ਸ੍ਰੀ ਹਰਿਮੰਦਰ ਸਾਹਿਬ ਵਿਖੇ 6 ਕਰੋੜ ਤੋਂ ਵਧੇਰੇ ਸ਼ਰਧਾਲੂ ਹੋਏ ਨਤਮਸਤਕ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਲ 2019 ਦੌਰਾਨ ਦੇਸ਼ ਵਿਦੇਸ਼ ਤੋਂ ਹਰ ਧਰਮ ਤੇ ਜਾਤ ਨਾਲ ਸਬੰਧਤ 6 ਕਰੋੜ ਤੋਂ ਵਧੇਰੇ ਸ਼ਰਧਾਲੂ ਅਤੇ ਸੈਲਾਨੀ ਸ਼ਰਧਾ ਸਹਿਤ ਨਤਮਸਤਕ ਹੋਣ ਪੁੱਜੇ, ਜਿਨ੍ਹਾਂ ‘ਚ ਵੱਖ-ਵੱਖ ਦੇਸ਼ਾਂ ਦੇ ਪ੍ਰਮੁੱਖ ਰਾਜਨੀਤਕ, ਧਾਰਮਿਕ ਤੇ ਸਮਾਜ ਸੇਵੀ ਆਗੂਆਂ ਤੇ ਫਿਲਮ ਜਗਤ ਨਾਲ ਸਬੰਧਤ ਸ਼ਖਸੀਅਤਾਂ ਨੇ ਵੀ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਸੀਸ ਨਿਵਾਇਆ।
ਇਕ ਅਨੁਮਾਨ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਔਸਤਨ ਡੇਢ ਲੱਖ ਸ਼ਰਧਾਲੂ ਤੇ ਸੈਲਾਨੀ ਦਰਸ਼ਨ ਕਰਨ ਪੁੱਜਦੇ ਹਨ ਤੇ ਹਰ ਸਨਿਚਰਵਾਰ-ਐਤਵਾਰ ਅਤੇ ਗਰਮੀਆਂ-ਸਰਦੀਆਂ ਦੀਆਂ ਛੁੱਟੀਆਂ ਅਤੇ ਵਿਸ਼ੇਸ਼ ਗੁਰ ਪੁਰਬਾਂ ਉਤੇ ਇਹ ਗਿਣਤੀ ਦੋ ਤਿੰਨ ਗੁਣਾ ਹੋ ਜਾਂਦੀ ਹੈ।

ਇਸ ਵਾਰ ਦੇਸ਼-ਵਿਦੇਸ਼ ਤੋਂ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ ਵਿਚ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਵੀ ਸ਼ਾਮਲ ਸਨ, ਜੋ 17 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਇਥੇ ਦਰਸ਼ਨ ਕਰਨ ਪੁੱਜੇ। ਟੋਨੀ ਐਬਟ ਗੁਰੂ ਘਰ ਪੁੱਜਣ ਵਾਲੇ ਆਸਟਰੇਲੀਆ ਦੇ ਪਹਿਲੇ ਸਿਆਸੀ ਆਗੂ ਹਨ। ਇਸ ਵਰ੍ਹੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਹੀ ਭਾਰਤ ਵਿਚ 84 ਵੱਖ-ਵੱਖ ਦੇਸ਼ਾਂ ਦੇ ਦੂਤਘਰਾਂ ਦੇ ਸਫੀਰ ਵੀ 22 ਅਕਤੂਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ।
ਸੂਰੀਨਾਮ ਮੁਲਕ ਦੇ ਉਪ ਰਾਸ਼ਟਰਪਤੀ ਮਾਈਕਲ ਅਸ਼ਵਿਨ ਇਥੇ 18 ਸਤੰਬਰ ਅਤੇ ਨਿਊੁਜ਼ੀਲੈਂਡ ਦੇ ਵਿਰੋਧੀ ਧਿਰ ਦੇ ਆਗੂ ਸਾਈਮਨ ਬ੍ਰਿਜ਼ਜ਼ 31 ਅਗਸਤ ਨੂੰ ਦਰਸ਼ਨ ਕਰਨ ਪੁੱਜੇ। ਅਮਰੀਕਾ ਦੇ ਨਿਊ ਜਰਸੀ ਤੋਂ ਸੈਨੇਟਰ ਮਿਸਟਰ ਰਾਬਰਟ ਮੈਨਡੈਨੇਜ਼ ਵੀ 5 ਅਕਤੂਬਰ ਨੂੰ ਆਪਣੇ ਪਰਿਵਾਰ ਅਤੇ 7 ਮੈਂਬਰ ਵਫਦ ਨਾਲ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਇਸੇ ਵਰ੍ਹੇ ਦੌਰਾਨ ਹੀ ਰੂਸ ਦੇ ਫੌਜੀ ਜਨਰਲ ਓਲੇਗ ਸੈਲਯੂਕੋਵ ਵੀ 13 ਮਾਰਚ ਨੂੰ ਦਰਸ਼ਨ ਕਰਨ ਆਏ। ਇਸੇ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਵੀ ਇਥੇ ਨਤਮਸਤਕ ਹੋਣ ਪੁੱਜੇ। ਧਾਰਮਿਕ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਇੰਗਲੈਂਡ ਦੇ ਬਿਸ਼ਪ ਆਫ ਕੈਂਟਰਬਰੀ ਜਸਟਿਨ ਪੋਰਟਲ ਵੈਲਬੇ ਆਪਣੀ ਪਤਨੀ ਕੈਲੋਰੀਨ ਵੈਲਬੇ ਸਮੇਤ 10 ਸਤੰਬਰ ਨੂੰ ਇਸ ਅਸਥਾਨ ਵਿਖੇ ਪੁੱਜੇ। ਉਨ੍ਹਾਂ ਆਪਣੀ ਫੇਰੀ ਦੌਰਾਨ 100 ਸਾਲ ਪਹਿਲਾਂ ਵਾਪਰੇ ਜਲ੍ਹਿਆਂਵਾਲਾ ਦੇ ਸਾਕੇ ਨੂੰ ਵੀ ਸ਼ਰਮਨਾਕ ਕਰਾਰ ਦਿੱਤਾ। ਤਿੱਬਤ ਦੇ ਰਾਸ਼ਟਰ ਮੁਖੀ ਅਤੇ ਬੋਧੀਆਂ ਦੇ ਅਧਿਆਤਮਿਕ ਗੁਰੂ 14ਵੇਂ ਦਲਾਈਲਾਮਾ ਤੇਨਜਿਨ ਗਿਆਤਸੋ ਵੀ 9 ਨਵੰਬਰ ਨੂੰ ਦਰਸ਼ਨ ਕਰਨ ਆਏ।
ਇਸ ਵਰ੍ਹੇ 30 ਨਵੰਬਰ ਨੂੰ ਫਿਲਮ ਅਦਾਕਾਰ ਤੇ ਨਿਰਮਾਤਾ ਨਿਰਦੇਸ਼ਕ ਆਮਿਰ ਖਾਨ ਵੀ ਇਥੇ ਨਤਮਸਤਕ ਹੋਣ ਪੁੱਜੇ। ਉਨ੍ਹਾਂ ਕਰੀਬ ਇਕ ਘੰਟਾ ਕੀਰਤਨ ਸਰਵਨ ਕੀਤਾ। ਬਾਲੀਵੁੱਡ ਦੀ ਪ੍ਰਸਿੱਧ ਜੋੜੀ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਨ ਵੀ ਆਪਣੀ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ 15 ਨਵੰਬਰ ਨੂੰ ਪਰਿਵਾਰਕ ਮੈਂਬਰਾਂ ਸਮੇਤ ਇਸ ਪਾਵਨ ਅਸਥਾਨ ਵਿਖੇ ਦਰਸ਼ਨ ਤੇ ਇਸ਼ਨਾਨ ਕਰਨ ਪੁੱਜੇ। ਹੋਰਨਾਂ ਤੋਂ ਇਲਾਵਾ ਬਾਲੀਵੁੱਡ ਅਦਾਕਾਰਾਂ ਵਿਚੋਂ ਅਕਸ਼ੈ ਕੁਮਾਰ, ਗੋਵਿੰਦਾ, ਰਵੀਨਾ ਟੰਡਨ, ਕਰੀਨਾ ਕਪੂਰ ਖਾਨ, ਕ੍ਰਿਸ਼ਮਾ ਕਪੂਰ, ਜਾਹਨਵੀ ਕਪੂਰ, ਦੀਆ ਮਿਰਜ਼ਾ, ਈਸ਼ਾ ਕੋਪੀਕਰ ਤੇ ਵਿੱਕੀ ਕੌਸ਼ਲ ਵੀ ਇਸ ਅਸਥਾਨ ਦੇ ਦਰਸ਼ਨ ਕਰਨ ਪੁੱਜੇ।
________________________________________
ਵਿਰਾਸਤ-ਏ-ਖਾਲਸਾ ਦੇ ਨਵੇਂ ਸਥਾਪਤ ਕੀਰਤੀਮਾਨ
ਸ੍ਰੀ ਆਨੰਦਪੁਰ ਸਾਹਿਬ: ਸੰਸਾਰ ਭਰ ਵਿਚ ਮਕਬੂਲੀਅਤ ਹਾਸਲ ਕਰਨ ਵਾਲੇ 8 ਸਾਲਾਂ ਦੇ ਹੋਏ ਵਿਰਾਸਤ-ਏ-ਖਾਲਸਾ ਲਈ ਸਾਲ 2019 ਮਾਣਮੱਤੀਆਂ ਪ੍ਰਾਪਤੀਆਂ ਦਾ ਵਰ੍ਹਾ ਰਿਹਾ ਹੈ। ਇਸ ਮਿਊਜ਼ੀਅਮ ਨੇ ਵਿਸ਼ਵ ਪੱਧਰ ਤੱਕ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ।
ਜ਼ਿਕਰਯੋਗ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਵਿਚ ਸੈਲਾਨੀਆਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ ਵਿਰਾਸਤ-ਏ-ਖਾਲਸਾ ਵਿਚ ਪੰਜਾਬ ਦੇ 550 ਸਾਲਾਂ ਦੇ ਗੌਰਵਮਈ ਅਤੇ ਸ਼ਾਨਾਮੱਤੇ ਇਤਿਹਾਸ ਨੂੰ ਰੂਪਮਾਨ ਕੀਤਾ ਗਿਆ ਹੈ। ਇਥੇ ਅਤਿ-ਅਧੁਨਿਕ ਤਕਨੀਕਾਂ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਦਿਲ ਖਿਚਵੀਂ ਪੇਸ਼ਕਾਰੀ ਕੀਤੀ ਗਈ ਹੈ, ਜਿਸ ਨੂੰ ਪਿਛਲੇ 8 ਸਾਲਾਂ ਵਿਚ ਲਗਭਗ 1.8 ਕਰੋੜ ਤੋਂ ਵੱਧ ਸੈਲਾਨੀ ਵੇਖ ਚੁੱਕੇ ਹਨ। ਸਾਲ 2019 ਵਿਚ ਇਸ ਮਿਊਜ਼ੀਅਮ ਨੂੰ 10.54 ਲੱਖ ਤੋਂ ਵਧੇਰੇ ਸੈਲਾਨੀਆਂ ਨੇ ਹੁਣ ਤੱਕ ਵੇਖਿਆ ਹੈ। 24 ਜਨਵਰੀ 2019 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਪੀਕਰ ਵਿਧਾਨ ਸਭਾ ਰਾਣਾ ਕੇਪੀ ਸਿੰਘ ਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਇਥੇ ਆਏ ਸਨ ਤਾਂ ਉਨ੍ਹਾਂ ਵੀ ਵਿਰਾਸਤ-ਏ-ਖਾਲਸਾ ਦੀ ਸ਼ਲਾਘਾ ਕੀਤੀ ਅਤੇ ਇਸਦੇ ਬਿਹਤਰੀਨ ਰੱਖ ਰਖਾਅ ਦੀ ਭਰਪੂਰ ਪ੍ਰਸ਼ੰਸਾ ਕੀਤੀ ਸੀ।
ਜੇਕਰ ਵਿਰਾਸਤ-ਏ-ਖਾਲਸਾ ਨੂੰ ਸਾਲ 2019 ਵਿਚ ਮਿਲੇ ਵਿਸ਼ੇਸ਼ ਸਨਮਾਨ ਅਤੇ ਇਸਦੀਆਂ ਵਡਮੁੱਲੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਵਿਰਾਸਤ-ਏ-ਖਾਲਸਾ ਸੰਸਾਰ ਭਰ ਵਿਚ ਤੇਜੀ ਨਾਲ ਵੇਖੇ ਜਾਣ ਵਾਲੇ ਮਿਉੂਜਿਅਮਾਂ ਦੀ ਕਤਾਰ ਵਿਚ ਆਪਣਾ ਨਾਮ ਦਰਜ ਕਰਵਾਉਣ ਵਿਚ ਪੂਰੀ ਤਰ੍ਹਾਂ ਸਫਲ ਰਿਹਾ ਹੈ। ਵਿਰਾਸਤ-ਏ-ਖਾਲਸਾ ਦਾ ਨਾਮ ਫਰਵਰੀ 2019 ਵਿਚ ਲਿਮਕਾ ਬੁੱਕ ਆਫ ਰਿਕਾਰਡ ਵਿਚ ਦਰਜ ਹੋਇਆ। ਇਸੇ ਸਾਲ ਮਈ 2019 ਵਿਚ ਇੰਡੀਆ ਬੁੱਕ ਆਫ ਰਿਕਾਰਡ ਵਿਚ ਵਿਰਾਸਤ-ਏ-ਖਾਲਸਾ ਆਪਣਾ ਨਾਮ ਦਰਜ ਕਰਵਾਉਣ ਵਿਚ ਸਫਲ ਹੋਇਆ। ਭਾਰਤ ਤੋਂ ਬਾਹਰ ਏਸ਼ੀਆ ਦੇ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਅਗਸਤ ਮਹੀਨੇ ‘ਚ ਏਸ਼ੀਆ ਬੁੱਕ ਆਫ ਰਿਕਾਰਡ ‘ਚ ਵਿਰਾਸਤ-ਏ-ਖਾਲਸਾ ਨੇ ਆਪਣਾ ਨਾਮ ਦਰਜ ਕਰਵਾਇਆ। ਵਿਰਾਸਤ-ਏ-ਖਾਲਸਾ ਦੀਆਂ ਪ੍ਰਾਪਤੀਆਂ ਦੀ ਰਫਤਾਰ ਉਸ ਸਮੇਂ ਪੂਰੀ ਗਤੀ ਵਿਚ ਆਈ ਜਦੋਂ ਨਵੰਬਰ 2019 ਵਿਚ ਵਰਲਡ ਬੁੱਕ ਆਫ ਰਿਕਾਰਡਜ਼ ਵਿਚ ਇਸਦਾ ਨਾਮ ਦਰਜ ਹੋਇਆ।
ਵਿਰਾਸਤ-ਏ-ਖਾਲਸਾ ਨੇ ਜ਼ਿਕਰਯੋਗ ਪੁਲਾਂਘ ਪੁੱਟਦੇ ਹੋਏ ਦਸੰਬਰ 2019 ਵਿਚ ਊਰਜਾ ਦੇ ਖੇਤਰ ਵਿਚ ਬਿਜਲੀ ਦੀ ਬੱਚਤ ਕਰਨ ਲਈ ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ ਕਰਵਾਏ ਗਏ ਰਾਜ ਪੱਧਰੀ ਪੰਜਾਬ ਐਨਰਜੀ ਕੰਜਰਵੇਸ਼ਨ ਅਵਾਰਡਾਂ ਵਿਚ ਸੂਬੇ ਭਰ ‘ਚੋਂ ਪਹਿਲਾ ਸਥਾਨ ਹਾਸਲ ਕੀਤਾ। ਦੱਸਣਯੋਗ ਹੈ ਕਿ ਵਿਰਾਸਤ-ਏ-ਖਾਲਸਾ ਨੇ 2019 ਵਿਚ ਜੋ ਇਹ ਸਾਰੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ, ਉਸ ਦੇ ਨਾਲ ਇਸ ਖੇਤਰ ਦੇ ਸੈਰ-ਸਪਾਟਾ ਸਨਅਤ ਨੂੰ ਵੀ ਵੱਡਾ ਹੁਲਾਰਾ ਮਿਲਿਆ ਹੈ। ਇਥੇ ਆਉਣ ਵਾਲੇ ਸੈਲਾਨੀਆਂ ਅਤੇ ਸ਼ਰਧਾਲੂਆਂ ਦੀ ਆਮਦ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਵਪਾਰ ਤੇ ਕਾਰੋਬਾਰ ਵੀ ਪ੍ਰਫੂੱਲਤ ਹੋ ਰਹੇ ਹਨ।