ਚੰਡੀਗੜ੍ਹ: ਦੇਸ਼ ਨੂੰ ਆਰਥਿਕ ਮੰਦੀ ਵਿਚੋਂ ਕੱਢਣ ਦੀ ਥਾਂ ਮੋਦੀ ਸਰਕਾਰ ਆਪਣੀਆਂ ਫਿਰਕੂ ਰਣਨੀਤੀਆਂ ਨੂੰ ਲਾਗੂ ਕਰਨ ਉਤੇ ਵੱਧ ਜ਼ੋਰ ਦੇ ਰਹੀ ਹੈ। ਭਾਜਪਾ ਤੇ ਆਰ ਐਸ ਐਸ. ਵਲੋਂ ਨਿੱਤ ਦਿਨ ਦਿੱਤੇ ਜਾ ਰਹੇ ਬਿਆਨ ਘੱਟਗਿਣਤੀਆਂ ਦਾ ਤ੍ਰਾਹ ਕੱਢ ਰਹੇ ਹਨ। ਪੂਰੇ ਦੇਸ਼ ਵਿਚ ਘੱਟਗਿਣਤੀਆਂ ਲਈ ਮਾਰੂ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਭਖੇ ਰੋਹ ਦੌਰਾਨ ਸੰਘ ਮੁਖੀ ਮੋਹਨ ਭਾਗਵਤ ਦੇ ਹਿੰਦੂ ਰਾਸ਼ਟਰ ਵਾਲੇ ਬਿਆਨ ਨੇ ਭਗਵਾ ਧਿਰ ਦੀ ਅਗਲੀ ਰਣਨੀਤੀ ਬਾਰੇ ਸਪਸ਼ਟ ਕਰ ਦਿੱਤਾ ਹੈ। ਆਰ ਐਸ ਐਸ. ਮੁਖੀ ਦਾ ਦਾਅਵਾ ਹੈ ਕਿ ਦੇਸ਼ ਦੇ 130 ਕਰੋੜ ਲੋਕ ਹਿੰਦੂ ਹਨ। ਇਸ ਬਿਆਨ ਪਿੱਛੋਂ ਸਿੱਖ ਆਗੂਆਂ ਨੇ ਆਰ ਐਸ ਐਸ. ਮੁਖੀ ਨੂੰ ਤਿੱਖੇ ਸਵਾਲ ਕੀਤੇ ਹਨ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਸੰਘ ਮੁਖੀ ਮੋਹਨ ਭਾਗਵਤ ਜ਼ਾਬਤੇ ਵਿਚ ਰਹਿ ਕੇ ਬਿਆਨਬਾਜ਼ੀ ਕਰਨ। ਉਹ ਵਾਰ-ਵਾਰ ਹਿੰਦੂ ਰਾਸ਼ਟਰ ਦਾ ਬਿਆਨ ਦੇ ਕੇ ਦੇਸ਼ ਦਾ ਮਾਹੌਲ ਵਿਗਾੜ ਰਹੇ ਹਨ। ਜਥੇਦਾਰ ਨੇ ਕਿਹਾ ਕਿ ਸਿੱਖਾਂ ਦਾ ਧਰਮ, ਪੰਥ ਅਤੇ ਸਭਿਆਚਾਰ ਵੱਖਰਾ ਹੈ। ਇਸ ਤੋਂ ਇਲਾਵਾ ਪਹਿਰਾਵਾ ਅਤੇ ਰੀਤੀ ਰਿਵਾਜ ਵੀ ਵੱਖਰੇ-ਵੱਖਰੇ ਹਨ। ਇਸ ਲਈ ਅਸੀਂ ਕਿਸੇ ਹੋਰ ਧਰਮ ਦਾ ਨਾ ਹਿੱਸਾ ਸੀ ਤੇ ਨਾ ਹੀ ਹੋ ਸਕਦੇ ਹਾਂ ਪਰ ਦੁੱਖ ਦੀ ਗੱਲ ਹੈ ਕਿ ਸੰਘ ਮੁਖੀ ਵਾਰ-ਵਾਰ ਭਾਰਤ ਵਿਚ ਜਨਮ ਲੈਣ ਵਾਲੇ ਹਰ ਵਿਅਕਤੀ ਨੂੰ ਹਿੰਦੂ ਦੱਸ ਕੇ ਦੇਸ਼ ਦੇ ਅਮਨਪਸੰਦ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜਥੇਦਾਰ ਨੇ ਆਰ ਐਸ ਐਸ. ਮੁਖੀ ਮੋਹਨ ਭਾਗਵਤ ਨੂੰ ਸਖਤ ਸ਼ਬਦਾਂ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਨਾ ਹੀ ਸਿੱਖ ਕਿਸੇ ਹੋਰ ਧਰਮ ਵਿਚ ਦਖਲਅੰਦਾਜ਼ੀ ਕਰਦੇ ਹਨ ਤੇ ਨਾ ਹੀ ਕਿਸੇ ਹੋਰ ਦਾ ਦਖਲ ਆਪਣੇ ਧਰਮ ਵਿਚ ਬਰਦਾਸ਼ਤ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਧਰਮ ਦੀ ਗੱਲ ਕਰਨ ਨਾ ਕਿ ਬਾਕੀ ਦੇ ਧਰਮਾਂ ਦੇ ਲੋਕਾਂ ਨੂੰ ਹਿੰਦੂ ਆਖਣ ਦੀ ਕੋਸ਼ਿਸ਼ ਕਰਨ। ਜਿਥੋਂ ਤੱਕ ਭਾਰਤ ਦਾ ਸੁਆਲ ਹੈ ਤਾਂ ਭਾਰਤ ਇਕ ਬਹੁ-ਧਰਮੀ, ਬਹੁ-ਭਾਸ਼ਾਈ, ਬਹੁ-ਸਭਿਆਚਾਰਕ ਦੇਸ਼ ਹੈ ਜਿਥੇ ਹਰ ਧਰਮ ਦੇ ਵਿਅਕਤੀ ਨੂੰ ਪੂਰੀ ਅਜ਼ਾਦੀ ਦੇ ਨਾਲ ਰਹਿਣ ਦਾ ਹੱਕ ਹੈ। ਆਰ ਐਸ ਐਸ. ਮੁਖੀ ਵਲੋਂ ਦੇਸ਼ ਦੇ 130 ਕਰੋੜ ਲੋਕਾਂ ਨੂੰ ਹਿੰਦੂ ਦੱਸਣ ਨਾਲ ਭਾਗਵਤ ਦੀ ਕੱਟੜ ਤੇ ਸੌੜੀ ਸੋਚ ਦਾ ਪ੍ਰਗਟਾਵਾ ਹੋਇਆ ਹੈ ਜਿਸ ਨੂੰ ਹੋਰ ਧਰਮਾਂ ਦੇ ਲੋਕ ਕਿਸੇ ਵੀ ਸੂਰਤ ‘ਚ ਬਰਦਾਸ਼ਤ ਨਹੀਂ ਕਰਨਗੇ।