ਭਾਰਤ ਦੀ ਦਸ਼ਾ ਤੇ ਦਿਸ਼ਾ: ਦੋ ਗੱਲਾਂ ਸਪੱਸ਼ਟ, ਤੀਜੀ ਦੇ ਸੰਕੇਤ ਵੀ ਨਹੀਂ ਮਿਲਦੇ

-ਜਤਿੰਦਰ ਪਨੂੰ
ਅਜੋਕੀ ਇੱਕੀਵੀਂ ਸਦੀ ਅਜੇ ਪੰਦਰਾਂ ਸਾਲ ਦੂਰ ਸੀ, ਜਦੋਂ ਹਾਲਾਤ ਦੇ ਕਾਰਨ ਪ੍ਰਧਾਨ ਮੰਤਰੀ ਬਣੇ ਰਾਜੀਵ ਗਾਂਧੀ ਇਹ ਕਹਿੰਦੇ ਸੁਣੇ ਸਨ ਕਿ ਇੱਕੀਵੀਂ ਸਦੀ ਆ ਰਹੀ ਹੈ, ਇਸ ਲਈ ਤਿਆਰ ਹੋਈਏ। ਉਸ ਦੀ ਤਿਆਰੀ ਦਾ ਕੇਂਦਰੀ ਨੁਕਤਾ ਟੈਲੀਕਾਮ ਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿਚ ਪ੍ਰਾਪਤੀਆਂ ਦੇ ਅਸਲੀ ਜਾਂ ਝਉਲਾ ਪਾਉਂਦੇ ਪ੍ਰਚਾਰ ਕਰਨ ਤੱਕ ਸੀਮਤ ਰਹਿੰਦਾ ਸੀ। ਸਮਾਜੀ ਸਥਿਤੀ ਬਾਰੇ ਉਹ ਬਹੁਤਾ ਨਹੀਂ ਸੀ ਸੋਚਦਾ, ਜਦ ਕਿ ਇਸ ਬਾਰੇ ਸੋਚਣਾ ਸਭ ਤੋਂ ਵੱਧ ਜ਼ਰੂਰੀ ਬਣਦਾ ਸੀ। ਮਸਾਂ ਨੱਕ ਦੀ ਨੋਕ ਤੱਕ ਸੋਚਣ ਵਾਲੇ ਉਸ ਲੀਡਰ ਨੇ ਆਪਣੀ ਕੁਰਸੀ ਕਾਇਮ ਰੱਖਣ ਲਈ ਹਰ ਉਹ ਦਾਅ ਵਰਤਿਆ ਸੀ, ਜੋ ਕਿਸੇ ਸੱਤਾ ਦੇ ਖਾਹਿਸ਼ਮੰਦ ਵੱਲੋਂ ਵਰਤਿਆ ਜਾ ਸਕਦਾ ਸੀ।

ਇਨ੍ਹਾਂ ਵਿਚੋਂ ਇੱਕ ਦਾਅ ਸਧਾਰਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤਣ ਦਾ ਵੀ ਸੀ। ਹੋਸ਼ਮੰਦਾਂ ਨੇ ਉਦੋਂ ਹੀ ਕਿਹਾ ਸੀ ਕਿ ਇਹ ਖੇਡਾਂ ਇਸ ਦੇਸ਼ ਦੇ ਭਵਿੱਖ ਨੂੰ ਭੁਆਂਟਣੀ ਦੇ ਦੇਣਗੀਆਂ, ਪਰ ਉਹ ਪ੍ਰਵਾਹ ਨਹੀਂ ਸੀ ਕਰਦਾ। ਆਪਣੇ ਖਾਸ ਜੋਟੀਦਾਰ ਹੀ ਉਸ ਲਈ ਸਭ ਤੋਂ ਵੱਡੇ ਸਲਾਹਕਾਰ ਸਨ, ਲੋਕਾਂ ਵਿਚ ਭਾਵੇਂ ਉਹ ਸਿਰੇ ਦੇ ਬਦਨਾਮ ਸਨ। ਪਾਰਟੀ ਤੇ ਦੇਸ਼ ਵਾਸਤੇ ਉਮਰ ਦੀ ਅੱਧੀ ਸਦੀ ਤੋਂ ਵੱਧ ਲਾ ਚੁਕੇ ਆਗੂਆਂ ਨੂੰ ਉਸ ਨੇ ਪਿੱਛੇ ਧੱਕ ਛੱਡਿਆ ਸੀ। ਉਸ ਦੀਆਂ ਉਸ ਵੇਲੇ ਦੀਆਂ ਕੀਤੀਆਂ ਨੂੰ ਅੱਜ ਉਸ ਦੀ ਪਾਰਟੀ, ਪਰਿਵਾਰ ਅਤੇ ਸਭ ਤੋਂ ਵੱਧ ਉਸ ਦਾ ਪੁੱਤਰ ਭੁਗਤਦਾ ਪਿਆ ਹੈ, ਪਰ ਸਭਨਾਂ ਤੋਂ ਵੱਧ ਨੁਕਸਾਨ ਇਸ ਦੇਸ਼ ਦਾ ਹੋਇਆ ਦਿਖਾਈ ਦਿੰਦਾ ਹੈ, ਜੋ ਸਮਾਂ ਪਾ ਕੇ ਬਹੁਤ ਕਸੂਤੀ ਲੀਹੇ ਪੈ ਗਿਆ ਜਾਪਦਾ ਹੈ।
ਸਾਲ 2019 ਇਹ ਗੱਲ ਬੜੀ ਸਾਫ ਕਰ ਗਿਆ ਹੈ ਕਿ ਭਾਰਤ ਵਿਚ ਬਹੁ-ਗਿਣਤੀ ਦੀ ਫਿਰਕੇਦਾਰੀ ਦੀ ਕਾਂਗ ਇੱਕ ਖਾਸ ਦਿਸ਼ਾ ਵਿਚ ਇਸ ਦੇਸ਼ ਨੂੰ ਲਿਜਾਣ ਲਈ ਆਪਣੀ ਰਫਤਾਰ ਫੜ ਚੁਕੀ ਹੈ। ਕੱਲ੍ਹ ਤੱਕ ਇਸ ਦੇਸ਼ ਨੂੰ ਗਾਂਧੀ, ਨਹਿਰੂ ਦਾ ਦੇਸ਼ ਦੱਸਣ ਵਾਲੇ ਵਿਚਾਰਵਾਨ ਵੀ ਅੱਜ ਉਨ੍ਹਾਂ ਦਾ ਨਾਂ ਲੈਣ ਤੋਂ ਝਿਜਕਣ ਲੱਗੇ ਹਨ ਤੇ ਅਸਲ ਮੁੱਦਾ ਛੇੜਨ ਦੀ ਥਾਂ ਆਰਥਕ ਮੁੱਦਿਆਂ ਜਾਂ ਕਾਨੂੰਨੀ ਨੁਕਤਿਆਂ ਦੀ ਚਰਚਾ ਕਰਨ ਤੱਕ ਸੀਮਤ ਹੋਈ ਜਾ ਰਹੇ ਹਨ।
ਇਨਕਲਾਬ ਦਾ ਨਾਅਰਾ ਅੱਜ ਕੱਲ੍ਹ ਉਹ ਭਾਜਪਾ ਵਰਕਰ ਲਾਉਂਦੇ ਸੁਣਦੇ ਹਨ, ਜੋ ਆਪਣੀ ਰਾਜਨੀਤੀ ਦੇ ਮੁੱਢ ਦੇ ਦਿਨਾਂ ਤੋਂ ਇਨਕਲਾਬ ਤੇ ਇਨਕਲਾਬੀ ਵਿਚਾਰਧਾਰਾ ਜਾਂ ਇਸ ਨਾਲ ਜੁੜੀਆਂ ਸ਼ਖਸੀਅਤਾਂ ਖਿਲਾਫ ਕੂਕਦੇ ਆਏ ਸਨ ਤੇ ਇਸ ਨੂੰ ਆਪਣੀ ਧਾਰਮਿਕਤਾ ਦਾ ਦੁਸ਼ਮਣ ਦੱਸ ਕੇ ਭੰਡਦੇ ਹੁੰਦੇ ਸਨ। ਆਪਣੀ ਵਿਚਾਰਧਾਰਾ ਵਿਚ ਹੋਰ ਓਹਲਿਆਂ ਵਾਂਗ ਉਨ੍ਹਾਂ ਦੇ ਮੂੰਹੋਂ ਨਿਕਲਿਆ ਇਨਕਲਾਬ ਦਾ ਇਹ ਨਾਅਰਾ ਵੀ ਅਸਲ ਵਿਚ ਇਨਕਲਾਬੀ ਸੋਚ-ਧਾਰਾ ਨੂੰ ਢਾਹ ਲਾਉਣ ਦਾ ਇੱਕ ਹੋਰ ਤਰੀਕਾ ਹੈ। ਜਦੋਂ ਇਹੋ ਨਾਅਰਾ ਇਨਕਲਾਬ ਦੇ ਵਿਰੋਧੀਆਂ ਵੱਲੋਂ ਲੱਗਣ ਲੱਗੇਗਾ ਤਾਂ ਇਸ ਦੇ ਅਸਲ ਰਾਹ ਦੇ ਧਾਰਨੀਆਂ ਅਤੇ ਇਸ ਦੀ ਦੁਰਵਰਤੋਂ ਕਰਨ ਵਾਲਿਆਂ ਦਾ ਵਖਰੇਵਾਂ ਕਰਨਾ ਆਮ ਆਦਮੀ ਲਈ ਮੁਸ਼ਕਿਲ ਹੋ ਜਾਵੇਗਾ।
ਤਰੀਕਾ ਕੋਈ ਵੀ ਹੋਵੇ, ਇਸ ਦੀ ਵਰਤੋਂ ਨਾਲ ਹਿੰਦੂ ਧਰਮ ਦੇ ਨਾਂ ‘ਤੇ ਖਾਸ ਸੋਚ ਦੀ ਵਰਤੋਂ ਨਾਲ ਦੇਸ਼ ਦੀ ਸੱਤਾ ਹਾਸਲ ਕਰਨ ਦੇ ਖਾਹਿਸ਼ਮੰਦਾਂ ਦੀ ਨੀਤੀ ਸਪੱਸ਼ਟ ਹੋਈ ਜਾਂਦੀ ਹੈ। ਇਹ ਨੀਤੀ ਪੰਜ ਸਾਲ ਪਹਿਲਾਂ ਉਸ ਚੋਣ ਦੌਰਾਨ ਹੀ ਲਗਭਗ ਸਪੱਸ਼ਟ ਹੋ ਗਈ ਸੀ, ਜਦੋਂ ਕੁਰਸੀ ਵੱਲ ਦੌੜ ਰਹੇ ਆਗੂ ਦੀ ਅਗਵਾਈ ਹੇਠ ਇਸ ਪਾਰਟੀ ਨੇ ਦੇਸ਼ ਦੇ 543 ਹਲਕਿਆਂ ਵਿਚੋਂ ਮਸਾਂ 5 ਸੀਟਾਂ ਉਨ੍ਹਾਂ ਲੋਕਾਂ ਵਾਸਤੇ ਛੱਡੀਆਂ ਸਨ, ਜੋ ਦੇਸ਼ ਵਿਚ 15 ਫੀਸਦੀ ਆਬਾਦੀ ਵਿਚੋਂ ਆਉਂਦੇ ਸਨ। ਇਨ੍ਹਾਂ ਪੰਜਾਂ ਵਿਚੋਂ 3 ਸੀਟਾਂ ਕਸ਼ਮੀਰ ਖੇਤਰ ਵਿਚੋਂ ਸਨ, ਜਿੱਥੇ ਲੋਕਾਂ ਦੀ ਕੁੱਲ ਆਬਾਦੀ ਵਿਚ ਉਹ ਭਾਈਚਾਰਾ ਏਨੀ ਵੱਡੀ ਗਿਣਤੀ ਵਿਚ ਸੀ ਕਿ ਹੋਰ ਕਿਸੇ ਨੂੰ ਟਿਕਟ ਦੇਣ ਬਾਰੇ ਸੋਚਣਾ ਮੁਸ਼ਕਿਲ ਸੀ ਤੇ ਇੱਕ ਸੀਟ ਲਕਸ਼ਦੀਪ ਦੀ ਸੀ, ਜਿੱਥੇ ਉਹ ਭਾਈਚਾਰਾ ਸਤਾਨਵੇਂ ਫੀਸਦੀ ਸੀ। ਬਾਕੀ 539 ਸੀਟਾਂ ਵਿਚੋਂ ਸਿਰਫ ਇੱਕ ਜਣੇ ਨੂੰ ਟਿਕਟ ਦਿੱਤੀ ਗਈ ਤੇ ਉਹ ਵੀ ਮਜਬੂਰੀ ਵਿਚ ਦੇਣ ਪਿਛੋਂ ਆਪਣੇ ਲੋਕਾਂ ਨੂੰ ਇਸ਼ਾਰਾ ਕਰ ਕੇ ਜਿੱਤਣ ਨਹੀਂ ਸੀ ਦਿੱਤਾ।
ਕਮਾਲ ਦੀ ਗੱਲ ਇਹ ਸੀ ਕਿ ਦਬਾਅ ਹੇਠ ਆਈ ਹੋਈ ਘੱਟ-ਗਿਣਤੀ ਨਾਲ ਸਬੰਧ ਦਾ ਪ੍ਰਤੀਕ ਉਹ ਇਕਲੌਤਾ ਆਗੂ ਇਸ ਹਾਰ ਦੀ ਸੱਟ ਖਾਣ ਪਿਛੋਂ ਵੀ ਇਹ ਕਹਿੰਦਾ ਰਿਹਾ ਕਿ ਘੱਟ-ਗਿਣਤੀਆਂ ਦੀ ਖੁਸ਼ਹਾਲੀ ਦਾ ਜਿੰਨਾ ਪੱਧਰ ਇਸ ਰਾਜ ਨੇ ਕਾਇਮ ਕੀਤਾ ਹੈ, ਉਹ ਨਾ ਪਹਿਲਾਂ ਕਦੀ ਹੋਇਆ ਸੀ, ਨਾ ਭਵਿੱਖ ਵਿਚ ਹੋਣ ਦਾ ਸੁਫਨਾ ਲਿਆ ਜਾ ਸਕਦਾ ਹੈ। ਅਸੀਂ ਉਦੋਂ ਲਿਖਿਆ ਸੀ ਕਿ ਪਾਕਿਸਤਾਨ ਬਣਨ ਵੇਲੇ ਇੱਕ ਤੋਤਾ ਰਾਮ ਨਾਂ ਦੇ ਬੰਦੇ ਦਾ ਸਭ ਪਰਿਵਾਰ ਭਾਰਤ ਆ ਗਿਆ ਤੇ ਉਹ ਇਕੱਲਾ ਲਾਹੌਰ ਰਹਿ ਗਿਆ ਸੀ। ਕੁਝ ਸਮੇਂ ਪਿਛੋਂ ਉਹ ਲਾਹੌਰ ਰੇਡੀਓ ਤੋਂ ਉਚੇਚੇ ਪ੍ਰੋਗਰਾਮ ਵਿਚ ਇਹ ਕਹਿੰਦਾ ਸੁਣਿਆ ਜਾਣ ਲੱਗਾ ਸੀ ਕਿ ਜਿੰਨੀ ਖੁਸ਼ਹਾਲੀ ਪਾਕਿਸਤਾਨ ਵਿਚ ਹਿੰਦੂਆਂ ਨੂੰ ਨਸੀਬ ਹੋਈ ਹੈ, ਓਨੀ ਨਹਿਰੂ ਦੇ ਹਿੰਦੁਸਤਾਨ ਵਿਚ ਨਹੀਂ ਹੋ ਸਕਦੀ। ਘੱਟ-ਗਿਣਤੀ ਭਾਈਚਾਰੇ ਦਾ ਉਹ ਮਜਬੂਰੀ ਮਾਰਿਆ ਆਗੂ ਵੀ ਏਦਾਂ ਹੀ ਇਹ ਕਹਿੰਦਾ ਫਿਰਦਾ ਸੀ ਕਿ ਇਸ ਰਾਜ ਵਿਚ ਘੱਟ-ਗਿਣਤੀਆਂ ਦੀ ਖੁਸ਼ਹਾਲੀ ਵਧੀ ਜਾ ਰਹੀ ਹੈ।
ਖੁਸ਼ਹਾਲੀ ਅਤੇ ਅੱਠ ਸੌ ਸਾਲ ਪਿਛੋਂ ‘ਆਪਣਾ ਰਾਜ’ ਦੇ ਨਾਅਰੇ ਨਾਲ ਜਿਸ ਵਰਗਾਂ ਤੋਂ ਵੋਟਾਂ ਲਈਆਂ ਗਈਆਂ ਤੇ ਸੁਫਨੇ ਵਿਖਾਏ ਗਏ ਸਨ, ਉਹ ਅੱਜ ਆਪਣੀ ਬਦਹਾਲੀ ‘ਤੇ ਰੋਂਦੇ ਮਿਲ ਜਾਂਦੇ ਹਨ। ਬਾਜ਼ਾਰਾਂ ਵਿਚ ਕਿਸੇ ਵੀ ਪੱਧਰ ਦੇ ਦੁਕਾਨਦਾਰ ਕੋਲ ਜਾਈਏ, ਉਹ ਇਹੀ ਕਹਿੰਦਾ ਹੈ ਕਿ ਕਾਰੋਬਾਰ ਤਬਾਹ ਹੋ ਗਿਆ ਹੈ। ਉਨ੍ਹਾਂ ਵਿਚੋਂ ਵੱਡਾ ਹਿੱਸਾ ਇਹ ਮੰਨਦਾ ਹੈ ਕਿ ਦੇਸ਼ ਇਸ ਵੇਲੇ ਇੱਕ ਧਰਮ ਦੀ ਸਰਦਾਰੀ ਵਾਲੇ ਉਸ ਰਾਜ ਵੱਲ ਵੱਧ ਰਿਹਾ ਹੈ, ਜਿਸ ਕਾਰਨ ਧਰਮ ਦੇ ਨਾਂ ‘ਤੇ ਚੱਲਣ ਵਾਲੇ ਕਈ ਖੁਸ਼ਹਾਲ ਦੇਸ਼ ਵੀ ਅੰਤ ਨੂੰ ਤਬਾਹੀ ਦੇ ਦ੍ਰਿਸ਼ ਪੇਸ਼ ਕਰ ਰਹੇ ਹਨ।
ਹੋਸ਼ਮੰਦ ਵਰਗਾਂ ਵਿਚ ਇਹ ਧਾਰਨਾ ਲਗਭਗ ਸਪੱਸ਼ਟ ਹੋਈ ਜਾਂਦੀ ਹੈ ਕਿ ਦੇਸ਼ ਇੱਕ ਧਰਮ ਦੀ ਸਰਦਾਰੀ ਵੱਲ ਵਧਦਾ ਜਾਂਦਾ ਤੇ ਦੂਜੇ ਧਰਮਾਂ ਵੱਲ ਸਹਿ-ਹੋਂਦ ਬੀਤੇ ਦੀ ਗੱਲ ਹੋ ਗਈ ਮੰਨਣ ਦਾ ਮੌਕਾ ਆ ਸਕਦਾ ਹੈ। ਇਥੇ ਆ ਕੇ ਇੱਕ ਹੋਰ ਉਲਝਣ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਿ ਲੋਕਾਂ ਸਾਹਮਣੇ ਇਸ ਦਾ ਕੋਈ ਰਾਜਸੀ ਬਦਲ ਵੀ ਪੇਸ਼ ਨਹੀਂ ਹੋ ਰਿਹਾ।
ਅੱਜ ਦੀ ਤਰੀਕ ਵਿਚ ਵੀ ਇਸ ਦੇਸ਼ ਦੇ ਜਮਹੂਰੀ ਢਾਂਚੇ ਵਿਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਕਾਂਗਰਸ ਹੈ, ਜਿਸ ਵੱਲ ਕਈ ਲੋਕ ਅਜੇ ਵੀ ਆਸ ਨਾਲ ਵੇਖ ਰਹੇ ਹਨ। ਉਸ ਪਾਰਟੀ ਦੀ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਉਹ ਨਹਿਰੂ-ਗਾਂਧੀ ਪਰਿਵਾਰ ਤੋਂ ਬਾਹਰਲੀ ਫਿਜ਼ਾ ਵਿਚ ਉਡਣ ਜੋਗਾ ਕੋਈ ਪਰਿੰਦਾ ਵੀ ਪਸੰਦ ਨਹੀਂ ਕਰਦੀ। ਇਸ ਮੋੜ ‘ਤੇ ਆਣ ਕੇ ਵੀ ਨਹਿਰੂ-ਗਾਂਧੀ ਪਰਿਵਾਰ ਦੇ ਜਿਨ੍ਹਾਂ ਅਜੋਕੇ ਵਾਰਸਾਂ ਵਾਸਤੇ ਇਹ ਪਾਰਟੀ ਅੱਖਾਂ ਵਿਛਾਈ ਫਿਰਦੀ ਹੈ, ਉਹ ਵਕਤ ਦੀ ਰਾਜਨੀਤੀ ਦੇ ਹਾਣ ਦੇ ਨਹੀਂ ਜਾਪਦੇ।
ਰਾਹੁਲ ਗਾਂਧੀ ਆਪਣੀ ਕਾਰਗੁਜ਼ਾਰੀ ਵਿਚ ਅਸਲੋਂ ਨਿਕੰਮਾ ਸਾਬਤ ਹੋਇਆ ਤੇ ਪਾਰਲੀਮੈਂਟ ਵਿਚ ਅੱਖ ਮਾਰਨ ਅਤੇ ਪ੍ਰਧਾਨ ਮੰਤਰੀ ਨੂੰ ਬਦੋਬਦੀ ਦੀ ਜੱਫੀ ਪਾਉਣ ਦੇ ਨਾਲ ਆਪਣੀ ਸਥਿਤੀ ਹਾਸੋਹੀਣਾ ਕਰਨ ਤੋਂ ਅੱਗੇ ਨਹੀਂ ਸੀ ਵਧ ਸਕਿਆ। ਹਰ ਸਾਲ ਉਹ ਦੇਸ਼ ਤੋਂ ਬਾਹਰ ਛੁੱਟੀਆਂ ਮਨਾਉਣ ਜਾਂਦਾ ਹੈ ਤਾਂ ਉਸ ਦੇ ਦੌਰੇ ਵਾਲੇ ਦੇਸ਼ਾਂ ਬਾਰੇ ਕਈ ਤਰ੍ਹਾਂ ਦੀ ਨਵੀਂ ਚਰਚਾ ਛਿੜੀ ਸੁਣ ਜਾਂਦੀ ਹੈ। ਉਸ ਦੀ ਭੈਣ ਕੋਲ ਪ੍ਰਤਿਭਾ ਹੈ, ਬੋਲ-ਬਾਣੀ ਵਿਚ ਰਸ ਵੀ ਹੈ ਤੇ ਸਿੱਧੇ ਜਵਾਬ ਦੇਣ ਦੀ ਦਲੀਲ ਵੀ, ਪਰ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਉਸ ਦਾ ਨਾਲਾਇਕ ਪਤੀ ਹੈ, ਜਿਸ ਦੇ ਭ੍ਰਿਸ਼ਟਾਚਾਰ ਦੇ ਕਿੱਸਿਆਂ ਕਾਰਨ ਉਹ ਇਸ ਦੇਸ਼ ਵਿਚ ਖਾਸ ਅੱਗੇ ਵਧਣ ਜੋਗੀ ਨਹੀਂ।
ਕਾਂਗਰਸ ਦੇ ਜਿਸ ਲੀਡਰ ਪ੍ਰਿਅੰਕਾ ਗਾਂਧੀ ਨੂੰ ਆਪਣੇ ਭਰਾ ਦੀ ਥਾਂ ਅੱਗੇ ਲਿਆਉਣ ਦਾ ਜੋ ਸਾਂਗ ਕਰਦੇ ਹਨ, ਉਨ੍ਹਾਂ ਵਿਚੋਂ ਕਈ ਆਗੂ ਖੁਦ ਹੀ ਇਸ ਵਕਤ ਭਾਜਪਾ ਵਿਚ ਦਾਖਲੇ ਦੀ ਵੇਟਿੰਗ ਲਿਸਟ ਵਿਚ ਦੱਸੇ ਜਾਂਦੇ ਹਨ। ਕਦੀ ਬਹੁਗੁਣਾ ਪਰਿਵਾਰ ਉਨ੍ਹਾਂ ਦਾ ਭਗਤ ਹੁੰਦਾ ਸੀ, ਫਿਰ ਕੁਰਸੀਆਂ ਖਾਤਰ ਭਾਜਪਾ ਵਿਚ ਚਲਾ ਗਿਆ ਅਤੇ ਏਦਾਂ ਹੀ ਕਈ ਰਾਜਾਂ ਦੇ ਪੁਰਾਣੇ ਕਾਂਗਰਸੀਆਂ ਨੇ ਐਨ ਚੋਣਾਂ ਸਿਰ ‘ਤੇ ਆਈਆਂ ਤੋਂ ਪਾਰਟੀ ਨੂੰ ਠਿੱਬੀ ਮਾਰੀ ਅਤੇ ਮੋਦੀ-ਚਾਲੀਸਾ ਪੜ੍ਹਨ ਜਾ ਲੱਗੇ ਸਨ।
ਇਸ ਵਾਰੀ ਦੇ ਨਵੇਂ ਸਾਲ ਮੌਕੇ ਦੇਸ਼ ਦੀ ਸਿਆਸਤ ਵਿਚ ਦੋ ਗੱਲਾਂ ਦੀ ਸਪੱਸ਼ਟਤਾ ਲੱਭ ਸਕਦੀ ਹੈ ਤੇ ਤੀਜੀ ਬਾਰੇ ਉਲਝਣ ਹੈ। ਸਪੱਸ਼ਟਤਾ ਵਾਲੀਆਂ ਦੋ ਗੱਲਾਂ ਵਿਚੋਂ ਇੱਕ ਇਹ ਹੈ ਕਿ ਸਰਕਾਰ ਇਸ ਦਾ ਐਲਾਨ ਕਰੇ ਜਾਂ ਨਾ, ਇਹ ਦੇਸ਼ ਇਸ ਵੇਲੇ ਇੱਕ ਧਰਮ ਦੇ ਰਾਜ ਵਾਲੀ ਲੀਹ ਵੱਲ ਨੂੰ ਖਿਸਕ ਰਿਹਾ ਹੈ। ਦੂਜੀ ਗੱਲ ਇਹ ਕਿ ਜਿਨ੍ਹਾਂ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਤੇ ਉਹ ਇਸ ਦੇ ਕਿਸੇ ਬਦਲ ਦੀ ਤਲਾਸ਼ ਵਿਚ ਹਨ, ਉਨ੍ਹਾਂ ਮੂਹਰੇ ਬਦਲ ਪਰੋਸਣ ਲਈ ਕਾਂਗਰਸ ਪਾਰਟੀ ਜਿਸ ਪਰਿਵਾਰ ਤੋਂ ਅਜੇ ਤੱਕ ਆਸ ਲਾਈ ਬੈਠੀ ਹੈ, ਉਸ ਦੇ ਤਿਲਾਂ ਵਿਚ ਤੇਲ ਨਹੀਂ ਅਤੇ ‘ਉਹ ਦਿਨ ਡੁੱਬਾ, ਜਦ ਘੋੜੀ ਚੜ੍ਹਿਆ ਕੁੱਬਾ’ ਦਾ ਮੁਹਾਵਰਾ ਕਿਹਾ ਜਾ ਸਕਦਾ ਹੈ। ਤੀਜੀ ਪੁੱਛਣਾ ਕਿਸੇ ਹੋਰ ਬਦਲ ਦੇ ਬਾਰੇ ਹੁੰਦੀ ਹੈ ਤਾਂ ਇਸ ਦੀ ਅਜੇ ਕੋਈ ਸਪੱਸ਼ਟਤਾ ਨਹੀਂ ਲੱਭਦੀ। ਕਿਸੇ ਵੀ ਕਿਸਮ ਦੇ ਰਾਜ ਦਾ ਵਿਰੋਧ ਕਰਨਾ ਹੋਵੇ ਤਾਂ ਉਸ ਲਈ ਵਿਰੋਧ ਕਰਨ ਜੋਗੇ ਨੇਤਾ ਦੀ ਲੋੜ ਹੁੰਦੀ ਹੈ, ਤੇ ਇਹੋ ਗੱਲ ਹੈ, ਜਿਸ ਦੇ ਅਜੇ ਤੱਕ ਸੰਕੇਤ ਨਹੀਂ ਮਿਲਦੇ।