ਸੁਰਿੰਦਰ ਸਿੰਘ ਤੇਜ
ਗਿਆਰ੍ਹਵੀਂ ਸਦੀ ਦੇ ਤੀਜੇ ਦਹਾਕੇ ਦੌਰਾਨ ਉਤਰੀ ਭਾਰਤ ਉਤੇ ਦੋ ਵੱਡੇ ਹਮਲੇ ਦੋ ਵੱਖ-ਵੱਖ ਦਿਸ਼ਾਵਾਂ ਤੋਂ ਹੋਏ। ਦੋਹਾਂ ਦਾ ਮਨੋਰਥ ਭਾਰਤੀ ਇਲਾਕੇ ਉਤੇ ਕਬਜ਼ਾ ਜਮਾਉਣਾ ਨਹੀਂ ਸੀ, ਮਸ਼ਹੂਰ ਮੰਦਿਰਾਂ ਨੂੰ ਲੁੱਟਣਾ ਸੀ। ਪਹਿਲਾ ਹਮਲਾ ਸਾਲ 1022 ਵਿਚ ਦੱਖਣ ਵਲੋਂ ਹੋਇਆ। ਚੋਲ ਵੰਸ਼ ਦੇ ਚੱਕਰਵਰਤੀ ਸਮਰਾਟ ਰਾਜੇਂਦਰ ਦਾ ਲਸ਼ਕਰ ਤੰਜਾਵੁਰ ਤੋਂ ਨਿਕਲਿਆ ਅਤੇ ਪੂਰਬੀ ਸਾਹਿਲ ਦੇ ਨਾਲ-ਨਾਲ ਚੜ੍ਹਾਈ ਕਰਦਾ ਪਹਿਲਾਂ ਕਾਲਿੰਗਾ (ਹੁਣ ਉੜੀਸਾ) ਅਤੇ ਫਿਰ (ਮੌਜੂਦਾ) ਬਿਹਾਰ ਤੱਕ ਪਹੁੰਚ ਗਿਆ।
ਗੰਗਾ ਡੈਲਟੇ ਵਿਚ ਇਸ ਨੇ ਪਾਲ ਵੰਸ਼ ਦੇ ਮਹਾਰਾਜਾ ਮਹੀਪਾਲ ਨੂੰ ਹਰਾਇਆ, ਉਸ ਦੇ ਮਹਿਲ ਲੁੱਟੇ ਅਤੇ ਸ਼ਾਹੀ ਮੰਦਿਰ ਵਿਚੋਂ ਭਗਵਾਨ ਸ਼ਿਵ ਦੀ ਕਾਂਸੀ ਦੀ ਉਹ ਮੂਰਤੀ ਵੀ ਲੁੱਟੀ, ਜੋ ਹੁਣ ਵੀ ਤੰਜਾਵੁਰ ਦੇ ਬ੍ਰਿਹਾਦਵੇਸ਼ਵਰ ਮੰਦਿਰ ਵਿਚ ਸਥਾਪਤ ਹੈ। ਵਾਪਸੀ ਦੌਰਾਨ ਕਾਲਿੰਗਾ ਦੇ ਮੰਦਿਰਾਂ ਵਿਚੋਂ ਭੈਰਵ ਰਾਜ, ਭੈਰਵੀ ਅਤੇ ਕਾਲੀ ਦੀਆਂ ਕਾਂਸੀ ਯੁੱਗ ਦੇ ਵੇਲਿਆਂ ਦੀਆਂ ਮੂਰਤੀਆਂ ਵੀ ਕਬਜ਼ੇ ਵਿਚ ਲੈ ਲਈਆਂ ਗਈਆਂ। ਇਹ ਸਾਰੀਆਂ ਮੂਰਤੀਆਂ ਵੀ ਬਾਅਦ ਵਿਚ ਤੰਜਾਵੁਰ ਦੇ ਮੰਦਿਰਾਂ ਦੀ ਸ਼ਾਨ ਬਣੀਆਂ।
ਇਸ ਹਮਲੇ ਤੋਂ ਤਿੰਨ ਵਰ੍ਹੇ ਬਾਅਦ (1025 ਵਿਚ) ਉਤਰ ਵਾਲੇ ਪਾਸਿਓਂ ਭਾਰਤ ਦੇ ਦੱਖਣ-ਪੱਛਮ ਵਲ ਤੀਹ ਹਜ਼ਾਰ ਘੋੜ ਸਵਾਰਾਂ ਦੀ ਫੌਜ ਆ ਧਮਕੀ। ਇਸ ਦਾ ਮੁਖੀ ਤੁਰਕ ਮੂਲ ਦੇ ਇਕ ਗੁਲਾਮ ਦਾ ਬੇਟਾ ਮਹਿਮੂਦ ਸੀ, ਜੋ ਗਜ਼ਨੀ (ਹੁਣ ਅਫਗਾਨਿਸਤਾਨ) ਦਾ ਸੁਲਤਾਨ ਸੀ। ਇਸ ਹਮਲੇ ਦਾ ਨਿਸ਼ਾਨਾ ਗੁਜਰਾਤ ਦਾ ਮਸ਼ਹੂਰ ਸੋਮਨਾਥ ਮੰਦਿਰ ਸੀ। ਇਸ ਮੰਦਿਰ ਦੇ ਸਾਰੇ ਖਜਾਨੇ (ਜਿਸ ਦੀ ਕੀਮਤ ਉਸ ਸਮੇਂ ਤਿੰਨ ਕਰੋੜ ਰੁਪਏ ਸੀ) ਨੂੰ ਲੁੱਟਣ ਤੋਂ ਇਲਾਵਾ ਮਹਿਮੂਦ ਉਥੇ ਸਥਾਪਤ ਭਗਵਾਨ ਸ਼ਿਵ ਦੀ ਮੂਰਤੀ ਵੀ ਉਖਾੜ ਕੇ ਆਪਣੇ ਨਾਲ ਲੈ ਗਿਆ। ਮਹਿਮੂਦ ਦਾ ਭਾਰਤ ਉਤੇ ਇਹ ਪਹਿਲਾ ਹਮਲਾ ਨਹੀਂ ਸੀ। ਉਹ ਪਿਸ਼ਾਵਰ, ਲਾਹੌਰ ਤੇ ਪੰਜਾਬ ਦੀਆਂ ਹੋਰਨਾਂ ਥਾਂਵਾਂ ਨੂੰ ਪਹਿਲਾਂ ਹੀ ਲੁੱਟ ਚੁਕਾ ਸੀ। ਰਾਜੇਂਦਰ ਚੋਲ ਵਾਂਗ ਉਸ ਦਾ ਇਰਾਦਾ ਉਤਰੀ ਭਾਰਤ ‘ਤੇ ਕਾਬਜ਼ ਹੋਣ ਦਾ ਨਹੀਂ ਸੀ। ਉਹ ਤਾਂ ਮੱਧ ਏਸ਼ੀਆ ਵੱਲ ਸਾਮਰਾਜੀ ਪਸਾਰ ਚਾਹੁੰਦਾ ਸੀ। ਉਹ ਆਪ ਤਾਂ ਛੇਤੀ ਮਰ-ਖੱਪ ਗਿਆ, ਪਰ ਸੋਮਨਾਥ ਮੰਦਿਰ ਦੀ ਲੁੱਟ ਰਾਹੀਂ ਤੁਰਕ ਮਨਾਂ ਵਿਚ ਭਾਰਤ ਉਤੇ ਰਾਜ ਕਰਨ ਦੀ ਤਾਂਘ ਜ਼ਰੂਰ ਪੈਦਾ ਕਰ ਗਿਆ। ਇਸ ਤਾਂਘ ਨੂੰ ਛੇ ਦਹਾਕਿਆਂ ਬਾਅਦ ਗਜ਼ਨੀ ਦੇ ਹੀ ਸੁਲਤਾਨ ਮੁਹੰਮਦ ਗੌਰੀ ਨੇ ਅਮਲੀ ਰੂਪ ਦਿੱਤਾ।
ਲਾਹੌਰ ਉਤੇ ਗੌਰੀ ਦੇ ਕਬਜ਼ੇ ਤੇ ਦਿੱਲੀ ਵਲ ਉਸ ਦੀ ਚੜ੍ਹਾਈ ਨਾਲ ਭਾਰਤ ਵਿਚ ਫਾਰਸੀ ਦੀ ਆਮਦ ਹੋਈ। ਇਸ ਭਾਸ਼ਾ ਤੇ ਫਾਰਸੀ ਸਭਿਅਤਾ ਦਾ ਸੰਸਕ੍ਰਿਤ ਅਤੇ ਭਾਰਤੀ ਸਭਿਅਤਾਵਾਂ ਨਾਲ ਜੋ ਨਾਤਾ ਜੁੜਿਆ, ਉਹ ਸੱਤ ਸਦੀਆਂ ਤੋਂ ਵੱਧ ਸਮੇਂ ਤੱਕ ਸੁਦ੍ਰਿੜ ਹੁੰਦਾ ਭਾਰਤੀ ਸਭਿਅਤਾ ਤੇ ਸਭਿਆਚਾਰ ਨੂੰ ਨਵੇਂ ਨਕਸ਼, ਨਵਾਂ ਮੁਹਾਂਦਰਾ ਅਤੇ ਨਵਾਂ ਜਿਸਮ ਦੇ ਗਿਆ। ਇਹੋ ਮੁਹਾਂਦਰਾ, ਇਹੋ ਜਿਸਮ ਅੱਜ ਵੀ ਸਾਡੀ ਪਛਾਣ ਹੈ।
ਇਤਿਹਾਸਕਾਰ ਰਿਚਰਡ ਐਮ. ਈਟਨ ਦੀ ਕਿਤਾਬ ‘ਇੰਡੀਆ ਇਨ ਦਿ ਪਰਸ਼ੀਅਨੇਟ ਏਜ’ (ਫਾਰਸੀ ਯੁੱਗ ਵਿਚ ਭਾਰਤ) ਇਸੇ ਰਿਸ਼ਤੇ ਦੀ ਕਹਾਣੀ ਪੇਸ਼ ਕਰਦੀ ਹੈ। 490 ਸਫਿਆਂ ਦੀ ਇਹ ਕਿਤਾਬ ਸਾਡੇ ਮੌਜੂਦਾ ਹੁਕਮਰਾਨਾਂ ਅਤੇ ਉਨ੍ਹਾਂ ਦੇ ਲਸ਼ਕਰ ਲਈ ਬਦਹਜ਼ਮੀ ਪੈਦਾ ਕਰ ਸਕਦੀ ਹੈ, ਪਰ ਇਸ ਅੰਦਰਲੇ ਵਿਚਾਰਾਂ, ਵਿਆਖਿਆਵਾਂ ਤੇ ਖੋਜਾਂ ਵਿਚ ਬਹੁਤ ਕੁਝ ਨਵਾਂ-ਨਕੋਰ ਹੈ। ਬਹੁਤ ਕੁਝ ਅਜਿਹਾ ਵੀ ਹੈ, ਜੋ ਖੱਬੇ-ਪੱਖੀ ਜਾਂ ਕੇਂਦਰਵਾਦੀ ਇਤਿਹਾਸਕਾਰਾਂ ਦੇ ਮੱਥਿਆਂ ‘ਤੇ ਸ਼ਿਕਨ ਉਭਾਰ ਸਕਦਾ ਹੈ।
ਪ੍ਰੋ. ਈਟਨ ਅਮਰੀਕਾ ਦੀ ਯੂਨੀਵਰਸਿਟੀ ਆਫ ਐਰੀਜ਼ੋਨਾ ਵਿਚ ਇਤਿਹਾਸ ਪੜ੍ਹਾਉਂਦਾ ਹੈ। ਭਾਰਤੀ ਇਤਿਹਾਸ ਨਾਲ ਉਸ ਨੂੰ ਧੁਰ ਅੰਦਰੋਂ ਮੋਹ ਹੈ। ਉਹ ਫਾਰਸੀ, ਸੰਸਕ੍ਰਿਤ ਤੇ ਉਰਦੂ-ਹਿੰਦੀ ਤੋਂ ਇਲਾਵਾ ਤਮਿਲ ਭਾਸ਼ਾ ਦਾ ਵੀ ਗਿਆਤਾ ਹੈ। ਚਾਰ ਸਾਲ ਪਹਿਲਾਂ ਛਪੀ ਉਸ ਦੀ ਕਿਤਾਬ ‘ਏ ਸੋਸ਼ਲ ਹਿਸਟਰੀ ਆਫ ਦਿ ਡੈੱਕਨ (1300-1761)’ ਨੂੰ ਦੱਖਣੀ ਭਾਰਤ ਦੇ ਇਤਿਹਾਸ ਦੀ ਪ੍ਰਮਾਣਿਕ ਪੇਸ਼ਕਾਰੀ ਮੰਨਿਆ ਜਾਂਦਾ ਹੈ।
ਪ੍ਰੋ. ਈਟਨ ਦੀ ਨਵੀਂ ਕਿਤਾਬ ਸਾਲ 1000 ਤੋਂ 1765 ਤੱਕ ਦਾ ਫਾਸਲਾ ਤੈਅ ਕਰਦੀ ਹੈ। ਇਸ ਫਾਸਲੇ ਨੂੰ ਭਾਰਤੀ ਇਤਿਹਾਸ ਦਾ ਮੱਧ ਯੁੱਗ ਕਿਹਾ ਜਾਂਦਾ ਹੈ। ਪ੍ਰੋ. ਈਟਨ ਦਾ ਥੀਸਿਜ਼ ਹੈ ਕਿ ਇਸ ਯੁੱਗ ਦੌਰਾਨ ਭਾਰਤੀ ਉਪ ਮਹਾਂਦੀਪ ਵਿਚ ਸਮਨੈਅਵਾਦ ਜਾਂ ਸਰਬ ਧਰਮ ਸਮਭਾਵਾਂ ਦਾ ਉਦਗਮ, ਵਿਕਾਸ ਤੇ ਵਿਗਾਸ ਸਹੀ ਮਾਅਨਿਆਂ ਵਿਚ ਹੋਇਆ। ਬੁੱਤਪ੍ਰਸਤਾਂ ਤੇ ਬੁੱਤਸ਼ਿਕਨਾਂ ਵਿਚਾਲੇ ਟਕਰਾਅ ਬਹੁਤ ਹੋਏ, ਖੂਨ ਖਰਾਬਾ ਵੀ ਬੇਹਿਸਾਬ ਹੋਇਆ, ਪਰ ਇਹ ਸਭਿਅਤਾਵਾਂ ਦੀ ਟੱਕਰ ਨਹੀਂ ਸੀ। ਇਸ ਵਿਚ ਈਸਾਈਤਵ ਅਤੇ ਇਸਲਾਮ ਦੇ ਟਕਰਾਅ ਵਾਲੇ ਅੰਸ਼ ਨਹੀਂ ਸਨ; ਇਹ ਉਹ ਟਕਰਾਅ ਨਹੀਂ ਸੀ, ਜੋ ਮੱਧ-ਪੂਰਬ ਵਿਚ ਸੱਤਵੀਂ ਸਦੀ ਤੋਂ ਸ਼ੁਰੂ ਹੋਇਆ ਅਤੇ ਅੱਜ ਵੀ ਜਾਰੀ ਹੈ। ਸੰਸਕ੍ਰਿਤ ਤੇ ਫਾਰਸੀ ਦਾ ਦਵੰਦ ਰਕਤਜੀਵੀ ਨਹੀਂ ਸੀ। ਇਹ ਦਰਅਸਲ, ਭਾਸ਼ਾਈ ਤੇ ਸਭਿਅਤਾਈ ਸਹਿਵਾਸ ਸੀ। ਅਜਿਹੇ ਸਹਿਵਾਸ ਦੌਰਾਨ ਝਗੜੇ-ਝੇੜੇ, ਰੋਸੇ-ਰੁਸੇਵੇਂ ਸਭਿਅਤਾਈ ਸੁਭਾਅ ਦਾ ਅੰਗ ਰਹੇ ਹਨ, ਪਰ ਇਹ ਤਲਾਕ ਦਾ ਬਾਇਸ ਨਹੀਂ ਬਣੇ।
ਫਾਰਸੀ, ਮਹਿਜ਼ ਫਾਰਸ (ਇਰਾਨ) ਤੱਕ ਮਹਿਦੂਦ ਨਹੀਂ ਸੀ। ਇਹ ਪੂਰੇ ਮੱਧ ਏਸ਼ੀਆ ਤੇ ਅੱਧੇ ਮੱਧ-ਪੂਰਬ ਦੀ ਤਹਿਜ਼ੀਬੀ ਜ਼ੁਬਾਨ ਸੀ। ਮੱਧ-ਯੁੱਗ ਵਿਚ ਇਸ ਦੇ ਪ੍ਰਭਾਵ ਦਾ ਦਾਇਰਾ ਬਹੁਤ ਵਸੀਹ ਸੀ; ਕਰੀਬ ਪੂਰੇ ਮੱਧ ਏਸ਼ੀਆ ਤੇ ਰੂਸ + ਅੱਧੇ ਮੱਧ ਪੂਰਬ + ਇਕ ਤਿਹਾਈ ਯੂਰਪ ਜਿੰਨਾ। ਫਾਰਸ ਤੇ ਫਾਰਸੀ ਨੇ ਸਾਡੇ ਉਪ ਮਹਾਂਦੀਪ ਤੇ ਯੂਰਪ ਵਿਚਾਲੇ ਪੁਲ ਦਾ ਕੰਮ ਕੀਤਾ।
ਇਸ ਨੇ ਭਾਰਤੀ ਅਦਬ ਤੇ ਤਹਿਜ਼ੀਬ ਨੂੰ ਪੱਛਮ (ਯੂਰਪ) ਤਕ ਪਹੁੰਚਾਇਆ ਅਤੇ ਯੂਰਪੀ ਖੋਜਕਾਰੀ ਤੇ ਸੁਹਜਕਾਰੀ ਦਾ ਸੰਚਾਰ ਭਾਰਤੀ ਉਪ ਮਹਾਂਦੀਪ ਤਕ ਪੁੱਜਣਾ ਸੰਭਵ ਬਣਾਇਆ। ਇਹ ਦੁਖਾਂਤਕ ਗੱਲ ਹੈ ਕਿ ਇਨ੍ਹਾਂ ਤੱਤਾਂ ਤੇ ਤੱਥਾਂ ਦਾ ਖੁੱਲ੍ਹੇ ਦਿਮਾਗ ਨਾਲ ਅਧਿਐਨ ਕਰਨਾ ਅਜੇ ਤਕ ਵੀ ਸੰਭਵ ਨਹੀਂ ਹੋਇਆ।
ਪ੍ਰੋ. ਈਟਨ ਇਸ ਨਾਕਾਮੀ ਦੀ ਵਜ੍ਹਾ ਵੀ ਬਿਆਨ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਭਾਰਤੀ ਇਤਿਹਾਸ ਨੂੰ ਆਧੁਨਿਕ ਲੀਹਾਂ ‘ਤੇ ਤਰਤੀਬ ਦਿੱਤੇ ਜਾਣ ਦਾ ਕਾਰਜ ਰੌਬਰਟ ਕਲਾਈਵ ਵਲੋਂ ਬੰਗਾਲ, ਬਿਹਾਰ ਤੇ ਉੜੀਸਾ ਦੇ ਦੀਵਾਨੀ ਹੱਕ ਹਥਿਆਏ ਜਾਣ ਤੋਂ ਸ਼ੁਰੂ ਹੋਇਆ। ਈਸਟ ਇੰਡੀਆ ਕੰਪਨੀ ਅੱਧੇ ਤੋਂ ਵੱਧ ਉਪ ਮਹਾਂਦੀਪ ਉਤੇ ਕਾਬਜ਼ ਹੋ ਚੁਕੀ ਸੀ। ਇਸ ਅਰਸੇ ਤੋਂ ਪਹਿਲਾਂ ਜਿੰਨੀ ਵੀ ਇਤਿਹਾਸਕਾਰੀ ਹੋਈ, ਉਹ ਜਾਂ ਤਾਂ ਸਾਖੀਕਾਰੀ ਸੀ ਤੇ ਜਾਂ ਫਿਰ ਕੂੜਚਾਰੀ। ਗੋਰੇ ਇਤਿਹਾਸਕਾਰਾਂ ਨੇ ਮੱਧ-ਯੁਗੀ ਇਤਿਹਾਸ ਨੂੰ 19ਵੀਂ ਤੇ 20ਵੀਂ ਸਦੀ ਦੌਰਾਨ ਜੋ ਤਰਤੀਬ ਦਿੱਤੀ, ਉਸ ਲਈ ਮੁੱਖ ਤੌਰ ‘ਤੇ ਮੁਸਲਿਮ ਰੋਜ਼ਨਾਮਚਾਕਾਰਾਂ ਤੇ ਸਾਖੀਕਾਰਾਂ ਦੀਆਂ ਲਿਖਤਾਂ ਨੂੰ ਹੀ ਮੂਲ ਆਧਾਰ ਬਣਾਇਆ ਗਿਆ। ਇਸ ਪੂਰੇ ਪ੍ਰਸੰਗ ਤੇ ਪ੍ਰਕਰਨ ਵਿਚ ਹਿੰਦੂ ਕਿੱਸਾਕਾਰਾਂ ਤੇ ਰਚਨਾਕਾਰਾਂ ਦੀਆਂ ਸਿਰਫ ਉਨ੍ਹਾਂ ਲਿਖਤਾਂ ਨੂੰ ਪ੍ਰਮਾਣਾਂ ਦੇ ਤੌਰ ‘ਤੇ ਵਰਤਿਆ ਗਿਆ, ਜੋ ਇਸਲਾਮੀ ਸ਼ਾਸਕਾਂ ਨੂੰ ਜਰਵਾਣਿਆਂ ਵਜੋਂ ਪੇਸ਼ ਕਰਦੀਆਂ ਸਨ। ਬੜੀ ਮੱਕਾਰਾਨਾ ਤੇ ਦੰਭੀ ਪਹੁੰਚ ਸੀ ਇਹ। ਮੁਸਲਿਮ ਸਾਖੀਕਾਰਾਂ ਨੇ ਤਾਂ ਇਨਾਮਾਂ-ਅਸ਼ਰਫੀਆਂ ਦੇ ਲੋਭ-ਵੱਸ ਮੁਸਲਿਮ ਸ਼ਾਸਕਾਂ ਦੇ ਹਰ ਕਾਰੇ ਨੂੰ ਵਧਾ-ਚੜ੍ਹਾਅ ਕੇ ਪੇਸ਼ ਕਰਨਾ ਹੀ ਸੀ। ਉਨ੍ਹਾਂ ਦੇ ਉਲਾਰਵਾਦੀ ਦਾਅਵਿਆਂ ਅਤੇ ਹਿੰਦੂ ਰਚਨਾਕਾਰਾਂ ਦੇ ਭੰਡੀ-ਪ੍ਰਚਾਰ ਨੂੰ ਇਮਾਨਦਾਰੀ ਨਾਲ ਫਿਲਟਰ ਕੀਤੇ ਜਾਣਾ ਹੀ ਦਿਆਨਤਦਾਰ ਇਤਿਹਾਸਕਾਰੀ ਹੋਣੀ ਚਾਹੀਦੀ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਮਨਸ਼ਾ ਅਤੇ ਮਕਸਦ ਇਕੋ ਹੀ ਸੀ: ਹਿੰਦੂਆਂ ਤੇ ਮੁਸਲਮਾਨਾਂ ਦੇ ਪਾੜੇ ਨੂੰ ਵਧਾਉਣਾ; ਸਾਢੇ ਸੱਤ ਸਦੀਆਂ ਦੀ ਮੁਸਲਿਮ ਹਕੂਮਤ ਨੂੰ ਤੁਅੱਸਬੀ, ਪੱਖਪਾਤੀ ਤੇ ਜ਼ੁਲਮੀ ਦਰਸਾਉਣਾ ਅਤੇ ਇਸ ਦੀ ਤੁਲਨਾ ਵਿਚ ਬ੍ਰਿਟਿਸ਼ ਸਾਮਰਾਜੀਆਂ ਨੂੰ ਉਦਾਰ, ਸੰਵੇਦਨਸ਼ੀਲ ਤੇ ਪ੍ਰਗਤੀਸ਼ੀਲ ਦਿਖਾਉਣਾ। ਅਕਾਦਮਿਕ ਸੰਤੁਲਨ ਦੇ ਨਾਂ ‘ਤੇ ਕੁਹਜ-ਸੁਹਜ ਦਾ ਤਾਲਮੇਲ ਜ਼ਰੂਰ ਬਿਠਾਇਆ ਗਿਆ, ਪਰ ਦੰਭੀ ਢੰਗ ਨਾਲ।
ਇਸ ਇਤਿਹਾਸ ਦੀ ਕਾਣ ਕੱਢੇ ਜਾਣ ਦੀ ਲੋੜ ਸੀ, ਪਰ ਨਹਿਰੂ ਯੁੱਗ ਦੌਰਾਨ ਇਸ ਕਾਰਜ ਨੂੰ ਵਿਸਾਰ ਦਿੱਤਾ ਗਿਆ। ਹੁਣ ਦਰੁਸਤਗੀ ਦੇ ਨਾਂ ‘ਤੇ ਜੋ ਕੁਝ ਕੀਤਾ ਜਾ ਰਿਹਾ ਹੈ, ਉਹ ਗੋਰੇ ਇਤਿਹਾਸਕਾਰਾਂ ਨਾਲੋਂ ਵੀ ਵੱਧ ਕੋਝਾ ਹੈ। ਗੋਰਿਆਂ ਨੇ ਤਾਂ ਆਪਣੇ ਦੰਭਾਂ ਤੇ ਉਲਾਰਾਂ ਨੂੰ ਅਕਾਦਮਿਕ ਜ਼ਬਤ ਦੀਆਂ ਹੱਦਾਂ ਅੰਦਰ ਸੀਮਤ ਰੱਖਣ ਦੀ ਸੂਝ ਦਿਖਾਈ ਸੀ, ਹੁਣ ਤਾਂ ਅਜਿਹੀ ਰਸਮੀ ਪਰਦਾਪੋਸ਼ੀ ਵੀ ਜਾਇਜ਼ ਨਹੀਂ ਸਮਝੀ ਜਾ ਰਹੀ।
ਪ੍ਰੋ. ਈਟਨ ਦੀ ਪਹੁੰਚ ਨਿਹਾਇਤ ਦਲੇਰਾਨਾ ਹੈ। ਉਹ ਮੱਧ-ਯੁਗੀ ਸੁਲਤਾਨਾਂ ਜਾਂ ਬਾਦਸ਼ਾਹਾਂ ਨੂੰ ਮੁਤੱਸਬੀ ਨਹੀਂ ਮੰਨਦਾ। ਉਸ ਦਾ ਮੱਤ ਹੈ ਕਿ ਫਾਰਸੀ ਯੁੱਗ ਨਾਲ ਜੁੜੇ ਹੁਕਮਰਾਨਾਂ ਨੇ ਭਾਰਤੀ ਉਪ ਮਹਾਂਦੀਪ ਨੂੰ ਆਪਣੀ ਧਰਤੀ, ਆਪਣੀ ਮਾਤ-ਭੂਮੀ ਵਜੋਂ ਅਪਨਾਇਆ। ਉਨ੍ਹਾਂ ਨੇ ਇਸ ਉਪ ਮਹਾਂਦੀਪ ਵਿਚੋਂ ਜੋ ਕੁਝ ਵੀ ਖੱਟਿਆ, ਗੋਰਿਆਂ ਵਾਂਗ ਇਥੋਂ ਲੁੱਟ ਕੇ ਵਿਦੇਸ਼ ਨਹੀਂ ਲੈ ਕੇ ਗਏ।
ਸਾਢੇ ਸੱਤ ਸਦੀਆਂ ਦੌਰਾਨ ਭਾਰਤ ਵਿਚ ਇਸਲਾਮ ਦਾ ਪਸਾਰ ਤੇਜ਼ੀ ਨਾਲ ਹੋਇਆ। ਸਮੁੱਚੇ ਖਿੱਤੇ ਦੀ ਇਕ-ਚੌਥਾਈ ਵਸੋਂ ਮੁਸਲਿਮ ਬਣ ਗਈ, ਪਰ ਇਹ ਸਾਰਾ ਕੁਝ ਸਿਰਫ ਤਲਵਾਰ ਦੀ ਧਾਰ ਨਾਲ ਸੰਭਵ ਨਹੀਂ ਹੋਇਆ। ਜੇ ਤਲਵਾਰ ਦੀ ਧਾਰ ਹੀ ਇਸਲਾਮੀ ਪਸਾਰ ਦਾ ਆਧਾਰ ਹੁੰਦੀ ਤਾਂ ਹਕੂਮਤੀ ਮਰਕਜ਼ਾਂ ਤੇ ਸ਼ਹਿਰਾਂ ਵਿਚ ਮੁਸਲਮਾਨਾਂ ਦਾ ਬਹੁਮਤ ਹੋਣਾ ਸੀ। ਹੋਇਆ ਇਸ ਤੋਂ ਉਲਟ। ਦਿੱਲੀ ਵਿਚ ਵੀ ਮੁਸਲਮਾਨ ਵਸੋਂ ਕਦੇ ਤੀਹ ਫੀਸਦੀ ਤੋਂ ਅੱਗੇ ਨਹੀਂ ਵਧੀ। ਇਸਲਾਮ ਬੁਨਿਆਦੀ ਤੌਰ ‘ਤੇ ਦਿਹਾਤ ਵਿਚ ਫਲਿਆ-ਫੁਲਿਆ; ਉਥੇ ਦੱਬੇ ਕੁਚਲਿਆਂ ਲਈ ਇਹ ਬਰਾਬਰੀ ਦਾ ਅਸਤਰ ਸਾਬਤ ਹੋਇਆ। ਮੁਸਲਿਮ ਹੁਕਮਰਾਨਾਂ, ਖਾਸ ਕਰਕੇ ਮੁਗਲਾਂ ਦੀ ਕੋਸ਼ਿਸ਼ ਹੁਕਮਰਾਨ ਦੇ ਮਜਹਬ ਨੂੰ ਨਿਆਂਕਾਰੀ ਰਾਜ ਪ੍ਰਬੰਧ ਤੋਂ ਅਲਹਿਦਾ ਰੱਖਣ ਦੀ ਰਹੀ। ਅਹਿਲਕਾਰੀਆਂ ਅਤੇ ਨੌਕਰੀਆਂ ਵਿਚ ਵੀ ਲਿਆਕਤ ਨੂੰ ਮਜਹਬ ਨਾਲੋਂ ਵੱਧ ਤਰਜੀਹ ਮਿਲੀ। ਧਰਮਾਂ ਦੇ ਅੰਦਰੂਨੀ ਮਾਮਲਿਆਂ ਵਿਚ ਛੇੜ-ਛਾੜ ਤੋਂ ਪਰਹੇਜ਼ ਕੀਤਾ ਗਿਆ। ਅਜਿਹੀਆਂ ਨੀਤੀਆਂ ਕਾਰਨ ਹੀ ਭਗਤੀ ਲਹਿਰ ਤੇ ਸੂਫੀਵਾਦ ਨੂੰ ਹੁਲਾਰਾ ਮਿਲਿਆ; ਰਾਜਪੂਤਾਂ ਨੂੰ ਮਾਣ-ਤਾਣ ਤੇ ਮਜ਼ਬੂਤੀ ਮਿਲੀ; ਮਰਾਠਿਆਂ ਨੂੰ ਜੰਗਜੂ ਕੌਮ ਵਜੋਂ ਪਛਾਣ ਮਿਲੀ ਅਤੇ ਸਿੱਖ ਮਤ ਦੀ ਪੈਦਾਇਸ਼ ਤੇ ਉਭਾਰ ਲਈ ਲੋੜੀਂਦੀ ਜ਼ਰਖੇਜ਼ ਜਮੀਨ ਉਪਲਬਧ ਹੋਈ।
ਅਜੋਕੇ ਨੀਤੀਵਾਨਾਂ ਲਈ ਨੀਤੀਵੇਤਾਈ ਦੀ ਗਜ਼ਾ ਵਾਂਗ ਹੈ ਇਹ ਕਿਤਾਬ, ਪਰ ਉਨ੍ਹਾਂ ਅੰਦਰ ਅਜਿਹੀ ਗਜ਼ਾ ਅਜ਼ਮਾਉਣ ਦੀ ਨੀਅਤ ਕੌਣ ਪੈਦਾ ਕਰੇਗਾ?