ਅਮਰਜੀਤ ਸਿੰਘ ਗਰੇਵਾਲ
ਇਹ ਮੁੱਦਾ, ਜਿਸ ਨੂੰ ਆਪਾਂ ਪ੍ਰਦੂਸ਼ਣ, ਕੁਦਰਤੀ ਵਸੀਲਿਆਂ ਦੀ ਲੁੱਟ, ਗਲੋਬਲ ਵਾਰਮਿੰਗ ਅਤੇ ਕਲਾਈਮੇਟ ਚੇਂਜ ਦੇ ਰੂਪ ਵਿਚ ਦੇਖਦੇ ਹਾਂ, ਮਨੁੱਖ ਜਾਤੀ ਦੀ ਹੋਂਦ ਦਾ ਮਸਲਾ ਬਣਿਆ ਹੋਇਆ ਹੈ। ਜੇ ਇਸ ਸੰਕਟ ‘ਤੇ ਕਾਬੂ ਨਾ ਪਾਇਆ ਗਿਆ ਤਾਂ ਮਨੁੱਖ ਜਾਤੀ ਦੀ ਹੋਂਦ ਹੀ ਖਤਰੇ ਵਿਚ ਪੈ ਜਾਵੇਗੀ। ਸੋ, ਮਨੁੱਖ ਜਾਤੀ ਇਸ ਖਤਰੇ ਪ੍ਰਤੀ ਸਿਰਫ ਜਾਗਰੂਕ ਹੀ ਨਹੀਂ, ਸਗੋਂ ਇਸ ਦੇ ਹੱਲ ਲਈ ਪੂਰੀ ਤਰ੍ਹਾਂ ਯਤਨਸ਼ੀਲ ਵੀ ਹੈ।
ਅਸੀਂ ਦੇਖ ਰਹੇ ਹਾਂ ਕਿ ਮਨੁੱਖ ਜਾਤੀ ਵਲੋਂ ਕੀਤੀ ਜਾ ਰਹੀ ਕੁਦਰਤੀ ਵਸੀਲਿਆਂ ਦੀ ਦੁਰਵਰਤੋਂ ਅਤੇ ਨਤੀਜੇ ਵਜੋਂ ਲਗਾਤਾਰ ਵਧ ਰਿਹਾ ਪ੍ਰਦੂਸ਼ਣ ਮਨੁੱਖ ਨੂੰ ਉਸ ਦੇ ਆਪਣੇ ਹੀ ਵਿਨਾਸ਼ ਵੱਲ ਲਿਜਾ ਰਿਹਾ ਹੈ।
ਕੁਦਰਤੀ ਵਸੀਲਿਆਂ ਨੂੰ ਸਭ ਤੋਂ ਵੱਡਾ ਖਤਰਾ ਸਾਡੀ ਵਧ ਰਹੀ ਆਬਾਦੀ ਤੋਂ ਹੈ। ਸ਼ਾਇਦ ਓਨਾ ਹੀ ਵੱਡਾ ਖਤਰਾ ਸਾਡੀ ਵਧ ਰਹੀ ਪ੍ਰਤੀ ਜੀਅ ਖਪਤ ਤੋਂ ਵੀ ਹੈ। ਕੋਈ ਪੰਜਾਹ ਸਾਲ ਪਹਿਲਾਂ ਜਿੰਨਾ ਪਾਣੀ ਸਾਰਾ ਪਿੰਡ ਵਰਤਦਾ ਸੀ, ਉਸ ਤੋਂ ਕਿਤੇ ਵੱਧ ਪਾਣੀ ਹੁਣ ਇਕ ਇਕੱਲਾ ਘਰ ਵਰਤ ਲੈਂਦਾ ਹੈ। ਪਹਿਲਾਂ ਦੁਨੀਆਂ ਦੀ ਅਬਾਦੀ ਇਕ ਅਰਬ ਤੱਕ ਪਹੁੰਚਣ ਲਈ ਦੋ ਲੱਖ ਸਾਲ ਲੱਗੇ ਸਨ, ਪਰ ਪਿਛਲੇ ਦੋ ਸੌ ਸਾਲਾਂ ਵਿਚ ਹੀ ਇਹ ਦੋ ਅਰਬ ਤੋਂ ਵਧ ਕੇ ਅੱਠ ਅਰਬ ਦੇ ਨੇੜੇ (7.7 ਅਰਬ) ਪਹੁੰਚ ਗਈ ਹੈ। ਅਸੀਂ ਸੌਖਿਆਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਸਾਡੀ ਆਬਾਦੀ ਅਤੇ ਪ੍ਰਤੀ ਜੀਅ ਖਪਤ ਇਸੇ ਅਨੁਪਾਤ ਵਿਚ ਵਧਦੀਆਂ ਰਹੀਆਂ ਤਾਂ ਮਨੁੱਖ ਜਾਤੀ ਦਾ ਅੰਤ ਬਹੁਤਾ ਦੂਰ ਨਹੀਂ ਹੋ ਸਕਦਾ। ਸਿਰਫ ਸੀਮਤ ਵਸੀਲਿਆਂ ਲਈ ਮੁਕਾਬਲਾ ਹੀ ਨਹੀਂ ਵਧੇਗਾ; ਇਸ ਦੇ ਨਤੀਜੇ ਵਜੋਂ ਇਨ੍ਹਾਂ ਦੀ ਲੁਟ ਖਸੁਟ, ਸਿਆਸੀ ਟਕਰਾਓ ਅਤੇ ਪ੍ਰਦੂਸ਼ਣ ਵੀ ਵਧਣਗੇ।
ਜੇ ਮਨੁੱਖ ਜਾਤੀ ਨੇ ਜਿੰਦਾ ਰਹਿਣਾ ਹੈ ਅਤੇ ਖੂਬਸੂਰਤ ਭਵਿਖ ਦਾ ਨਿਰਮਾਣ ਵੀ ਕਰਨਾ ਹੈ ਤਾਂ ਉਸ ਨੂੰ ਹਉਮੈ ਦਾ ਮੌਜੂਦਾ ਮਾਰਗ ਤਿਆਗ ਕੇ ਸ਼ਬਦ ਦਾ ਨਵਾਂ ਮਾਰਗ ਅਪਨਾਉਣਾ ਹੋਵੇਗਾ, Ḕਹੁਕਮਿ ਰਜਾਈ ਚਲਣਾ’ ਦਾ ਮਾਰਗ। ਇਸ ਨਵੇਂ ਮਾਰਗ ਦੀ ਤਾਂ ਆਪਾਂ ਬਾਅਦ ਵਿਚ ਗੱਲ ਕਰਾਂਗੇ। ਇਹ ਗੱਲ ਵੀ ਕਰਾਂਗੇ ਕਿ ਕੀ ਪ੍ਰਦੂਸ਼ਣ ਦੇ ਵਾਧੇ ਨੂੰ ਠੱਲ੍ਹ ਪਾਉਣੀ ਸੰਭਵ ਵੀ ਹੈ ਜਾਂ ਨਹੀਂ? ਪਰ ਇਸ ਸਭ ਕਾਸੇ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਵਿਨਾਸ਼ ਦੇ ਜਿਸ ਮਾਰਗ ‘ਤੇ ਅਸੀਂ ਇਸ ਵੇਲੇ ਚੱਲ ਰਹੇ ਹਾਂ, ਕੀ ਉਹ ਕਦਰਤ ਦੀ ਰਜ਼ਾ ਵਿਚ ਹੈ ਜਾਂ ਉਸ ਦੇ ਉਲਟ? ਮੇਰੀ ਸਮਝ ਮੁਤਾਬਕ ਜੋ ਕੁਝ ਵੀ ਹੋ ਰਿਹਾ ਹੈ, ਇਹ ਸਭ ਕੁਦਰਤੀ ਨਿਯਮਾਂ ਅਨੁਸਾਰ ਹੀ ਹੋ ਰਿਹਾ ਹੈ, ਕਿਉਂਕਿ ਕੁਦਰਤ ਦੀ ਰਜ਼ਾ ਕੁਦਰਤ ਦੇ ਨਿਯਮਾਂ ਵਿਚ ਪਈ ਹੋਈ ਹੈ।
ਜੇ ਪੁਰਾਣਾ ਮਾਰਗ ਵੀ ਕੁਦਰਤ ਦੀ ਰਜ਼ਾ ਵਿਚ ਹੀ ਸੀ, ਤੇ ਪੁਰਾਣਾ ਮਾਰਗ ਤਿਆਗ ਕੇ ਜੋ ਨਵਾਂ ਮਾਰਗ ਅਪਨਾਉਣ ਜਾ ਰਹੇ ਹਾਂ, ਉਹ ਵੀ ਉਸ ਦੀ ਰਜ਼ਾ ਵਿਚ ਹੀ ਹੈ, ਤਾਂ ਫੇਰ ਇਸ ਦਾ ਅਰਥ ਕੀ ਹੋਇਆ? ਆਖਰ ਉਸ (ਕੁਦਰਤ) ਦੀ ਰਜ਼ਾ ਹੈ ਕੀ? ਉਹ ਆਪਣੇ ਇਨ੍ਹਾਂ (ਉਲਟ) ਰਾਹਾਂ ਰਾਹੀਂ ਕਿਹੜਾ ਸਾਂਝਾ ਉਦੇਸ਼ ਜਾਂ ਟੀਚਾ ਹਾਸਲ ਕਰਨਾ ਚਾਹੁੰਦੀ ਹੈ? ਕੁਦਰਤ ਦੇ ਇਸ ਟੀਚੇ ਨੂੰ ਜਾਂ ਇਸ ਟੀਚੇ ਨਾਲ ਜੁੜੇ ਹੋਏ ਵਰਤਾਉ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ।
ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਵੱਧ ਤੋਂ ਵੱਧ ਧਨ ਜਾਂ ਖੁਸ਼ੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਚਾਹਤ ਨੂੰ ਟੀਚੇ ਦੇ ਰੂਪ ਵਿਚ ਸਮਝਿਆ ਜਾਵੇਗਾ। ਕੀ ਕੁਦਰਤ ਵੀ ਕੋਈ ਇਸ ਤਰ੍ਹਾਂ ਦਾ ਟੀਚਾ ਹਾਸਲ ਕਰਨਾ ਚਾਹੁੰਦੀ ਹੈ? ਜੇ ਕੁਦਰਤ ਵੀ ਆਪਣੀ ਕਿਸੇ ਅਜਿਹੀ ਰਾਸ਼ੀ ਨੂੰ ਔਪਟੀਮਾਈਜ਼ ਕਰਨਾ ਚਾਹੁੰਦੀ ਹੈ, ਤਾਂ ਕੁਦਰਤ ਦੀ ਇਹ ਚਾਹਤ ਹਰ ਹੀਲੇ ਮੁਢ ਤੋਂ ਹੀ ਕੁਦਰਤ ਦੇ ਨਿਯਮਾਂ ਵਿਚ ਬੱਝੀ ਹੋਈ ਹੋਵੇਗੀ। ਕੁਦਰਤ ਜਿਸ ਚੀਜ਼ ਨੂੰ ਲਗਾਤਾਰ ਵਧਾਉਣ ਵਿਚ ਲੱਗੀ ਹੋਈ ਹੈ, ਉਸ ਦਾ ਨਾਂ ਹੈ, ਐਨਟਰਾਪੀ।
ਸਭ ਤੋਂ ਪਹਿਲਾਂ ਆਪਾਂ ਐਨਟਰਾਪੀ ਨੂੰ ਸਮਝਣ ਦੀ ਕੋਸ਼ਿਸ ਕਰਦੇ ਹਾਂ। ਐਨਟਰਾਪੀ ਭੌਤਿਕ ਵਿਗਿਆਨ ਦੀ ਪ੍ਰਮੁਖ ਧਾਰਨਾ ਹੈ, ਜਿਸ ਨੂੰ ਕੁਦਰਤ ਦੇ ਇਕ ਬੁਨਿਆਦੀ ਨਿਯਮ ਦੇ ਰੂਪ ਵਿਚ ਪਛਾਣਿਆ ਜਾਂਦਾ ਹੈ। ਸੈਕੰਡ ਲਾਅ ਆਫ ਥਰਮੋਡਾਈਨੇਮਿਕਸ ਇਸ ਦੀ ਵਿਆਖਿਆ ਕਰਦਾ ਹੈ, ਜਿਸ ਅਨੁਸਾਰ ਸਾਡਾ ਭੌਤਿਕ ਜਗਤ ਵਿਗੰਠਿਤ ਹੋ ਕੇ ਆਰਡਰ ਤੋਂ ਡਿਸਆਰਡਰ ਵੱਲ ਵਧ ਰਿਹਾ ਹੈ। ਇਸ ਸਿਧਾਂਤ ਅਨੁਸਾਰ ਇਹ ਇਰਰੀਵਰਸੀਬਲ ਅਤੇ ਕੰਟੀਨਿਊਅਸ ਪਰਾਸੈਸ ਹੈ, ਜਿਸ ਨੂੰ ਮੋੜਾ ਨਹੀਂ ਪਾਇਆ ਜਾ ਸਕਦਾ। ਇਸ ਲਈ ਇਹ ਪ੍ਰਕ੍ਰਿਆ ਓਨੀ ਦੇਰ ਤੱਕ ਨਿਰੰਤਰ ਜਾਰੀ ਰਹੇਗੀ, ਜਿੰਨੀ ਦੇਰ ਤੱਕ ਸਾਡਾ ਇਹ ਭੌਤਿਕ ਜਗਤ ਪੂਰੀ ਤਰ੍ਹਾਂ ਵਿਗੰਠਿਤ ਹੋ ਕੇ ਆਪਣੀ ਮੌਤੇ ਆਪ ਨਹੀਂ ਮਰ ਜਾਂਦਾ।
ਥਰਮੋਡਾਈਨੇਮਿਕਸ ਦਾ ਪਹਿਲਾ ਸਿਧਾਂਤ ਇਹ ਆਖਦਾ ਹੈ ਕਿ ਨਾ ਹੀ ਨਵੀਂ ਊਰਜਾ ਪੈਦਾ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਪੁਰਾਣੀ ਖਤਮ ਕੀਤੀ ਜਾ ਸਕਦੀ ਹੈ। ਰੂਪ ਪਲਟਾਵਾ ਹੋ ਸਕਦਾ ਹੈ। ਮਿਸਾਲ ਵਜੋਂ ਫੌਸਿਲ ਊਰਜਾ ਨੂੰ ਹੀਟ ਊਰਜਾ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਹੀਟ ਊਰਜਾ ਨੂੰ ਮਕੈਨੀਕਲ ਊਰਜਾ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਰੇਡੀਓ ਐਕਟਿਵ ਮੈਟੀਰੀਅਲ ਊਰਜਾ ਨੂੰ ਨਿਊਕਲੀਅਰ ਊਰਜਾ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਊਰਜਾ ਦੇ ਇਕ ਰੂਪ ਨੂੰ ਕਿਸੇ ਵੀ ਦੂਜੇ ਰੂਪ ਵਿਚ ਤਬਦੀਲ ਕੀਤਾ ਜਾ ਸਕਦਾ ਹੈ, ਪਰ ਇਹ ਘਟ-ਵਧ ਨਹੀਂ ਸਕਦੀ। ਜੇ ਇਹ ਗੱਲ ਹੈ ਤਾਂ ਫੇਰ ਹੀਟ ਡੈਥ ਕਿਥੋਂ ਆ ਗਈ?
ਤਾਂ ਫੇਰ ਹੀਟ ਡੈਥ ਕਿਥੋਂ ਆ ਗਈ; ਬੱਸ ਇਸੇ ਬੁਝਾਰਤ ਵਿਚ ਸਾਰੀ ਕਹਾਣੀ ਛੁਪੀ ਹੋਈ ਹੈ। ਜਦੋਂ ਊਰਜਾ ਆਪਣੇ ਇਕ ਰੂਪ ਤੋਂ ਦੂਜੇ ਰੂਪ ਵਿਚ ਤਬਦੀਲ ਹੁੰਦੀ ਹੈ ਤਾਂ ਊਰਜਾ ਦਾ ਲੌਸ ਤਾਂ ਭਾਵੇਂ ਬਿਲਕੁਲ ਨਹੀਂ ਹੁੰਦਾ, ਪਰ ਕੁਝ ਊਰਜਾ ਡਿਸੀਪੇਟ ਜ਼ਰੂਰ ਹੋ ਜਾਂਦੀ ਹੈ। ਬੇਕਾਰ ਹੋ ਕੇ ਖਿੰਡ ਜਾਂਦੀ ਹੈ। ਇਸ ਬੇਕਾਰ ਹੋ ਕੇ ਖਿੰਡੀ ਹੋਈ ਊਰਜਾ ਨੂੰ ਹੀ ਅਸੀਂ ਐਨਟਰਾਪੀ ਆਖਦੇ ਹਾਂ, ਜੋ ਲਗਾਤਾਰ ਵਧ ਰਹੀ ਹੈ। ਖਤਮ ਨਹੀਂ ਹੁੰਦੀ, ਪ੍ਰਦੂਸ਼ਣ ਬਣ ਕੇ ਫੈਲ ਰਹੀ ਹੈ। ਮਿਸਾਲ ਵਜੋਂ ਧਰਤੀ ਵਿਚ ਪਿਆ ਕੋਲਾ ਆਪਣੀ ਘੱਟ ਤੋਂ ਘੱਟ ਐਨਟਰਾਪੀ ਵਾਲੀ ਸਟੇਜ ‘ਤੇ ਹੁੰਦਾ ਹੈ, ਪਰ ਜਦੋਂ ਅਸੀਂ ਉਸ ਨੂੰ ਧਰਤੀ ਵਿਚੋਂ ਕੱਢ ਕੇ ਥਰਮਲ ਪਲਾਂਟ ਵਿਚ ਬਿਜਲੀ ਪੈਦਾ ਕਰਨ ਲਈ ਬਾਲਦੇ ਹਾਂ, ਤਾਂ ਕੋਲੇ ਵਿਚ ਸਾਂਭੀ ਪਈ ਪੂਰੀ ਊਰਜਾ ਬਿਜਲੀ ਵਿਚ ਤਬਦੀਲ ਨਹੀਂ ਹੁੰਦੀ। ਕੋਲੇ ਵਿਚ ਸਾਂਭੀ ਪਈ ਊਰਜਾ ਦਾ ਕੁਝ ਹਿੱਸਾ ਬੇਕਾਰ ਊਰਜਾ ਬਣ ਕੇ ਵਾਤਾਵਰਣ ਨੂੰ ਪਲੀਤ ਕਰਨ ਦੇ ਆਹਰੇ ਲੱਗ ਜਾਂਦਾ ਹੈ।
ਕੋਲੇ ਦੇ ਬਾਰੀਕ ਕਣਾਂ ਨੂੰ ਤਾਂ ਕਿਸੇ ਹੱਦ ਤੱਕ ਰੀਕਵਰ ਕਰ ਸਕਦੇ ਹਾਂ, ਪਰ ਡਿਸੀਪੇਟ ਹੋਈ ਊਰਜਾ ਦਾ ਕੀ ਕਰਾਂਗੇ? ਇਕੱਲੀ ਕੋਲੇ ਦੀ ਗੱਲ ਨਹੀਂ, ਘੱਟ ਐਨਟਰਾਪੀ ਵਾਲੇ ਸੱਭੇ ਕੁਦਰਤੀ ਵਸੀਲਿਆਂ ਜਿਵੇਂ ਹਵਾ, ਪਾਣੀ, ਧਰਤੀ, ਤੇਲ, ਪਸੂ-ਪੰਛੀ, ਬਨਸਪਤੀ-ਸਭ ਦੀ ਇਹੋ ਫੇਟ ਹੈ। ਗਲੋਬਲ ਵਾਰਮਿੰਗ, ਮੌਸਮ ਤਬਦੀਲੀ, ਪ੍ਰਦੂਸ਼ਣ ਸਭ ਇਸੇ ਵਧ ਰਹੀ ਐਨਟਰਾਪੀ ਦਾ ਨਤੀਜਾ ਹਨ। ਇਹੋ ਕੁਦਰਤ ਦਾ ਨਿਯਮ ਹੈ।
ਸੋ ਸਾਡੇ ਇਸ ਸੁਆਲ ਦਾ ਜੁਆਬ ਕਿ ਕੀ ਵਿਨਾਸ਼ ਦੇ ਜਿਸ ਮਾਰਗ ‘ਤੇ ਅਸੀਂ ਇਸ ਵੇਲੇ ਚੱਲ ਰਹੇ ਹਾਂ, ਉਹ ਮਨੁੱਖ ਦੀ ਕ੍ਰੀਏਸ਼ਨ ਹੈ ਜਾਂ ਕਦਰਤ ਦੀ ਰਜ਼ਾ? ਨਿਸ਼ਚੇ ਹੀ ਉਹ ਕੁਦਰਤ ਦੀ ਰਜ਼ਾ ਹੈ; ਪਰ ਇਹ ਵੀ ਮੰਨਣਾ ਪਵੇਗਾ ਕਿ ਬਿਨਾ ਸ਼ੱਕ ਐਨਟਰਾਪੀ ਵਿਚ ਵਾਧਾ ਕੁਦਰਤ ਦੇ ਨਿਯਮਾਂ ਦੇ ਅਧੀਨ ਹੀ ਹੋ ਰਿਹਾ ਹੈ, ਪਰ ਇਸ ਐਨਟਰਾਪੀ ਦੇ ਵਾਧੇ ਦੀ ਦਰ ਨੂੰ ਤੇਜ਼ ਕਰਨ ਵਿਚ ਮਨੁੱਖ ਦਾ ਹੀ ਸਭ ਤੋਂ ਵੱਡਾ ਰੋਲ ਹੈ। ਇਹ ਕਿਉਂ ਅਤੇ ਕਿਵੇਂ? ਸਮਝਣ ਦਾ ਯਤਨ ਕਰਦੇ ਹਾਂ।
ਐਨਟਰਾਪੀ ਦਾ ਇਹ ਸਿਧਾਂਤ ਇਕ ਵੱਡੀ ਦੁਬਿਧਾ ਨੂੰ ਜਨਮ ਦਿੰਦਾ ਹੈ। ਸਾਡੇ ਸਭ ਦੇ ਮਨ ਵਿਚ ਇਹ ਸੁਆਲ ਜ਼ਰੂਰ ਪੈਦਾ ਹੋ ਰਿਹਾ ਹੋਵੇਗਾ ਕਿ ਜੇ ਐਨਟਰਾਪੀ ਵਧ ਰਹੀ ਹੈ; ਇਹ ਸੰਸਾਰ ਆਰਡਰ ਤੋਂ ਡਿਸਆਰਡਰ ਵੱਲ ਵਧ ਰਿਹਾ ਹੈ; ਤਾਂ ਲਾਈਫ ਜੋ ਐਨਟਰਾਪੀ ਦੇ ਉਲਟ ਡਿਸਆਰਡਰ ਤੋਂ ਆਰਡਰ ਵੱਲ ਦਾ ਸਫਰ ਹੈ, ਕਿਵੇਂ ਪੈਦਾ ਹੋ ਕੇ ਵਧ ਫੁਲ ਰਹੀ ਹੈ?
ਅਸੀਂ ਜਾਣਦੇ ਹਾਂ ਕਿ ਲਾਈਫ ਖੁਦ ਤਾਂ ਭਾਵੇਂ ਐਨਟਰਾਪੀ ਦੇ ਘਟਣ ਵੱਲ ਦਾ ਸਫਰ ਹੈ, ਪਰ ਇਹ ਐਨਟਰਾਪੀ ਦੇ ਓਵਰਆਲ ਵਾਧੇ ਵਿਚ ਨਾਨ-ਲਾਈਫ ਦੇ ਮੁਕਾਬਲੇ ਕਿਤੇ ਵਧੇਰੇ ਯੋਗਦਾਨ ਪਾਉਂਦੀ ਹੈ। ਲਾਈਫ ਆਪਣੀ ਕੌਪਲੈਕਸਿਟੀ ਨੂੰ ਮੇਨਟੇਨ ਕਰਨ ਜਾਂ ਵਧਾਉਣ ਲਈ ਆਪਣੇ ਚੌਗਿਰਦੇ ਵਿਚੋਂ ਊਰਜਾ ਐਕਸਟਰੈਕਟ ਕਰਕੇ ਉਸ ਦੀ ਘੜਮੱਸ ਨੂੰ ਲਗਾਤਾਰ ਵਧਾਉਂਦੀ ਰਹਿੰਦੀ ਹੈ। ਲਾਈਫ ਦੇ ਆਉਣ ਨਾਲ ਐਨਟਰਾਪੀ ਵਿਚ ਵਾਧੇ ਦੀ ਦਰ ਘਟੀ ਨਹੀਂ, ਸਗੋਂ ਤੇਜ਼ੀ ਨਾਲ ਵਧੀ ਹੈ। ਜਿਵੇਂ ਜਿਵੇਂ ਲਾਈਫ ਵਧੇਗੀ, ਤਿਵੇਂ ਤਿਵੇਂ ਐਨਟਰਾਪੀ ਵਧੇਗੀ। ਇਸੇ ਲਈ ਰੈਪਲੀਕੇਸ਼ਨ ਭਾਵ ਆਪਣੀਆਂ ਵੱਧ ਤੋਂ ਵੱਧ ਕਾਪੀਆਂ ਤਿਆਰ ਕਰਨਾ ਲਾਈਫ ਫੌਰਮਜ਼ ਦਾ ਟੀਚਾ ਬਣ ਗਿਆ। ਜਿੰਨੀ ਤੇਜ਼ੀ ਨਾਲ ਵੱਧ ਤੋਂ ਵੱਧ ਕਾਪੀਆਂ ਤਿਆਰ ਹੋਣਗੀਆਂ, ਓਨੀ ਹੀ ਤੇਜ਼ੀ ਨਾਲ ਚੌਗਿਰਦੇ ਦੀ ਐਨਟਰਾਪੀ ਭਾਵ ਡਿਸਆਰਡਰਲਿਨੈਸ ਵਧੇਗੀ। ਜੀਵਾਂ ਵਿਚ ਮੌਜੂਦ ਰੈਪਲੀਕੇਸ਼ਨ ਦਾ ਟੀਚਾ, ਇਸ ਕਰਕੇ ਐਨਟਰਾਪੀ ਵਿਚ ਵਾਧੇ ਦੀ ਗਤੀ ਨੂੰ ਤੇਜ਼ ਕਰਨ ਲਈ ਇਕ ਸਟਰੈਟਿਜੀ ਵਜੋਂ ਹੀ ਵਿਕਸਿਤ ਹੋਇਆ ਹੈ। ਸੋ, ਰੈਪਲੀਕੇਸ਼ਨ ਜੀਵ ਸੰਸਾਰ ਵਿਚ ਐਨਟਰਾਪੀ ਵਿਚ ਵਾਧੇ ਦੀ ਦਰ ਨੂੰ ਤੇਜ਼ ਕਰਨ ਲਈ ਉਪ-ਟੀਚੇ ਵਜੋਂ ਦੇਖੀ ਜਾ ਸਕਦੀ ਹੈ।
ਜੀਵ ਸੰਸਾਰ ਪਿਛੋਂ ਹੁਣ ਮਾਨਵ ਸੰਸਾਰ ਵੱਲ ਆਉਂਦੇ ਹਾਂ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਜੀਵ ਸੰਸਾਰ ਤੋਂ ਬਾਅਦ ਮਾਨਵ ਸੰਸਾਰ ਨੇ ਐਨਟਰਾਪੀ ਵਿਚ ਵਾਧੇ ਦੀ ਗਤੀ ਨੂੰ ਏਨਾ ਬੂਸਟ ਕਿਉਂ ਅਤੇ ਕਿਵੇਂ ਕਰ ਦਿੱਤਾ ਕਿ ਉਸ ਨੂੰ ਆਪਣਾ ਅੰਤ ਦਿਖਾਈ ਦੇਣ ਲੱਗ ਪਿਆ। ਅਜਿਹਾ ਕਰਨ ਲਈ ਕੁਦਰਤ ਨੇ ਮਨੁੱਖ ਨੂੰ ਉਸ ਦੀ ਭਾਸ਼ਾ ਦਿਤੀ। ਭਾਸ਼ਾ ਨੇ ਦੋ ਕੰਮ ਕੀਤੇ-ਪਹਿਲਾ, ਉਸ ਨੇ ਜੀਵ ਸੰਸਾਰ ਦੀਆਂ ਸੀਮਤ ਲੋੜਾਂ ਨੂੰ ਮਾਨਵ ਸੰਸਾਰ ਦੀਆਂ ਅਸੀਮ ਚਾਹਤਾਂ ਵਿਚ ਰੁਪਾਂਤ੍ਰਿਤ ਕਰ ਦਿਤਾ। ਅਜਿਹੀਆਂ ਚਾਹਤਾਂ ਵਿਚ ਰੁਪਾਂਤ੍ਰਿਤ ਕਰ ਦਿੱਤਾ, ਜੋ ਉਸ ਦੀਆਂ ਅਨੰਤ ਪ੍ਰਾਪਤੀਆਂ ਦੇ ਬਾਵਜੂਦ ਪੂਰੀਆਂ ਨਹੀਂ ਹੋ ਸਕਦੀਆਂ, “ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥” ਤੇ ਆਪਣੀਆਂ ਇਨ੍ਹਾਂ ਅਨੰਤ ਚਾਹਤਾਂ ਦੀ ਪੁਰਤੀ ਲਈ ਕੁਦਰਤੀ ਵਸੀਲਿਆਂ ਨੂੰ ਚੱਟਮ ਕਰੀ ਜਾ ਰਿਹਾ ਹੈ। ਨਤੀਜੇ ਵਜੋਂ ਉਹ ਐਨਟਰਾਪੀ ਦੇ ਵਾਧੇ ਲਈ ਸਭ ਤੋਂ ਵੱਡਾ ਕਾਰਕ ਬਣ ਗਿਆ ਹੈ।
ਦੂਜਾ, ਉਸ ਨੇ ਆਪਣੀ ਭਾਸ਼ਾ ਅਤੇ ਉਸ ਦੀਆਂ ਲਿਟਰੇਸੀ ਅਤੇ ਡਿਜੀਟਾਈਜ਼ੇਸ਼ਨ ਜਿਹੀਆਂ ਤਕਨੀਕਾਂ ਦੀ ਮਦਦ ਨਾਲ ਬਹੁਤ ਹੀ ਵੱਡੇ ਪੱਧਰ ‘ਤੇ ਫਲੈਕਸੀਬਲੀ ਕੋਆਪਰੇਟ ਕਰਕੇ; ਅਤੇ ਨਤੀਜੇ ਵਜੋਂ ਆਪਣੀ ਆਬਾਦੀ, ਸਮਰੱਥਾ ਅਤੇ ਸ਼ਕਤੀ ਵਿਚ ਬੇਅੰਤ ਵਾਧਾ ਕਰਕੇ ਆਪਣੇ ਦੁਆਲੇ ਇਕ ਅਜਿਹਾ ਦੂਸ਼ਿਤ ਵਾਤਾਵਰਣ ਪੈਦਾ ਕਰ ਲਿਆ ਹੈ, ਜਿਸ ਨੇ ਉਸ ਦੀ ਖੁਦ ਦੀ ਹੋਂਦ ਹੀ ਖਤਰੇ ਵਿਚ ਪਾ ਦਿੱਤੀ ਹੈ। ਹੁਣ ਉਸ ਨੂੰ ਆਪਣਾ ਅੰਤ ਵੀ ਸਪਸ਼ਟ ਦਿਸਣ ਲੱਗ ਪਿਆ ਹੈ। ਉਸ ਦੀਆਂ ਤਮਾਮ ਕੋਸ਼ਿਸ਼ਾਂ ਉਸ ਦੇ ਇਸ ਅੰਤ ਨੂੰ ਸਿਰਫ ਪਿਛੇ ਹੀ ਪਾ ਸਕਦੀਆਂ ਹਨ; ਟਾਲ ਨਹੀਂ ਸਕਦੀਆਂ।
ਤਾਂ ਕੀ ਮਾਨਵ ਸੰਸਾਰ ਦਾ ਅੰਤ ਹੋ ਜਾਵੇਗਾ?
ਇਸ ਧਰਤੀ ‘ਤੇ ਐਰੋਬਿਕ ਲਾਈਫ ਤੋਂ ਪਹਿਲਾਂ ਐਨਐਰੋਬਿਕ ਲਾਈਫ ਸ਼ੁਰੂ ਹੋਈ ਸੀ; ਐਨਐਰੋਬਿਕ ਬੈਕਟੀਰੀਆ ਦੇ ਰੂਪ ਵਿਚ ਜੋ ਕਾਰਬਨ ਡਾਈਆਕਸਾਈਡ ਵਿਚ ਸਾਹ ਲੈਂਦੇ ਸਨ, ਭਾਵ ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਛੱਡਦੇ ਸਨ, ਸਮਾਂ ਪਾ ਕੇ ਉਨ੍ਹਾਂ ਨੇ ਏਨੀ ਆਕਸੀਜਨ ਪੈਦਾ ਕਰ ਲਈ ਕਿ ਉਹ ਉਸ ਆਕਸੀਜਨ ਪੌਲਿਊਸ਼ਨ ਵਿਚ ਖੁਦ ਹੀ ਜਿਉਂਦੇ ਨਾ ਕਰ ਸਕੇ। ਆਕਸੀਜਨ ਨੂੰ ਕੰਟਰੋਲ ਕਰਨ ਵਾਲੀ ਐਰੋਬਿਕ ਲਾਈਫ ਨੇ ਉਸ ਦੀ ਥਾਂ ਲੈ ਲਈ। ਇਸ ਐਰੋਬਿਕ ਲਾਈਫ ਵਿਚੋਂ ਹੀ ਫਿਰ ਪਿਛੋਂ ਮਨੁੱਖ ਦਾ ਉਦਭਵ ਹੁੰਦਾ ਹੈ। ਹੋ ਸਕਦਾ ਹੈ ਕਿ ਹੁਣ ਵੀ ਕਿਸੇ ਨਵੀਂ ਕਿਸਮ ਦੀ, ਮਾਨਵ ਨਾਲੋਂ ਵੀ ਵੱਧ ਵਿਕਸਿਤ ਲਾਈਫ, ਜੋ ਇਸ ਪ੍ਰਦੂਸ਼ਿਤ ਵਾਤਾਵਰਣ ਵਿਚ ਸਰਵਾਈਵ ਕਰ ਸਕੇ, ਨੇ ਆਉਣਾ ਹੋਵੇ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਾਨਵ-ਸੰਸਾਰ ਦਾ ਅੰਤ ਸ੍ਰਿਸ਼ਟੀ ਦਾ ਅੰਤ ਨਹੀਂ। ਕੌਪਲੈਕਸਿਟੀ ਦਾ ਅੰਤ ਨਹੀਂ। ਇੰਟੈਲੀਜੈਂਸ ਦਾ ਅੰਤ ਨਹੀਂ। ਵਿਕਾਸ ਦਾ ਅੰਤ ਨਹੀਂ। ਕਾਨਸ਼ਿਸਨੈਸ ਦਾ ਅੰਤ ਨਹੀਂ।
ਸੁਆਲ ਹੈ ਕਿ ਐਨਟਰਾਪੀ ਵਿਚ ਵਾਧੇ ਦੀ ਦਰ ਹੋਰ ਤੇਜ ਕਿਵੇਂ ਹੋਵੇ? ਇਹ ਤਦ ਹੀ ਸੰਭਵ ਹੈ, ਜੇ ਅਸੀਮ ਚਾਹਤਾਂ ਨਾਲ ਭਰੀ ਹੋਈ ਮਾਨਵ-ਜਾਤੀ ਸਾਰੀ ਸ੍ਰਿਸ਼ਟੀ ਵਿਚ ਫੈਲ ਜਾਵੇ। ਅੱਜ ਤੋਂ 13.8 ਅਰਬ ਸਾਲ ਪਹਿਲਾਂ ਇਸ ਸ੍ਰਿਸ਼ਟੀ ਦਾ ਜਨਮ ਹੋਇਆ ਸੀ। ਭਾਵ ਮਾਨਵ ਚੇਤਨਾ ਦੇ ਵਿਕਸਿਤ ਹੋਣ ਵਿਚ 13.8 ਅਰਬ ਸਾਲ ਲੱਗ ਗਏ। ਹੁਣ ਆਉਣ ਵਾਲੇ ਅਰਬ ਸਾਲਾਂ ਵਿਚ ਜੇ ਇਹ ਸਾਰੀ ਸ੍ਰਿਸ਼ਟੀ ਵਿਚ ਫੈਲ ਜਾਵੇ ਤਾਂ ਉਹ ਸਿਰਫ 13.8 ਅਰਬ ਸਾਲਾਂ ਦੀ ਲੰਮੀ ਨੀਂਦ ਵਿਚੋਂ ਜਾਗ ਕੇ ਸਵੈ-ਚੇਤੰਨ ਹੀ ਨਹੀਂ ਹੋਵੇਗੀ, ਸਗੋਂ ਐਨਟਰਾਪੀ ਵਿਚ ਵਾਧੇ ਰਾਹੀਂ ਆਪਣੀ ਯਾਤਰਾ ਦਾ ਚੌਥਾ ਪੜਾਅ ਵੀ ਪੂਰਾ ਕਰ ਲਵੇਗੀ।
ਇਸ ਯਾਤਰਾ ਦਾ ਪਹਿਲਾ ਪੜਾਅ ਤਾਂ ਨਾਨ-ਲਾਈਫ ਦਾ ਪੜਾਅ ਹੀ ਸੀ। ਦੂਜੇ ਪੜਾਅ ਤੋਂ ਲਾਈਫ ਦੀ ਯਾਤਰਾ ਸ਼ੁਰੂ ਹੁੰਦੀ ਹੈ। ਲਾਈਫ ਉਸ ਵਿਧਾ ਦਾ ਨਾਂ ਹੈ, ਜੋ ਆਪਣੀ ਕੌਪਲੈਕਸਿਟੀ ਨੂੰ ਰੀਟੇਨ ਅਤੇ ਰੈਪਲੀਕੇਟ ਕਰੇ। ਲਾਈਫ ਦਾ ਪਹਿਲਾ ਪੜਾਅ ਨਾਨ-ਹਿਊਮਨ ਲਾਈਫ ਦਾ ਪੜਾਅ ਸੀ। ਲਾਈਫ ਦੇ ਇਸ ਪੜਾਅ ਵਿਚ, ਲਾਈਫ ਦੇ ਹਾਰਡਵੇਅਰ (ਤਨ) ਅਤੇ ਸੌਫਟਵੇਅਰ (ਮਨ) ਦੋਹਾਂ ਦਾ ਨਿਰਮਾਣ ਤੇ ਵਿਕਾਸ ਕੁਦਰਤ ਦੇ ਹੱਥ ਵਿਚ ਸੀ। ਲਾਈਫ ਦੇ ਦੂਜੇ ਪੜਾਅ ਵਿਚ, ਜਿਸ ਨੂੰ ਅਸੀਂ ਹਿਊਮਨ ਲਾਈਫ ਦਾ ਪੜਾਅ ਆਖਦੇ ਹਾਂ, ਵਿਚ ਸੌਫਟਵੇਅਰ ਤਾਂ ਮਨੁੱਖ ਭਾਵ ਲਾਈਫ ਖੁਦ ਡਿਜ਼ਾਈਨ ਕਰਦੀ ਹੈ, ਪਰ ਹਾਰਡਵੇਅਰ ਦਾ ਨਿਰਮਾਣ ਅਤੇ ਵਿਕਾਸ ਹਾਲੇ ਵੀ ਕੁਦਰਤ ਦੇ ਹੱਥ ਵਿਚ ਹੀ ਸੀ। ਲਾਈਫ ਦੇ ਤੀਜੇ ਪੜਾਅ, ਜਿਸ ਨੂੰ ਪੋਸਟ-ਹਿਊਮਨ ਲਾਈਫ ਦਾ ਪੜਾਅ ਆਖਿਆ ਜਾ ਸਕਦਾ ਹੈ, ਵਿਚ ਲਾਈਫ ਦਾ ਸੌਫਟਵੇਅਰ ਅਤੇ ਹਾਰਡਵੇਅਰ-ਦੋਵੇਂ ਲਾਈਫ ਆਪਣੇ ਆਪ ਹੀ ਡਿਜ਼ਾਈਨ ਕਰਦੀ ਹੈ। ਇਹ ਮਸ਼ੀਨ ਲਰਨਿੰਗ, ਆਰਟੀਫੀਸ਼ਲ ਇੰਟੈਲੀਜੈਂਸ ਦੀ ਉਹ ਸਟੇਜ ਹੈ, ਜਿਥੇ ਐਲਗੋਰਿਦਮਜ਼ ਆਪਣੇ ਆਪ ਨੂੰ ਲਿਖ ਵੀ ਸਕਦੇ ਹਨ ਅਤੇ ਰਿਵਾਈਜ਼ ਵੀ ਕਰ ਸਕਦੇ ਹਨ। ਇਥੇ ਪਹੁੰਚ ਕੇ ਲਾਈਫ ਆਪਣੇ ਆਪ ਦੀ ਖੁਦ ਮਾਲਕ ਬਣ ਜਾਂਦੀ ਹੈ। ਆਪਣੇ ਆਪ ਨੂੰ ਖੁਦ ਡਿਜ਼ਾਈਨ ਕਰਦੀ ਹੈ।
ਲਾਈਫ ਦੇ ਇਸ ਧਰਤੀ ਤੋਂ ਪਾਰ ਬ੍ਰਹਿਮੰਡ ਵਿਚ ਫੈਲਣ ਲਈ ਦੋ ਗੱਲਾਂ ਜ਼ਰੂਰੀ ਸਨ-ਪਹਿਲੀ ਇਹ ਕਿ ਇਸ ਨੂੰ ਹੱਡ ਮਾਸ ਦੀ ਕੈਦ ਤੋਂ ਮੁਕਤ ਕਰਵਾਈਆ ਜਾਵੇ ਅਤੇ ਦੂਜੀ, ਇਹ ਵੱਖੋ ਵੱਖਰੀਆਂ ਪ੍ਰਸਥਿਤੀਆਂ ਵਿਚ ਆਪਣੇ ਆਪ ਨੂੰ ਖੁਦ ਰੀਡਿਜ਼ਾਈਨ ਕਰ ਸਕੇ। ਆਰਟੀਫੀਸ਼ਲ ਇੰਟੈਲੀਜੈਂਸ ਇਸ ਦਿਸ਼ਾ ਵਿਚ ਹਾਲੇ ਪਹਿਲਾ ਕਦਮ ਹੈ। ਆਰਟੀਫੀਸ਼ਲ ਇੰਟੈਲੀਜੈਂਸ ਦੇ ਮਾਨਵ ਸਮਰੱਥਾ ਨੂੰ ਪਾਰ ਕਰਨ ਵਿਚ ਹਾਲੇ ਕਿੰਨੇ ਸਾਲ ਹੋਰ ਲੱਗਣਗੇ, ਕੁਝ ਕਿਹਾ ਨਹੀਂ ਜਾ ਸਕਦਾ।
ਜਦੋਂ ਸੁਪਰਇੰਟੈਲੀਜੈਂਸ ਵਿਕਸਿਤ ਹੋ ਵੀ ਗਈ, ਤਾਂ ਉਸ ਸੁਪਰਇੰਟੈਲੀਜੈਂਸ ਦੇ ਉਦੇਸ਼ ਅਤੇ ਟੀਚੇ ਕੌਣ ਨਿਸ਼ਚਿਤ ਕਰੇਗਾ? ਇਸ ਦਿਸ਼ਾ ਵੱਲ ਤਾਂ ਸ਼ਾਇਦ ਹਾਲੇ ਸੋਚ ਵਿਚਾਰ ਵੀ ਚੰਗੀ ਤਰ੍ਹਾਂ ਸ਼ੁਰੂ ਨਹੀਂ ਹੋਈ।