ਪਸ਼ੌਰਾ ਸਿੰਘ ਢਿੱਲੋਂ
ਸਾਲ ਦਾ ਆਖਰੀ ਦਸੰਬਰ ਮਹੀਨਾ ਜਿਵੇਂ ਯੂਰਪ ਵਿਚ ਦਿਨ-ਬਦਿਨ ਸੰਘਣੀ ਧੁੰਦ, ਬਰਫੀਲੇ ਤੂਫਾਨਾਂ ਵਿਚੋਂ ਗੁਜ਼ਰਦਾ ਅੱਗੇ ਵਧਦਾ ਨਵੇਂ ਸਾਲ ਲਈ ਅਨੰਤ ਸੰਭਾਵਨਾਵਾਂ ਪੇਸ਼ ਕਰਦਾ ਅਲੋਪ ਹੋ ਜਾਂਦਾ ਹੈ, ਸਿੱਖਾਂ ਦੇ ਆਖਰੀ ਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਾਊਥ ਏਸ਼ੀਆ ਵਿਚ ਕੁਝ ਅਜਿਹਾ ਹੀ ਕੀਤਾ, ਜਦੋਂ ਮਨੁੱਖਤਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਆਪ ਅਲੋਪ ਹੋ ਗਏ।
ਪ੍ਰਸਿਧ ਅੰਗਰੇਜ਼ ਇਤਿਹਾਸਕਾਰ ਆਰਨਲਡ ਟੋਇਨਬੀ ਲਿਖਦੇ ਹਨ ਕਿ ਆਉਣ ਵਾਲੇ ਸਮਿਆਂ ਵਿਚ ਸੰਸਾਰ ਪੱਧਰ ‘ਤੇ ਮਨੁੱਖਤਾ ਦਾ ਧਾਰਮਿਕ ਭਵਿਖ ਬੇਸ਼ਕ ਧੁੰਦਲਾ ਦਿਸਦਾ ਹੈ, ਪਰ ਇਕ ਚੀਜ਼ ਜੋ ਪ੍ਰਤਖ ਹੈ, ਉਹ ਹੈ ਕਿ ਜਿਉਂ ਜਿਉਂ ਅਜੋਕੇ ਵੱਡੇ ਧਰਮਾਂ ਦਾ ਇਕ ਦੂਜੇ ‘ਤੇ ਆਪਸੀ ਅਸਰ ਅਤੇ ਤਾਲ-ਮੇਲ ਵਧੇਗਾ, ਇਸ ਵਾਰਤਾਲਾਪ ਵਿਚ ਸਿੱਖ ਧਰਮ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸੁਨੇਹਾ ਸਾਰੇ ਸੰਸਾਰ ਵਾਸਤੇ ਖਾਸ ਸੁਨੇਹਾ ਹੋਵੇਗਾ!
ਮੈਕਾਲਿਫ, ਨੋਬਲ ਲੌਰੀਅਟ ਮਿਸ ਪਰਲ ਐਸ਼ ਬੱਕ ਤੋਂ ਦਲਾਈ ਲਾਮਾ ਤੀਕ ਨੇ ਕੁਝ ਅਜਿਹਾ ਹੀ ਕਿਹਾ ਹੈ।
ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਅਤੇ ਉਸ ਅਦੁੱਤੇ ਸਰਬੰਸ ਦਾਨੀ ਦੀ ਸ਼ਖਸੀਅਤ ਬਾਰੇ ਹੋਰ ਲਿਖਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਸਮਰੱਥ ਕਵੀ ਗੁਰਮੁਖ ਸਿੰਘ ਮੁਸਾਫਿਰ ਦੀਆਂ ਕੁਝ ਸਤਰਾਂ ਹਾਜ਼ਰ ਹਨ,
ਮੈਂ ਤਾਂ ਸੋਚਦਾ ਸਾਂ ਬਾਜਾਂ ਵਾਲੜੇ ਲਈ
ਛੋਟੀ ਜਿਹੀ ਇਸ ਕਲਮ ਤੋਂ ਕੀ ਲਿਖਾਂ।
ਉਹਦੇ ਕੰਮ ਵੱਡੇ ਮੇਰੀ ਕਲਮ ਛੋਟੀ
ਕੀ ਛੋੜ ਦੇਵਾਂ ਅਤੇ ਕੀ ਲਿਖਾਂ!
ਖਾਲੀ ਕਹੀ ਜਾਵਾਂ, ਖਾਲੀ ਕਹੀ ਜਾਵਾਂ
ਯਾ ਕਿ ਲਿਖਾਂ? ਤਾਂ ਫੇਰ ਮੈਂ ਕੀ ਲਿਖਾਂ?
ਪੀਰਾਂ ਪੀਰ ਲਿਖਾਂ? ਗੁਰੂਆਂ ਗੁਰੁ ਲਿਖਾਂ
ਵਲੀਆਂ ਵਲੀ ਲਿਖਾਂ? ਦੱਸੋ ਕੀ ਲਿਖਾਂ?
ਉਹ ਤਾਂ ਦੀਨ ਤੇ ਦੁਨੀ ਦਾ ਹੈ ਮਾਲਿਕ
ਕਿਸੇ ਆਖਿਆ ਵੱਡਾ ਅਮੀਰ ਲਿਖ ਲਓ,
ਰੱਖਿਆ ਓਸ ਨੇ ਆਪਣੇ ਪਾਸ ਕੁਝ ਨਹੀਂ
ਏਸ ਵਾਸਤੇ ਉਹਨੂੰ ਫਕੀਰ ਲਿਖ ਲਓ!
—
ਭਲਾ ਦੱਸ ਖਾਂ ਪੂਰੇ ਇਤਿਹਾਸ ਅੰਦਰ
ਪਿਰਤ ਇਸ ਤਰ੍ਹਾਂ ਜਿਨ੍ਹੇ ਚਲਾਈ ਹੋਵੇ।
ਬਾਂਹ ਗਊ-ਗਰੀਬ ਦੀ ਫੜ੍ਹੀ ਹੋਵੇ
ਧੌਣ ਜਬਰ ਦੀ ਇੰਜ ਨਿਵਾਈ ਹੋਵੇ।
ਕੀਤਾ ਸਿੱਖ ਨੇ ਭੇਟ ਜੇ ਸੀਸ ਹੋਵੇ
ਗੁਰੂ ਕੁਲ ਹੀ ਘੋਲ-ਘੁਮਾਈ ਹੋਵੇ।
ਹੋਵੇ ਗੁਰੂ ਤੇ ਚੇਲੇ ਦਾ ਬਣੇ ਚੇਲਾ
ਐਸੀ ਨਿਮਰਤਾ ਜਿਨ੍ਹੇ ਵਿਖਾਈ ਹੋਵੇ।
ਸੌ ਹੱਥ ਰੱਸਾ ਲੰਮਾ ਕਰਨ ਨਾਲੋਂ
ਗੰਢ ਸਿਰੇ ‘ਤੇ ਇਸ ਤਰ੍ਹਾਂ ਪਾਈ ਹੋਵੇ।
ਜੀਵੇ ਮਰੇ ਸਰਬੱਤ ਦੇ ਭਲੇ ਖਾਤਿਰ
ਐਸੀ ਮੌਜ ‘ਚੋਂ ਫੌਜ ਬਣਾਈ ਹੋਵੇ।
ਵੱਜਾ ਢੋਲ ਫਿਰ ਚਿੜੀਆਂ ਨੇ ਬਾਜ ਢਾਹੇ
ਐਸੀ ਚਿੜੀਆਂ ਨੂੰ ਵਿਧੀ ਸਿਖਾਈ ਹੋਵੇ!