮੁਰਦਿਆਂ ਨੂੰ ਇਸੇ ਰਾਹ ਤੋਂ ਲਿਜਾਏ ਜਾਣ ਦਾ ਕੋਈ ਠੋਸ ਕਾਰਨ ਸਾਹਮਣੇ ਨਹੀਂ ਆਇਆ। ਬਾਹਰੋਂ ਵਗਦਾ ਦਰਿਆ ਵੀ ਛੇਤੀ ਹੀ ਖਾਈ ਦਾ ਰੂਪ ਧਾਰ ਗਿਆ, ਕਿਉਂਕਿ ਰਾਵੀ ਨੇ ਆਪਣਾ ਵਹਾਅ ਪੱਛਮ ਵਲ ਕਰ ਲਿਆ ਤਾਂ ਇਹ ਖੜ੍ਹੇ ਪਾਣੀ ਦਾ ਛੱਪੜ ਬਣ ਗਿਆ ਤੇ ਫਿਰ ਸੁੱਕ ਗਿਆ। ਪਿਛੋਂ ਅੰਗਰੇਜ਼ਾਂ ਨੇ ਸੁਰੱਖਿਆ ਵਿਉਂਤਬੰਦੀ ਤਹਿਤ ਇਸ ਨੂੰ ਮਿੱਟੀ ਨਾਲ ਪੂਰ ਕੇ ਬਾਗ ਲਾ ਦਿੱਤਾ। ਦੇਸ਼ ਵੰਡ ਪਿਛੋਂ ਇਸ ਜ਼ਮੀਨ ਉਤੇ ਨਾਜਾਇਜ਼ ਕਬਜ਼ੇ ਕਰ ਲਏ ਗਏ ਅਤੇ ਹੁਣ ਹਕੂਮਤ ਵਿਚ ਇੰਨੀ ਜੁਰਅਤ ਨਹੀਂ ਕਿ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾ ਸਕੇ।
ਦੂਜੇ ਪਾਸੇ ਅੰਗਰੇਜ਼ਾਂ ਨੇ ਇਸ ਬਾਹਰਲੀ ਜ਼ਮੀਨ ਨੂੰ ਪੱਧਰ ਕਰਨ ਦੇ ਨਾਲ ਹੀ ਮੂਲ ਮੋਰੀ ਗੇਟ ਨੂੰ ਤੋੜ ਕੇ ਇਥੇ ਵੱਡਾ ਦਰਵਾਜਾ ਬਣਾ ਦਿੱਤਾ। ਇਸ ਬਾਰੇ ਇਕ ਸਰਕਾਰੀ ਦਸਤਾਵੇਜ਼ ਵਿਚ ਲਿਖਿਆ ਹੈ, “ਹੁਣ ਗੇਟ ਦੀਵਾਰ ਵਿਚਲੀ ਮੁਢਲੀ ਪੰਜ ਫੁੱਟ ਛੇ ਇੰਚ ਦੀ ਮੋਰੀ ਦੀ ਥਾਂ ਇੰਨਾ ਵੱਡਾ ਹੈ ਕਿ ਇਸ ਵਿਚੋਂ ਊਠ-ਗੱਡੀ ਵੀ ਲੰਘ ਸਕੇ।” ਮੇਰੀ ਦਾਦੀ ਦੱਸਦੀ ਹੁੰਦੀ ਸੀ ਕਿ ਦਰਵਾਜਾ ਇੰਨਾ ਛੋਟਾ ਸੀ ਕਿ ਲੋਕਾਂ ਨੂੰ ਲੰਘਣ ਲਈ ਝੁਕਣਾ ਪੈਂਦਾ। ਉਸ ਨੇ ਇਕ ਵਾਰ ਆਖਿਆ ਸੀ, “ਹਾਕਮਾਂ ਨੇ ਯਕੀਨੀ ਬਣਾਇਆ ਸੀ ਕਿ ਲੋਕ ਝੁਕ ਕੇ ਹੀ ਉਨ੍ਹਾਂ ਕੋਲ ਆਉਣ।”
ਮੋਰੀ ਗੇਟ ਨੂੰ ਕਰੀਬ ਇਕ ਹਜ਼ਾਰ ਸਾਲ ਪਹਿਲਾਂ ਉਦੋਂ ਪ੍ਰਸਿੱਧੀ ਮਿਲੀ, ਜਦੋਂ ਮਹਿਮੂਦ ਗਜ਼ਨਵੀ ਨੇ ਸ਼ਹਿਰ ਨੂੰ ਘੇਰਾ ਪਾਇਆ। ਲਾਹੌਰ ਦੇ ਰਾਜਾ ਜਸਪਾਲ ਨੇ ਕਈ ਦਿਨ ਉਸ ਦਾ ਟਾਕਰਾ ਕੀਤਾ, ਪਰ ਪਿਛੋਂ ਜਾਨ ਬਚਾ ਕੇ ਭੱਜ ਗਿਆ। ਭੱਜਣ ਲਈ ਉਸ ਨੇ ਮੋਰੀ ਗੇਟ ਦਾ ਇਸਤੇਮਾਲ ਕੀਤਾ। ਉਂਜ, ਰਾਜੇ ਦੇ ਭੱਜ ਜਾਣ ਦਾ ਇਹ ਮਤਲਬ ਨਹੀਂ ਸੀ ਕਿ ਲਾਹੌਰ ਵਾਸੀ ਗਜ਼ਨਵੀ ਅੱਗੇ ਹਾਰ ਮੰਨ ਗਏ, ਸਗੋਂ ਉਨ੍ਹਾਂ ਨੇ ਵਿਦੇਸ਼ੀ ਹਮਲਾਵਰ ਦਾ ਡਟ ਕੇ ਮੁਕਾਬਲਾ ਕੀਤਾ ਤੇ ਲੜਾਈ ਲੜੀ। ਉਨ੍ਹਾਂ ਦਾ ਲੜ ਮਰਨ ਦਾ ਜਜ਼ਬਾ ਦੇਖ ਕੇ ਮਹਿਮੂਦ ਗਜ਼ਨਵੀ ਵੀ ਹੈਰਾਨ ਰਹਿ ਗਿਆ। ਉਸ ਦੇ ਸੂਹੀਆਂ ਨੇ ਖਬਰ ਦਿੱਤੀ ਕਿ ਰਾਜਾ ਜਸਪਾਲ ਪਹਿਲਾਂ ਹੀ ਕੰਧ ਵਿਚਲੀ ਮੋਰੀ ਰਾਹੀਂ ਭੱਜ ਗਿਆ। ਇਸ ‘ਤੇ ਖੁਦ ਮਹਿਮੂਦ ਗਜ਼ਨਵੀ ਨੇ ਬਾਹਰ ਖੜ੍ਹੋ ਕੇ ‘ਮੋਰੀ’ ਨੂੰ ਦੇਖਿਆ। ਅੰਦਾਜ਼ਾ ਲਾਈਏ ਤਾਂ ਉਹ ਕਰੀਬ ਉਸ ਥਾਂ ਖੜੋਤਾ ਹੋਵੇਗਾ, ਜਿਥੇ ਹੁਣ ਉਰਦੂ ਬਾਜ਼ਾਰ ਤੇ ਸਰਕੂਲਰ ਰੋਡ ਹੈ। ਫਿਰ ਰਾਤ ਨੂੰ ਮਹਿਮੂਦ ਗਜ਼ਨਵੀ ਦੀਆਂ ਫੌਜਾਂ ਇਸ ਮੋਰੀ ਗੇਟ ਦੇ ਦਰਵਾਜੇ ਨੂੰ ਤੋੜ ਕੇ ਸ਼ਹਿਰ ਵਿਚ ਦਾਖਲ ਹੋਣ ‘ਚ ਕਾਮਯਾਬ ਰਹੀਆਂ। ਇਸ ਤਰ੍ਹਾਂ ਗਜ਼ਨਵੀ ਲਈ ਲਾਹੌਰ ਦੀ ਜਿੱਤ ਦਾ ਰਾਹ ਸਾਫ ਹੋ ਗਿਆ।
ਇਸ ਪਿਛੋਂ, ਜਿਵੇਂ ਅਨੇਕਾਂ ਵੇਰਵਿਆਂ ਤੋਂ ਸਾਨੂੰ ਪਤਾ ਲੱਗਦਾ ਹੈ, ਸੱਤ ਦਿਨ ਤੇ ਸੱਤ ਰਾਤਾਂ ਜਨੂੰਨੀ ਅਫਗਾਨਾਂ ਨੇ ਲਾਹੌਰ ਸ਼ਹਿਰ ਵਿਚ ਲੁੱਟ-ਮਾਰ, ਕਤਲ ਤੇ ਬਲਾਤਕਾਰ ਕੀਤੇ। ਇਹ ਕਤਲੇਆਮ ਉਦੋਂ ਤੱਕ ਚੱਲਦਾ ਰਿਹਾ, ਜਦੋਂ ਤੱਕ ਸ਼ਹਿਰ ਦੇ ਮੂਲ ਬਾਸ਼ਿੰਦੇ ਜਾਂ ਤਾਂ ਮਾਰੇ ਨਹੀਂ ਗਏ ਤੇ ਜਾਂ ਚੜ੍ਹਦੇ ਪਾਸੇ ਪੈਂਦੇ ਜੰਗਲਾਂ ਵਿਚ ਨਾ ਭੱਜ ਗਏ। ਕਰੀਬ ਪੰਜ ਸਾਲ ਲਾਹੌਰ ਸੁੰਨਸਾਨ ਪਿਆ ਰਿਹਾ।
ਮੋਰੀ ਗੇਟ ਦੀ ਕਹਾਣੀ ਇਥੇ ਹੀ ਨਹੀਂ ਮੁੱਕਦੀ। ਜਦੋਂ ਲਹਿੰਦੇ ਵਾਲੇ ਪਾਸਿਉਂ ਬਾਬਰ ਨੇ ਪੰਜਾਬ ਉਤੇ ਹਮਲਾ ਕੀਤਾ ਤਾਂ ਉਸ ਦਾ ਵੀ ਵਿਰੋਧ ਹੋਇਆ। ਇਕ ਤਰ੍ਹਾਂ ਆਖਿਆ ਜਾਵੇ ਤਾਂ ਪੱਛਮ ਵਾਲੇ ਪਾਸਿਓਂ ਆਉਣ ਵਾਲੇ ਸਾਰੇ ਹਮਲਾਵਰਾਂ ਨੂੰ ਦਿੱਲੀ ਤੱਕ ਪੁੱਜਣ ਵਿਚ ਕੋਈ ਖਾਸ ਔਕੜ ਨਾ ਆਉਂਦੀ। ਜਾਪਦਾ ਹੈ ਕਿ ਪਠਾਣਾਂ ਨੇ ਕਦੇ ਕਿਸੇ ਹਮਲਾਵਰ ਦਾ ਵਿਰੋਧ ਨਹੀਂ ਕੀਤਾ, ਸਿਕੰਦਰ ਦਾ ਵੀ ਨਹੀਂ। ਸਿਕੰਦਰ ਨੂੰ ਵੀ ਪਹਿਲੇ ਵਿਰੋਧ ਦਾ ਸਾਹਮਣਾ ਪੰਜਾਬ ਵਿਚ ਦਾਖਲ ਹੋਣ ‘ਤੇ ਭੇਰਾ ਵਿਖੇ ਹੀ ਕਰਨਾ ਪਿਆ। ਭੇਰਾ ਪੰਜਾਬ ਦਾ ਇਕ ਹੋਰ ਖੂਬਸੂਰਤ ਸ਼ਹਿਰ ਹੈ, ਜੋ ਆਪਣੇ ਆਪ ‘ਚ ਬੜਾ ਇਤਿਹਾਸ ਸਮੋਈ ਬੈਠਾ ਹੈ। ਇਸ ਵਲ ਫੌਰੀ ਤਵੱਜੋ ਦਿੱਤੇ ਜਾਣ ਦੀ ਲੋੜ ਹੈ, ਕਿਉਂਕਿ ਹੁਣ ਇਹ ਪਤਨ ਵਲ ਜਾ ਰਿਹਾ ਹੈ, ਜੋ ਇਕ ਸ਼ਾਨਦਾਰ ਤਹਿਜ਼ੀਬ ਦੇ ਖਾਤਮੇ ਵਲ ਇਸ਼ਾਰਾ ਹੈ।
ਲਾਹੌਰੀਆਂ ਨੇ ਸਾਰੇ ਹਮਲਾਵਰਾਂ ਨੂੰ ਟੱਕਰ ਦਿੱਤੀ। ਇਸੇ ਵਿਰੋਧ ਤੋਂ ਲੋਹੇ ਲਾਖੇ ਹੋਏ ਬਾਬਰ ਨੇ ਲਾਹੌਰ ਨੂੰ ਅੱਗ ਲਾ ਕੇ ਸਾੜਨ ਦਾ ਫੈਸਲਾ ਕੀਤਾ। ਇਸ ਫੈਸਲੇ ਦਾ ਇਕ ਵੱਡਾ ਕਾਰਨ ਭੱਟ ਰਾਜਪੂਤਾਂ ਨਾਲ ਉਸ ਦੀ ਨਫਰਤ ਸੀ, ਜੋ ਭੱਟੀ ਗੇਟ ਵਿਚ ਰਹਿੰਦੇ ਸਨ। ਉਂਜ ਬਾਬਰ ਦੀਆਂ ਫੌਜਾਂ ਵੀ ਸ਼ਹਿਰ ਵਿਚ ਧੋਖੇ ਨਾਲ ਮੋਰੀ ਗੇਟ ਰਾਹੀਂ ਹੀ ਦਾਖਲ ਹੋਈਆਂ। ਉਸ ਵਲੋਂ ਕੀਤੇ ਕਤਲੇਆਮ ਤੇ ਬਲਾਤਕਾਰਾਂ ਕਾਰਨ ਸ਼ਹਿਰ ਖਾਲੀ ਹੋ ਗਿਆ। ਦਰਅਸਲ ਹਰ ਵਾਰ, ਜਦੋਂ ਵੀ ਲਾਹੌਰ ਉਤੇ ਹਮਲਾ ਤੇ ਲੁੱਟਾਂ-ਮਾਰਾਂ ਹੋਈਆਂ, ਇਸ ਦੇ ਬਾਸ਼ਿੰਦੇ ਜਾਨ ਬਚਾ ਕੇ ਭੱਜ ਜਾਂਦੇ ਅਤੇ ਸ਼ਹਿਰ ਸਾਲਾਂ ਤੱਕ ਉਜਾੜ-ਬੀਆਬਾਨ ਪਿਆ ਰਹਿੰਦਾ।
ਜਨੂਨੀ ਹਮਲਾਵਰਾਂ ਕਾਰਨ ਸ਼ਹਿਰ ਅਨੇਕਾਂ ਵਾਰ ਉਜੜਿਆ। ਇਨ੍ਹਾਂ ਹਮਲਾਵਰਾਂ ਦਾ ਮਕਸਦ ਸੁਭਾਵਿਕ ਹੀ ਲੁੱਟ-ਮਾਰ ਕਰਨਾ ਹੁੰਦਾ ਤੇ ਇਸ ਦੌਰਾਨ ਬਲਾਤਕਾਰ ਤੇ ਕਤਲੇਆਮ ਵੀ ਹੁੰਦੇ। ਇਹੋ ਕਾਰਨ ਹੈ ਕਿ ਹਰੇਕ ਵਾਰ, ਜਦੋਂ ਵੀ ਕੋਈ ਮੋਰੀ ਗੇਟ ਮੂਹਰਿਉਂ ਲੰਘਦਾ ਹੈ ਤਾਂ ਉਸ ਨੂੰ ਇਸ ਸ਼ਹਿਰ ਉਤੇ ਹਮਲਾਵਰਾਂ ਵਲੋਂ ਢਾਹੇ ਗਏ ਅਕਹਿ ਜ਼ੁਲਮਾਂ ਦਾ ਅਹਿਸਾਸ ਹੁੰਦਾ ਹੈ। ਅਜਿਹਾ ਅਹਿਸਾਸ ਸ਼ਹਿਰ ਵਿਚ ਦਾਖਲੇ ਦੇ ਹੋਰਨਾਂ ਟਿਕਾਣਿਆਂ ਤੋਂ ਵੀ ਹੁੰਦਾ ਹੈ, ਪਰ ਮੋਰੀ ਗੇਟ ਦਾ ਇਤਿਹਾਸ ਵਿਚ ਖਾਸ ਮੁਕਾਮ ਹੈ, ਜਿਸ ਬਾਰੇ ਸਾਨੂੰ ਬਹੁਤ ਘੱਟ ਇਲਮ ਹੈ।