‘ਪਵਣੁ ਗੁਰੂ ਪਾਣੀ ਪਿਤਾ’

ਪੁਸਤਕ ਪੜਚੋਲ
ਡਾ. ਦੇਵਿੰਦਰ ਪਾਲ ਸਿੰਘ*
‘ਪਵਣੁ ਗੁਰੂ ਪਾਣੀ ਪਿਤਾ’ ਪੁਸਤਕ ਦਾ ਲੇਖਕ ਸ਼ ਜਸਵੀਰ ਸਿੰਘ ਦੀਦਾਰਗੜ੍ਹ ਪੰਜਾਬੀ ਭਾਸ਼ਾ ਦਾ ਇਕ ਨਵ-ਹਸਤਾਖਰ ਹੈ। ਸੰਨ 1979 ਵਿਚ ਜਨਮੇ ਜਸਵੀਰ ਨੂੰ ਬਚਪਨ ਦੌਰਾਨ ਘਰੋਂ ਹੀ ਮਿਲੇ ਧਾਰਮਿਕ ਸੰਸਕਾਰਾਂ ਕਾਰਨ ਸਿੱਖ ਧਰਮ ਨਾਲ ਸਬੰਧਿਤ ਸਾਹਿਤ ਪੜ੍ਹਨ ਦਾ ਲਗਾਓ ਹੋ ਗਿਆ। ਸਿੱਖ ਧਰਮ ਦੇ ਵਿਭਿੰਨ ਸੰਕਲਪਾਂ ਦੀ ਪੜਚੋਲ ਅਤੇ ਗੁਰਬਾਣੀ ਰਾਹੀਂ ਕੁਦਰਤ ਨਾਲ ਸੁਮੇਲ ਦਾ ਸੁਨੇਹਾ, ਉਸ ਦੇ ਜੀਵਨ ਦਾ ਅਹਿਮ ਅੰਗ ਬਣ ਗਏ। ਪਿਛਲੇ ਦੋ ਸਾਲਾਂ ਦੌਰਾਨ ਉਸ ਨੇ ਇਨ੍ਹਾਂ ਵਿਸ਼ਿਆਂ ਸਬੰਧੀ ਕਈ ਕਹਾਣੀਆਂ ਰਚੀਆਂ, ਜੋ ਸਮੇਂ ਨਾਲ ਹਥਲੀ ਤੇ ਪਲੇਠੀ ਪੁਸਤਕ ਦਾ ਸ਼ਿੰਗਾਰ ਬਣੀਆਂ। ਜਸਵੀਰ ਇਕ ਅਜਿਹਾ ਸ਼ਖਸ ਹੈ, ਜਿਸ ਨੇ ਆਪਣਾ ਜੀਵਨ ਕੁਦਰਤ ਨਾਲ ਪ੍ਰੇਮ ਵਾਲੇ ਗੁਰਮਤਿ ਸਿਧਾਤਾਂ ਦੇ ਅਮਲੀ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ।

ਇਹ ਪੁਸਤਕ ਸਮਕਾਲੀ ਵਾਤਾਵਰਣੀ ਮਸਲਿਆਂ ਅਤੇ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਦਾ ਬੜਾ ਸਰਲ ਤੇ ਸਪੱਸ਼ਟ ਬਿਰਤਾਂਤ ਹੈ। ਲੇਖਕ ਨੇ ਪੁਸਤਕ ਦਾ ਸਮਰਪਣ ਗੁਰੂ ਗ੍ਰੰਥ ਸਾਹਿਬ ਤੇ ਪੰਥ ਦੀਆਂ ਕੁਝ ਨਾਮੀ ਸ਼ਖਸੀਅਤਾਂ ਦੇ ਨਾਂ ਕੀਤਾ ਹੈ। ਪੁਸਤਕ ਦਾ ਮੁੱਖ ਬੰਧ ਸ੍ਰੀਮਤੀ ਪਰਮਦੀਪ ਸੈਲ ਨੇ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਚਿੰਤਿਤ ਤੇ ਸਾਰਥਕ ਕਲਮ ਦੀ ਕੁੱਖੋਂ ਜਨਮੀਆਂ ਵਾਤਾਵਰਣ ਸਬੰਧੀ ਇਹ ਕਹਾਣੀਆਂ ਪੜ੍ਹਨ ਪਿਛੋਂ ਤੁਸੀਂ ਸਹਿਜ ਨਹੀਂ ਰਹਿ ਸਕੋਗੇ, ਗਹਿਰੀ ਚਿੰਤਾ ਨਾਲ ਭਰ ਜਾਵੋਗੇ। ਹੋਰ ਵੀ ਦ੍ਰਿੜਤਾ ਨਾਲ ਮਾਂ-ਕੁਦਰਤ ਦੀ ਸੇਵਾ ਵਿਚ ਜੁੱਟ ਜਾਓਗੇ।
ਪੁਸਤਕ ਦੀ ਭੂਮਿਕਾ ਵਿਚ ਲੇਖਕ ਕਹਿੰਦਾ ਹੈ ਕਿ ਉਹ ਕੁਦਰਤੀ ਸਰੋਤਾਂ, ਜਿਨ੍ਹਾਂ ਬਿਨਾ ਧਰਤੀ ‘ਤੇ ਜੀਵਨ ਹੋਂਦ ਸੰਭਵ ਹੀ ਨਹੀਂ ਹੈ, ਉਨ੍ਹਾਂ ਬਾਰੇ ਵਿਆਪਕ ਤੌਰ ‘ਤੇ ਜਨ ਚੇਤਨਾ ਪੈਦਾ ਕਰਨਾ ਹੀ ਇਸ ਪੁਸਤਕ ਦਾ ਵਿਸ਼ੇਸ਼ ਮੰਤਵ ਹੈ। ਅੱਜ ਮਨੁੱਖ ਨੂੰ ਧਰਮ, ਜਾਤ ਤੇ ਫਿਰਕੇ ਆਦਿ ਦੀਆਂ ਵੰਡੀਆਂ ਤੋਂ ਇੰਨਾ ਖਤਰਾ ਨਹੀਂ ਹੈ, ਜਿੰਨਾ ਕਿ ਵਾਤਾਵਰਣੀ ਸਮੱਸਿਆਵਾਂ ਦੇ ਬੁਰੇ ਪ੍ਰਭਾਵਾਂ ਤੋਂ ਹੈ।
ਪੁਸਤਕ ਦੀ ਪਹਿਲੀ ਕਹਾਣੀ ‘ਪਾਣੀ ਪਿਤਾ’ ਵਿਚ ਲੇਖਕ ਧਰਤੀ ਤੋਂ ਪਾਣੀ ਦੇ ਮੁਕ ਜਾਣ ਕਾਰਨ ਪੈਦਾ ਹੋਣ ਵਾਲੇ ਹਾਲਾਤ ਦੀ ਕਲਪਨਾ ਕਰਦਾ ਪਾਠਕ ਨੂੰ ਪਾਣੀ ਤੇ ਹੋਰ ਕੁਦਰਤੀ ਸਰੋਤਾਂ ਦੀ ਸੁਯੋਗ ਸਾਂਭ ਸੰਭਾਲ ਦਾ ਸੁਨੇਹਾ ਦਿੰਦਾ ਹੈ।
ਦੂਜੀ ਕਹਾਣੀ ‘ਕਰਕ ਕਲੇਜੇ ਮਾਹਿ’ ਵਿਚ ਲੇਖਕ ਪਾਠਕ ਨੂੰ ਜ਼ਹਿਰਾਂ ਨਾਲ ਲੱਥ ਪੱਥ ਖਾਧ ਪਦਾਰਥਾਂ ਤੇ ਨਸ਼ਿਆਂ, ਪਾਣੀ ਦੀ ਕਿੱਲਤ ਤੇ ਤੇਜ਼ਾਬੀ ਬਾਰਸ਼ ਜਿਹੇ ਮਸਲਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਂਦਾ ਹਾਅ ਦਾ ਨਾਅਰਾ ਮਾਰਦਾ ਹੈ ਕਿ ਅੱਜੋਕੇ ਸਮੇਂ ਵਿਚ ਲੋਕ ਸੱਚ ਦੀ ਕਦਰ ਕਰਨਾ ਹੀ ਨਹੀਂ ਜਾਣਦੇ।
ਤੀਜੀ ਕਹਾਣੀ ‘ਮਾਰੂ ਨਾਦ’ ਵਿਚ ਗਲੋਬਲ ਵਾਰਮਿੰਗ ਦੇ ਭਿਆਨਕ ਨਤੀਜਿਆਂ, ਤੀਬਰ ਸ਼ਹਿਰੀਕਰਨ ਕਾਰਨ ਵੱਡੇ ਪੱਧਰ ‘ਤੇ ਵਾਪਰ ਰਹੀ ਰੁੱਖਾਂ ਦੀ ਕਟਾਈ ਤੇ ਉਦਯੋਗਾਂ ਤੋਂ ਨਿਕਲ ਰਹੇ ਮਾਰੂ ਗੈਸੀ ਨਿਕਾਸਾਂ ਤੋਂ ਪੈਦਾ ਹੋਏ/ਹੋਣ ਵਾਲੇ ਹਾਲਾਤ ਨੂੰ ਬਹੁਤ ਹੀ ਸਰਲ ਢੰਗ ਨਾਲ ਪੇਸ਼ ਕੀਤਾ ਗਿਆ ਹੈ।
‘ਕੌਫੀ ਕਲਰ ਵਾਟਰ’ ਕਹਾਣੀ ਪੀਣ ਵਾਲੇ ਪਦਾਰਥਾਂ ਵਿਚ ਮਿਲਾਵਟ, ਨਿਜੀ ਹਸਪਤਾਲਾਂ ਵਲੋਂ ਇਲਾਜ ਦੇ ਨਾਂ ‘ਤੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਲੁੱਟ ਖਸੁੱਟ ਅਤੇ ਫਲਾਂ ਤੇ ਖਾਣਿਆਂ ਵਿਚ ਜ਼ਹਿਰੀਲੇ ਪਦਾਰਥਾਂ ਦੇ ਮਾੜੇ ਪ੍ਰਭਾਵਾਂ ਦਾ ਚਿਤਰਣ ਕਰਦੀ ਹੈ। ‘ਖੂਨ ਕੇ ਸੋਹਿਲੇ’ ਕਹਾਣੀ ਵਿਚ ਲੇਖਕ ਸਾਨੂੰ ਮੋਬਾਇਲ ਤੇ ਇੰਟਰਨੈਟ ਦੇ ਚਸਕੇ ਕਾਰਨ ਪੈਦਾ ਹੋ ਰਹੇ ਤੇ ਹੋਣ ਵਾਲੇ ਬਿਖੜੇ ਹਾਲਾਤ ਨਾਲ ਰੂਬਰੂ ਕਰਵਾਉਂਦਾ ਹੈ। ‘ਧਰਤੀ ਪਤਨ’ ਕਹਾਣੀ ਵਿਸ਼ਵ ਪੱਧਰੀ ਤਾਪਮਾਨ ਵਾਧੇ ਦੇ ਭੈੜੇ ਪ੍ਰਭਾਵਾਂ ਤੇ ਰਾਜਨੀਤਕ ਨਿਸ਼ਠੁਰਤਾ ਦੇ ਨਾਲ ਕਾਰਪੋਰੇਟ ਜਗਤ ਦੀ ਮੁਨਾਫਾਖੋਰੀ ਵਾਲੀ ਅੰਨ੍ਹੀ ਦੌੜ ਦੀ ਗੱਲ ਕਰਦੀ ਹੈ।
‘ਲਹੂ ਲਿਬੜੇ ਕੇਲੇ’ ਕਹਾਣੀ ਨਸ਼ਿਆਂ ਦੀ ਮਾਰ ਨਾਲ ਉਜੜੇ ਪਰਿਵਾਰ ਦੀ ਦਾਸਤਾਂ ਹੈ। ‘ਏਤੀ ਮਾਰ ਪਈ ਕੁਰਲਾਣੈ’ ਗਰੀਬੀ ਦਾ ਸ਼ਿਕਾਰ ਪਰਿਵਾਰ ਦੇ ਹਾਲਾਤ ਦੇ ਜ਼ਿਕਰ ਦੇ ਨਾਲ ਰੁੱਖ ਲਾਉਣ ਤੇ ਗਰੀਨ ਦੀਵਾਲੀ ਮਨਾਉਣ ਦਾ ਰਾਹ ਦਰਸਾਉਂਦੀ ਹੈ। ‘ਸਿੱਧਰੀ ਬਹੂ’ ਕਹਾਣੀ ਪਾਣੀ ਦੀ ਕਿੱਲਤ ਤੇ ਇਸ ਦੀ ਵੰਡ ਲਈ ਕੀਤੇ ਗਏ ਕਤਲਾਂ ਦੀ ਵੇਦਨਾ ਦਾ ਪ੍ਰਗਟਾਵਾ ਕਰਦੀ ਹੈ, ਪਰ ਨਾਲ ਇਹ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਤੇ ਔਰਤ ਨੂੰ ਸਵੈ-ਸੁਰੱਖਿਆ ਵਾਸਤੇ ਤਿਆਰ-ਬਰ-ਤਿਆਰ ਰਹਿਣ ਦਾ ਆਸ਼ਾਵਾਦੀ ਸੁਨੇਹਾ ਵੀ ਦਿੰਦੀ ਹੈ।
ਪੁਸਤਕ ਦੀਆਂ ਆਖਰੀ ਚਾਰ ਕਹਾਣੀਆਂ ਹਨ-‘ਅੰਧਰਾਤਾ’, ‘ਅਬ ਜੂਝਨ ਕੋ ਦਾਓ’, ‘ਕਾਲੇ ਲਿਖ ਨਾ ਲੇਖ’ ਅਤੇ ‘ਸਾਹਾਂ ‘ਚ ਘੁਲੀ ਮੌਤ।’ ‘ਅੰਧਰਾਤਾ’ ਕਹਾਣੀ ਜੀਵਨ ਵਿਚ ਤਕਨਾਲੋਜੀ ਦੀ ਲੋੜੋਂ ਵੱਧ ਵਰਤੋਂ ਦੇ ਨੁਕਸਾਨਾਂ ਦੇ ਨਾਲ ਲੇਖਕਾਂ ਦੀ ਸਮਾਜ ਪ੍ਰਤੀ ਜਿੰਮੇਵਾਰੀ ਦੀ ਗੱਲ ਕਰਦੀ ਹੈ। ਇਹ ਕਹਾਣੀ ਸੱਚੀ ਕਿਰਤ ਤੇ ਇਮਾਨਦਾਰ ਜੀਵਨ ਜਿਉਣ ਦਾ ਹਾਂਪੱਖੀ ਸੁਨੇਹਾ ਵੀ ਪੇਸ਼ ਕਰਦੀ ਹੈ। ‘ਅਬ ਜੂਝਨ ਕੋ ਦਾਓ’ ਕਹਾਣੀ ਗੁਰਬਾਣੀ ਦੇ ਕਥਨ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੀ ਅਜੋਕੇ ਸਮੇਂ ਵਿਚ ਸਾਰਥਕਤਾ ਤੇ ਪ੍ਰਫੁਲਤਾ ਲਈ ਅਤੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਦੀ ਰੋਕਥਾਮ ਲਈ ਸਰਬਸਾਂਝੀਵਾਲਤਾ ਨਾਲ ਅਮਲੀ ਕਾਰਜ ਕਰਨ ਦਾ ਸੰਦੇਸ਼ ਦਿੰਦੀ ਹੈ।
‘ਕਾਲੇ ਲਿਖ ਨਾ ਲੇਖ’ ਕਹਾਣੀ ਕੁਦਰਤ ਪ੍ਰਤੀ ਮਨੁੱਖ ਦੀ ਲਾਪਰਵਾਹੀ ਦੀ ਗੱਲ ਕਰਦਿਆਂ ਰੁੱਖਾਂ ਦੀ ਮਨੁੱਖ ਨੂੰ ਦੇਣ ਦੀ ਚਰਚਾ ਕਰਦੀ ਹੈ। ‘ਸਾਹਾਂ ‘ਚ ਘੁਲੀ ਮੌਤ’ ਇਸ ਪੁਸਤਕ ਦੀ ਸਭ ਤੋਂ ਲੰਮੀ ਕਹਾਣੀ ਹੈ, ਜੋ ਪ੍ਰਦੂਸ਼ਣ ਦੇ ਵਿਭਿੰਨ ਪਸਾਰਾਂ ਤੇ ਭੈੜੇ ਪ੍ਰਭਾਵਾਂ ਦੀ ਦੱਸ ਪਾਉਂਦੀ ਹੈ। ਇਹ ਕਹਾਣੀ ਵਾਤਾਵਰਣ ਦੀ ਸਾਂਭ-ਸੰਭਾਲ ਦੀ ਅਪੀਲ ਤੇ ਨਵੀਂ ਪੀੜ੍ਹੀ ਦੀ ਅਜਿਹੀ ਸੋਚ ਤੇ ਸਬੰਧਤ ਅਮਲੀ ਕਾਰਜਾਂ ਲਈ ਉਤਸ਼ਾਹ ਦੇ ਪ੍ਰਗਟਾਵੇ ਨਾਲ ਖਤਮ ਹੁੰਦੀ ਹੈ।
ਲੇਖਕ ਦੀ ਪਾਠਕਾਂ ਨਾਲ ਜਾਣ ਪਛਾਣ ਕਰਵਾਉਂਦਿਆਂ ਸ਼ ਭੋਲਾ ਸਿੰਘ ਸੰਘੇੜਾ ਦਾ ਕਥਨ ਹੈ, “ਇਨ੍ਹਾਂ ਕਹਾਣੀਆਂ ‘ਚ ਜਸਵੀਰ ਨੇ ਮਨੁੱਖ ਦੇ ਭਵਿੱਖ ਦਾ ਇਜ਼ਹਾਰ ਕੀਤਾ ਹੈ।” ਜੋ ਕਹਾਣੀਆਂ ਪੜ੍ਹਨ ਉਪਰੰਤ ਪੁਸਤਕ ਦੇ ਸੰਦਰਭ ਵਿਚ ਬਿਲਕੁਲ ਸਹੀ ਸਾਬਤ ਹੁੰਦਾ ਹੈ।
ਵਾਤਾਵਰਣ ਦੇ ਵਿਭਿੰਨ ਪਹਿਲੂਆਂ ‘ਤੇ ਵਿਸਤ੍ਰਿਤ ਜਾਣਕਾਰੀ ਪੇਸ਼ ਕਰਦੀ ਇਹ ਪੁਸਤਕ ਵਾਤਾਵਰਣ ਦੇ ਕਈ ਅੰਗਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦੀ ਹੈ। ਪੰਜਾਬੀ ਪਾਠਕਾਂ ਨੂੰ ਵਾਤਾਵਰਣੀ ਸਾਂਭ ਸੰਭਾਲ ਕਾਰਜਾਂ ਲਈ ਪ੍ਰੇਰਿਤ ਕਰਨ ਦੇ ਆਸ਼ੇ ਨਾਲ ਲੇਖਕ ਨੇ ਸਮਾਜਕ ਤੇ ਵਾਤਾਵਰਣੀ ਮਸਲਿਆਂ ਦਾ ਵਿਖਿਆਨ ਕਰਦਿਆਂ ਉਨ੍ਹਾਂ ਨੂੰ ਮਨੁੱਖੀ ਜੀਵਨ ਦੇ ਸਹੀ ਮਨੋਰਥ ਬਾਰੇ ਚੇਤੰਨ ਹੋਣ ਦੀ ਦੱਸ ਪਾਈ ਹੈ। ਪੰਜਾਬੀ ਪਾਠਕਾਂ ਨੂੰ ਇਹ ਪੁਸਤਕ ਪੜ੍ਹ ਕੇ, ਇਸ ਵਿਚ ਉਪਲਬਧ ਕਰਵਾਈ ਗਈ ਜਾਣਕਾਰੀ ਤੋਂ ਲਾਭ ਉਠਾਉਣਾ ਚਾਹੀਦਾ ਹੈ।
ਜਸਵੀਰ ਸਿੰਘ ਦੀਦਾਰਗੜ੍ਹ ਦੀ ਲੇਖਣ ਸ਼ੈਲੀ ਮਨੋਵਚਨੀ, ਵਾਰਤਾਲਾਪੀ ਅੰਦਾਜ਼ ਵਾਲੀ, ਸਰਲ ਅਤੇ ਸਪਸ਼ਟ ਹੈ। ਉਸ ਨੇ ਆਪਣੀਆਂ ਕਹਾਣੀਆਂ ਵਿਚ ਕੁਦਰਤ ਨਾਲ ਸੁਮੇਲ ਸਬੰਧੀ ਗੁਰਬਾਣੀ ਦੇ ਉਚਿਤ ਹਵਾਲੇ ਵੀ ਪੇਸ਼ ਕੀਤੇ ਹਨ। ਕਦੀ ਕਦੀ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ, ਪਰ ਇਹ ਪਾਠਕ ਦਾ ਧਿਆਨ ਭੰਗ ਨਹੀਂ ਕਰਦਾ। ਜਸਵੀਰ ਨੂੰ ਆਪਣੀ ਕਹਾਣੀ ਕਲਾ ਅਜੇ ਹੋਰ ਨਿਖਾਰਨ ਦੀ ਲੋੜ ਹੈ, ਕਿਉਂਕਿ ਕਿਧਰੇ ਕਿਧਰੇ ਕਹਾਣੀਆਂ ਵਿਚ ਤੱਥਾਂ ਦਾ ਬੋਝਲਪਣ ਨਜ਼ਰ ਆਉਂਦਾ ਹੈ।
ਜਸਵੀਰ ਵਾਤਾਵਰਣੀ ਮਸਲਿਆਂ ਦੇ ਸੰਚਾਰਕ/ਕਹਾਣੀਕਾਰ ਵਜੋਂ ਅਨੁਸਰਣ ਯੋਗ ਮਾਡਲ ਹੈ। ਇਹ ਪੁਸਤਕ ਵਾਤਾਵਰਣ ਦੀਆਂ ਜਟਿਲ ਧਾਰਨਾਵਾਂ ਨੂੰ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਅਤੇ ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਨ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਲੇਖਕ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਿਹਾ ਹੈ। ਚਹੁ-ਰੰਗੇ ਸਰਵਰਕ ਵਾਲੀ ਤੇ ਵਧੀਆ ਕਾਗਜ਼ ‘ਤੇ ਛਪੀ ਇਹ ਰਚਨਾ ਸੁੰਦਰ ਛਪਾਈ ਵਾਲੀ ਹੈ ਅਤੇ ਟਾਈਪਿੰਗ ਦੀਆਂ ਉਕਾਈਆਂ ਤੋਂ ਮੁਕਤ ਹੈ।
ਪੁਸਤਕ ਦੀ ਛਪਾਈ ਦਾ ਉਦਮ ਪ੍ਰਸ਼ੰਸਾਯੋਗ ਹੈ, ਜੋ ਕਹਾਣੀ ਵਿਧਾ ਦੀ ਵਰਤੋਂ ਨਾਲ ਸਮਕਾਲੀ ਵਾਤਾਵਰਣੀ ਹਾਲਾਤ ਬਾਰੇ ਉਚਿਤ ਸਾਹਿਤ ਦੀ ਉਪਲਬਧੀ ਲਈ ਨਵੀਂ ਪਿਰਤ ਪਾਉਂਦਾ ਨਜ਼ਰ ਆਉਂਦਾ ਹੈ। ਇਹ ਅਜਿਹੀ ਪੁਸਤਕ ਹੈ, ਜੋ ਹਰ ਲਾਇਬ੍ਰੇਰੀ ਦਾ ਸ਼ਿੰਗਾਰ ਬਣਨ ਦੀ ਹੱਕਦਾਰ ਹੈ, ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਹੋਰ ਪਾਠਕ ਵਾਤਾਵਰਣੀ ਹਾਲਤ ਦਾ ਸਹੀ ਰੂਪ ਸਮਝ, ਉਨ੍ਹਾਂ ਦੀ ਉਚਿਤ ਸਾਂਭ ਸੰਭਾਲ ਦੇ ਅਮਲੀ ਕਾਰਜਾਂ ਨੂੰ ਆਪਣੇ ਜੀਵਨ ਚਲਣ ਦਾ ਅੰਗ ਬਣਾ ਕੇ ਧਰਤੀ ‘ਤੇ ਮਨੁੱਖੀ ਹੋਂਦ ਦੀ ਚਿਰ-ਸਥਾਪਤੀ ਵਿਚ ਆਪਣਾ ਯੋਗਦਾਨ ਪਾ ਸਕਣ।
ਪੁਸਤਕ ਲੋਕ ਰੰਗ ਪ੍ਰਕਾਸ਼ਨ, ਬਰਨਾਲਾ ਨੇ ਇਸੇ ਸਾਲ ਛਾਪੀ ਹੈ, ਜਿਸ ਦੇ 175 ਪੰਨੇ ਹਨ ਤੇ ਕੀਮਤ 200 ਰੁਪਏ ਹੈ।

*ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਂਟਾਰੀਓ, ਕੈਨੇਡਾ।