ਡਾ. ਗੁਰੂਮੇਲ ਸਿੱਧੂ
ਮੁੱਢਲਾ ਜੀਵਨ: ਬੁਰੀ ਸੋਭਤ
ਬਾਬਾ ਸੋਹਣ ਸਿੰਘ ਦਾ ਜਨਮ ਅੰਮ੍ਰਿਤਸਰ ਜਿਲੇ ਦੇ ਪਿੰਡ ਖੁਤਰਾ ਖੁਰਦ ਵਿਚ ਸੰਨ 1870 ਵਿਚ ਹੋਇਆ। ਇਹ ਉਨ੍ਹਾਂ ਦਾ ਨਾਨਕਾ ਪਿੰਡ ਸੀ ਅਤੇ ਦਾਦਕਾ ਪਿੰਡ ਭਕਨਾ ਕਲਾਂ ਸੀ। ਇਸ ਦਰਵੇਸ਼ ਨੇ ਆਪਣੇ ਮਿਥੇ ਟੀਚੇ ਦੀ ਤਨ, ਮਨ ਤੇ ਧਨ ਨਾਲ ਪਾਲਣਾ ਕੀਤੀ। ਟੀਚਾ ਸੀ, ਹਿੰਦੋਸਤਾਨ ਨੂੰ ਬਰਤਾਨਵੀ ਸਰਕਾਰ ਦੀ ਗੁਲਾਮੀ ਤੋਂ ਆਜ਼ਾਦ ਕਰਾਉਣਾ ਅਤੇ ਹਿੰਦੋਸਤਾਨ ਦੇ ਆਮ ਲੋਕਾਂ ਨੂੰ ਬਰਾਬਰੀ ਦਾ ਹੱਕ ਦਿਵਾਉਣਾ। ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਉਹ ਮਹਾਨ ਯੋਧਾ ਕਿਨ੍ਹਾਂ ਕਿਨ੍ਹਾਂ ਔਕੜਾਂ ਥਾਣੀਂ ਗੁਜ਼ਰਿਆ, ਇਸ ਦਾ ਲੇਖਾ-ਜੋਖਾ ਕਰਨਾ ਇਸ ਲੇਖ ਦਾ ਮੂਲ ਮੰਤਵ ਹੈ।
ਸੋਹਨ ਸਿੰਘ ਭਕਨਾ (ਬਾਬਾ ਜੀ) ਦੇ ਜਨਮ ਤੋਂ ਇਕ ਸਾਲ ਬਾਅਦ ਪਿਤਾ ਜੀ ਅਕਾਲ ਚਲਾਣਾ ਕਰ ਗਏ। ਘਰ ਵਿਚ ਤਿੰਨ ਔਰਤਾਂ (ਧਰਮੀ ਮਾਂ, ਜਣਨੀ ਮਾਂ ਤੇ ਦਾਦੀ ਜੀ) ਅਤੇ ਇਕ ਸਾਲ ਦਾ ਇਕਲੌਤਾ ਬੱਚਾ ਰਹਿ ਗਏ। ਤਿੰਨਾਂ ਮਾਂਵਾਂ ਨੇ ਸੋਹਨ ਸਿੰਘ ਨੂੰ ਬੜੇ ਚਾਵਾਂ ਮਲ੍ਹਾਰਾਂ ਨਾਲ ਪਾਲਿਆ। ਖਾਂਦੇ-ਪੀਂਦੇ ਘਰ ਦੇ ਇਕਲੌਤੇ ਮੁੰਡੇ ਦਾ ਚੜ੍ਹਦੀ ਜਵਾਨੀ ਵਿਚ ਰਾਹੋਂ ਭਟਕ ਜਾਣਾ ਬੜਾ ਸੁਭਾਵਕ ਹੈ; ਸੋਹਨ ਸਿੰਘ ਵੀ ਭਟਕਿਆ। ਉਸ ਨੂੰ ਭਟਕਾਉਣ ਵਿਚ ਕੁਝ ਅਜਿਹੇ ਲੋਕਾਂ ਦਾ ਹੱਥ ਸੀ, ਜਿਨ੍ਹਾਂ ਨੂੰ ਬਾਬਾ ਜੀ ਟਾਂਚ ਨਾਲ ‘ਯਾਰ ਲੋਕ’ (ਦੋਸਤ ਨਹੀਂ) ਕਹਿੰਦੇ ਸਨ। ਇਨ੍ਹਾਂ ਬਾਰੇ ਉਨ੍ਹਾਂ ਲਿਖਿਆ ਹੈ,
“ਹੁਣ ਇਹ ਯਾਰ ਲੋਕ ਮੇਰੇ ਦੁਆਲੇ ਆ ਇੱਕਠੇ ਹੋਏ। ਜੇ ਕਿਤੇ ਮੈਂ ਉਨ੍ਹਾਂ ਦੀ ਮੰਡਲੀ ਤੋਂ ਘੰਟਾ ਵੀ ਪੱਛੜ ਜਾਂਦਾ ਤਾਂ ਵਾਰੀ ਵਾਰੀ ਮੇਰੇ ਘਰ ਆ ਕੇ ‘ਵਾਜਾਂ ਮਾਰਦੇ, ‘ਸਰਦਾਰ ਜੀ, ਅਸੀਂ ਤਾਂ ਸਾਰੇ ਤੁਹਾਡੀ ਉਡੀਕ ਵਿਚ ਹਾਂ।’ ਮੈਂ ਵੀ ਉਨ੍ਹਾਂ ਦੀ ਇਸ ਗੱਲ ਬਾਤ ਨੂੰ ਸੱਚਾ ਪਿਆਰ ਸਮਝਦਾ ਸਾਂ। ਇਸ ਤਰ੍ਹਾਂ ਹਰ ਰੋਜ਼ ਸ਼ਰਾਬ ਕਬਾਬ ਦਾ ਦੌਰ ਚਲਣ ਲੱਗਾ ਤੇ ਯਾਰ ਲੋਕ ਆਪਣੀ ਸਿੱਖਿਆ ਦੇਣ ਲੱਗੇ। ਕਹਿੰਦੇ, ‘ਸਰਦਾਰ ਜੀ, ਤੁਹਾਡੇ ਕੋਲ ਸ਼ਿਕਾਰੀ ਕੁੱਤੇ ਤੇ ਵਧੀਆਂ ਸ਼ਿਕਾਰ ਲੱਗੀਆਂ ਘੋੜੀਆਂ ਨਾ ਹੋਣ ਤੇ ਚਾਰ ਬੰਦੇ ਤੁਹਾਡੇ ਨਾਲ ਰੋਟੀ ਨਾ ਖਾਣ ਤਾਂ ਫਿਰ ਜਿਉਣ ਦਾ ਮਜ਼ਾ ਹੀ ਕੀ ਹੋਇਆ? ਜੇ ਤੁਹਾਨੂੰ ਪੈਸੇ ਦੀ ਲੋੜ ਪਵੇ ਤਾਂ ਅਸੀਂ ਹਾਜ਼ਰ ਹਾਂ, ਪੂਰੀ ਕਰਾਂਗੇ।’ ਇੰਜ ਮੈਂ ਉਨ੍ਹਾਂ ਨੂੰ ਸੱਚੇ ਦੋਸਤ ਮੰਨ ਕੇ ਉਨ੍ਹਾਂ ਦੀ ਸਿੱਖਿਆ ‘ਤੇ ਅਮਲ ਕਰਨ ਲੱਗਾ ਤੇ ਦਿਨ ਰਾਤ ਸ਼ਰਾਬਖੋਰੀ ਤੇ ਸ਼ਿਕਾਰ ਖੇਡਣ ਦੇ ਸ਼ੁਗਲ ਵਿਚ ਲੱਗ ਗਿਆ।”
ਇਨ੍ਹਾਂ ਦੀ ਸੰਗਤ ਕਰਕੇ ਬਾਬਾ ਸੋਹਨ ਸਿੰਘ ਭਕਨਾ ਦੀ ਬਹੁਤੀ ਜ਼ਮੀਨ ਗਹਿਣੇ ਪੈ ਗਈ ਤੇ 3000 ਰੁਪਏ ਕਰਜ਼ਾ ਵੀ ਚੜ੍ਹ ਗਿਆ। ਬਾਬਾ ਜੀ ਨੂੰ ਇਸ ਬੁਰੀ ਸੋਭਤ ਤੋਂ ਬਾਬਾ ਕੇਸਰ ਸਿੰਘ ਨੇ ਬਚਾਇਆ ਅਤੇ ਸਿੱਧੇ ਰਾਹ ਪਾਇਆ। ਜੱਦੀ ਜ਼ਮੀਨ ਗਹਿਣੇ ਪੈਣ ਕਰਕੇ ਜਦ ਗੁਜ਼ਾਰਾ ਔਖਾ ਹੋ ਗਿਆ ਤਾਂ ਉਨ੍ਹਾਂ ਅਮਰੀਕਾ ਜਾਣ ਦੀ ਸੋਚੀ।
ਅਮਰੀਕਾ ਦਾ ਜੀਵਨ: ਗਦਰ ਪਾਰਟੀ ਦਾ ਸੰਗਠਨ
ਬਾਬਾ ਸੋਹਨ ਸਿੰਘ ਭਕਨਾ ਰੋਟੀ ਦੀ ਭਾਲ ਵਿਚ 3 ਫਰਵਰੀ 1909 ਨੂੰ ਘਰੋਂ ਤੁਰੇ ਅਤੇ 4 ਅਪਰੈਲ 1909 ਨੂੰ ਸਮੁੰਦਰੀ ਜਹਾਜ ਰਾਹੀਂ ਸਿਆਟਲ ਦੀ ਬੰਦਰਗਾਹ ‘ਤੇ ਉਤਰੇ। ਅਗਲੇ ਦਿਨ ਪੋਰਟਲੈਂਡ ਦੇ ਲਾਗੇ ਲੱਕੜ ਦੀ ਮਨਾਰਕ ਨਾਮੀ ਮਿੱਲ ਵਿਚ ਕੰਮ ਮਿਲ ਗਿਆ, ਜਿੱਥੇ ਬਾਬਾ ਜੀ ਦੇ ਕੁਝ ਦੋਸਤ ਪਹਿਲਾਂ ਹੀ ਕੰਮ ਕਰਦੇ ਸਨ। ਕੰਮ ਔਖਾ ਸੀ, ਪਰ ਬਾਬਾ ਜੀ ਇਸ ਔਖ ਨੂੰ ਝੱਲ ਗਏ। ਇਸ ਤਰ੍ਹਾਂ ਉਨ੍ਹਾਂ ਦੀ ਅਮਰੀਕਾ ਦੀ ਮਿਹਨਤਕਸ਼ ਜ਼ਿੰਦਗੀ ਨੇ ਪਿੰਡ ਦੀ ਹਰਾਮਖੋਰ ਜ਼ਿੰਦਗੀ ਦਾ ਖਾਤਮਾ ਕਰ ਦਿੱਤਾ। ਰੋਟੀ ਰੋਜ਼ੀ ਖਾਤਰ ਮਿੱਲਾਂ ਵਿਚ ਵਿਦੇਸ਼ੀ ਮਜ਼ਦੂਰ ਅਮਰੀਕਨਾਂ ਨਾਲੋਂ ਵੱਧ ਕੰਮ ਕਰਦੇ ਅਤੇ ਮੰਦੇ ਵੇਲੇ ਥੋੜ੍ਹੀ ਤਨਖਾਹ ‘ਤੇ ਵੀ ਮਜ਼ਦੂਰੀ ਕਰਨ ਲਈ ਤਿਆਰ ਰਹਿੰਦੇ। ਇਸ ਤਰ੍ਹਾਂ ਅਮਰੀਕਨ ਮਜ਼ਦੂਰਾਂ ਦੇ ਢਿੱਡ ‘ਤੇ ਲੱਤ ਵਜਦੀ। ਫਲਸਰੂਪ, ਅਮਰੀਕਨਾਂ ਨੇ ਵਿਦੇਸ਼ੀ ਮਜ਼ਦੂਰਾਂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਕਈ ਥਾਂਵਾਂ ‘ਤੇ ਕੁੱਟਿਆ ਮਾਰਿਆ ਅਤੇ ਮਾਲ-ਮੱਤਾ ਲੁੱਟ ਕੇ ਜਬਰਨ ਟਰੈਮਾਂ ਵਿਚ ਲੱਦ ਕੇ ਜੰਗਲ ਵਿਚ ਸੁੱਟ ਆਏ। ਵਿਦੇਸ਼ੀ ਮਜ਼ਦੂਰਾਂ ਵਿਚ ਜਪਾਨੀ ਅਤੇ ਚੀਨੀ ਮਜ਼ਦੂਰ ਵੀ ਸਨ, ਪਰ ਉਨ੍ਹਾਂ ਦੀਆਂ ਹਕੂਮਤਾਂ ਅਮਰੀਕਨ ਸਰਕਾਰ ਕੋਲ ਸ਼ਿਕਾਇਤ ਕਰਕੇ ਉਨ੍ਹਾਂ ਨੂੰ ਬਚਾ ਲੈਂਦੀਆਂ। ਹਿੰਦੀ ਮਜ਼ਦੂਰਾਂ ਦੀ ਸੁਣਨ ਵਾਲਾ ਕੋਈ ਨਹੀਂ ਸੀ ਕਿਉਂਕਿ ਭਾਰਤ ‘ਤੇ ਅੰਗਰੇਜ਼ ਸਰਕਾਰ ਦਾ ਰਾਜ ਸੀ। ਹਮਲਿਆਂ ਤੋਂ ਬਿਨਾ ਹਿੰਦੀ ਲੋਕਾਂ ਨਾਲ ਘ੍ਰਿਣਾ ਵੀ ਵਧਦੀ ਗਈ, ਇਸ ਤਰ੍ਹਾਂ ਦੇ ਨਸਲਵਾਦ ਦੀ ਇਕ ਮਿਸਾਲ ਬਾਬਾ ਜੀ ਨੇ ਦਿੱਤੀ ਹੈ।
ਉਹ ਲਿਖਦੇ ਹਨ ਕਿ ਇਕ ਵਾਰੀ ਉਹ ਪ੍ਰੋ. ਤੇਜਾ ਸਿੰਘ ਮਸਤੂਆਣਾ ਨੂੰ ਪੋਰਟਲੈਂਡ ਵਿਚ ਇਕ ਅਮਰੀਕਨ ਹੋਟਲ ਵਿਚ ਖਾਣਾ ਖਵਾਉਣ ਲੈ ਗਏ। ਹੋਟਲ ‘ਚ ਪੈਰ ਰੱਖਿਆ ਹੀ ਸੀ ਕਿ ਹੋਟਲ ਵਾਲਿਆਂ ਕਹਿ ਦਿੱਤਾ, ਜਗ੍ਹਾ ਨਹੀਂ ਹੈ। ਕਈ ਵਾਰੀ ਗਲੀਆਂ ਬਜ਼ਾਰਾਂ ਅਤੇ ਰੇਲਵੇ ਸਟੇਸ਼ਨਾਂ ‘ਤੇ ਬੱਚੇ ਤੱਕ ‘ਹਿੰਦੂ ਸਲੇਵ (੍ਹਨਿਦੁ ਸਲਅਵe)’ ਕਹਿ ਕੇ ਦੁਰਕਾਰਦੇ।
ਇਕ ਬਹੁਤ ਹੀ ਮੰਦਭਾਗਾ, ਪਰ ਜੀਵਨ ਨੂੰ ਮੋੜ ਦੇਣ ਵਾਲਾ ਵਾਕਿਆ ਬਾਬਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਵਾਪਰਿਆ। ਬਾਬਾ ਜੀ ਸੇਂਟ ਜੌਹਨ ਵਾਲੀ ਮਿੱਲ ਵਿਚ ਕੰਮ ਕਰਦੇ ਸਨ, ਜੋ ਅਚਾਨਕ ਬੰਦ ਹੋ ਗਈ। ਉਹ ਇਕ ਸਾਥੀ ਨਾਲ ਲਾਗਲੀ ਮਿੱਲ ਵਿਚ ਕੰਮ ਪੁੱਛਣ ਚਲੇ ਗਏ। ਸੁਪਰਿਨਟੈਂਡੈਂਟ ਨੂੰ ਕਿਹਾ ਕਿ ‘ਕੰਮ ਚਾਹੀਦਾ ਹੈ।’ ‘ਕੰਮ ਤਾਂ ਬਹੁਤ ਹੈ ਪਰ ਤੁਹਾਡੇ ਲਈ ਨਹੀਂ’, ਸੁਪਰਿਨਟੈਂਡੈਂਟ ਨੇ ਜਵਾਬ ਵਿਚ ਕਿਹਾ। ‘ਕਿਉਂ?’ ਬਾਬਾ ਜੀ ਨੇ ਪੁੱਛਿਆ। ‘ਮੇਰਾ ਦਿਲ ਤਾਂ ਚਾਹੁੰਦਾ ਹੈ ਕਿ ਮੈਂ ਤੁਹਾਨੂੰ ਦੋਹਾਂ ਨੂੰ ਗੋਲੀ ਮਾਰ ਦਿਆਂ।’ ਸੁਪਰਿਨਟੈਂਡੈਂਟ ਨੇ ਕਰੋਧ ਵਿਚ ਕਿਹਾ। ‘ਅਸਾਂ ਕੀ ਪਾਪ ਕੀਤਾ ਹੈ?’ ਬਾਬਾ ਜੀ ਨੇ ਪੁੱਛਿਆ।
‘ਤੁਹਾਡੀ ਆਬਾਦੀ ਕਿੰਨੀ ਹੈ?’ ਉਸ ਨੇ ਪੁੱਛਿਆ। ‘ਤੀਹ ਕਰੋੜ।’ ਸੁਣ ਕੇ ਸੁਪਰਿਨਟੈਂਡੈਂਟ ਬੋਲਿਆ, ‘ਇਹ ਤੀਹ ਕਰੋੜ ਭੇਡਾਂ ਹਨ ਜਾਂ ਆਦਮੀ?’ ਬਾਬਾ ਜੀ ਨੇ ਕਿਹਾ, ‘ਆਦਮੀ।’ ‘ਜੇ ਤੁਸੀਂ ਤੀਹ ਕਰੋੜ ਆਦਮੀ ਹੁੰਦੇ ਤਾਂ ਗੁਲਾਮ ਕਿਸ ਤਰ੍ਹਾਂ ਰਹਿੰਦੇ? ਜਾਓ, ਮੈਂ ਤੁਹਾਨੂੰ ਬੰਦੂਕਾਂ ਦਿੰਦਾ ਹਾਂ, ਪਹਿਲਾਂ ਆਪਣਾ ਦੇਸ਼ ਆਜ਼ਾਦ ਕਰਾਓ। ਆਜ਼ਾਦ ਕਰਾ ਕੇ ਜਦ ਤੁਸੀਂ ਅਮਰੀਕਾ ਆਉਗੇ ਤਾਂ ਮੈਂ ਸਭ ਤੋਂ ਅੱਗੇ ਹੋ ਕੇ ਤੁਹਾਨੂੰ ਜੀ ਆਇਆਂ ਆਖਾਂਗਾ।’ ਸੁਪਰਿਨਟੈਂਡੈਂਟ ਕਰੋਧ ਵਿਚ ਬੋਲਿਆ।
ਬਾਬਾ ਭਕਨਾ ਅਤੇ ਉਨ੍ਹਾਂ ਦਾ ਸਾਥੀ ਨਮੋਸ਼ ਹੋ ਕੇ ਵਾਪਸ ਮੁੜ ਆਏ ਅਤੇ ਸੋਚੀਂ ਪੈ ਗਏ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਮੋੜ ਸੀ।
ਸੰਨ 1912 ਵਿਚ ਬਾਬੂ ਹਰਨਾਮ ਸਿੰਘ ਕਾਹਿਰੀ ਸਾਹਿਰੀ ਅਤੇ ਜੀ. ਡੀ. ਕੁਮਾਰ ਪੋਰਟਲੈਂਡ ਆਏ। ਆਲੇ-ਦੁਆਲੇ ਦੇ ਮਜ਼ਦੂਰਾਂ ਨੂੰ ਮਿਲੇ ਅਤੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਇਕ ਇਨਕਲਾਬੀ ਸੁਸਾਇਟੀ ਬਣਾਈ ਜਾਵੇ, ਜਿਸ ਦਾ ਨਾਂ ‘ਹਿੰਦੋਸਤਾਨ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’ ਹੋਵੇ ਅਤੇ ਇਕ ਅਖਬਾਰ ਕੱਢਿਆ ਜਾਵੇ, ਜਿਸ ਦਾ ਨਾਂ ‘ਹਿੰਦੋਸਤਾਨ’ ਹੋਵੇ। ਸਭ ਨੇ ਸਰਬਸੰਮਤੀ ਨਾਲ ਹਾਂ ਕਰ ਦਿੱਤੀ ਅਤੇ ਬਾਬਾ ਭਕਨਾ ਨੂੰ ਪ੍ਰਧਾਨ, ਜੀ. ਡੀ. ਕੁਮਾਰ ਨੂੰ ਮੁੱਖ ਸਕੱਤਰ ਅਤੇ ਪੰਡਿਤ ਕਾਂਸ਼ੀ ਰਾਮ ਨੂੰ ਖਜਾਨਚੀ ਥਾਪਿਆ ਗਿਆ। ਕਮੇਟੀ ਦਾ ਪਹਿਲਾ ਕੰਮ ਅਖਬਾਰ ਸ਼ੁਰੂ ਕਰਨਾ ਸੀ, ਜਿਸ ਦਾ ਜਿੰਮਾ ਸਕੱਤਰ ਜੀ. ਡੀ. ਕੁਮਾਰ ਦਾ ਸੀ; ਪਰ ਉਸ ਦੀ ਬੀਮਾਰੀ ਕਾਰਨ ਨਾ ਦਫਤਰ ਖੁਲ੍ਹ ਸਕਿਆ ਅਤੇ ਨਾ ਹੀ ਅਖਬਾਰ ਨਿਕਲਿਆ। ਇਨ੍ਹੀਂ ਦਿਨੀਂ ਲਾਲਾ ਹਰਦਿਆਲ ਸੈਨ ਫਰਾਂਸਿਸਕੋ ਸਨ, ਜੋ ਬਰਕਲੇ ਯੂਨੀਵਰਸਿਟੀ ਵਿਚ ਲੈਕਚਰਰ ਸਨ। ਉਨ੍ਹਾਂ ਪਾਸ ਸਮਾਂ ਸੀ, ਇਸ ਲਈ ਕਮੇਟੀ ਨੇ ਫੈਸਲਾ ਕੀਤਾ ਕਿ ਅਖਬਾਰ ਅਤੇ ਦਫਤਰ ਉਨ੍ਹਾਂ ਦੇ ਹਵਾਲੇ ਕੀਤੇ ਜਾਣ।
ਲਾਲਾ ਹਰਦਿਆਲ ਨੇ ਦੋਵੇਂ ਕੰਮ ਜਿੰਮੇ ਲੈ ਲਏ ਅਤੇ ‘ਗਦਰ’ ਨਾਮੀਂ ਅਖਬਾਰ ਕੱਢਿਆ। ਅਖਬਾਰ ਦਾ ਪਹਿਲਾ ਅੰਕ ਪਹਿਲੀ ਨਵੰਬਰ 1913 ਨੂੰ ਛਪਿਆ, ਜਿਸ ਦੀ ਛਪਾਈ ਵਿਚ ਕਰਤਾਰ ਸਿੰਘ ਸਰਾਭਾ ਅਤੇ ਰਘਬੀਰ ਦਿਆਲ ਨੇ ਮਦਦ ਕੀਤੀ।
ਜਦ ਪਾਰਟੀ ਦਾ ਪ੍ਰਚਾਰ ਚੌਹੀਂ ਪਾਸੀਂ ਮਘ ਪਿਆ ਤਾਂ ਇਸ ਦੀ ਰਿਪੋਰਟ ਅੰਗਰੇਜ਼ ਸਰਕਾਰ ਪਾਸ ਪਹੁੰਚ ਗਈ। ਉਸ ਨੇ ਦੋਸਤੀ ਦੀ ਸੰਧੀ ਅਧੀਨ ਅਮਰੀਕਾ ਸਰਕਾਰ ‘ਤੇ ਦਬਾ ਪਾ ਕੇ ਸਭ ਤੋਂ ਪਹਿਲਾਂ ਲਾਲਾ ਹਰਦਿਆਲ ਨੂੰ ਦੇਸ਼ ‘ਚੋਂ ਕੱਢਿਆ, ਕਿਉਂਕਿ ਉਹ ਸਮਝਦੇ ਸਨ ਕਿ ਲਾਲਾ ਹਰਦਿਆਲ ਹੀ ਪਾਰਟੀ ਨੂੰ ਚਲਾਉਣ ਵਾਲਾ ਹੈ। ਲਾਲਾ ਹਰਦਿਆਲ ਦੇ ਚਲੇ ਜਾਣ ਪਿਛੋਂ ਬਾਬਾ ਭਕਨਾ ਬਹੁਤਾ ਸਮਾਂ ਆਸ਼ਰਮ ਨੂੰ ਦੇਣ ਲੱਗ ਪਏ। ਅਖਬਾਰ ਅਤੇ ਹੋਰ ਕੰਮ ਵੀ ਤੇਜ਼ੀ ਨਾਲ ਚੱਲਣ ਲੱਗੇ। ਇਨ੍ਹੀਂ ਦਿਨੀਂ ‘ਕਾਮਾਗਾਟਾ ਮਾਰੂ ਜਹਾਜ’ ਦਾ ਸਾਕਾ ਹੋਇਆ, ਜਿਸ ਨੂੰ ਕੈਨੇਡਾ ਸਰਕਾਰ ਨੇ ਵੈਨਕੂਵਰ ਦੀ ਬੰਦਰਗਾਹ ‘ਤੇ ਕੁਝ ਮਹੀਨੇ ਰੋਕੀ ਰੱਖਿਆ। ਉਨ੍ਹੀਂ ਦਿਨੀਂ ‘ਗਦਰ’ ਅਖਬਾਰ ਦੇ ਖਾਸ ਅੰਕ ਕੱਢੇ ਗਏ, ਜਿਨ੍ਹਾਂ ਵਿਚ ਵਿਦੇਸ਼ੀ ਹਿੰਦੀਆਂ ਨੂੰ ਯਾਤਰੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ। ਗਦਰ ਪਾਰਟੀ ਦਾ ਸਾਰਾ ਸਾਹਿਤ ਕਿਸੇ ਨਾ ਕਿਸੇ ਤਰ੍ਹਾਂ ਜਹਾਜ ਵਿਚ ਪਹੁੰਚਾਇਆ ਜਾਂਦਾ। ਕੈਨੇਡਾ ਸਰਕਾਰ ਨੇ ਕੁਝ ਮਹੀਨਿਆਂ ਪਿਛੋਂ ਜਹਾਜ ਨੂੰ ਵਾਪਸ ਜਾਣ ਲਈ ਹੁਕਮ ਜਾਰੀ ਕਰ ਦਿੱਤਾ ਅਤੇ ਪਾਰਟੀ ਦੇ ਜ਼ੋਰ ਪਾਉਣ ‘ਤੇ ਯਾਤਰੀਆਂ ਨੂੰ ਰਾਸ਼ਨ ਤੇ ਕੁਝ ਹਰਜਾਨਾ ਦੇਣਾ ਮੰਨ ਲਿਆ।
23 ਮਾਰਚ 1914 ਨੂੰ ਜਹਾਜ ਜਾਪਾਨ ਦੀ ਬੰਦਰਗਾਹ ਯੋਕੋਹਾਮਾ ਵਲ ਰਵਾਨਾ ਹੋਇਆ। ਜਹਾਜ ਵਿਚ ਕਰੀਬ 360 ਯਾਤਰੀ ਸਨ। ਗਦਰ ਪਾਰਟੀ ਨੇ ਫੈਸਲਾ ਕੀਤਾ ਕਿ ਇਕ ਬੰਦਾ ਜਹਾਜ ਦੇ ਪਿੱਛੇ ਪਿੱਛੇ ਜਾਵੇ ਅਤੇ ਜਪਾਨ ਵਿਚ ਯਾਤਰੀਆਂ ਨੂੰ ਮਿਲ ਕੇ ਆਪਣੇ ਮਿਸ਼ਨ ਬਾਰੇ ਦੱਸ ਕੇ ਆਜ਼ਾਦੀ ਲਈ ਤਿਆਰ ਕਰੇ। ਇਸ ਕੰਮ ਲਈ ਬਾਬਾ ਭਕਨਾ ਦੀ ਡਿਊਟੀ ਲੱਗੀ। ਦੋ ਸੌ ਪਿਸਤੌਲ ਅਤੇ ਦੋ ਪੇਟੀਆਂ ਗੋਲੀਆਂ ਦੀਆਂ ਨਾਲ ਲੈ ਜਾਣੀਆਂ ਸਨ। ਇਸ ਦਾ ਬੰਦੋਬਸਤ ਕਰਤਾਰ ਸਿੰਘ ਸਰਾਭਾ ਅਤੇ ਬਾਈ ਭਗਵਾਨ ਸਿੰਘ ਦੇ ਜਿੰਮੇ ਲਾਇਆ ਗਿਆ। ਦੋਵੇਂ ਜਹਾਜ ਜਪਾਨ ਪਹੁੰਚ ਗਏ। ਹੁਣ ਪੇਟੀਆਂ ਉਤਾਰਨ ਅਤੇ ਜਹਾਜ ਵਿਚ ਰਖਵਾਉਣ ਦਾ ਮਸਲਾ ਖੜ੍ਹਾ ਹੋ ਗਿਆ। ਇਸ ਦਾ ਇੰਤਜ਼ਾਮ ਜਪਾਨ ਦੇ ਗਦਰੀ ਮੈਂਬਰਾਂ ਨੇ ਪਹਿਲਾਂ ਹੀ ਕੀਤਾ ਹੋਇਆ ਸੀ। ਜਦ ਉਹ ਬਾਬਾ ਜੀ ਨੂੰ ਮਿਲਣ ਜਹਾਜ ਵਿਚ ਆਏ ਤਾਂ ਪੇਟੀਆਂ ਉਨ੍ਹਾਂ ਦੇ ਹਵਾਲੇ ਕਰ ਦਿੱਤੀਆਂ। ਉਨ੍ਹਾਂ ਨੇ ਇਹ ਹਿੰਦੋਸਤਾਨ ਜਾਣ ਵਾਲੇ ਜਹਾਜ ਵਿਚ ਰਖਵਾ ਦਿੱਤੀਆਂ।
ਜਦ ਜਹਾਜ ਬੰਗਾਲ ਦੀ ਖਾੜੀ ਪਹੁੰਚਿਆ ਤਾਂ ਪੰਜਾਬ ਦੀ ਸੀ. ਆਈ. ਡੀ. ਰੱਸਿਆਂ ਦੀਆਂ ਪੌੜੀਆਂ ਰਾਹੀਂ ਜਹਾਜ ‘ਤੇ ਚੜ੍ਹ ਆਈ। ਬਾਬਾ ਜੀ ਕਾਮਾਗਾਟਾ ਮਾਰੂ ਜਹਾਜ ਰਾਹੀਂ ਨਹੀਂ, ਸਗੋਂ ਇਕ ਹੋਰ ਜਹਾਜ ਰਾਹੀਂ ਕਲਕੱਤੇ ਦੀ ਬੰਦਰਗਾਹ ‘ਤੇ ਪਹੁੰਚ ਗਏ। ਉਨ੍ਹਾਂ ਨੂੰ ਪਹੁੰਚਦਿਆਂ ਸਾਰ ਤਿੰਨ ਹੋਰ ਮੁਸਾਫਰਾਂ ਸਮੇਤ ਗ੍ਰਿਫਤਾਰ ਕਰ ਲਿਆ। ਪਹਿਲਾਂ ਕਲਕੱਤੇ ਦੀ ਕੋਤਵਾਲੀ ਵਿਚ ਬੰਦ ਕੀਤਾ ਅਤੇ ਫਿਰ ਲੁਧਿਆਣੇ ਲਿਆਂਦਾ ਗਿਆ। ਪੁੱਛ ਪੜਤਾਲ ਪਿਛੋਂ ਹੋਰਨਾਂ ਨੂੰ ਛੱਡ ਦਿੱਤਾ ਅਤੇ ਭਕਨਾ ਜੀ ਨੂੰ ਮੁਲਤਾਨ ਦੀ ਜੇਲ੍ਹ ‘ਚ ਭੇਜ ਦਿੱਤਾ। ਇਥੋਂ ਉਨ੍ਹਾਂ ਦਾ ਹਿੰਦੋਸਤਾਨ ਦੀ ਧਰਤੀ ਦਾ ਸੰਗਰਾਮ ਸ਼ੁਰੂ ਹੁੰਦਾ ਹੈ। ਇਥੇ ਜ਼ਿਕਰਯੋਗ ਹੈ ਕਿ ਜਦ ਭਕਨਾ ਜੀ ਨੂੰ ਤਾਂਗੇ ‘ਤੇ ਬਿਠਾ ਕੇ ਲੁਧਿਆਣੇ ਦੇ ਰੇਲਵੇ ਸਟੇਸ਼ਨ ਤੋਂ ਕੋਤਵਾਲੀ ਲਿਜਾਇਆ ਜਾ ਰਿਹਾ ਸੀ ਤਾਂ ਕਰਤਾਰ ਸਿੰਘ ਸਰਾਭਾ ਸਾਈਕਲ ‘ਤੇ ਉਨ੍ਹਾਂ ਦੇ ਪਿਛੇ-ਪਿੱਛੇ ਹੋ ਲਏ। ਬਾਬਾ ਜੀ ਨੇ ਸਰਾਭੇ ਨੂੰ ਹਦਾਇਤ ਕੀਤੀ ਕਿ ‘ਉਹ ਵਾਪਸ ਜਾ ਕੇ ਆਪਣਾ ਕੰਮ ਕਰੇ, ਮੈਨੂੰ ਇਨ੍ਹਾਂ ਨੇ ਮੁਲਤਾਨ ਦੀ ਜੇਲ੍ਹ ਵਿਚ ਭੇਜ ਦੇਣਾ ਹੈ।’
ਹਿੰਦੋਸਤਾਨ ਵਿਚ ਜੀਵਨ: ਜੇਲ੍ਹ ਸੰਗਰਾਮ
ਮੁਲਤਾਨ ਜਿਲੇ ਦੀ ਜੇਲ੍ਹ ਵਿਚ ਬਾਬਾ ਭਕਨਾ ਨੂੰ ਫਾਂਸੀ ਲੱਗਣ ਵਾਲਿਆਂ ਦੀ ਕੋਠੜੀ ਵਿਚ ਰੱਖਿਆ ਗਿਆ ਤਾਂਕਿ ਉਹ ਕੈਦੀਆਂ ਨੂੰ ਫਾਂਸੀ ਲਗਦੀ ਦੇਖ ਕੇ ਘਬਰਾ ਜਾਣ। ਬਾਬਾ ਜੀ ਲਿਖਦੇ ਹਨ, “ਮੇਰੇ ਸਾਹਮਣੇ ਦੋ ਆਦਮੀ ਫਾਂਸੀ ਲੱਗੇ ਤੇ ਪੰਜ-ਪੰਜ ਮਿੰਟ ਵਿਚ ਖਤਮ ਹੋ ਗਏ। ਮੇਰਾ ਦਿਲ ਹੋਰ ਵੀ ਨਿਡਰ ਹੋ ਗਿਆ।”
ਸੀ. ਆਈ. ਡੀ. ਦਾ ਸਾਰਾ ਧਿਆਨ ਬਾਬਾ ਜੀ ਉਤੇ ਸੀ, ਕਿਉਂਕਿ ਉਨ੍ਹਾਂ ਤੋਂ ਬਿਨਾ ਗਦਰ ਪਾਰਟੀ ਦਾ ਹੋਰ ਕੋਈ ਵੀ ਮੈਂਬਰ ਅਜੇ ਫੜਿਆ ਨਹੀਂ ਸੀ ਗਿਆ। ਬਾਬਾ ਜੀ ਲਿਖਦੇ ਹਨ, “ਉਨ੍ਹਾਂ ਮੇਰੇ ਬਾਰੇ ਕਾਫੀ ਵਾਕਫੀਅਤ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ, ਇਥੋਂ ਤੱਕ ਕਿ ਮੇਰੀਆਂ ਮਾਂਵਾਂ ਤੋਂ ਵੀ ਪੁੱਛ ਗਿੱਛ ਕੀਤੀ, ਪਰ ਉਨ੍ਹਾਂ ਨੂੰ ਮੇਰੇ ਖਿਲਾਫ ਬਹੁਤਾ ਕੁਝ ਨਾ ਮਿਲਿਆ।”
ਡਿਪਟੀ ਸੁਪਰਿਨਟੈਂਡੈਂਟ, ਸੁੱਖਾ ਸਿੰਘ ਅਤੇ ਇਕ ਮੌਲਵੀ ਨਾਮੀ ਇੰਸਪੈਕਟਰ ਬਾਬਾ ਜੀ ਨੂੰ ਜੇਲ੍ਹ ਵਿਚ ਮਿਲਣ ਆਏ। ਕਹਿਣ ਲੱਗੇ, “ਸਰਦਾਰ ਜੀ, ਤੁਸੀਂ ਤਾਂ ਸਿਆਣੇ ਸਉ, ਇਧਰ ਕਿਸ ਤਰ੍ਹਾਂ ਫਸ ਗਏ। ਅਸਾਂ ਘਰ ਜਾ ਕੇ ਤੁਹਾਡੀਆਂ ਮਾਤਾਵਾਂ ਤੇ ਪਤਨੀ ਦਾ ਹਾਲ ਵੇਖਿਆ ਹੈ, ਸਾਨੂੰ ਉਨ੍ਹਾਂ ਦੀ ਹਾਲਤ ‘ਤੇ ਬਹੁਤ ਤਰਸ ਆਇਆ ਹੈ। ਇਸ ਲਈ ਤੁਹਾਡੇ ਕੋਲ ਆਏ ਹਾਂ ਤੇ ਸਰਕਾਰ ਤੋਂ ਪੂਰਾ ਅਖਤਿਆਰ ਲੈ ਕੇ ਆਏ ਹਾਂ। ਸਿਆਣਪ ਇਸ ਵਿਚ ਹੈ ਤੇ ਵਕਤ ਹੈ ਕਿ ਤੁਸੀਂ ਆਪਣਾ ਬਚਾਅ ਕਰ ਲਵੋ। ਨਿਰਾ ਬਚਾਅ ਹੀ ਨਹੀਂ, ਸਗੋਂ ਇੱਜਤ, ਮਾਣ, ਰੁਪਿਆ, ਜ਼ਮੀਨ-ਜੋ ਵੀ ਚਾਹੋ, ਮਿਲ ਸਕਦਾ ਹੈ। ਬਿਆਨ ਵੀ ਮਾਮੂਲੀ ਜਿਹਾ ਦੇਣਾ ਪਵੇਗਾ, ਬਸ ਇਹੀ ਕਿ ਤੁਹਾਡੇ ਨਾਲ ਅਮਰੀਕਾ ਵਿਚ ਪਾਰਟੀ ਦਾ ਕੌਣ ਕੌਣ ਬੰਦਾ ਕੰਮ ਕਰਦਾ ਸੀ? ਤੇ ਕੀ ਤੁਸੀਂ ਗਦਰ ਪਾਰਟੀ ਦੇ ਪ੍ਰਧਾਨ ਸਉ?”
ਬਾਬਾ ਜੀ ਨੇ ਉਨ੍ਹਾਂ ਦੀ ਚਾਲ ਦਾ ਮਖੌਲ ਉਡਾਉਂਦਿਆਂ ਠਰੰਮੇ ਨਾਲ ਕਿਹਾ, “ਸਰਦਾਰ ਜੀ, ਮੈਂ ਸੁਣਿਆ ਸੀ ਕਿ ਹਿੰਦੋਸਤਾਨ ਦੀ ਪੁਲਿਸ ਦਾ ਦਿਮਾਗ ਦੂਜੇ ਦੇਸ਼ਾਂ ਦੀ ਪੁਲਿਸ ਦੇ ਮੁਕਾਬਲੇ ਨਾ-ਹੋਣ ਦੇ ਬਰਾਬਰ ਹੈ, ਅੱਜ ਪੂਰਾ ਤਜਰਬਾ ਹੋ ਗਿਆ। ਮੈਂ ਤਾਂ ਰੋਟੀ ਕਮਾਉਣ ਘਰੋਂ ਨਿਕਲਿਆ ਸੀ ਤੇ ਅਮਰੀਕਾ ਵਿਚ ਲੱਕੜੀ ਦੇ ਕਾਰਖਾਨਿਆਂ ਅਤੇ ਕੈਲੀਫੋਰਨੀਆ ਦੇ ਖੇਤਾਂ ਤੇ ਬਾਗਾਂ ਵਿਚ ਮਜ਼ਦੂਰੀ ਕਰਦਾ ਰਿਹਾ, ਹੁਣ ਜੰਗ ਲੱਗ ਜਾਣ ਕਰਕੇ ਦੇਸ਼ ਵਾਪਸ ਆਇਆ ਹਾਂ। ਤੁਸੀਂ ਪੁੱਛ ਰਹੇ ਹੋ ਕਿ ਮੈਂ ਗਦਰ ਪਾਰਟੀ ਦਾ ਪ੍ਰਧਾਨ ਸਾਂ ਤੇ ਕੌਣ ਕੌਣ ਮੇਰੇ ਨਾਲ ਕੰਮ ਕਰਦੇ ਹਨ!”
ਉਤਰ ਸੁਣ ਕੇ ਦੋਵੇਂ ਪੁਲਸੀਏ ਚਲੇ ਗਏ, ਪਰ ਦਸਾਂ ਬਾਰਾਂ ਦਿਨਾਂ ਪਿਛੋਂ ਉਹੀ ਪੁਲਿਸ ਵਾਲੇ ਬਾਬਾ ਜੀ ਦੇ ਇਕ ਮਿੱਤਰ ਅਤੇ ਜਣਨੀ-ਮਾਂ ਨੂੰ ਨਾਲ ਲੈ ਕੇ ਫੇਰ ਆ ਗਏ। ਕਹਿਣ ਲੱਗੇ ਕਿ ਉਹ ਬਾਹਰ ਚਲੇ ਜਾਂਦੇ ਹਨ, ਤੁਸੀਂ ਆਪਸ ਵਿਚ ਗੱਲ ਕਰ ਲਉ। ਦੋਸਤ ਅਤੇ ਮਾਂ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਬਾਬਾ ਜੀ ਨੇ ਪੁੱਛਿਆ ਕਿ ਤੁਸੀਂ ਕਿਉਂ ਇਨ੍ਹਾਂ ਦੇ ਨਾਲ ਆਏ ਹੋ? ਉਨ੍ਹਾਂ ਨੇ ਕਿਹਾ ਕਿ ਪੁਲਿਸ ਵਾਲੇ ਰਾਤ-ਦਿਨ ਤੰਗ ਕਰਦੇ ਸਨ ਕਿ ਤੁਹਾਨੂੰ ਸਮਝਾਈਏ। ਅਸੀਂ ਸੋਚਿਆ, ਇਸੇ ਬਹਾਨੇ ਤੁਹਾਡੇ ਦਰਸ਼ਨ ਵੀ ਹੋ ਜਾਣਗੇ। ਮਾਤਾ ਜੀ ਨੇ ਦੱਸਿਆ ਕਿ ਪੁਲਿਸ ਵਾਲੇ ਕਹਿੰਦੇ ਸਨ, “ਜੇ ਤੇਰੇ ਲੜਕੇ ਨੇ ਸਾਡੀ ਗੱਲ ਨਾ ਮੰਨੀ ਤਾਂ ਫਾਂਸੀ ਲੱਗ ਜਾਵੇਗੀ। ਮਾਂ ਹਾਂ, ਇਸ ਲਈ ਆਈ ਹਾਂ।”
ਬਾਬਾ ਜੀ ਨੇ ਮਾਂ ਨੂੰ ਕਿਹਾ, “ਜੋ ਉਹ ਕਹਿੰਦੇ ਹਨ, ਉਹ ਸੱਚ ਹੈ ਕਿ ਮੈਨੂੰ ਫਾਂਸੀ ਦੇ ਦੇਣਗੇ, ਪਰ ਕੀ ਤੁਸੀਂ ਇਸ ਗੱਲ ਨੂੰ ਪਸੰਦ ਕਰੋਗੇ ਕਿ ਮੈਂ ਬਚ ਜਾਵਾਂ ਤੇ ਦੂਜੇ ਸੈਂਕੜੇ ਫਾਂਸੀ ਲੱਗ ਜਾਣ?”
ਮਾਤਾ ਜੀ ਸਿਆਣੇ ਸਨ। ਕਹਿੰਦੇ, ਮੈਂ ਇਹ ਤਾਂ ਨਹੀਂ ਚਾਹੁੰਦੀ ਕਿ ਤੂੰ ਬਚ ਜਾਵੇਂ ਤੇ ਦੂਜਿਆਂ ਨੂੰ ਫਾਂਸੀ ਲਵਾ ਦੇਵੇਂ। ਬਾਬਾ ਜੀ ਨੇ ਮਾਤਾ ਜੀ ਦਾ ਧੰਨਵਾਦ ਕਰਦਿਆਂ ਕਿਹਾ, “ਮਾਤਾ ਜੀ ਮੈਂ ਤੁਹਾਡੀ ਕੁੱਖੋਂ ਜਨਮ ਲਿਆ ਹੈ। ਮੈਂ ਤੁਹਾਡੀ ਕੁੱਖ ਨੂੰ ਕਲੰਕਿਤ ਕਰਕੇ ਜਿਉਂਦੇ ਰਹਿਣਾ ਨਹੀਂ ਚਾਹੁੰਦਾ। ਮੈਨੂੰ ਆਸ਼ੀਰਵਾਦ ਦਿਉ।” ਮਾਤਾ ਜੀ ਨੇ ਸਿਰ ‘ਤੇ ਹੱਥ ਫੇਰ ਕੇ ਆਸ਼ੀਰਵਾਦ ਦਿੰਦਿਆਂ ਕਿਹਾ, “ਪੁੱਤਰ, ਆਪਣੇ ਧਰਮ ‘ਤੇ ਕਾਇਮ ਰਹੋ, ਮੈਂ ਖੁਸ਼ ਹਾਂ।”
ਬਾਬਾ ਜੀ ਨੂੰ ਮੁਲਤਾਨ ਤੋਂ ਲਾਹੌਰ ਭੇਜ ਦਿੱਤਾ ਗਿਆ। 15 ਅਪਰੈਲ 1915 ਦੇ ਲਾਹੌਰ ਦੇ ਮਸ਼ਹੂਰ ਗਦਰ-ਸਾਜ਼ਿਸ ਕੇਸ ਵਿਚ ਬਾਬਾ ਭਕਨਾ ਨੂੰ 24 ਕੈਦੀਆਂ ਸਮੇਤ ਫਾਂਸੀ ਦੀ ਸਜ਼ਾ ਸੁਣਾਈ ਗਈ। ਪਿੱਛੋਂ ਇਨ੍ਹਾਂ ਵਿਚੋਂ 17 ਜਣਿਆਂ ਦੀ, ਜੋ ਬਾਬਾ ਜੀ ਦੇ ਨਾਲ ਜਹਾਜ ਵਿਚ ਹੀ ਫੜੇ ਗਏ ਸਨ, ਵਾਇਸਰਾਏ ਲਾਰਡ ਹਾਰਡਿੰਗ ਦੇ ਹੁਕਮ ‘ਤੇ ਫਾਂਸੀ ਦੀ ਸਜ਼ਾ ਬਦਲ ਕੇ ਉਮਰ ਕੈਦ ਕਰ ਦਿੱਤੀ। ਲਾਹੌਰ ਜੇਲ੍ਹ ਵਿਚ ਕੈਦੀਆਂ ਨੂੰ ਘਾਹ-ਫੂਸ (ਭੁਸੇ) ਦੀ ਟੋਪੀ ਪਾਉਣੀ ਪੈਂਦੀ ਸੀ, ਪਰ ਸਿੱਖ ਕੈਦੀਆਂ ਨੇ ਇਹ ਟੋਪੀ ਪਾਉਣ ਤੋਂ ਨਾਂਹ ਕਰ ਦਿੱਤੀ। ਸਿੱਖ ਕੈਦੀਆਂ ਦੀ ਵਧਦੀ ਐਜੀਟੇਸ਼ਨ ਨੂੰ ਦੇਖ ਕੇ ਸਰਕਾਰ ਨੇ ਪਗੜੀ ਦੇ ਕੇ, ਬਿਨਾ ਕੁਝ ਦੱਸਿਆਂ ਬਾਬਾ ਜੀ ਨੂੰ ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਭੇਜ ਦਿੱਤਾ।
ਕਾਲੇਪਾਣੀ ਦੀ ਜੇਲ੍ਹ: ਬੁੱਚੜਖਾਨਾ
ਉਥੋਂ ਦੇ ਜੇਲ੍ਹਰ ਤੇ ਜੇਲ੍ਹ ਸੁਪਰਿਨਟੈਂਡੈਂਟ ਬੜੇ ਕੁਰੱਖਤ ਸਨ। ਉਹ ਨਵੇਂ ਆਏ ਕੈਦੀਆਂ ਤੋਂ ਕੁਝ ਹਫਤਿਆਂ ਤੱਕ ਕੋਹਲੂ ਨਾਲ 30 ਪੌਂਡ ਤੇਲ ਕਢਾਉਣ ਦਾ ਕੰਮ ਲੈਂਦੇ। ਜੇ ਇਕ ਪੌਂਡ ਤੇਲ ਘੱਟ ਜਾਵੇ ਤਾਂ 30 ਬੈਂਤਾਂ ਦੀ ਸਜ਼ਾ ਮਿਲਦੀ। ਕਈ ਕੈਦੀ ਇਸ ਕਰੜੇ ਕੰਮ ਅਤੇ ਸਖਤ ਸਜ਼ਾ ਕਰਕੇ ਆਤਮ ਹੱਤਿਆ ਵੀ ਕਰ ਲੈਂਦੇ। ਸਾਰੇ ਸਾਥੀਆਂ ਨੇ ਇਸ ਅਣਮਨੁੱਖੀ ਸਜ਼ਾ ‘ਤੇ ਵਿਚਾਰ ਕੀਤਾ ਅਤੇ ਫੈਸਲਾ ਲਿਆ ਕਿ ਮੁਸ਼ੱਕਤ ਤਾਂ ਕੀਤੀ ਜਾਵੇ, ਪਰ ਕੋਹਲੂ ਵਾਲਾ ਕੰਮ ਨਾ ਕੀਤਾ ਜਾਵੇ। ਨਾਲ ਇਹ ਵੀ ਫੈਸਲਾ ਲਿਆ ਕਿ ਕਿਸੇ ਵੀ ਜੇਲ੍ਹ ਅਧਿਕਾਰੀ ਦੀ ਬੇਇੱਜਤੀ ਨਾ ਕੀਤੀ ਜਾਵੇ; ਪਰ ਜੇ ਜੇਲ੍ਹ ਵਾਲੇ ਬੇਇਨਸਾਫੀ ਕਰਨ ਤਾਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇ।
ਜੇਲ੍ਹ ਅਧਿਕਾਰੀਆਂ ਨੂੰ ਇਸ ਫੈਸਲੇ ਦਾ ਪਤਾ ਲੱਗ ਗਿਆ; ਉਨ੍ਹਾਂ ਤੇਲ ਕੱਢਣ ਦੀ ਥਾਂ ਪਾਣੀ ਨਾਲ ਤਰ ਕੀਤੇ ਬਿਨਾ ਸੁੱਕਾ ਛਿਲਕਾ (ਮੁੰਜ) ਕੁੱਟਣ ਲਈ ਦੇ ਦਿੱਤਾ, ਜਿਸ ਵਿਚੋਂ ਤਾਰਾਂ ਕੱਢ ਕੇ ਵਾਣ ਵੱਟਿਆ ਜਾਂਦਾ ਸੀ। ਆਮ ਕਰਕੇ ਹਰਾ ਛਿਲਕਾ ਦਿੱਤਾ ਜਾਂਦਾ ਸੀ, ਪਰ ਜਾਣਬੁਝ ਕੇ ਇਹ ਸਖਤ ਮੁਸ਼ੱਕਤ ਲਾਈ ਗਈ। ਜੇ ਕੋਈ ਸੁੱਕਾ ਛਿਲਕਾ ਨਾ ਕੁੱਟ ਸਕਦਾ ਤਾਂ ਜੇਲ੍ਹਰ ਦਫਤਰ ਵਿਚ ਸੱਦ ਕੇ ਸਖਤ ਸਜ਼ਾ ਦਿੰਦਾ। ਜੇਲ੍ਹ ਵਿਚ ਕਈ ਦਰਦਨਾਕ ਵਾਕਿਆਤ ਹੋਏ, ਜਿਨ੍ਹਾਂ ਦਾ ਬਾਬਾ ਜੀ ਅਤੇ ਕੁਝ ਹੋਰ ਸਾਥੀਆਂ ਨੇ ਕਰੜਾ ਵਿਰੋਧ ਕੀਤਾ। ਇਨ੍ਹਾਂ ਦਾ ਜ਼ਿਕਰ ਉਨ੍ਹਾਂ ਦੀਆਂ ਲਿਖਤਾਂ ਵਿਚ ਮਿਲਦਾ ਹੈ।
ਕਾਲੇਪਾਣੀ ਦੀ ਜੇਲ੍ਹ ਵਿਚ ਗਦਰੀ ਬਾਬੇ ਜ਼ੁਲਮ ਅੱਗੇ ਝੁਕੇ ਨਹੀਂ, ਅਖੀਰ ਉਨ੍ਹਾਂ ਨੂੰ ਵਾਪਸ ਹਿੰਦੋਸਤਾਨ ਲਿਆਂਦਾ ਗਿਆ। ਬਾਬਾ ਭਕਨਾ ਨੂੰ ਕੁਇੰਬਾਟੋਰ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਥੇ ਮੋਪਲਾ ਕੈਦੀਆਂ ਨੂੰ ਵੀ ਲਿਆਂਦਾ ਗਿਆ, ਜਿਨ੍ਹਾਂ ‘ਤੇ ਬਹੁਤ ਦਰਦੀਲੇ ਜੁਲਮ ਕੀਤੇ ਗਏ, ਇਥੋਂ ਤੱਕ ਕਿ ਬੱਚਿਆਂ ਨੂੰ ਵੀ ਕੋਠੜੀ ਵਿਚ ਬੰਦ ਕਰ ਦਿੱਤਾ ਗਿਆ ਅਤੇ ਖਾਣ ਲਈ ਕੇਵਲ ਚੌਲਾਂ ਦੀ ਪਿੱਛ ਦਿੱਤੀ ਗਈ। ਬਾਬਾ ਜੀ ਨੇ ਹੋਰਨਾਂ ਨਾਲ ਰਲ ਕੇ ਬੱਚਿਆਂ ਨੂੰ ਚੋਰੀ ਰੋਟੀ-ਪਾਣੀ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਪੰਜ-ਛੇ ਦਿਨ ਤਾਂ ਜੇਲ੍ਹ ਵਾਲਿਆਂ ਨੂੰ ਪਤਾ ਨਾ ਲੱਗਾ, ਅਖੀਰ ਬਾਬਾ ਜੀ ਤੇ ਉਨ੍ਹਾਂ ਦੇ ਸਾਥੀ ਫੜੇ ਗਏ।
ਬਾਬਾ ਜੀ ਨੂੰ ਪੂਨਾ ਦੀ ਯਰਵਦਾ ਜੇਲ੍ਹ ਵਿਚ ਭੇਜ ਦਿੱਤਾ। ਉਥੇ ਉਨ੍ਹਾਂ ਨੂੰ ਵੀ ਹੋਰ ਕੈਦੀਆਂ ਵਾਂਗ ਪਗੜੀ ਦੀ ਥਾਂ ਟੋਪੀ ਪਾਉਣ ਲਈ ਦਿੱਤੀ ਗਈ ਅਤੇ ਕਛਹਿਰੇ ਲਾਹ ਕੇ ਜੇਲ੍ਹ ਦੇ ਕੱਛੇ ਪਾਉਣ ਨੂੰ ਕਿਹਾ ਗਿਆ। ਬਾਬਾ ਜੀ ਤੇ ਸਾਥੀਆਂ ਨੇ ਜੇਲ੍ਹ ਅਧਿਕਾਰੀਆਂ ਨੂੰ ਕਿਹਾ ਕਿ ਪਗੜੀ ਸਿੱਖਾਂ ਦੀ ਦਸਤਾਰ ਹੈ ਅਤੇ ਪੰਜਾਬ ਗੌਰਮਿੰਟ ਤੋਂ ਕੈਦੀਆਂ ਲਈ ਮਨਜ਼ੂਰਸ਼ੁਦਾ ਹੈ, ਅਸੀਂ ਟੋਪੀ ਨਹੀਂ ਪਹਿਨਾਂਗੇ; ਪਰ ਉਨ੍ਹਾਂ ਦੇ ਕੱਪੜੇ ਜ਼ਬਰਨ ਲੁਹਾ ਲਏ ਗਏ। ਬਾਬਾ ਜੀ ਨੇ ਆਪਣੇ ਦੁਆਲੇ ਕੰਬਲ ਲਪੇਟ ਲਿਆ, ਪਰ ਜੇਲ੍ਹ ਦੇ ਕੱਪੜੇ ਨਾ ਪਾਏ। ਹੋਰ ਹਿੰਦੂ ਅਤੇ ਮੁਸਲਿਮ ਕੈਦੀਆਂ ਨੇ ਬਾਬਾ ਜੀ ਦਾ ਸਾਥ ਦਿੱਤਾ ਅਤੇ ਇਕ ਮੁੱਠ ਹੋ ਕੇ ਧਰਮ ਨਾਲੋਂ ਅਸੂਲੀ ਦ੍ਰਿੜਤਾ ਨੂੰ ਅਪਨਾਉਣ ਦਾ ਸਬੂਤ ਦਿੱਤਾ।
ਇਕ ਮਹੀਨੇ ਤੱਕ ਭੁੱਖ ਹੜਤਾਲ ਚਲਦੀ ਰਹੀ, ਜੇਲ੍ਹ ਅਧਿਕਾਰੀਆਂ ਨੇ ਜ਼ਬਰਨ ਨੱਕ ਰਾਹੀਂ ਦੁਧ ਵਗੈਰਾ ਦੇਣ ਦਾ ਹੀਲਾ ਵੀ ਨਾ ਕੀਤਾ, ਜਿਵੇਂ ਕਿ ਆਮ ਕੀਤਾ ਜਾਂਦਾ ਸੀ। ਕੇਵਲ ਇਕ ਪਾਣੀ ਦਾ ਘੜਾ ਭਰ ਕੇ ਕੋਠੜੀ ਵਿਚ ਰੱਖ ਜਾਂਦੇ। ਭੁਖ ਹੜਤਾਲ ਚਲ ਰਹੀ ਸੀ ਕਿ ਇਕ ਪੰਜਾਬੀ ਸਿੱਖ ਸਿਪਾਹੀ ਨੇ ‘ਸ਼੍ਰੋਮਣੀ ਗੁਰਦੁਆਰਾ ਕਮੇਟੀ’ ਨੂੰ ਖਬਰ ਕਰ ਦਿੱਤੀ। ਕਮੇਟੀ ਪੰਜਾਬ ਦੇ ਗਵਰਨਰ ਨੂੰ ਮਿਲੀ ਤੇ ਉਸ ਨੇ ਬੰਬਈ ਸਰਕਾਰ ਨੂੰ ਲਿਖ ਕੇ ਸਿੱਖ ਕੈਦੀਆਂ ਲਈ ਪਗੜੀ ਤੇ ਕਛਹਿਰੇ ਮਨਜ਼ੂਰ ਕਰਵਾ ਦਿੱਤੇ। ਇਸ ਤਰ੍ਹਾਂ ਇਕ ਮਹੀਨੇ ਪਿੱਛੋਂ ਭੁੱਖ ਹੜਤਾਲ ਖਤਮ ਹੋਈ।
ਉਨ੍ਹੀਂ ਦਿਨੀਂ ਅੰਡੇਮਾਨ ਜੇਲ੍ਹ ਦਾ ਸੁਪਰਿਨਟੈਂਡੈਂਟ ਸੂਬਾ ਬੰਬਈ ਦਾ ਆਈ. ਜੀ. ਬਣ ਕੇ ਜੇਲ੍ਹ ਦਾ ਮੁਆਇਨਾ ਕਰਨ ਆਇਆ। ਬਾਬਾ ਭਕਨਾ ਤੇ ਇਕ ਹੋਰ ਗਦਰੀ ਬਾਬੇ ਨੂੰ ਪਛਾਣ ਕੇ ਉਸ ਨੂੰ ਕੁਝ ਸ਼ਰਮਿੰਦਗੀ ਹੋਈ ਕਿ ਇਨ੍ਹਾਂ ਲੋਕਾਂ ਨਾਲ ਕਿੰਨੀ ਜ਼ਿਆਦਤੀ ਹੋਈ ਹੈ। ਉਸ ਨੇ ਬੜੀ ਨਰਮੀ ਨਾਲ ਗੱਲਬਾਤ ਕੀਤੀ ਅਤੇ ਬਾਬਾ ਜੀ ਤੇ ਹੋਰ ਸਾਥੀਆਂ ਦੀ ਸਿਹਤ ਵਲ ਦੇਖ ਕੇ ਉਨ੍ਹਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਭੇਜ ਦਿੱਤਾ। ਉਥੇ ਪਹੁੰਚ ਕੇ ਬਾਬਾ ਜੀ ਨੇ ਆਪਣੇ ਸਾਥੀਆਂ ਦੀ ਸ਼ਹੀਦੀ (ਫਾਂਸੀ ਵਾਲੀ ਥਾਂ) ਦੀ ਜਗ੍ਹਾ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕੁਝ ਦਿਨਾਂ ਪਿਛੋਂ ਉਥੋਂ ਬਦਲ ਕੇ ਬਾਬਾ ਜੀ ਨੂੰ ਬੋਰਸਟਲ ਜੇਲ੍ਹ ਭੇਜ ਦਿੱਤਾ, ਜਿੱਥੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਮੁਕੱਦਮਾ ਚਲਾਉਣ ਲਈ ਪਹਿਲਾਂ ਹੀ ਬੰਦ ਕਰ ਰੱਖਿਆ ਸੀ।
ਸ਼ਹੀਦ ਭਗਤ ਸਿੰਘ ਨਾਲ ਮਿਲਣੀ
ਬੋਰਸਟਲ ਜੇਲ੍ਹ ਵਿਚ ਇਕ ਦਿਨ ਬਾਬਾ ਜੀ ਨੇ ਭਗਤ ਸਿੰਘ ਨੂੰ ਪੁੱਛਿਆ, “ਤੂੰ ਅਜੇ ਨੌਜਵਾਨ ਸੀ ਤੇ ਪੜ੍ਹਿਆ ਲਿਖਿਆ ਵੀ। ਤੇਰੀ ਖਾਣ ਪੀਣ ਤੇ ਐਸ਼ ਕਰਨ ਦੀ ਉਮਰ ਸੀ, ਤੂੰ ਇਧਰ ਕਿਵੇਂ ਫਸ ਗਿਆ?” ਭਗਤ ਸਿੰਘ ਨੇ ਹੱਸ ਕੇ ਕਿਹਾ, “ਇਹ ਮੇਰਾ ਕਸੂਰ ਨਹੀਂ, ਤੁਹਾਡਾ ਤੇ ਤੁਹਾਡੇ ਸਾਥੀਆਂ ਦਾ ਹੈ।”
“ਸਾਡਾ ਕਿਸ ਤਰ੍ਹਾਂ?”
ਭਗਤ ਸਿੰਘ ਨੇ ਕਿਹਾ, “ਜੇ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਦੂਜੇ ਸਾਥੀ ਹੱਸ ਹੱਸ ਕੇ ਫਾਂਸੀਆਂ ‘ਤੇ ਨਾ ਲਟਕਦੇ ਤੇ ਤੁਸੀਂ ਸਾਰੇ ਅੰਡੇਮਾਨ ਜਿਹੇ ਕੁੰਭੀ ਨਰਕ ਵਿਚ ਪੈ ਕੇ ਸਾਬਤ ਨਾ ਨਿਕਲਦੇ ਤਾਂ ਸ਼ਾਇਦ ਮੈਂ ਵੀ ਇਧਰ ਨਾ ਆਉਂਦਾ।”
ਬਾਬਾ ਜੀ ਜਦ ਭਗਤ ਸਿੰਘ ਨੂੰ ਮਿਲਦੇ ਤਾਂ ਦਿਲੋਂ ਮਹਿਸੂਸ ਕਰਦੇ ਕਿ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਸਿਰਫ ਦੋ ਮੂਰਤੀਆਂ ਹੀ ਸਨ, ਪਰ ਉਨ੍ਹਾਂ ਦੇ ਗੁਣ ਅਤੇ ਉਦੇਸ਼ ਇਕੋ ਹੀ ਸਨ, ‘ਏਕ ਜੋਤ ਦੋਏ ਮੂਰਿਤਿ’ ਵਾਲੀ ਗੱਲ ਸੀ।
ਜੇਲ੍ਹ ਤੋਂ ਰਿਹਾਈ
ਜਦ ਬਾਬਾ ਭਕਨਾ ਦੀ ਪੂਰੇ ਸੋਲਾਂ ਸਾਲ ਜੇਲ੍ਹ ਕੱਟਣ ਪਿਛੋਂ ਰਿਹਾਈ ਹੋਈ ਤਾਂ ਸਰਕਾਰ ਨੇ ਸ਼ਰਤ ਲਾ ਦਿੱਤੀ ਕਿ ਉਨ੍ਹਾਂ ਨੂੰ ਹਰ ਮਹੀਨੇ ਪੁਲਿਸ ਸਾਹਮਣੇ ਪੇਸ਼ ਹੋਣਾ ਪਵੇਗਾ। ਬਾਬਾ ਜੀ ਨੇ ਸ਼ਰਤ ਮੰਨਣੋਂ ਸਾਫ ਨਾਂਹ ਕਰ ਦਿੱਤੀ ਅਤੇ ਭੁੱਖ ਹੜਤਾਲ ਕਰ ਦਿੱਤੀ। ਬਾਬਾ ਜੀ ਦੀ ਸਿਹਤ ਤੋਂ ਘਬਰਾ ਕੇ ਅਗਲੇ ਦਿਨ ਪੰਜਾਬ ਦੇ ਹੋਮ ਸੈਕਟਰੀ ਨੇ ਅਖਬਾਰ ‘ਸ਼ੇਰੇ ਪੰਜਾਬ’ ਦੇ ਐਡੀਟਰ ਸ਼ ਅਮਰ ਸਿੰਘ ਨੂੰ ਸ਼ ਵਿਸਾਖਾ ਸਿੰਘ ਕੋਲ ਭੇਜਿਆ। ਉਹ ਸ਼ ਖੜਕ ਸਿੰਘ ਨੂੰ ਨਾਲ ਲੈ ਕੇ ਹਸਪਤਾਲ ਗਏ ਅਤੇ ਕਿਹਾ ਕਿ ਸਰਕਾਰ ਮੰਨ ਗਈ ਹੈ ਤੇ ਅਸੀਂ ਅਕਾਲ ਤਖਤ ਤੋਂ ਹੁਕਮ ਲੈ ਕੇ ਆਏ ਹਾਂ ਕਿ ਭੁੱਖ ਹੜਤਾਲ ਛੱਡ ਦਿੱਤੀ ਜਾਵੇ। ਇਸ ਹੁਕਮ ਅਧੀਨ ਬਾਬਾ ਭਕਨਾ ਨੇ ਭੁੱਖ ਹੜਤਾਲ ਤੋੜੀ।
ਘਰ ਵਾਪਸੀ ਅਤੇ ਭਲਾਈ ਦਾ ਕੰਮ
ਤੇਈ ਸਾਲ ਦੇ ਲੰਮੇ ਅਰਸੇ ਪਿਛੋਂ ਬਾਬਾ ਭਕਨਾ ਜਦ ਪਿੰਡ ਮੁੜੇ ਤਾਂ ਘਰ ਦਾ ਰਾਹ ਭੁੱਲ ਗਏ। ਉਹ ਲਿਖਦੇ ਹਨ, “ਮੈਂ ਆਪਣੇ ਘਰ ਨੂੰ ਜਾਂਦੀ ਗਲੀ ਨਾ ਪਛਾਣ ਸਕਿਆ ਤੇ ਰਸਤਾ ਭੁਲ ਗਿਆ। ਲਾਗੇ ਪਿੰਡ ਵਾਲਿਆਂ ਰਸਤਾ ਦੱਸਿਆ ਤਾਂ ਮੈਂ ਘਰ ਪਹੁੰਚਿਆ। ਮਕਾਨ ਮਿੱਟੀ ਦਾ ਢੇਰ ਬਣ ਚੁਕਾ ਸੀ। ਸਿਰਫ ਇਕ ਕੋਠੜੀ ਬਚੀ ਸੀ, ਜਿਸ ਨੂੰ ਮੇਰੀ ਰਿਹਾਈ ਦੀ ਖਬਰ ਸੁਣ ਕੇ ਮੇਰੀ ਪਤਨੀ ਨੇ ਇਕ-ਦੋ ਦਿਨ ਪਹਿਲਾਂ ਆ ਕੇ ਖੋਲ੍ਹ ਲਿਆ ਸੀ। ਮੈਨੂੰ ਬਹੁਤ ਹੀ ਪਿਆਰ ਕਰਨ ਵਾਲੀ ਧਰਮ-ਮਾਂ ਅਤੇ ਮੇਰੀ ਮਾਂ-ਦੋਵੇਂ ਮੈਨੂੰ ਚੇਤੇ ਕਰਦੀਆਂ ਇਸ ਦੁਨੀਆਂ ਤੋਂ ਰੁਖਸਤ ਹੋ ਚੁਕੀਆਂ ਸਨ।”
ਇਸ ਤਰ੍ਹਾਂ ਦੀ ਸਥਿਤੀ ਨੂੰ ਬਿਆਨ ਕਰਦੀ ਮੇਰੀ ਇਕ ਨਜ਼ਮ ਦੇ ਤਿੰਨ ਬੰਦ ਹਾਜ਼ਰ ਹਨ,
ਆਪਣੇ ਪਿੰਡ ਪਰਾਇਆਂ ਵਾਂਗੂੰ,
ਪੁੱਛਿਆ ਆਪਣੇ ਘਰ ਦਾ ਰਾਹ।
ਕੀ ਦਸਦੇ ਜੋ ਲੱਭ ਰਹੇ ਸਨ
ਆਪਣੇ ਆਪਣੇ ਘਰ ਦਾ ਰਾਹ।
ਬੁੱਤਾਂ ਵਾਂਗੂੰ ਝਾਕ ਰਹੀ ਸੀ,
ਰੌਣਕ ਪਿੰਡ ਦੀਆਂ ਗਲੀਆਂ ਦੀ।
ਮਲਬੇ ਹੇਠੋਂ ਕਿੱਦਾਂ ਮਿਲਦਾ
ਸੁੰਨੇ ਸੱਖਣੇ ਘਰ ਦਾ ਰਾਹ।
ਖੁਰ ਚੁੱਕਿਆ ਸੀ ਥਾਂ-ਥਾਂ ਉਤੋਂ,
ਮੈਲੇ ਦੀਆਂ ਘਰਾਲਾਂ ਨਾਲ।
ਹਾਰ-ਹੁੱਟ ਕੇ ਆਖਿਰ ਮਿਲਿਆ,
ਜਦੋਂ ਮਲਕੜੇ ਘਰ ਦਾ ਰਾਹ।
ਬਾਬਾ ਭਕਨਾ ਪਾਸ 65 ਏਕੜ ਜੱਦੀ ਜ਼ਮੀਨ ਸੀ। ਜਦ ਉਹ ਵਾਪਸ ਘਰ ਮੁੜੇ ਤਾਂ ਸਿਰਫ 22 ਏਕੜ ਰਹਿ ਗਈ ਸੀ। ਬਚੀ ਜ਼ਮੀਨ ਵਿਚੋਂ ਕੁਝ ਵਿਚ ਕੁੜੀਆਂ ਦਾ ਸਕੂਲ ਖੋਲ੍ਹ ਦਿੱਤਾ ਅਤੇ ਕੁਝ ਵਿਚ ‘ਕਿਰਤੀ ਕਿਸਾਨ ਆਸ਼ਰਮ’ ਬਣਵਾ ਦਿੱਤਾ। ਆਸ਼ਰਮ ਦਾ ਟੀਚਾ ਸੀ ਕਿ ਇਸ ਵਿਚ ਦੇਸ਼ ਭਗਤਾਂ ਦੇ ਬੱਚੇ ਪੜ੍ਹਨ ਅਤੇ ਨਾਲ ਹੀ ਕੋਈ ਕੰਮ ਸਿੱਖਣ। ਆਸ਼ਰਮ ਕੁਝ ਦੇਰ ਚੱਲਿਆ। ਜਦ ਬਾਬਾ ਜੀ ਨੂੰ ਦੂਜੀ ਜੰਗ ਲੱਗਣ ਪਿਛੋਂ ਤਿੰਨ ਸਾਲ ਲਈ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਉਹ ਸਮਾਂ ਨਾ ਦੇ ਸਕੇ ਤੇ ਆਸ਼ਰਮ ਬੰਦ ਹੋ ਗਿਆ। ਬਾਕੀ ਦੀ ਜ਼ਮੀਨ ਪਿੰਡ ਦੇ ਸਕੂਲ ਲਈ ਦੇ ਦਿੱਤੀ।
ਆਜ਼ਾਦ ਹਿੰਦੋਸਤਾਨ ਦੀ ਦੇਣ!
15 ਅਗਸਤ 1947 ਨੂੰ ਹਿੰਦੋਸਤਾਨ ਆਜ਼ਾਦ ਹੋ ਗਿਆ, ਅੰਗਰੇਜ਼ਾਂ ਨੇ ਮਜ੍ਹਬੀ ਜਨੂੰਨ ਭੜਕਾ ਕੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਖੂਨ ਦੀਆਂ ਨਦੀਆਂ ਵਹਾਈਆਂ। ਦੋਹਾਂ ਪਾਸਿਆਂ ਦੇ ਫਿਰਕੂਆਂ ਨੇ ਬੱਚਿਆਂ, ਬੁੱਢਿਆਂ ਅਤੇ ਔਰਤਾਂ ਦਾ ਸ਼ੱਰੇਆਮ ਕਤਲੇਆਮ ਕਰਕੇ ਮੌਤ ਦਾ ਤਾਂਡਵ ਨੱਚਿਆ। ਕਹਿਣ ਨੂੰ ਤਾਂ ਹਿੰਦੋਸਤਾਨ ਅਤੇ ਪਾਕਿਸਤਾਨ ਆਜ਼ਾਦ ਹੋ ਗਏ, ਪਰ ਸਦਾ ਵਾਸਤੇ ਭਰਾ, ਭਰਾ ਦਾ ਵੈਰੀ ਹੋ ਗਿਆ। ਇਥੋਂ ਤੱਕ ਕਿ ਆਜ਼ਾਦੀ ਨੇ ਦੇਸ਼ ਭਗਤਾਂ ਦਾ ਬਣਦਾ ਰਿਣ ਤਾਂ ਕੀ ਚੁਕਾਉਣਾ ਸੀ, ਸਗੋਂ ਪੁਲਿਸ ਨੇ ਬਿਨਾ ਕਿਸੇ ਠੋਸ ਵਜ੍ਹਾ ਦੇ ਬਾਬਾ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਯੋਲ ਕੈਂਪ ਵਿਚ ਭੇਜ ਦਿੱਤਾ। ਇਥੇ ਅਫਸਰਾਂ ਦਾ ਵਰਤਾਉ ਅਤੇ ਰੋਟੀ ਦਾ ਇੰਤਜ਼ਾਮ ਅੰਗਰੇਜ਼ਾਂ ਨਾਲੋਂ ਵੀ ਨਿਕੰਮਾ ਸੀ। ਰੁੱਖਾ ਤੇ ਸਖਤ ਵਤੀਰਾ ਦੇਖ ਕੇ ਸਾਰੇ ਸਾਥੀਆਂ ਨੇ ਭੁੱਖ ਹੜਤਾਲ ਕਰ ਦਿੱਤੀ, ਜੋ 27-28 ਦਿਨ ਚੱਲੀ। ਜਦ ਸੰਤ ਵਿਸਾਖਾ ਸਿੰਘ, ਪ੍ਰਧਾਨ ਦੇਸ਼ ਭਗਤ ਪਰਿਵਾਰ, ਨੇ ਜਵਾਹਰ ਲਾਲ ਨਹਿਰੂ ਨੂੰ ਦੱਸਿਆ ਕਿ ਬਾਬਾ ਭਕਨਾ ਖਾਹਮਖਾਹ ਜੇਲ੍ਹ ਵਿਚ ਡੱਕ ਦਿੱਤੇ ਗਏ ਹਨ ਤਾਂ ਨਹਿਰੂ ਨੇ ਕਿਹਾ, ‘ਮੈਨੂੰ ਇਸ ਗੱਲ ਦੀ ਕੋਈ ਖਬਰ ਨਹੀਂ।’ ਉਨ੍ਹਾਂ ਦੇ ਕਹਿਣ ‘ਤੇ ਆਖਿਰ ਰਿਹਾ ਹੋ ਗਏ। ਅੰਗਰੇਜ਼ਾਂ ਵੇਲੇ ਛੇ ਭੁੱਖ ਹੜਤਾਲਾਂ ਨੇ ਤਾਂ ਬਾਬਾ ਜੀ ਨੂੰ ਲਿਫਣ ਨਹੀਂ ਸੀ ਦਿੱਤਾ, ਪਰ ਆਜ਼ਾਦ ਹਿੰਦੋਸਤਾਨ ਦੀ ਸਰਕਾਰ ਵੇਲੇ ਰੱਖੀ ਭੁੱਖ ਹੜਤਾਲ ਨੇ ਉਨ੍ਹਾਂ ਦੀ ਕਮਰ ਟੇਡੀ ਕਰ ਦਿੱਤੀ। ਬਾਬਾ ਜੀ ਲਿਖਦੇ ਹਨ, “ਅੱਜ ਵੀ ਜਦ ਕੋਈ ਮੈਨੂੰ ਪੁਛਦਾ ਹੈ ਕਿ ਤੇਰੀ ਕਮਰ ਟੇਡੀ ਕਿਉਂ ਹੋ ਗਈ ਤਾਂ ਮੈਂ ਜਵਾਬ ਦਿੰਦਾ ਹਾਂ ਕਿ ਇਹ ਕੌਮੀ ਕਾਂਗਰਸ ਹਕੂਮਤ ਦੀ ਮੇਰੀ ਪਿੱਠ ‘ਤੇ ਮੋਹਰ ਛਾਪ ਹੈ।” ਆਪਣਾ ਤਨ, ਮਨ ਤੇ ਧਨ ਹਿੰਦੁਸਤਾਨ ਦੇ ਲੇਖੇ ਲਾ ਕੇ 1968 ਵਿਚ ਇਕ ਮਹਾਨ ਆਤਮਾ ਦਾ ਹੱਥ ਭਾਰਤ ਦੇ ਸਿਰ ਤੋਂ ਖਿਸਕ ਗਿਆ।