ਆਪਣੇ ਪੰਜਾਬ ਦੇ ਵਿਹੜੇ ਦੀ ਹਕੀਕਤ

ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਖੁਸ਼ਹਾਲੀ ਬਾਰੇ ਜਦੋਂ ਵੀ ਗੱਲ ਤੁਰਦੀ ਹੈ, ਹਰੇ ਇਨਕਲਾਬ ਦੀ ਚਰਚਾ ਜ਼ਰੂਰ ਹੁੰਦੀ ਹੈ। ਸੱਚਮੁੱਚ ਹਰੇ ਇਨਕਲਾਬ ਨੇ ਸੂਬੇ ਅਤੇ ਮੁਲਕ ਵਿਚ ਵੱਡੀਆਂ ਤਬਦੀਲੀਆਂ ਲਿਆਂਦੀਆਂ। ਇਸ ਦਾ ਸਿਹਰਾ ਕਿਸਾਨਾਂ ਸਿਰ ਬੰਨ੍ਹਿਆ ਜਾਂਦਾ ਹੈ, ਜਦਕਿ ਕਿਸਾਨ ਦੇ ਸਾਥੀ, ਖੇਤ ਮਜ਼ਦੂਰ ਦੀ ਕਿਤੇ ਗਿਣਤੀ ਤੱਕ ਨਹੀਂ ਕੀਤੀ ਜਾਂਦੀ। ਹਰੇ ਇਨਕਲਾਬ ਤੋਂ ਦਹਾਕਿਆਂ ਪਿਛੋਂ ਹੁਣ ਜਦੋਂ ਕਿਸਾਨ ਦੀ ਹਾਲਤ ਬਾਰੇ ਅਕਸਰ ਚਰਚਾ ਛਿੜੀ ਰਹਿੰਦੀ ਹੈ, ਖੇਤ ਮਜ਼ਦੂਰ ਇਕ ਵਾਰ ਫਿਰ ਹਾਸ਼ੀਏ ‘ਤੇ ਹੈ। ਇਸ ਲੇਖ ਵਿਚ ਲਛਮਣ ਸਿੰਘ ਸੇਵੇਵਾਲਾ ਨੇ ਖੇਤ ਮਜ਼ਦੂਰਾਂ ਦੀ ਹਕੀਕਤ ਬਿਆਨ ਕੀਤੀ ਹੈ, ਜੋ ਰੌਂਗਟੇ ਖੜ੍ਹੇ ਕਰਨ ਵਾਲੀ ਹੈ।

-ਸੰਪਾਦਕ

ਲਛਮਣ ਸਿੰਘ ਸੇਵੇਵਾਲਾ
ਫੋਨ: +91-94170-79170

ਸੰਨ 1947 ਵਿਚ ਹੋਈ ਸੱਤਾ ਬਦਲੀ ਦੇ ਸੱਤ ਦਹਾਕਿਆਂ ਬਾਅਦ ਵੀ ਪੰਜਾਬ ਦਾ ਖੇਤ ਮਜ਼ਦੂਰ/ਦਲਿਤ ਵਰਗ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਤੋਂ ਵਿਰਵਾ ਹੈ। ਖੇਤ ਮਜ਼ਦੂਰ ਸਾਡੇ ਸਮਾਜ ਦਾ ਉਹ ਹਿੱਸਾ ਹੈ ਜਿਸ ਦੀ ਸਖਤ ਮਿਹਨਤ-ਮੁਸ਼ੱਕਤ ਅਤੇ ਹਿੱਸੇਦਾਰੀ ਤੋਂ ਬਗੈਰ ਖੇਤੀ ਪੈਦਾਵਰ ਨੂੰ ਚਿਤਵਿਆ ਵੀ ਨਹੀਂ ਜਾ ਸਕਦਾ। ਜੇ ਅੱਜ ਪੰਜਾਬ ਨੂੰ ਦੇਸ਼ ਦੇ ਅੰਨ ਭੰਡਾਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸੂਬੇ ਵਜੋਂ ਜਾਣਿਆ ਜਾਂਦਾ ਹੈ ਤਾਂ ਇਸ ਵਿਚ ਇਨ੍ਹਾਂ ਖੇਤ ਮਜ਼ਦੂਰਾਂ ਦਾ ਸਿਰ ਕੱਢਵਾ ਰੋਲ ਹੈ ਪਰ ਦੇਸ਼ ਦਾ ਢਿੱਡ ਭਰਨ ਅਤੇ ਨੰਗ ਢਕਣ ਵਿਚ ਅਹਿਮ ਯੋਗਦਾਨ ਪਾਉਣ ਵਾਲਾ ਪੰਜਾਬ ਦਾ ਇਹ ਖੇਤ ਮਜ਼ਦੂਰ ਵਰਗ ਹਰ ਪੱਖ ਤੋਂ ਕੰਨੀ ‘ਤੇ ਧੱਕਿਆ ਹੋਇਆ ਹੈ। ਖੇਤ ਮਜ਼ਦੂਰਾਂ ਦੇ ਰਹਿਣ-ਸਹਿਣ ‘ਤੇ ਜਿਊਣ ਦੀਆਂ ਹਾਲਤਾਂ ਤਰਸਯੋਗ ਹਨ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਖੇਤ ਮਜ਼ਦੂਰਾਂ ਦੇ ਘਰਾਂ ਦੀ ਹਾਲਤ ਬਾਰੇ ਜਾਰੀ ਕੀਤੀ ਸਰਵੇਖਣਖਣ ਰਿਪੋਰਟ ‘ਚ ਜੋ ਤਸਵੀਰ ਸਾਹਮਣੇ ਆਈ ਹੈ, ਉਹ ਲੂੰਅ ਕੰਡੇ ਖੜ੍ਹੇ ਕਰ ਦੇਣ ਵਾਲੀ ਹੈ। ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਰੀਦਕੋਟ, ਮੋਗਾ, ਸੰਗਰੂਰ ਤੇ ਜਲੰਧਰ ਜ਼ਿਲ੍ਹਿਆਂ ਵਿਚੋਂ 12 ਪਿੰਡਾਂ ਦੇ 1640 ਖੇਤ ਮਜ਼ਦੂਰ ਘਰਾਂ ਦੇ ਕੀਤੇ ਸਰਵੇਖਣ ਦੇ ਆਧਾਰ ‘ਤੇ ਤਿਆਰ ਕੀਤੀ ਇਹ ਰਿਪੋਰਟ ਦੇਸ਼ ਅਤੇ ਸੂਬੇ ਦੇ ਹਾਕਮਾਂ ਵਲੋਂ ਆਜ਼ਾਦੀ, ਜਮਹੂਰੀਅਤ ਤੇ ਬਰਾਬਰੀ ਦੇ ਕੀਤੇ ਜਾਂਦੇ ਦਾਅਵਿਆਂ ‘ਤੇ ਵੱਡਾ ਸਵਾਲ ਖੜ੍ਹਾ ਕਰਦੀ ਹੈ।
ਇਸ ਰਿਪੋਰਟ ਮੁਤਾਬਕ, ਸਰਵੇਖਣ ਅਧੀਨ ਆਏ 1640 ਘਰਾਂ ‘ਚੋਂ 444 (21.75 ਫੀਸਦੀ) ਬੇਘਰੇ ਹਨ। ਇਨ੍ਹਾਂ ਵਿਚੋਂ 1.16 ਫੀਸਦੀ ਪਰਿਵਾਰ ਤਾਂ ਉਹ ਹਨ ਜਿਨ੍ਹਾਂ ਕੋਲ ਗਿੱਠ ਵੀ ਥਾਂ ਨਹੀਂ ਹੈ। ਉਹ ਪਿੰਡਾਂ ਦੇ ਜਗੀਰਦਾਰਾਂ ਦੇ ਪਸ਼ੂਆਂ ਵਾਲੇ ਵਾੜਿਆਂ, ਧਰਮਸ਼ਲਾਵਾਂ, ਬੱਸ ਅੱਡਿਆਂ, ਸਰਕਾਰੀ ਹਸਪਤਾਲਾਂ ਜਾ ਹੋਰ ਸਰਕਾਰੀ ਸੰਸਥਾਵਾਂ ਦੇ ਨਕਾਰਾ ਪਏ ਕੁਆਰਟਰਾਂ ‘ਚ ਦਿਨ-ਕਟੀ ਕੱਟ ਰਹੇ ਹਨ ਜਦੋਂ ਕਿ 20.59 ਫੀਸਦੀ (425) ਪਰਿਵਾਰ ਲੁਕਵੇਂ ਤੌਰ ‘ਤੇ ਬੇਘਰੇ ਹੋਣ ਦਾ ਸੰਤਾਪ ਹੰਢਾ ਰਹੇ ਹਨ। ਇਨ੍ਹਾਂ ਵਿਚ ਉਹ ਪਰਿਵਾਰ ਸ਼ਾਮਲ ਹਨ ਜੋ 2-2, 3-3 ਜਾਂ 5-5 ਮਰਲਿਆਂ ਦੇ ਪਲਾਟ ‘ਚ ਕਈ-ਕਈ ਪਰਿਵਾਰ ਰਹਿ ਰਹੇ ਹਨ। ਕਹਿਣ ਨੂੰ ਤਾਂ ਇਨ੍ਹਾਂ ਕੋਲ ਕੁੱਝ ਥਾਂ ਅਤੇ ਕੋਠਾ ਜ਼ਰੂਰ ਹੈ ਪਰ ਇਹ ਸਰਕਾਰੀ ਪੈਮਾਨੇ ਮੁਤਾਬਕ ਵੀ ਬੇਘਰਿਆਂ ਦੀ ਸੂਚੀ ‘ਚ ਹੀ ਆਉਂਦੇ ਹਨ ਕਿਉਂਕਿ ਸਰਕਾਰ ਵਲੋਂ ਵੀ ਇਕ ਪਰਿਵਾਰ ਦੇ ਰਹਿਣ ਲਈ ਘੱਟੋ-ਘੱਟ ਜਗਾ 5 ਮਰਲੇ ਹੀ ਤੈਅ ਕੀਤੀ ਹੋਈ ਹੈ।
ਇਸ ਰਿਪੋਰਟ ਮੁਤਾਬਕ 1640 ਘਰਾਂ ਵਿਚੋਂ 643 ਪਰਿਵਾਰ (39.21 ਫੀਸਦੀ) ਉਹ ਹਨ ਜੋ ਇੱਕ ਕਮਰੇ ਦੇ ਬਣੇ ਮਕਾਨ ‘ਚ ਹੀ ਜ਼ਿੰਦਗੀ ਬਸਰ ਕਰ ਰਹੇ ਹਨ। ਇਸ ਇੱਕ ਕਮਰੇ ‘ਚ ਹੀ ਇਨ੍ਹਾਂ ਪਰਿਵਾਰਾਂ ਦੀਆਂ ਦੋ-ਦੋ, ਤਿੰਨ-ਤਿੰਨ ਪੀੜ੍ਹੀਆਂ ਜਿਊਂਦੀਆਂ ਹਨ, ਇਕੱਠੀਆਂ ਰਹਿੰਦੀਆਂ ਅਤੇ ਸੌਂਦੀਆਂ ਹਨ। ਉਨ੍ਹਾਂ ਕੋਲ ਨਾਂ ਆਪਣੀਆਂ ਨਿੱਜੀ ਚੀਜ਼ਾਂ-ਵਸਤਾਂ ਸਾਂਭਣ ਲਈ ਕੋਈ ਵੱਖਰੀ ਥਾਂ ਹੈ, ਨਾ ਵਿਆਹੁਤਾ ਜੀਵਨ ਲਈ ਕੋਈ ਪਰਦਾ ਹੈ। ਇਹ ਇੱਕੋ-ਇੱਕ ਕਮਰਾ ਹੀ ਇਨ੍ਹਾਂ ਪਰਿਵਾਰਾਂ ਲਈ ਰੱਬੀ ਦਾਤ ਹੈ। ਬੱਚਿਆਂ ਤੇ ਬਜ਼ੁਰਗਾਂ ਤੋਂ ਇਲਾਵਾ ਵਿਆਹੇ ਜੋੜੇ ਸਭ ਇਥੇ ਹੀ ਪੈਂਦੇ ਅਤੇ ਸੌਂਦੇ ਹਨ। ਇਨ੍ਹਾਂ ਪਰਿਵਾਰਾਂ ਦਾ ਸਭ ਨਿੱਕਾ-ਮੋਟਾ ਸਾਮਾਨ ਜਿਵੇਂ ਪੇਟੀ, ਮੰਜੇ-ਬਿਸਤਰੇ, ਲੀੜੇ-ਕੱਪੜੇ, ਆਟਾ-ਕੋਟਾ, ਚਾਹ-ਗੁੜ੍ਹ ਤੇ ਭਾਂਡੇ ਆਦਿ ਸਭ ਕੁਝ ਹੇਠਾਂ ਉਤੇ ਕਰ ਕੇ ਇਸੇ ਕਮਰੇ ‘ਚ ਤੂੜਿਆ ਹੁੰਦਾ ਹੈ। ਹਾਲੇ ਮੀਂਹ ਕਣੀ ‘ਚ ਇਨ੍ਹਾਂ ਵਲੋਂ ਰੋਟੀ-ਟੁੱਕ ਪਕਾਉਣ ਦਾ ਢਾਣਸ ਵੀ ਇਸੇ ਕਮਰੇ ‘ਚ ਹੀ ਕੀਤਾ ਜਾਂਦਾ ਹੈ। ਕਈ ਵਾਰ ਤਾਂ ਬਾਲਣ, ਨੀਰਾ-ਪੱਠਾ, ਮੁਰਗੀ, ਬੱਕਰੀ ਤੇ ਪਠੋਰਾ ਵੀ ਇਥੇ ਹੀ ਹੁੰਦੇ ਹਨ। ਇਨ੍ਹਾਂ ਪਰਿਵਾਰਾਂ ਦੇ ਸਕੂਲਾਂ ‘ਚ ਪੜ੍ਹਦੇ ਜੁਆਕਾਂ ਲਈ ਪੜ੍ਹਨ ਕਮਰਾ ਵੀ ਇਹੋ ਹੀ ਹੈ। ਘਰ ਆਏ ਪ੍ਰਾਹੁਣਿਆਂ ਦੀ ਮਹਿਮਾਨ-ਨਵਾਜੀ ਤੇ ਪੈਣ-ਸੌਣ ਲਈ ਵੀ ਇਹੋ ਕਮਰਾ ਹੀ ਢੋਈ ਬਣਦਾ ਹੈ।
ਜੇ ਖੇਤ ਮਜ਼ਦੂਰ ਪਰਿਵਾਰਾਂ ਦੇ ਬਣੇ ਘਰਾਂ ਦੇ ਰਕਬੇ ਪੱਖੋਂ ਗੱਲ ਕਰਨੀ ਹੋਵੇ ਤਾਂ ਇਨ੍ਹਾਂ ਦੀ ਹਾਲਤ ਜੇਲ੍ਹ ਦੀ ਕਾਲ ਕੋਠੜੀ ਨਾਲੋਂ ਕੋਈ ਵੱਖਰੀ ਨਹੀਂ ਦਿਸਦੀ ਸਗੋਂ ਗਿਣਨਯੋਗ ਪਰਿਵਾਰਾਂ ਦੀ ਹਾਲਤ ਤਾਂ ਇਸ ਕਾਲ ਕੋਠੜੀ ਨਾਲੋਂ ਵੀ ਬਦਤਰ ਆਖੀ ਜਾ ਸਕਦੀ ਹੈ। ਇਸ ਸਰਵੇਖਣ ਅਧੀਨ ਆਏ 1640 ਘਰਾਂ ‘ਚੋਂ 34 ਪਰਿਵਾਰਾਂ ਦੇ 128 ਮੈਂਬਰਾਂ ਦੇ ਰਹਿਣ-ਸਹਿਣ ਤੇ ਬਾਹਰ ਅੰਦਰ ਤੁਰਨ ਫਿਰਨ ਲਈ ਮਹਿਜ 32.6 ਮਰਲੇ ਜਗ੍ਹਾ ਹੈ ਜੋ ਪ੍ਰਤੀ ਮੈਂਬਰ 8.5 ਵਰਗ ਫੁੱਟ ਤੋਂ ਵੀ ਘੱਟ ਬਣਦੀ ਹੈ ਜਦੋਂਕਿ ਕਮਰੇ ਦੇ ਹਿਸਾਬ ਨਾਲ ਤਾਂ ਇਹ ਜਗਾ ਹੋਰ ਵੀ ਘਟ ਜਾਂਦੀ ਹੈ। ਫਿਰ ਭਲਾ ਅਜਿਹੇ ਘਰਾਂ ‘ਚ ਕਿਥੇ ਰਸੋਈ, ਕਿਥੇ ਗੁਲਸਖਾਨਾ ਤੇ ਕਿਥੇ ਪਖਾਨਾ ਬਣ ਸਕੇਗਾ? ਇਸ ਤੋਂ ਇਲਾਵਾ ਬਾਕੀ ਮਜ਼ਦੂਰ ਘਰਾਂ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ। ਇਸ ਰਿਪੋਰਟ ਮੁਤਾਬਕ ਕੁੱਲ ਮਿਲਾ ਕੇ 47.26 ਫੀਸਦੀ ਮਜ਼ਦੂਰ ਪਰਿਵਾਰ 4 ਮਰਲੇ ਤੋਂ ਘੱਟ ਜਗ੍ਹਾ ‘ਚ ਗੁਜ਼ਾਰਾ ਕਰ ਰਹੇ ਹਨ। ਇਹੀ ਵਜ੍ਹਾ ਹੈ ਕਿ ਥਾਂ ਅਤੇ ਪੈਸੇ ਦੀ ਤੰਗੀ ਦੇ ਕਾਰਨ ਮਜ਼ਦੂਰ ਪਰਿਵਾਰ ਰਸੋਈ, ਗੁਸਲਖਾਨੇ ਤੇ ਪਖਾਨਿਆਂ ਤੋਂ ਵੀ ਵਾਂਝੇ ਹਨ।
ਰਿਪੋਰਟ ਮੁਤਾਬਕ 1640 ਘਰਾਂ ‘ਚੋਂ 493 (30.6 ਫੀਸਦੀ) ਖੇਤ ਮਜ਼ਦੂਰਾਂ ਦੇ ਘਰਾਂ ‘ਚ ਕੋਈ ਪਖਾਨਾ ਨਹੀਂ ਅਤੇ ਉਹ ਹਰ ਰੋਜ਼ ਬੇਗਾਨੇ ਖੇਤਾਂ ਜਾਂ ਕੱਸੀਆਂ ਸੂਇਆਂ ਤੇ ਸੜਕਾਂ ਆਦਿ ਦੀਆਂ ਪਟੜੀਆਂ ‘ਤੇ ਜੰਗਲ-ਪਾਣੀ ਜਾਣ ਲਈ ਮਜਬੂਰ ਹਨ। ਇਉਂ ਹੀ 457 ਪਰਿਵਾਰ (27.87 ਫੀਸਦੀ) ਗੁਸਲਖਾਨੇ ਤੋਂ ਵੀ ਵਾਂਝੇ ਹਨ। ਇਨ੍ਹਾਂ ਪਰਿਵਾਰਾਂ ਦੇ ਮਰਦ ਮੈਂਬਰ ਤਾਂ ਖੁੱਲ੍ਹੇ ਵਿਹੜੇ ‘ਚ ਹੀ ਚਾਰ ਇੱਟਾਂ ਜਾਂ ਪਟੜੀ ਧਰ ਕੇ ਨਹਾ ਲੈਂਦੇ ਹਨ ਪਰ ਇਨ੍ਹਾਂ ਦੀਆਂ ਔਰਤਾਂ ਨਹਾਉਣ ਦੇ ਲਈ ਰਾਤ ਦੇ ਹਨੇਰੇ ਦੀ ਉਡੀਕ ਕਰਦੀਆਂ ਹਨ; ਜਾਂ ਫਿਰ ਘਰ ਦੀ ਕਿਸੇ ਨੁੱਕਰ ‘ਚ ਮੰਜਾ ਟੇਡਾ ਕਰ ਕੇ ਅਤੇ ਉਪਰ ਕੋਈ ਪੱਲੀ ਜਾਂ ਕੱਪੜਾ ਤਾਣ ਕੇ ਨਹਾਉਂਦੀਆਂ ਹਨ। ਇਨ੍ਹਾਂ ਮਜ਼ਦੂਰਾਂ ਦੇ 31.27 ਫੀਸਦੀ ਪਰਿਵਾਰ ਉਹ ਹਨ ਜਿਨ੍ਹਾਂ ਨੇ ਤਿੰਨ ਜਾਂ ਚਾਰ ਫੁੱਟ ਉਚੀਆਂ ਕੰਧਾਂ ਦਾ ਵਲਗਣ ਕਰ ਕੇ ਗੁਸਲਖਾਨੇ ਬਣਾਏ ਹੋਏ ਹਨ। ਇਨ੍ਹਾਂ ਦੀ ਨਾ ਛੱਤ ਹੈ, ਨਾ ਕੋਈ ਦਰਵਾਜ਼ਾ ਹੈ ਤੇ ਨਾ ਹੀ ਚੱਜ ਦਾ ਫਰਸ਼ ਹੈ। ਬੱਸ ਦਰਵਾਜ਼ਿਆਂ ਦੀ ਥਾਂ ਪੱਲੀਆਂ ਟੰਗ ਕੇ ਡੰਗ ਟਪਾਈ ਕੀਤੀ ਹੋਈ ਹੈ। ਇਨ੍ਹਾਂ ਗੁਸਲਖਾਨਿਆਂ ‘ਚ ਨਹਾਉਣ ਸਮੇਂ ਔਰਤਾਂ ਨੂੰ ਖੜ੍ਹ ਕੇ ਕੱਪੜੇ ਲਾਹੁਣੇ ਤੇ ਪਾਉਣੇ ਵੀ ਨਸੀਬ ਨਹੀਂ ਹੁੰਦੇ ਅਤੇ ਉਹ ਬੈਠ ਕੇ ਹੀ ਕੱਪੜਿਆਂ ਦੀ ਅਦਲਾ-ਬਦਲੀ ਕਰਨ ਲਈ ਸਰਾਪੀਆਂ ਹੋਈਆਂ ਹਨ।
ਇਨ੍ਹਾਂ ਮਜ਼ਦੂਰਾਂ ਦੇ ਮਕਾਨ ਵੀ ਬੇਹੱਦ ਖਸਤਾ ਹਾਲ ਵਿਚ ਹਨ। ਸਰਵੇਖਣ ਅਨੁਸਾਰ 16.53 ਫੀਸਦੀ ਘਰਾਂ ਦੇ ਮਕਾਨ ਕੱਚੇ ਹਨ ਅਤੇ 39.94 ਫੀਸਦੀ ਦੇ ਮਕਾਨ ਕੱਚੇ-ਪੱਕੇ ਹਨ। ਕੱਚੇ-ਪੱਕੇ ਤੋਂ ਭਾਵ ਉਨ੍ਹਾਂ ਮਕਾਨਾਂ ਤੋਂ ਹੈ ਜਿਨ੍ਹਾਂ ਦੀਆਂ ਕੰਧਾਂ ਤਾਂ ਭਾਵੇਂ ਪੱਕੀਆਂ ਇੱਟਾਂ ਦੀਆਂ ਹਨ ਪਰ ਉਨ੍ਹਾਂ ਨੂੰ ਕੋਈ ਟੀਪ-ਪਲਸਤਰ ਨਹੀਂ ਕੀਤਾ ਗਿਆ। ਇਹ ਇੱਟਾਂ ਵੀ ਬਹੁਤਿਆਂ ਦੇ ਤਾਂ ਦੋਮ ਜਾਂ ਪਿੱਲੀਆਂ ਹੀ ਲੱਗੀਆਂ ਹੋਈਆਂ ਹਨ। ਇਨ੍ਹਾਂ ਪਰਿਵਾਰਾਂ ਦੇ ਇਹ ਕੱਚੇ ਢਾਰੇ ਥੋੜ੍ਹੇ ਜਿਹੇ ਜ਼ਿਆਦਾ ਮੀਂਹ ‘ਚ ਚੋਣ ਲੱਗ ਜਾਂਦੇ ਹਨ। ਸਾਉਣ ਭਾਦੋਂ ਦੇ ਬਰਸਾਤੀ ਮਹੀਨਿਆਂ ‘ਚ ਤਾਂ ਇਨ੍ਹਾਂ ਪਰਿਵਾਰਾਂ ਦੀ ਜਾਨ ਮੁੱਠੀ ‘ਚ ਆਈ ਰਹਿੰਦੀ ਹੈ। ਜ਼ਿਆਦਾ ਮੀਂਹ ਤੇ ਲੰਮੀ ਝੜੀ ਦੀ ਮਾਰ ਨਾ ਸਹਿੰਦੇ ਇਨ੍ਹਾਂ ਮਜ਼ਦੂਰਾਂ ਦੇ ਕੰਧਾਂ-ਕੋਲੇ ਤੇ ਕੋਠੇ-ਬਠਲੇ ਧੜਾ-ਧੜ ਡਿੱਗਣ ਲੱਗ ਜਾਂਦੇ ਹਨ ਜਿਸ ਕਾਰਨ ਕਿਸੇ ਜੀਅ ਦਾ ਹੇਠਾਂ ਆ ਕੇ ਮੌਤ ਦੇ ਮੂੰਹ ਜਾ ਪੈਣਾ ਜਾਂ ਫਿਰ ਗੰਭੀਰ ਸੱਟ ਫੇਟ ਦੀ ਵਜ੍ਹਾ ਕਰ ਕੇ ਕਿਸੇ ਦੇ ਅੰਗ ਪੈਰ ਦਾ ਆਹਰੀ ਹੋ ਜਾਣਾ ਜਾਂ ਕਿਸੇ ਜੀਅ ਦਾ ਨਕਾਰਾ ਹੋ ਕੇ ਅੰਤ ਮੰਜੇ ‘ਤੇ ਪੈ ਜਾਣਾ, ਇਨ੍ਹਾਂ ਪਰਿਵਾਰਾਂ ਦੀ ਹੋਣੀ ਬਣੀ ਹੋਈ ਹੈ। ਸਿੱਟੇ ਵਜੋਂ ਡਿੱਗੇ ਹੋਏ ਢਾਰੇ ਨੂੰ ਮੁੜ ਖੜ੍ਹਾ ਕਰਨ ਜਾਂ ਜ਼ਖਮੀ ਹੋਏ ਕਿਸੇ ਜੀਅ ਦਾ ਇਲਾਜ ਕਰਾਉਣ ਦੀ ਬਣੀ ਮਜਬੂਰੀ ਉਨ੍ਹਾਂ ਨੂੰ ਕਰਜ਼ੇ ਦੇ ਤੰਦੂਆ ਜਾਲ ‘ਚ ਜਕੜ ਦੇਣ ਦਾ ਸਬੱਬ ਬਣ ਜਾਂਦੀ ਹੈ।
ਅੱਜ ਜਦੋਂ ਇਹ ਹਕੀਕਤ ਜੱਗ ਜ਼ਾਹਿਰ ਹੋ ਚੁੱਕੀ ਹੈ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਹੁਣ ਪੀਣ ਦੇ ਯੋਗ ਨਹੀਂ ਰਿਹਾ; ਨਹਿਰਾਂ ਤੇ ਦਰਿਆਵਾਂ ਦਾ ਪਾਣੀ ਵੀ ਸਨਅਤਕਾਰਾਂ ਤੇ ਸਰਕਾਰਾਂ ਦੀ ‘ਮਿਹਰਬਾਨੀ’ ਸਦਕਾ ਜ਼ਹਿਰੀ ਹੋ ਚੁੱਕਾ ਹੈ ਤਾਂ ਇਨ੍ਹਾਂ ਮਜ਼ਦੂਰ ਘਰਾਂ ‘ਚੋਂ ਕਿਸੇ ਵੀ ਘਰ ‘ਚ ਪਾਣੀ ਸੋਧਣ ਵਾਲਾ ਯੰਤਰ (ਆਰ.ਓ.) ਨਹੀਂ ਹੈ। ਇਸ ਲਈ ਇਹ ਮਜ਼ਦੂਰ ਖਾਰਾ, ਭਾਰਾ ਤੇ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ ਜੋ ਉਨ੍ਹਾਂ ਨੂੰ ਮਾਰੂ ਰੋਗਾਂ ਦੇ ਮੂੰਹ ਧੱਕਣ ਦਾ ਇਕ ਹੋਰ ਵੱਡਾ ਕਾਰਨ ਬਣ ਰਿਹਾ ਹੈ।
ਪੰਜਾਬ ਦੇ ਖੇਤੀਬਾੜੀ ਖੇਤਰ ਦੀ ਰੀੜ੍ਹ ਦੀ ਹੱਡੀ ਬਣਦੇ ਕਿਰਤ ਦੇ ਇਨ੍ਹਾਂ ਧਨੀਆਂ ਦੀ ਇਹ ਬੇਹੱਦ ਮਾੜੀ ਰਿਹਾਇਸ਼ੀ ਹਾਲਤ ਉਨ੍ਹਾਂ ਲਈ ਅਨੇਕਾਂ ਸਮੱਸਿਆਵਾਂ ਖੜ੍ਹੀਆਂ ਕਰਦੀ ਹੈ ਜਿਨ੍ਹਾਂ ਦਾ ਸਮੁੱਚਾ ਵਰਨਣ ਕਰਨ ਲਈ ਤਾਂ ਢੇਰ ਸਾਰੀਆਂ ਲਿਖਤਾਂ ਵੀ ਛੋਟੀਆਂ ਪੈ ਜਾਣਗੀਆਂ ਪਰ ਸੰਖੇਪ ‘ਚ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਇਨ੍ਹਾਂ ਦੀਆਂ ਬੇਹੱਦ ਤੰਗ ਤੇ ਮਾੜੀਆਂ ਰਿਹਾਇਸ਼ੀ ਹਾਲਤਾਂ ਉਨ੍ਹਾਂ ਨੂੰ ਗੰਭੀਰ ਬਿਮਾਰੀਆਂ ਦੇ ਮੂੰਹ ‘ਚ ਧੱਕਣ, ਕਰਜ਼ੇ ਦੇ ਤੰਦੂਆ ਜਾਲ ‘ਚ ਫਸਾ ਕੇ ਖੁਦਕੁਸ਼ੀਆਂ ਦੇ ਰਾਹ ਤੋਰਨ, ਉਨ੍ਹਾਂ ਦੇ ਬੌਧਿਕ ਤੇ ਸਰੀਰਕ ਵਿਕਾਸ ਨੂੰ ਮਰੁੰਡਣ, ਔਰਤਾਂ ਦੀ ਆਣ-ਆਬਰੂ ਨੂੰ ਖਤਰੇ ਮੂੰਹ ਧੱਕਣ, ਉਚ ਜਾਤੀ ਹੰਕਾਰ ‘ਚ ਗ੍ਰਸੇ ਅਨਸਰਾਂ ਵਲੋਂ ਕੀਤੇ ਜਾਂਦੇ ਹਮਲਿਆਂ ਦਾ ਸੌਖਾ ਸ਼ਿਕਾਰ ਬਣਾਉਣ, ਸਮਾਜਿਕ ਤੌਰ ‘ਤੇ ਹੀਣੇ ਬਣਾ ਕੇ ਰੱਖਣ ਆਦਿ ਵਰਗੀਆਂ ਢੇਰ ਸਾਰੀਆਂ ਸਮੱਸਿਆਵਾਂ ਨੂੰ ਪੈਦਾ ਕਰਨ ਦਾ ਕਾਰਨ ਬਣਦੀਆਂ ਹਨ।