ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਨਵੇਂ ਸਾਲ ਨੂੰ ਜੀ ਆਇਆਂ ਆਖਦਿਆਂ ਪਾਠਕਾਂ ਨੂੰ ਨਵੇਂ ਸਾਲ ਵਿਚ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ, ਦਾ ਤਹੱਈਆ ਕਰਨ ਦੀ ਨਸੀਹਤ ਦਿੱਤੀ ਸੀ, “ਹਰ ਸਾਲ ਦੇ ਹਰ ਦਿਨ-ਵਰਕੇ ‘ਤੇ ਕੁਝ ਅਜਿਹੀ ਇਬਾਰਤ ਜਰੂਰ ਲਿਖੀਏ, ਇਬਾਰਤ ਜੋ ਤੁਹਾਥੋਂ ਵਿਸਰੀ ਜਲਾਵਤਨੀ ਹੰਢਾ ਰਹੀ ਏ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਦੀਵੇ ਦੀਆਂ ਸਿਫਤਾਂ ਕੀਤੀਆਂ ਹਨ, ਜਿਸ ਦੀ ਕਿਸਮਤ ਹੀ ਚਾਨਣ ਵੰਡਣਾ ਹੈ। ਉਹ ਕਹਿੰਦੇ ਹਨ, “ਜੀਵਨ ਵਿਚ ਹਰੇਕ ਦੀਵੇ ਦੀ ਆਪਣੀ ਮਹਾਨਤਾ ਤੇ ਉਪਯੋਗਤਾ। ਇਨ੍ਹਾਂ ਵਿਚੋਂ ਹੀ ਮਨੁੱਖ ਦਾ ਸਰਬ-ਪੱਖੀ ਵਿਕਾਸ ਹੁੰਦਾ।”
ਮਾਂ-ਬਾਪ ਵੀ ਦੀਵੇ ਵਾਂਗ ਆਪਣੀ ਔਲਾਦ ਲਈ ਚਾਨਣ ਹੀ ਹੁੰਦੇ ਹਨ। ਡਾ. ਭੰਡਾਲ ਆਖਦੇ ਹਨ, “ਬਾਪ ਦੇ ਰੂਪ ਵਿਚ ਮਨੁੱਖ ਨੂੰ ਅਜਿਹਾ ਦੀਵਾ ਨਸੀਬ ਹੁੰਦਾ, ਜੋ ਆਪਣੀ ਰੋਸ਼ਨੀ ਤੇ ਨਿੱਘ ਨੂੰ ਪਰਿਵਾਰ ਤੇ ਬੱਚਿਆਂ ‘ਚ ਵੰਡਦਿਆਂ ਖੁਦ ਨੂੰ ਹੀ ਭੁਲਾ ਲੈਂਦਾ।” ਉਨ੍ਹਾਂ ਦਾ ਹੋਕਾ ਹੈ, “ਬਾਪ ਦੀਆਂ ਬਰਕਤਾਂ ਹਾਸਲ ਕਰਨ ਵਾਲਿਓ, ਬਾਪ ਨੂੰ ਕਦੇ ਯਾਦ ‘ਚੋਂ ਨਾ ਵਿਸਾਰਿਓ।…ਬਾਪ ਸਦਾ ਬਾਪ ਹੀ ਰਹਿੰਦਾ, ਪੁੱਤ ਤਾਂ ਕਪੁੱਤ ਹੋ ਸਕਦਾ।” ਉਹ ਇਕ ਹੋਰ ਦੀਵੇ ਦੀ ਦੱਸ ਪਾਉਂਦੇ ਹਨ, ਇਹ ਦੀਵਾ ਹੈ, ਅਧਿਆਪਕ ਜੋ ਆਪਣੇ ਵਿਦਿਆਰਥੀਆਂ ਨੂੰ ਚਾਨਣ ਵੰਡਦਾ ਹੈ। -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਦੀਵੇ ਤੇ ਜੀਵਨ ਦਾ ਗੂੜ੍ਹਾ ਸਬੰਧ। ਦੀਵਾ ਜਗਦਾ ਰਹੇ ਤਾਂ ਜੀਵਨ ਦੀ ਸਾਰਥਕਤਾ ਕਾਇਮ। ਘੁੱਪ ਹਨੇਰੇ ਰਾਹਾਂ ਵਿਚ ਚਾਨਣ। ਯਖ ਪਲਾਂ ਵਿਚ ਨਿੱਘ ਦਾ ਅਹਿਸਾਸ। ਦੀਵੇ ਦੀ ਲਾਟ ਦਾ ਹਨੇਰਿਆਂ ਨਾਲ ਆਢਾ। ਪਤੰਗਿਆਂ ਤੋਂ ਪਤਾ ਲੱਗਦਾ ਕਿ ਕਿਵੇਂ ਬਲਦੀ ਲਾਟ ਤੋਂ ਕੁਰਬਾਨ ਹੋਈਦਾ?
ਦੀਵਾ, ਚੇਤਨ-ਚਿਰਾਗ। ਰੌਸ਼ਨ ਰਾਹਾਂ ਦੀ ਦੱਸ। ਪੈੜਾਂ ਨੂੰ ਸੁਰਖ-ਭਾਅ ਬਖਸ਼ੰਦ। ਰਾਹਾਂ ਦੇ ਮੱਥਿਆਂ ‘ਤੇ ਮੰਜ਼ਿਲਾਂ ਦਾ ਸਿਰਨਾਵਾਂ। ਦੀਵੇ ਲਈ ਅਹਿਮ ਹੁੰਦਾ ਇਸ ਦੀ ਸਿਰਜਣਾ। ਇਸ ਦੇ ਸੂਖਮ ਆਕਾਰ ਦੀ ਕਾਇਆ-ਕਲਪ। ਇਹ ਤਾਂ ਹੀ ਜਗਦਾ, ਜੇ ਤੇਲ ਜਾਂ ਘਿਓ ਹੋਵੇ। ਵੱਟੀ, ਬਲਣ ਦਾ ਸਬੱਬ ਅਤੇ ਇਸ ਸਬੱਬ ਲਈ ਇਕ ਤੀਲੀ ਦਾ ਹੋਣਾ ਅਤਿ ਜਰੂਰੀ। ਖਾਲੀ ਦੀਵੇ ਦੇ ਕੋਈ ਨਹੀਂ ਅਰਥ। ਕੁਝ ਦਾ ਜੀਵਨ ਹੌਕੇ ਭਰਦੇ ਦੀਵੇ, ਕੁਝ ਬੁੱਝਣਾ ਲੋਚਦੇ; ਪਰ ਕੁਝ ਜਗਣ ਲਈ ਕਾਹਲੇ। ਕੁਝ ਲਟ ਲਟ ਬਲਦੇ ਤੇ ਦੂਜਿਆਂ ਲਈ ਬਲ ਕੇ ਰੋਸ਼ਨੀ ਫੈਲਾਉਣ ਦੀ ਪ੍ਰੇਰਨਾ।
ਕੁਝ ਲੋਕਾਂ ਦਾ ਜੀਵਨ ਬਲਦੇ ਦੀਵੇ ਜਿਹਾ, ਜੋ ਸਿਰਫ ਚਾਨਣ ਹੀ ਵੰਡਦਾ। ਕੁਝ ਲੋਕ ਘਿਓ ਦੇ ਦੀਵੇ ਜਿਹੇ, ਜੋ ਧਾਰਮਿਕ ਅਸਥਾਨਾਂ, ਪਿਆਰਿਆਂ ਦੀਆਂ ਮਜਾਰਾਂ ਜਾਂ ਤੁਰ ਗਿਆਂ ਦੀ ਯਾਦ ਵਿਚ ਖਾਸ ਮੌਕਿਆਂ ‘ਤੇ ਜਗਾ ਕੇ ਉਨ੍ਹਾਂ ਦੀਆਂ ਕੀਰਤੀਆਂ ਅਤੇ ਪੁਰ-ਸਕੂਨ ਸਬੰਧਾਂ ਨੂੰ ਮੁੜ ਨਵਿਆਉਂਦੇ। ਇਹ ਦੀਵੇ ਚਾਨਣ ਦੇ ਨਾਲ-ਨਾਲ, ਇਕ ਵੱਖਰੀ ਮਹਿਕ ਚੌਗਿਰਦੇ ‘ਚ ਫੈਲਾਉਂਦੇ, ਜੋ ਵਿਕੋਲਿਤਰੇ ਅਹਿਸਾਸ ਨੂੰ ਮਨ-ਤ੍ਰਿਪਤੀ ਬਣਾਉਂਦੇ।
ਜ਼ਿੰਦਗੀ ਤੇ ਦੀਵੇ ਦਾ ਜੀਵਨ ਸਮਾਨੰਤਰ। ਸੰਵੇਦਨਾ ਤੇ ਸਾਰਥਕਤਾ ਭਰਪੂਰ। ਸਿਰਫ ਫਰਕ ਇਹ ਹੈ ਕਿ ਅਸੀਂ ਜੀਵਨ ਨੂੰ ਕਿਵੇਂ ਦੀਵੇ ਜਿਹਾ ਜਾਂ ਦੀਵੇ ਨੂੰ ਕਿਵੇਂ ਜੀਵਨ-ਬੰਦਗੀ ਬਣਾਉਂਦੇ ਹਾਂ।
ਦੀਵੇ ਜਿਹੇ ਲੋਕ ਜ਼ਿੰਦਗੀ ਦਾ ਅਹਿਮ ਹਿੱਸਾ। ਦੀਵੇ ਵਾਂਗ ਇਹ ਕੁਝ ਚਿਰ ਜਗਦੇ, ਤੇਲ ਮੁੱਕਣ ‘ਤੇ ਬੁੱਝ ਜਾਂਦੇ, ਪਰ ਇਨ੍ਹਾਂ ਦਾ ਮਾਰਗ-ਦਰਸ਼ਨ, ਸਮੁੱਚੇ ਜੀਵਨ ਵਿਚ ਸਾਡੀ ਸੋਚ ਦਾ ਹਿੱਸਾ ਬਣਿਆ ਰਹਿੰਦਾ। ਸਿਰਫ ਅਕ੍ਰਿਤਘਣ ਲੋਕ ਹੀ ਦੀਵੇ ਜਿਹੀਆਂ ਸ਼ਖਸੀਅਤਾਂ ਨੂੰ ਚੇਤਿਆਂ ‘ਚੋਂ ਵਿਸਾਰਦੇ। ਯਾਦ ਰੱਖਣਾ! ਜੇ ਇਹ ਦੀਵੇ ਜੀਵਨ ਵਿਚ ਨਾ ਜਗਦੇ ਤਾਂ ਜੀਵਨ ਅੰਧੇਰ-ਨਗਰੀ ਹੁੰਦਾ।
ਕੁਦਰਤ ਵਿਚ ਸਭ ਤੋਂ ਵੱਡਾ ਦੀਵਾ ਸੂਰਜ ਦੇ ਰੂਪ ਵਿਚ ਕਾਇਨਾਤ ਨੂੰ ਧੁੱਪ ਨਾਲ ਭਰਦਾ। ਸਮੁੱਚੀ ਬਨਸਪਤੀ ਦੀ ਹੋਂਦ ਦਾ ਜਾਮਨ ਅਤੇ ਜੀਵ-ਸੰਸਾਰ ਦਾ ਸਾਹ-ਆਧਾਰ। ਕੁਦਰਤੀ ਦੀਵੇ ਦੀ ਮਹਾਨਤਾ ਤੋਂ ਅਣਜਾਣ ਮਨੁੱਖ ਨੂੰ ਆਪਣਾ ਮਰਸੀਆ ਪੜ੍ਹਨ ਲਈ ਤਿਆਰ ਰਹਿਣਾ ਚਾਹੀਦਾ।
ਜੀਵਨ ਵਿਚ ਸਭ ਤੋਂ ਵੱਧ ਲੋਅ ਅਤੇ ਨਿੱਘ ਨਾਲ ਮਨੁੱਖ ਦੇ ਸ਼ਖਸੀ ਵਿਕਾਸ ਦਾ ਧੁਰਾ ਹੈ ਮਾਂ। ਮਾਂ ਜਿਹਾ ਚਿਰਾਗ ਕਿਧਰੇ ਲੱਭਿਆਂ ਨਹੀਂ ਥਿਆਉਣਾ। ਨਾ ਹੀ ਮਾਂ ਵਾਂਗ ਕਿਸੇ ਹਿੱਕ ਨਾਲ ਲਾਉਣਾ, ਕੋਸੇ ਕੋਸੇ ਪਲਾਂ ਨਾਲ ਯੱਖ ਰੁੱਤਾਂ ਨੂੰ ਗਰਮਾਉਣਾ, ਲੋਰੀਆਂ ਸੁਣਾਉਣਾ, ਹਰ ਕਦਮ ਨੂੰ ਠੋਕਰ ਤੋਂ ਬਚਾਉਣਾ, ਹਰ ਮੋੜ ‘ਤੇ ਸੁਚੇਤ ਕਰਨਾ ਅਤੇ ਬੱਚਿਆਂ ਦੀਆਂ ਬਲਾਵਾਂ ਨੂੰ ਖੁਦ ‘ਤੇ ਹੰਢਾ, ਸਿਹਤਯਾਬੀ ਅਤੇ ਲੰਮੇਰੀ ਉਮਰ ਦੀ ਅਰਦਾਸ ਬਣਨਾ। ਮਾਂ ਹੀ ਹੁੰਦੀ, ਜੋ ਮਰ ਕੇ ਵੀ ਬੱਚਿਆਂ ਨੂੰ ਜੀਵਨ ਬਖਸ਼ਦੀ। ਬੱਚਿਆਂ ਦੀ ਪਿਆਸ ਅਤੇ ਭੁੱਖ-ਪੂਰਤੀ ਵਿਚੋਂ ਹੀ ਰੱਜ ਦਾ ਮਾਣ ਹੁੰਦੀ ਮਾਂ। ਸੁਚੇਤ/ਅਚੇਤ, ਹਰ ਮੁਕਾਮ ‘ਤੇ ਮਾਂ ਜਰੂਰ ਯਾਦ ਆਉਂਦੀ। ਮਾਂ-ਜੋਤ ਦੀ ਓਟ ਤੇ ਆਸਰੇ ਸਦਕਾ ਸਾਡਾ ਜੀਵਨ ਬਹੁਤ ਹੀ ਸੁਖਾਵਾਂ ਤੇ ਅਰਥ ਭਰਪੂਰ।
ਮਾਂ ਦੀ ਕਬਰ ‘ਤੇ ਗਾਹੇ-ਬਗਾਹੇ ਇਕ ਚਿਰਾਗ ਜਰੂਰ ਜਗਾਉਂਦੇ ਰਹਿਣਾ ਤਾਂ ਕਿ ਮਾਂ ਦੀਆਂ ਅਸੀਸਾਂ ਦਾ ਦੀਵਾ ਹਰ ਵੇਲੇ ਜਗਦਾ ਰਹੇ ਅਤੇ ਮਸਤਕ ਚਾਨਣ ਨਾਲ ਭਰਦਾ ਰਹੇ। ਮਾਂ ਦੀ ਮੜ੍ਹੀ ‘ਤੇ ਜਗਾਇਆ ਚਿਰਾਗ, ਸਾਡੀਆਂ ਹੀ ਪੈੜਾਂ ਵਿਚ ਰੋਸ਼ਨੀ ਭਰਦਾ ਅਤੇ ਮਾਂ ਦੀਆਂ ਦੁਆਵਾਂ ਦਾ ਚਾਨਣ-ਚੱਕਰ ਮਨੁੱਖ ਦੁਆਲੇ ਹਰਦਮ ਵਲਿਆ ਰਹਿੰਦਾ। ਇਹ ਚਿਰਾਗ ਜਦ ਬੁੱਝਦਾ ਤਾਂ ਬਹੁਤ ਕੁਝ ਅਮਾਨਵੀ ਹੋ ਜਾਂਦਾ। ਅਫਸੋਸ! ਅਜੋਕੇ ਸਮੇਂ ਵਿਚ ਬਹੁਤੇ ਮਨਾਂ ਵਿਚ ਇਸ ਦੀਵੇ ਦਾ ਜਗਣਾ ਤਾਂ ਕੀ, ਸੋਅ ਵੀ ਨਹੀਂ ਮਿਲਦੀ। ਵਾਸਤਾ ਈ! ਇਸ ਦੀਵੇ ਨੂੰ ਸੁੱਚੀ-ਸੋਚ ਦੇ ਤੇਲ ਅਤੇ ਸੱਚੀ ਸ਼ਰਧਾ ਦੀ ਬੱਤੀ ਨਾਲ ਹਮੇਸ਼ਾ ਜਗਦੇ ਰੱਖਣਾ, ਜ਼ਿੰਦਗੀ ਨੂੰ ਨਵੀਂ ਬੁਲੰਦਗੀ ਹਾਸਲ ਹੋਵੇਗੀ।
ਜੀਵਨ ਵਿਚ ਹਰੇਕ ਦੀਵੇ ਦੀ ਆਪਣੀ ਮਹਾਨਤਾ ਤੇ ਉਪਯੋਗਤਾ। ਇਨ੍ਹਾਂ ਵਿਚੋਂ ਹੀ ਮਨੁੱਖ ਦਾ ਸਰਬ-ਪੱਖੀ ਵਿਕਾਸ ਹੁੰਦਾ।
ਰਾਤ ਦੇ ਵਿਹੜੇ ਚੜ੍ਹਿਆ ਚੰਦਰਮਾ, ਜੀਵਨੀ ਹਨੇਰ ਨੂੰ ਹੂੰਝਦਾ ਅਤੇ ਚੌਗਿਰਦੇ ਨੂੰ ਚਾਨਣੀ ਨਾਲ ਭਰਦਾ। ਮੱਸਿਆ ਦੀ ਰਾਤ ਨੂੰ ਹੀ ਚੰਨ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ।
ਅੰਬਰ ਦੇ ਵਿਹੜੇ ‘ਚ ਤਾਰਿਆਂ ਦੀ ਆਰਤੀ ਧਰਤ ‘ਤੇ ਚਾਨਣ ਤਰੌਂਕਦੀ। ਇਹ ਦੀਵੇ ਕੁਦਰਤੀ ਨਿਆਮਤ ਅਤੇ ਮਨੁੱਖ ਲਈ ਦਾਤ। ਇਨ੍ਹਾਂ ਦੀ ਝਿਲਮਿਲ ਟਿਮਕਣੀ ਰਾਹੀਂ ਆਉਂਦੀ ਰੋਸ਼ਨੀ ਦੀਆਂ ਕੁਝ ਕਾਤਰਾਂ ਨਾਲ ਮਨ-ਮਸਤਕ ਨੂੰ ਤਰ ਕਰਨਾ, ਤੁਹਾਨੂੰ ਇਨ੍ਹਾਂ ਦੀ ਧੰਧਿਆਈ ਤੇ ਬੰਦਿਆਈ ਦਾ ਅਹਿਸਾਸ ਜਰੂਰ ਹੋਵੇਗਾ। ਤਾਰਿਆਂ ਦੀ ਸੁੰਦਰਤਾ ਦਾ ਮਨੁੱਖੀ ਸੁੰਦਰਤਾ ਸੰਗ ਸੁਮੇਲ ਸਭ ਤੋਂ ਖੂਬਸੂਰਤ ਖੁਆਬ, ਖਿਆਲ ਅਤੇ ਖਜਾਨਾ।
ਬਾਪ ਦੇ ਰੂਪ ਵਿਚ ਮਨੁੱਖ ਨੂੰ ਅਜਿਹਾ ਦੀਵਾ ਨਸੀਬ ਹੁੰਦਾ, ਜੋ ਆਪਣੀ ਰੋਸ਼ਨੀ ਤੇ ਨਿੱਘ ਨੂੰ ਪਰਿਵਾਰ ਤੇ ਬੱਚਿਆਂ ‘ਚ ਵੰਡਦਿਆਂ ਖੁਦ ਨੂੰ ਹੀ ਭੁਲਾ ਲੈਂਦਾ। ਉਸ ਦੀਆਂ ਜੀਵਨੀ ਕਿਰਨਾਂ ਦੀਆਂ ਕੀਰਤੀਆਂ ਤੇ ਕਰਨੀਆਂ ਨੂੰ ਬੱਚਾ ਅਚੇਤ ਰੂਪ ਵਿਚ ਗ੍ਰਹਿਣ ਕਰਦਾ। ਇਹੀ ਬੱਚਾ ਬਾਪ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ, ਕੁਝ ਅਜਿਹਾ ਨਰੋਇਆ ਸਿਰਜਦਾ, ਜੋ ਬਾਪ ਦੇ ਤੁਰਲੇ ਨੂੰ ਹੋਰ ਉਚਾ ਕਰਦਾ। ਬਾਪ ਨੇ ਸਦਾ ਨਹੀਂ ਰਹਿਣਾ। ਬਾਪ ਦੇ ਤੁਰ ਜਾਣ ਪਿਛੋਂ ਹੀ ਪਤਾ ਲੱਗਦਾ ਕਿ ਬਾਪ ਦੀ ਹੋਂਦ ਦੇ ਕੀ ਅਰਥ? ਇਹ ਦੀਵਾ ਸਾਰੀ ਉਮਰ ਨਿਰ-ਸੁਆਰਥ ਜਗਦਾ, ਪਰ ਕੁਝ ਨਹੀਂ ਮੰਗਦਾ। ਸਿਰਫ ਅਦਬ ਅਤੇ ਸਤਿਕਾਰ ਦਾ ਆਸਵੰਦ। ਜੇ ਇਸ ਤੋਂ ਵੀ ਮੁਨਕਰ ਹੋ ਜਾਈਏ ਤਾਂ ਇਸ ਤੋਂ ਵੱਡੀ ਨਾ-ਸ਼ੁਕਰੀ ਕੀ ਹੋ ਸਕਦੀ?
ਬਾਪ ਦੀਆਂ ਬਰਕਤਾਂ ਹਾਸਲ ਕਰਨ ਵਾਲਿਓ, ਬਾਪ ਨੂੰ ਕਦੇ ਯਾਦ ‘ਚੋਂ ਨਾ ਵਿਸਾਰਿਓ। ਬਾਪ ਅਸਥੂਲ ਰੂਪ ਵਿਚ ਕਦੇ ਨਹੀਂ ਮਰਦਾ। ਉਹ ਬੱਚਿਆਂ ਵਿਚ ਅਤੇ ਉਨ੍ਹਾਂ ਦੀ ਕਾਰਜਸ਼ੈਲੀ ਤੇ ਕਰਮਯੋਗਤਾ ਕਾਰਨ ਸਦਾ ਜਿਉਂਦਾ। ਬਾਪ ਦੀ ਮੜ੍ਹੀ ‘ਤੇ ਦੀਵਾ ਜਰੂਰ ਡੰਗਦੇ ਰਹਿਣਾ, ਤੁਹਾਡੀ ਸੋਚ, ਸਿਰੜ, ਸਮਰਪਣ ਅਤੇ ਸੂਖਮਤਾ ਨੂੰ ਸਦਾ ਭਾਗ ਲੱਗੇ ਰਹਿਣਗੇ। ਬਾਪ ਦੀਆਂ ਦੁਆਵਾਂ ਮਿਲਦੀਆਂ ਰਹਿਣਗੀਆਂ। ਉਹ ਅਦਿੱਖ ਹੋ ਕੇ, ਬੱਚਿਆਂ ਲਈ ਪ੍ਰਾਪਤੀਆਂ ਤੇ ਸਫਲਤਾਵਾਂ ਦੀ ਬੂੰਦਾ-ਬਾਂਦੀ ਵਿਰਾਸਤੀ ਵਿਹੜਿਆਂ ‘ਚ ਜਰੂਰ ਕਰਦੇ ਰਹਿਣਗੇ।
ਬਾਪ ਸਦਾ ਬਾਪ ਹੀ ਰਹਿੰਦਾ, ਪੁੱਤ ਤਾਂ ਕਪੁੱਤ ਹੋ ਸਕਦਾ। ਬਾਪ ਦੀ ਬੰਦਗੀ, ਬੰਦਿਆਈ, ਬੁਲੰਦੀ ਅਤੇ ਬਰਕਤਾਂ ਦਾ ਸਦਾ ਅਹਿਸਾਨਮੰਦ ਰਹਿਣਾ, ਮਾਨਤਾਵਾਂ ਤੇ ਸ਼ੋਹਰਤਾਂ ਦੀ ਤੋਟ ਕਦੇ ਨਹੀਂ ਆਵੇਗੀ। ਬਾਪ ਨੂੰ ਚੇਤਿਆਂ ਵਿਚ ਵਸਾਉਣ ਵਾਲੇ ਕੁਝ ਗਵਾਉਂਦੇ ਨਹੀਂ, ਸਗੋਂ ਬਹੁਤ ਕੁਝ ਪਾਉਂਦੇ ਕਿਉਂਕਿ ਬਾਪ-ਰੂਪੀ ਦੀਵਾ ਉਨ੍ਹਾਂ ਦੀ ਅਰਧ-ਚੇਤਨਾ ਵਿਚ ਜਗਦਾ, ਉਨ੍ਹਾਂ ਲਈ ਚਾਨਣ ਤੇ ਨਿੱਘ ਜੁ ਹੁੰਦਾ।
ਗੁਰਬਾਣੀ ਦਾ ਫੁਰਮਾਨ, “ਦੀਵਾ ਬਲੈ ਅੰਧੇਰਾ ਜਾਇ” ਨੂੰ ਆਪਣੇ ਅੰਤਰੀਵ ਵਿਚ ਢਾਲ ਕੇ ਦਯਾ, ਧਰਮ, ਦਿਆਨਤਦਾਰੀ, ਦਿੱਬ-ਦ੍ਰਿਸ਼ਟੀ ਦਾ ਚਾਨਣ ਕਰਾਂਗੇ ਤਾਂ ਅੰਦਰ ਵੱਸਦੇ ਵੈਰ-ਵਿਰੋਧ, ਈਰਖਾ, ਨਫਰਤ, ਕਾਮ, ਕਰੋਧ, ਲੋਭ, ਹੰਕਾਰ, ਦੁਸ਼ਮਣੀ ਆਦਿ ਦਾ ਹਨੇਰਾ ਦੂਰ ਹੋ ਜਾਵੇਗਾ। ਪਾਕ ਆਤਮਾ ਵਿਚ ਚੰਗੇਰੇ ਵਿਚਾਰਾਂ ਤੇ ਸ਼ੁਭ-ਕਰਮਨ ਦਾ ਨਿਵਾਸ ਹੋਵੇਗਾ।
ਸਮਾਜ ਸਿਰਫ ਬਾਹਰੀ ਦੀਵੇ ਜਗਾਉਣ ਲਈ ਰੁਚਿਤ। ਬਾਹਰੀ ਦਿੱਖ ਨੂੰ ਸੰਵਾਰਨ ਤੇ ਸੁੰਦਰ ਬਣਾਉਣ ‘ਚ ਉਲਝਿਆ ਕਈ ਵਾਰ ਅੰਤਰੀਵ ਦੀ ਗੰਦਗੀ ਵੱਲ ਧਿਆਨ ਹੀ ਨਹੀਂ ਦਿੰਦਾ। ਬਾਹਰੀ ਹਨੇਰੇ ਨੂੰ ਦੂਰ ਕਰਨ ਲਈ ਦੀਵੇ ਜਗਾਉਣਾ ਜਰੂਰੀ; ਪਰ ਇਸ ਤੋਂ ਵੀ ਜਰੂਰੀ ਹੈ, ਅੰਤਰੀਵੀ ਚਿਰਾਗ ਜਗਾਉਣਾ। ਮਨ ਵਿਚ ਬੈਠੀ ਕੂੜ, ਕਪਟ, ਕੋਹਝ, ਕਮੀਨਗੀ, ਪਾਪ ਤੇ ਪਖੰਡ ਦੀ ਭਾਵਨਾ ਨੂੰ ਦੂਰ ਕਰਨ ਲਈ ਅੰਤਰ-ਆਤਮਾ ਨੂੰ ਜਗਮਗਾਉਣਾ, ਕਦਮ ਕਦੇ ਨਹੀਂ ਥਿੜਕਣਗੇ। ਓਟੇ ‘ਤੇ ਰੱਖਿਆ ਚਿਰਾਗ ਝੱਖੜ, ਹਨੇਰੀ ਜਾਂ ਬਾਰਸ਼ ਵਿਚ ਬੁੱਝ ਸਕਦਾ, ਪਰ ਅੰਦਰਲਾ ਚਿਰਾਗ ਜਦ ਜਗ ਪਵੇ ਤਾਂ ਕਦੇ ਨਹੀਂ ਬੁਝਦਾ। ਨਾ ਹੀ ਕੋਈ ਇਸ ਨੂੰ ਬੁਝਾ ਸਕਦਾ। ਸਮਾਜ ਵਿਚ ਫੈਲਿਆ ਕੁਹਜ, ਅੰਦਰਲੇ ਚਿਰਾਗਾਂ ‘ਚ ਮੁੱਕੇ ਤੇਲ, ਸੜ ਚੁੱਕੀ ਬੱਤੀ ਅਤੇ ਮੁੜ ਜਗਾਉਣ ਦਾ ਮਰ ਚੁੱਕਾ ਹੀਆ ਹੀ ਜਿੰਮੇਵਾਰ। ਮਨੁੱਖ ਜਾਗਦਾ ਹੋਵੇ ਤਾਂ ਉਸ ਦੇ ਰੂਹ-ਦਰਵਾਜੀਂ ਚਾਨਣ ਦਾ ਆਉਣਾ-ਜਾਣ ਬਣਿਆ ਰਹਿੰਦਾ। ਅੰਦਰਲਾ ਦੀਵਾ ਹੀ ਅੰਦਰ ਤੇ ਬਾਹਰ ਲਈ ਚਾਨਣ।
ਜੀਵਨ ਵਿਚ ਕੁਝ ਦੀਵੇ ਅਜਿਹੇ ਵੀ, ਜੋ ਸਾਨੂੰ ਰੌਸ਼ਨ ਕਰ, ਅਲੋਪ ਹੋ ਜਾਂਦੇ; ਪਰ ਦੀਵੇ ਦੀ ਕੀਤੀ ਚਾਨਣ-ਚੰਗਿਆਈ ਹਮੇਸ਼ਾ ਚੇਤਿਆਂ ਵਿਚ ਤਾਜ਼ੀ। ਇਨ੍ਹਾਂ ਦੀਵਿਆਂ ਨੂੰ ਕਦੇ ਵੀ ਬੁੱਝਣ ਨਾ ਦੇਣਾ ਕਿਉਂਕਿ ਜੀਵਨ ਦੇ ਭੰਬਲਭੂਸੇ ਵਿਚ ਜੇ ਇਹ ਚਾਨਣ ਨਾ ਕਰਦੇ ਤਾਂ ਪਤਾ ਨਹੀਂ ਜੀਵਨ-ਦਿਸਹੱਦਿਆਂ ਦੀ ਕੀ ਦਸ਼ਾ ਹੁੰਦੀ? ਇਹ ਦੀਵੇ ਦੋਸਤਾਂ ਵਲੋਂ ਡਿੱਗਦੇ ਨੂੰ ਦਿਤਾ ਸਹਾਰਾ, ਕਿਸੇ ਖਾਈ/ਖੱਡੇ ਤੋਂ ਬਚਣ ਲਈ ਦਿਤੀ ਚਿਤਾਵਨੀ ਜਾਂ ਜੀਵਨ-ਦੁਪਹਿਰੇ ਛਾਏ ਬੱਦਲਾਂ ਨੂੰ ਛੰਡਣ ਦਾ ਕਰਮ ਹੋ ਸਕਦਾ। ਇਹ ਦੀਵੇ ਤਿੜਕੇ ਸੁਪਨਿਆਂ ਤੇ ਸੰਭਾਵਨਾਵਾਂ ਦੇ ਸੱਚ ਹੋਣ ਵਿਚ ਸਭ ਤੋਂ ਅਹਿਮ। ਇਸ ਤੋਂ ਮੁਨਕਰੀ, ਖੁਦਕੁਸ਼ੀ ਦੀ ਨਿਆਈਂ। ਇਨ੍ਹਾਂ ਦੀਵਿਆਂ ਨੂੰ ਵਾਰ ਵਾਰ ਡੰਗਦੇ ਰਹੋ। ਇਨ੍ਹਾਂ ਦੇ ਸਹਿਯੋਗ ਦਾ ਸ਼ੁਕਰਾਨਾ ਕਰੋ, ਹਿਰਦੇ ਵਿਚ ਹਲੀਮੀ ਦਾ ਨਾਦ ਗੁੰਜੇਗਾ। ਬੜਾ ਚੰਗਾ ਲੱਗਦਾ ਹੈ, ਇਨ੍ਹਾਂ ਚਿਰਾਗਾਂ ਦੀ ਰੋਸ਼ਨੀ ਵਿਚ ਇਬਾਰਤ ਨੂੰ ਇਬਾਦਤ ‘ਚ ਰੰਗਣਾ, ਖੁਦ ਦੀ ਨਿਰਮਾਣਤਾ ਤੇ ਉਨ੍ਹਾਂ ਦੀ ਵਡਿੱਤਣ ਨੂੰ ਸਜਦਾ ਕਰਨਾ ਅਤੇ ਉਨ੍ਹਾਂ ਦੀ ਉਚਮਤਾ ਨੂੰ ਨਮਸਕਾਰ ਕਰਨਾ।
ਅਲ੍ਹੜ ਵਰੇਸ ਵਿਚ ਕਦਮ ਧਰਿਆਂ ਇਕ ਦੀਵਾ ਅਧਿਆਪਕ ਦੇ ਰੂਪ ਵਿਚ ਸਾਡੀਆਂ ਪੈੜਾਂ ਨੂੰ ਭਾਗ ਲਾਉਣ ਲਈ ਸਾਡੇ ਗੁਣਾਂ, ਛੁਪੀਆਂ ਲਿਆਕਤਾਂ ਅਤੇ ਸੰਭਾਵਨਾਵਾਂ ਦੀ ਪਛਾਣ ਕਰਕੇ ਸਾਡੇ ਵਿਚ ਕੁਝ ਬਣਨ ਦਾ ਚਾਅ ਤੇ ਹੌਂਸਲਾ ਪੈਦਾ ਕਰਦਾ। ਅਜਿਹੇ ਚਿਰਾਗਾਂ ਦੀ ਹੱਲਾਸ਼ੇਰੀ ਅਤੇ ਉਦਮ ਸਦਕਾ ਹੀ ਪ੍ਰਾਪਤੀਆਂ ਹਾਸਲ ਹੁੰਦੀਆਂ। ਇਨ੍ਹਾਂ ਚਿਰਾਗਾਂ ਦਾ ਕਰਮ ਹੀ ਰੋਸ਼ਨੀ ਵੰਡਣਾ। ਇਨ੍ਹਾਂ ਦੀ ਤਮੰਨਾ ਹੀ ਆਪਣੇ ਵਿਦਿਆਰਥੀਆਂ ਦੀ ਭਲਾਈ-ਚੰਗਿਆਈ ਹੁੰਦੀ, ਜਿਸ ਵਿਚੋਂ ਹੀ ਸਕੂਨ ਤੇ ਸੁਖਨ ਹਾਸਲ ਕਰਦੇ। ਕਦੇ ਕਦਾਈਂ ਚੁੱਪ-ਪਲਾਂ ਵਿਚ ਖੁਦ ਨਾਲ ਸੰਵਾਦ ਰਚਾਉਂਦਿਆਂ ਅਜਿਹੇ ਚਿਰਾਗਾਂ ਨੂੰ ਆਪਣੇ ਚੇਤਿਆਂ ਵਿਚ ਲਿਆਓ। ਇਨ੍ਹਾਂ ਨਾਲ ਸੰਵਾਦ ਰਚਾਓ। ਅਧਿਆਪਕ ਰੂਪੀ ਦੀਵੇ ਬਹੁਤ ਰੂਪਾਂ ਵਿਚ ਮਨੁੱਖ ਨੂੰ ਚਮਕਾਉਂਦੇ ਅਤੇ ਹਰ ਮੋੜ ‘ਤੇ ਮੰਜ਼ਿਲ-ਮਾਰਗ ਦੀ ਦੱਸ ਪਾਉਂਦੇ। ਵਿਹਲ ਕੱਢ ਕੇ ਇਨ੍ਹਾਂ ਗੁਰੂਆਂ ਨੂੰ ਨਮਸਕਾਰ ਜਰੂਰ ਕਰਨਾ, ਅਦਬ ਤੇ ਸਤਿਕਾਰ ਨਾਲ ਨਿਵਾਜਣਾ, ਸ਼ਖਸੀ ਪ੍ਰਫੁਲਤਾ ਤੇ ਪੈਗੰਬਰੀ-ਛੂਹ ਦਾ ਅਹਿਸਾਸ ਹੋਵੇਗਾ।
ਦੀਵੇ ਨੂੰ ਮੁਖਾਤਬ ਹੁੰਦਿਆਂ ਸ਼ਬਦ ਵੀ ਛੋਟੇ ਪੈ ਜਾਂਦੇ,
ਕੁਝ ਦੀਵੇ ਦਿਨ-ਰਾਤ ਜਗਦਿਆਂ
ਢੋਂਦੇ ਰਹਿਣ ਹਨੇਰ
ਕੁਝ ਦੀਵੇ ਪਰ ਬੁਝ ਕੇ ਵੀ
ਵੰਡਦੇ ਰਹਿਣ ਸਵੇਰ।
ਕੁਝ ਦੀਵੇ ਮਸਤਕ ਵਿਚ ਉਗਦੇ
ਸੋਚ-ਜੂਹ ਰੁਸ਼ਨਾਉਂਦੇ
ਤੇ ਕਰਮ-ਧਰਮ ਦੀ ਕੀਰਤੀ
ਜੀਵਨ-ਜੁਗਤ ਬਣਾਉਂਦੇ।
ਇਕ ਦੀਵਾ ਧਰ ਵਿਚ ਬਰੂਹੀਂ
ਰਾਹੀਂ ਚਾਨਣ ਕਰੀਏ
ਆਸ-ਉਮੀਦ ਦੇ ਖਾਲੀ ਆਲ੍ਹੇ
ਚਾਅ-ਉਡੀਕ ਨੂੰ ਧਰੀਏ।
ਕੁਝ ਦੀਵੇ ਜਾਂ ਅੱਖਰ ਰੂਪ ‘ਚ
ਬਣਦੇ ਅਰਥ-ਇਬਾਰਤ
ਜੀਵਨ-ਪੈੜ ਦਾ ਸੁੱਚਮ ਬਣਦਾ
ਇਸ ਦਾ ਇਲਮ, ਇਬਾਦਤ।
ਕੁਝ ਦੀਵੇ ਐਵੇਂ ਬੰਨੇਰੀਂ ਡੰਗ ਕੇ
ਬਾਹਰੋਂ ਦੁਧੀਆ ਹੋਈਏ
ਪਰ ਕੂੜ, ਕਪਟ, ਕਮੀਨਗੀ ਦੀ
ਅੰਦਰ ਕਾਲਖ ਢੋਈਏ।
ਇਕ ਦੀਵੇ ਜਦ ਅੰਦਰ ਜਗ ਕੇ
ਰੂਹ ਦੇ ਰੰਗ ਉਘੇੜੇ
ਤਾਂ ਬਦੀ, ਬਦਨੀਤੀ ਤੇ ਬਦਨਾਮੀ
ਬੰਦਗੀ ਸੰਗ ਉਖੇੜੇ।
ਕੁਝ ਦੀਵੇ ਉਨ੍ਹੀਂ ਰਾਹੀਂ ਡੰਗੀਏ
ਜੋ ਹਨੇਰਿਆਂ ਦੇ ਆਦੀ
ਬਣ ਰਾਹੀਆਂ ਦਾ ਪੈੜ-ਸੁਖਨ
ਕਰਨ ਸਫਰ ਵਿਸਮਾਦੀ।
ਇਕ ਦੀਵਾ ਉਸ ਸੋਚ ‘ਚ ਧਰੀਏ
ਜੋ ਸਰਬ-ਸਕੂਨ ਤੋਂ ਆਕੀ
ਹੋਵੇ ਚਾਨਣ ਨਿੱਘ ਪਸਾਰਾ
ਖੁੱਲ੍ਹ ਜਾਵੇ ਮਨ ਦੀ ਤਾਕੀ।
ਇਕ ਦੀਵਾ ਰੁੱਸੇ ਰਿਸ਼ਤੀਂ ਰੱਖ ਕੇ
ਨਿੱਘ ਦੀ ਕਾਤਰ ਧਰੀਏ
ਤੇ ਜੀਵਨ ਦੇ ਹਰ ਮੋੜ ਨੂੰ
ਸੰਗ-ਸਾਥਤਾ ਸੰਗ ਵਰੀਏ।
ਇਕ ਦੀਵਾ ਉਸ ਮਿੱਤਰ ਨੂੰ ਭੇਜੀਏ
ਜੋ ਭੁੱਲਿਆ ਭਰਨ ਹੁੰਗਾਰਾ
ਸਾਂਝ ਤੇ ਸਿੰਮੀ ਸਿਸਕੀ ਬਣ’ਜੇ
ਹਾਸਾ ਅਤੇ ਹਮਸਾਰਾ।
ਇਕ ਦੀਵਾ ਉਸ ਕਬਰ ਜਗਾਈਏ
ਜਿਥੇ ਮਾਪੇ ਜਾ ਸੁੱਤੇ
ਤਾਂ ਕਿ ਉਨ੍ਹਾਂ ਦੇ ਅਸੀਸ ਦੁਆਰੇ
ਰਹਿਣ ਨਾ ਚਾਅ-ਵਿਗੁੱਤੇ।
ਇਕ ਦੀਵਾ ਬਚਪਨ-ਬੀਹੀ ਧਰ ਕੇ
ਭਾਲੀਏ ਮਨ ਦਾ ਮੀਤ
ਤਾਂ ਕਿ ਮਨੋਂ ਨਾ ਵਿਸਰ ਜਾਵੇ
ਪਾਕ ਰੂਹਾਂ ਦੀ ਰੀਤ।
ਇਕ ਦੀਵਾ ਕੁਰੱਖਤ ਬੋਲੀਂ ਡੰਗੀਏ
ਵੰਡੇ ਸੁੱਖਦ-ਸੁਗਾਤਾਂ
ਤੇ ਜਿੰਦ ਦੀ ਉਜੜੀ ਬਸਤੀ
ਪਰਤ ਆਵਣ ਪ੍ਰਭਾਤਾਂ।
ਇਕ ਦੀਵਾ ਖਵਾਜ਼ੇ ਨੂੰ ਅਰਪੀਏ
ਜੋ ਬਰੇਤਾ ਜੂਨ ਹੰਢਾਵੇ
ਤੇ ਲਹਿਰਾਂ ਦਾ ਰੂਪ ਅਨਾਦੀ
ਕੰਢਿਆਂ ਦੇ ਸੰਗ ਗਾਵੇ।
ਇਕ ਦੀਵਾ ਖੇਤ ਵੱਟ ‘ਤੇ ਧਰੀਏ
ਜਿਥੇ ਵਿਛੀਆਂ ਲਾਸ਼ਾਂ
ਧੁੰਦ-ਗੁਬਾਰ ‘ਚੋਂ ਵਿਗਸਣ ਮੁੜ ਕੇ
ਅਮੁੱਕ ਅਗਮ ਅਰਦਾਸਾਂ।
ਇਕ ਦੀਵਾ ਡੰਗ ਰੂਹ-ਦਰਵਾਜੀਂ
ਵੰਡੀਏ ਲੋਅ-ਲਬਰੇਜ਼
ਰੂਹ-ਕਸ਼ੀਦਗੀ ‘ਚੋਂ ਤ੍ਰਿਪ ਤ੍ਰਿਪ ਚੋਵੇ
ਹਾਕ, ਹੁੰਗਾਰਾ, ਹੇਜ਼।
ਦੀਵਾਲੀ ਜਾਂ ਖਾਸ ਮੌਕੇ ‘ਤੇ ਲੋਕ ਬਹੁਤ ਸਾਰੇ ਦੀਵੇ ਜਗਾਉਂਦੇ-ਬਨੇਰਿਆਂ ‘ਤੇ, ਦਰਾਂ ‘ਤੇ, ਕੁਝ ਘਰ ਦੇ ਅੰਦਰ ਵੀ; ਪਰ ਬਾਹਰ ਦੇ ਨਾਲ ਨਾਲ ਅੰਦਰ ਨੂੰ ਚਾਨਣ ਸੰਗ ਭਰਨ ਦਾ ਉਦਮ ਇਕ ਚੰਗੇਰਾ ਸੰਦੇਸ਼। ਇਨ੍ਹਾਂ ਦੀਵਿਆਂ ਦੇ ਅਚੇਤ ਸੁਨੇਹੇ ਨੂੰ ਜੀਵਨ-ਆਧਾਰ ਬਣਾਉਂਦੇ ਸਵੈ-ਰੌਸ਼ਨ ਕਰਨ ਵੰਨੀਂ ਪ੍ਰੇਰਿਤ ਵੀ ਹੁੰਦੇ।
ਦੀਵਾਲੀ ‘ਤੇ ਮਾਂਵਾਂ ਇਕ ਦੀਵਾ ਖੂਹ ‘ਤੇ ਵੀ ਬਾਲਦੀਆਂ ਸਨ। ਖੂਹ, ਖੁਸ਼ਹਾਲੀ ਦਾ ਪ੍ਰਤੀਕ। ਪਾਣੀ ਦੇ ਰੂਪ ‘ਚ ਜੀਅ-ਜਾਨ ਦਾ ਸਬੱਬ। ਸਮੁੱਚੇ ਜੀਵ-ਸੰਸਾਰ ਦਾ ਆਧਾਰ, ਪਰ ਹੁਣ ਉਜੜੇ ਖੂਹਾਂ ‘ਤੇ ਇਕ ਦੀਵਾ ਜਰੂਰ ਡੰਗਣਾ। ਸ਼ਾਇਦ ਤੁਹਾਡੇ ਨੈਣਾਂ ਵਿਚ ਉਤਰੀ ਸਿੱਲ, ਇਨ੍ਹਾਂ ਖੂਹਾਂ ਦਾ ਪਾਣੀ ਬਣ ਕੇ ਫਿਰ ਪਰਤ ਆਵੇ ਅਤੇ ਖੂਹ, ਖੁਸ਼ਹਾਲੀ, ਖਿਆਲ ਤੇ ਖਾਬ ਦਾ ਸੱਚ ਬਣ ਜਾਵੇ।
ਇਕ ਦੀਵਾ ਉਸ ਖੇਤ ਦੀ ਵੱਟ ‘ਤੇ ਉਗੀ ਟਾਹਲੀ ਦੇ ਮੁੱਢ ਜਰੂਰ ਧਰਨਾ, ਜਿਸ ‘ਤੇ ਲਟਕਦੀ ਲਾਸ਼ ਨੂੰ ਦੇਖ ਕੇ ਫਸਲਾਂ ਸੁੰਨ ਹੋ ਗਈਆਂ ਸਨ। ਸ਼ਾਇਦ ਇਸ ਦੀਵੇ ਦੀ ਰੋਸ਼ਨੀ ਵਿਚ ਫਸਲਾਂ ਨੂੰ ਕੁਝ ਧਰਵਾਸ ਮਿਲੇ ਅਤੇ ਉਹ ਭਰੇ ਭੜੌਲਿਆਂ ਦਾ ਨਸੀਬ ਬਣਨ। ਜਦ ਖੇਤ-ਖਲਿਆਣ ਖੁਦਕੁਸ਼ੀ ਵੱਲ ਤੁਰਦਾ ਤਾਂ ਇਸ ਦੀ ਵੱਟ ‘ਤੇ ਪਿਆ ਦੀਵਾ ਵੀ ਹਟਕੋਰਾ ਬਣ ਜਾਂਦਾ। ਦੀਵੇ ਦੇ ਹਟਕੋਰੇ ਨੂੰ ਅੰਦਰ ਵਸਾਉਣਾ, ਸ਼ਾਇਦ ਫਸਲਾਂ ਤੇ ਖੇਤ ਆਪਣਾ ਸੁਭਾਅ ਬਦਲ ਲੈਣ ਅਤੇ ਖੇਤਾਂ ਨੂੰ ਮੁੜ ਤੋਂ ਖੁਸ਼ਹਾਲੀ ਦਾ ਵਰ ਮਿਲ ਜਾਵੇ।
ਇਕ ਦੀਵਾ ਬਰੇਤਾ ਬਣ ਗਏ ਬਿਆਸ ਦੇ ਕੰਢੇ ਜਰੂਰ ਧਰ ਕੇ ਆਉਣਾ, ਕਿਉਂਕਿ ਬਹੁਤ ਚਿਰ ਹੋ ਗਿਆ ਕਿਸੇ ਨੇ ਬਿਆਸ ਦੇ ਕੰਡੇ ਦੀਵਾ ਨਹੀਂ ਜਗਾਇਆ। ਚੇਤਿਆਂ ਵਿਚੋਂ ਹੀ ਖੁਰ ਗਈ ਏ, ਖਵਾਜ਼ੇ ਦੀ ਅਹਿਮੀਅਤ। ਸੁੱਕ ਗਏ ਦਰਿਆ ਦੀ ਵਿਥਿਆ ਜਦ ‘ਵਾਵਾਂ ‘ਤੇ ਉਕਰੀ ਜਾਂਦੀ ਤਾਂ ਸਿਰਫ ਮੂਕ ਹੂਕ ਨਿਕਲਦੀ। ਵਾਸਤਾ ਈ! ਦਰਿਆਂ ਦੇ ਵੈਣਾਂ ਨੂੰ ਵਹਿਣ ਵਿਚ ਬਦਲੋ। ਇਸ ਦੀਆਂ ਲਹਿਰਾਂ ‘ਚ ਉਗਿਆ ਸੰਗੀਤ ਲੁੱਡਣ ਮਲਾਹ ਦੀਆਂ ਬੋਲੀਆਂ ਬਣੇਗਾ। ਪੱਤਣਾਂ ‘ਤੇ ਮੇਲੇ ਲੱਗਣ ਅਤੇ ਵਿਸਾਖੀ ‘ਤੇ ਦਰਿਆ ਵਿਚ ਨਹਾਉਣ ਦਾ ਚਾਅ ਤਾਂ ਪੂਰਾ ਹੋਵੇ।
ਇਕ ਦੀਵਾ ਉਸ ਢੱਠੀ ਹੋਈ ਹਵੇਲੀ ਦੇ ਜ਼ਰਜ਼ਰੀ ਦਰਵਾਜਿਆਂ ‘ਤੇ ਜਰੂਰ ਜਗਾ ਕੇ ਆਇਓ ਤਾਂ ਕਿ ਮਨਾਂ ਵਿਚ ਖੁਰ ਗਈ ਵਿਰਾਸਤੀ ਹੋਂਦ ਦੀ ਵਡਿਆਈ ਦਾ ਵਡੱਪਣ ਕਦੇ ਤਾਂ ਮਨਾਂ ਵਿਚ ਪੈਦਾ ਹੋਵੇ। ਵਿਰਸੇ ‘ਤੇ ਮਾਣ ਕਰਨ ਨੂੰ ਜੀਅ ਕਰੇ, ਮਨ ਇਕ ਹਉਕਾ ਭਰੇ ਅਤੇ ਇਸ ਹਉਕੇ ਵਿਚੋਂ ਵਾਅਦਾ ਪੈਦਾ ਹੋਵੇ ਕਿ ਵਿਰਾਸਤ ਨੂੰ ਮਨਫੀ ਨਹੀਂ ਕਰਨਾ। ਇਸ ਦੀ ਦਿੱਖ ਨੂੰ ਸੰਵਾਰ ਤੇ ਨਵਿਆ ਕੇ ਦੀਵੇ ਰਾਹੀਂ ਇਕ ਸੱਚੀ ਸ਼ਰਧਾ ਅਰਪਿਤ ਕਰਨੀ ਹੈ। ਹਵੇਲੀ ਵਿਚ ਜਗਦਾ ਦੀਵਾ ਬਜੁਰਗਾਂ ਦੀਆਂ ਘਾਲਣਾਵਾਂ ਤੇ ਨਿਸ਼ਾਨੀਆਂ ਵਿਚੋਂ ਉਪਜੇ ਸੁਹਜ ਲਈ ਸ਼ੁਭ ਸ਼ਗਨ ਹੋਵੇਗਾ।
ਇਕ ਦੀਵਾ ਮਰ ਗਈ ਮਨੁੱਖਤਾ ਦੀ ਮੰਮਟੀ ‘ਤੇ ਜਰੂਰ ਡੰਗਿਓ। ਮਨੁੱਖਤਾ ਨੂੰ ਹਲੂਣਿਓ। ਸ਼ਾਇਦ ਦੀਵੇ ਦੀ ਰੋਸ਼ਨੀ ਤੇ ਨਿੱਘ ਨਾਲ ਇਹ ਮੁੜ ਸੁਰਜੀਤ ਹੋ ਜਾਵੇ ਅਤੇ ਮਾਨਵੀ ਕਿਰਦਾਰ ਵਿਚ ਲਬਰੇਜ਼ ਮਨੁੱਖ ਨੂੰ ਮਨੁੱਖ ਹੋਣ ‘ਤੇ ਮਾਣ ਹੋਵੇ। ਮਨੁੱਖ ਨੇ ਅਮਨੁੱਖ ਹੋ ਕੇ ਕੁਝ ਨਹੀਂ ਖੱਟਿਆ। ਕੁਝ ਹਾਸਲ ਕਰਨ ਤੇ ਸਦੀਵਤਾ ਲਈ ਇਸ ਦੀਵੇ ਨੂੰ ਜਗਾਉਣਾ ਅਤੇ ਜਗਦੇ ਰੱਖਣਾ ਸਭ ਤੋਂ ਅਹਿਮ।
ਇਕ ਦੀਵਾ ਚੁਬਾਰੇ ਦੀ ਚੁਗਾਠ ‘ਚ ਜਰੂਰ ਰੱਖਣਾ, ਜੋ ਬੀਤੇ ਦਾ ਇਤਿਹਾਸ ਸਮੋਈ, ਮੋਨ ਦਰਸ਼ਕ ਵਾਂਗ ਅੱਜ ਵੀ ਉਡੀਕਦਾ ਹੈ ਆਪਣਿਆਂ ਨੂੰ, ਜੋ ਬਹੁਤ ਦੂਰ ਉਡਾਰੀ ਮਾਰ ਗਏ, ਪਰ ਪਰਤੇ ਨਹੀਂ। ਦੀਵੇ ਰਾਹੀਂ ਪਤਾ ਲੱਗੇਗਾ ਕਿ ਅਸੀਂ ਪਰਤ ਆਏ ਹਾਂ। ਦੀਵਾ ਅਤੇ ਚੁਗਾਠ ਦੇ ਆਪਸੀ ਸੰਵਾਦ ਵਿਚ ਜਰੂਰ ਸ਼ਾਮਲ ਹੋਣਾ। ਦੇਖਣਾ! ਵਰ੍ਹਿਆਂ ਬਾਅਦ ਚਾਨਣ ਦੀ ਹਮਜੋਲਤਾ, ਚੁਗਾਠ ਨੂੰ ਕਿੰਨਾ ਰੂਪ ਚਾੜ੍ਹਦੀ ਹੈ? ਇਸ ਰੂਪ ਵਿਚ ਤੁਹਾਡਾ ਪਰਤ ਆਉਣਾ, ਚੁਬਾਰੇ ਨੂੰ ਗਲੇ ਲਾਉਣਾ ਅਤੇ ਇਸ ਨੂੰ ਚਾਨਣ ਨਾਲ ਰੁਸ਼ਨਾਉਣਾ ਵੀ ਸ਼ਾਮਲ ਹੋਵੇਗਾ।
ਲੋੜ ਹੈ ਕਿ ਅਜਿਹੇ ਬਹੁਤ ਸਾਰੇ ਦੀਵਿਆਂ ਨੂੰ ਵਾਰ ਵਾਰ ਜਗਾਉਂਦੇ ਰਹੀਏ। ਇਨ੍ਹਾਂ ਨੂੰ ਬੁਝਣ ਨਾ ਦੇਈਏ, ਕਿਉਂਕਿ ਇਨ੍ਹਾਂ ਦੀ ਰੋਸ਼ਨੀ ਵਿਚ ਹੀ ਮਨੁੱਖ ਦੀ ਹੋਂਦ ਹੈ। ਇਹ ਦੀਵੇ ਮਨੁੱਖ ਦੇ ਵੱਖ ਵੱਖ ਰੂਪਾਂ, ਰਾਹਾਂ, ਰਵਾਇਤਾਂ ਅਤੇ ਰੱਜਤਾਵਾਂ ਦਾ ਨਿਰਮਾਣ ਕਰਨ ਵਿਚ ਸਹਾਈ ਹੋਏ। ਇਹ ਸਦਾ ਹੀ ਮਨੁੱਖ ਦੀ ਸੁੱਖ ਮੰਗਦੇ।
ਇਹ ਦੀਵੇ ਸਿਰਫ ਦੀਵਾਲੀ ਵਾਲੇ ਦਿਨ ਹੀ ਨਾ ਜਗਾਓ, ਸਗੋਂ ਜਦ ਵੀ ਬੁਝਣ ਲੱਗਣ, ਇਨ੍ਹਾਂ ‘ਚ ਤੇਲ ਤੇ ਬੱਤੀ ਪਾਓ ਅਤੇ ਨਵਾਂ ਨਕੋਰ ਰੂਪ ਦੇ ਕੇ ਜਗਾਓ। ਇਸ ਦੇ ਚਾਨਣ ‘ਚ ਨਹਾਓ, ਨਿੱਘ ਨਾਲ ਗਰਮਾਓ। ਅੰਤਰੀਵੀ ਮੈਲ ਕਦੇ ਵੀ ਨੇੜੇ ਨਹੀਂ ਆਵੇਗੀ। ਪਾਕੀਜ਼ਗੀ, ਸਾਫਗੋਈ ਤੇ ਸਪੱਸ਼ਟਤਾ ਹਾਸਲ ਬਣੇਗੀ।
ਅਜਿਹਾ ਹਾਸਲ ਬਣਨ ਵਿਚ ਪਹਿਲ ਕਰਨ ਲਈ ਹੁਣ ਕਾਹਦੀ ਉਡੀਕ! ਰੂਹ-ਦੀਵੇ ਤਾਂ ਤਿਆਰ ਨੇ, ਸਿਰਫ ਡੰਗਣ ਦੀ ਲੋੜ।