ਆਪਣੇ ਸ਼ਬਦਾਂ ਨਾਲ ਹਿਟਲਰ ਖਿਲਾਫ ਜੰਗ ਛੇੜਨ ਵਾਲਾ ‘ਵ੍ਹਾਈਟ ਰੋਜ਼’ ਗਰੁਪ

ਬਲਤੇਜ ਗਿੱਲ
ਜਰਮਨਾਂ ਵੱਲੋਂ ਯਹੂਦੀਆਂ ਦੀਆਂ ਟੋਲੀਆਂ ਨੂੰ ਡਿਟੈਂਸ਼ਨ ਕੈਂਪਾਂ ਵਿਚ ਭੇਜੇ ਜਾਣ ਦਾ ਕੰਮ ਜੋਰਾਂ ‘ਤੇ ਸੀ, ਹਿਟਲਰ ਦੀ ਮਹਿਲਾ ਮੰਡਲੀ ਅਤੇ ਨੌਜਵਾਨ ਮੰਡਲੀ ਇਸ ਕਤਲੇਆਮ ਵਿਚ ਸ਼ਾਮਿਲ ਸਨ। ਕਿੰਨੇ ਹੀ ਨੌਜਵਾਨ ਤੀਬਰਤਾ ਨਾਲ ਲੋਕਾਂ ਨੂੰ ਇੱਕ ਅੰਨੇ ਕਤਲੇਆਮ ਵੱਲ ਭੇਜੇ ਜਾਣ ਲਈ ਉਤਾਵਲੇ ਸਨ। ਇਨ੍ਹਾਂ ਨੌਜਵਾਨ ਮੰਡਲੀਆਂ ਵਿਚ ਇੱਕ ਨੌਜਵਾਨ ਕੁੜੀ ਸੋਫੀ ਸ਼ਾਲ ਵੀ ਸੀ। 19 ਸਾਲਾ ਅੱਲੜ ਮੁਟਿਆਰ ਸੋਫੀ ਇਸ ਕਤਲੇਆਮ ਵਿਚ ਤਦ ਤੱਕ ਹਿੱਸੇਦਾਰ ਰਹੀ, ਜਦ ਤੱਕ ਉਸ ਦੀ ਯਹੂਦੀ ਦੋਸਤ ਨੂੰ ਨੌਜਵਾਨ ਮੰਡਲੀ ਵਿਚ ਸ਼ਾਮਲ ਕਰ ਲੈਣ ਦਾ ਸਵਾਲ ਨਹੀਂ ਆਇਆ। ਸੋਫੀ ਦੀ ਦੋਸਤ ਨੂੰ ਨੌਜਵਾਨ ਮੰਡਲੀ ਵਿਚ ਸ਼ਾਮਿਲ ਨਹੀਂ ਕੀਤਾ ਗਿਆ, ਕਿਉਂਕਿ ਉਹ ਯਹੂਦੀ ਸੀ।

ਖੈਰ! ਇਹ ਆਮ ਮਨੁੱਖੀ ਰਵਾਇਤ ਹੈ ਕਿ ਬਹੁਤੀ ਵਾਰ ਗਲਤ ਤਦ ਤੱਕ ਗਲਤ ਨਹੀਂ ਲੱਗਦਾ, ਜਦ ਤੱਕ ਆਪਣੇ ‘ਤੇ ਨਾ ਆ ਪਵੇ, ਤੇ ਇਹ ਵੀ ਕੋਈ ਪਹਿਲੀ ਵਾਰ ਨਹੀਂ ਸੀ, ਜਦੋਂ ਸੋਫੀ ਨੂੰ ਇਹ ਮਹਿਸੂਸ ਹੋਇਆ ਹੋਵੇ ਕਿ ਇਹ ਸਭ ਕੁਝ ਗਲਤ ਹੈ। ਸੋਫੀ ਦਾ ਪਿਉ ਰੌਬਰਟ ਸ਼ਾਲ ਹਿਟਲਰ ਦਾ ਕੱਟੜ ਵਿਰੋਧੀ ਸੀ, ਪਰ ਉਸ ਨੇ ਆਪਣੇ ਨਿਆਣਿਆਂ ਨੂੰ ਆਪਣਾ ਰਾਹ ਖੁਦ ਚੁਣਨ ਲਈ ਆਜ਼ਾਦ ਛੱਡਿਆ ਸੀ, ਤੇ ਅਜਿਹੇ ਮੌਕੇ ਆਜ਼ਾਦ ਵਿਚਾਰ ਚੁਣਨ ਲਈ ਕਿਸੇ ਨੂੰ ਕਹਿਣ ਦਾ ਮਤਲਬ ਇਹੋ ਹੁੰਦਾ ਹੈ ਕਿ ਉਸ ਨੂੰ ਚਲੰਤ ਵਿਚਾਰ ਚੁਣਨ ਲਈ ਕਹਿਣਾ।
ਜਰਮਨੀ ਦੀਆਂ ਫਿਜ਼ਾਵਾਂ ਵਿਚ ਨਸਲਵਾਦ ਘਰ ਕਰ ਗਿਆ ਸੀ, ਸੋਫੀ ਜਿਸ ਸਕੂਲ ਵਿਚ ਪੜ੍ਹੀ, ਉਥੇ ਨਾਜ਼ੀ ਪ੍ਰਾਪੇਗੰਡਾ ਚਲਾਇਆ ਜਾਂਦਾ। ਜਿਨ੍ਹੀਂ ਦਿਨੀਂ ਸੋਫੀ ਦੀ ਸਹੇਲੀ ਨਾਲ ਯਹੂਦੀ ਹੋਣ ਕਾਰਨ ਵਿਤਕਰਾ ਕੀਤਾ ਗਿਆ, ਉਨ੍ਹੀਂ ਦਿਨੀਂ ਹੀ ਉਸ ਦੇ ਪਿਉ ਨੂੰ ਇਸ ਜ਼ੁਰਮ ‘ਚ ਗ੍ਰਿਫਤਾਰ ਕੀਤਾ ਗਿਆ ਕਿ ਕਿਸੇ ਨੇ ਉਸ ਨੂੰ ਹਿਟਲਰ ਬਾਰੇ ਇਹ ਕਹਿੰਦੇ ਸੁਣਿਆ ਸੀ, ‘ਹਿਟਲਰ ਮਨੁੱਖਤਾ ਦਾ ਕਾਤਲ ਹੈ।’ ਇਨ੍ਹਾਂ ਹੀ ਦਵੰਦਾਂ ਵਿਚ ਘਿਰੀ ਸੋਫੀ ਇੱਕ ਦਿਨ ਜਦੋਂ ਮਿਊਨਿਕ ਯੂਨੀਵਰਸਿਟੀ ਵਿਚ ਬੈਠੀ ਪੜ੍ਹ ਰਹੀ ਸੀ ਤਾਂ ਉਸ ਨੂੰ ਪਰਚੀ ਮਿਲੀ, ਜਿਸ ‘ਤੇ ਲਿਖਿਆ ਸੀ, “ਸਾਡੇ ਵਿਚੋਂ ਜਿਸ ਕੋਲ ਸ਼ਰਮ ਦੀਆਂ ਹੱਦਾਂ ਮਹਿਸੂਸ ਕਰਨ ਦਾ ਜਿਗਰਾ ਹੋਵੇਗਾ, ਜੋ ਇੱਕ ਦਿਨ ਸਾਡੇ ਬੱਚੇ ਮਹਿਸੂਸ ਕਰਨਗੇ। ਸਾਡੀਆਂ ਅੱਖਾਂ ਤੋਂ ਪਰਦੇ ਚੁੱਕੇ ਗਏ ਅਤੇ ਘਿਨਾਉਣੇ ਤੋਂ ਘਿਨਾਉਣੇ ਜੁਰਮ ਇਨਸਾਨ ਦੀ ਹਰ ਸੋਚ ਤੋਂ ਲੱਖਾਂ ਗੁਣਾ ਜਿਆਦਾ ਘਿਨਾਉਣੇ ਜੁਰਮ ਸ਼ੱਰ੍ਹੇਆਮ ਸਾਹਮਣੇ ਆਏ।”
ਸੋਫੀ ਨੇ ਪਰਚੀ ਵਲ੍ਹੇਟੀ ਅਤੇ ਆਪਣੇ ਭਰਾ ਹਾਂਸ ਸ਼ਾਲ ਕੋਲ ਜਾਣ ਲਈ ਉਤਾਵਲੀ ਹੋਈ, ਜੋ ਉਨ੍ਹੀਂ ਦਿਨੀਂ ਅਜਿਹੀਆਂ ਹੀ ਕੁਝ ਗੱਲਾਂ ਕਰ ਰਿਹਾ ਸੀ, ਹਾਂਸ ਸ਼ਾਲ ਵੀ ਮਿਊਨਿਕ ਯੂਨੀਵਰਸਿਟੀ ਵਿਚ ਹੀ ਸਿਹਤ ਵਿਗਿਆਨ ਦਾ ਵਿਦਿਆਰਥੀ ਸੀ। ਆਪਣੇ ਭਰਾ ਦੀ ਉਡੀਕ ‘ਚ ਉਹ ਉਸ ਦੇ ਕਮਰੇ ‘ਚ ਜਾ ਕੇ ਬੈਠ ਗਈ। ਉਥੇ ਮੇਜ਼ ‘ਤੇ ਪਈ ‘ਫ੍ਰੈਡਰਿਕ ਸ਼ੀਲਰ’ ਦੀ ਕਿਤਾਬ ਫੋਲਣ ਲੱਗੀ, ਮੋੜੇ ਹੋਏ ਇੱਕ ਵਰਕੇ ‘ਤੇ ਹੂ-ਬ-ਹੂ ਪਰਚੇ ਵਾਲੀ ਗੱਲ ਲਿਖੀ ਸੀ। ਸੋਫੀ ਲਈ ਪਲ ਕੁ ਲਈ ਇਹ ਬਿਲਕੁਲ ਨਵੀਂ ਦੁਨੀਆਂ ਸਿਰਜਣ ਜਿਹੀ ਡਰਾਉਣੀ ਤੇ ਸੋਹਣੀ ਗੱਲ ਸੀ, ਤਦ ਨੂੰ ਹਾਂਸ ਸ਼ਾਲ ਆਪਣੇ ਦੋ ਦੋਸਤਾਂ ਸਣੇ ਕਮਰੇ ‘ਚ ਆ ਬਹੁੜਿਆ। ਸੋਫੀ ਨੇ ਬਿਲਕੁਲ ਰਹੱਸਮਈ ਢੰਗ ਨਾਲ ਪਰਚੀ ਉਸ ਦੇ ਅੱਗੇ ਕਰ ਦਿੱਤੀ। ਹਾਂਸ ਨੇ ਅੱਗੋਂ ਸਥਿਰ ਜਿਹੇ ਹਾਵ-ਭਾਵ ਵਿਚ ਹੀ ਸੋਫੀ ਕੋਲ ਆਪਣੇ ਗਰੁੱਪ ‘ਵ੍ਹਾਈਟ ਰੋਜ਼ ਰਿਜਿਸਟੈਂਸ’ ਬਾਰੇ ਦੱਸਣਾ ਸ਼ੁਰੂ ਕੀਤਾ। ਹਾਂਸ ਨੇ ਕਿਹਾ, “ਇਹ ਚੁਣੌਤੀ ਭਰਿਆ ਸਮਾਂ ਹੈ, ਸਾਨੂੰ ਕੁਝ ਕਰ ਲੈਣ ਦਾ ਮਨ ਬਣਾਉਣਾ ਚਾਹੀਦਾ ਹੈ। ਅਸੀਂ ਵਿਰੋਧ ਦੇ ਰਾਹ ਵਿਚ ਕੀ ਕਰਨ ਜਾ ਰਹੇ ਹਾਂ…ਜਦ ਇਹ ਦਹਿਸ਼ਤ ਖਤਮ ਹੋ ਜਾਵੇਗੀ…ਤੇ ਬੇਸ਼ੱਕ ਇਹ ਦਹਿਸ਼ਤ ਇੱਕ ਦਿਨ ਖਤਮ ਹੋਵੇਗੀ, ਅਸੀਂ ਖਾਲੀ ਹੱਥ ਖੜੇ ਹੋਵਾਂਗੇ; ਸਾਡੇ ਕੋਲ ਕੋਈ ਜਵਾਬ ਨਹੀਂ ਹੋਵੇਗਾ, ਜਦੋਂ ਸਾਨੂੰ ਪੁੱਛਿਆ ਜਾਵੇਗਾ ਕਿ ਤੁਸੀਂ ਇਸ ਬਾਰੇ ਕੀ ਕੀਤਾ?”
ਹਾਂਸ ਦੀ ਤਕਰੀਰ ਦਿਲ ਖਿੱਚਵੀਂ ਸੀ ਤੇ ਇਸ ਦਾ ਆਕਰਸ਼ਣ ਸਮੇਂ ਮੁਤਾਬਿਕ ਬਹੁਤਾ ਸੀ। ਇਹ ਬਿਲਕੁਲ ਢੁਕਵੇਂ ਸਮੇਂ ‘ਤੇ ਰੱਖੀ ਜਾ ਰਹੀ ਸੀ, ਜਦ ਇਸ ਦੀ ਲੋੜ ਸੀ। ਹਾਂਸ ਦੇ ਨਾਲ ਖੜੇ ਦੋਸਤ, ਜੋ ‘ਵ੍ਹਾਈਟ ਰੋਜ਼’ ਦਾ ਮੈਂਬਰ ਹੀ ਸੀ, ਨੇ ਕਿਹਾ, “ਸਾਨੂੰ ਪਤਾ ਸਾਡੇ ਆਹੂ ਲਾਹੇ ਜਾ ਸਕਦੇ ਨੇ, ਪਰ ਕੋਈ ਹੋਰ ਰਾਹ ਨਹੀਂ ਹੈ”।
ਸੋਫੀ ਇਹ ਗੱਲਾਂ ਤਦ ਸੁਣ ਰਹੀ ਸੀ, ਜਦ ਉਹ ਦਿਨੋ-ਦਿਨ ਇਨ੍ਹਾਂ ਨੂੰ ਮਹਿਸੂਸ ਵੀ ਕਰ ਰਹੀ ਸੀ, ਉਹ ਹੁਣ ਜਾਣਦੀ ਸੀ ਕਿ ਕਿਸੇ ਨਾਲ ਵਿਤਕਰਾ ਹੋਣ ਦਾ ਦਰਦ ਕੀ ਹੁੰਦਾ ਹੈ, ਸੋਫੀ ਨੇ ਵੀ ਉਨ੍ਹਾਂ ਨਾਲ ਰਲਣ ਦਾ ਮਨ ਬਣਾਇਆ।
ਅਗਲੇ ਮਹੀਨੇ ਤੋਂ ‘ਵ੍ਹਾਈਟ ਰੋਜ਼’ ਦਾ ਪ੍ਰਚਾਰ ਹੋਰ ਜੋਰਾਂ ‘ਤੇ ਸ਼ੁਰੂ ਹੋ ਗਿਆ। ਉਨ੍ਹਾਂ ਨੇ ਮੋਹਰਾਂ ਅਤੇ ਕਾਗਜ ਵੱਖੋ-ਵੱਖਰੀਆਂ ਥਾਂਵਾਂ ਤੋਂ ਖਰੀਦੇ ਤਾਂ ਜੋ ਕਿਸੇ ਸ਼ੱਕ ਵਿਚ ਨਾ ਆਉਣ। ਤੇ ਦਿਨਾਂ ਵਿਚ ਹੀ ਦੂਜਾ ਤੇ ਤੀਜਾ ਪਰਚਾ ਲੋਕਾਂ ਸਾਹਮਣੇ ਆ ਗਿਆ ਦੂਜੇ ਪਰਚੇ ਵਿਚ ਲਿਖਿਆ ਸੀ, “ਪੋਲੈਂਡ ਦੀ ਜਿੱਤ ਤੋਂ ਲੈ ਕੇ ਹੁਣ ਤੱਕ 3 ਲੱਖ ਯਹੂਦੀਆਂ ਦਾ ਕਤਲ ਕੀਤਾ ਗਿਆ, ਜੋ ਮਨੁੱਖਤਾ ਲਈ ਸ਼ਰਮ ਦੀ ਗੱਲ ਹੈ।” ਇਸ ਵਿਚ ਮੋਟਾ ਕਰਕੇ ਲਿਖਿਆ ਸੀ, “ਇੱਕ ਅਪਰਾਧ, ਹੁਣ ਤੱਕ ਦਾ ਅਵੱਲਾ ਅਪਰਾਧ।”, ਤੀਜੇ ਵਿਚ, “ਜੰਗ ਖਿਲਾਫ, ਵਿਕਾਊ ਅਖਬਾਰਾਂ ਖਿਲਾਫ ਅਤੇ ਜਨਤਕ ਸਮਾਗਮਾਂ ਦੀ ਗਲਤ ਪੇਸ਼ਕਾਰੀ” ਅਤੇ ‘ਗਰੀਬ ਲੋਕਾਂ ਦੇ ਉਠ ਜਾਗਣ’ ਬਾਰੇ ਲਿਖਿਆ। ਇਸ ਵਿਚ ਇਹ ਵੀ ਲਿਖਿਆ ਕਿ ‘ਹਿਟਲਰ ਕਦੇ ਜੰਗ ਨਹੀਂ ਜਿੱਤ ਸਕੇਗਾ, ਉਹ ਜੰਗ ਨੂੰ ਲੰਮੀ ਖਿੱਚੇਗਾ।’
‘ਵ੍ਹਾਈਟ ਰੋਜ਼’ ਦੇ ਮੈਂਬਰ ਭਾਵੇਂ 6-7 ਕੁ ਹੀ ਸਨ, ਪਰ ਉਹ ਪਰਚਾ ਵੰਡਣ ਲਈ ਰੇਲ ਗੱਡੀਆਂ ਰਾਹੀਂ ਜਾਂਦੇ ਤੇ ਲਗਭਗ ਪੂਰੇ ਜਰਮਨੀ ਵਿਚ ਪਰਚਾ ਵੰਡਣ ਦੀ ਕੋਸ਼ਿਸ਼ ਕਰਦੇ ਤਾਂ ਜੋ ਲੱਗੇ ਕਿ ਇਸ ਗਰੁੱਪ ਦਾ ਨੈਟਵਰਕ ਵੱਡਾ ਹੈ ਅਤੇ ਲੋਕਾਂ ਦੀ ਹਮਾਇਤ ਇਸ ਨੂੰ ਕਾਫੀ ਹੈ। ਇਸ ਦਾ ਫਾਇਦਾ ਇਹ ਵੀ ਸੀ ਕਿ ਇਸ ਗਰੁੱਪ ਦੇ ਟਿਕਾਣੇ ਬਾਰੇ ਕੋਈ ਛੇਤੀ ਨਾ ਜਾਣ ਸਕਦਾ।
ਹਰ ਪਰਚੇ ਨਾਲ ਗਸਤਾਪੋ (ਨਾਜ਼ੀਆਂ ਦੀ ਖੁਫੀਆ ਪੁਲਿਸ) ਵੱਲੋਂ ਮੁਸ਼ਤੈਦੀ ਵਧਦੀ ਜਾਂਦੀ ਤੇ ‘ਵ੍ਹਾਈਟ ਰੋਜ਼’ ਦੀ ਭਾਲ ਜਾਰੀ ਰਹੀ। ਜੁਲਾਈ ਵਿਚ ਜਰਮਨੀ ਦੇ ਕਈ ਵਿਦਿਆਰਥੀਆਂ ਨੂੰ ਜੰਗ ਦੇ ਰੂਸੀ ਫਰੰਟ ‘ਤੇ ਸਿਹਤ ਸੁਵਿਧਾਵਾਂ ਲਈ ਜਾਣ ਦੇ ਹੁਕਮ ਹੋਏ, ਹਾਂਸ ਸ਼ਾਲ ਸਣੇ ਤਿੰਨ ਹੋਰਾਂ ਨੂੰ ਵੀ ਜਾਣਾ ਪਿਆ। ਜੰਗ ‘ਤੇ ਜਾਂਦਿਆਂ ਰਾਹ ਵਿਚ ਉਨ੍ਹਾਂ ਨੇ ਵਰਸਾਅ (ਪੋਲੈਂਡ) ਦੇ ਗੈਟੋ ਵੇਖੇ, ਉਥੇ ਯਹੂਦੀਆਂ ਦੀ ਤਰਸਯੋਗ ਰਹਿਣ ਹਾਲਤ ਅਤੇ ਜਰਮਨ ਫੌਜਾਂ ਦੇ ਜ਼ੁਲਮਾਂ ਕਰਕੇ ਉਨ੍ਹਾਂ ਨੂੰ ਹਿਟਲਰ ਤੋਂ ਹੋਰ ਘ੍ਰਿਣ ਆਉਣ ਲੱਗੀ। ਜੰਗ ‘ਤੇ ਜਾ ਕੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜਰਮਨ ਰੂਸੀਆਂ ਤੋਂ ਹਾਰ ਰਹੇ ਸਨ।
ਨਵੰਬਰ ਵਿਚ ਉਹ ਯੂਨੀਵਰਸਿਟੀ ਵਾਪਿਸ ਮੁੜ ਆਏ। ਵਾਪਿਸ ਆ ਕੇ ਉਨ੍ਹਾਂ ਨੇ ਪਰਚਿਆਂ ਦੀ ਗਿਣਤੀ ਵਧਾ ਦਿੱਤੀ ਤੇ ਉਵੇਂ ਹੀ ਸਾਰੇ ਜਰਮਨੀ ਵਿਚ ਪਰਚੇ ਫੈਲਾਉਣ ਲੱਗੇ। ਉਨ੍ਹਾਂ ਨੇ ਪ੍ਰਚਾਰ ਦਾ ਕੰਮ ਹੋਰ ਜੋਰ ਨਾਲ ਸ਼ੁਰੂ ਕੀਤਾ, ਫਰਵਰੀ 1943 ਵਿਚ ਜਦ ਜਰਮਨੀ ਦੀ ਹਾਰ ਦੀਆਂ ਗੱਲਾਂ ਹੋਣ ਲੱਗੀਆਂ ਤਾਂ ‘ਵ੍ਹਾਈਟ ਰੋਜ਼’ ਦੇ ਮੈਂਬਰਾਂ ਨੇ ਯੂਨੀਵਰਸਿਟੀ ਦੀਆਂ ਕੰਧਾਂ ‘ਤੇ ਰਾਤ ਨੂੰ ‘ਆਜ਼ਾਦੀ’, ‘ਹਿਟਲਰ ਮੁਰਦਾਬਾਦ’ ਅਤੇ ‘ਹਿਟਲਰ ਹਤਿਆਰਾ’ ਜਿਹੇ ਨਾਹਰੇ ਲਿਖ ਦਿੱਤੇ। ਚਾਰੇ ਪਾਸੇ ‘ਵ੍ਹਾਈਟ ਰੋਜ਼’ ਦੇ ਚਰਚੇ ਸਨ, ਵਿਚਾਰਧਾਰਕ ਤੌਰ ‘ਤੇ ਸੰਗਠਨ ਲੋਕਾਂ ਵਿਚ ਪ੍ਰਵਾਨ ਹੋ ਰਿਹਾ ਸੀ। ਗਸਤਾਪੋ ਲਈ ਹੁਣ ਵ੍ਹਾਈਟ ਰੋਜ਼ ਦੇ ਮੈਂਬਰਾਂ ਨੂੰ ਲੱਭਣਾ ਬਹੁਤ ਜਰੂਰੀ ਜਿਹਾ ਹੋ ਗਿਆ ਸੀ।
18 ਫਰਵਰੀ 1943 ਨੂੰ ਸੋਫੀ ਤੇ ਹਾਂਸ ਸ਼ਾਲ ਸੂਟਕੇਸ ਵਿਚ ਛੇਵਾਂ ਪਰਚਾ ਲੈ ਕੇ ਯੂਨੀਵਰਸਿਟੀ ਵਿਚ ਪਹੁੰਚੇ, ਹਾਲੇ ਚਾਰੇ ਪਾਸੇ ਸ਼ਾਂਤੀ ਸੀ, ਉਨ੍ਹਾਂ ਨੇ ਕਾਹਲੀ ਕਾਹਲੀ ਹਰ ਟਿਕਾਣੇ ‘ਤੇ ਪਰਚੇ ਰੱਖਣੇ ਸ਼ੁਰੂ ਕੀਤੇ, ਪਹਿਲੀ ਮੰਜ਼ਿਲ ‘ਤੇ ਬਣੇ ਲੈਕਚਰ ਹਾਲ ਮੂਹਰੇ ਪਰਚੇ ਰੱਖੇ ਹੀ ਜਾ ਰਹੇ ਸਨ ਕਿ ਘੰਟੀ ਵੱਜ ਗਈ। ਮਸਾਂ ਛੁੱਟੇ ਨਿਆਣੇ ਕਾਹਲੀ ਨਾਲ ਬਾਹਰ ਨਿੱਕਲਣ ਲੱਗੇ, ਹੇਠਾਂ ਵਰਾਂਡੇ ਵਿਚ ਵੀ ਵਿਦਿਆਰਥੀਆਂ ਦਾ ਰਸ਼ ਪੈ ਗਿਆ। ਸੋਫੀ ਤੇ ਹਾਂਸ ਨੂੰ ਕਾਹਲ ਪੈ ਗਈ, ਸੂਟਕੇਸ ਬੰਦ ਕਰਕੇ ਬਾਕੀਆਂ ਨਾਲ ਰਲਣ ਤੋਂ ਪਹਿਲਾਂ ਸੋਫੀ ਨੇ ਮਲਕ ਦੇਣੇ ਪਰਚੇ ਪਹਿਲੀ ਮੰਜ਼ਿਲ ਦੇ ਵਾਧਰੇ ਤੋਂ ਹੇਠਾਂ ਨੂੰ ਸਰਕਾ ਦਿੱਤੇ, ਸੌ ਕੁ ਪਰਚਾ ਹਵਾ ਵਿਚ ‘ਕੁਝ ਕਰਨ ਦੇ ਸੁਨੇਹੇ’ ਨਾਲ ਉਡਣ ਲੱਗਾ। ਵਰਾਂਡੇ ਵਿਚ ਭਾਜੜਾਂ ਪੈ ਗਈਆਂ। ਚੌਂਕੀਦਾਰ ਨੇ ਸੋਫੀ ਤੇ ਹਾਂਸ ਸ਼ਾਲ ਨੂੰ ਮੌਕੇ ‘ਤੇ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਉਨ੍ਹਾਂ ਕੋਲ ਫੜੇ ਜਾਣ ਸਮੇਂ ਕੋਈ ਪਰਚਾ ਨਹੀਂ ਸੀ, ਪਰ ਉਨ੍ਹਾਂ ਦੇ ਘਰੋਂ ਵੱਡੀ ਗਿਣਤੀ ਵਿਚ ਡਾਕ ਟਿਕਟਾਂ, ਕਾਗਜ਼, ਪਰਚਾ ਅਤੇ ਕੁਝ ਪਾਬੰਦੀਸ਼ੁਦਾ ਕਿਤਾਬਾਂ ਬਰਾਮਦ ਹੋ ਗਈਆਂ। ਉਨ੍ਹਾਂ ਤੋਂ 17 ਘੰਟੇ ਪੁੱਛ ਗਿੱਛ ਹੋਈ। ਸ਼ੁਰੂ ਵਿਚ ਉਨ੍ਹਾਂ ਨੇ ਸਾਰੇ ਦੋਸ਼ ਨਕਾਰੇ ਪਰ ਬਾਅਦ ਵਿਚ ਜਦ ਉਨ੍ਹਾਂ ਖਿਲਾਫ ਚੋਖੇ ਸਬੂਤ ਜਮ੍ਹਾਂ ਹੋ ਗਏ ਤਾਂ ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਗਰੁੱਪ ਦੀ ਜਿੰਮੇਵਾਰੀ ਲੈ ਲਈ ਤਾਂ ਕਿ ਬਾਕੀ ਮੈਂਬਰ ਬਚ ਸਕਣ, ਪਰ ਬਦਕਿਸਮਤੀ ਨਾਲ ਹਾਂਸ ਦੀ ਜੇਬ ‘ਚੋਂ ਇੱਕ ਦੋਸਤ ਕ੍ਰਿਸਟੋਫ ਪ੍ਰੋਬਸਟ ਦਾ ਸੰਪਰਕ ਨਿਕਲ ਆਇਆ। ਕ੍ਰਿਸਟੋਫ ਵੀ ਗਰੁਪ ਦਾ ਸਰਗਰਮ ਕਾਰਕੁਨ ਸੀ, ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਕ੍ਰਿਸਟੋਫ ਵਿਆਹਿਆ ਹੋਇਆ ਸੀ ਤੇ ਤਿੰਨ ਬੱਚੇ ਸਨ, ਇਸ ਕਰਕੇ ਉਸ ਨੂੰ ਇਸ ਸਭ ਕਾਸੇ ਦਾ ਅਫਸੋਸ ਹੋ ਰਿਹਾ ਸੀ, ਉਹ ਕਾਫੀ ਡਾਵਾਂਡੋਲ ਸੀ, ਪਰ ਸੋਫੀ ਅਤੇ ਹਾਂਸ ਤਾਂ ਹੁਣ ਜਿਵੇਂ ਇਸ ਨੂੰ ਜੰਗ ਦਾ ਮੈਦਾਨ ਹੀ ਮੰਨ ਕੇ ਬੈਠੇ ਸਨ, ਉਨ੍ਹਾਂ ਨੂੰ ਲਗਦਾ ਹੀ ਸੀ ਕਿ ਇਸ ਸਮੇਂ ਦੁਸ਼ਮਣ ਅੱਗੇ ਝੁਕਣਾ ਵਿਚਾਰਧਾਰਕ ਹਾਰ ਹੋਵੇਗੀ। ਪੁੱਛਗਿੱਛ ਅਫਸਰ ਅਤੇ ਹੋਰ ਲੋਕਾਂ ਸਾਹਮਣੇ ਉਹ ਬੜੀ ਬੇਬਾਕੀ ਨਾਲ ਪੇਸ਼ ਆਏ। ਉਨ੍ਹਾਂ ਦੀ ਪੁੱਛਗਿੱਛ ਰਿਪੋਰਟ ਵਿਚ ਲਿਖਿਆ ਗਿਆ, “ਅੰਤ ਤੋਂ ਪਹਿਲਾਂ ਹਾਂਸ ਅਤੇ ਸੋਫੀ ਸ਼ਾਲ ਨੇ ਇੱਕ ਅਜਿਹਾ ਪ੍ਰਭਾਵ ਬਣਾਇਆ, ਜਿਸ ਨੂੰ ਵਿਲੱਖਣ ਕਿਹਾ ਜਾ ਸਕਦਾ ਸੀ, ਦੋਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਇੱਕੋ ਮਕਸਦ ਸੀ: ਇਸ ਵੱਡੀ ਬਿਪਤਾ ਨੂੰ ਜਰਮਨੀ ਨੂੰ ਪਛਾੜਨ ਤੋਂ ਰੋਕਣਾ ਅਤੇ ਜੇ ਸੰਭਵ ਹੋਵੇ ਤਾਂ, ਸੈਂਕੜੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਵਿਚ ਮਦਦ। ਉਨ੍ਹਾਂ ਨੂੰ ਯਕੀਨ ਹੋ ਗਿਆ ਸੀ ਕਿ ਉਨ੍ਹਾਂ ਦੀ ਕੁਰਬਾਨੀ ਅਜਾਈਂ ਨਹੀਂ ਗਈ।”
ਚਾਰ ਦਿਨਾਂ ਬਾਅਦ ਸੋਮਵਾਰ 22 ਫਰਵਰੀ ਨੂੰ ਜਦ ਸੋਫੀ, ਹਾਂਸ ਤੇ ਕ੍ਰਿਸਟੋਫ ਨੂੰ ਅਦਾਲਤ ਵਿਚ ਲਿਜਾਇਆ ਗਿਆ ਤਾਂ ਤਿੰਨਾਂ ਦੇ ਸੱਟਾਂ ਵੱਜੀਆਂ ਹੋਈਆਂ ਸਨ ਤੇ ਸੋਫੀ ਦੀ ਲੱਤ ਵੀ ਟੁੱਟੀ ਹੋਈ ਸੀ। ਅਦਾਲਤ ਹਿਟਲਰ ਭਗਤਾਂ ਨਾਲ ਭਰੀ ਹੋਈ ਸੀ। ਜੱਜ ਨੇ ਤਿੰਨਾਂ ਤੋਂ ਸਵਾਲ ਪੁੱਛੇ, ਕ੍ਰਿਸਟੋਫ ਦੇ ਤਿੰਨ ਬੱਚੇ ਅਤੇ ਬਿਮਾਰ ਪਤਨੀ ਸੀ, ਉਸ ਦਾ ਕਹਿਣਾ ਸੀ ਕਿ ਉਸ ਨੂੰ ਉਸ ਦੇ ਪਰਿਵਾਰ ਦੀ ਦੇਖ ਰੇਖ ਕਰਨ ਲਈ ਛੱਡ ਦਿੱਤਾ ਜਾਵੇ, ਪਰ ਜੱਜ ਦਾ ਉਸ ਬਾਰੇ ਕਹਿਣਾ ਸੀ, “ਸਰਕਾਰੀ ਪੈਸੇ ‘ਤੇ ਪੜ੍ਹਨ ਵਾਲਾ ਇੱਕ ਨਾਲਾਇਕ ਪਿਓ ਆਪਣੇ ਨਿਆਣਿਆਂ ਨੂੰ ਸੱਚਾ ਜਰਮਨ ਬਣਨ ਲਈ ਕਿਵੇਂ ਪ੍ਰੇਰੇਗਾ?”
ਕ੍ਰਿਸਟੋਫ ਦੇ ਖਿਲਾਫ ਇੱਕ ਹੱਥ ਲਿਖਤ ਖਰੜਾ ਬਰਾਮਦ ਹੋਇਆ ਸੀ, ਜਿਸ ਵਿਚ ਲਿਖਿਆ ਸੀ ਕਿ ਕਿਵੇਂ ਇਹ ਜੰਗ ਨੈਤਿਕ ਤੌਰ ‘ਤੇ ਗਲਤ ਹੈ। ਇਹ ਹੱਥ ਲਿਖਤ ਖਰੜਾ ਬੇਸ਼ੱਕ ਕੱਚਾ ਜਿਹਾ ਸੀ, ਪਰ ਕ੍ਰਿਸਟੋਫ ਖਿਲਾਫ ਕੋਈ ਨਿਰਣਾਇਕ ਸਜ਼ਾ ਸੁਣਾਉਣ ਲਈ ਬਹੁਤ ਸੀ।
ਹਾਂਸ ਦੀ ਸੁਣਵਾਈ ਵਿਚ ਜੱਜ ਨੇ ਉਸ ਨੂੰ ਬਹੁਤਾ ਉਹੋ ਕਿਹਾ ਜੋ ਕ੍ਰਿਸਟੋਫ ਨੂੰ ਕਿਹਾ ਜਾ ਰਿਹਾ ਸੀ, ਕਿਹਾ ਗਿਆ, “ਤੁਸੀਂ ਸਰਕਾਰੀ ਪੈਸੇ ‘ਤੇ ਪਲ ਰਹੇ ਪਰਜੀਵੀ ਹੋ, ਜਰਮਨੀ ਦੀ ਹਾਰ ਚਾਹੁੰਦੇ ਹੋ, ਤੁਸੀਂ ਦੇਸ਼ ਧ੍ਰੋਹੀ ਹੋ।”
ਹਾਂਸ ਨੇ ਕਿਹਾ, “ਵਿਦਿਆਰਥੀ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਕਿ ਮੈਂ ਸਮਾਜ ਦੇ ਭਲੇ ਲਈ ਸੋਚਾਂ ਤੇ ਸਮਾਜ, ਜੋ ਇਸ ਸਮੇਂ ਜੰਗ ਨਾਲ ਲੂਹਿਆ ਪਿਆ ਹੈ…।”
“ਕੀ ਕਿਹਾ? ਜੰਗ ਬੁਰੀ ਹੈ, ਤੂੰ ਗੱਦਾਰ ਹੈਂ, ਤੂੰ ਦੁਸ਼ਮਣ ਤੋਂ ਪੈਸਾ ਖਾਂਦਾ ਹੈ, ਅਤਿਵਾਦੀ ਹੈਂ ਤੂੰ, ਤੂੰ ਕੌਣ ਹੁੰਦਾ ਹੈ ਤੈਅ ਕਰਨ ਵਾਲਾ ਕਿ ਜਰਮਨੀ ਨੂੰ ਅਮਨ ਚਾਹੀਦਾ ਕਿ ਜੰਗ।”
ਹਾਂਸ ਨੇ ਕੋਲ ਬੈਠੇ ਨਾਜ਼ੀ ਫੌਜੀਆਂ ਵੱਲ ਹੱਥ ਕਰਦਿਆਂ ਕਿਹਾ, “ਮੈਂ ਇਨ੍ਹਾਂ ਸਾਰਿਆਂ ਵਾਂਗ ਪੂਰਬੀ ਮੁਹਾਜ਼ ‘ਤੇ ਸੀ, ਤੂੰ ਨਹੀਂ ਸੀ, ਮੈਂ ਲੋਕਾਂ ਨੂੰ ਮਰਦੇ ਵੇਖਿਆ ਹੈ। ਮੈਂ ਵੇਖਿਆ ਕਿ ਕਿਵੇਂ ਔਰਤਾਂ ਨੂੰ, ਬੱਚਿਆਂ ਨੂੰ ਜਰਮਨ ਫੌਜਾਂ ਮਾਰ…।”
“ਤੂੰ ਗੱਦਾਰ, ਪਰਜੀਵੀ ਨਹੀਂ ਜਾਣਦਾ ਕਿ ਹਿਟਲਰ ਨੇ ਕਿਸ ਮਹਾਨ ਜਰਮਨੀ ਦਾ ਸੁਪਨਾ ਵੇਖਿਆ ਹੈ, ਤੇਰੀ ਸੁਣਵਾਈ ਖਤਮ।”
ਹੁਣ ਸੋਫੀ ਦੀ ਵਾਰੀ ਸੀ। ਉਸ ਤੋਂ ਪੁੱਛਿਆ ਗਿਆ, “ਇਹ ਪਰਚੇ ਤੇਰੇ ਤੋਂ ਹੀ ਡਿੱਗੇ ਸਨ?”
“ਡਿੱਗੇ ਨਹੀਂ ਸਨ, ਮੈਂ ਖਿੰਡਾਏ ਸਨ ਤਾਂ ਕਿ ਸਾਡਾ ਵਿਚਾਰ…।”
“ਵਿਚਾਰ! ਤੂੰ ਇਸ ਘਟੀਆ ਮਾਨਸਿਕਤਾ ਨੂੰ ਵਿਚਾਰ ਕਹਿੰਦੀ ਹੈ, ਇਹ ਕਾਗਜ਼ ਕਿੱਥੋਂ ਲਏ?”
“ਦੁਕਾਨਾਂ ਤੋਂ ਅਤੇ ਯੂਨੀਵਰਸਿਟੀ ਤੋਂ।”
“ਸਰਕਾਰੀ ਸੰਪਤੀ ਦੀ ਐਡੀ ਦੁਰਵਰਤੋਂ, ਉਹ ਵੀ ਜੰਗ ਦੇ ਸਮੇਂ, ਤੇਰੇ ‘ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚੱਲੇਗਾ। ਤੂੰ ਕਿਵੇਂ ਲਿਖ ਸਕਦੀ ਏਂ ਕਿ ਅਸੀਂ ਜੰਗ ਹਾਰ ਰਹੇ ਹਾਂ?”
ਹਿਟਲਰ ਭਗਤਾਂ ਵੱਲੋਂ ‘ਮੌਤ ਦੀ ਸਜ਼ਾ ਦਿਓ’, ‘ਅੱਗ ਲਾ ਦਿਓ’, ‘ਧੌਣ ਲਾਹ ਦਿਓ’ ਉਚੀ ਉਚੀ ਗੂੰਜ ਰਿਹਾ ਸੀ ਕਿ ਇੱਕ ਦਮ ਇਸ ਸਾਰੇ ਰੌਲੇ ਰੱਪੇ ਵਿਚ ਤਿੱਖੀ ਅਵਾਜ਼ ਗੂੰਜੀ, ਜਿਸ ਨੇ ਚੁੱਪ ਪਸਾਰ ਦਿੱਤੀ, ਇਹ ਸੋਫੀ ਬੋਲ ਰਹੀ ਸੀ, “ਅਸੀਂ ਆਪਣੇ ਸ਼ਬਦਾਂ ਨਾਲ ਲੜੇ, ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਹੀ ਪੈਣੀ ਸੀ, ਅਸੀਂ ਜੋ ਲਿਖਿਆ, ਉਹ ਕਈ ਲੋਕ ਸੋਚ ਰਹੇ ਸਨ। ਬੱਸ ਉਨ੍ਹਾਂ ਦੀ ਕਹਿਣ ਦੀ ਹਿੰਮਤ ਨਹੀਂ ਪੈ ਰਹੀ ਸੀ।”
“ਤੇਰੀ ਸੁਣਵਾਈ ਖਤਮ।” ਜੱਜ ਕੂਕਿਆ।
ਰੌਲਾ ਫਿਰ ਸ਼ੁਰੂ ਹੋ ਗਿਆ। ਸੋਫੀ ਹੁਰਾਂ ਨੂੰ ਵਕੀਲ ਤਾਂ ਮਿਲੇ, ਪਰ ਉਨ੍ਹਾਂ ਦੀ ਭੂਮਿਕਾ ਬਿਲਕੁਲ ਪੁਤਲਿਆਂ ਜਿਹੀ ਸੀ, ਉਨ੍ਹਾਂ ਕੋਈ ਸਵਾਲ ਨਾ ਕੀਤਾ ਤੇ ਵਿਰੋਧ ‘ਚ ਕੁਝ ਨਾ ਬੋਲੇ। ਸੁਣਵਾਈ ਦੇ ਅਖੀਰ ਵਿਚ ਸੋਫੀ ਤੇ ਹਾਂਸ ਦਾ ਪਿਉ ਅਦਾਲਤ ਵਿਚ ਘੁਸ ਆਇਆ ਕਿ ਉਸ ਨੂੰ ਇਨ੍ਹਾਂ ਦੇ ਹੱਕ ਵਿਚ ਬੋਲਣ ਦਿੱਤਾ ਜਾਵੇ, ਪਰ ਉਸ ਨੂੰ ਵੀ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾਣਾ ਸੀ, ਤਿੰਨਾਂ ਨੂੰ ਆਖਰੀ ਵਾਰ ਆਪਣੇ ਪੱਖ ਵਿਚ ਬੋਲਣ ਦਾ ਮੌਕਾ ਦਿੱਤਾ। ਕ੍ਰਿਸਟੋਫ ਨੇ ਉਹੀ ਆਪਣੇ ਪਰਿਵਾਰ ਵਾਸਤੇ ਰਹਿਮ ਦੀ ਅਪੀਲ ਕੀਤੀ। ਹਾਂਸ ਸ਼ਾਲ ਨੇ ਕ੍ਰਿਸਟੋਫ ਦੇ ਵੰਡੇ ਦੀ ਸਜ਼ਾ ਵੀ ਮੰਗੀ ਤੇ ਸੋਫੀ, ਜੋ ਅੱਜ ਇੰਜ ਬੋਲ ਰਹੀ ਸੀ, ਜਿਵੇਂ ਜਾਣਦੀ ਹੀ ਹੋਵੇ ਕਿ ਉਸ ਦੇ ਇਹ ਬੋਲ ਕਿੰਨਾ ਇਤਿਹਾਸਕ ਰੋਲ ਅਦਾ ਕਰਨਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਜਜ਼ਬੇ ਤੋਂ ਪ੍ਰੇਰਨਾ ਲੈਂਦੀਆਂ ਹੀ ਰਹਿਣਗੀਆਂ। ਜਾਂ ਉਹ ਇਸ ਸਭ ਕਾਸੇ ਤੋਂ ਅਣਜਾਣ ਬੱਸ ਇੰਨਾ ਜਾਣਦੀ ਸੀ ਕਿ ਇਹ ਬੋਲ ਉਸ ਦੇ ਆਖਰੀ ਹੋਣਗੇ ਤੇ ਇਨ੍ਹਾਂ ਬੋਲਾਂ ਜ਼ਰੀਏ ਹੁਣ ਹਿਟਲਰ ਨੂੰ ਗੱਦੀਓਂ ਲਾਹ ਹੀ ਦੇਣਾ ਚਾਹੁੰਦੀ ਹੋਵੇ। ਉਹ ਬੋਲੀ, “ਜਿੱਥੇ ਅਸੀਂ ਅੱਜ ਖੜੇ ਹਾਂ, ਇੱਕ ਦਿਨ ਤੁਸੀਂ ਸਾਰੇ ਖੜੇ ਹੋਵੋਂਗੇ।”
ਜੱਜ ਲਈ ਇਹ ਬਿਆਨ ਅਣ-ਕਿਆਸਿਆ ਸੀ, ਜਿੰਨਾ ਵੀ ਗੁੱਸਾ ਉਹ ਦਿਖਾ ਸਕਦਾ ਸੀ, ਉਸ ਨੇ ਦਿਖਾਉਂਦਿਆਂ ਕਿਹਾ ਕਿ ਜਰਮਨੀ ਖਿਲਾਫ ਦੇਸ਼ ਧ੍ਰੋਹ ਅਤੇ ਜੰਗ ਵਿਚ ਸਾਡੇ ਸਿਪਾਹੀਆਂ ਦੇ ਹੌਂਸਲੇ ਪਸਤ ਕਰਨ ਦੇ ਜ਼ੁਰਮ ਵਿਚ ਇਨ੍ਹਾਂ ਤਿੰਨਾਂ ਦੇ ਗਿਲੋਟੀਨ ਨਾਲ ਆਹੂ ਲਾਹੇ ਜਾਣ।
ਬੇਸ਼ੱਕ ਨੌਜਵਾਨਾਂ ਨੇ ਇਸ ਉਮਰ ਹਾਲੇ ਜਿਉਣਾ ਸ਼ੁਰੂ ਕਰਨਾ ਹੀ ਹੁੰਦਾ ਏ, ਉਨ੍ਹਾਂ ਨੇ ਹਾਲੇ ਉਹ ਸਭ ਕੁਝ ਹੰਢਾਉਣਾ ਹੁੰਦਾ ਹੈ, ਜਿਸ ਦੇ ਕਿੱਸੇ ਉਹ ਬੁੱਢੇ ਹੋ ਕੇ ਹੋਰਾਂ ਨੂੰ ਸੁਣਾ ਸਕਣ, ਪਰ ਸ਼ਾਇਦ ਇਨ੍ਹਾਂ ਦੇ ਕਿੱਸੇ ਇਨ੍ਹਾਂ ਆਪ ਨਹੀਂ ਸੀ ਸੁਣਾਉਣੇ। ਇਨ੍ਹਾਂ ਦੀ ਗਾਥਾ ਸਮੇਂ ਨੇ ਗਾਉਣੀ ਸੀ, ਭਾਵੇਂ ਇਹ 6 ਕੁ ਨੌਜਵਾਨ ਹੀ ਸਨ, ਪਰ ਜਿਵੇਂ ਸੋਫੀ ਕਹਿੰਦੀ ਸੀ, ਇਨ੍ਹਾਂ ਜਿਹੇ ਲੱਖਾਂ ਹੀ ਸਨ ਜੋ ਇੰਜ ਹੀ ਸੋਚਦੇ ਸਨ, ਪਰ ਹਿੰਮਤ ਨਹੀਂ ਕਰ ਸਕੇ ਤੇ ਪਛਤਾਵੇ ਦੀ ਬੁੱਕਲ ‘ਚ ਮੂੰਹ ਦੇ ਕੇ ਜਿੱਲਤ ਭਰੀ ਜ਼ਿੰਦਗੀ ਜਿਉਂਦੇ ਰਹੇ।
ਰਾਬਰਟ ਸ਼ਾਲ ਜਦ ਆਖਰੀ ਵਾਰ ਆਪਣੇ ਧੀ-ਪੁੱਤ ਨੂੰ ਮਿਲਣ ਆਇਆ ਤਾਂ ਉਸ ਨੇ ਬੱਸ ਇਨ੍ਹਾਂ ਹੀ ਕਿਹਾ, “ਮੈਨੂੰ ਤੁਹਾਡੇ ਦੋਹਾਂ ‘ਤੇ ਮਾਣ ਏ, ਤੁਸੀਂ ਸਹੀ ਰਾਹ ਚੁਣਿਆ।”
ਖੌਰੇ ਕਿੰਨੇ ਲੋਕਾਂ ਦੀ ਅਵਾਜ਼ ਉਹ ਕਹਿਣ ਲਈ ਬਟੋਰ ਕੇ ਲਿਆਇਆ ਸੀ ਕਿ ਤਿੰਨੇ ਨੌਜਵਾਨ ‘ਇਨਕਲਾਬ ਜਿੰਦਾਬਾਦ’ ਦੇ ਨਾਅਰੇ ਲਾਉਂਦੇ ਸ਼ਹੀਦ ਹੋਏ। ਗਿਲੋਟੀਨ ਦੇ ਬਲੇਡ ਨਾਲੋਂ ਡੁੱਲ੍ਹੇ ਖੂਨ ਨੇ ਵ੍ਹਾਈਟ ਰੋਜ਼ ਨੂੰ ਖਤਮ ਨਹੀਂ ਕੀਤਾ, ਸਗੋਂ ਹੋਰ ਖਿੰਡਾਇਆ। ਦੋ ਸਾਲ ਬਾਅਦ ਰੂਸੀ ਫੌਜਾਂ ਬਰਲਿਨ ਆ ਵੜੀਆਂ, ਹਿਟਲਰ ਖੁਦਕੁਸ਼ੀ ਕਰ ਗਿਆ, ਨਾਜ਼ੀਆਂ ‘ਤੇ ਮੁਕੱਦਮੇ ਚੱਲੇ। ਸੋਫੀ ਸੱਚੀ ਸੀ…।