ਮਾਲਟਾ ਕਾਂਡ ਦਾ ਆਲਮੀ ਪਸਾਰਾ

ਪੰਜਾਬ ਤੋਂ ਪਰਵਾਸ ਦੀ ਕਹਾਣੀ ਹੁਣ ਦਰਦ-ਕਹਾਣੀ ਵਿਚ ਤਬਦੀਲ ਹੋ ਗਈ ਹੈ। ਮਨੁੱਖ ਲਈ ਪਰਵਾਸ ਕੋਈ ਨਵੀਂ ਗੱਲ ਨਹੀਂ। ਆਪਣੀ ਜ਼ਿੰਦਗੀ ਸੁਖਾਲੀ ਕਰਨ ਲਈ ਮਨੁੱਖ ਮੁੱਢ-ਕਦੀਮ ਤੋਂ ਹੀ ਪਰਵਾਸ ਕਰਦਾ ਰਿਹਾ ਹੈ ਅਤੇ ਪਰਿਵਾਰ ਤੋਂ ਦੂਰ ਰਹਿ ਕੇ ਅਜਿਹੇ ਦੁੱਖ ਝੱਲਦਾ ਆਇਆ ਹੈ, ਪਰ ਪੰਜਾਬ ਵਿਚੋਂ ਜੋ ਪਰਵਾਸ ਅੱਜ ਕੱਲ੍ਹ ਹੋ ਰਿਹਾ ਹੈ, ਉਸ ਦੇ ਪਸਾਰ ਅਤੇ ਅਰਥ ਬਹੁਤ ਡੂੰਘੇ ਹਨ। ਇਹ ‘ਕਿਆਮਤ’ ਕੋਈ ਇਕ ਦਿਨ ਵਿਚ ਨਹੀਂ ਆਈ। ਇਸ ਸਮੁੱਚੇ ਵਰਤਾਰੇ ਬਾਰੇ ਦਸਤਾਵੇਜ਼ੀ ਫਿਲਮਸਾਜ਼ ਤੇ ਪੱਤਰਕਾਰ ਦਲਜੀਤ ਅਮੀ ਨੇ ਵਿਸਥਾਰ ਵਿਚ ਚਰਚਾ ਕੀਤੀ ਹੈ।

-ਸੰਪਾਦਕ

ਦਲਜੀਤ ਅਮੀ

ਅਜੋਕੇ ਦੌਰ ਦੀਆਂ ਪੰਜਾਬ ਦੀਆਂ ਪਰਵਾਸ ਨਾਲ ਜੁੜੀਆਂ ਤ੍ਰਾਸਦੀਆਂ ਕਾਮਾਗਾਟਾ ਮਾਰੂ ਜਹਾਜ (1914) ਤੋਂ ਮਾਲਟਾ ਕਾਂਡ (1996) ਤਕ ਫੈਲੀਆਂ ਹੋਈਆਂ ਹਨ। ਅਨੇਕਾਂ ਪਰਤਾਂ ਵਾਲੇ ਤ੍ਰਾਸਦੀਆਂ ਦੇ ਇਸ ਰੁਝਾਨ ਦਾ ਕੋਈ ਸਿਰਾ 1996 ਦੌਰਾਨ ਦਿੱਲੀ ਤੋਂ ਹਵਾਈ ਜਹਾਜ ਦੇ ਟਾਇਰਾਂ ਲਾਗੇ ਲੁਕ ਕੇ ਲੰਡਨ ਪੁੱਜੇ ਦੋ ਭਰਾਵਾਂ ਪ੍ਰਦੀਪ ਸੈਣੀ ਅਤੇ ਵਿਜੇ ਸੈਣੀ ਨਾਲ ਜੁੜਦਾ ਹੈ, ਜਿਨ੍ਹਾਂ ਵਿਚੋਂ ਇੱਕ ਭਰਾ ਦੀ ਹੀਥਰੋ ਦੀ ਹਵਾਈ ਪੱਟੀ ਉਤੇ ਡਿਗ ਕੇ ਮੌਤ ਹੋ ਗਈ ਸੀ ਅਤੇ ਦੂਜਾ ਬਰਤਾਨੀਆ ਦਾ ਸ਼ਹਿਰੀ ਬਣ ਗਿਆ ਸੀ। ਇਨ੍ਹਾਂ ਦਾ ਕੋਈ ਹੋਰ ਸਿਰਾ ਸੱਤ ਸਾਲ ਦੀ ਉਮਰ ਹੰਢਾਉਣ ਤੋਂ ਪਹਿਲਾਂ ਐਰੀਜ਼ੋਨਾ ਦੇ ਰੇਗਿਸਤਾਨ ਵਿਚ ਗਰਮੀ ਨਾਲ ਮੌਤ ਦੀ ਗੋਦ ਵਿਚ ਜਾ ਸੁੱਤੀ (ਜੂਨ 2019) ਗੁਰਪ੍ਰੀਤ ਕੌਰ ਨਾਲ ਵੀ ਜੁੜਦਾ ਹੈ, ਜਿਸ ਦੇ ਮਾਪੇ ਪਰਦੇਸੀਂ ਵਸਣ ਲਈ ਅਣਜਾਣ ਧਰਤੀਆਂ ਦੇ ਜੱਗ ਜਾਹਰ ਖਤਰਿਆਂ ਨੂੰ ਸਹੇੜਨ ਅਤੇ ਅਣਭੋਲ ਜ਼ਿੰਦਗੀਆਂ ਨੂੰ ਦਾਅ ‘ਤੇ ਲਾਉਣ ਲਈ ਤਿਆਰ ਹਨ।
ਇਸੇ ਤ੍ਰਾਸਦੀ ਦਾ ਕੋਈ ਸਿਰਾ ਲਾਤੀਨੀ ਅਮਰੀਕਾ ਦੇ ਟਾਪੂਆਂ ਤੋਂ ਕਿਸ਼ਤੀਆਂ ਰਾਹੀਂ ਅਤੇ ਮੈਕਸੀਕੋ ਦੇ ਜੰਗਲਾਂ ਰਾਹੀਂ ਅਮਰੀਕਾ ਵਿਚ ਪਹੁੰਚਣ ਦੇ ਉਪਰਾਲੇ ਵਜੋਂ ਦਰਜ ਹੋ ਰਿਹਾ ਹੈ। ਇਸ ਉਪਰਾਲੇ ਦੀ ਹਿੰਡ ਨੇ ਮਾਲਟਾ ਦੀ ਤ੍ਰਾਸਦੀ ਵਾਂਗ ਸਮੁੰਦਰ ਦੇ ਕੰਢਿਆਂ ਉਤੇ ਨਿਸ਼ਾਨੀਆਂ ਨਹੀਂ ਛੱਡੀਆਂ ਅਤੇ ਨਾ ਹੀ ਇਰਾਕ ਦੇ ਸ਼ਹਿਰ ਮੌਸੂਲ (ਮਾਰਚ 2018) ਵਾਂਗ ਇਨ੍ਹਾਂ ਜੰਗਲਾਂ-ਸਮੁੰਦਰਾਂ ਵਿਚੋਂ ਡਾਕਟਰੀ ਸ਼ਨਾਖਤ ਕਰਨ ਜਿੰਨੀਆਂ ਦੇਹਾਂ ਪਰਤੀਆਂ ਹਨ।
ਇਸ ਤ੍ਰਾਸਦੀ ਦਾ ਕੋਈ ਸਿਰਾ ਅਮਰੀਕਾ ਦੇ ਸ਼ਹਿਰਾਂ ਵਿਚ ਬਣੇ ਬੰਦੀ-ਖਾਨਿਆਂ ਵਿਚ ਸੁਲਘ ਰਿਹਾ ਹੈ, ਜਿਥੇ 24 ਸਾਲਾ ਗੁਰਜੰਟ ਸਿੰਘ ਅਤੇ 33 ਸਾਲਾ ਅਜੇ ਕੁਮਾਰ ਆਪਣੇ ਕੇਸਾਂ ਦੀ ਅਦਾਲਤੀ ਸੁਣਵਾਈ ਲਈ 74 ਦਿਨਾਂ ਤੱਕ ਭੁੱਖ ਹੜਤਾਲ ‘ਤੇ ਬੈਠੇ ਸਨ। ਇਹ ਦੋਵੇਂ ਕੌਮਾਂਤਰੀ ਖਬਰਾਂ ਵਜੋਂ ਨਸ਼ਰ ਹੋਏ ਤਾਂ 22 ਸਾਲਾ ਜਸਵੀਰ ਸਿੰਘ ਅਤੇ 23 ਸਾਲਾ ਰਾਜਨਦੀਪ ਸਿੰਘ ਦੀਆਂ ਦੱਸਾਂ ਪਈਆਂ, ਜੋ ਖਬਰਨਵੀਸਾਂ ਨੂੰ ਭੁੱਖ-ਹੜਤਾਲਾਂ ਦੌਰਾਨ ਜਬਰੀ ਭੋਜਨ ਦਿੱਤੇ ਜਾਣ ਦੀਆਂ ਤਕਲੀਫਾਂ ਬਿਆਨ ਕਰ ਰਹੇ ਹਨ। ਇਨ੍ਹਾਂ ਦੱਸਾਂ ਨਾਲ ਬੰਦੀ-ਖਾਨਿਆਂ ਵਿਚ ਬੰਦ ਜੀਆਂ ਦੇ ਸ਼ਨਾਖਤ ਜਿੰਨੇ ਨਕਸ਼ ਤਾਂ ਨਹੀਂ ਉਘੜੇ, ਪਰ ਅੰਕੜੇ ਆਉਣੇ ਸ਼ੁਰੂ ਹੋ ਗਏ। ਇਨ੍ਹਾਂ ਅੰਕੜਿਆਂ ਵਿਚੋਂ ਬੇਨਕਸ਼ਿਆਂ ਦੇ ਨਕਸ਼ ਨਿਖਾਰਨਾ ਮੁਸ਼ਕਿਲ ਜਾਪਦਾ ਹੈ। ਅਮਰੀਕਾ ਤੋਂ ਵਾਪਸ ਭੇਜਿਆ ਗਿਆ ਪੰਜਾਬੀ ਬੰਦਾ ਦਿੱਲੀ ਦੇ ਹਵਾਈ ਅੱਡੇ ਉਤੇ ਪਹੁੰਚ ਕੇ ਦੱਸਦਾ ਹੈ ਕਿ ਜੰਗਲ ਵਿਚ ਲੰਘਦਿਆਂ ਉਸ ਨੇ ਲਾਸ਼ ਦੇਖੀ ਸੀ, ਜਿਸ ਦੀ ਬਾਂਹ ਵਿਚ ਕੜਾ ਸੀ। ਕੜੇ ਦਾ ਜ਼ਿਕਰ ਕੋਈ ਮਾਇਨਾ ਸਿਰਜਦਾ ਹੈ; ਇਸ ਮਾਇਨੇ ਦੇ ਕੁਥਾਵੇਂ ਹੋਣ ਦੀ ਗੁੰਜਾਇਸ਼ ਕਾਇਮ ਰਹਿੰਦੀ ਹੈ, ਪਰ ਕਿਸੇ ਵੀ ਹਾਲਤ ਵਿਚ ਉਸ ਲਾਵਾਰਿਸ ਲਾਸ਼ ਦੇ ਵਾਰਿਸ ਦੀ ਦੱਸ ਨਹੀਂ ਪੈਂਦੀ, ਉਸ ਬੇਨਕਸ਼ ਜੀਅ ਦੀ ਦੱਸ ਪੈਣ ਤੋਂ ਨਕਸ਼ ਨਹੀਂ ਉਘੜਦੇ।
ਇਸ ਤ੍ਰਾਸਦੀ ਦੀ ਥਾਹ ਪਾਉਣ ਦਾ ਹਰ ਉਪਰਾਲਾ ਊਣਾ ਰਹਿ ਜਾਂਦਾ ਹੈ। ਜਦੋਂ ਇਸ ਤ੍ਰਾਸਦੀ ਦੀ ਮਾਰ ਧੋਖਾ-ਧੜੀਆਂ ਵਜੋਂ ਸਾਹਮਣੇ ਆਉਂਦੀ ਹੈ ਤਾਂ ਗੈਰ-ਕਾਨੂੰਨੀ ਤਾਣੇ ਦੀਆਂ ਕੁਝ ਤੰਦਾਂ ਬੇਪਰਦ ਹੁੰਦੀਆਂ ਹਨ। ਸਰਕਾਰੀ ਅਤੇ ਗੈਰ-ਸਰਕਾਰੀ ਅਦਾਰੇ ਜਾਂ ਜਥੇਬੰਦੀਆਂ ਇਸ ਧੰਦੇ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਉਣ ਦੀਆਂ ਸਿਫਾਰਿਸ਼ਾਂ/ਤਰੱਦਦ ਕਰਦੇ ਹਨ। ਇਸ ਮਸ਼ਕ ਵਿਚੋਂ ਵੀ ਸਰਕਾਰੀ ਕਾਰਵਾਈ ਦੇ ਘੇਰੇ ਵਿਚ ਆਏ ਜਾਂ ਸਰਕਾਰੀ ਮਾਨਤਾ ਨਾਲ ਧੰਦਾ ਕਰਦੇ ਜੀਆਂ ਦਾ ਅੰਕੜਾ ਹੀ ਸਾਹਮਣੇ ਆਉਂਦਾ ਹੈ। ਇਹ ਰੁਝਾਨ ਕਿਸੇ ਦਲੀਲ ਵਿਚ ਬੰਨ੍ਹੇ ਜਾਣ ਤੋਂ ਇਨਕਾਰ ਕਰਦਾ ਹੈ ਅਤੇ ਇਸ ਦੇ ਕਾਰਨ ਜਾਗਰੂਕਤਾ ਦੀ ਘਾਟ, ਗੈਰ-ਕਾਨੂੰਨੀ ਤਰੀਕਿਆਂ ਅਤੇ ਬੇਰੁਜ਼ਗਾਰੀ ਨਾਲ ਜੋੜ ਕੇ ਵੇਖੇ ਜਾਂਦੇ ਹਨ। ਜੇ ਇੰਜ ਹੀ ਹੁੰਦਾ ਤਾਂ ਜਦੋਂ ਮਾਲਟਾ ਕਾਂਡ ਦੀ ਬੇਕਿਰਕੀ ਬੇਪਰਦ ਹੋ ਰਹੀ ਸੀ ਤਾਂ ਦੋ ਭਰਾ (ਪ੍ਰਦੀਪ ਅਤੇ ਵਿਜੇ) ਜਹਾਜ ਦੇ ਟਾਇਰਾਂ ਲਾਗੇ ਲੁਕ ਕੇ ਬਰਤਾਨੀਆ ਪੁੱਜਣ ਦਾ ਉਪਰਾਲਾ ਕਿਵੇਂ ਕਰਦੇ ਹਨ? ਇੰਜ ਸਫਰ ਕਰਨ ਦੇ ਖਤਰੇ ਦਾ ਅਹਿਸਾਸ ਕਰਨ ਲਈ ਤਾਂ ਕੋਈ ਗਿਆਨ ਦਰਕਾਰ ਨਹੀਂ ਹੈ।
ਪਰਵਾਸ ਕਰਨ ਦੇ ਖਤਰਿਆਂ ਦਾ ਅੰਦਾਜ਼ਾ ਹੁਣ ਕਿਸੇ ਵੀ ਥਾਂ ਤੋਂ ਲੁਕਿਆ ਨਹੀਂ ਹੈ। ਜਦੋਂ ਪਿਛਲੇ ਦਿਨਾਂ ਵਿਚ ਅਮਰੀਕਾ ਤੋਂ ਪਰਤਾਏ ਗਏ ਪਰਵਾਸੀਆਂ ਦੇ ਦੋ ਜਹਾਜ ਦਿੱਲੀ ਪੁੱਜੇ ਤਾਂ ਇਨ੍ਹਾਂ ਵਿਚ ਸਵਾਰ ਜ਼ਿਆਦਾਤਰ ਮੁਸਾਫਰ ਮੈਕਸੀਕੋ ਰਾਹੀਂ ਅਮਰੀਕਾ ਵਿਚ ਜਾਣ ਦੇ ਤਰੱਦਦ ਦੌਰਾਨ ਫੜੇ ਗਏ ਸਨ। ਇਨ੍ਹਾਂ ਸਾਰਿਆਂ ਨੂੰ ਆਪਣੇ ਰਾਹ ਵਿਚ ਆਉਣ ਵਾਲੇ ਖਤਰਿਆਂ ਦੀ ਪੁਖਤਾ ਜਾਣਕਾਰੀ ਸੀ। ਇੰਟਰਨੈੱਟ ਦੇ ਦੌਰ ਵਿਚ ਅਜਿਹੀ ਜਾਣਕਾਰੀ ਦੀ ਘਾਟ ਨਹੀਂ ਹੈ, ਜਿਸ ਰਾਹੀਂ ਗੈਰ-ਕਾਨੂੰਨੀ ਪਰਵਾਸ ਦੇ ਰਾਹ ਵਿਚ ਆਉਂਦੀਆਂ ਔਕੜਾਂ ਦੀ ਤਫਸੀਲ ਮਿਲਦੀ ਹੈ। ਇਨ੍ਹਾਂ ਔਕੜਾਂ ਨਾਲ ਨਜਿੱਠਣ ਦੇ ਕਾਇਦਾਨੁਮਾ ਵੀਡੀਓ ਇੰਟਰਨੈੱਟ ਉਤੇ ਮਿਲਦੇ ਹਨ।
ਰੂਮ ਸਾਗਰ ਦਾ ਤ੍ਰਾਸਦੀ ਮੰਚ: ਪਹਿਲਾਂ (1980ਵਿਆਂ ਤੋਂ) ਪਰਵਾਸ ਦੀ ਤ੍ਰਾਸਦੀ ਦਾ ਮੰਚ ਰੂਮ ਸਾਗਰ ਹੁੰਦਾ ਸੀ, ਜਿਸ ਰਾਹੀਂ ਏਸ਼ੀਆ ਅਤੇ ਅਮਰੀਕਾ ਦੇ ਲੋਕ ਯੂਰਪੀ ਮੁਲਕਾਂ ਵਿਚ ਜਾਣ ਦੇ ਮੌਕੇ ਤਾੜਦੇ ਸਨ। ਅਰਬ ਅਤੇ ਖਾੜੀ ਦੇ ਮੁਲਕਾਂ ਵਿਚ ਜੰਗ ਅਤੇ ਖਾਨਾਜੰਗੀ ਨੇ ਯੂਰਪੀ ਮੁਲਕਾਂ ਦੀਆਂ ਸਮੁੰਦਰ ਵਿਚ ਹਮਲਾਵਰ ਗਸ਼ਤਾਂ ਦੇ ਬਾਵਜੂਦ ਰੂਮ ਸਾਗਰ ਦੇ ਮਨੁੱਖੀ-ਤਸਕਰਾਂ ਦਾ ਕਾਰੋਬਾਰ ਵਧਾਉਣ ਦਾ ਕੰਮ ਕੀਤਾ ਹੈ।
ਬੂਹੇ-ਬਾਰੀਆਂ ਦਾ ਚਲਾਵਾਂ ਖਾਸਾ: ਸੀਰੀਆ ਤੋਂ ਉਜੜਿਆਂ ਨੇ ਤੁਰਕੀ, ਗਰੀਸ ਅਤੇ ਬਾਲਕਾਂ ਮੁਲਕਾਂ ਰਾਹੀਂ ਯੂਰਪ ਦੇ ਦੂਜੇ ਮੁਲਕਾਂ ਤੱਕ ਜਾਣ ਦੇ ਰਾਹ ਅਖਤਿਆਰ ਕੀਤੇ ਹਨ, ਪਰ ਰਾਹ ਵਿਚ ਪੈਂਦੇ ਮੁਲਕਾਂ ਦੀਆਂ ਪੇਸ਼ਬੰਦੀਆਂ ਨੇ ਕੋਈ ਰਾਹ ਪੱਕਾ ਨਹੀਂ ਹੋਣ ਦਿੱਤਾ ਅਤੇ ਬੇਘਰੀ ਨੇ ਸਰਹੱਦਾਂ ਦੀ ਕਿਲ੍ਹਾਬੰਦੀ ਕਾਮਯਾਬ ਨਹੀਂ ਹੋਣ ਦਿੱਤੀ। ਮਿਸਰ, ਲੀਬੀਆ, ਟਿਊਨੇਸ਼ੀਆ ਅਤੇ ਅਲਜੀਰੀਆ ਦੇ ਖਰਾਬ ਹਾਲਾਤ ਨੇ ਪਨਾਹਗੀਰਾਂ ਅਤੇ ਤਸਕਰਾਂ ਦੀ ਬੇਵਿਸਾਹੀ ਵਿਚ ਵਾਧਾ ਕੀਤਾ ਹੈ। ਨਤੀਜੇ ਵਜੋਂ ਰੂਮ ਸਾਗਰ ਦੀ ਪਰਵਾਸ ਦੀ ਤ੍ਰਾਸਦੀ ਦੇ ਮੰਚ ਉਤੇ ਦਾਖਲੇ ਵਾਲੇ ਦਰਵਾਜੇ ਨੂੰ ਮੌਕਿਆਂ ਦੇ ਪੈਰ ਲਾ ਦਿੱਤੇ। ਇੱਕ ਪਾਸੇ ਪਰਵਾਸ ਦੀ ਤ੍ਰਾਸਦੀ ਦੇ ਮੰਚ ਉਤੇ ਜਾਣ ਲਈ ਬੂਹਾ ਲੀਬੀਆ ਤੋਂ ਮੋਰੱਕੋ ਵਿਚਾਲੇ ਸਫਰਯਾਫਤਾ ਹੈ ਅਤੇ ਦੂਜੇ ਪਾਸੇ ਇਸ ਮੰਚ ਤੋਂ ਬਾਹਰ ਜਾਣ ਦਾ ਬੂਹਾ ਸਪੇਨ ਤੋਂ ਇਟਲੀ ਵਿਚਾਲੇ ਘੁੰਮਦਾ ਰਹਿੰਦਾ ਹੈ।
ਤ੍ਰਾਸਦੀ ਦਾ ਵਹੀ-ਖਾਤਾ: ਯੂਰਪੀ ਕੌਂਸਲ ਔਨ ਫੌਰਨ ਰਿਲੇਸ਼ਨਜ਼ ਨੇ ਰੂਮ ਸਾਗਰ ਰਾਹੀਂ ਹੁੰਦੇ ਪਰਵਾਸ ਦੀ ਯੂਰਪੀ ਯੂਨੀਅਨ ਦੇ ਹਵਾਲੇ ਨਾਲ ਨਕਸ਼ਾ-ਨਵੀਸੀ ਕੀਤੀ ਹੈ। ਇਸ ਅਦਾਰੇ ਦੀ ਵੈਬਸਾਈਟ ਰੂਮ ਸਾਗਰ ਅਤੇ ਤੁਰਕੀ-ਗਰੀਸ ਰਾਹੀਂ ਯੂਰਪ ਵਿਚ ਆਉਣ ਵਾਲਿਆਂ ਦਾ ਰੋਜ਼ਾਨਾ ਲੇਖਾ ਦਰਜ ਕਰਦੀ ਹੈ। ਇਸ ਤੋਂ ਪਰਵਾਸ ਦੀ ਤ੍ਰਾਸਦੀ ਦੇ ਮੰਚ ਉਤੇ ਆਉਣ-ਜਾਣ ਵਾਲੇ ਬੂਹਿਆਂ ਦੀਆਂ ਥਾਂਵਾਂ ਅਤੇ ਇਨ੍ਹਾਂ ਵਿਚੋਂ ਗੁਜ਼ਰਨ ਵਾਲਿਆਂ ਦੀ ਗਿਣਤੀ ਦਾ ਅੰਦਾਜ਼ਾ ਹੁੰਦਾ ਹੈ। ਮਿਸਾਲ ਵਜੋਂ 2014 ਤੋਂ 2017 ਤੱਕ ਮੋਰੱਕੋ ਤੋਂ ਸਪੇਨ ਜਾਣ ਵਾਲਿਆਂ ਦੀ ਗਿਣਤੀ ਸਾਲ ਵਾਰ 4632, 5238, 8162 ਅਤੇ 22103 ਰਹੀ। ਲਿਬੀਆ ਤੋਂ ਇਟਲੀ ਜਾਣ ਵਾਲਿਆਂ ਦੀ ਗਿਣਤੀ ਸਾਲ ਵਾਰ 1,70,100; 1,53,842; 1,81,436 ਅਤੇ 1,19,369 ਰਹੀ। ਤੁਰਕੀ-ਗਰੀਸ ਰਾਹੀਂ ਦੂਜੇ ਯੂਰਪੀ ਮੁਲਕਾਂ ਵਿਚ ਜਾਣ ਵਾਲਿਆਂ ਦੀ ਗਿਣਤੀ 41,038; 8,56,723; 1,73,450 ਅਤੇ 29,710 ਰਹੀ। ਇਨ੍ਹਾਂ ਅੰਕੜਿਆਂ ਵਿਚ ਪਰਵਾਸ ਦੀ ਤ੍ਰਾਸਦੀ ਦੇ ਮੰਚ ਦੀ ਬੇਕਿਰਕੀ ਲਾਪਤਾ ਅਤੇ ਮੌਤਾਂ ਦੀ ਗਿਣਤੀ ਸ਼ਾਮਲ ਹੈ। ਰੂਮ ਸਾਗਰ ਵਿਚ 2014 ਦੌਰਾਨ 3538, 2015 ਦੌਰਾਨ 3771, 2016 ਦੌਰਾਨ 5096, 2017 ਦੌਰਾਨ 3139 ਅਤੇ 2018 ਦੌਰਾਨ 2277 ਜੀਅ ਲਾਪਤਾ ਹੋਏ ਜਾਂ ਮੌਤ ਦੇ ਮੂੰਹ ਜਾ ਪਏ। ਇਸ ਸਾਲ 19 ਦਸੰਬਰ ਤੱਕ 1277 ਜੀਅ ਲਾਪਤਾ ਹੋਣ ਵਾਲਿਆਂ ਜਾਂ ਮੌਤ ਦੇ ਮੂੰਹ ਜਾ ਪੈਣ ਵਾਲਿਆਂ ਵਿਚ ਸ਼ੁਮਾਰ ਹੋ ਗਏ ਸਨ।
ਨਾਮੁਕੰਮਲ ਅੰਕੜਾ: ਰੂਮ ਸਾਗਰ ਅਤੇ ਗਰੀਸ-ਤੁਰਕੀ ਦੇ ਅੰਕੜਿਆਂ ਨਾਲ ਯੂਰਪ ਵਿਚ ਆਉਣ ਵਾਲਿਆਂ ਦਾ ਸਹੀ ਅੰਦਾਜ਼ਾ ਨਹੀਂ ਲੱਗ ਸਕਦਾ। ਵੱਡੀ ਗਿਣਤੀ ਵਿਚ ਲੋਕ ਹਵਾਈ ਜਹਾਜਾਂ ਰਾਹੀਂ ਪੂਰਬੀ-ਯੂਰਪੀ ਮੁਲਕਾਂ ਵਿਚ ਪੁੱਜਦੇ ਹਨ ਜਾਂ ਆਰਜ਼ੀ ਵੀਜ਼ਾ (ਵਿਦਿਆਰਥੀ, ਸੈਲਾਨੀ, ਵਪਾਰੀ) ਲੈ ਕੇ ਪੱਛਮੀ ਯੂਰਪ ਵਿਚ ਪੁੱਜਦੇ ਹਨ ਅਤੇ ਇੱਕ ਤੋਂ ਦੂਜੀ ਥਾਂ ਜਾਣ ਲਈ ਹਰ ਹਰਬਾ ਵਰਤਦੇ ਸਨ। ਇਹ ਜ਼ਰੂਰੀ ਨਹੀਂ ਕਿ ਬੀਤੇ ਦਿਨੀਂ ਰੈਫਰੀਜਰੇਟਰ ਵਾਲੀ ਲਾਰੀ ਵਿਚ ਮਰਨ ਵਾਲੇ ਵੀਅਤਨਾਮੀ ਮੁੰਡੇ ਰੂਮ ਸਾਗਰ ਰਾਹੀਂ ਹੀ ਯੂਰਪ ਪਹੁੰਚੇ ਹੋਣ।
ਪਰਵਾਸ ਦੀ ਤ੍ਰਾਸਦੀ ਦਾ ਮੰਚ ਰੂਮ ਸਾਗਰ ਤੋਂ ਵਡੇਰਾ: ਬੀਤੇ ਦੌਰ ਵਿਚ ਪਰਵਾਸ ਦੀ ਤ੍ਰਾਸਦੀ ਦਾ ਮੰਚ ਕਈ ਟੋਟਿਆਂ ਵਿਚ ਵੰਡਿਆ ਗਿਆ ਹੈ ਅਤੇ ਇਸ ਦਾ ਪਸਾਰਾ ਵੀ ਹੋਇਆ ਹੈ। ਕੈਰੀਬੀਅਨ ਸਾਗਰ ਅਤੇ ਮੈਕਸੀਕੋ ਦੀ ਖਾੜੀ ਵਿਚ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਤੋਂ ਉਤਰੀ ਅਮਰੀਕਾ ਜਾਣ ਦਾ ਤਰੱਦਦ ਕਰਨ ਵਾਲੇ ਕਿਸ਼ਤੀਆਂ ਰਾਹੀਂ ਮਿਆਮੀ ਤੋਂ ਮੈਕਸੀਕੋ ਤੱਕ ਦੇ ਸਮੁੰਦਰ ਕੰਢੇ ਆਪਣਾ ਦਾਅ ਲਾ ਰਹੇ ਹਨ ਜਾਂ ਮੈਕਸੀਕੋ ਦੇ ਜੰਗਲਾਂ ਵਿਚੋਂ ਮਨੁੱਖੀ ਤਸਕਰਾਂ ਦੇ ਸਹਾਰੇ ਅਮਰੀਕਾ ਦੀ ਸਰਹੱਦ (ਕੰਧ) ਪਾਰ ਕਰਨ ਦਾ ਮੌਕਾ ਤਾੜਦੇ ਹਨ। ਪੰਜਾਬ ਵਿਚ ਅਮਰੀਕਾ ਪੁੱਜਣ ਲਈ ਤਰੱਦਦ ਕਰਨ ਵਾਲੇ ਕੁਝ ਮੁੰਡਿਆਂ ਦੀਆਂ ਆਖਰੀ ਤਸਵੀਰਾਂ ਬਹਾਮਾਸ ਤੋਂ ਆਈਆਂ ਸਨ। ਫਰਵਰੀ 2019 ਵਿਚ ਬਹਾਮਾਸ ਪਹੁੰਚਣ ਦਾ ਉਪਰਾਲਾ ਕਰਦੇ 28 ਹੈਤੀ ਵਾਸੀਆਂ ਦੇ ਪਰਵਾਸ ਦਾ ਉਪਰਾਲਾ ਇਸੇ ਸਮੁੰਦਰ ਦੀਆਂ ਛੱਲਾਂ ਉਤੇ ਸੱਥਰ ਵਜੋਂ ਵਿਛਿਆ ਸੀ।
ਕੈਰੀਬੀਅਨ ਸਾਗਰ ਦੀਆਂ ਗੈਰ-ਕਾਨੂੰਨੀ ਕਿਸ਼ਤੀਆਂ ਦੀ ਰਫਤਾਰ ਅਤੇ ਬੇਕਿਰਕੀ ਦੀਆਂ ਦੱਸਾਂ ਪੰਜਾਬ ਵਿਚ ਵੀ ਪਈਆਂ ਹਨ। ਬਠਿੰਡੇ ਲਾਗੇ ਦਾ ਜਬਰਜੰਗ ਸਿੰਘ ਅਮਰੀਕਾ ਤੋਂ ਪਰਤਾਏ ਗਏ ਪੰਜਾਬੀਆਂ ਵਿਚ ਸ਼ਾਮਿਲ ਸੀ। ਉਹ ਦਿੱਲੀ ਦੇ ਹਵਾਈ ਅੱਡੇ ਉਤੇ ਦੱਸਦਾ ਸੀ ਕਿ ਇੱਕ ਕਿਸ਼ਤੀ ਵਿਚ ਕੋਈ ਪੰਜਾਬੀ ਪਿਓ-ਪੁੱਤ ਸਵਾਰ ਸਨ। ਜ਼ਮੀਨੀ ਖਿੱਤੇ ਤੋਂ ਜਾਣ ਵਾਲਿਆਂ ਨੂੰ ਕੈਰੀਬੀਅਨ ਸਾਗਰ ਦੇ ਮਨੁੱਖੀ ਤਸਕਰਾਂ ਦੀਆਂ ਕਿਸ਼ਤੀਆਂ ਦੀ ਝੋਲ ਬੋਚਣ ਦੀ ਜਾਚ ਕਿੱਥੋਂ ਆਉਣੀ ਸੀ! ਪਿਓ ਦੇ ਸਮੁੰਦਰ ਵਿਚ ਡਿਗ ਜਾਣ ਪਿਛੋਂ ਕਿਸ਼ਤੀ ਨਹੀਂ ਰੁਕੀ ਅਤੇ ਪੁੱਤ ਦੇ ਸਿਰ ਉਤੇ ਸਮੁੰਦਰ ਵਿਚ ਸੁੱਟ ਦਿੱਤੇ ਜਾਣ ਦਾ ਖਤਰਾ ਖੜ੍ਹਾ ਸੀ। ਇਸ ਦੱਸ ਦਾ ਕੋਈ ਨਕਸ਼ ਨਹੀਂ ਉਘੜਦਾ ਕਿ ਪੁੱਤ ਦਾ ਅਗਲਾ ਸਫਰ ਕਿਸ ਮੰਜ਼ਿਲ ਤੱਕ ਪਹੁੰਚਿਆ ਜਾਂ ਉਸ ਦਾ ਅੱਖੀਂ ਦੇਖਿਆ ਪੰਜਾਬ ਵਿਚ ਕਿਨ੍ਹਾਂ ਸ਼ਬਦਾਂ ਰਾਹੀਂ ਪਹੁੰਚਿਆ।
ਇਨ੍ਹਾਂ ਕਿਸ਼ਤੀਆਂ ਰਾਹੀਂ ਜਿਹੜੇ ਸਿੱਧੇ ਅਮਰੀਕਾ ਨਹੀਂ ਪੁੱਜਦੇ, ਉਹ ਮੈਕਸੀਕੋ ਵਿਚ ਸਮੁੰਦਰ ਕੰਢੇ ਲਗਦੇ ਹਨ। ਉਸ ਪਿਛੋਂ ਮੈਕਸੀਕੋ ਦੇ ਦੱਖਣ ਤੋਂ ਉਤਰ ਤੱਕ, ਅਮਰੀਕਾ ਦੀ ਸਰਹੱਦੀ ਕੰਧ ਤੱਕ ਦਾ ਸਫਰ ਤਸਕਰਾਂ ਦੀ ਨਿਗਰਾਨੀ ਵਿਚ ਹੁੰਦਾ ਹੈ। ਇਨ੍ਹਾਂ ਦੁਸ਼ਵਾਰੀਆਂ ਪਿਛੋਂ ਇਸ ਸਫਰ ਦੀ ਮੰਜ਼ਿਲ ਅਮਰੀਕਾ ਦੇ ਬੰਦੀ-ਖਾਨੇ ਹੋ ਸਕਦੇ ਹਨ। ਇਹ ਬੰਦੀ-ਖਾਨੇ ਅਮਰੀਕਾ ਦੀ ਮੈਕਸੀਕੋ ਨਾਲ ਲੱਗਦੀ ਸਰਹੱਦ ਦੇ ਨਾਲ-ਨਾਲ ਮੈਕਸੀਕੋ ਦੇ ਖਾੜੀ ਨਾਲ ਲੱਗਦੇ ਫਲੋਰੀਡਾ ਤੱਕ ਫੈਲੇ ਹੋਏ ਹਨ।
ਬੰਦੀ-ਖਾਨਿਆਂ ਦਾ ਪਸਾਰਾ: ਜੇ ਰੂਮ ਸਾਗਰ ਦੀਆਂ ਤੰਦਾਂ ਕੈਰੀਬੀਅਨ ਸਾਗਰ ਨਾਲ ਜੁੜੀਆਂ ਹਨ ਤਾਂ ਅਮਰੀਕਾ ਦੇ ਬੰਦੀ-ਖਾਨਿਆਂ ਦੀਆਂ ਤੰਦਾਂ ਪੂਰੀ ਦੁਨੀਆਂ ਵਿਚ ਫੈਲੀਆਂ ਹੋਈਆਂ ਹਨ। ਪਰਵਾਸੀਆਂ ਨੂੰ ਗੈਰ-ਕਾਨੂੰਨੀਆਂ ਜਾਂ ਘੁਸਪੈਠੀਆਂ ਵਜੋਂ ਬੰਦੀ-ਖਾਨਿਆਂ ਵਿਚ ਬੰਦ ਕਰਨ ਦਾ ਰੁਝਾਨ ਅਫਰੀਕਾ, ਉਤਰੀ ਅਮਰੀਕਾ, ਯੂਰਪ, ਲਾਤੀਨੀ ਅਮਰੀਕਾ ਤੋਂ ਏਸ਼ੀਆ ਤੱਕ ਫੈਲਿਆ ਹੋਇਆ ਹੈ, ਜਿਨ੍ਹਾਂ ਦਾ ਲੇਖਾ-ਜੋਖਾ ਮਨੁੱਖੀ ਦਿਲ-ਦਿਮਾਗ ਨੂੰ ਝੰਜੋੜਨ ਲਈ ਕਾਫੀ ਹੈ। ਇਨ੍ਹਾਂ ਬੰਦੀ-ਖਾਨਿਆਂ ਦਾ ਹਿਸਾਬ-ਕਿਤਾਬ ਜਨੇਵਾ ਦੀ ਇੱਕ ਗੈਰ-ਸਰਕਾਰੀ ਜਥੇਬੰਦੀ ਕਰਦੀ ਹੈ, ਜੋ ਸ਼ਹਿਰੀ ਨਾ ਹੋਣ ਕਾਰਨ ਬੰਦੀ-ਖਾਨਿਆਂ ਵਿਚ ਬੰਦ ਜੀਆਂ ਦੇ ਮਨੁੱਖੀ ਹਕੂਕ ਬਾਬਤ ਕੰਮ ਕਰਦੀ ਹੈ। ਇਨ੍ਹਾਂ ਦੀ ਫਹਿਰਿਸਤ ਵਿਚ ਹਾਲੇ ਆਸਾਮ ਦੇ ਬੰਦੀ-ਖਾਨੇ ਸ਼ਾਮਿਲ ਨਹੀਂ ਹਨ। ਮੋਦੀ-ਟਰੰਪ ਦੇ ਦੌਰ ਵਿਚ ਇਨ੍ਹਾਂ ਬੰਦੀ-ਖਾਨਿਆਂ ਦੀ ਗਿਣਤੀ ਵਿਚ ਵਾਧਾ ਹੋਣਾ ਤੈਅ ਹੈ, ਜਿਨ੍ਹਾਂ ਦੇ ਮਾਮਲੇ ਸਰਕਾਰੀ ਮਿਸਲਾਂ ਅਤੇ ਅਦਾਲਤਾਂ ਵਿਚ ਲਟਕ ਰਹੇ ਹਨ।
ਇਸ ਸਮੇਂ ਦੁਨੀਆਂ ਵਿਚ ਖਾਨਾਜੰਗੀ ਦਾ ਮੰਚ ਲਗਾਤਾਰ ਫੈਲ ਰਿਹਾ ਹੈ। ਕਈ ਖਿੱਤਿਆਂ ਵਿਚ ਜੰਗ, ਦਹਿਸ਼ਤਗਰਦੀ ਜਾਂ ਦੁਸ਼ਵਾਰੀਆਂ ਦਾ ਸੰਕਟ ਡੂੰਘਾ ਹੋ ਰਿਹਾ ਹੈ। ਇਨ੍ਹਾਂ ਹਾਲਾਤ ਵਿਚ ਪਰਵਾਸੀਆਂ ਦੀ ਗਿਣਤੀ ਵਿਚ ਵਾਧਾ ਹੋਣਾ ਤੈਅ ਜਾਪਦਾ ਹੈ ਅਤੇ ਪਰਵਾਸ ਦੀਆਂ ਮੰਜ਼ਿਲਾਂ ਦਾ ਨਾ-ਖੁਸ਼ਆਮਦੀਦੀ ਵਾਲਾ ਰਵੱਈਆ ਵੱਧ ਤੋਂ ਵੱਧ ਬੇਕਿਰਕ ਹੋਣਾ ਵੀ ਤੈਅ ਜਾਪਦਾ ਹੈ। ਫਲਸਤੀਨੀ ਵਿਦਵਾਨ ਐਡਵਰਡ ਸਈਦ ਨੇ ਵੀਹਵੀਂ ਸਦੀ ਦੇ ਦੂਜੇ ਅੱਧ ਬਾਰੇ ਕਿਹਾ ਸੀ ਕਿ ਇਹ ਇਮੀਗਰੇਸ਼ਨ ਨੇਮਾਂ ਵਿਚ ਤਬਦੀਲੀਆਂ ਅਤੇ ਸਰਹੱਦਾਂ ਉਲੰਘਣ ਦਾ ਦੌਰ ਹੈ। ਉਨ੍ਹਾਂ ਦੀ ਸ਼ਨਾਖਤ ਵਾਲਾ ਦੌਰ ਇੱਕੀਵੀਂ ਸਦੀ ਦੇ ਪਹਿਲੇ ਅੱਧ ਵਿਚ ਜਾਰੀ ਹੈ ਅਤੇ ਇਸ ਵਿਚ ਬੰਦੀ-ਖਾਨਿਆਂ ਦਾ ਵਾਧਾ ਹੋ ਗਿਆ ਹੈ।
ਆਲਮੀ ਹਾਲਾਤ ਵਿਚ ਪੰਜਾਬ: ਪੰਜਾਬੀਆਂ ਦੇ ਦੂਜੇ ਮੁਲਕਾਂ ਵਿਚ ਜਾਣ ਦਾ ਰੁਝਾਨ ਵਿਦਿਆਰਥੀ ਵੀਜ਼ਿਆਂ ਦੀ ਖੁੱਲ੍ਹ, ਸੈਲਾਨੀ ਵੀਜ਼ਿਆਂ ਦੇ ਸੁਖਾਲੇ ਹੋਣ ਅਤੇ ਇਮੀਗਰੇਸ਼ਨ ਦੀਆਂ ਯੋਜਨਾਵਾਂ ਤਹਿਤ ਪ੍ਰਚੰਡ ਹੋਇਆ ਹੈ। ਆਈਲੈਟਸ ਕੇਂਦਰਾਂ ਨਾਲ ਜੁੜੇ ਵੀਜ਼ੇ ਅਤੇ ਵਿਆਹ ਦੇ ਵਪਾਰ ਨੇ ਇਸੇ ਰੁਝਾਨ ਨੂੰ ਤੇਜ਼ ਕੀਤਾ ਹੈ। ਇਸ ਰੁਝਾਨ ਵਿਚ ਪੰਜਾਬ ਇਕੱਲਾ ਨਹੀਂ ਹੈ। ਇਸ ਲਈ ਪੰਜਾਬ ਦੇ ਹਿੱਸੇ ਉਹ ਸਾਰੀਆਂ ਕਾਮਯਾਬੀਆਂ ਅਤੇ ਨਾਕਾਮਯਾਬੀਆਂ ਆਉਣੀਆਂ ਤੈਅ ਜਾਪਦੀਆਂ ਹਨ, ਜੋ ਸੀਰੀਆ ਜਾਂ ਅਫਗਾਨਿਸਤਾਨ ਤੋਂ ਉਜੜੇ ਲੋਕਾਂ ਦੇ ਹਿੱਸੇ ਆਉਣੀਆਂ ਹਨ ਜਾਂ ਜਿਨ੍ਹਾਂ ਦੇ ਭਾਰਤ ਵਿਚ ਬਣੇ ਨਵੇਂ ਕਾਨੂੰਨਾਂ ਤਹਿਤ ਮੁਸਲਿਮ ਆਬਾਦੀ ਦੇ ਹਿੱਸੇ ਆਉਣ ਦੇ ਖਦਸ਼ੇ ਬਣੇ ਹੋਏ ਹਨ।
ਪਰਵਾਸੀਆਂ ਬਾਰੇ ਯੂਨਾਈਟਿਡ ਨੇਸ਼ਨਜ਼ ਦੇ ਡਿਪਾਰਟਮੈਂਟ ਆਫ ਇਕਨੌਮਿਕਸ ਐਂਡ ਸੋਸ਼ਲ ਅਫੇਅਰਜ਼ ਨੇ ਕੁਝ ਅਹਿਮ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਤੋਂ ਪਹਿਲਾਂ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਪਰਵਾਸੀਆਂ ਵਿਚ ਪਰਵਾਸਿ-ਜਬਰ ਅਤੇ ਪਰਵਾਸਿ-ਰਜ਼ਾ ਦੇ ਦੋਵੇਂ ਪੱਖ ਸ਼ਾਮਿਲ ਹਨ। ਇਨ੍ਹਾਂ ਵਿਚ ਸਿਆਸੀ, ਸਮਾਜਕ, ਆਰਥਕ ਹਾਲਾਤ ਅਤੇ ਕੁਦਰਤੀ ਆਫਤਾਂ ਕਾਰਨ ਬੇਘਰ ਹੋਣ ਪਿਛੋਂ ਪਨਾਹਗੀਰਾਂ ਵਜੋਂ ਦੂਜੇ ਮੁਲਕਾਂ ਵਿਚ ਜਾਣ ਵਾਲੇ ਲੋਕ ਸ਼ਾਮਿਲ ਹਨ। ਇਨ੍ਹਾਂ ਵਿਚ ਜ਼ਿੰਦਗੀ ਦੇ ਬਿਹਤਰ ਮੌਕਿਆਂ, ਵਿਦਿਆ, ਵਪਾਰ ਅਤੇ ਖੁਸ਼ਹਾਲੀ ਲਈ ਇੱਕ ਮੁਲਕ ਤੋਂ ਦੂਜੇ ਮੁਲਕ ਵਿਚ ਜਾ ਰਹੇ ਲੋਕ ਵੀ ਸ਼ਾਮਿਲ ਹਨ। ਪਰਵਾਸੀਆਂ ਦੇ ਵੱਡੇ ਘੇਰੇ ਵਿਚ ਇਨ੍ਹਾਂ ਦੀ ਵੱਖ-ਵੱਖ ਸ਼ਨਾਖਤ ਅਹਿਮ ਹੈ। ਇਸ ਸ਼ਨਾਖਤ ਨੂੰ ਧੁੰਦਲਾ ਕਰਨ ਲਈ ਸਿਰਫ ਪਰਵਾਸੀ ਸ਼ਬਦ ਦੀ ਵਰਤੋਂ ਹੁੰਦੀ ਹੈ, ਜੋ ਸਮੁੱਚੇ ਰੁਝਾਨ ਦੀ ਨੁਮਾਇੰਦਗੀ ਕਰਦਾ ਹੈ। ਪਨਾਹਗੀਰ ਦੀ ਸ਼ਨਾਖਤ ਨੂੰ ਧੁੰਦਲਾ ਕਰਨ ਲਈ ਇਸ ਸ਼ਬਦ ਦੀ ਵਰਤੋਂ ਨਾਲ ਅਜਿਹੇ ਤਬਕੇ ਨਾਲ ਵਿਤਕਰਾ ਹੁੰਦਾ ਹੈ, ਜੋ ਵਿਤਕਰੇ/ਤਸ਼ੱਦਦ/ਜੰਗ ਦਾ ਸ਼ਿਕਾਰ ਹੋਣ ਜਾਂ ਸ਼ਿਕਾਰ ਹੋਣ ਦੇ ਖਦਸ਼ੇ ਕਾਰਨ ਪਰਵਾਸ ਕਰਨ ਲਈ ਮਜਬੂਰ ਹੋਇਆ ਹੈ। ਇਸ ਸ਼ਬਦ ਅਤੇ ਸ਼ਨਾਖਤ ਦੀ ਸਿਆਸਤ ਨੂੰ ਪਰਵਾਸ ਦੇ ਹਵਾਲੇ ਨਾਲ ਸਮਝਣ ਲਈ ਵੱਖਰੀ ਲਿਖਤ ਦਰਕਾਰ ਹੈ।
ਪਰਵਾਸ ਦੇ ਰੁਝਾਨ ਬਾਰੇ ਪੁਖਤਾ ਅੰਕੜੇ ਤੈਅ ਕਰਨੇ ਮੁਸ਼ਕਿਲ ਕੰਮ ਹੈ, ਕਿਉਂਕਿ ਇਸ ਰੁਝਾਨ ਦਾ ਹਰ ਪੱਖ ਅਦਾਰਿਆਂ ਅਤੇ ਦਸਤਾਵੇਜ਼ਾਂ ਵਿਚ ਦਰਜ ਨਹੀਂ ਹੁੰਦਾ। ਇਸ ਰੁਝਾਨ ਦਾ ਅਹਿਮ ਵਹਿਣ ਚੋਰ-ਮੋਰੀਆਂ ਅਤੇ ਗੈਰ-ਕਾਨੂੰਨੀ ਲਾਂਘਿਆਂ ਵਿਚ ਵਗਦਾ ਹੈ, ਜਿਸ ਦੀਆਂ ਦੱਸਾਂ ਮਨੁੱਖੀ ਤ੍ਰਾਸਦੀਆਂ ਵਿਚ ਪੈਂਦੀਆਂ ਹਨ। ਨਵੰਬਰ 2019 ਵਿਚ ਜਦੋਂ ਬਰਤਾਨੀਆ ਦੇ ਸ਼ਹਿਰ ਅਸੈਕਸ ਵਿਚ ਰੈਫਰੀਜਰੇਟਰ ਲਾਰੀ ਵਿਚੋਂ ਪਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਤਾਂ ਇਸੇ ਰੁਝਾਨ ਦੀ ਸੱਜਰੀ ਦੱਸ ਪਈ ਸੀ। ਮੋਇਆਂ ਦੀ ਸ਼ਨਾਖਤ ਪਿਛੋਂ ਭਾਵੇਂ ਇਹ ਤ੍ਰਾਸਦੀ ਦਾ ਸੱਥਰ ਵੀਅਤਨਾਮ ਵਿਚ ਵਿਛਿਆ, ਪਰ ਸ਼ਨਾਖਤ ਤੋਂ ਪਹਿਲਾਂ ਤਾਂ ਇਸ ਦਾ ਹੌਲ ਹਰ ਖਿੱਤੇ ਵਿਚ ਪਿਆ ਸੀ, ਜਿਥੋਂ ਹਰ ਖਤਰਾ ਸਹੇੜ ਕੇ ਲੋਕ ਬਰਤਾਨੀਆ ਜਿਹੇ ਮੁਲਕਾਂ ਵਿਚ ਜਾਣ ਦਾ ਤਰੱਦਦ ਕਰਦੇ ਹਨ। ਇਸ ਰੁਝਾਨ ਦਾ ਪੁਖਤਾ ਅੰਕੜਾ ਨਹੀਂ ਹੋ ਸਕਦਾ, ਪਰ ਲਗਾਤਾਰ ਨਜ਼ਰਸਾਨੀ ਕਰਨ ਵਾਲੇ ਅਦਾਰੇ ਬਹੁਤ ਸਾਰੀਆਂ ਥਾਂਵਾਂ ਉਤੇ ਦਰਜ ਹੋ ਰਹੇ ਅੰਕੜਿਆਂ ਦੇ ਹਵਾਲੇ ਨਾਲ ਅੰਦਾਜ਼ਾ ਲਾਉਣ ਦੀ ਮਸ਼ਕ ਕਰਦੇ ਹਨ।
(ਬੀ. ਬੀ. ਸੀ. ਤੋਂ ਧੰਨਵਾਦ ਸਹਿਤ)