ਮੁਹੰਮਦ ਅੱਬਾਸ ਧਾਲੀਵਾਲ
ਫੋਨ: 91-98552-59650
‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ’ ਤਰਾਨਾ-ਏ-ਹਿੰਦ ਲਿਖਣ ਵਾਲੇ ਪ੍ਰਸਿੱਧ ਸ਼ਾਇਰ ਇਕਬਾਲ ਨੇ ਇਕ ਸ਼ੇਅਰ ਕਿਹਾ ਸੀ, ਜਿਸ ‘ਤੇ ਦੇਸ਼ ਨੂੰ ਦਰਪੇਸ਼ ਅਜੋਕੇ ਹਾਲਾਤ ਵਿਚ ਚਿੰਤਨ ਦੀ ਲੋੜ ਹੈ। ਸ਼ੇਅਰ ਸੀ,
ਆਈਨ-ਏ-ਨੌ ਸੇ ਡਰਨਾ
ਤਰਜ਼-ਏ-ਕੋਹਨ ਪੇ ਅੜਨਾ,
ਮੰਜ਼ਿਲ ਯਹੀ ਕਠਿਨ ਹੈ
ਕੌਮੋਂ ਕੀ ਜ਼ਿੰਦਗੀ ਮੇਂ।
ਇਕਬਾਲ ਆਖਦੇ ਹਨ ਕਿ ਜੋ ਕੌਮਾਂ ਸਮੇਂ ਦਾ ਬਦਲਿਆ ਰੂਪ ਨਹੀਂ ਸਮਝਦੀਆਂ ਤੇ ਹਾਲਾਤ-ਏ-ਹਾਜ਼ਰਾ ਅਨੁਸਾਰ ਆਪਣੇ ਆਪ ‘ਚ ਤਬਦੀਲੀ ਲਿਆਉਣ ਦੀ ਥਾਂ ਪੁਰਾਣੀਆਂ ਰੂੜੀਵਾਦੀ ਸੋਚਾਂ ‘ਤੇ ਪਹਿਰਾ ਦਿੰਦੀਆਂ ਹਨ, ਉਨ੍ਹਾਂ ਕੌਮਾਂ ਦਾ ਤਰੱਕੀ ਜਾਂ ਵਿਕਾਸ ਦੀਆਂ ਰਾਹਾਂ ਨੂੰ ਤੈਅ ਕਰਨਾ ਜਾਂ ਮੰਜ਼ਿਲ-ਏ-ਮਕਸੂਦ ਤੱਕ ਪਹੁੰਚਣਾ ਬੇਹੱਦ ਮੁਸ਼ਕਿਲ ਹੁੰਦਾ ਹੈ।
ਮੌਜੂਦਾ ਸਮੇਂ ਦੇਸ਼ ਦੀ ਜੀ. ਡੀ. ਪੀ. ਡਿਗ ਰਹੀ ਹੈ, ਸਾਡੇ ਕਰੋੜਾਂ ਨੌਜਵਾਨ ਬੇਰੁਜ਼ਗਾਰੀ ਦੀ ਜ਼ਿੰਦਗੀ ਗੁਜਾਰਨ ਲਈ ਮਜਬੂਰ ਹਨ, ਜਦਕਿ ਬੱਚੇ ਭੁਖਮਰੀ ਦਾ ਸ਼ਿਕਾਰ ਹੋ ਰਹੇ ਹਨ, ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ ਅਤੇ ਵਧੇਰੇ ਔਰਤਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਅਜਿਹੇ ਹਾਲਾਤ ਵਿਚ ਇੱਕ ਅਜਿਹਾ ਕਾਨੂੰਨ ਲਿਆਉਣਾ, ਜੋ ਨਾ ਸਿਰਫ ਬੇਲੋੜਾ ਹੈ, ਸਗੋਂ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾ ਤੇ ਦੇਸ਼ ਦੇ ਨਾਗਰਿਕਾਂ ਦੇ ਮੌਲਿਕ ਹੱਕਾਂ ਦਾ ਹਨਨ ਕਰਦਾ ਹੋਵੇ ਅਤੇ ਦੇਸ਼ ਵਿਚ ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਪ੍ਰਤੀ ਨਫਰਤ ਫੈਲਾਉਂਦਾ ਹੋਵੇ, ਕਦਾਚਿਤ ਸਿਆਣਪ ਨਹੀਂ ਕਿਹਾ ਜਾ ਸਕਦਾ।
ਇਹੋ ਵਜ੍ਹਾ ਹੈ ਕਿ ਅੱਜ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਵਾਪਸ ਕਰਵਾਉਣ ਲਈ ਪਿਛਲੇ ਇਕ ਮਹੀਨੇ ਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵਿਆਪਕ ਪੱਧਰ ‘ਤੇ ਸੰਘਰਸ਼ ਚੱਲ ਰਿਹਾ ਹੈ ਤੇ ਲੋਕ ਵੱਡੀ ਗਿਣਤੀ ਵਿਚ ਸੜਕਾਂ ‘ਤੇ ਹਨ। ਇਸ ਦੌਰਾਨ ਕਰੀਬ 29 ਲੋਕ ਆਪਣੀਆਂ ਜਾਨਾਂ ਤੱਕ ਗੁਆ ਚੁਕੇ ਹਨ, ਜਦੋਂ ਕਿ ਵੱਖ ਵੱਖ ਯੂਨੀਵਰਸਿਟੀਆਂ ਜਿਵੇਂ ਏ. ਐਮ. ਯੂ., ਜਾਮੀਆ ਮਿਲੀਆ ਇਸਲਾਮੀਆ ਦੇ ਸੈਂਕੜੇ ਵਿਦਿਆਰਥੀ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਹਨ, ਉਥੇ ਪਿਛਲੇ ਦਿਨੀਂ ਜੇ. ਐਨ. ਯੂ. ਦੇ ਵਿਦਿਆਰਥੀਆਂ, ਜੋ ਲੰਮੇ ਸਮੇਂ ਤੋਂ ਫੀਸਾਂ ਵਿਚ ਵਾਧੇ ਅਤੇ ਉਕਤ ਕਾਨੂੰਨ ਦੇ ਵਿਰੋਧ ਨੂੰ ਲੈ ਕੇ ਸੁਰਖੀਆਂ ਵਿਚ ਸਨ, ਬੀਤੀ 5 ਜਨਵਰੀ ਨੂੰ ਉਨ੍ਹਾਂ ‘ਤੇ ਵੀ ਯੂਨੀਵਰਸਿਟੀ ਵਿਚ ਨਕਾਬਪੋਸ਼ ਗੁੰਡਿਆਂ ਨੇ ਹਮਲਾ ਕਰ ਕੇ ਬੇਤਹਾਸ਼ਾ ਤਸ਼ੱਦਦ ਢਾਹਿਆ। ਯੂਨੀਵਰਸਿਟੀ ਦੇ ਕੁਝ ਅਧਿਆਪਕ ਤੇ ਵਿਦਿਆਰਥੀ ਗੰਭੀਰ ਜਖਮੀ ਹੋ ਗਏ। ਵਿਦਿਆਰਥੀ ਆਗੂ ਆਸ਼ੀ ਘੋਸ਼ ਦੇ ਸਿਰ ‘ਤੇ ਵੀ ਗੰਭੀਰ ਸੱਟਾਂ ਲੱਗੀਆਂ।
ਇਸ ਤੋਂ ਕਈ ਦਿਨ ਪਹਿਲਾਂ ਇਸ ਕਾਨੂੰਨ ਦੇ ਸੰਦਰਭ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਸੀ ਕਿ ਇਹ ਸਵਾਲ ਅੱਜ ਸਾਡੇ ਸਭਨਾਂ ਤੇ ਮੀਡੀਆ ਦੇ ਸਾਹਮਣੇ ਹੈ ਕਿ ਅਸੀਂ ਵਿਰੋਧੀ ਵਿਚਾਰਾਂ ਨੂੰ ਸੁਣੀਏ ਜਾਂ ਫੇਰ ਪਾਰਟੀਸ਼ਨ (ਵਿਭਾਜਨ) ਵਾਂਗ ਆਪਣੇ ਰਾਸ਼ਟਰ ਹਿੱਤ ਨੂੰ ਥੋਪੀਏ। ਮੁਖਰਜੀ ਨੇ ਕਿਹਾ ਕਿ ਬਹੁਮਤ ਦਾ ਅਰਥ ਸਭ ਨੂੰ ਨਾਲ ਲੈ ਕੇ ਚਲਣਾ ਹੁੰਦਾ ਹੈ। ਉਨ੍ਹਾਂ ਕਿਹਾ, ਜਨਤਾ ਮਨਮਰਜ਼ੀ ਕਰਨ ਵਾਲੀਆਂ ਪਾਰਟੀਆਂ ਨੂੰ ਨਕਾਰ ਦਿੰਦੀ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਅਸੀਂ ਆਪਣੇ ਤੋਂ ਇਲਾਵਾ ਦੂਜਿਆਂ ਦੀ ਆਵਾਜ਼ ਸੁਣਨਾ ਬੰਦ ਕਰ ਦਿਆਂਗੇ ਤਾਂ ਲੋਕਤੰਤਰ ਹਾਰ ਜਾਵੇਗਾ।
ਮੁਖਰਜੀ ਨੇ ਅੱਗੇ ਕਿਹਾ ਕਿ ਭਾਰਤ ਦੀ 1.3 ਅਰਬ ਦੀ ਆਬਾਦੀ ਸੱਤ ਪ੍ਰਮੁੱਖ ਧਰਮਾਂ ਦਾ ਪਾਲਣ ਕਰਦੀ ਹੈ ਅਤੇ 122 ਭਾਸ਼ਾਵਾਂ ਤੇ 1600 ਬੋਲੀਆਂ ਦੀ ਵਰਤੋਂ ਕਰਦੀ ਹੈ, ਫਿਰ ਵੀ ਸੰਵਿਧਾਨ ਦੇ ਅਧੀਨ ਰਹਿੰਦੀ ਹੈ। ਇਹ ਪਛਾਣ ਕਦੇ ਵੀ ਨਸ਼ਟ ਨਹੀਂ ਕੀਤੀ ਜਾ ਸਕਦੀ, ਨਾ ਹੀ ਅਸੀਂ ਇਸ ਨੂੰ ਨਸ਼ਟ ਹੋਣ ਦੇਵਾਂਗੇ ਅਤੇ ਜੇ ਅਸੀਂ ਇਸ ਨੂੰ ਨਸ਼ਟ ਕਰ ਦਿੰਦੇ ਹਾਂ ਤਾਂ ਭਾਰਤ ਦੇ ਰੂਪ ਵਿਚ ਪਛਾਣਿਆ ਜਾਣ ਵਾਲਾ ਕੁਝ ਵੀ ਨਹੀਂ ਰਹੇਗਾ।
ਉਧਰ ਦੇਸ਼ ਦੇ ਮੌਜੂਦਾ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਕਿਹਾ ਕਿ ਸੀ. ਏ. ਏ. ਹੋਵੇ ਜਾਂ ਐਨ. ਪੀ. ਆਰ., ਇਨ੍ਹਾਂ ‘ਤੇ ਦੇਸ਼ ਦੇ ਲੋਕਾਂ ਨੂੰ ਸੰਵਿਧਾਨਕ ਸੰਸਥਾਵਾਂ, ਸਭਾਵਾਂ ਅਤੇ ਮੀਡੀਆ ਵਿਚ ਵਿਚਾਰਪੂਰਨ, ਸਾਰਥਕ ਤੇ ਸਾਕਾਰਾਤਮਕ ਚਰਚਾ ਵਿਚ ਹਿੱਸਾ ਲੈਣਾ ਚਾਹੀਦਾ ਹੈ। ਜਲਦਬਾਜ਼ੀ ਵਿਚ ਕਿਸੇ ਨਤੀਜੇ ‘ਤੇ ਨਹੀਂ ਪਹੁੰਚਣਾ ਚਾਹੀਦਾ ਕਿ ਇਹ ਕਦੋਂ ਆਇਆ ਅਤੇ ਕਿਉਂ ਆਇਆ? ਇਸ ਦਾ ਕੀ ਅਸਰ ਹੋ ਰਿਹਾ ਹੈ ਤੇ ਕੀ ਇਸ ਵਿਚ ਸੁਧਾਰ ਦੀ ਲੋੜ ਹੈ? ਜੇ ਹੈ, ਤਾਂ ਕੀ ਸੁਝਾਅ ਹਨ?
ਉਨ੍ਹਾਂ ਕੇਂਦਰ ਸਰਕਾਰ ਨੂੰ ਨਸੀਹਤ ਦਿੱਤੀ ਕਿ ਇਸ ‘ਤੇ ਚਰਚਾ ਕਰਨ ਨਾਲ ਸਾਡਾ ਸਿਸਟਮ ਮਜਬੂਤ ਹੋਵੇਗਾ ਅਤੇ ਲੋਕਾਂ ਦੀ ਸਮਝ ਵਧੇਗੀ। ਨੀਤੀਆਂ ਦੀ ਆਲੋਚਨਾ ਕੀਤੀ ਜਾ ਸਕਦੀ ਹੈ, ਪਰ ਨਿਜੀ ਹਮਲੇ ਨਹੀਂ ਕਰਨੇ ਚਾਹੀਦੇ। ਸੁਸ਼ਾਸਨ ਪ੍ਰਦਾਨ ਕਰਨ ਲਈ ਪਾਰਦਰਸ਼ਤਾ, ਜੁਆਬ ਦੇਹੀ ਅਤੇ ਜਨ ਕੇਂਦਰਿਤ ਨੀਤੀਆਂ ਜਰੂਰੀ ਹਨ। ਉਨ੍ਹਾਂ ਕਿਹਾ ਕਿ ਅਸੰਤੋਸ਼ ਜਾਹਰ ਕਰ ਰਹੇ ਲੋਕਾਂ ਦੇ ਸ਼ੰਕੇ ਦੂਰ ਕਰਨੇ ਚਾਹੀਦੇ ਹਨ, ਕਿਉਂਕਿ ਲੋਕਤੰਤਰ ਵਿਚ ਸਹਿਮਤੀ ਅਤੇ ਅਸਹਿਮਤੀ ਬੁਨਿਆਦੀ ਸਿਧਾਂਤ ਹਨ। ਭਾਵੇਂ ਅਸੀਂ ਕਿਸੇ ਚੀਜ ਨੂੰ ਪਸੰਦ ਕਰਦੇ ਹੋਈਏ ਜਾਂ ਨਾ, ਦੋਹਾਂ ਧਿਰਾਂ ਨੂੰ ਸੁਣਿਆ ਜਾਣਾ ਚਾਹੀਦਾ ਹੈ ਅਤੇ ਉਸੇ ਹਿਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਹੋਰ ਕਿਹਾ, ਮੌਜੂਦਾ ਹਾਲਾਤ ਵਿਚ ਦੇਸ਼ ਦੇ ਭਖਦੇ ਮੁੱਦਿਆਂ ਨੂੰ ਵਿਚਾਰ ਵਟਾਂਦਰੇ ਰਾਹੀਂ ਸੁਲਝਾਉਣ ਦੀ ਲੋੜ ਹੈ। ਜਾਤੀ ਧਰਮ ਨੂੰ ਹਾਵੀ ਹੋਣ ਦੇਣ ਦੀ ਥਾਂ ਸਾਨੂੰ ਸੰਵਿਧਾਨਕ ਤਰੀਕਿਆਂ ਨਾਲ ਸਮੱਸਿਆਵਾਂ ਨੂੰ ਸੁਲਝਾਉਣ ਦੀ ਆਦਤ ਪਾਉਣੀ ਚਾਹੀਦੀ ਹੈ।
ਦੂਜੇ ਪਾਸੇ ‘ਰਾਂਕਪਾ’ ਦੇ ਸੁਪਰੀਮੋ ਸ਼ਰਦ ਪਵਾਰ ਨੇ ਕਿਹਾ ਕਿ 42 ਸਾਲ ਪਹਿਲਾਂ ਵੀ ਅਜਿਹਾ ਹੀ ਹੋਇਆ ਸੀ ਅਤੇ ਅਜਿਹੇ ਹੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਉਸ ਸਮੇਂ ਦੀ ਕੇਂਦਰ ਸਰਕਾਰ ਉਖੜ ਗਈ ਸੀ। ਪਵਾਰ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਘੱਟ ਗਿਣਤੀਆਂ ਤੱਕ ਸੀਮਤ ਨਹੀਂ ਰਹੇ। ਉਨ੍ਹਾਂ ਕਿਹਾ, ਮੈਨੂੰ ਯਾਦ ਹੈ ਕਿ 1977 ਵਿਚ ਵਿਰੋਧ ਪ੍ਰਦਰਸ਼ਨਾਂ ਪਿਛੋਂ ਦੇਸ਼ ਭਰ ਨੇ ਗਤੀ ਫੜ ਲਈ ਸੀ ਅਤੇ ਸਰਕਾਰ ਨੂੰ ਬਦਲ ਦਿੱਤਾ ਸੀ।
ਅਸੀਂ ਸਮਝਦੇ ਹਾਂ ਕਿ ਇਸ ਸਮੇਂ ਲੋੜ ਹੈ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਦੀਆਂ ਨਸੀਹਤਾਂ ‘ਤੇ ਅਮਲ ਕਰਨ ਦੀ।
ਕਿਸੇ ਦਾ ਵਿਵੇਕਹੀਣ ਹੋਣਾ ਉਸ ਦੀ ਬੁੱਧੀ ਦੀ ਮੌਤ ਹੋਇਆ ਕਰਦੀ ਹੈ। ਲੰਮੇ ਸਮੇਂ ਤੱਕ ਉਹੀਓ ਸਾਸ਼ਕ ਹਕੂਮਤ ਕਰਦੇ ਹਨ, ਜੋ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ। ਜੋ ਦਿਲਾਂ ‘ਚੋਂ ਵਿਸਰ ਜਾਣ, ਉਹ ਕਦਾਚਿਤ ਟਿਕਾਊ ਨਹੀਂ ਹੁੰਦੇ। ਹੁਕਮਰਾਨ ਕਿੰਨਾ ਹੀ ਜਾਲਮ ਹੋਵੇ, ਲੋਕਾਈ ਜਦੋਂ ਬੇਦਾਰ ਹੋ ਜਾਏ ਤਾਂ ਵੱਡੇ ਤੋਂ ਵੱਡੇ ਤਾਨਾਸ਼ਾਹ ਨੂੰ ਵੀ ਗੋਡੇ ਟੇਕਣੇ ਪੈ ਜਾਂਦੇ ਹਨ।
ਸਾਡੇ ਵਿਚਲਾ ਲਚਕੀਲਾਪਨ ਸਾਡੀ ਸਿਹਤਮੰਦੀ ਦਾ ਪ੍ਰਤੀਕ ਹੈ, ਵੈਸੇ ਵੀ ਜਿਨ੍ਹਾਂ ਕੋਲ ਝੁਕਣ ਦੀ ਕਲਾ ਨਹੀਂ, ਉਹ ਟੁੱਟ ਜਾਂਦੇ ਹਨ।
ਅੱਜ ਜਿਸ ਤਰ੍ਹਾਂ ਹੰਕਾਰ ਵਿਚ ਡੁੱਬੇ ਕੁਝ ਲੋਕ ਇਸ ਕਾਨੂੰਨ ਨੂੰ ਲੈ ਕੇ ਇੱਕ ਇੰਚ ਵੀ ਪਿੱਛੇ ਨਾ ਹਟਣ ਦੇ ਦਾਅਵੇ ਕਰ ਰਹੇ ਹਨ, ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਈ ਵਾਰ ਇੱਕ ਇੰਚ ਪਿੱਛੇ ਨਾ ਹਟਣ ਦਾ ਫੈਸਲਾ ਹਜਾਰਾਂ ਸਾਲ ਪਿੱਛੇ ਲੈ ਜਾਂਦਾ ਹੈ!