2019 ਦੇ ਅੰਤ ਦੀ ਪੁਸਤਕ ਵਰਖਾ

ਗੁਲਜ਼ਾਰ ਸਿੰਘ ਸੰਧੂ
ਮੇਰੇ ਵਿਹੜੇ ਸਾਰਾ ਸਾਲ ਪੁਸਤਕਾਂ ਤੇ ਰਸਾਲਿਆਂ ਦੀ ਵਰਖਾ ਹੁੰਦੀ ਹੈ। 2019 ਦੇ ਅੰਤ ਦੀ ਸਮੱਗਰੀ ਵਰਣਨਯੋਗ ਹੈ। ਰਸਾਲਿਆਂ ਵਿਚੋਂ ਪੰਜਾਬੀ ਅਕਾਦਮੀ ਦਿੱਲੀ ਦਾ ‘ਸਮਦਰਸ਼ੀ’, ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦਾ ‘ਸਮਕਾਲੀ ਸਾਹਿਤ’ ਪਹਿਲਾਂ ਵਾਂਗ ਹੀ ਪ੍ਰਭਾਵੀ ਰਹੇ; ਪਰ ਸੰਸਥਾਵਾਂ ਦੀ ਮਦਦ ਤੋਂ ਬਿਨਾ ਵਧੀਆ ਸਮੱਗਰੀ ਦੇਣ ਵਿਚ ‘ਹੁਣ’ ਤੇ ‘ਫਿਲਹਾਲ’ ਬਾਜ਼ੀ ਮਾਰ ਗਏ ਹਨ। ਪੰਜਾਬ ਦਾ ਬਰਨਾਲਾ ਸ਼ਹਿਰ ਵਿਸ਼ੇਸ਼ ਥਾਪੜੇ ਦਾ ਹੱਕਦਾਰ ਹੈ, ਜੋ ਲੰਮੇ ਸਮੇਂ ਤੋਂ ‘ਕਲਾਕਾਰ’ ਤੇ ‘ਕਹਾਣੀ ਪੰਜਾਬ’ ਪੇਸ਼ ਕਰ ਰਿਹਾ ਹੈ।

‘ਕਹਾਣੀ ਪੰਜਾਬ’ ਦਾ ਸੌਵਾਂ ਅੰਕ ਇਸ ਦੇ ਸੰਸਥਾਪਕ ਰਾਮ ਸਰੂਪ ਅਣਖੀ ਦੇ ਉਦਮ ‘ਤੇ ਪਹਿਰਾ ਦੇ ਰਿਹਾ ਹੈ, ਐਨ ਉਂਜ ਹੀ ਜਿਵੇਂ ਜਲੰਧਰ ਵਾਲਾ ‘ਸੰਗ੍ਰਾਮੀ ਲਹਿਰ’ ਖੱਬੇ ਪੱਖੀ ਅਤੇ ਮਲੇਰਕੋਟਲਾ ਵਾਲਾ ‘ਪਹੁ ਫੁਟਾਲਾ’ ਇਸਲਾਮਿਕ ਕਦਰਾਂ-ਕੀਮਤਾਂ ਦੇ ਸੁਚਾਰੂ ਗੁਣਾਂ ਉਤੇ।
ਜੇ ਪੁਸਤਕਾਂ ਦੀ ਗੱਲ ਕਰਨੀ ਹੋਵੇ ਤਾਂ ਉਨ੍ਹਾਂ ਦੀ ਸੁੰਦਰ ਦਿੱਖ, ਪ੍ਰਭਾਵੀ ਜਿਲਦਬੰਦੀ ਤੇ ਸਚਿੱਤਰ ਪੇਸ਼ਕਾਰੀ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਨੂੰ ਮਾਤ ਪਾਉਂਦੀ ਹੈ। ਮੇਰੇ ਵਲਾਇਤ ਨਿਵਾਸੀ ਮਿੱਤਰ ਐਸ਼ ਬਲਵੰਤ ਨੇ ਪੰਜਾਬ ਦੇ ਛੋਟੇ ਪਿੰਡ ਮਹੇੜੂ ਤੋਂ ਇੰਗਲੈਂਡ ਜਾ ਕੇ ਉਦਯੋਗਿਕ ਮੱਲਾਂ ਮਾਰਨ ਵਾਲੇ ਮਨਮੋਹਨ ਸਿੰਘ ਮਹੇੜੂ ਦੇ ਜੀਵਨ ‘ਤੇ ਆਧਾਰਤ ਪੁਸਤਕ ‘ਕਦਮਾਂ ਦੇ ਨਿਸ਼ਾਨ’ ਵਿਚ ਆਪਣੇ ਮੋਹਣੇ ਦਾ ਪੜ੍ਹਨਯੋਗ ਨਕਸ਼ਾ ਖਿੱਚਿਆ ਹੈ। ਉਸ ਦੇ ਮਾਂ ਬੋਲੀ ਨਾਲ ਪਿਆਰ ਅਤੇ ਖੇਡਾਂ ਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਯਤਨਾਂ ਦਾ ਭਾਰਤ ਵਿਚ ਬਰਤਾਨਵੀ ਰਾਜ ਸਮੇਂ ਗੋਰਿਆਂ ਦੀਆਂ ਕਰਤੂਤਾਂ ਤੇ ਇੰਗਲੈਂਡ ਦੇ ਬਰਮਿੰਘਮ ਖੇਤਰ ਵਿਚ ਪੰਜਾਬੀਆਂ ਦੀਆਂ ਗੱਲਾਂ ਸਮੇਤ। ਆਪਣੇ ਦੇਸ਼ ਵਿਚ ਆਹਰ ਦੀ ਘਾਟ ਤੋਂ ਤੰਗ ਆਏ ਪੰਜਾਬੀ ਵਲੈਤ ਜਾ ਕੇ ਕਿਸ ਤਰ੍ਹਾਂ ਦੀਆਂ ਸਿਖਰਾਂ ਛੂੰਹਦੇ ਹਨ, ਇਸ ਰਚਨਾ ਦਾ ਧੁਰਾ ਹੈ।
ਇਸ ਦੇ ਉਲਟ ਭਾਈ ਹਰਿਸਿਮਰਨ ਸਿੰਘ ਨੇ 600 ਪੰਨਿਆਂ ਦੀ ਵੱਡ ਆਕਾਰੀ ਰਚਨਾ ਵਿਚ ਵਿਸ਼ਵ ਸਭਿਆਚਾਰਾਂ ਦਾ ਬਹੁ-ਸੰਘੀ ਰੂਪ ਨਿਤਾਰਿਆ ਹੈ। ‘ਵਿਸਮਾਦੀ ਵਿਸ਼ਵ ਆਰਡਰ’ ਨਾਂ ਦੇ ਇਸ ਗ੍ਰੰਥ ਵਿਚ ਆਦਿ ਯੁੱਗ ਤੋਂ ਵਿਸਮਾਦੀ ਯੁਗ ਦੀ ਯਾਤਰਾ ਤੋਂ ਬਿਨਾ ਪੂੰਜੀਵਾਦ ਬਨਾਮ ਵਿਸਮਾਦੀ ਵਿਕਾਸ ਦਾ ਵਿਸ਼ਲੇਸ਼ਣ ਹੈ। ਰੂਸ, ਚੀਨ ਦੀ ਮਾਰਕਸ਼ੀ ਦ੍ਰਿਸ਼ਟੀ ਅਤੇ ਪੱਛਮ ਦੀਆਂ ਕਦਰਾਂ ਕੀਮਤਾਂ ਦੀ ਛਾਣਨੀ ਵਿਚ ਛਾਣਿਆ ਹੋਇਆ। ਚੇਤੇ ਰਹੇ, ਲੇਖਕ ਦੀ ਧਾਰਨਾ ਦਾ ਧੁਰਾ ਗਿਆਨ ਆਸ਼ਰਮ ਅਨੰਦਪੁਰ ਸਾਹਿਬ ਹੈ, ਜਿਸ ਦਾ ਭਾਈ ਹਰਿਸਿਮਰਨ ਸਿੰਘ ਸਿਮਰਨ ਕਰਤਾ ਹੈ। ਇੱਕ ਹੋਰ ਹਟਵੀਂ ਪੁਸਤਕ ਕੈਪਟਨ ਨਰਿੰਦਰ ਸਿੰਘ ਦੀ ‘ਜੀਵਨ ਖੇਡ’ ਹੈ, ਜਿਸ ਵਿਚ ਉਸ ਨੇ ਆਪਣੀਆਂ ਇਕੜ ਦੁੱਕੜ ਰਚਨਾਵਾਂ ਤੋਂ ਬਿਨਾ ਜੀਵਨ ਵਿਚ ਪ੍ਰਾਪਤ ਹੋਏ ਸਨਮਾਨ ਪੱਤਰਾਂ, ਸਰਟੀਫਿਕੇਟਾਂ, ਮੂਰਤੀਆਂ ਤੇ ਨਿਸ਼ਾਨ ਚਿੰਨ੍ਹਾਂ ਨੂੰ ਪੰਨਾ ਦਰ ਪੰਨਾ ਪੇਸ਼ ਕਰਕੇ ਪਾਠਕਾਂ ਨੂੰ ਦੱਸਿਆ ਹੈ ਕਿ ਆਪਣੀਆਂ ਪ੍ਰਾਪਤੀਆਂ ਨੂੰ ਆਪਣੇ ਮਿੱਤਰ ਪਿਆਰਿਆਂ ਲਈ ਕਿਵੇਂ ਸਾਂਭਿਆ ਜਾਂਦਾ ਹੈ!
ਅੰਤ ਵਿਚ ਮੈਂ ਜੰਗ ਬਹਾਦੁਰ ਗੋਇਲ ਰਚਿਤ ਨਾਵਲ ‘ਵਾਇਆ ਬਠਿੰਡਾ’ ਦੀ ਗੱਲ ਕਰਨਾ ਚਾਹਾਂਗਾ, ਜਿਸ ਨੇ ਮੈਨੂੰ ਹਥਲਾ ਕਾਲਮ ਪੁਸਤਕਾਂ ਤੇ ਰਸਾਲਿਆਂ ਨੂੰ ਸਮਰਪਿਤ ਕਰਨ ਲਈ ਪ੍ਰੇਰਿਆ ਹੈ। ਜੰਗ ਬਹਾਦਰ ਵੀ ਨਰਿੰਦਰ ਸਿੰਘ ਵਾਂਗ ਸੇਵਾ ਮੁਕਤ ਆਈ. ਏ. ਐਸ਼ ਅਫਸਰ ਹੈ। ਪਰ ਉਹ ਅਪਣੀਆਂ ਲਿਖਤਾਂ ਵਿਚ ਆਪਣੇ ਨਾਂ ਨਾਲ ਆਪਣੀ ਪਦਵੀਂ ਨਹੀਂ ਜੋੜਦਾ। ਮੈਂ ਉਸ ਨੂੰ ਉਸ ਪਾਠਕ ਵਜੋਂ ਜਾਣਦਾ ਹਾਂ, ਜਿਸ ਨੇ ਸੰਸਾਰ ਦਾ ਉਤਮ ਸਾਹਿਤ ਸਿਰਫ ਪੜ੍ਹਿਆ ਹੀ ਨਹੀਂ, ਇਸ ਨੂੰ ਚੰਗੇ ਸਾਹਿਤ ਰਸਾਲਿਆਂ, ਖਾਸ ਕਰਕੇ ‘ਸਮਕਾਲੀ ਸਾਹਿਤ’ ਰਾਹੀਂ ਪੰਜਾਬੀ ਪਾਠਕਾਂ ਤੱਕ ਪਹੁੰਚਾਇਆ ਵੀ ਹੈ-ਹਰ ਰਚਨਾ ਦਾ ਸਾਰਅੰਸ਼ ਦੇ ਕੇ ਤੇ ਲਿਖਣ ਵਾਲੇ ਦੀ ਜੀਵਨ ਦ੍ਰਿਸ਼ਟੀ ਪੇਸ਼ ਕਰਕੇ। ਉਹ ਖੁਦ ਵੀ ਵਿਸ਼ਾਲ ਤੇ ਉਦਮੀ ਸੋਚ ਦਾ ਮਾਲਕ ਹੈ। ਉਸ ਦੀ ਲਿਖਤ ਵਿਚ ਰਸ ਤੇ ਰਵਾਨੀ ਹੈ, ਜੋ ਪਾਠਕ ਨੂੰ ਆਪਣੇ ਨਾਲ ਤੋਰੀ ਰੱਖਦੀ ਹੈ। ਮੈਂ ਚੰਗਾ ਪਾੜ੍ਹਾ ਨਹੀਂ, ਪਰ ਉਸ ਦੇ ਨਾਵਲ ਨੂੰ ਪੜ੍ਹਨਾ ਸ਼ੁਰੂ ਕਰਕੇ ਅੰਤ ਤੱਕ ਪਹੁੰਚੇ ਬਿਨਾ ਸਾਹ ਨਹੀਂ ਲਿਆ। ਉਸ ਨੇ ਡੇਢ ਸੌ ਪੰਨੇ ਦੀ ਇਸ ਛੋਟੀ ਤੇ ਪੜ੍ਹਨਯੋਗ ਰਚਨਾ ਵਿਚ ਅਨੇਕਾਂ ਪਾਤਰ ਤੇ ਭੋਂ ਦ੍ਰਿਸ਼ ਪੇਸ਼ ਕੀਤੇ ਹਨ। ਪਾਠਕ ਬਠਿੰਡਾ ਤੇ ਜੈਤੋ ਦੀ ਧਰਤੀ ਅਤੇ ਲੋਕਾਂ ਦੀ ਜੀਵਨ ਜਾਚ ਤੋਂ ਜਾਣੂ ਹੋ ਜਾਂਦੇ ਹਨ। ਪਾਤਰ ਧੁਨ ਦੇ ਪੱਕੇ ਹਨ ਤੇ ਆਪਣੀ ਇੱਛਾ ਦੀ ਪ੍ਰਾਪਤੀ ਲਈ ਆਪਣਾ ਤਨ, ਮਨ, ਧਨ ਬਾਜ਼ੀ ‘ਤੇ ਲਾ ਦਿੰਦੇ ਹਨ। ਖੂਬੀ ਇਹ ਕਿ ਉਹ ਚੰਗੀਆਂ ਮਾੜੀਆਂ ਹਾਲਤਾਂ ਵਿਚ ਉਮੀਦ ਦਾ ਪੱਲਾ ਨਹੀਂ ਛਡਦੇ, ਆਪਣੀ ਜਨਮ ਭੂਮੀ ਤੇ ਕਰਮ ਭੂਮੀ ਨੂੰ ਸੱਚੇ ਦਿਲੋਂ ਅਪਨਾਉਂਦੇ ਤੇ ਮਾਣਦੇ ਹਨ।
ਜੰਗ ਬਹਾਦੁਰ ਆਪਣੇ ਨਾਵਲ ਦਾ ਤਾਣਾ ਬਾਣਾ ਬਠਿੰਡਾ ਸ਼ਹਿਰ ਦੇ ਆਲੇ ਦੁਆਲੇ ਬੁਣਦਾ ਹੈ, ਜੋ ਰੇਲਗੱਡੀ ਰਾਹੀਂ ਸਭ ਥਾਂਵਾਂ (ਅੰਬਾਲਾ, ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀ ਗੰਗਾ ਨਗਰ, ਜਾਖਲ, ਡੱਬਵਾਲੀ ਤੇ ਸਿਰਸਾ) ਨਾਲ ਜੁੜਿਆ ਹੋਣ ਕਾਰਨ ਵੱਡਾ ਜੰਕਸ਼ਨ ਹੈ। ਸਿਗਨਲ ਨਾ ਹੋਣ ਦੀ ਸੂਰਤ ਵਿਚ ਕਈ ਵਾਰੀ ਕਿਸੇ ਗੱਡੀ ਨੂੰ ਲੰਮਾ ਸਮਾਂ ਚੰਦ ਭਾਨ ਦੇ ਰੇਲਵੇ ਸਟੇਸ਼ਨ ‘ਤੇ ਰੁਕਣਾ ਪੈਂਦਾ ਹੈ। ਅੰਤ ਉਸ ਗੱਡੀ ਦਾ ਚੰਦ ਭਾਨ ਨੂੰ ਅਲਵਿਦਾ ਕਹਿ ਕੇ ਬਠਿੰਡੇ ਪਹੁੰਚਣਾ ਲਾਜ਼ਮੀ ਹੈ।
ਲੇਖਕ ਆਪਣੇ ਮੁਖ ਪਾਤਰਾਂ ਨੂੰ ਚੰਦ ਭਾਨ ਤੇ ਬਠਿੰਡੇ ਦੇ ਹਵਾਲੇ ਨਾਲ ਤੋਰੀ ਰਖਦਾ ਹੈ। ਨਿਰਾਸ਼ ਨਹੀਂ ਹੋਣ ਦਿੰਦਾ। ਉਨ੍ਹਾਂ ਨੇ ਲਾਜ਼ਮੀ ਬਠਿੰਡੇ ਪਹੁੰਚਣਾ ਹੈ ਤੇ ਅਗਲਾ ਸਫਰ ਜਾਰੀ ਰੱਖਣਾ ਹੈ। ਜੰਗ ਬਹਾਦਰ ਗੋਇਲ ਨੂੰ ਆਪਣੇ ਕਰਮ ਖੇਤਰ ਨਾਲ ਅੰਗਰੇਜ਼ੀ ਨਾਵਲਕਾਰ ਥਾਮਸ ਹਾਰਡੀ ਜਿਹਾ ਮੋਹ ਹੈ, ਪਰ ਖੂਬੀ ਇਹ ਕਿ ਉਸ ਦੇ ਨਾਇਕ, ਨਾਇਕਾਵਾਂ ਨਿਰਾਸ਼ਾ ਦੀਆਂ ਬੇੜੀਆਂ ਵਿਚ ਬੱਝੇ ਰਹਿਣ ਦੀ ਥਾਂ ਪੈਰੀਂ ਝਾਜਰਾਂ ਪਾ ਕੇ ਆਨ ਤੇ ਸ਼ਾਨ ਨਾਲ ਅੱਗੇ ਵਧਦੇ ਹਨ। ‘ਵਾਇਆ ਬਠਿੰਡਾ’ ਵਿਚ ਉਨ੍ਹਾਂ ਉਘੀਆਂ ਰਚਨਾਵਾਂ ਵਾਲਾ ਰਸ ਹੈ, ਜਿਨ੍ਹਾਂ ਦਾ ਸਾਰ ਦੇ ਕੇ ਲੇਖਕ ਆਪਣੇ ਪਾਠਕਾਂ ਨੂੰ ਮੰਤਰ ਮੁਗਧ ਕਰਦਾ ਰਿਹਾ ਹੈ ਤੇ ਕਰ ਰਿਹਾ ਹੈ। ਕਾਸ਼! ਮੈਂ ਆਲੋਚਕ ਹੁੰਦਾ ਤੇ ਉਸ ਦੇ ਨਾਵਲ ਦਾ ਠੀਕ ਮੁਲਾਂਕਣ ਕਰ ਸਕਦਾ।
ਸਾਲ ਦੇ ਅੰਤਲੇ ਦਿਨ ਨੈਸ਼ਨਲ ਬੁੱਕ ਸ਼ਾਪ, ਦਿੱਲੀ ਵਲੋਂ ਪ੍ਰਕਾਸ਼ਿਤ ਰਵਿੰਦਰ ਰਵੀ ਦੀਆਂ ਤਿੰਨ ਪੁਸਤਕਾਂ (1) ਪਾਰ ਗਾਥਾ (ਕਾਵਿ ਸੰਗ੍ਰਿਹ), (2) ਚੌਕ ਨਾਟਕ ਤੇ ਸਿਫਰ ਨਾਟਕ ਅਤੇ (3) ਪੰਜ ਕਾਵਿ ਨਾਟਕ ਹੀ ਨਹੀਂ, ਐਸ਼ ਐਸ਼ ਛੀਨਾ ਦੀਆਂ ਅੰਗਰੇਜ਼ੀ ਭਾਸ਼ਾ ਵਿਚ ਲਿਖੀਆਂ ਯੂਨੀਸਟਾਰ, ਚੰਡੀਗੜ੍ਹ ਵਲੋਂ ਪ੍ਰਕਾਸ਼ਿਤ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਰਾਜ ਦਾ ਪਤਨ, ਜਰਨੈਲ ਬੰਦਾ ਸਿੰਘ ਬਹਾਦਰ ਅਤੇ ਆਖਰੀ ਸਿੱਖ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਬਾਰੇ ਰਵੀ ਜਿੰਨੀਆਂ ਹੀ ਪੁਸਤਕਾਂ ਮੋਹਲੇਧਾਰ ਵਰਖਾ ਵਾਂਗ ਵਰ੍ਹੀਆਂ। ਹੱਡ ਚੀਰਵੀਂ ਠੰਢ ਦੇ ਨਾਲ ਨਾਲ। ਨਵਾਂ ਸਾਲ ਮੁਬਾਰਕ!
ਅੰਤਿਕਾ: (ਕਮਲਜੀਤ ਕੰਵਲ)
ਮੈਂ ਮਸਿਆ ਨੂੰ ਚੰਨ ਲਭਦਾ ਹਾਂ
ਦਿਨ ਨੂੰ ਲੱਭਦਾ ਹਾਂ ਮੈਂ ਤਾਰੇ,
ਰਾਤ ਚਾਨਣੀ ਵਿਚ ਉਠ ਉਠ ਕੇ
ਮੈਂ ਇੱਕ ਗੀਤ ਨਿਥਾਵਾਂ ਲੱਭਾਂ।
ਤੂਫਾਨਾਂ ਨੇ ਪਹਿਲਾਂ ਵਰਗੀ
ਛੱਡੀ ਨਾ ਪਹਿਚਾਣ ਕਿਸੇ ਦੀ,
ਆਪਾਂ ਮਿਲਦੇ ਸੀ ਜਿਸ ਥਾਂ ‘ਤੇ
ਹੁਣ ਕਿਦਾਂ ਉਹ ਥਾਂਵਾਂ ਲੱਭਾਂ।