ਰੱਬ ਦਾ ਆਕਾਰ

ਗੋਬਿੰਦਰ ਸਿੰਘ ਸਮਰਾਓ ਨੇ ਆਪਣੇ ਲੇਖ ‘ੴ ਤੋਂ ਜਪੁ ਤੀਕ’ ਵਿਚ ਕਰਤਾ ਪੁਰਖੁ ਨੂੰ ਨਿਰਜੀਵ ਪਦਾਰਥ ਸਿੱਧ ਕੀਤਾ ਹੈ, ਪਰ ਆਪਣੇ ਨੁਕਤਾ ਨਿਗਾਹ ਦੀ ਪ੍ਰੋੜ੍ਹਤਾ ਲਈ ਗੁਰਬਾਣੀ ਦੇ ਕਿਸੇ ਸ਼ਬਦ ਦੀ ਮਿਸਾਲ ਨਹੀਂ ਦਿੱਤੀ। ਗੁਰਬਾਣੀ ਤਾਂ ਪਦਾਰਥ ਨੂੰ ਪ੍ਰਭੂ ਦੀ ਕਿਰਤ ਅਤੇ ਦੂਜਾ ਆਖਦੀ ਹੈ।

ਆਪੀਨੈ ਆਪੁ ਸਾਜਿਓ
ਆਪੀਨੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ
ਕਰਿ ਆਸਣੁ ਡਿਠੋ ਚਾਉ॥ (ਪੰਨਾ 463)

ਨਾਨਕ ਸਚਾ ਏਕੁ ਹੈ
ਦੁਹੁ ਵਿਚਿ ਹੈ ਸੰਸਾਰੁ॥ (ਪੰਨਾ 950)

ਜਾ ਤਿਸੁ ਭਾਣਾ ਤਾ ਜਗਤੁ ਉਪਾਇਆ॥

ਖੰਡ ਬ੍ਰਹਮੰਡ ਪਾਤਲ ਅਰੰਭੇ
ਗੁਪਤੁਹ ਪਰਗਟੀ ਆਇਦਾ॥ (ਪੰਨਾ 1036)

ਕੀਤਾ ਪਸਾਉ ਏਕੋ ਕਵਾਉ
ਤਿਸ ਤੇ ਹੋਏ ਲਖ ਦਰੀਆਉ॥ (ਪੰਨਾ 3)
ਅਤੇ
ਆਪਨ ਸੂਤਿ ਸਭੁ ਜਗਤੁ ਪਰੋਇ॥ (ਪੰਨਾ 292)
ਗੁਰਬਾਣੀ ਕਰਤਾ ਪੁਰਖ ਦੇ ਆਕਾਰ ਅਤੇ ਰੂਪ ਬਾਰੇ ਕੋਈ ਵਿਚਾਰ ਪੇਸ਼ ਨਹੀਂ ਕਰਦੀ। ਉਸ ਦਾ ਤਾਂ ਨਿਰਣਾ ਹੈ,
ਤਾ ਕਾ ਅੰਤੁ ਨ ਜਾਣੈ ਕੋਈ॥
ਪੂਰੇ ਗੁਰ ਤੇ ਸੋਝੀ ਹੋਈ॥
ਨਾਨਕ ਸਾਚਿ ਰਤੇ ਬਿਸਮਾਦੀ
ਬਿਸਮ ਭਏ ਗੁਣ ਗਾਇਦਾ॥ (ਪੰਨਾ 1036)
ਅਤੇ
ਲੇਖਾ ਹੋਇ ਤ ਲਿਖੀਐ
ਲੇਖੈ ਹੋਇ ਵਿਣਾਸੁ॥
ਨਾਨਕ ਵਡਾ ਆਖੀਐ
ਆਪੇ ਜਾਣੈ ਆਪੁ॥ (ਪੰਨਾ 5)
ਜੇ ਕਰਤਾ ਪੁਰਖੁ ਪਦਾਰਥ ਹੈ ਤਾਂ ਉਸ ਵਿਚ ਤਿੰਨ ਗੁਣ ਹੋਣੇ ਚਾਹੀਦੇ ਸਨ, ਕਿਉਂਕਿ ਪਦਾਰਥ ਵਿਚ ਤਿੰਨ ਗੁਣ ਹੋਣੇ ਜ਼ਰੂਰੀ ਹੁੰਦੇ ਹਨ: 1. ਉਸ ਦਾ ਨਿਸ਼ਚਿਤ ਰੂਪ ਹੁੰਦਾ ਹੈ, ਜਿਸ ਨੂੰ ਦੇਖਿਆ ਜਾਂ ਅਨੁਭਵ ਕੀਤਾ ਜਾ ਸਕਦਾ ਹੈ। 2. ਉਹ ਨਿਰੰਤਰ ਬਦਲਦਾ ਅਤੇ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। 3. ਉਹ ਆਪਣੇ ਆਪ ਤੋਂ ਹੋਂਦ ਵਿਚ ਨਹੀਂ ਆਉਂਦਾ, ਕਿਸੇ ਵਲੋਂ ਬਣਾਇਆ ਜਾਂਦਾ ਹੈ ਅਤੇ ਆਪਣੇ ਕਰਤੇ ਦੇ ਬਣਾਏ ਨਿਯਮਾਂ ਅਨੁਸਾਰ ਕੰਮ ਕਰਦਾ ਹੈ। ਕਰਤਾ ਪੁਰਖੁ ਵਿਚ ਇਨ੍ਹਾਂ ਤਿੰਨਾਂ ਵਿਚੋਂ ਕੋਈ ਗੁਣ ਵੀ ਨਹੀਂ ਹੈ। ਭਾਵੇਂ ਕਰਤਾ ਆਪਣੀ ਕਿਰਤ ਵਿਚ ਵਿਦਮਾਨ ਹੈ, ਪਰ ਉਹ ਕਿਰਤ ਨਹੀਂ, ਸੈਭੰ ਹੈ। ਉਹ ਆਪਣੀ ਕਿਰਤ ਨੂੰ ਹੋਂਦ ਪ੍ਰਦਾਨ ਕਰਨ ਲਈ ਹੀ ਉਸ ਵਿਚ ਵਿਦਮਾਨ ਹੈ, ਕਿਉਂਕਿ ਹੋਂਦ ਸਿਰਫ ਉਸੇ ਦੀ ਹੈ।
ਮਨੁੱਖੀ ਦਿਮਾਗ ਵਿਚ ਅਦ੍ਰਿਸ਼ਟ ਕਰਤੇ ਬਾਰੇ ਜਾਣਨ ਦੀ ਯੋਗਤਾ ਨਹੀਂ ਹੈ। ਉਹ ਤਾਂ ਸਿਰਫ ਉਸ ਦੀ ਕਿਰਤ, ਦ੍ਰਿਸ਼ਟਮਾਨ ਪਦਾਰਥਕ ਜਗਤ ਬਾਰੇ ਹੀ ਜਾਣਨਯੋਗ ਹੈ, ਜਿਸ ਨੂੰ ਉਹ ਵਿਗਿਆਨ ਆਖਦਾ ਹੈ। ਕਰਤੇ ਬਾਰੇ ਤਾਂ ਮਨੁੱਖ ਕਲਪਨਾ ਹੀ ਕਰ ਸਕਦਾ ਹੈ, ਕਿਉਂਕਿ ਮਨੁੱਖ ਆਪ ਵੀ ਉਸ ਦੀ ਕਿਰਤ ਹੈ ਅਤੇ ‘ਪਿਤਾ ਕਾ ਜਨਮੁ ਕਿ ਜਾਨੈ ਪੂਤੁ॥’ (ਪੰਨਾ 283)
ਗੁਰਬਾਣੀ ਦੇ ਮੂਲ ਮੰਤਰ ਵਿਚ ਕਰਤਾ ਪੁਰਖੁ ਨੂੰ ਅਦ੍ਰਿਸ਼ਟ ਰੂਪ ਅਤੇ ਗਰਬਾਣੀ ਵਿਚ ‘ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥’ (ਪੰਨਾ 283) ਦਰਸਾਇਆ ਗਿਆ ਹੈ।
ਵਿਗਿਆਨ ਪਦਾਰਥਕ ਜਗਤ ਦਾ ਸਹੀ ਸਿੱਧ ਹੋਇਆ ਗਿਆਨ ਹੈ। ਵਿਗਿਆਨੀ ਅਪਦਾਰਥ (ਂੋਨ-ਮਅਟਟeਰ) ਬਾਰੇ ਵੀ ਜਾਣਦੇ ਹਨ, ਪਰ ਉਸ ਬਾਰੇ ਬਹੁਤੀ ਜਾਣਕਾਰੀ ਉਪਲਬਧ ਨਹੀਂ ਹੈ। ਵਿਗਿਆਨੀ ਪ੍ਰਭੂ ਦੀ ਹੋਂਦ ਤੇ ਰੂਪ ਬਾਰੇ ਕੋਈ ਵਿਚਾਰ ਪ੍ਰਗਟ ਨਹੀਂ ਕਰਦੇ ਅਤੇ ਨਾ ਹੀ ਅਜੈਵਿਕ ਪਦਾਰਥ ਨੂੰ ਕਰਤਾ ਪੁਰਖੁ ਆਖਦੇ ਹਨ।
-ਹਾਕਮ ਸਿੰਘ