ਖੁਸ਼ੀਆਂ ਵੰਡਦੀ ਲੋਹੜੀ

ਸੁਖਦੇਵ ਮਾਦਪੁਰੀ
ਫੋਨ: 91-94630-34472
ਲੋਹੜੀ ਪੰਜਾਬੀਆਂ ਦਾ ਹਰਮਨ ਪਿਆਰਾ ਤਿਉਹਾਰ ਹੈ, ਜੋ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਸਬੰਧੀ ਕਈ ਧਾਰਨਾਵਾਂ ਪ੍ਰਚਲਿਤ ਹਨ। ਕਿਹਾ ਜਾਂਦਾ ਹੈ ਕਿ ਹੋਲਿਕਾ ਅਤੇ ਲੋਹੜੀ ਹਰਨਾਕਸ਼ ਦੀਆਂ ਦੋ ਭੈਣਾਂ ਸਨ। ਇਨ੍ਹਾਂ ਨੂੰ ਵਰ ਮਿਲਿਆ ਸੀ ਕਿ ਅੱਗ ਉਨ੍ਹਾਂ ਨੂੰ ਸਾੜ ਨਹੀਂ ਸਕਦੀ। ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਰੱਬ ਦਾ ਭਗਤ ਸੀ ਤੇ ਪਿਤਾ ਦੀ ਥਾਂ ਰੱਬ ਨੂੰ ਪੂਜਦਾ ਸੀ, ਜਿਸ ਕਰਕੇ ਹਰਨਾਕਸ਼ ਉਸ ਨੂੰ ਘ੍ਰਿਣਾ ਕਰਦਾ ਸੀ ਅਤੇ ਮਰਵਾਉਣਾ ਚਾਹੁੰਦਾ ਸੀ।

ਇੱਕ ਦਿਨ ਹਰਨਾਕਸ਼ ਦੇ ਕਹਿਣ ‘ਤੇ ਹੋਲਿਕਾ ਉਸ ਨੂੰ ਗੋਦੀ ਵਿਚ ਲੈ ਕੇ ਜਲਦੀ ਚਿਖਾ ਵਿਚ ਬੈਠ ਗਈ। ਵਰ ਦੇ ਬਾਵਜੂਦ ਉਹ ਤਾਂ ਸੜ ਗਈ, ਪਰ ਪ੍ਰਹਿਲਾਦ ਨੂੰ ਕੁਝ ਨਾ ਹੋਇਆ। ਹਰਨਾਕਸ਼ ਨੇ ਲੋਹੜੀ ਨੂੰ ਵੀ ਅਜਿਹਾ ਹੀ ਕਰਨ ਲਈ ਕਿਹਾ। ਉਹ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਚਿਖਾ ਵਿਚ ਜਾ ਬੈਠੀ, ਪਰ ਲੋਹੜੀ ਸੜ ਗਈ ਤੇ ਪ੍ਰਹਿਲਾਦ ਬਚ ਗਿਆ। ਉਦੋਂ ਤੋਂ ਲੋਕ ਆਪਣੀ ਲੰਮੀ ਉਮਰ ਲਈ ਲੋਹੜੀ ਬਾਲਣ ਲੱਗੇ ਤਾਂ ਜੋ ਸਭ ਦੀ ਉਮਰ ਪ੍ਰਹਿਲਾਦ ਵਾਂਗ ਲੰਬੀ ਹੋਵੇ।
ਕਈ ਕਹਿੰਦੇ ਹਨ, ਲੋਹੜੀ ਦੀ ਕਹਾਣੀ ਉਸ ਲੋਹਨੀ ਦੇਵੀ ਨਾਲ ਸਬੰਧਿਤ ਹੈ, ਜਿਸ ਨੇ ਇੱਕ ਭੈੜੇ ਦੈਂਤ ਨੂੰ ਸਾੜ ਕੇ ਸਵਾਹ ਕਰ ਦਿੱਤਾ ਸੀ। ਉਦੋਂ ਤੋਂ ਲੋਕ ਉਹਦੀ ਯਾਦ ਨੂੰ ਸੁਲਘਾ-ਸੁਲਘਾ ਕੇ ਯਾਦ ਤਾਜ਼ਾ ਕਰਦੇ ਹਨ।
ਪੰਜਾਬ ਵਿਚ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿਚ ‘ਸੁੰਦਰ-ਮੁੰਦਰੀਏ’ ਨਾਂ ਦਾ ਗੀਤ ਬੜਾ ਪ੍ਰਸਿੱਧ ਹੈ। ਇਹ ਲੋਹੜੀ ਦੇ ਪਿਛੋਕੜ ਨਾਲ ਜੁੜੀ ਇੱਕ ਕਹਾਣੀ ਬਿਆਨ ਕਰਦਾ ਹੈ, ਜੋ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਦੁੱਲਾ ਭੱਟੀ ਨਾਲ ਸਬੰਧਤ ਹੈ,
ਸੁੰਦਰ- ਮੁੰਦਰੀਏ-ਹੋ
ਤੇਰਾ ਕੌਣ ਵਿਚਾਰਾ-ਹੋ
ਦੁੱਲਾ ਭੱਟੀ ਵਾਲਾ-ਹੋ
ਦੁੱਲੇ ਧੀ ਵਿਆਹੀ-ਹੋ
ਸੇਰ ਸ਼ਕਰ ਪਾਈ-ਹੋ
ਲੋਹੜੀ ਦੇ ਤਿਉਹਾਰ ਨਾਲ ਮਨੁੱਖ ਦੀ ਆਪਣਾ ਵੰਸ਼ ਚਾਲੂ ਰੱਖਣ ਦੀ ਭਾਵਨਾ ਜੁੜੀ ਹੋਈ ਹੈ। ਇਹ ਦਿਨ ਨਵੇਂ ਵਿਆਹਾਂ ਅਤੇ ਨਵ-ਜਨਮੇ ਬੱਚਿਆਂ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਬੱਚਾ ਕਿਸੇ ਕਿਸਾਨ ਦੇ ਘਰ ਜਨਮੇ ਜਾਂ ਕਿਸੇ ਕਾਮੇ ਦੇ ਘਰ, ਸਾਰੇ ਰਲ ਕੇ ਨਵੇਂ ਜੰਮੇ ਬੱਚੇ ਦੇ ਘਰੋਂ ਵਧਾਈ ਦਾ ਗੁੜ ਮੰਗ ਕੇ ਲਿਆਉਂਦੇ ਹਨ।
ਦਾਨ ਕਰਨ ਨਾਲ ਸਾਰੇ ਕਾਰਜ ਰਾਸ ਆਉਂਦੇ ਹਨ। ਸਾਰੇ ਪਰਿਵਾਰ ਲਈ ਸ਼ੁਭ-ਕਾਮਨਾਵਾਂ ਦਿੰਦੀਆਂ ਕੁੜੀਆਂ ਗਾਉਂਦੀਆਂ ਹਨ,
ਪਾ ਨੀ ਮਾਏ ਪਾ,
ਕਾਲੇ ਕੁੱਤੇ ਨੂੰ ਵੀ ਪਾ,
ਕਾਲਾ ਕੁੱਤਾ ਦਏ ਵਧਾਈ
ਤੇਰੀ ਜੀਵੇ ਮੱਝੀ ਗਾਂਈਂ
ਮੱਝੀ ਗਾਂਈਂ ਨੇ ਦਿੱਤਾ ਦੁੱਧ
ਤੇਰੇ ਜੀਵਣ ਸੱਤੇ ਪੁੱਤ
ਸੱਤਾਂ ਪੁੱਤਾਂ ਦੀ ਕੁੜਮਾਈ।
ਸਾਨੂੰ ਸੇਰ ਸ਼ੱਕਰ ਪਾਈ
ਡੋਲ ਛਮ-ਛਮ ਕਰਦੀ ਆਈ।
ਜਿਸ ਘਰ ਬਾਲ ਨਹੀਂ ਹੁੰਦੇ, ਉਨ੍ਹਾਂ ਦੇ ਦਰ ਜਾ ਕੇ ਬੱਚੇ ਲੋਹੜੀ ਮੰਗਦੇ ਪ੍ਰਾਰਥਨਾ ਕਰਦੇ ਹਨ,
ਕੋਠੇ ਹੇਠ ਡੱਕਾ
ਥੋਨੂੰ ਰਾਮ ਦਊਗਾ ਬੱਚਾ
ਸਾਡੀ ਲੋਹੜੀ ਮਨਾ ਦੋ।
ਕੁੜੀਆਂ ਲੋਹੜੀ ਦੇ ਗੀਤ ਗਾਉਂਦੀਆਂ ਕਲਪਨਾ ਵਿਚ ਹੀ ਨਿੱਕੇ ਕਾਕੇ ਦਾ ਵਿਆਹ ਰਚਾ ਦਿੰਦੀਆਂ ਹਨ। ਅੱਗੋਂ ਮੁੰਡੇ ਦੀ ਮਾਂ ਦਿਲ ਖੋਲ੍ਹ ਕੇ ਰਿਉੜੀਆਂ ਤੇ ਸ਼ੱਕਰ, ਗੁੜ ਦਿੰਦੀ ਹੈ।
ਤਿਲ ਛੱਟੇ ਛੰਡ ਛੰਡਾਏ
ਗੁੜ ਦੇਹ ਮੁੰਡੇ ਦੀਏ ਮਾਏ।
ਅਸੀਂ ਗੁੜ ਨਹੀਂ ਲੈਣਾ ਥੋੜਾ
ਅਸੀਂ ਲੈਣਾ ਗੁੜ ਦਾ ਰੋੜਾ।
ਪਹਿਲਿਆਂ ਵਿਚ ਲੋਹੜੀ ਵਿਚ ਬੱਚੇ ਟੋਲੀਆਂ ਵਿਚ ਗੀਤ ਗਾਉਂਦੇ ਫਿਰਦੇ। ਵਧਾਈਆਂ ਦੇ ਗੁੜ ਤੋਂ ਬਿਨਾ ਬੱਚੇ ਭੂਤ ਪਿੰਨੇ, ਰਿਉੜੀਆਂ, ਤਲੂਏਂ ਬੱਕਲੀਆਂ, ਦਾਣੇ ਤੇ ਪਾਥੀਆਂ ਘਰ ਘਰ ਜਾ ਕੇ ਗੀਤ ਗਾ ਕੇ ਮੰਗਦੇ। ਦਿਨ ਖੜ੍ਹੇ ਹੀ ਲੋਹੜੀ ਮੰਗਦੇ ਬੱਚਿਆਂ ਦੀਆਂ ਆਵਾਜ਼ਾਂ ਸੁਣਨ ਲੱਗਦੀਆਂ। ਕੁੜੀਆਂ ਦੀਆਂ ਵੱਖ-ਵੱਖ ਟੋਲੀਆਂ ਹੁੰਦੀਆਂ। ਵੱਡੀਆਂ ਕੁੜੀਆਂ ਤੇ ਸੁਆਣੀਆਂ ਇਕੱਠੀਆਂ ਹੋ ਕੇ ਵਧਾਈ ਵਾਲੇ ਘਰ ਜਾ ਕੇ ਗੁੜ ਦੀ ਭੇਲੀ ਮੰਗਦੀਆਂ ਤੇ ਗਿੱਧਾ ਪਾਉਂਦੀਆਂ। ਗਿੱਧੇ ਵਿਚ ਬਹੁਤੀਆਂ ਵੀਰ ਪਿਆਰ ਦੀਆਂ ਬੋਲੀਆਂ ਪਾਈਆਂ ਜਾਂਦੀਆਂ। ਸੱਥ ਵਿਚ ਸਾਰੀਆਂ ਭੇਲੀਆਂ ਇੱਕਠੀਆਂ ਕਰਕੇ ਗੁੜ ਦੀਆਂ ਰੋੜੀਆਂ ਬਣਾ ਲਈਆਂ ਜਾਂਦੀਆਂ ਹਨ। ਇਸ ਪਿਛੋਂ ਸਭ ਨੂੰ ਸਾਂਝੀ ਵਧਾਈ ਦਾ ਗੁੜ ਇੱਕੋ ਜਿਹਾ ਵਰਤਾਇਆ ਜਾਂਦਾ।
ਪਿੰਡ ਵਿਚ ਵੱਖ-ਵੱਖ ਥਾਂਵਾਂ ‘ਤੇ ਲੱਕੜ ਦੇ ਵੱਡੇ-ਵੱਡੇ ਖੁੰਢਾਂ ਨੂੰ ਅੱਗ ਲਾ ਕੇ ਸਾਰੇ ਸੇਕ ਰਹੇ ਹੁੰਦੇ ਹਨ। ਕਿਸੇ ਵਡਾਰੂ ਪਾਸੋਂ ਕੋਈ ਰੌਚਕ ਵਾਰਤਾਲਾਪ ਸੁਣੀ ਜਾਂਦੇ ਹਨ ਤੇ ਨਾਲ ਅੱਗ ‘ਤੇ ਤਿਲ ਸੁੱਟੀ ਜਾਂਦੇ ਹਨ। ਬਲਦੀ ਲੋਹੜੀ ‘ਤੇ ਤਿਲ ਸੁੱਟਣ ਦਾ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ ਹੈ। ਕਹਾਵਤ ਹੈ ਕਿ ਜਿੰਨੇ ਜੇਠਾਣੀ ਤਿਲ ਸੁੱਟੇਗੀ, ਉਨੇ ਦਰਾਣੀ ਪੁੱਤ ਜਣੇਗੀ।
ਅੱਜ ਕੱਲ੍ਹ ਜਾਗਰੂਕਤਾ ਕਾਰਨ ਕੁੜੀਆਂ ਦੀ ਲੋਹੜੀ ਵੀ ਬੜੇ ਚਾਅਵਾਂ ਨਾਲ ਮਨਾਈ ਜਾਣ ਲੱਗੀ ਹੈ। ਇਹ ਤਿਉਹਾਰ ਸਮੁੱਚੇ ਪੰਜਾਬੀਆਂ ਦੀ ਭਾਵਾਤਮਕ ਏਕਤਾ ਦਾ ਪ੍ਰਤੀਕ ਹੈ।