ਅਮੋਲਕ ਸਿੰਘ ਜੰਮੂ
ਫੋਨ: 847-359-0746
‘ਪੰਜਾਬੀ ਟ੍ਰਿਬਿਊਨ’ ‘ਚ ਪਰੂਫ ਰੀਡਰ ਵਜੋਂ ਜਾਇਨ ਕਰ ਲੈਣ ਦੇ ਸ਼ੁਰੂਆਤੀ ਮਹੀਨਿਆਂ ਵਿਚ ਹੀ ਸੰਪਾਦਕ ਬਰਜਿੰਦਰ ਸਿੰਘ ਵਲੋਂ ਮੈਨੂੰ ਸਬ ਐਡੀਟਰ ਬਣਾਉਣ ਬਾਰੇ ਇਸ਼ਾਰਾ ਦਿਤੇ ਜਾਣ ਕਰਕੇ ਮੇਰੇ ਅੰਦਰ ਕਾਲਜ ਅਧਿਆਪਕ ਬਣਨ ਦੀ ਥਾਂ ਪੰਜਾਬੀ ਟ੍ਰਿਬਿਊਨ ਵਿਚ ਹੀ ਡਟੇ ਰਹਿਣ ਅਤੇ ਸਬ ਐਡੀਟਰ ਬਣਨ ਲਈ ਕੋਸ਼ਿਸ਼ ਜਾਰੀ ਰਖਣ ਦੀ ਲੋਚਾ ਜੋਰ ਫੜ ਗਈ ਸੀ, ਬੇਸ਼ਕ ਪਹਿਲੇ ਗੇੜ ਵਿਚ ਮੈਂ ਇਸ ਮਾਮਲੇ ‘ਚ ਕਾਮਯਾਬ ਨਹੀਂ ਸੀ ਹੋ ਸਕਿਆ।
ਗੁਰਦਿਆਲ ਬੱਲ ਨਾਲ ਤਾਂ ਮੇਰੀ ਪਹਿਲੇ ਦਿਨ ਤੋਂ ਹੀ ਨੇੜਤਾ ਬਣ ਗਈ ਸੀ ਪਰ ਉਦੋਂ ਤਕ ਕਰਮਜੀਤ ਭਾਅ ਜੀ ਨਾਲ ਵੀ ਮੇਰਾ ਚੰਗਾ ਪ੍ਰੇਮ ਬਣ ਚੁਕਾ ਸੀ। ਮੈਨੂੰ ਉਨ੍ਹਾਂ ਵਿਚੋਂ ਇਕ ਵਡੇ ਭਰਾ, ਇਕ ਮਾਰਗਦਰਸ਼ਕ ਦਾ ਅਕਸ਼ ਲਭਦਾ। ਉਹ ਵੀ ਮੇਰੇ ਨਾਲ ਚੋਖਾ ਪਿਆਰ ਜਤਾਉਂਦੇ। ਸ਼ਮਸ਼ੇਰ ਦੇ ਆਉਣ ਤੋਂ ਸਾਲ-ਡੇਢ ਸਾਲ ਬਾਅਦ ਪੰਜਾਬੀ ਟ੍ਰਿਬਿਊਨ ਵਿਚ ਸਬ ਐਡੀਟਰ ਦੀਆਂ ਦੋ ਪੋਸਟਾਂ ਨਿਕਲੀਆਂ। ਮੈਨੂੰ ਪਰੂਫ ਰੀਡਿੰਗ ਸੈਕਸ਼ਨ ਦੇ ਪਿੰਜਰੇ ਵਿਚੋਂ ਨਿਕਲਣ ਦੀ ਇਕ ਵਾਰ ਮੁੜ ਆਸ ਜਾਗੀ ਅਤੇ ਮੈਂ ਆਪਣੇ ਵਲੋਂ ਹੰਭਲਾ ਵੀ ਪੂਰਾ ਮਾਰਿਆ। ਸਬ ਐਡੀਟਰ ਲਈ ਪਹਿਲਾਂ ਟੈਸਟ ਤੇ ਫਿਰ ਇੰਟਰਵਿਊ ਹੋਈ। ਮੇਰਾ ਟੈਸਟ ਵੀ ਚੰਗਾ ਰਿਹਾ ਤੇ ਇੰਟਰਵਿਊ ਵੀ। ਟ੍ਰਿਬਿਊਨ ਦੇ ਅੰਦਰੋਂ ਸੁਰਿੰਦਰ ਸਿੰਘ ਤੇਜ ਜੋ ਉਨ੍ਹੀਂ ਦਿਨੀਂ ਇਸ਼ਤਿਹਾਰਾਂ ਦੇ ਟਰਾਂਸਲੇਟਰ ਵਜੋਂ ਕੰਮ ਕਰਦੇ ਸਨ (ਅਤੇ ਅਜਕਲ੍ਹ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਐਡੀਟਰ ਹਨ), ਵੀ ਉਮੀਦਵਾਰ ਸਨ। ਉਹ ਬਹੁਤ ਹੀ ਮਿਹਨਤੀ ਹਨ ਅਤੇ ਉਨ੍ਹਾਂ ਦੀ ਮਿਹਨਤ ਦਾ ਸਿੱਕਾ ਅਜ ਤਕ ਵੀ ਪੰਜਾਬੀ ਟ੍ਰਿਬਿਊਨ ਵਿਚ ਮੰਨਿਆ ਜਾਂਦਾ ਹੈ। ਹੋਰ ਉਮੀਦਵਾਰਾਂ ਦੇ ਨਾਲ ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ ਵਿਚ ਕਲਰਕ ਵਜੋਂ ਨੌਕਰੀ ਕਰਦਾ ਅਸ਼ੋਕ ਸਰਮਾ ਵੀ ਉਮੀਦਵਾਰ ਸੀ। ਉਸ ਦੀ ਉਥੋਂ ਦੇ ਸ਼ਾਇਰ ਸ਼ਹਿਰਯਾਰ ਨਾਲ ਨੇੜਤਾ ਵੀ ਸੁਣੀਂਦੀ ਸੀ। ਕਰਮਜੀਤ ਭਾਅ ਜੀ ਵੀ ਅੰਮ੍ਰਿਤਸਰ ਟੈਲੀਵੀਜ਼ਨ ਤੇ ਆਪਣੀ ਨੌਕਰੀ ਦੌਰਾਨ ਸ਼ਹਿਰਯਾਰ ਦੇ ਸੰਪਰਕ ਵਿਚ ਰਹੇ ਸਨ।
ਬਰਜਿੰਦਰ ਭਾਅ ਜੀ ਤੀਜੀ ਮੰਜਿਲ ‘ਤੇ ਇੰਟਰਵਿਊ ਵਾਲੇ ਕਮਰੇ ਵਿਚੋਂ ਉਠ ਕੇ ਉਚੇਚਾ ਹੇਠਾਂ ਜਮੀਨੀ ਮੰਜਿਲ ‘ਤੇ ਨਿਊਜ਼ ਰੂਮ ਵਿਚ ਬੈਠੇ ਕਰਮਜੀਤ ਭਾਅ ਜੀ ਪਾਸ ਆਏ ਅਤੇ ਉਨ੍ਹਾਂ ਤੋਂ ਸਲਾਹ ਪੁਛੀ ਕਿ ਟੈਸਟ ਅਤੇ ਇੰਟਰਵਿਊ ਵਿਚ ਅਮੋਲਕ ਚੰਗਾ ਰਿਹਾ ਹੈ ਪਰ ਮੈਨੂੰ ਅਸ਼ੋਕ ਸ਼ਰਮਾ ਵੀ ਠੀਕ ਲੱਗਾ ਹੈ, ਕਿਵੇਂ ਕਰਾਂ? ਸ਼ਾਇਦ ਉਨ੍ਹਾਂ ਦੇ ਮਨ ਵਿਚ ਕਿਧਰੇ ਇਹ ਵੀ ਸੀ ਕਿ ਬਾਕੀ ਸਾਰਾ ਸਟਾਫ ਉਨ੍ਹਾਂ ਸਿੱਖਾਂ ਵਿਚੋਂ ਰਖਿਆ ਹੈ, ਕਿਸੇ ਹਿੰਦੂ ਨੂੰ ਵੀ ਰਖ ਲਵਾਂ, ਤਾਂ ਜੋ ਕਲ੍ਹ ਨੂੰ ਕੋਈ ਸਵਾਲ ਨਾ ਉਠੇ। ਉਦੋਂ ਤਕ ਟ੍ਰਿਬਿਊਨ ਵਿਚ 90% ਤੋਂ ਵੱਧ ਸਟਾਫ ਹਿੰਦੂ ਭਾਈਚਾਰੇ ਵਿਚੋਂ ਹੀ ਸੀ ਅਤੇ ਸਿਰਫ ਪੰਜਾਬੀ ਟ੍ਰਿਬਿਊਨ ਦਾ ਸਟਾਫ ਹੀ ਸੀ ਜਿਸ ਵਿਚ ਸਾਰੇ ਸਿੱਖ ਸਨ। ਕਰਮਜੀਤ ਭਾਅ ਜੀ ਅੰਮ੍ਰਿਤਸਰ ਰਹਿਣ ਦੇ ਆਪਣੇ ਵੇਲਿਆਂ ਤੋਂ ਅਸ਼ੋਕ ਸ਼ਰਮੇ ਦੇ ਵਾਕਫ ਤਾਂ ਸਨ ਹੀ। ਉਹ ਚਾਹ ਕੇ ਵੀ ਮੇਰੇ ਹੱਕ ਵਿਚ ਬੋਲਣ ਦੀ ਥਾਂ ਇਨਾ ਹੀ ਕਹਿ ਸਕੇ, ਦੇਖ ਲਓ, ਅਸ਼ੋਕ ਵੀ ਠੀਕ ਹੈ। ਬਰਜਿੰਦਰ ਭਾਅ ਜੀ ਨੂੰ ਸ਼ਾਇਦ ਇੰਨਾ ਕੁ ਇਸ਼ਾਰਾ ਹੀ ਕਾਫੀ ਸੀ, ਸੋ ਉਨ੍ਹਾਂ ਫੈਸਲਾ ਅਸ਼ੋਕ ਦੇ ਹੱਕ ਵਿਚ ਦੇ ਦਿਤਾ ਤੇ ਮੈਂ ਫਿਰ ਰਹਿ ਗਿਆ। ਮੈਨੂੰ ਅਜ ਤਕ ਵੀ ਸਮਝ ਨਹੀਂ ਆ ਸਕੀ ਕਿ ਕਰਮਜੀਤ ਭਾਅ ਜੀ ਉਸ ਵਕਤ ਮੇਰੇ ਹੱਕ ਵਿਚ ਕਿਉਂ ਨਾ ਬੋਲ ਸਕੇ! ਉਂਜ ਬਾਅਦ ਵਿਚ ਉਨ੍ਹਾਂ ਨੂੰ ਇਸ ਗੱਲ ਦਾ ਪਛਤਾਵਾ ਵੀ ਰਿਹਾ। ਪ੍ਰੰਤੂ ਇੱਕ ਭੇਤ ਜੋ ਅਸ਼ੋਕ ਨੇ ਪਿੱਛੋਂ ਖੁਦ ਹੀ ਸਾਡੇ ਕਿਸੇ ਸਾਥੀ ਨਾਲ ਸਾਂਝਾ ਕੀਤਾ ਉਹ ਉਸ ਵੱਲੋਂ ਬਰਜਿੰਦਰ ਸਿੰਘ ਦੇ ਨਾਂ ਨਵਤੇਜ ਸਿੰਘ ਪ੍ਰੀਤਲੜੀ ਦੀ ਲਿਆਂਦੀ ਸੰਖੇਪ ਜਿਹੀ ਚਿੱਠੀ ਬਾਰੇ ਸੀ। ਨਵਤੇਜ ਸਿੰਘ ਨੇ ਇੰਨਾ ਹੀ ਲਿਖਿਆ ਸੀ, ‘ਅਸ਼ੋਕ ਮੇਰਾ ਅਜੀਜ਼ ਹੈ, ਉਸ ਦਾ ਕੇਸ ਹਮਦਰਦੀ ਨਾਲ ਵਿਚਾਰ ਲਿਆ ਜਾਵੇ।’ ਸ਼ਾਇਦ ਨਵਤੇਜ ਸਿੰਘ ਦੇ ਉਹ ਚਾਰ ਕੁ ਨਿਮਰ ਜਿਹੇ ਸ਼ਬਦ ਹੀ ਮੇਰੇ ਸਾਰੇ ਸੁਪਨਿਆਂ ਅਤੇ ਉਮੀਦਾਂ ‘ਤੇ ਪਾਣੀ ਫੇਰ ਗਏ। ਪਿਛੋਂ ਪਤਾ ਲੱਗਾ, ਉਸ ਪਾਸ ਚੰਡੀਗੜ੍ਹ ਦੇ ਇਕ ਹਿੰਦੂ ਆਗੂ ਮੋਹਨ ਲਾਲ ਸ਼ਰਮਾ ਦੀ ਸਿਫਾਰਸ਼ ਵੀ ਸੀ।
ਇਹ ਵਖਰੀ ਗੱਲ ਹੈ ਕਿ ਜਦੋਂ ਅਸ਼ੋਕ ਸ਼ਰਮਾ ਨੇ ਖਬਰ ਬਣਾਉਂਦਿਆਂ ਟਰੇਡ ਯੂਨੀਅਨ ਦਾ ਅਨੁਵਾਦ ‘ਵਪਾਰ ਯੂਨੀਅਨ’ ਕੀਤਾ ਅਤੇ ਅਜਿਹੀਆਂ ਹੋਰ ਕਈ ਗਲਤੀਆਂ ਕੀਤੀਆਂ ਤਾਂ ਸੰਪਾਦਕ ਨੂੰ ਆਪਣੇ ਫੈਸਲੇ ‘ਤੇ ਕੁਝ ਪਛਤਾਵਾ ਵੀ ਹੋਇਆ ਪਰ ਉਦੋਂ ਤਕ ਬਹੁਤ ਦੇਰ ਹੋ ਚੁਕੀ ਸੀ। (ਅਸ਼ੋਕ ਸ਼ਰਮਾ ਬਾਅਦ ਵਿਚ ਤਰੱਕੀ ਕਰਕੇ ਅਸਿਸਟੈਂਟ ਐਡੀਟਰ ਵਜੋਂ ਰਿਟਾਇਰ ਹੋਇਆ।) ਮੈਨੂੰ ਪਰੂਫ ਰੀਡਰੀ ਦੇ ਗੇੜ ਵਿਚੋਂ ਕੱਢਣ ਅਤੇ ਆਪਣੇ ਫੈਸਲੇ ‘ਤੇ ਇਕ ਤਰ੍ਹਾਂ ਦੇ ਪਛਤਾਵੇ ਵਜੋਂ ਬਰਜਿੰਦਰ ਭਾਅ ਜੀ ਨੇ ਆਪ ਆਖ ਕੇ ਸੁਰਿੰਦਰ ਸਿੰਘ ਤੇਜ ਵਾਲੀ ਖਾਲੀ ਹੋਈ ਇਸ਼ਤਿਹਾਰ ਅਨੁਵਾਦਕ ਵਾਲੀ ਜਗ੍ਹਾ ‘ਤੇ ਮੈਨੂੰ ਰਖਵਾ ਦਿਤਾ। ਮੈਂ ਵੀ ਸੋਚਿਆ, ਚਲੋ ਇਕ ਗੇੜ ਵਿਚੋਂ ਤਾਂ ਨਿਕਲੇ। ਇਹ ਗੱਲ 1980 ਦੀ ਹੈ।
ਇਨ੍ਹਾਂ ਹੀ ਦਿਨਾਂ ਵਿਚ ਟ੍ਰਿਬਿਊਨ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਮੁਲਾਜ਼ਮ ਯੂਨੀਅਨ ਬਣੀ। ਪ੍ਰਧਾਨ ਬਣੇ ਬਾਲ ਕ੍ਰਿਸ਼ਨ ਸੈਣੀ ਦੀ ਪ੍ਰੇਰਣਾ ਅਤੇ ਆਪਣੇ ਅੰਦਰਲੇ ਜਵਾਨੀ ਦੇ ਜੋਸ਼ ਕਰਕੇ ਮੈਂ ਯੂਨੀਅਨ ਦੇ ਪਹਿਲੇ ਮੈਂਬਰਾਂ ਵਿਚ ਸ਼ਾਮਲ ਹੋ ਗਿਆ। ਇਕ ਦੋ ਵਾਰ ਮੁਲਾਜ਼ਮਾਂ ਦੇ ਹੱਕਾਂ ਦੀ ਗੱਲ ਚਲੀ ਤਾਂ ਇਸੇ ਜੋਸ਼ ਕਰਕੇ ਮੈਂ ਆਪਣੇ ਮੈਨੇਜਰ ਨਾਲ ਖਹਿਬੜ ਵੀ ਪਿਆ। ਮੈਨੇਜਰ ਸੱਤਪਾਲ ਸ਼ਰਮਾ ਸਿਆਣਾ ਸੀ, ਉਸ ਮੈਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰæææ। ਮੁਲਾਜ਼ਮਾਂ ਵਿਚ ਪ੍ਰਬੰਧਕਾਂ ਦੇ ਚਾਪਲੂਸਾਂ ਦੀ ਵੀ ਕੋਈ ਕਮੀ ਨਹੀਂ ਸੀ ਜੋ ਨਿਕੀ ਨਿਕੀ ਗੱਲ ਜਨਰਲ ਮੈਨੇਜਰ ਰੁਲੀਆ ਰਾਮ ਸ਼ਰਮਾ ਤਕ ਪਹੁੰਚਦੀ ਕਰਦੇ। ਦੇਸ਼ ਦੀ ਵੰਡ ਪਿਛੋਂ ਜਦੋਂ ਲਾਹੌਰ ਤੋਂ ਟ੍ਰਿਬਿਊਨ ਪਹਿਲਾਂ ਸ਼ਿਮਲੇ, ਫਿਰ ਅੰਬਾਲੇ ਤੇ ਉਸ ਪਿਛੋਂ ਚੰਡੀਗੜ੍ਹ ਆਇਆ ਤਾਂ ਤਿੰਨ ਦਹਾਕੇ ਤੋਂ ਵੱਧ ਜਨਰਲ ਮੈਨੇਜਰ ਰਹੇ ਰੁਲੀਆ ਰਾਮ ਸ਼ਰਮਾ ਨੇ ਟ੍ਰਿਬਿਊਨ ਨੂੰ ਇਕ ਮਜਬੂਤ ਸੰਸਥਾ ਵਜੋਂ ਖੜਾ ਕਰਨ ਵਿਚ ਬਹੁਤ ਅਹਿਮ ਰੋਲ ਨਿਭਾਇਆ। ਮੁਲਾਜ਼ਮਾਂ ਦੇ ਹਿਤਾਂ ਦਾ ਵੀ ਉਹ ਕਾਫੀ ਖਿਆਲ ਰਖਦਾ। ਇਸੇ ਕਰਕੇ ਟ੍ਰਿਬਿਊਨ ਦੇ ਮੁਲਾਜ਼ਮਾਂ ਨੂੰ ਪੂਰੇ ਹਿੰਦੁਸਤਾਨ ਵਿਚ ਇਕ ਅੱਧ ਅਖਬਾਰ ਨੂੰ ਛਡ ਕੇ ਸਭ ਤੋਂ ਵਧੀਆ ਤਨਖਾਹ ਤੇ ਸਹੂਲਤਾਂ ਮਿਲਦੀਆਂ ਸਨ। ਮੁਲਾਜਮਾਂ ਦੇ ਰਹਿਣ ਲਈ ਕਲੋਨੀ ਬਣਾਉਣ ਵਾਲੀ ਵੀ ਸ਼ਾਇਦ ਇਹੋ ਇਕ ਅਖਬਾਰੀ ਸੰਸਥਾ ਸੀ। ਪਰ ਉਹ ਸਖਤ ਵੀ ਬਹੁਤ ਸੀ ਤੇ ਮੁਲਾਜ਼ਮਾਂ ਦੇ ਸਾਹ ਸੂਤ ਕੇ ਰਖਦਾ। ਹਿੰਦੀ ਤੇ ਪੰਜਾਬੀ ਅਖਬਾਰ ਸ਼ੁਰੂ ਹੋਣ ਤੋਂ ਪਹਿਲਾਂ ਉਸ ਅਦਾਰੇ ਵਿਚ ਕਦੀ ਵੀ ਕੋਈ ਮੁਲਾਜ਼ਮ ਯੂਨੀਅਨ ਨਹੀਂ ਸੀ ਬਣਨ ਦਿਤੀ।
ਇਸ਼ਤਿਹਾਰ ਅਨੁਵਾਦਕ ਵਜੋਂ ਮੈਂ ਇਕ ਸਾਲ ਦੀ ਪਰੋਬੇਸ਼ਨ ‘ਤੇ ਸਾਂ। ਇਸੇ ਦੌਰਾਨ ਮੇਰੇ ਪਾਸੋਂ ਇਕ ਤਕਨੀਕੀ ਗਲਤੀ ਹੋ ਗਈ। ਪੱਕੇ ਕਰਨ ਦਾ ਸਮਾਂ ਆਇਆ ਤਾਂ ਯੂਨੀਅਨ ਵਿਚਲੇ ਮੇਰੇ ਰੋਲ ਤੋਂ ਔਖੇ ਹੋਏ ਜਨਰਲ ਮੈਨੇਜਰ ਨੇ ਮੈਨੂੰ ਪੱਕਾ ਨਾ ਕੀਤਾ ਅਤੇ ਵਾਪਸ ਪਰੂਫ ਰੀਡਿੰਗ ਸੈਕਸ਼ਨ ਵਿਚ ਭੇਜ ਦਿਤਾ, ਜਿਥੇ ਮੈਂ ਅਜਿਹਾ ਫਸਿਆ ਕਿ ਮੈਨੂੰ ਫਿਰ ਕਈ ਸਾਲ ਪਰੂਫ ਰੀਡਰੀ ਦਾ ਤਸ਼ੱਦਦ ਸਹਿਣਾ ਪਿਆ। ਮੇਰੇ ਲਈ ਇਹ ਇਕ ਇਕ ਦਿਨ ਜੁਗਾਂ ਬਰਾਬਰ ਬੀਤਿਆ।
‘ਪੰਜਾਬੀ ਟ੍ਰਿਬਿਊਨ’ ਦੇ ਇਤਿਹਾਸ ਵਿਚ ਮੇਰੀ ਇਹ ਹਾਰ ਜਾਂ ਅਸ਼ੋਕ ਸ਼ਰਮਾ ਦੀ ਸਿਲੈਕਸ਼ਨ ਹਾਸ਼ੀਏ ‘ਤੇ ਵਾਪਰੀ ਕਿਸੇ ਆਮ ਸਧਾਰਨ ਘਟਨਾ ਤੋਂ ਵੱਧ ਕੁਝ ਨਹੀਂ ਸੀ। ਅਦਾਰੇ ਦਾ ਆਮ ਪਰਿਵਾਰਕ ਮਾਹੌਲ ਪਹਿਲਾਂ ਵਾਂਗ ਹੀ ਬਰਕਰਾਰ ਸੀ। ਇਸ ਵਿਚ ਫੈਸਲਾਕੁਨ ਮੋੜ ਅਤੇ ਬੜੀ ਹੀ ਨੀਰਸ ਘਰੋਗੀ ਜੰਗ ਦੀ ਸ਼ੁਰੂਆਤ ਦਾ ਮੁੱਢ ਮੇਰੀ ਇਸ ਇੰਟਰਵਿਊ ਤੋਂ ਕੁਝ ਹੀ ਮਹੀਨਿਆਂ ਬਾਅਦ ਉਦੋਂ ਬੱਝਾ ਜਦੋਂ ਨਿਊਜ ਡੈਸਕ ‘ਤੇ ਦਰਜਾਬੰਦੀ ਲਈ ਸਬ ਐਡੀਟਰਾਂ ਵਜੋਂ ਬਰਾਬਰ ਕੰਮ ਕਰ ਰਹੇ ਨਿਊਜ਼ ਡੈਸਕ ਦੇ 10-12 ਮੈਂਬਰਾਂ ਵਿਚੋਂ ਦੋ ਨੂੰ ਚੀਫ ਸਬ ਐਡੀਟਰ ਅਤੇ ਦੋ ਹੋਰਨਾਂ ਨੂੰ ਸੀਨੀਅਰ ਸਬ ਐਡੀਟਰ ਬਣਾਉਣ ਦਾ ਸਵਾਲ ਸਾਹਮਣੇ ਆ ਗਿਆ। ਲੱਗਦਾ ਸੀ ਕਿ ਪ੍ਰਬੰਧਕਾਂ ਨੇ ‘ਤਰੱਕੀਆਂ’ ਦੀ ਇਹ ਸ਼ੁਰਲੀ ਛੱਡ ਕੇ ਹਰਨਾਂ ਦੀ ਡਾਰ ਵਿਚ ਭੇੜੀਆ ਛਡ ਦਿੱਤਾ ਸੀ।। ਸਥਿਤੀ ਦਾ ਵਿਅੰਗ ਇਹ ਸੀ ਕਿ ਦਲਬੀਰ ਸਿੰਘ (ਜਗਤ ਤਮਾਸ਼ਾ) ਜੋ ਸ਼ੁਰੂ ਵਿਚ ਸੁਰਿੰਦਰ ਸਿੰਘ ਬਾਜਵੇ ਦੀ ਜਗ੍ਹਾ ਚੀਫ ਸਬ ਐਡੀਟਰ ਦੀ ਪੋਸਟ ‘ਤੇ ਲਿਆਂਦਾ ਜਾਣਾ ਸੀ, ਉਸ ਨੂੰ ਸੰਪਾਦਕ ਬਣਦਾ ਹੱਕ ਦੇਣ ਲਈ ਹੁਣ ਤਿਆਰ ਹੋਇਆ ਸੀ। ਚੀਫ ਸਬ ਐਡੀਟਰ ਦੀ ਦੂਜੀ ਫੀਤੀ ਕਰਮਜੀਤ ਸਿੰਘ ਜਾਂ ਸੁਰਜੀਤ ਸਿੰਘ-ਦੋਵਾਂ ਵਿਚੋਂ ਕਿਸੇ ਇੱਕ ਨੂੰ ਲੱਗਣੀ ਸੀ। ਪ੍ਰੰਤੂ ਸਥਿਤੀ ਦਾ ਦਿਲਚਸਪ ਪਹਿਲੂ ਇਹ ਸੀ ਕਿ ਇਸ ਮੋੜ ਤੇ ਇੰਟਰਵਿਊ ਦਾ ‘ਪਾਖੰਡ’ ਬੰਦ ਕਰਵਾਉਣ ਅਤੇ ਤਰੱਕੀਆਂ ਸੀਨੀਆਰਟੀ ਦੇ ਹਿਸਾਬ ਮਿਥੇ ਜਾਣ ਦੀ ਮੰਗ ਦਾ ਮੋਹਰੀ ਜਗਦੀਸ਼ ਸਿੰਘ ਬਾਂਸਲ ਬਣਿਆ ਜੋ ਕਿ ਅਕਾਦਮਿਕ ਯੋਗਤਾ ਦੇ ਪੱਖੋਂ ਸਭ ਤੋਂ ਹੇਠਾਂ ਸੀ ਅਤੇ ਜਿਸ ਦਾ ਪੰਜਾਬੀ ਟ੍ਰਿਬਿਊਨ ਡੈਸਕ ਤੇ ਦਾਖਲਾ ਸੰਪਾਦਕ ਦੀ ਮਿਹਰਬਾਨੀ ਤੋਂ ਬਿਨਾਂ ਕੱਤਈ ਸੰਭਵ ਨਹੀਂ ਸੀ। ਜਗਦੀਸ਼ ਬਾਂਸਲ ਦੀ ਹਾਲ ਪਾਹਰਿਆ ਨਾਲ ਕਰਮਜੀਤ ਭਾਅ ਜੀ, ਜਗਤਾਰ ਸਿੱਧੂ ਅਤੇ ਹੋਰ ਲਾਣਾ ਸਟੇਅ ਲੈਣ ਲਈ ਕਚਹਿਰੀ ਵੱਲ ਭੱਜ ਉਠਣ ਲਈ ਤਿਆਰ ਹੋ ਗਿਆ।
ਸੰਪਾਦਕ ਬਰਜਿੰਦਰ ਸਿੰਘ ਉਦੋਂ 33 ਸੈਕਟਰ ਵਿਚ ਰਹਿੰਦੇ ਸਨ ਅਤੇ ਮੈਂ ਵੀ ਇਸੇ ਸੈਕਟਰ ਵਿਚ ਉਨ੍ਹਾਂ ਤੋਂ ਥੋੜੀ ਹੀ ਦੂਰ ਕਿਰਾਏ ਦੀ ਅਨੈਕਸੀ ਵਿਚ ਰਹਿੰਦਾ ਸਾਂ। ਗੁਰਦਿਆਲ ਬੱਲ ਇਸ ਕਸ਼ਮਕਸ਼ ਤੋਂ ਬਹੁਤ ਜਿਆਦਾ ਪ੍ਰੇਸ਼ਾਨ ਸੀ। ਉਸ ਦਾ ਵਿਸ਼ਵਾਸ ਸੀ ਕਿ ਇਸ ਫਜੂਲ ਜਿਹੇ ਨੁਕਤੇ ਲਈ ਅਦਾਰੇ ਦਾ ਪਰਿਵਾਰਕ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਮੈਨੂੰ ਅੱਜ ਵੀ ਯਾਦ ਹੈ ਕਿ ਬੱਲ ਬਾਬਾ ਕੁਝ ਸਟਾਫ ਮੈਂਬਰਾਂ ਵਲੋਂ ਅਦਾਲਤ ਵਿਚ ਕੇਸ ਕੀਤੇ ਜਾਣ ਦੀ ਪਹਿਲੀ ਸ਼ਾਮ ਮੇਰੇ ਘਰੋਂ ਉਠ ਕੇ ਹੀ ਸੰਪਾਦਕ ਦੇ ਘਰ ਉਸ ਨੂੰ ਇਹ ਸੁਝਾਅ ਦੇਣ ਗਿਆ ਸੀ ਕਿ ਉਹ ਦਲਬੀਰ ਦੇ ਨਾਲ ਕਰਮਜੀਤ ਨੂੰ ਵੀ ਚੀਫ ਸਬ ਐਡੀਟਰ ਬਣਾ ਦੇਣ ਦਾ ਬਸ ਵਾਅਦਾ ਕਰ ਦੇਣ। ਹਰੇਕ ਪੱਖੋਂ ਹੱਕ ਵੀ ਉਨ੍ਹਾਂ ਦੋਵਾਂ ਦਾ ਹੀ ਬਣਦਾ ਸੀ। ਸੁਰਜੀਤ ਸਿੰਘ ਅਤੇ ਜਗਦੀਸ਼ ਬਾਂਸਲ ਨੂੰ ਸੀਨੀਅਰ ਸਬ ਐਡੀਟਰ ਬਣਾ ਦਿਤਾ ਜਾਵੇ। ਬੱਲ ਦਾ ਪੈਂਤੜਾ ਸੀ ਕਿ ਸੰਪਾਦਕ ਮਹਿਜ਼ ਇੰਨਾ ਯਕੀਨ ਦਿਵਾ ਦੇਵੇ ਤਾਂ ਉਹ ਕਰਮਜੀਤ, ਦਲਜੀਤ ਅਤੇ ਇੱਕ-ਦੋ ਹੋਰਨਾਂ ਨੂੰ ਕੇਸ ਵਿਚ ਭਾਈਵਾਲ ਬਣਨ ਤੋਂ ਰੋਕ ਲਵੇਗਾ ਅਤੇ ਇਸ ਤਰ੍ਹਾਂ ਮਨਹੂਸ ਮੁਕੱਦਮੇਬਾਜ਼ੀ ਦੀ ਮੁਹਿੰਮ ਰੋਕੀ ਜਾ ਸਕੇਗੀ। ਸੰਪਾਦਕ ਨੇ ਬੜੇ ਪਿਆਰ ਨਾਲ ਬੱਲ ਦੀ ਗੱਲ ਸੁਣੀ, ਬੀਅਰ ਦਾ ਗਲਾਸ ਪਿਆਇਆ ਅਤੇ ਉਸ ਨੂੰ ਇਹ ਆਖ ਕੇ ਵਾਪਸ ਭੇਜ ਦਿੱਤਾ ਕਿ ਫਿਕਰ ਨਾ ਕਰ, ਸਭ ਠੀਕ ਹੀ ਹੋਵੇਗਾ। ਅਗਲੇ ਦਿਨ ਕੋਰਟ ਨੇ ਮੁਕੱਦਮਾ ਦਾਖਲ ਕਰ ਲਿਆ, ਪਰ ਸਟੇਅ ਨਾ ਮਿਲ ਸਕੀ।
ਹਫਤੇ ਕੁ ਬਾਅਦ ਇੰਟਰਵਿਊ ਰਾਹੀਂ ਦਲਬੀਰ ਅਤੇ ਕਰਮਜੀਤ ਨੂੰ ਚੀਫ ਸਬ ਅਤੇ ਜਗਦੀਸ਼ ਬਾਂਸਲ ਦੇ ਹੱਕ ਨੂੰ ਨਜ਼ਰਅੰਦਾਜ਼ ਕਰਕੇ ਸੀਨੀਅਰ ਸਬ ਸੁਰਜੀਤ ਸਿੰਘ ਦੇ ਨਾਲ ਸ਼ਾਮ ਸਿੰਘ ਨੂੰ ਬਣਾ ਦਿੱਤਾ ਗਿਆ। ਸ਼ਾਮ ਸਿੰਘ ਸਾਡਾ ਵੱਡਾ ਭਰਾ ਹੈ, ਉਸ ਨੂੰ ਸ਼ਾਇਦ ਚੰਗਾ ਨਾ ਲੱਗੇ ਪਰ ਉਸ ਦਿਨ ਹਰ ਕਿਸੇ ਦੀ ਜਬਾਨ ‘ਤੇ ਇਹੋ ਗੱਲ ਸੀ ਕਿ ਬਿੱਲੀਆਂ ਦੀ ਲੜਾਈ ਵਿਚ ਬਾਂਦਰ ਬਾਜੀ ਮਾਰ ਗਿਆ। ਇੰਟਰਵਿਊ ਦਾ ਨਤੀਜਾ ਸਾਹਮਣੇ ਆਉਣ ਤੱਕ ਸ਼ਾਮ ਸਿੰਘ ਦਾ ਨਾਂ ਕਿਤੇ ਨਹੀਂ ਸੀ ਬੋਲਦਾ। ਉਸ ਦਾ ਕੋਈ ਦਾਅਵਾ ਵੀ ਨਹੀਂ ਸੀ ਅਤੇ ਨਾ ਉਸ ਬਾਰੇ ਕਿਸੇ ਨੂੰ ਚਿਤ-ਚੇਤਾ ਹੀ ਸੀ। ਮੈਨੂੰ ਉਹ ਸ਼ਾਮ ਚੇਤੇ ਹੈ ਜਦੋਂ ਬੱਲ ਨੇ ਟ੍ਰਿਬਿਊਨ ਕੰਪਲੈਕਸ ਦੇ ਲਾਅਨ ਵਿਚ ਸ਼ਾਮ ਸਿੰਘ ਨੂੰ ਪੂਰੇ ਜ਼ੋਰ ਨਾਲ ਬਰਜਿੰਦਰ ਭਾਅ ਜੀ ਦੇ ਦਫਤਰ ਉਨ੍ਹਾਂ ਨੂੰ ਇਹ ਜਚਾਉਣ ਲਈ ਧੱਕਿਆ ਸੀ ਕਿ ਉਹ ਦਲਬੀਰ ਅਤੇ ਕਰਮਜੀਤ ਸਿੰਘ ਨੂੰ ਚੀਫ ਸਬ ਬਣਾ ਕੇ ਸੁਰਜੀਤ ਸਿੰਘ ਅਤੇ ਬਾਂਸਲ ਨੂੰ ਸੀਨੀਅਰ ਸਬ ਬਣਾਉਣ ਦਾ ਯਕੀਨ ਦਵਾ ਦੇਣ ਤਾਂ ਕਿ ਨਿਊਜ਼ ਰੂਮ ਦਾ ਮਾਹੌਲ ਸਦਭਾਵਨਾ ਵਾਲਾ ਬਣਿਆ ਰਹੇ। ਪ੍ਰੰਤੂ ਸ਼ਾਮ ਸਿੰਘ ਨੂੰ ਉਹ ਧੱਕਾ ਕੁੱਬੇ ਨੂੰ ਲੱਤ ਮਾਰਨ ਵਾਂਗ ਰਾਸ ਆ ਗਿਆ। ਉਸ ਵੇਂਹਦਿਆਂ-ਵੇਂਹਦਿਆਂ ਹੀ ਕਿੰਗ ਮੇਕਰ ਦੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿਤੀ।
ਭਾਅ ਜੀ ਕਰਮਜੀਤ ਜਗਦੀਸ਼ ਬਾਂਸਲ ਨਾਲ ਲੱਗ ਕੇ ਕਚਹਿਰੀ ਵੱਲ ਨੁੰ ਕਿਉਂ ਭੱਜ ਉਠੇ? ਇਸ ਬਾਰੇ ਜਦੋਂ ਸੋਚਦਾ ਹਾਂ ਤਾਂ ਇੱਕ ਘਟਨਾ ਚੇਤੇ ‘ਚ ਉਭਰਦੀ ਹੈ। ਉਨ੍ਹੀਂ ਦਿਨੀਂ ਖਾੜਕੂ ਲਹਿਰ ਦਾ ਖੜਕਾ-ਦੜਕਾ ਸ਼ੁਰੂ ਹੋ ਚੁੱਕਾ ਸੀ ਅਤੇ ਦਹੇੜੂ ਕਾਂਡ ਵਾਪਰ ਕੇ ਹਟਿਆ ਸੀ। ਪੱਟੀ, ਤਰਨਤਾਰਨ ਅਤੇ ਹੋਰ ਕਈ ਥਾਂਈਂ ਖਾੜਕੂ ਅਜਿਹੇ ਕਾਂਡ ਕਰ ਚੁੱਕੇ ਸਨ। ਭਾਅ ਜੀ ਕਰਮਜੀਤ ਨੂੰ ਇਸ ਵਰਤਾਰੇ ਤੋਂ ਲੱਗਦਾ ਸੀ ਕਿ ਸਿੱਖਾਂ ਵਿਚ ਮੁੜ 18ਵੀਂ ਸਦੀ ਵਾਲਾ ਲੜ ਮਰਨ ਦਾ ਜਜ਼ਬਾ ਉਭਰ ਰਿਹਾ ਹੈ। ਇਨ੍ਹਾਂ ਘਟਨਾਵਾਂ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਪੰਨਿਆਂ ‘ਤੇ ਚਮਕਾ ਕੇ ਪੇਸ਼ ਕਰਨ ਦੀ ਇੱਛਾ ਉਨ੍ਹਾਂ ਦੇ ਮਨ ਮਸਤਕ ਵਿਚ ਲੂਹਰੀਆਂ ਲੈ ਰਹੀ ਜਾਪਦੀ ਸੀ। ਪਰ ਅਜੇ ਉਨ੍ਹਾਂ ਦਾ ਇਕੱਲਿਆਂ ਇਸ ਕਾਗ ਵਿਚ ਛਲਾਂਗ ਮਾਰਨ ਦਾ ਸਾਹਸ ਨਹੀਂ ਸੀ। ਉਨ੍ਹਾਂ ਨੇ ਬਾਂਸਲ ਨੂੰ ਪਤਾ ਨਹੀਂ ਕਿਵੇਂ ਨਾਲ ਮਿਲਾ ਕੇ ਸੰਪਾਦਕ ਕੋਲੋਂ ਇਸ ਕਾਂਡ ਦੀ ਵਿਸ਼ੇਸ਼ ਕਵਰੇਜ ਕਰਨ ਦੀ ਆਗਿਆ ਲੈ ਲਈ। ਦਹੇੜੂ ਕਾਂਡ ਬਾਰੇ ਬਾਂਸਲ ਅਤੇ ਕਰਮਜੀਤ ਭਾਅ ਜੀ ਦੇ ਨਾਂ ਹੇਠ ਰਿਪੋਰਟ ਅਖਬਾਰ ਦੇ ਪਹਿਲੇ ਪੰਨੇ ਤੇ ਲੱਗੀ। ਸਾਡਾ ਸਾਥੀ ਮਰਹੂਮ ਤਰਲੋਚਨ ਸਿੰਘ ਸ਼ੇਰਗਿੱਲ ਅਕਸਰ ਹੀ ਹਸਦਿਆਂ ਕਹਿੰਦਾ, ਭਾਅ ਜੀ ਨੇ ਇਸ ਰਿਪੋਰਟ ਨਾਲ ਪੰਜਾਬੀ ਟ੍ਰਿਬਿਊਨ ਵਿਚ ਖਾੜਕੂਆਂ ਬਾਰੇ ਕਵਰੇਜ ਦਾ ਮੁੱਢ ਬੰਨ ਦਿੱਤਾ ਹੈ। ਸ਼ਾਇਦ ਉਹ ਰਿਪੋਰਟ ਵੀ ਕਰਮਜੀਤ ਭਾਅ ਜੀ ਦੇ ਇੰਨੀ ਆਸਾਨੀ ਨਾਲ ਬਾਂਸਲ ਦੀ ‘ਮੁਹਿੰਮ’ ਵਿਚ ਸ਼ਾਮਲ ਹੋ ਜਾਣ ਦਾ ਕਾਰਨ ਬਣੀ ਹੋਵੇ।
ਇਸ ਘਟਨਾਕ੍ਰਮ ਤੋਂ ਬਾਅਦ ‘ਪੰਜਾਬੀ ਟ੍ਰਿਬਿਊਨ’ ਦੇ ਨਿਊਜ਼ ਰੂਮ ਵਿਚ ਪਰਿਵਾਰ ਵਾਲਾ ਮਹੌਲ ਖਤਮ ਹੋ ਗਿਆ ਅਤੇ ਆਪਸੀ ਵਿਰੋਧ ਅਤੇ ਬੇਵਿਸ਼ਵਾਸੀ ਦੀ ਭਾਵਨਾ ਸਦਾ ਲਈ ਹਾਵੀ ਹੋ ਗਈ। ਇਨ੍ਹਾਂ ਹੀ ਵੇਲਿਆਂ ਵਿਚ ਪੰਜਾਬ ਦੇ ਹਾਲਾਤ ਦਿਨੋ-ਦਿਨ ਹੋਰ ਵਿਗੜਦੇ ਜਾ ਰਹੇ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਆਪਣੇ ਦੋ ਪੈਰੋਕਾਰਾਂ ਨੂੰ ਪੁਲਿਸ ਦੀ ਨਜਾਇਜ਼ ਹਿਰਾਸਤ ਵਿਚੋਂ ਛੁਡਵਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਪਹੁੰਚ ਕੇ ਮੋਰਚਾ ਅਰੰਭ ਕੀਤਾ ਤਾਂ ਅਕਾਲੀਆਂ ਨੇ ਬਿਨਾਂ ਸੋਚਿਆਂ ਹੀ ਆਪਣੇ ਧਰਮ ਯੁੱਧ ਮੋਰਚੇ ਨੂੰ ਸੰਤਾਂ ਨਾਲ ਟੋਚਨ ਕਰ ਲਿਆ। ਹੈਰਾਨੀ ਦੀ ਗੱਲ ਇਹ ਸੀ ਕਿ ਅਜੇ ਦੋ-ਢਾਈ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਚੋਣਾਂ ਮੌਕੇ ਅਕਾਲੀਆਂ ਦਾ ਸੰਤਾਂ ਨਾਲ ਵੈਰ-ਵਿਰੋਧ ਪਿਆ ਰਿਹਾ ਸੀ ਅਤੇ ਜਲਦੀ ਪਿੱਛੋਂ ਹੋਈਆਂ ਲੋਕ ਸਭਾ ਚੋਣਾਂ ਵਿਚ ਵੀ ਇਹ ਵਿਰੋਧ ਬਣਿਆ ਰਿਹਾ ਸੀ।
ਕੁਝ ਮਹੀਨਿਆਂ ਬਾਅਦ ਹੀ ਪੰਜਾਬ ਦੀ ਧਰਤੀ ਤੇ ਆਪਰੇਸ਼ਨ ਬਲਿਊ ਸਟਾਰ ਦੇ ਰੂਪ ਵਿਚ ਬਹੁਤ ਵੱਡੀ ਤਰਾਸਦੀ ਵਾਪਰ ਗਈ। ਇਸ ਮਹਾਂ ਦੁਖਾਂਤ ਲਈ ਸ਼ਾਇਦ ਅਕਾਲੀਆਂ ਦੀ ਸਿਆਸਤ ਦਾ ਵੀ ਕੁਝ ਕਸੂਰ ਹੋਵੇ ਪਰ ਅਸਲ ਵਿਚ ਮਾਮੇ ਸ਼ਕੁਨੀ ਨਾਲੋਂ ਵੀ ਘਾਤਕ ਸਿਆਸਤ ਇੰਦਰਾ ਗਾਂਧੀ ਵੱਲੋਂ ਖੇਡੀ ਜਾ ਰਹੀ ਸੀ। ਪਰ ਇਸ ਦੀ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਘਾਗ ਅਕਾਲੀ ਆਗੂਆਂ ਨੂੰ ਵੀ ਸਮਝ ਪਤਾ ਨਹੀਂ ਕਿਉਂ ਨਾ ਆਈ? ਇੰਦਰਾ ਗਾਂਧੀ ਨੇ ਆਪਣੀ ਵਿਛਾਈ ਖਤਰਨਾਕ ਰਾਜਨੀਤਕ ਸ਼ਤਰੰਜ ਦੀ ਆਪਣੀ ਆਖਰੀ ਚਾਲ ਆਪਰੇਸ਼ਨ ਬਲਿਊ ਸਟਾਰ ਤੋਂ ਕੇਵਲ 2-4 ਦਿਨ ਪਹਿਲਾਂ 26 ਮਈ ਨੂੰ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਖਰੀ ਵਾਰ ਗੱਲਬਾਤ ਲਈ ਬੁਲਾ ਕੇ ਖੇਡੀ ਜੋ ਕਿ ਮਹਿਜ ਛਲਾਵਾ ਸੀ। ਅਸਲ ਵਿਚ ਇੰਦਰਾ ਗਾਂਧੀ ਵੱਲੋਂ ਗੱਲਬਾਤ ਦੀ ਸਿਆਸਤ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਮਿਥ ਕੇ ਕੀਤੀ ਜਾ ਰਹੀ ਸੀ। ਅਜਿਹਾ ਹੀ ਚੱਕਰ ਕੁਝ ਮਹੀਨੇ ਪਹਿਲਾਂ ਉਸ ਨੇ ਪੰਜਾਬ ਮਸਲੇ ਦਾ ਹੱਲ ਪੁੱਛਣ ਲਈ ਪੰਜਾਬੀ ਅਤੇ ਦੈਨਿਕ ਟ੍ਰਿਬਿਊਨ ਦੇ ਸੰਪਾਦਕਾਂ ਨੂੰ ਗੱਲਬਾਤ ਲਈ ਆਪਣੇ ਘਰ ਚਾਹ-ਪਾਣੀ ‘ਤੇ ਬੁਲਾ ਕੇ ਵੀ ਚਲਾਇਆ ਸੀ। ਮੈਡਮ ਨਾਲ ਚਾਹ ਪੀ ਕੇ ਪੰਜਾਬ ਦੇ ਸਭ ਤੋਂ ਤਿੱਖੇ ਅਤੇ ਚਤੁਰ ਸੁਜਾਨ ਸੰਪਾਦਕ ਬਰਜਿੰਦਰ ਸਿੰਘ ਵੀ ਉਸ ਦੀ ਚਾਲ ਵਿਚ ਆ ਗਏ ਸਨ। ਰਾਜਧਾਨੀ ਤੋਂ ਪਰਤਦੇ ਸਾਰ ਉਨ੍ਹਾਂ ਨੇ ‘ਪੰਜਾਬੀ ਟ੍ਰਿਬਿਊਨ’ ਦੇ ਨਿਊਜ ਸਟਾਫ ਦੀ ਮੀਟਿੰਗ ਬੁਲਾ ਕੇ ਚਾਈਂ-ਚਾਈਂ ਦੱਸਿਆ ਕਿ ਦੇਸ਼ ਦੀ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਗੱਲਬਾਤ ਕਿੰਨੀ ਖੁਸ਼ਗਵਾਰ ਰਹੀ ਸੀ। ਭਾਅ ਜੀ ਨੇ ਜੁਆਕਾਂ ਵਾਲੀ ਮਾਸੂਮੀਅਤ ਨਾਲ ਦੱਸਿਆ ਕਿ ਮੈਡਮ ਨੂੰ ਉਹ ਸਾਫ ਕਹਿ ਆਏ ਹਨ ਕਿ ਜੇ ਉਹ ਤਿਆਰ ਹੋਣ ਤਾਂ ਪੰਜਾਬ ਮਸਲੇ ਦਾ ਹੱਲ ਉਹ ਦੋ ਮਿੰਟਾਂ ਵਿਚ ਦੱਸ ਸਕਦੇ ਹਨ। ਅੱਜ ਉਸ ਘਟਨਾ ਨੂੰ ਚੇਤੇ ਕਰਕੇ ਹੈਰਾਨੀ ਹੁੰਦੀ ਹੈ ਕਿ ਉਹ ਸਾਰਾ ਚੱਕਰ ਕੀ ਸੀ?
ਆਪਰੇਸ਼ਨ ਬਲਿਊ ਸਟਾਰ ਤੋਂ ਕੁਝ ਹੀ ਚਿਰ ਪਿੱਛੋਂ ਬਰਜਿੰਦਰ ਭਾਅ ਜੀ ਦੇ ਪਿਤਾ ਤੇ ‘ਰੋਜ਼ਾਨਾ ਅਜੀਤ’ ਦੇ ਸੰਪਾਦਕ ਸਾਧੂ ਸਿੰਘ ਹਮਦਰਦ ਦਾ ਅਚਾਨਕ ਦੇਹਾਂਤ ਹੋ ਗਿਆ ਅਤੇ ਉਹ ‘ਪੰਜਾਬੀ ਟ੍ਰਿਬਿਊਨ’ ਛੱਡ ਕੇ ਜਲੰਧਰ ਮਾਰਕਾ ਪੱਤਰਕਾਰੀ ਦੀ ਵਾਗਡੋਰ ਸੰਭਾਲਣ ਲਈ ਅਜੀਤ ਦੇ ਸੰਪਾਦਕ ਬਣ ਕੇ ਵਾਪਸ ਚਲੇ ਗਏ। ਬਰਜਿੰਦਰ ਸਿੰਘ ਦੇ ਪੰਜਾਬੀ ਟ੍ਰਿਬਿਊਨ ਛਡ ਕੇ ਜਾਣ ਪਿਛੋਂ ਤਾਕਤਵਰ ਟਰੱਸਟੀ ਮਹਿੰਦਰ ਸਿੰਘ ਰੰਧਾਵਾ ਦੀ ਬਰਕਤ ਨਾਲ ਉਘੇ ਲੇਖਕ ਗੁਲਜਾਰ ਸਿੰਘ ਸੰਧੂ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਬਣ ਗਏ।
ਜਿਵੇਂ ਕਿ ਪਹਿਲਾਂ ਜ਼ਿਕਰ ਆ ਚੁਕਾ ਹੈ, ਟ੍ਰਿਬਿਊਨ ਅਦਾਰੇ ਅੰਦਰ ਇਸ ਦੌਰਾਨ ਮੁਲਾਜ਼ਮ ਯੂਨੀਅਨ ਬਣ ਚੁਕੀ ਸੀ। ਜਨਰਲ ਮੈਨੇਜਰ ਰੁਲੀਆ ਰਾਮ ਸ਼ਰਮਾ ਆਪਣੀ ਇੱਜਤ ਬਚਾ ਕੇ ਟ੍ਰਿਬਿਊਨ ਤੋਂ ਸੰਨਿਆਸ ਲੈ ਗਿਆ। ਹਰਿਆਣਾ ਸਰਕਾਰ ਦੇ ਚੀਫ ਸੈਕਟਰੀ ਰਹੇ ਐਸ ਡੀ ਭਾਂਬਰੀ ਨੇ ਉਨ੍ਹਾਂ ਦੀ ਜਗ੍ਹਾ ਜਨਰਲ ਮੈਨੇਜਰ ਦਾ ਅਹੁਦਾ ਸੰਭਾਲ ਲਿਆ। ਰੁਲੀਆ ਰਾਮ ਦੇ ਬਾਹਰ ਹੁੰਦੇ ਸਾਰ ਹੀ ਅਦਾਰੇ ਅੰਦਰ ਟ੍ਰਿਬਿਊਨ ਇੰਪਲਾਈਜ਼ ਯੂਨੀਅਨ ਦਾ ਡੰਕਾ ਵੱਜ ਗਿਆ। ਅੰਗ੍ਰੇਜ਼ੀ ਟ੍ਰਿਬਿਊਨ ਵਿਚ ਸਬ ਐਡੀਟਰ ਬਾਲ ਕਿਸ਼ਨ ਸੈਣੀ ਪ੍ਰਧਾਨ ਸੀ ਜੋ ਬੇਹੱਦ ਇਮਾਨਦਾਰ ਅਤੇ ਸਾਦਾ ਦਿਲ ਇਨਸਾਨ ਸੀ। ਉਸ ਨੂੰ ਪਤਾ ਹੀ ਨਾ ਲੱਗਾ ਕਦੋਂ ਸਾਰੀ ਤਾਕਤ ਯੂਨੀਅਨ ਦੇ ਜਨਰਲ ਸੈਕਟਰੀ ਸਿਰੇ ਦੇ ਸ਼ਾਤਰ ਅਤੇ ਨਿਰਦਈ ਬਿਰਤੀ ਵਾਲੇ ਪੰਡਿਤ ਮੋਹਣ ਲਾਲ ਨੇ ਹਥਿਆ ਲਈ। ਉਹੀ ਮੋਹਣ ਲਾਲ ਜੋ ਸਿਰੇ ਦਾ ਦਬੂ ਕਲਰਕ ਸੀ ਅਤੇ ਰੁਲੀਆ ਰਾਮ ਦੇ ਜਨਰਲ ਮੈਨੇਜਰ ਹੁੰਦਿਆਂ ਉਸ ਨੇ ਕਦੀ ਅੱਖ ਚੁੱਕ ਕੇ ਦੇਖਣ ਦੀ ਹਿੰਮਤ ਵੀ ਨਹੀਂ ਸੀ ਕੀਤੀ, ਉਸ ਦਾ ਬਾਪ ਸਾਬਤ ਹੋਇਆ। ਉਸ ਨੇ ਜਨਰਲ ਮੈਨੇਜਰ ਭਾਂਬਰੀ ਦੀ ਰੱਬ ਜਾਣੇ ਕਿਸ ਕਮਜ਼ੋਰ ਰਗ ‘ਤੇ ਹੱਥ ਰੱਖ ਕੇ ਉਸ ਨੂੰ ਕਾਬੂ ਕਰ ਲਿਆ ਅਤੇ ਅਜਿਹੀਆਂ ਚੰਮ ਦੀਆਂ ਚਲਾਈਆਂ ਕਿ ਖੁਦ ਮੈਨੂੰ, ਦਲਜੀਤ ਸਿੰਘ ਸਰਾਂ ਅਤੇ ਸਾਡੀ ਸਾਰੀ ਧਿਰ ਦੇ ਹੋਰ ਬੰਦਿਆਂ ਨੂੰ ਅਗਲੇ ਕਈ ਸਾਲ ਦਿਨੇ ਹੀ ਤਾਰੇ ਵਿਖਾਈ ਰੱਖੇ। ਇਧਰ ਜਗਤਾਰ ਸਿੰਘ ਸਿੱਧੂ ਨੇ ਮੇਰੇ ਮੁੱਖ ਸ਼ਰੀਕ ਸੁਰਿੰਦਰ ਸਿੰਘ ਪਰੂਫ ਰੀਡਰ ਨੂੰ ਨਾਲ ਰਲਾ ਕੇ ਪ੍ਰਧਾਨ ਸੈਣੀ ਨੂੰ ਪੂਰੀ ਤਰ੍ਹਾਂ ਹੱਥਾਂ ਵਿਚ ਕਰ ਲਿਆ ਸੀ। ਇਸ ਦਾ ਖਮਿਆਜਾ ਮੈਨੂੰ, ਦਲਜੀਤ ਸਿੰਘ ਸਰਾਂ ਅਤੇ ਹੋਰ ਸਾਥੀਆਂ ਨੂੰ ਵਡੇ ਪੱਧਰ ‘ਤੇ ਭੁਗਤਣਾ ਪਿਆ
Leave a Reply