ਜਥੇਬੰਦ ਸਰਕਾਰੀ ਹਿੰਸਾ ਤੇ ਜੁਆਬੀ ਹਿੰਸਾ
ਗੁਰਬਚਨ ਸਿੰਘ
ਫੋਨ: 91-98156-98451
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਦੇ ਹੋਸਟਲ ਵਿਚ ਆਰ. ਐਸ਼ ਐਸ਼ ਦੇ ਨਕਾਬਪੋਸ਼ ਗੁੰਡਿਆਂ ਵਲੋਂ ਪੁਲਿਸ ਦੀ ਹਾਜਰੀ ਵਿਚ ਖਬੇ ਪੱਖੀ ਧਿਰਾਂ ਦੇ ਵਿਦਿਆਰਥੀ ਆਗੂਆਂ ਉਤੇ ਕੀਤੇ ਗਏ ਵਹਿਸ਼ੀ ਹਮਲੇ ਨੇ ਦੇਸ਼ ਭਰ ਦੇ ਵਿਦਿਆਰਥੀਆਂ, ਨੌਜਵਾਨਾਂ ਅਤੇ ਆਮ ਜਮਹੂਰੀ ਤੇ ਇਨਸਾਫ ਪਸੰਦ ਲੋਕਾਂ ਦੇ ਮਨਾਂ ਵਿਚ ਜ਼ੋਰਦਾਰ ਰੋਹ ਅਤੇ ਗੁੱਸਾ ਪੈਦਾ ਕੀਤਾ ਹੈ। ਇਸ ਹਮਲੇ ਨੇ ਕਈ ਤਰ੍ਹਾਂ ਦੀ ਵਿਚਾਰਧਾਰਕ ਚਰਚਾ ਛੇੜੀ ਹੈ, ਜਿਸ ਵਿਚ ਉਭਰ ਕੇ ਸਾਹਮਣੇ ਆਇਆ ਮੁੱਦਾ ਆਰ. ਐਸ਼ ਐਸ਼ ਦੀ ਅਗਵਾਈ ਹੇਠ ਦਿਨੋ-ਦਿਨ ਜੋਰ ਫੜ ਰਿਹਾ ਭਾਜਪਾ ਸਰਕਾਰ ਦਾ ਫਾਸ਼ੀਵਾਦ ਹੈ।
ਇਸ ਘਟਨਾ ਉਤੇ ਟਿੱਪਣੀ ਕਰਦਿਆਂ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਫੇਸਬੁਕ ਸਫੇ ਉਤੇ ਲਿਖਿਆ ਹੈ, “ਪੰਜਾਬੀਓ ਤੇ ਇੰਡੀਆ ਦੇ ਵਾਸੀਓ…। ਸਵੈ-ਰੱਖਿਆ ਲਈ ਲੜਨ ਦਾ ਹੱਕ ਤਾਂ ਭਾਰਤੀ ਸੰਵਿਧਾਨ ਵੀ ਦਿੰਦਾ ਹੈ…। ਸਾਰੇ ਰਾਸ਼ਟਰਵਾਦੀ ਤੁਹਾਨੂੰ ਡਰਾ ਰਹੇ ਨੇ ਕਿ ਮੁਲਕ ਵਿਚ ਹਿਟਲਰ ਵਾਲਾ ਫਾਸ਼ੀਵਾਦ ਆ ਰਿਹਾ ਹੈ। ਭਾਰਤ ਤੇ ਜਰਮਨੀ ਦਾ ਫਰਕ ਜ਼ਮੀਨ ਅਸਮਾਨ ਦਾ ਹੈ। ਇਥੇ ਹਿਟਲਰ ਵਾਲਾ ਫਾਸ਼ੀਵਾਦ ਆ ਹੀ ਨਹੀਂ ਸਕਦਾ। ਇਹ ਤੁਹਾਨੂੰ ਡਰਾ ਕੇ ਭਾਰਤੀ ਰਾਸ਼ਟਰਵਾਦ ਦੇ ਜੂਲੇ ਵਿਚ ਹੀ ਜਕੜ ਕੇ ਰੱਖਣਾ ਚਾਹੁੰਦੇ ਨੇ…। ਐਥੇ ਗ੍ਰਹਿ ਯੁਧ ਜਿਹੀਆਂ ਘਟਨਾਵਾਂ ਹੋ ਸਕਦੀਆਂ ਨੇ ਅਤੇ ਉਹ ਵੀ ਤਾਂ ਜਦੋਂ ਪੁਲਿਸ ਇਕ ਧਿਰ ਦੇ ਨਾਲ ਖੜੇ; ਪਰ ਗ੍ਰਹਿ ਯੁਧ ਤਾਂ ਫਾਸ਼ੀਵਾਦ ਨਹੀਂ ਹੁੰਦਾ…। ਕਮਿਊਨਿਸਟ ਖੱਸੀ ਹੋ ਚੁਕੇ ਨੇ ਤੇ ਜੇ. ਐਨ. ਯੂ. ਵਿਚ ਇਨ੍ਹਾਂ ਦਾ ਕੁਟਾਪਾ ਇਸ ਦੀ ਮਿਸਾਲ ਹੈ। ਕੋਈ ਸਵੈ-ਰੱਖਿਆ ਲਈ ਲੜਿਆ ਨਹੀਂ, ਕਿਸੇ ਕੋਲੋਂ ਡੰਡਾ ਤੇ ਰਾਡ ਖੋਹ ਕੇ ਉਨ੍ਹਾਂ ਦੇ ਮਾਰੀ ਨਹੀਂ ਗਈ। ਕਿਸੇ ਦੇ ਹੋਸਟਲ ਵਿਚ ਹਾਕੀ ਤੇ ਡਾਂਗ ਹੀ ਨਹੀਂ। ਪੁਲਿਸ ਜੁਲਮ ਮੂਹਰੇ ਸ਼ਾਂਤੀਪੂਰਵਕ ਰਹਿਣਾ ਹੋਰ ਗੱਲ ਹੈ, ਪਰ ਜੇ ਕੋਈ ਆਮ ਬੰਦਾ ਜਾਂ ਬੰਦੇ ਤੁਹਾਡੇ ਉਤੇ ਹਮਲਾ ਕਰਨ ਤਾਂ ਉਸ ਦਾ ਮੂੰਹ ਭੰਨਣ ਦੀ ਕੋਸ਼ਿਸ਼ ਨਾ ਕਰਨਾ ਤਾਂ ਗੀਦੀਪੁਣਾ ਹੀ ਹੈ। ਸਾਲੇ 60 ਗੁੰਡੇ ਸਾਰੀ ਯੂਨੀਵਰਸਿਟੀ ਨੂੰ ਕੁੱਟ ਗਏ, ਇਸ ਪੱਖੋਂ ਲਾਹਨਤ ਹੈ ਅਜਿਹੀ ਯੂਨੀਵਰਸਿਟੀ ਨੂੰ ਦੇਸ਼ ਦੀ ਪ੍ਰਮੁਖ ਯੂਨੀਵਰਸਿਟੀ ਕਹਿਣ ਨੂੰ…।
ਮੈਂ ਵੀ ਪੁਰਅਮਨ ਸੰਘਰਸ਼ ਦਾ ਹੀ ਹਾਮੀ ਹਾਂ ਅਤੇ ਜੋ ਲੜਾਈ ਇਥੇ ਲੜੀ ਜਾ ਰਹੀ ਹੈ, ਉਸ ਦਾ ਹਮਾਇਤੀ ਅਤੇ ਪ੍ਰਸ਼ੰਸਕ ਹਾਂ ਪਰ ਨੁਕਤਾ ਹਿੰਸਾ ਦਾ ਡਟ ਕੇ ਵਿਰੋਧ ਕਰਨ ਦਾ ਹੈ। ਸੋਚੋ ਤੇ ਬੋਲੋ ਜੀ…।”
ਸ਼ ਮਾਲੀ ਦੀ ਇਸ ਟਿੱਪਣੀ ਬਾਰੇ ਕੁਝ ਪ੍ਰਤੀਕਰਮ ਹਨ:
-ਪਰ ਯੂਨੀਵਰਸਿਟੀ ਵਿਚੋਂ ਵੀ ਕੁਝ ਕੁੱਟਣ ਵਾਲਿਆਂ ਦੇ ਨਾਲ ਰਲੇ ਹੋਏ ਹਨ।
-ਬਿਲਕੁਲ ਸਹੀ ਕਿਹਾ ਜੀ, ਸਿੱਖੀ ਸਿਧਾਂਤਾਂ ਉਤੇ ਚੱਲਣ ਦੀ ਲੋੜ ਹੈ, ‘ਭੈਅ ਕਾਹੂੰ ਕੋ ਦੇਤ ਨਹਿ ਨਹਿ ਭੈਅ ਮਾਨਤ ਆਨੁ॥’
-ਬਹੁਤ ਪੁਖਤਾ ਵਿਸ਼ਲੇਸ਼ਣ। ਨਿਰੇ ਨਾਹਰੇ ਮਾਰ ਕੇ ਇਨਕਲਾਬ ਲਿਆਉਣ ਦੇ ਦਾਅਵੇ ਕਰਨ ਵਾਲੇ ਡੰਗ ਟਪਾਊ ਅਤੇ ਗਾਂਧੀਵਾਦੀ ਕਾਮਰੇਡਾਂ ਨੂੰ ਅੰਤਰਝਾਤ ਦੀ ਲੋੜ। ਕਿਉਂਕਿ ਨਿਰੇ ਨਾਹਰੇ ਲਾ ਕੇ ਡੰਗ ਟਪਾਉਣ ਵਾਲਾ ਵਕਤ ਵੀ ਲੰਘ ਚੁਕਾ ਹੈ ਅਤੇ ਰਾਜ ਕਰਨ ਵਾਲੀਆਂ ਧਿਰਾਂ ਹੁਣ ਇਨ੍ਹਾਂ ਦੇ ਕੁਸਕਣ ਜਾਂ ਉਚੀ ਸਾਹ ਲੈਣ ਉਤੇ ਵੀ ਖਫਾ ਹੋ ਕੇ ਇਨ੍ਹਾਂ ਦਾ ਕੁਟਾਪਾ ਕਰਨ ਲੱਗੀਆਂ ਹਨ। ਇਸ ਲਈ ਕਾਮਰੇਡ ਜੇ ਆਪਣੇ ਸਿਧਾਂਤ ਦਾ ਜ਼ਮੀਨੀ ਹਕੀਕਤਾਂ ਨਾਲ ਮੇਲ ਕਰਕੇ ਚਲਦੇ ਤਾਂ ਇਹ ਦਿਨ ਨਾ ਵੇਖਣੇ ਪੈਂਦੇ।
-ਸਾਰੇ ਹੀਲੇ ਮੁਕ ਜਾਣ ਪਿਛੋਂ ਵਾਲਾ ਰਾਹ ਅਪਨਾਉਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਜੀ ਦੇ ਰਸਤੇ ਉਤੇ ਚਲ ਕੇ ਆਵਾਮ ਦੀ ਹਮਦਰਦੀ ਤੇ ਹਮਾਇਤ ਲੈਣੀ ਵੀ ਜਰੂਰੀ ਹੈ। ‘ਜਬੈ ਬਾਣ ਲਾਗੈ ਤਬੈ ਰੋਸ ਜਾਗੈ।’
-ਲਹਿਰ ਆਪਣਾ ਰਸਤਾ ਬਣਾ ਰਹੀ ਹੈ। ਹਰ ਇਕ ਇਨਸਾਫ ਅਤੇ ਜਮਹੂਰੀਅਤ ਪਸੰਦ ਇਨਸਾਨ ਨੂੰ ਹਿੰਦੂ ਫਾਸ਼ੀਵਾਦੀ ਹਮਲੇ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ਇਹ ਗੱਲ ਸਹੀ ਹੈ ਤੁਹਾਡੀ ਕਿ ਮੁਕਾਬਲਾ ਕਰਨਾ ਬਣਦਾ ਸੀ ਉਨ੍ਹਾਂ ਦਾ, ਭਾਵੇਂ ਉਨ੍ਹਾਂ ਦੀਆਂ ਡਾਂਗਾਂ ਜਾਂ ਰਾਡਾਂ ਖੋਹ ਕੇ ਕਿਉਂ ਨਾ ਕਰਦੇ।
-ਇਹ ਵੀ ਸਹੀ ਹੈ ਕਿ ਹਾਕੀ ਜਾਂ ਬੈਟ ਜਿਹੇ ਖੇਡ ਵਾਲੇ ਹਥਿਆਰ ਵੀ ਉਹ ਨਿਜੀ ਸੁਰਖਿਆ ਲਈ ਆਪਣੇ ਕੋਲ ਹੋਸਟਲ ਵਿਚ ਰੱਖ ਸਕਦੇ ਹਨ…ਜੇ ਉਨ੍ਹਾਂ ਕੋਲ ਹੁੰਦੇ ਤਾਂ…ਮੇਰਾ ਨੁਕਤਾ ਹਮਲਾਵਰਾਂ ਦਾ ਮੌਕੇ ਉਤੇ ਡਟ ਕੇ ਵਿਰੋਧ ਕਰਨ ਬਾਰੇ ਹੈ, ਹਥਿਆਰਬੰਦ ਲੜਾਈ ਸ਼ੁਰੂ ਕਰਨ ਬਾਰੇ ਨਹੀਂ। ਬਾਕੀ ਜਿੰਨਾ ਵੀ ਉਹ ਲੜ ਰਹੇ ਨੇ, ਚੰਗਾ ਹੈ ਅਤੇ ਉਨ੍ਹਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ।
-ਸਿੱਖ ਬਣਨਾ ਹੀ ਹੱਲ ਹੈ। ਨਿੱਕੀ ਕਿਰਪਾਨ ਵਾਲੇ ਦੇ ਵੀ ਜਲਦੀ ਕੋਈ ਨੇੜੇ ਨ੍ਹੀਂ ਹੁੰਦਾ।
-ਗੀਦੀਪੁਣਾ ਛੱਡਣਾ ਪਊ।
-ਲੋਕਾਂ ਵਿਚੋਂ ਅਣਖ ਨਾਂ ਦੀ ਚੀਜ਼ ਹੀ ਖਤਮ ਹੋ’ਗੀ, ਲੋਕਾਂ ਲਗਦੈ ਹਾਕਮਾਂ ਤੇ ਗੁੰਡਿਆਂ ਅੱਗੇ ਗੋਡੇ ਟੇਕ ਦਿਤੇ ਨੇ।
-ਦੁਰ ਫਿਟੇ ਮੂੰਹ ਇਨ੍ਹਾਂ ਸਰਕਾਰਾਂ ਦੇ। ਮਰ ਜਾਣ ਕੰਜਰ ਇਹ। ਇਨ੍ਹਾਂ ਲੋਕਾਂ ਨੂੰ ਚੌਂਕ ਵਿਚ ਖਲਾਰ ਕੇ…ਮਾਰ ਦੇਣੀ ਚਾਹੀਦੀ ਹੈ।
-ਜਿਹੜੇ ਖੂਨ ਵਿਚੋਂ ਗੈਰਤ ਖਤਮ ਹੋ ਜਾਏ, ਉਸ ਦੀ ਬੇਪਤੀ ਤਾਂ ਹੋਣੀ ਹੀ ਹੈ।…ਪਦਾਰਥਾਂ ਨਾਲ ਬੱਝੇ ਲੋਕਾਂ ਵਿਚੋਂ ਜੁਝਾਰੂਪੁਣਾ ਮਰ ਗਿਆ ਹੈ। ਲੋਕਾਂ ਦੇ ਆਗੂਆਂ ਨੇ ਹੀ ਲੋਕਾਂ ਦੀ ਅਣਖ ਮਾਰ ਦਿੱਤੀ ਹੈ। ਅਕਾਲੀ ਅਤੇ ਕਾਮਰੇਡ-ਦੋਵੇਂ ਜੁਝਾਰੂ ਜਮਾਤਾਂ ਸਨ, ਰਾਜ ਦੀ ਲਾਲਸਾ ਨੇ ਦੋਵੇਂ ਖੱਸੀ ਕਰ ਦਿੱਤੀਆਂ ਹਨ।
-ਬਿਲਕੁਲ ਸਹੀ ਜੀ, ਅਣਖ ਹੀ ਖਤਮ ਹੋ ਰਹੀ ਆ।
—
ਫਾਸ਼ੀਵਾਦ ਬਾਰੇ ਚਰਚਾ ਅਰੰਭ ਕਰਨ ਲਈ ਮੈਂ ਮਾਲਵਿੰਦਰ ਸਿੰਘ ਮਾਲੀ ਦੀ ਉਕਤ ਟਿੱਪਣੀ ਨੂੰ ਇਸ ਲਈ ਆਧਾਰ ਬਣਾਇਆ ਹੈ ਕਿ ਉਹ ਨਾ ਸਿਰਫ ਹੁਣ ਤਕ ਕਿਸੇ ਖਾਸ ਸੋਚ ਦੀ ਪ੍ਰਤੀਨਿਧਤਾ ਕਰਦੇ ਆ ਰਹੇ ਹਨ, ਸਗੋਂ ਉਹ ਪ੍ਰਿਥੀਪਾਲ ਸਿੰਘ ਰੰਧਾਵਾ ਦੀ ਸ਼ਹੀਦੀ ਪਿਛੋਂ ਕਈ ਸਾਲ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਵੀ ਰਹੇ ਹਨ। ਉਨ੍ਹਾਂ ਦੀ ਜਨਰਲ ਸਕੱਤਰੀ ਵੇਲੇ ਮਾਲਵੇ ਦੇ ਵਿਦਿਆਰਥੀਆਂ ਨੇ ਕੁਝ ਥਾਂਵਾਂ ‘ਤੇ ਪੁਲਿਸ ਜਬਰ ਨੂੰ ਰੋਕਣ ਲਈ ਹੱਥਾਂ ਵਿਚ ਡਾਂਗਾਂ ਫੜ ਕੇ ਮੁਜਾਹਰੇ ਵੀ ਕੀਤੇ ਸਨ। ਪਿਛਲੇ ਕੁਝ ਸਮੇਂ ਤੋਂ ਉਹ ਪੰਜਾਬ ਦੇ ਮਸਲਿਆਂ ਬਾਰੇ ਬੇਬਾਕ ਪੜਚੋਲ ਕਰਨ ਲਈ ਅਕਸਰ ਨਿਜੀ ਚੈਨਲਾਂ ‘ਤੇ ਸੁਣੇ ਜਾਂਦੇ ਹਨ। ਸਿੱਖ ਤੇ ਕਮਿਊਨਿਸਟ ਲਹਿਰ ਬਾਰੇ ਵੀ ਉਨ੍ਹਾਂ ਨੂੰ ਚੋਖੀ ਜਾਣਕਾਰੀ ਹੈ। ਉਨ੍ਹਾਂ ਦੀ ਅਜਿਹੀ ਟਿੱਪਣੀ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਨੂੰ ਆਧਾਰ ਬਣਾ ਕੇ ਮੈਂ ਫਾਸ਼ੀਵਾਦ ਬਾਰੇ ਚਰਚਾ ਕਰਨੀ ਜਰੂਰੀ ਸਮਝੀ ਹੈ।
ਫਾਸ਼ੀਵਾਦ ਬਾਰੇ ਚਰਚਾ ਕਰਨ ਲੱਗਿਆਂ ਜਿਸ ਗੰਭੀਰਤਾ ਅਤੇ ਡੂੰਘੇ ਅਧਿਅਨ ਦੀ ਲੋੜ ਹੈ, ਉਸ ਦਾ ਤੱਤ ਸਾਰ ਇਸ ਟਿੱਪਣੀ ਵਿਚੋਂ ਮਨਫੀ ਜਾਪਦਾ ਹੈ। ਟਿੱਪਣੀ ਕਰਨ ਲੱਗਿਆਂ ਸ਼ਬਦਾਂ ਦੀ ਚੋਣ ਨੂੰ ਉਕਾ ਹੀ ਅਣਗੌਲਿਆ ਕਰ ਦਿਤਾ ਗਿਆ ਹੈ। ਜਿਵੇਂ ਕਿ ‘ਸਵੈ-ਰੱਖਿਆ ਲਈ ਲੜਨ ਦਾ ਹੱਕ ਤਾਂ ਭਾਰਤੀ ਸੰਵਿਧਾਨ ਵੀ ਦਿੰਦਾ ਹੈ…। ਸਾਰੇ ਰਾਸ਼ਟਰਵਾਦੀ ਤੁਹਾਨੂੰ ਡਰਾ ਰਹੇ ਨੇ ਕਿ ਮੁਲਕ ਵਿਚ ਹਿਟਲਰ ਵਾਲਾ ਫਾਸ਼ੀਵਾਦ ਆ ਰਿਹਾ ਹੈ…। ਭਾਰਤ ਤੇ ਜਰਮਨੀ ਦਾ ਫਰਕ ਜ਼ਮੀਨ ਅਸਮਾਨ ਜਿਹਾ ਹੈ। ਇਥੇ ਹਿਟਲਰ ਵਾਲਾ ਫਾਸ਼ੀਵਾਦ ਆ ਹੀ ਨਹੀਂ ਸਕਦਾ। ਇਹ ਤੁਹਾਨੂੰ ਡਰਾ ਕੇ ਭਾਰਤੀ ਰਾਸ਼ਟਰਵਾਦ ਦੇ ਜੂਲੇ ਵਿਚ ਹੀ ਜਕੜ ਕੇ ਰੱਖਣਾ ਚਾਹੁੰਦੇ ਨੇ…।’
ਇਥੇ ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਵੇਂ ਦੂਜੀ ਸੰਸਾਰ ਜੰਗ ਦੇ ਸਮੇਂ ਦੌਰਾਨ ਫੈਲੇ ਫਾਸ਼ੀਵਾਦ ਨੂੰ ਹਿਟਲਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਪਰ ਇਸ ਫਾਸ਼ੀਵਾਦ ਦਾ ਕਾਰਨ ਹਿਟਲਰ ਨਹੀਂ ਸੀ, ਸਗੋਂ ਸੰਸਾਰ ਭਰ ਵਿਚ ਉਸ ਵੇਲੇ ਫੈਲਿਆ ਸਾਮਰਾਜੀ ਆਰਥਕ ਸੰਕਟ ਸੀ। 1929 ਵਿਚ ਦੁਨੀਆਂ ਭਰ ‘ਚ ਫੈਲੇ ਮਹਾਂ-ਮੰਦਵਾੜੇ ਨੇ ਅਜਿਹੀਆਂ ਹਾਲਤਾਂ ਪੈਦਾ ਕਰ ਦਿੱਤੀਆਂ ਸਨ ਕਿ ਜੰਗ ਲੜੇ ਬਿਨਾ ਸਾਮਰਾਜੀ ਪ੍ਰਬੰਧ ਦਾ ਅਗਲਾ ਪਸਾਰ ਰੁਕ ਗਿਆ ਸੀ। ਮੁਨਾਫੇ ਦੀ ਹਾਬੜ, ਅੰਨਾ ਮੁਕਾਬਲਾ ਤੇ ਅਨਾਰਕੀ ਦੇ ਆਪਣੇ ਵਜੂਦ ਸਮੋਏ ਲੱਛਣਾਂ ਕਾਰਨ ਸਮੱਚਾ ਸਾਮਰਾਜੀ ਪ੍ਰਬੰਧ ਹੀ ਸਰਬਪੱਖੀ ਸੰਕਟ ਦੀ ਮਾਰ ਹੇਠ ਸੀ। ਇਸ ਸੰਕਟ ਵਿਚੋਂ ਨਿਕਲਣ ਲਈ ਸਾਮਰਾਜੀ ਇਕ-ਦੂਜੇ ਦੀਆਂ ਮੰਡੀਆਂ ਖੋਹਣ ਲਈ ਤੇ ਇਕ-ਦੂਜੇ ਦਾ ਸਿਰ ਵੱਢਣ ਲਈ ਬਿਲਕੁਲ ਅੱਜ ਵਾਂਗ ਹੀ ਲਲਕਾਰੇ ਮਾਰ ਰਹੇ ਸਨ। ਇਨ੍ਹਾਂ ਲਲਕਾਰਿਆਂ ਦਾ ਸਿੱਟਾ ਹੀ ਦੂਜੀ ਸੰਸਾਰ ਸਾਮਰਾਜੀ ਜੰਗ ਵਿਚ ਨਿਕਲਿਆ ਸੀ। ਉਸ ਜੰਗ ਦੌਰਾਨ ਸਮਾਜਵਾਦੀ ਸੋਵੀਅਤ ਯੂਨੀਅਨ ਦੇ ਇਕ ਧਿਰ ਬਣ ਜਾਣ ਕਾਰਨ ਉਸ ਦੇ ਹਮਾਇਤੀਆਂ ਨੇ ਇਸ ਗਠਜੋੜ ਨੂੰ ਜਮਹੂਰੀ ਅਤੇ ਜਰਮਨੀ ਦੀ ਅਗਵਾਈ ਹੇਠਲੇ ਇਸ ਦੇ ਵਿਰੋਧੀ ਗੁੱਟ ਨੂੰ ਫਾਸ਼ੀਵਾਦੀ ਕਰਾਰ ਦੇ ਦਿੱਤਾ, ਜਦੋਂ ਕਿ ਸੋਵੀਅਤ ਯੂਨੀਅਨ ਨੂੰ ਛੱਡ ਕੇ ਬਾਕੀ ਸਾਰੇ ਸਾਮਰਾਜੀ ਦੇਸ਼ ਆਪਣੇ ਸਾਮਰਾਜੀ ਹਿਤਾਂ ਭਾਵ ਮੰਡੀਆਂ ਖੋਹਣ ਲਈ ਲੜ ਰਹੇ ਸਨ ਤੇ ਸਾਰੇ ਹੀ ਫਾਸ਼ੀਵਾਦੀ ਸਨ।
ਅਜਿਹੇ ਸਾਮਰਾਜੀ ਸੰਕਟ ਨੂੰ ਹੀ ਮਾਰਕਸ ਅਤੇ ਲੈਨਿਨ ਨੇ ਇਨਕਲਾਬੀ ਸੰਕਟ ਦਾ ਨਾਂ ਦਿੱਤਾ ਹੈ। ਸਾਮਰਾਜੀਆਂ ਦੇ ਅਜਿਹੇ ਸਰਬਪੱਖੀ ਸੰਕਟ ਦਾ ਹੱਲ ਸਿਰਫ ਤੇ ਸਿਰਫ ਮਜਲੂਮ ਧਿਰਾਂ ਦੀ ਜਥੇਬੰਦ ਹਿੰਸਾ (ਇਨਕਲਾਬ) ਰਾਹੀਂ ਮਜਲੂਮਾਂ, ਗਰੀਬਾਂ ਤੇ ਦਬੇ-ਕੁਚਲਿਆਂ ਦਾ ਰਾਜ ਕਾਇਮ ਕਰਕੇ ਹੀ ਨਿਕਲ ਸਕਦਾ ਹੈ। ਇਸ ਤੋਂ ਬਿਨਾ ਇਸ ਸੰਕਟ ਦਾ ਹੋਰ ਕੋਈ ਹੱਲ ਨਹੀਂ। ਫਾਸ਼ੀਵਾਦ ਸਾਮਰਾਜੀ ਪੈਦਾਵਾਰੀ ਰਿਸ਼ਤਿਆਂ ਦੇ ਵਜੂਦ ‘ਚ ਸਮੋਇਆ ਲੱਛਣ ਹੈ। ਇਸ ਦਾ ਸਬੰਧ ਕਿਸੇ ਵਿਅਕਤੀ ਦੀ ਇੱਛਾ ਨਾਲ ਨਹੀਂ ਜੁੜਿਆ ਹੋਇਆ, ਇਹ ਉਨ੍ਹਾਂ ਵੇਲਿਆਂ ਦੀਆਂ ਹਾਲਤਾਂ ਦੀ ਪੈਦਾਵਾਰ ਹੈ, ਜਦੋਂ ਪੂੰਜੀਵਾਦੀ ਆਰਥਕ ਰਿਸ਼ਤੇ ਹੋਰ ਵਿਕਾਸ ਕਰਨੋਂ ਰੁਕ ਜਾਂਦੇ ਹਨ। ਜਦੋਂ ਮੁਨਾਫੇ ਦੀ ਹਾਬੜ, ਸਾਮਰਾਜੀਆਂ ਵਿਚਲਾ ਅੰਨਾ ਮੁਕਾਬਲਾ ਅਤੇ ਪੈਦਾਵਾਰੀ ਰਿਸ਼ਤਿਆਂ ਵਿਚਲੀ ਅਨਾਰਕੀ ਪੂੰਜੀਵਾਦੀ ਰਿਸ਼ਤਿਆਂ ਦੇ ਅਗਲੇ ਵਿਕਾਸ ਨੂੰ ਬੰਨ ਮਾਰ ਦਿੰਦੇ ਹਨ। ਹੁਣ ਦੁਨੀਆਂ ਭਰ ਵਿਚ ਅਜਿਹੇ ਹੀ ਹਾਲਾਤ ਬਣੇ ਹੋਏ ਹਨ। ਇਨ੍ਹਾਂ ਹਾਲਤਾਂ ਦੀ ਦੇਣ ਹੀ ਆਰ. ਐਸ਼ ਐਸ਼ ਦੀ ਅਗਵਾਈ ਹੇਠਲਾ ਭਾਜਪਾ ਦਾ ਫਾਸ਼ੀਵਾਦ ਹੈ।
2008 ਵਿਚ ਆਏ ਆਰਥਕ ਸੰਕਟ ਨੇ ਸੰਸਾਰ ਸਾਮਰਾਜੀ ਪ੍ਰਬੰਧ ਨੂੰ ਜੜੋਂ ਹਿਲਾਇਆ ਹੋਇਆ ਹੈ। ਇਸ ਵੇਲੇ ਸਮੁੱਚਾ ਸਾਮਰਾਜੀ ਪ੍ਰਬੰਧ ਨਾ ਸਿਰਫ ਆਰਥਕ ਸਗੋਂ ਸਰਬਪੱਖੀ ਸੰਕਟ ਦੀ ਲਪੇਟ ਵਿਚ ਹੈ। ਇਸ ਸੰਕਟ ਵਿਚੋਂ ਨਿਕਲਣ ਤੇ ਆਪਣਾ ਹੋਰ ਪਸਾਰ ਕਰਨ ਦੀ ਲੋੜ ਵਿਚੋਂ ਹੀ ਅੱਜ ਭਾਰਤੀ ਕਾਰਪੋਰੇਟ ਖੇਤਰ ਦਾ ਵੱਡਾ ਹਿੱਸਾ ਬੇਬਹਾ ਪੈਸੇ ਅਤੇ ਹੋਰ ਹਰ ਤਰ੍ਹਾਂ ਦੀ ਮਦਦ ਨਾਲ ਮੋਦੀ-ਸ਼ਾਹ ਜਿਹੇ ਕਾਤਲਾਂ ਦੇ ਪਿਛੇ ਖੜਾ ਹੈ।
ਇਥੇ ਮਸਲਾ ਡਰਨ ਜਾਂ ਕਿਸੇ ਨੂੰ ਡਰਾਉਣ ਦਾ ਨਹੀਂ, ਸਗੋਂ ਹਕੀਕਤ ਨੂੰ ਅੰਗਣ ਦਾ ਹੈ। ਹਕੀਕਤ ਇਹ ਹੈ ਕਿ ਇਹ ਫਾਸ਼ੀਵਾਦ ਹਿਟਲਰ ਤੋਂ ਵੀ ਕਿਤੇ ਵੱਧ ਭਿਆਨਕ ਹੈ, ਕਿਉਂਕਿ ਹਿਟਲਰ ਵੇਲੇ ਅਜੇ ਏਨੇ ਖਤਰਨਾਕ ਪ੍ਰਮਾਣੂ ਹਥਿਆਰ ਹੋਂਦ ਵਿਚ ਨਹੀਂ ਸਨ ਆਏ। ਇਹ ਸਹੀ ਹੈ ਕਿ ਭਾਰਤ ਅਤੇ ਜਰਮਨੀ ਦੀਆਂ ਹਾਲਤਾਂ ਵਿਚ ਜਮੀਨ ਅਸਮਾਨ ਦਾ ਫਰਕ ਹੈ, ਪਰ ਭਾਰਤ ਦਾ ਬ੍ਰਾਹਮਣੀ ਫਾਸ਼ੀਵਾਦ ਜਰਮਨੀ ਤੋਂ ਵੀ ਕਿਤੇ ਵੱਧ ਵਹਿਸ਼ੀ ਅਤੇ ਜਾਲਮ ਹੈ। ਜਰਮਨੀ ਵਿਚ ਹਜਾਰਾਂ ਸਾਲਾਂ ਤੋਂ ਯਹੂਦੀਆਂ ਵਿਰੁਧ ਇਸ ਕਿਸਮ ਦੀ ਨਫਰਤ ਮੌਜੂਦ ਨਹੀਂ ਸੀ, ਜਿੰਨੀ ਕਿ ਭਾਰਤ ‘ਚ ਅਛੂਤਾਂ-ਦਲਿਤਾਂ ਤੇ ਗੈਰ ਬ੍ਰਾਹਮਣੀ ਧਰਮਾਂ ਵਿਰੁਧ ਭਰੀ ਹੋਈ ਹੈ। ਇਸ ਫਾਸ਼ੀਵਾਦ ਦਾ ਵਿਚਾਰਧਾਰਕ ਆਧਾਰ ਹੀ ਬ੍ਰਾਹਮਣੀ ਸੋਚ ਆਧਾਰਤ ਭਾਰਤੀ ਰਾਸ਼ਟਰਵਾਦ ਹੈ। ਇਸ ਫਾਸ਼ੀਵਾਦ ਦਾ ਇਕੋ-ਇਕ ਮੰਤਵ 130 ਕਰੋੜ ਲੋਕਾਂ ਨੂੰ ਭਾਰਤੀ ਰਾਸ਼ਟਰਵਾਦ ਦੇ ਜੂਲੇ ਵਿਚ ਜਕੜ ਕੇ ਰੱਖਣਾ ਹੈ। ਇਹ ਜਕੜ ਕਾਇਮ ਰੱਖਣ ਲਈ ਇਹ ਗਠਜੋੜ ਕਿਸੇ ਵੀ ਹੱਦ ਤਕ ਜਾ ਸਕਦਾ ਹੈ।
ਕਿਸੇ ਸਿਆਣੇ ਚੇਤੰਨ ਮਨੁੱਖ ਦਾ ਇਸ ਵੇਲੇ ਇਹ ਕਹਿਣਾ ਕਿ ਭਾਰਤੀ ਸੰਵਿਧਾਨ ਸਵੈ-ਰੱਖਿਆ ਲਈ ਲੜਨ ਦਾ ਹੱਕ ਦਿੰਦਾ ਹੈ, ਹਕੀਕਤ ਪੱਖੋਂ ਹੀ ਗਲਤ ਹੈ, ਕਿਉਂਕਿ ਸਾਡੇ ਸਾਹਮਣੇ ਪੁਲਿਸ, ਫੌਜ, ਨੌਕਰਸ਼ਾਹੀ, ਮੀਡੀਏ ਤੇ ਸੁਪਰੀਮ ਕੋਰਟ ਤਕ ਨੂੰ ਅਗਲਿਆਂ ਨੇ ਆਪਣੇ ਨਾਲ ਸਹਿਮਤ ਕਰ ਲਿਆ ਹੈ। ਰਾਸ਼ਟਰਪਤੀ ਤੋਂ ਲੈ ਕੇ ਚੋਣ ਕਮਿਸ਼ਨ ਅਤੇ ਕੌਮੀ ਮਨੁੱਖੀ ਅਧਿਕਾਰ ਸੰਗਠਨ ਤਕ ਉਨ੍ਹਾਂ ਦਾ ਪਾਣੀ ਭਰ ਰਹੇ ਹਨ। ਜੇ. ਐਨ. ਯੂ. ਵਿਚ ਵਾਪਰੀ ਵਹਿਸ਼ੀ ਹਿੰਸਾ ਬਾਰੇ ਇਹ ਪ੍ਰਗਟਾਵਾ ਨਿਰੋਲ ਜਜ਼ਬਾਤੀ ਹੈ ਕਿ “ਕਮਿਊਨਿਸਟ ਖੱਸੀ ਹੋ ਚੁਕੇ ਨੇ ਤੇ ਜੇ. ਐਨ. ਯੂ. ਵਿਚ ਇਨ੍ਹਾਂ ਦਾ ਕੁਟਾਪਾ ਇਸ ਦੀ ਮਿਸਾਲ ਹੈ। ਕੋਈ ਸਵੈ-ਰੱਖਿਆ ਲਈ ਲੜਿਆ ਨਹੀਂ, ਕਿਸੇ ਕੋਲੋਂ ਡੰਡਾ ਤੇ ਰਾਡ ਖੋਹ ਕੇ ਉਨ੍ਹਾਂ ਦੇ ਮਾਰੀ ਨਹੀਂ ਗਈ…। ਕਿਸੇ ਦੇ ਹੋਸਟਲ ਵਿਚ ਹਾਕੀ ਤੇ ਡਾਂਗ ਹੀ ਨਹੀਂ…। ਪੁਲਿਸ ਜੁਲਮ ਮੂਹਰੇ ਸ਼ਾਂਤੀਪੂਰਵਕ ਰਹਿਣਾ ਹੋਰ ਗੱਲ ਹੈ, ਪਰ ਜੇ ਕੋਈ ਆਮ ਬੰਦਾ ਜਾਂ ਬੰਦੇ ਤੁਹਾਡੇ ਉਤੇ ਹਮਲਾ ਕਰਨ ਤਾਂ ਉਸ ਦਾ ਮੂੰਹ ਭੰਨਣ ਦੀ ਕੋਸ਼ਿਸ਼ ਨਾ ਕਰਨਾ ਤਾਂ ਗੀਦੀਪੁਣਾ ਹੀ ਹੈ…। ਸਾਲੇ 60 ਗੁੰਡੇ ਸਾਰੀ ਯੂਨੀਵਰਸਿਟੀ ਨੂੰ ਕੁਟ ਗਏ, ਇਸ ਪੱਖੋਂ ਲਾਹਨਤ ਹੈ ਅਜਿਹੀ ਯੂਨੀਵਰਸਿਟੀ ਨੂੰ ਦੇਸ਼ ਦੀ ਪ੍ਰਮੁਖ ਯੂਨੀਵਰਸਿਟੀ ਕਹਿਣ ਨੂੰ…।”
ਬਾਅਦ ਵਿਚ ਜੋ ਕੁਝ ਵਾਪਰਿਆ ਹੈ, ਉਸ ਨੇ ਇਸ ਘਟਨਾ ਬਾਰੇ ਸ਼ ਮਾਲੀ ਦੇ ਮਨ ਵਿਚ ਬਣੀਆਂ ਬਹੁਤ ਸਾਰੀਆਂ ਧਾਰਨਾਵਾਂ ਦਾ ਖੰਡਨ ਕਰ ਦਿੱਤਾ ਹੈ। ਸਪਸ਼ਟ ਹੋ ਗਿਆ ਹੈ ਕਿ ਪੁਲਿਸ ਪੂਰੀ ਤਰ੍ਹਾਂ ਇਨ੍ਹਾਂ ਗੁੰਡਿਆਂ ਦੇ ਨਾਲ ਸੀ। ਫਿਰ ਜਿਵੇਂ ਪੂਰੀ ਬੇਸ਼ਰਮੀ ਨਾਲ ਜਖਮੀ ਵਿਦਿਆਰਥੀ ਆਗੂਆਂ ਉਤੇ ਨਿਰੋਲ ਝੂਠ ਦੇ ਆਧਾਰ ਉਤੇ ਪੁਲਿਸ ਨੇ ਐਫ਼ ਆਈ. ਆਰ. ਦਰਜ ਕੀਤੀ ਹੈ, ਉਸ ਨੇ ਇਹ ਵੀ ਸਾਫ ਕਰ ਦਿਤਾ ਹੈ ਕਿ ਨੌਕਰਸ਼ਾਹੀ ਅਤੇ ਅਦਾਲਤਾਂ ਸਮੇਤ ਸਾਰੀ ਮੋਦੀ ਸਰਕਾਰ ਗੁੰਡਿਆਂ ਦੀ ਪਿੱਠ ਪਿਛੇ ਖੜੀ ਹੈ। ਇਸ ਹਾਲਤ ਵਿਚ ਵਿਦਿਆਰਥੀਆਂ ਨੂੰ ਹਿੰਸਾ ਦਾ ਮੁਕਾਬਲਾ ਹਿੰਸਾ ਨਾਲ ਕਰਨ ਲਈ ਕਹਿਣਾ ਨਿਰੋਲ ਮਾਅਰਕੇਬਾਜੀ ਹੈ। ਅਜਿਹੀ ਵਹਿਸ਼ੀ ਕਿਸਮ ਦੀ ਹਿੰਸਾ ਦਾ ਮੁਕਾਬਲਾ ਹਾਕੀਆਂ ਅਤੇ ਡਾਂਗਾਂ ਨਾਲ ਨਹੀਂ ਕੀਤਾ ਜਾ ਸਕਦਾ। ਅਜਿਹੀ ਜਥੇਬੰਦ ਸਰਕਾਰੀ ਹਿੰਸਾ ਦਾ ਮੁਕਾਬਲਾ ਗੈਰਜਥੇਬੰਦ ਅਤੇ ਗੈਰ-ਰਾਜਸੀ ਹਿੰਸਾ ਨਾਲ ਨਹੀਂ ਹੋ ਸਕਦਾ ਸਗੋਂ ਇਸ ਦਾ ਮੁਕਾਬਲਾ ਜਥੇਬੰਦ ਰਾਜਸੀ ਹਿੰਸਾ ਨਾਲ ਹੀ ਕੀਤਾ ਜਾ ਸਕਦਾ ਹੈ। ਕਮਿਊਨਿਸਟ ਸ਼ਬਦਾਵਲੀ ਵਿਚ ਮਜਲੂਮ ਧਿਰਾਂ ਦੇ ਹੱਕ ਵਿਚ ਜਥੇਬੰਦ ਕੀਤੀ ਗਈ ਅਜਿਹੀ ਰਾਜਸੀ ਹਿੰਸਾ ਨੂੰ ਹੀ ਇਨਕਲਾਬੀ ਹਿੰਸਾ ਦਾ ਨਾਂ ਦਿਤਾ ਗਿਆ ਹੈ। ਹਿੰਸਾ ਬਾਰੇ ਆਪਣੀ ਇਸ ਦੁਬਿਧਾ ਕਰਕੇ ਹੀ ਸ਼ ਮਾਲੀ ਨੂੰ ਬਾਅਦ ਵਿਚ ਇਹ ਕਹਿਣਾ ਪਿਆ ਕਿ ‘ਮੈਂ ਵੀ ਪੁਰਅਮਨ ਸੰਘਰਸ਼ ਦਾ ਹੀ ਹਾਮੀ ਹਾਂ ਅਤੇ ਜੋ ਲੜਾਈ ਇਥੇ ਲੜੀ ਜਾ ਰਹੀ ਹੈ, ਉਸ ਦਾ ਹਮਾਇਤੀ ਤੇ ਪ੍ਰਸ਼ੰਸਕ ਹਾਂ ਪਰ ਨੁਕਤਾ ਹਿੰਸਾ ਦਾ ਡਟ ਕੇ ਵਿਰੋਧ ਕਰਨ ਦਾ ਹੈ…।’
ਅਜਿਹੀ ਫਾਸ਼ੀ ਹਿੰਸਾ ਦਾ ਡਟ ਕੇ ਵਿਰੋਧ ਕਰਨ ਲਈ ਇਕ ਸਹੀ ਰਾਜਨੀਤਕ ਦਿਸ਼ਾ ਤੇ ਇਸ ਦਿਸ਼ਾਂ ਨੂੰ ਅਮਲੀ ਰੂਪ ਦੇਣ ਲਈ ਇਕ ਜਥੇਬੰਦੀ ਦੀ ਲੋੜ ਹੈ। ਮੁਢ ਵਿਚ ਇਹ ਜਥੇਬੰਦੀ ਭਾਵੇਂ ਕਿਨੇ ਵੀ ਛੋਟੇ ਰੂਪ ਵਿਚ ਕਿਉਂ ਨਾ ਹੋਵੇ ਪਰ ਇਸ ਦੀ ਸਹੀ ਰਾਜਨੀਤਕ ਦਿਸ਼ਾ ਨੇ ਹੀ ਇਸ ਦੇ ਫੈਲਣ-ਪਸਰਨ ਦਾ ਆਧਾਰ ਤਿਆਰ ਕਰਨਾ ਹੈ। ਇਸ ਵੇਲੇ ਮੁਖ ਮਸਲਾ ਇਕ ਸਹੀ ਰਾਜਸੀ ਦਿਸ਼ਾ ਅਖਤਿਆਰ ਕਰਨ ਦਾ ਹੈ। ਇਸ ਖਾਤਰ ਸਾਨੂੰ ਆਰ. ਐਸ਼ ਐਸ਼ ਦੀ ਮੌਜੂਦਾ ਫਾਸ਼ੀ ਰਾਜਨੀਤੀ ਦੇ ਪਿਛੋਕੜ ਵਿਚ ਜਾਣ ਦੀ ਲੋੜ ਹੈ, ਜਿਸ ਦੀਆਂ ਤੰਦਾਂ 1984 ਵਿਚ ਸ੍ਰੀ ਅਕਾਲ ਤਖਤ ਸਾਹਿਬ ਉਤੇ ਹੋਏ ਫੌਜੀ ਹਮਲੇ ਨਾਲ ਜੁੜਦੀਆਂ ਹਨ। ਇਸ ਫਾਸ਼ੀ ਰਾਜਨੀਤੀ ਦੀ ਸ਼ੁਰੂਆਤ ਇੰਦਰਾ ਗਾਂਧੀ ਨੇ ਕੀਤੀ ਸੀ, ਜਿਸ ਨੂੰ ਸਿਖਰ ‘ਤੇ ਮੋਦੀ-ਸ਼ਾਹ ਜੋੜੀ ਨੇ ਪੁਚਾਇਆ ਹੈ।
1977 ਵਿਚ ਪਾਰਲੀਮੈਂਟ ਚੋਣਾਂ ਹਾਰ ਕੇ ਜਦੋਂ 1980 ਵਿਚ ਇੰਦਰਾ ਗਾਂਧੀ ਮੁੜ ਕੇਂਦਰ ਸਰਕਾਰ ‘ਤੇ ਕਾਬਜ਼ ਹੋਈ ਤਾਂ ਉਸ ਨੇ ਭਾਰਤੀ ਰਾਜਨੀਤੀ ਵਿਚ ਸੁਚੇਤ ਤੌਰ ‘ਤੇ ਬ੍ਰਾਹਮਣੀ ਰਾਜਨੀਤੀ ਨੂੰ ਉਭਾਰਨਾ ਸ਼ੁਰੂ ਕਰ ਦਿਤਾ ਸੀ। ਨਵੇਂ-ਨਵੇਂ ਹੋਂਦ ਵਿਚ ਆਏ ਅਤੇ ਭਾਰਤ ਭਰ ਵਿਚ ਛਾਏ ਟੀ. ਵੀ. ਉਤੇ ਉਸ ਨੇ ਆਪਣੀਆਂ ਮੰਦਿਰਾਂ ਦੀਆਂ ਕੀਤੀਆਂ ਜਾ ਰਹੀਆਂ ਯਾਤਰਾਵਾਂ ਤੇ ਮੱਠਾਂ ਦੇ ਸ਼ੰਕਰਾਚਾਰੀਆਂ ਨਾਲ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਨੂੰ ਖੂਬ ਪ੍ਰਚਾਰਿਆ। ਇਸ ਪ੍ਰਚਾਰ ਨੇ ਉਸ ਨੂੰ ਬ੍ਰਾਹਮਣੀ ਹਿੰਦੂਆਂ ਦੇ ਇਕ ਆਗੂ ਵਜੋਂ ਉਭਰਨ ਵਿਚ ਮਦਦ ਕੀਤੀ।
1980 ਦੀਆਂ ਅਸੈਂਬਲੀ ਚੋਣਾਂ ਵਿਚ ਦਿੱਲੀ ਅਤੇ ਜੰਮੂ ਅੰਦਰ ਮਿਲੀ ਭਾਰੀ ਸਫਲਤਾ ਨੇ ਇੰਦਰਾ ਗਾਂਧੀ ਨੂੰ ਆਪਣੀ ਇਸ ਰਾਜਸੀ ਸਫਲਤਾ ਦਾ ਮੁਰੀਦ ਬਣਾ ਦਿਤਾ। ਐਮਰਜੈਂਸੀ ਪਿਛੋਂ ਜਨਤਾ ਪਾਰਟੀ ਦੀ ਸਰਕਾਰ ਦੇ ਹੋਂਦ ਵਿਚ ਆਉਣ ਅਤੇ ਥੋੜ੍ਹੇ ਹੀ ਸਮੇਂ ਵਿਚ ਅਸਫਲ ਹੋ ਜਾਣ ਦੇ ਕਾਰਨ ਦੇਸ਼ ਭਰ ਵਿਚ ਪਸਰੇ ਰਾਜਸੀ, ਸਮਾਜੀ ਅਤੇ ਆਰਥਕ ਸੰਕਟ ਦਾ ਹੱਲ ਉਸ ਨੂੰ ‘ਬਹੁਗਿਣਤੀ’ ਲੋਕਾਂ ਦੇ ਬ੍ਰਾਹਮਣੀ ਜਜ਼ਬਾਤ ਭੜਕਾ ਕੇ ਆਪਣੇ ਪਿਛੇ ਲਾਮਬੰਦ ਕਰਨ ਦੇ ਰੂਪ ਵਿਚ ਮਿਲ ਗਿਆ।
ਪੰਜਾਬ ‘ਚ ਦਿਨੋਂ ਦਿਨ ਤੇਜ ਹੋ ਰਹੇ ਸਿੱਖ ਸੰਘਰਸ਼ ਦਾ ਕੋਈ ਵਾਜਬ ਹੱਲ ਲਭਣ ਦੀ ਥਾਂ ਉਸ ਨੇ ਇਸ ਨੂੰ ਦੇਸ਼ ਭਰ ਵਿਚ ਬ੍ਰਾਹਮਣੀ ਜਨੂੰਨ ਭੜਕਾਉਣ ਲਈ ਵਰਤਿਆ। ਜਾਇਜ਼ ਮੰਗਾਂ ਲਈ ਲੜੇ ਜਾ ਰਹੇ ਪੰਜਾਬ ਦੇ ਸੰਘਰਸ਼ ਨੂੰ ਜਾਣ-ਬੁਝ ਕੇ ਹਿੰਦੂ-ਸਿੱਖ ਮਸਲਾ ਬਣਾ ਕੇ ਪੇਸ਼ ਕੀਤਾ ਗਿਆ। ਸਿੱਖ ਵਿਰੋਧੀ ਭੜਕਾਏ ਇਸ ਬ੍ਰਾਹਮਣੀ ਜਨੂੰਨ ਦਾ ਸਿੱਟਾ ਇਹ ਨਿਕਲਿਆ ਕਿ ਇੰਦਰਾ ਗਾਂਧੀ ਦੀ ਮੌਤ ਪਿਛੋਂ ਨਵੰਬਰ 1984 ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਤੇ ਹੋਰ ਅਨੇਕ ਥਾਂਵਾਂ ‘ਤੇ ਸਿੱਖ ਕਤਲੇਆਮ ਹੋਇਆ ਅਤੇ ਦਸੰਬਰ 1984 ਵਿਚ ਰਾਜੀਵ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ‘ਅਜ਼ਾਦ’ ਦੇਸ਼ ਦੇ ਇਤਿਹਾਸ ਵਿਚ ਲੋਕ ਸਭਾ ਦੀਆਂ ਸਭ ਤੋਂ ਵੱਧ ਸੀਟਾਂ ਲੈ ਕੇ ਜਿੱਤੀ। ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਨ੍ਹਾਂ ਲੋਕ ਸਭਾ ਚੋਣਾਂ ਵਿਚ ਸਿਰਫ ਦੋ ਸੀਟਾਂ ਮਿਲੀਆ।
ਰਾਜੀਵ ਗਾਂਧੀ ਦੀ ਇਸੇ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ‘ਕਮੰਡਲ’ ਰਾਜਨੀਤੀ ਦਾ ਅਰੰਭ ਕੀਤਾ। ਬ੍ਰਾਹਮਣੀ ਫਾਸ਼ੀਵਾਦ ਫੈਲਾਉਣ ਦੀ ਕਾਂਗਰਸ ਪਾਰਟੀ ਦੀ ਸੀਮਤਾਈ ਦਾ ਫਾਇਦਾ ਲੈ ਕੇ ਉਸ ਨੇ ਬ੍ਰਾਹਮਣੀ ਜਨੂੰਨ ਨੂੰ ਦੇਸ਼ ਪੱਧਰ ‘ਤੇ ਹੋਰ ਵੱਡਾ ਰੂਪ ਦੇਣ ਲਈ ਸਿੱਖਾਂ ਦੇ ਨਾਲ ਮੁਸਲਮਾਨਾਂ ਨੂੰ ਵੀ ਆਪਣੇ ਹਮਲੇ ਦਾ ਨਿਸ਼ਾਨਾ ਬਣਾਉਣ ਦੀ ਤਰਕੀਬ ਲੱਭੀ ਅਤੇ ਅਯੁਧਿਆ ਵਿਚ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਿਰ ਬਣਾਉਣ ਦੇ ਨਾਹਰੇ ਨੂੰ ਲੈ ਕੇ ਗੁਜਰਾਤ ਦੇ ਸੋਮਨਾਥ ਮੰਦਿਰ ਤੋਂ ਅਯੁਧਿਆ ਤਕ ਰਥ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਧੂੰਆਂਧਾਰ ਮੁਸਲਿਮ ਵਿਰੋਧੀ ਨਫਰਤ ਫੈਲਾਈ ਗਈ। ਇਸ ਨਫਰਤ ਨੂੰ ਪ੍ਰਚੰਡ ਕਰਨ ਲਈ ਅਨੇਕ ਥਾਂਵਾਂ ‘ਤੇ ਮੁਸਲਿਮ ਵਿਰੋਧੀ ਦੰਗੇ ਭੜਕਾਏ ਗਏ। ਇਸ ਬ੍ਰਾਹਮਣੀ ਰਾਜਨੀਤੀ ਦੀ ਦਿਸ਼ਾ ਬਦਲੀ ਦਾ ਕਮਾਲ ਸੀ ਕਿ ਜਿਸ ਭਾਜਪਾ ਨੂੰ 1984 ਦੀਆਂ ਲੋਕ ਸਭਾ ਚੋਣਾਂ ਵਿਚ ਸਿਰਫ 2 ਸੀਟਾਂ ਮਿਲੀਆਂ ਸਨ, ਉਸੇ ਨੂੰ 1991 ਦੀਆਂ ਚੋਣਾਂ ਵਿਚ 89 ਸੀਟਾਂ ਮਿਲੀਆਂ।
ਇਸੇ ਰਾਜਨੀਤੀ ਦੇ ਰਥ ਉਤੇ ਅਸਵਾਰ ਹੋ ਕੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਸ਼ਹੀਦ ਕੀਤੀ ਗਈ। ਸੈਂਕੜੇ ਦੀ ਗਿਣਤੀ ਵਿਚ ਮੁਸਲਮਾਨ ਕਤਲ ਕੀਤੇ ਗਏ। ਕੇਂਦਰ ਸਰਕਾਰ ਦੇ ਮੌਜੂਦਾ ਮੰਤਰੀ ਪ੍ਰਤਾਪ ਸਾਰੰਗੀ ਦੀ ਅਗਵਾਈ ਹੇਠਲੇ ਬਜਰੰਗ ਦਲ ਨੇ ਉੜੀਸਾ ਵਿਚ ਇਕ ਆਸਟ੍ਰੇਲੀਅਨ ਇਸਾਈ ਪਾਦਰੀ ਅਤੇ ਉਸ ਦੇ 2 ਮਾਸੂਮ ਬਚੇ ਜਿਉਂਦੇ ਸਾੜੇ। ਇਨ੍ਹਾਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਮੁੰਬਈ ਵਿਚ ਬੰਬ ਧਮਾਕੇ ਹੋਏ ਅਤੇ ਅਨੇਕ ਨਿਰਦੋਸ਼ ਜਾਨਾਂ ਇਸ ਬ੍ਰਾਹਮਣੀ ਰਾਜਨੀਤੀ ਦੀ ਭੇਟ ਚੜ੍ਹੀਆਂ।
ਇਸ ਰਾਜਨੀਤੀ ਦੇ ਫਲਸਰੂਪ ਪਾਰਲੀਮੈਂਟ ਵਿਚ ਭਾਜਪਾ ਦੇ ਮੈਂਬਰਾਂ ਦੀ ਗਿਣਤੀ ਵਧਦੀ ਰਹੀ ਅਤੇ ਕਾਂਗਰਸ ਮੈਂਬਰਾਂ ਦੀ ਗਿਣਤੀ ਘਟਦੀ ਰਹੀ। ਇਹ ਸਾਰਾ ਸਮਾਂ ਭਾਜਪਾ ਨੇ ਮੁਸਲਮਾਨ, ਇਸਾਈ ਅਤੇ ਸਿੱਖ ਵਿਰੋਧੀ ਨਫਰਤ ਦੀ ਭੱਠੀ ਲਗਾਤਾਰ ਬਲਦੀ ਰੱਖੀ। ਇਸੇ ਦੌਰਾਨ ਮੋਦੀ-ਸ਼ਾਹ ਜੋੜੀ ਨੇ ਰਲ ਕੇ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਕੀਤਾ, ਜਿਸ ਦੀ ਸੱਚਾਈ ਗੁਜਰਾਤ ਫਾਈਲਾਂ ਵਿਚ ਦਰਜ ਹੈ।
ਆਰ. ਐਸ਼ ਐਸ਼ ਤੇ ਇਸ ਨਾਲ ਜੁੜੀਆਂ ਸਾਰੀਆਂ ਜਥੇਬੰਦੀਆਂ ਸਿਰਫ ਇਕ ਨੁਕਤੇ ਉਤੇ ਸਹਿਮਤ ਹਨ ਕਿ ਭਾਰਤ ਇਕ ‘ਹਿੰਦੂ’ ਦੇਸ਼ ਹੈ ਅਤੇ ਬਹੁਗਿਣਤੀ (ਬ੍ਰਾਹਮਣੀ) ‘ਹਿੰਦੂ’ ਹੀ ਇਸ ਦੇਸ਼ ਦੇ ਅਸਲੀ ਵਾਰਿਸ ਹਨ। ਇਸ ਦੇਸ਼ ਵਿਚ ਵਸਦੇ ਮੁਸਲਮਾਨ ਅਤੇ ਇਸਾਈ ਲੋਕ ਬਾਹਰੋਂ ਆਏ ਹਮਲਾਵਰ ਹਨ ਅਤੇ ਇਨ੍ਹਾਂ ਦਾ ਇਸ ਦੇਸ਼ ‘ਤੇ ਕੋਈ ਇਖਲਾਕੀ ਦਾਅਵਾ ਨਹੀਂ ਹੈ। ਆਰ. ਐਸ਼ ਐਸ਼ ਦੀ ਅਗਵਾਈ ਹੇਠ ਬ੍ਰਾਹਮਣਵਾਦੀ ਸੋਚ ਅਤੇ ਸਾਮਰਾਜੀ ਕਾਰਪੋਰੇਟ ਦਾ ਹੋਇਆ ਗਠਜੋੜ ਸਾਮਰਾਜੀ ਹਵਸ ਦਾ ਕੇਂਦ੍ਰਿਤ ਪ੍ਰਗਟਾਵਾ ਹੈ। ਇਸ ਗਠਜੋੜ ਨੇ ਸਾਰੇ ਸਰਕਾਰੀ ਅਦਾਰਿਆਂ ਨੂੰ ਅਗਵਾ ਕਰਕੇ ਅਤੇ ਬੇਹਿਸਾਬ ਪੈਸੇ ਤੇ ਪ੍ਰਚਾਰ ਤੰਤਰ ਦੇ ਜੋਰ ਨਾਲ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਜਿੱਤੀਆਂ ਨਹੀਂ, ਸਗੋਂ ਅਗਵਾ ਕੀਤੀਆਂ ਹਨ।
ਇਸ ਫਾਸ਼ੀਵਾਦ ਦੇ ਹੁਣ ਚਾਰ ਮੁਖ ਦੁਸ਼ਮਣ ਹਨ-ਸਿੱਖ, ਮੁਸਲਮਾਨ, (ਸ਼ਹਿਰੀ) ਨਕਸਲੀ ਅਤੇ ਅੰਬੇਡਕਰੀ ਦਲਿਤ। ਸਿੱਖ, ਮੁਸਲਮਾਨ ਅਤੇ ਅੰਬੇਡਕਰੀ ਦਲਿਤ ਤਾਂ ਆਪਣੀ ਸੋਚ ਪੱਖੋਂ ਹੀ ਬ੍ਰਾਹਮਣਵਾਦ ਦੇ ਕੱਟੜ ਵਿਰੋਧੀ ਹਨ, ਇਸ ਕਰਕੇ ਇਹ ਤਿੰਨੇ ਆਰ. ਐਸ਼ ਐਸ਼ ਦੀ ਫਾਸ਼ੀਵਾਦੀ ਰਾਜਨੀਤੀ ਦੇ ਪੈਰੋਕਾਰ ਨਹੀਂ ਬਣ ਸਕਦੇ ਤੇ ਨਕਸਲੀ ਇਸ ਕਰਕੇ ਇਨ੍ਹਾਂ ਦੇ ਦੁਸ਼ਮਣ ਹਨ ਕਿਉਂਕਿ ਉਹ ਇਸ ਦੇਸ਼ ਵਿਚ ਹਥਿਆਰਬੰਦ ਇਨਕਲਾਬ ਰਾਹੀਂ ਰਾਜ ਸੱਤਾ ‘ਤੇ ਕਬਜਾ ਕਰਨ ਦੇ ਪੈਰੋਕਾਰ ਹਨ ਅਤੇ ਉਨ੍ਹਾਂ ਦੀ ਇਕ ਧਿਰ ਅਜੇ ਵੀ ਹਥਿਆਰਬੰਦ ਹੈ। ਹੁਣ ਇਨ੍ਹਾਂ ਚਾਰੇ ਧਿਰਾਂ ਸਮੇਤ ਬਹੁਗਿਣਤੀ ਗਰੀਬ ਕਿਰਤੀ-ਕਿਸਾਨ ਲੋਕ ਅਤੇ ਆਪਣੇ ਆਪਣੇ ਨਿਵੇਕਲੇ ਸਭਿਆਚਾਰਾਂ ਪ੍ਰਤੀ ਸੁਚੇਤ ਜਨਸਮੂਹ ਇਸ ਫਾਸ਼ੀਵਾਦ ਦੇ ਦੁਸ਼ਮਣ ਹਨ। ਮਸਲਾ ਇਨ੍ਹਾਂ ਸਾਰਿਆਂ ਨੂੰ ਇਕ ਰਾਜਸੀ ਲੜੀ ਵਿਚ ਪ੍ਰੋਣ ਦਾ ਹੈ। ਇਨ੍ਹਾਂ ਸਭ ਨੂੰ ਇਕ ਲੜੀ ਵਿਚ ਪਰੋਏ ਬਿਨਾ ਇਸ ਫਾਸ਼ੀਵਾਦ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ।
ਇਸ ਸੰਕਟ ਨੇ ਅਨੇਕ ਰੱਬ ਵਰਗੇ ਬੰਦੇ ਪੈਦਾ ਕੀਤੇ ਹਨ, ਜਿਨ੍ਹਾਂ ਨੇ ਜੁਲਮ ਦਾ ਸ਼ਿਕਾਰ ਹੋ ਰਹੇ ਮਜਲੂਮਾਂ ਦਾ ਦਰਦ ਮਹਿਸੂਸ ਕਰਦਿਆਂ ਆਪਣੀ ਜਾਨ ਦੀ ਕੀਮਤ ‘ਤੇ ਉਨ੍ਹਾਂ ਦੇ ਹੱਕ ਵਿਚ ਬੜੀ ਦ੍ਰਿੜਤਾ ਨਾਲ ਅਵਾਜ਼ ਬੁਲੰਦ ਕੀਤੀ ਹੈ। ਰਵੀਸ਼ ਕੁਮਾਰ, ਅਰੁੰਧਤੀ ਰਾਏ, ਪ੍ਰਸ਼ਾਤ ਭੂਸ਼ਣ ਜਿਹੇ ਅਨੇਕਾਂ ਲੋਕਾਂ ਦੀ ਇਕ ਲੰਬੀ ਲੜੀ ਹੈ। ਇਨ੍ਹਾਂ ਦੇ ਜੁਝਾਰੂ ਅਤੇ ਆਪਾ ਵਾਰੂ ਜਜ਼ਬੇ ਨੂੰ ਸਲਾਮ ਕਰਨੀ ਬਣਦੀ ਹੈ, ਪਰ ਇਹ ਸਾਰੇ ਸੱਜਣ ਵੀ ਦੁਨੀਆਂ ਭਰ ਵਿਚ ਫੈਲ-ਪਸਰ ਰਹੇ ਇਸ ਫਾਸ਼ੀਵਾਦ ਦੀਆਂ ਪੂੰਜੀਵਾਦੀ-ਸਾਮਰਾਜੀ ਜੜ੍ਹਾਂ ਨੂੰ ਪਛਾਣਨ ਅਤੇ ਲੋਕਾਂ ਨੂੰ ਉਨ੍ਹਾਂ ਦਾ ਇਨਕਲਾਬੀ ਹੱਲ ਦਸਣ ਤੋਂ ਊਣੇ ਰਹਿ ਰਹੇ ਹਨ। ਇਹੀ ਕਾਰਨ ਹੈ ਕਿ ਆਮ ਲੋਕਾਂ ਦੇ ਮਨਾਂ ਵਿਚ ਇਨ੍ਹਾਂ ਦੇ ਬਣ ਰਹੇ ਸਤਿਕਾਰ ਦੇ ਬਾਵਜੂਦ ਇਹ ਲੋਕ ਕਿਸੇ ਵੱਡੇ ਕਾਫਲੇ ਦਾ ਰੂਪ ਧਾਰਨ ਨਹੀਂ ਕਰ ਸਕੇ।
ਇਨ੍ਹਾਂ ਸਾਰੇ ਸੱਜਣ ਲੋਕਾਂ ਨੂੰ ਧਰਮ ਨਿਰਪੱਖਤਾ ਦੇ ਭਰਮ ਜਾਲ ਵਿਚੋਂ ਬਾਹਰ ਨਿਕਲਣਾ ਚਾਹੀਦਾ ਹੈ। ਧਰਮ ਨਿਰਪਖਤਾ ਨਾਂ ਦੀ ਕਿਸੇ ਧਾਰਨਾ ਦਾ ਮਨੁੱਖ ਦੀ ਹਕੀਕੀ ਸਮਾਜੀ ਜ਼ਿੰਦਗੀ ਨਾਲ ਕੋਈ ਸਬੰਧ ਨਹੀਂ। ਇਹ ਸਿਰਫ 18ਵੀਂ-19ਵੀਂ ਸਦੀ ਦੀ ਪੱਛਮੀ ਉਦਾਰਵਾਦੀ ਸੋਚ ਦੀ ਰਹਿੰਦ-ਖੂਹੰਦ ਹੈ, ਜਿਸ ਦੀ ਅਜੋਕੇ ਸਾਮਰਾਜੀ ਖਪਤਕਾਰੀ ਦੇ ਯੁਗ ਵਿਚ ਕੋਈ ਇਨਕਲਾਬੀ ਅਹਿਮੀਅਤ ਨਹੀਂ। ਸਾਰੇ ਹੀ ਧਰਮ ਸਾਮਰਾਜੀ ਖਪਤਕਾਰੀ ਦੇ ਵਿਰੋਧੀ ਹਨ ਅਤੇ ਸਾਰੇ ਧਰਮਾਂ ਦਾ ਇਸ ਯੁੱਗ ਵਿਚ ਇਨਕਲਾਬੀ ਰੋਲ ਹੈ। ਸਾਰੇ ਧਰਮਾਂ ਵਿਚ ਅਗਾਂਹ ਵਧੂ ਅਤੇ ਪਿਛਾਂਹ ਖਿੱਚੂ ਧਾਰਾਵਾਂ ਦੀ ਹੋਂਦ ਹੈ। ਮਸਲਾ ਇਨ੍ਹਾਂ ਧਾਰਾਵਾਂ ਵਿਚਾਲੇ ਨਿਖੇੜਾ ਕਰਨ ਦਾ ਹੈ। ਇਹ ਨਿਖੇੜਾ ਕੀਤੇ ਬਿਨਾ ਅਸੀਂ ਕਿਵੇਂ ਵੀ ਆਰ. ਐਸ਼ ਐਸ਼ ਦੇ ਬ੍ਰਾਹਮਣਵਾਦੀ ਫਾਸ਼ੀ ਰਾਸ਼ਟਰਵਾਦ ਦਾ ਵਿਚਾਰਧਾਰਕ ਵਿਰੋਧ ਨਹੀਂ ਕਰ ਸਕਦੇ ਅਤੇ ਇਸ ਵਿਰੋਧ ਤੋਂ ਬਿਨਾ ਇਨ੍ਹਾਂ ਨੂੰ ਆਮ ਸਜਣ ਹਿੰਦੂਆਂ ਵਿਚੋਂ ਨਿਖੇੜਿਆ ਨਹੀਂ ਜਾ ਸਕਦਾ।
ਆਰ. ਐਸ਼ ਐਸ਼ ਦੀ ਅਗਵਾਈ ਹੇਠ ਉਭਰ ਰਹੇ ਅਜੋਕੇ ਫਾਸ਼ੀਵਾਦ ਬਾਰੇ ਪ੍ਰਸਿਧ ਲੇਖਕ ਖੁਸ਼ਵੰਤ ਸਿੰਘ ਦੀ 17 ਸਾਲ ਪਹਿਲਾਂ ਕੀਤੀ ਭਵਿਖਵਾਣੀ ਕਿੰਨੀ ਸਪਸ਼ਟ ਹੈ, “ਹਰੇਕ ਫਾਸ਼ੀਵਾਦੀ ਹਕੂਮਤ ਨੂੰ ਅੱਗੇ ਵਧਣ ਲਈ ਅਜਿਹੇ ਭਾਈਚਾਰੇ ਅਤੇ ਸਮੂਹ ਲੋੜੀਂਦੇ ਨੇ, ਜਿਨ੍ਹਾਂ ਨੂੰ ਉਹ ਲਗਾਤਾਰ ਜਲੀਲ ਕਰ ਸਕੇ। ਆਪਣੀ ਸ਼ੁਰੂਆਤ ਉਹ ਇਕ-ਦੋ ਸਮੂਹਾਂ ਤੋਂ ਕਰਦੀ ਹੈ, ਪਰ ਉਹ ਕਦੀ ਵੀ ਉਥੇ ਨਹੀਂ ਰੁਕਦੀ। ਨਫਰਤ ਦੁਆਲੇ ਸਿਰਜੀ ਗਈ ਲਹਿਰ ਸਿਰਫ ਲਗਾਤਾਰ ਡਰ ਅਤੇ ਤਣਾਅ ਪੈਦਾ ਕਰਕੇ ਹੀ ਕਾਇਮ ਰੱਖੀ ਜਾ ਸਕਦੀ ਹੈ। ਸਾਡੇ ਵਿਚੋਂ ਜੋ ਲੋਕ ਅੱਜ ਇਹ ਸੋਚਦੇ ਹਨ ਕਿ ਉਹ ਸੁਰੱਖਿਅਤ ਹਨ, ਕਿਉਂਕਿ ਉਹ ਮੁਸਲਮਾਨ ਜਾਂ ਇਸਾਈ ਨਹੀਂ ਹਨ, ਉਹ ਮੂਰਖਾਂ ਦੀ ਦੁਨੀਆਂ ਵਿਚ ਰਹਿੰਦੇ ਹਨ। ਸੰਘ ਪਹਿਲਾਂ ਹੀ ਖੱਬੇ ਪੱਖੀ ਇਤਿਹਾਸਕਾਰਾਂ ਅਤੇ ‘ਪੱਛਮੀ’ ਤਰਜ ਦੀ ਜ਼ਿੰਦਗੀ ਜੀਅ ਰਹੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਕਲ੍ਹ ਨੂੰ ਉਹ ਆਪਣੀ ਨਫਰਤ ਦਾ ਅਗਲਾ ਨਿਸ਼ਾਨਾ ਸਕਰਟ ਪਹਿਨਣ ਵਾਲੀਆਂ ਔਰਤਾਂ, ਮੀਟ ਖਾਣ ਤੇ ਸ਼ਰਾਬ ਪੀਣ ਵਾਲੇ ਲੋਕਾਂ, ਵਿਦੇਸ਼ੀ ਫਿਲਮਾਂ ਵੇਖਣ ਵਾਲੇ ਅਤੇ ਹਰ ਸਾਲ ਤੀਰਥ ਯਾਤਰਾ ਨਾ ਕਰਨ ਵਾਲੇ, ਦੰਤ ਮੰਜਨ ਕਰਨ ਦੀ ਥਾਂ ਟੁਥ ਪੇਸਟ ਕਰਨ ਵਾਲੇ ਸਮੂਹਾਂ, ਵੈਦਾਂ ਦੀ ਥਾਂ ਅੰਗਰੇਜੀ ਦਵਾਈਆਂ ਦੀ ਵਰਤੋ ਕਰਨ ਵਾਲੇ, ਇਕ-ਦੂਜੇ ਨੂੰ ਮਿਲਣ ਵੇਲੇ ‘ਜੈ ਸ਼੍ਰੀ ਰਾਮ’ ਕਹਿਣ ਦੀ ਥਾਂ ਹੱਥ ਮਿਲਾਉਣ ਵਾਲੇ ਜਾਂ ਇਕ-ਦੂਜੇ ਦੇ ਹੱਥ ਚੁੰਮਣ ਵਾਲੇ ਲੋਕਾਂ ਨੂੰ ਬਣਾਉਣਗੇ। ਹੁਣ ਕੋਈ ਵੀ ਸੁਰਖਿਅਤ ਨਹੀਂ। ਜੇ ਅਸੀਂ ਭਾਰਤ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਸੱਚਾਈ ਸਮਝਣੀ ਚਾਹੀਦੀ ਹੈ।” (‘ਦ ਐਂਡ ਆਫ ਇੰਡੀਆ’ {ਭਾਰਤ ਦਾ ਅੰਤ} 2003 ਵਿਚ ਛਪੀ ਕਿਤਾਬ ਵਿਚੋਂ)