ਕੈਪਟਨ ਵਜ਼ਾਰਤ ਵਿਚ ਰੱਦੋਬਦਲ ਦਾ ਕੰਮ ਠੰਢੇ ਬਸਤੇ ਵਿਚ ਪਿਆ

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਵਿਚ ਰੱਦੋਬਦਲ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਕਾਂਗਰਸ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ, ਦੂਜੇ ਸੀਨੀਅਰ ਆਗੂਆਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਮਗਰਲੇ ਕੁਝ ਸਮੇਂ ਦੌਰਾਨ ਰਾਬਤਾ ਕਾਫੀ ਕਮਜ਼ੋਰ ਪੈ ਗਿਆ ਹੈ।

ਮੁੱਖ ਮੰਤਰੀ, ਪਾਰਟੀ ਹਾਈਕਮਾਨ ਵੱਲੋਂ ਦਿੱਲੀ ਵਿਖੇ ਕੀਤੀ ਗਈ ਕੌਮੀ ਰੈਲੀ ਅਤੇ ਉਸ ਤੋਂ ਬਾਅਦ ਮਹਾਤਮਾ ਗਾਂਧੀ ਦੀ ਸਮਾਧ ‘ਤੇ ਕਾਂਗਰਸ ਪ੍ਰਧਾਨ ਵੱਲੋਂ ਦਿੱਤੇ ਗਏ ਧਰਨੇ ਜਿਸ ਵਿਚ ਸਾਰੇ ਕਾਂਗਰਸੀ ਮੁੱਖ ਮੰਤਰੀਆਂ ਸ਼ਮੂਲੀਅਤ ਕੀਤੀ, ਤੋਂ ਵੀ ਗੈਰ ਹਾਜ਼ਰ ਰਹੇ। ਮੁੱਖ ਮੰਤਰੀ ਵੱਲੋਂ ਮੰਤਰੀ ਮੰਡਲ ਵਿਚ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਕਾਰਨ ਖਾਲੀ ਚੱਲ ਰਹੀ ਆਸਾਮੀ ‘ਤੇ ਰਾਣਾ ਗੁਰਜੀਤ ਸਿੰਘ ਨੂੰ ਵਾਪਸ ਮੰਤਰੀ ਲੈਣ ਸਬੰਧੀ ਕਾਂਗਰਸ ਪ੍ਰਧਾਨ ਦੀ ਪ੍ਰਵਾਨਗੀ ਲਈ ਕੁਝ ਸਮਾਂ ਪਹਿਲਾਂ ਜੋ ਪੱਤਰ ਲਿਖਿਆ ਗਿਆ ਸੀ, ਉਸ ਨੂੰ ਲੈ ਕੇ ਵੀ ਮੁੱਖ ਮੰਤਰੀ ਨੂੰ ਕੋਈ ਜਵਾਬ ਜਾਂ ਹੁੰਗਾਰਾ ਨਹੀਂ ਮਿਲਿਆ।
ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਪਾਰਟੀ ਹਾਈਕਮਾਨ ਨਾਲ ਲਗਾਤਾਰ ਵਧ ਰਹੀਆਂ ਦੂਰੀਆਂ ਅਤੇ ਹਾਈਕਮਾਨ ਦੀ ਪ੍ਰਵਾਨਗੀ ਤੋਂ ਬਿਨਾਂ ਮੁੱਖ ਮੰਤਰੀ ਲਈ ਮੰਤਰੀ ਮੰਡਲ ਵਿਚ ਕਿਸੇ ਤਰ੍ਹਾਂ ਦਾ ਰੱਦੋਬਦਲ ਕਰਨਾ ਸੰਭਵ ਨਹੀਂ ਹੋਵੇਗਾ। ਹਾਲਾਂਕਿ ਅਜਿਹਾ ਰੱਦੋਬਦਲ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿਚ ਹੈ।
ਮਗਰਲੇ ਦਿਨਾਂ ਦੌਰਾਨ ਇਹ ਚਰਚਾ ‘ਚ ਰਿਹਾ ਹੈ ਕਿ ਮੁੱਖ ਮੰਤਰੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣ ਲਈ ਕੁਝ ਮੰਤਰੀਆਂ ਦੇ ਵਿਭਾਗਾਂ ਵਿਚ ਰੱਦੋਬਦਲ ਕਰਨ ਅਤੇ 1-2 ਮੰਤਰੀਆਂ ਦੀ ਛਾਂਟੀ ਦਾ ਵੀ ਫੈਸਲਾ ਲੈ ਸਕਦੇ ਹਨ। ਸੂਤਰਾਂ ਅਨੁਸਾਰ ਪੰਜਾਬ ਤੋਂ ਕਾਂਗਰਸ ਦੇ ਮੰਤਰੀਆਂ, ਵਿਧਾਇਕਾਂ ਅਤੇ ਦੂਜੇ ਜਿਨ੍ਹਾਂ ਸੀਨੀਅਰ ਆਗੂਆਂ ਵੱਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਤੇ ਹਾਈਕਮਾਨ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ‘ਚੋਂ ਕਈਆਂ ਵੱਲੋਂ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਦੀ ਜਿਵੇਂ ਨੁਕਤਾਚੀਨੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਉਤੇ ਬਾਦਲ ਪਰਿਵਾਰ ਤੇ ਮੋਦੀ ਸਰਕਾਰ ਨਾਲ ਨੇੜਤਾ ਰੱਖਣ ਦੇ ਦੋਸ਼ ਲਗਾਏ ਜਾ ਰਹੇ ਹਨ, ਉਨ੍ਹਾਂ ਕਾਰਨ ਪਾਰਟੀ ਹਾਈਕਮਾਨ ਕਾਫੀ ਪਰੇਸ਼ਾਨ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਅਤੇ ਸੀਨੀਅਰ ਲੀਡਰਸ਼ਿਪ ਇਸ ਵੇਲੇ ਮੋਦੀ ਸਰਕਾਰ ਨਾਲ ਜਿਵੇਂ ਤਿੱਖੀ ਟੱਕਰ ਲੈ ਰਹੇ ਹਨ, ਨੂੰ ਪੰਜਾਬ ਸਰਕਾਰ ਤੋਂ ਕੋਈ ਸਰਗਰਮ ਹੁੰਗਾਰਾ ਜਾਂ ਸਮਰਥਨ ਨਹੀਂ ਮਿਲ ਰਿਹਾ।
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਆਉਂਦੇ ਸਮੇਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਹਾਈਕਮਾਨ ਨਾਲ ਆਪਣੇ ਵਿਗੜੇ ਸਬੰਧਾਂ ਨੂੰ ਸੁਧਾਰਨ ਵਿਚ ਜੇਕਰ ਕਾਮਯਾਬ ਨਹੀਂ ਹੁੰਦੇ ਤਾਂ ਉਨ੍ਹਾਂ ਲਈ ਆਪਣੇ ਮੰਤਰੀ ਮੰਡਲ ਵਿਚ ਰੱਦੋਬਦਲ ਕਰਨ ਸਬੰਧੀ ਸੰਭਾਵਨਾਵਾਂ ਨਾ ਬਰਾਬਰ ਹੀ ਰਹਿ ਜਾਣਗੀਆਂ।
ਇਹ ਵੀ ਮੰਨਣਾ ਹੈ ਕਿ ਹਾਈਕਮਾਨ ਅਤੇ ਕੈਪਟਨ ਦਰਮਿਆਨ ਵਧੀਆਂ ਦੂਰੀਆਂ ਕਾਰਨ ਹੀ ਨਵਜੋਤ ਸਿੰਘ ਸਿੱਧੂ ਦੀ ਮੁੜ ਬਹਾਲੀ ਦਾ ਮੁੱਦਾ ਖਟਾਈ ਵਿਚ ਪੈ ਗਿਆ ਹੈ ਅਤੇ ਇਸ ਮੁੱਦੇ ਉਤੇ ਹਾਈਕਮਾਨ ਵੱਲੋਂ ਹੁਣ ਕੈਪਟਨ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ, ਜਦੋਂਕਿ ਪਿਛਲੇ ਦਿਨੀਂ ਪ੍ਰਿਯੰਕਾ ਗਾਂਧੀ ਨੇ ਜਨਤਕ ਤੌਰ ਉਤੇ ਇਕ ਟੀ.ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਉਹ ਅਤੇ ਪਾਰਟੀ ਸਿੱਧੂ ਨੂੰ ਪਾਰਟੀ ਲਈ ਸਰਗਰਮ ਕਰਨਾ ਚਾਹੁੰਦੇ ਹਨ।
__________________________________
ਕੈਪਟਨ ਨੇ ਨਾਰਾਜ਼ ਵਿਧਾਇਕਾਂ ਤੋਂ ਵੱਟਿਆ ਪਾਸਾ
ਪਟਿਆਲਾ: ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਚਾਰ ਕਾਂਗਰਸੀ ਵਿਧਾਇਕਾਂ ਵੱਲੋਂ ਭ੍ਰਿਸ਼ਟਾਚਾਰ ਅਤੇ ਪੁਲਿਸ ਵੱਲੋਂ ਫੋਨਾਂ ਦੀ ਰਿਕਾਰਡਿੰਗ ਕਰਨ ਸਣੇ ਉਠਾਏ ਹੋਰ ਮਸਲਿਆਂ ਨੂੰ ਲੈ ਕੇ ਜਿੰਨੀ ਹੀ ਸਿਆਸਤ ਗਰਮਾਈ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਉਨੇ ਹੀ ਠੰਢੇ ਮਤੇ ਨਾਲ ਲੈ ਰਹੇ ਹਨ। ਹੁਣ ਤੱਕ ਉਨ੍ਹਾਂ ਨੇ ਇਨ੍ਹਾਂ ਵਿਧਾਇਕਾਂ ਨੂੰ ਗੱਲਬਾਤ ਦਾ ਸੱਦਾ ਤੱਕ ਵੀ ਨਹੀਂ ਦਿੱਤਾ। ਵਿਧਾਇਕਾਂ ਵੱੱਲੋਂ ਉਨ੍ਹਾਂ ਨੇ ਪਰਿਵਾਰ ਦੇ ਫੋਨਾਂ ਦੀ ਰਿਕਾਰਡਿੰਗ ਤੇ ਭ੍ਰਿਸ਼ਟਾਚਾਰ ਸਬੰਧੀ ਮਾਮਲਿਆਂ ਦੀ ਡੀ.ਜੀ.ਪੀ. ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਵਿਧਾਇਕਾਂ ਨੇ ਅਜਿਹੇ ਮੁੱਦੇ 19 ਅਕਤੂਬਰ ਨੂੰ ਇਥੇ ਹੋਈ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿਚ ਉਠਾਏ ਸਨ। ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਨੇ ਇਸੇ ਮੀਟਿੰਗ ਵਿਚ ਹੀ ਮੌਜੂਦ ਰਹੇ ਇਕ ਐਸ਼ਡੀ.ਐਮ. ਉਤੇ ਕਾਂਗਰਸੀ ਵਰਕਰਾਂ ਤੋਂ ਸੱਤ ਲੱਖ ਰਿਸ਼ਵਤ ਮੰਗਣ ਅਤੇ ਰਾਜਪੁਰਾ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਦੇ ਮਾਮਲੇ ‘ਚ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਸਨ।
ਸਮਾਣਾ ਦੇ ਵਿਧਾਇਕ ਕਾਕਾ ਰਾਜਿੰਦਰ ਸਿੰਘ ਨੇ ਸੀ.ਆਈ.ਏ. ਸਮਾਣਾ ਦੇ ਇੰਚਾਰਜ ਰਹੇ ਵਿਜੈ ਕੁਮਾਰ ਉਤੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀਆਂ ਦੇ ਫੋਨਾਂ ਦੀ ਰਿਕਾਡਿੰਗ ਕਰਨ ਸਣੇ ਹੋਰ ਦੋਸ਼ ਵੀ ਲਾਏ ਸਨ। ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਾਂਗਰਸੀ ਸਰਪੰਚ ਉਤੇ ਹਮਲਾ ਕਰਨ ਵਾਲੇ ਅਕਾਲੀ ਕਾਰਕੁਨਾਂ ਦੀ ਗ੍ਰਿਫਤਾਰੀ ਨਾ ਹੋਣ ਅਤੇ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਸਿਵਲ ਅਤੇ ਪੁਲਿਸ ਪ੍ਰ੍ਰਸ਼ਾਸਨ ਵੱਲੋਂ ਸੁਣਵਾਈ ਨਾ ਕਰਨ ਦੇ ਦੋਸ਼ ਲਾਏ ਸਨ।
ਭਾਵੇਂ ਕਿ ਐਸ਼ਡੀ.ਐਮ. ਨੂੰ ਉਸੇ ਦਿਨ ਬਦਲ ਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੋਂ ਰਿਪੋਰਟ ਮੰਗੀ ਗਈ ਸੀ ਜਿਸ ਦੀ ਕੋਈ ਉਘ-ਸੁਘ ਨਹੀਂ ਨਿਕਲੀ। ਵਿਧਾਇਕਾਂ ਅਨੁਸਾਰ ਨਸ਼ੀਲੀਆਂ ਗੋਲੀਆਂ ਦੇ ਮਾਮਲੇ ‘ਚ ਕੇਸ ਦਰਜ ਹੋਣ ਦੇ ਬਾਵਜੂਦ ਇੰਸਪੈਕਟਰ ਅਤੇ ਇਕ ਥਾਣੇਦਾਰ ਅਜੇ ਵੀ ਪੁਲਿਸ ਗ੍ਰਿਫਤ ਵਿਚੋਂ ਬਾਹਰ ਹਨ। ਵਿਧਾਇਕ ਸਮਾਣਾ ਦੇ ਇੰਸਪੈਕਟਰ ਵਿਜੈ ਕੁਮਾਰ ਨੂੰ ਰਿਸ਼ਵਤ ਮਾਮਲੇ ‘ਚ ਗ੍ਰਿਫਤਾਰ ਨਾ ਕੀਤੇ ਜਾਣ ਤੋਂ ਖਫਾ ਹਨ।