ਆਤਮਿਕ ਗਿਆਨ ਦੀ ਤਾਕਤ

ਅੱਜ ਪੰਜਾਬੀ ਸਮਾਜ ਅਨੇਕਾਂ ਅਲਾਮਤਾਂ ਦਾ ਸ਼ਿਕਾਰ ਹੈ। ਮੋਟਾਪਾ ਵਧ ਰਿਹਾ ਹੈ, ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ, ਪਾਣੀ ਦੇ ਵਾਤਾਵਰਣ ਗੰਧਲੇ ਤੇ ਜ਼ਹਿਰੀਲੇ ਬਣਦੇ ਜਾ ਰਹੇ ਹਨ, ਲੋਕ ਲਾਲਚ ਦੇ ਗ੍ਰੱਸੇ ਸੌ ਤਰ੍ਹਾਂ ਦੀਆਂ ਬੇਇਮਾਨੀਆਂ ‘ਤੇ ਤੁਲੇ ਹੋਏ ਹਨ। ਪੰਜਾਬ ‘ਚ ਕੈਂਸਰ, ਸ਼ੂਗਰ, ਕਾਲੇ-ਚਿਟੇ ਪੀਲੀਏ, ਦਿਲ ਦੇ ਰੋਗ, ਵੱਡੀ ਪੱਧਰ ‘ਤੇ ਗੁਰਦਿਆਂ ਦੇ ਫੇਲ੍ਹ ਹੋਣ ਦੇ ਨਾਲ-ਨਾਲ ਅਨੇਕ ਹੋਰ ਭਿਆਨਕ ਬਿਮਾਰੀਆਂ ਦੇ ਜਨਕ ਵੀ ਹੋਣਗੇ। ਇਹ ਸਭ ਕਿਉਂ ਹੈ? ਲੇਖਕ ਨੇ ਇਸ ਲੇਖ ਵਿਚ ਇਨ੍ਹਾਂ ਅਲਾਮਤਾਂ ਦੀ ਜੜ੍ਹ ਪੱਛਮੀ ਤਰਜ ਦੀ ਸਾਮਰਾਜੀ ਜ਼ਿੰਦਗੀ ਨੂੰ ਦੱਸਿਆ ਹੈ, ਜਿਨ੍ਹਾਂ ਤੋਂ ਛੁਟਕਾਰਾ ਗੁਰਬਾਣੀ ਦੀ ਰੌਸ਼ਨੀ ਵਿਚ ਪਾਇਆ ਜਾ ਸਕਦਾ ਹੈ।

-ਸੰਪਾਦਕ

ਗੁਰਬਚਨ ਸਿੰਘ
ਫੋਨ: 91-98156-98541

ਬ੍ਰਾਹਮਣਵਾਦੀ ਸੋਚ ਅਤੇ ਪੱਛਮੀ ਵਿਦਿਆ ਦੇ ਪ੍ਰਭਾਵ ਅਧੀਨ ਸਾਡੀ ਸੋਚ ਅਤੇ ਸਾਡੇ ਮਨਾਂ ਵਿਚ ਇਕ ਅਸਲੋਂ ਗਲਤ ਧਾਰਨਾ ਜੜ੍ਹਾਂ ਜਮਾ ਕੇ ਬੈਠ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ-ਸੁਣਨੀ ਧਰਮ ਦਾ ਮਸਲਾ ਹੈ। ਧਰਮ ਨਿਜੀ ਜਿੰ.ਦਗੀ ਨਾਲ ਸਬੰਧ ਰੱਖਦਾ ਹੈ, ਇਸ ਲਈ ਗੁਰਬਾਣੀ ਪੜ੍ਹਨਾ-ਸਮਝਣਾ ਅਤੇ ਇਸ ਦੇ ਤੱਤ ਨੂੰ ਆਪਣੀ ਨਿਜੀ ਜ਼ਿੰਦਗੀ ਵਿਚ ਅਪਨਾਉਣਾ ਕਿਸੇ ਦੀ ਜ਼ਾਤੀ ਪਸੰਦ ਹੈ। ਕਿਸੇ ਬੰਦੇ ਦੀ ਜ਼ਿੰਦਗੀ ਦੇ ਆਮ ਕਾਰ-ਵਿਹਾਰ ਵਾਸਤੇ ਇਸ ਗਿਆਨ ਦੀ ਕੋਈ ਲੋੜ ਨਹੀਂ, ਜਦੋਂ ਕਿ ਗੁਰਮਤਿ ਵਿਚ ਦਰਜ ਆਤਮਿਕ ਗਿਆਨ (ਫਿਲਾਸਫੀ) ਮਨੁੱਖੀ ਜ਼ਿੰਦਗੀ ਵਾਸਤੇ ਏਨਾ ਅਹਿਮ ਹੈ ਕਿ ਇਸ ਤੋਂ ਬਿਨਾ ਪੁਟਿਆ ਗਿਆ ਕੋਈ ਵੀ ਕਦਮ ਮਨੁੱਖੀ ਜ਼ਿੰਦਗੀ ਨੂੰ ਨਰਕ ਬਣਾ ਸਕਦਾ ਹੈ।
ਇਹ ਗਿਆਨ ਸਾਡੇ ਆਤਮ (ਸਾਡੀ ਸੋਚ ਤੇ ਸਾਡੇ ਮਨ) ਨੂੰ ਤਗੜਾ ਕਰਦਾ ਹੈ ਅਤੇ ਸਾਡਾ ਆਤਮਿਕ ਬਲ ਬਣਦਾ ਹੈ, ਭਾਵ ਸਾਡੀ ਸੋਚ ਤੇ ਸਾਡੇ ਮਨ ਨੂੰ ਭਰਮ ਮੁਕਤ ਕਰ ਕੇ ਉਸ ਨੂੰ ਆਮ ਜ਼ਿੰਦਗੀ ਨਾਲ ਸਬੰਧਤ ਅਹਿਮ ਫੈਸਲੇ ਲੈਣ ਵਿਚ ਸਹਾਈ ਹੁੰਦਾ ਹੈ। ਇਸ ਆਤਮਿਕ ਗਿਆਨ ਦੀ ਅਣਹੋਂਦ ਕਾਰਨ ਹੀ ਅਜੋਕਾ ਆਧੁਨਿਕ ਮਨੁੱਖ ਨਰਕੀ ਜ਼ਿੰਦਗੀ ਭੋਗ ਰਿਹਾ ਹੈ। ਸਾਰਾ ਕੁਝ ਕੋਲ ਹੁੰਦਿਆਂ ਵੀ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ। ਨਿਰਾਸ਼ਾ, ਚਿੰਤਾ ਅਤੇ ਹਰ ਵੇਲੇ ਅਣਕਿਆਸੇ ਦਾ ਡਰ ਉਸ ਦਾ ਖਹਿੜਾ ਨਹੀਂ ਛੱਡਦੇ। ਦਰਅਸਲ ਮਨੁੱਖੀ ਜ਼ਿੰਦਗੀ ਲਈ ਇਸ ਗਿਆਨ ਤੋਂ ਬਿਨਾ ਬਾਕੀ ਸਾਰੇ ਗਿਆਨ ਅਧੂਰੇ ਹਨ। ਇਥੋਂ ਤਕ ਕਿ ਇਸ ਗਿਆਨ ਤੋਂ ਬਿਨਾ ਸਾਇੰਸ ਦਾ ਗਿਆਨ ਵੀ ਅਧੂਰਾ ਹੈ; ਕਿਉਂਕਿ ਆਤਮਿਕ ਗਿਆਨ ਤੋਂ ਬਿਨਾ ਇਹ ਪਤਾ ਹੀ ਨਹੀਂ ਲਗਦਾ ਕਿ ਸਾਇੰਸ ਦੇ ਗਿਆਨ ਨੂੰ ਮਨੁੱਖ ਜਾਤੀ ਦੇ ਭਲੇ ਵਾਸਤੇ ਵਰਤਣਾ ਹੈ ਜਾਂ ਤਬਾਹੀ ਵਾਸਤੇ।
ਇਸ ਗਿਆਨ ਤੋਂ ਬਿਨਾ ਇਹ ਪਤਾ ਹੀ ਨਹੀਂ ਲਗਦਾ ਕਿ ਮਨੁੱਖ ਜਾਤੀ ਦੀਆਂ ਬੁਨਿਆਦੀ ਲੋੜਾਂ ਕੀ ਹਨ, ਉਨ੍ਹਾਂ ਦੀ ਪੈਦਾਵਾਰ ਕਿਵੇਂ ਕਰਨੀ ਹੈ ਅਤੇ ਉਨ੍ਹਾਂ ਨੂੰ ਕਿਸ ਹਿਸਾਬ ਨਾਲ ਵੰਡਣਾ ਹੈ? ਇਸ ਗਿਆਨ ਤੋਂ ਬਿਨਾ ਸਾਰਾ ਸਾਹਿਤ ਖੋਖਲਾ ਹੈ ਅਤੇ ਸਾਰਾ ਸਭਿਆਚਾਰ ਅਧੂਰਾ ਹੈ। ਆਤਮਿਕ ਗਿਆਨ ਸਭਿਆਚਾਰ ਦਾ ਧੁਰਾ ਹੁੰਦਾ ਹੈ। ਇਹੀ ਗਿਆਨ ਬੰਦੇ ਨੂੰ ਉਸ ਦੀ ਅਸਲੀ ਜ਼ਿੰਦਗੀ ਦਾ ਭੇਦ ਦੱਸਦਾ ਹੈ ਅਤੇ ਬੰਦੇ ਨੂੰ ਆਪਣੀਆਂ ਕੁਦਰਤੀ ਸਰੀਰਕ ਲੋੜਾਂ ਦੀ ਪਛਾਣ ਕਰਨ ਦੀ ਜਾਚ ਆਉਂਦੀ ਹੈ। ਆਪਣੀਆਂ ਕੁਦਰਤੀ ਲੋੜਾਂ ਦੀ ਸੁਚੇਤ ਪਛਾਣ ਕਰਕੇ ਹੀ ਮਨੁੱਖ ਸਹਿਜ ਅਤੇ ਸੰਤੁਸ਼ਟੀ ਭਰੀ ਜ਼ਿੰਦਗੀ ਜੀਅ ਸਕਦਾ ਹੈ। ਉਹ ਹਰੇਕ ਕਿਸਮ ਦੀ ਚਿੰਤਾ ਤੋਂ ਮੁਕਤ ਹੋ ਕੇ ਅਨੰਦਮਈ ਜ਼ਿੰਦਗੀ ਬਸਰ ਕਰ ਸਕਦਾ ਹੈ। ਮਨ ਦੀ ਇਸੇ ਅਵਸਥਾ ਨੂੰ ਪੂਰਬ ਵਿਚ ਮੁਕਤੀ ਅਤੇ ਪੱਛਮ ਵਿਚ ਆਜ਼ਾਦੀ ਕਿਹਾ ਗਿਆ ਹੈ। ਬਾਕੀ ਸੱਭੇ ਆਜ਼ਾਦੀਆਂ ਇਸ ਤੋਂ ਬਿਨਾ ਅਧੂਰੀਆਂ ਹਨ।
ਜੇ ਸੰਸਾਰ ਸਿਹਤ ਸੰਸਥਾ ਜਿਹੇ ਆਲਮੀ ਅਦਾਰਿਆਂ ਦੀਆਂ ਰਿਪੋਰਟਾਂ ਨੂੰ ਸਹੀ ਮੰਨ ਲਿਆ ਜਾਏ ਤਾਂ ਇਸ ਵੇਲੇ ਮਨੁੱਖਤਾ ਨੂੰ ਚਿੰਬੜੇ ਦੋ ਸਭ ਤੋਂ ਭਿਆਨਕ ਰੋਗ ਇਕਲਾਪਾ ਅਤੇ ਮੋਟਾਪਾ ਹਨ। ਇਕਲਾਪਾ ਮੋਟਾਪੇ ਨੂੰ ਜਨਮ ਦਿੰਦਾ ਹੈ ਅਤੇ ਮੋਟਾਪਾ ਇਕਲਾਪੇ ਨੂੰ ਜਨਮ ਦਿੰਦਾ ਹੈ। ਸੰਸਾਰ ਭਰ ਵਿਚ ਕਰੀਬ 40 ਫੀਸਦੀ ਲੋਕ ਮੋਟਾਪੇ ਦਾ ਸ਼ਿਕਾਰ ਹਨ। ਹਰ ਸਾਲ 28 ਲੱਖ ਲੋਕ ਮੋਟਾਪੇ ਕਾਰਨ ਮਰਦੇ ਹਨ। ਮੋਟਾਪੇ ਨਾਲ ਲੱਗੀਆਂ ਬਿਮਾਰੀਆਂ ਨਾਲ ਮਰਨ ਵਾਲੇ ਲੋਕ ਇਸ ਤੋਂ ਵੱਖਰੇ ਹਨ। ਪੰਜਾਬ ‘ਚ 30 ਫੀਸਦੀ ਮਰਦ ਅਤੇ 37 ਫੀਸਦੀ ਔਰਤਾਂ ਮੋਟਾਪੇ ਦਾ ਸ਼ਿਕਾਰ ਹਨ। ਹੁਣ ਇਨ੍ਹਾਂ ਦੋਹਾਂ ਬਿਮਾਰੀਆਂ ਦਾ ਮੈਡੀਕਲ ਸਾਇੰਸ ਕੋਲ ਕੋਈ ਤਸੱਲੀਬਖਸ਼ ਇਲਾਜ ਨਹੀਂ ਹੈ। ਜੇ ਉਸ ਕੋਲ ਇਨ੍ਹਾਂ ਰੋਗਾਂ ਦਾ ਕੋਈ ਪੱਕਾ ਇਲਾਜ ਹੁੰਦਾ ਤਾਂ ਹੁਣ ਤਕ ਮਨੁੱਖ ਜਾਤੀ ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾ ਚੁਕੀ ਹੁੰਦੀ; ਪਰ ਆਲਮੀ ਅਦਾਰਿਆਂ ਦੀਆਂ ਰਿਪੋਰਟਾਂ ਹੀ ਦੱਸਦੀਆਂ ਹਨ ਕਿ ਮੈਡੀਕਲ ਸਾਇੰਸ ਦੀ ਸਾਰੀ ਤਰੱਕੀ ਦੇ ਬਾਵਜੂਦ ਨਿਤ ਦਿਨ ਹੋਰ ਵਧੇਰੇ ਲੋਕ ਇਨ੍ਹਾਂ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ।
ਬਿਨਾ ਸ਼ੱਕ ਗੁਰਮਤਿ ਕੋਲ ਇਨ੍ਹਾਂ ਦੋਹਾਂ ਬਿਮਾਰੀਆਂ ਦਾ ਇਲਾਜ ਹੈ। ਸਿੱਖ ਹਰ ਰੋਜ ਦੋ ਵੇਲੇ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ’ ਦੀ ਅਰਦਾਸ ਕਰਦੇ ਹਨ। ਭਾਵ ਚੜ੍ਹਦੀ ਕਲਾ ਦਾ ਭੇਦ ਸਰਬਤ ਦੇ ਭਲੇ ਵਿਚ ਨਿਹਿਤ ਹੈ। ਇਕਲਾਪਾ ਢਹਿੰਦੀ ਕਲਾ ਦਾ ਪ੍ਰਗਟਾਵਾ ਹੈ। ਦਿਨੋ-ਦਿਨ ਫੈਲ ਰਹੇ ਆਰਥਕ ਸੰਕਟ ਕਾਰਨ ਕਿਸੇ ਵੇਲੇ ਵੀ ਨੌਕਰੀ ਖੁਸਣ ਦੀ ਚਿੰਤਾ, ਲਾਲਚ, ਈਰਖਾ, ਅੰਤਹੀਣ ਇੱਛਾਵਾਂ (ਤ੍ਰਿਸਨਾ) ਅਤੇ ਮਨੁੱਖ ਦੀਆਂ ਹਕੀਕੀ ਲੋੜਾਂ ਵਿਚਲਾ ਪਾੜਾ ਹੀ ਢਹਿੰਦੀ ਕਲਾ ਦੇ ਮੂਲ ਕਾਰਨ ਹਨ। ਸਰਬਤ ਦੇ ਭਲੇ ਦੀ ਭਾਵਨਾ ਨਾਲ ਜੁੜ ਕੇ ਹੀ ਇਨ੍ਹਾਂ ਕਾਰਨਾਂ ਨੂੰ ਸਮਝਿਆ ਜਾ ਸਕਦਾ ਹੈ। ਸਰਬਤ ਨਾਲ ਜੁੜ ਕੇ ਹੀ ਇਕਲਾਪਾ ਖਤਮ ਹੁੰਦਾ ਹੈ। ਸਰਬਤ ਦੇ ਭਲੇ ਨਾਲ ਸਰਬ-ਸਾਂਝੀਵਾਲਤਾ ਦੀ ਭਾਵਨਾ ਵੀ ਜੁੜੀ ਹੋਈ ਹੈ। ਭਾਵਨਾਵਾਂ (ਜਜ਼ਬਿਆਂ) ਬਿਨਾ ਮਨੁੱਖ ਮੁਰਦਾ ਹੈ।
ਆਤਮਿਕ ਗਿਆਨ ਮਨੁੱਖ ਦੇ ਜਜ਼ਬਿਆਂ ਨੂੰ ਵਿਕਸਿਤ ਕਰਕੇ ਸੰਵੇਦਨਸ਼ੀਲ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਅਨੰਤ-ਬੇਅੰਤ ਕੁਦਰਤ ਦੇ ਅਨੇਕ ਵਰਤਾਰਿਆਂ ਦਾ ਅੰਨਦ ਮਾਣਨ ਦੀ ਜੁਗਤ ਦੱਸਦਾ ਹੈ। ਮਨੁੱਖ ਨੂੰ ਆਪਣੀ ਅਸਲੀ ਹੋਂਦ ਦੀ ਪਛਾਣ ਕਰਵਾਉਂਦਾ ਹੈ। ਇਸ ਪਛਾਣ ਪਿਛੋਂ ਹੀ ਮਨੁੱਖ ਨੂੰ ਕੁਦਰਤ ਨਾਲ ਇਕਸੁਰ ਰਹਿ ਕੇ ਜ਼ਿੰਦਗੀ ਜਿਉਣ ਦੀ ਜਾਚ ਆਉਂਦੀ ਹੈ। ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਇਸੇ ਜੀਵਨ ਜੁਗਤ ਦਾ ਤੱਤਸਾਰ ਹੈ। ਦੁਨੀਆਂ ਭਰ ਦੇ ਮਨੁੱਖ ਨੂੰ ਆਪਣਾ ਇਕਲਾਪਾ ਦੂਰ ਕਰਨ ਲਈ ਅੱਜ ਇਸੇ ਜੀਵਨ ਜੁਗਤ ਦੀ ਲੋੜ ਹੈ।
ਇਹੀ ਗੱਲ ਮੋਟਾਪੇ ਬਾਰੇ ਹੈ। ਗੁਰਮਤਿ ਨੇ ਹਮੇਸ਼ਾ-ਹਮੇਸ਼ਾ ਲਈ ਖਾਣ-ਪੀਣ ਦਾ ਫੈਸਲਾ ਕਰ ਦਿਤਾ ਹੈ। ਗੁਰਮਤਿ ਤੋਂ ਪਹਿਲਾਂ ਬ੍ਰਾਹਮਣਵਾਦ ਨੇ ਖਾਣ-ਪੀਣ ਬਾਰੇ ਅਨੇਕ ਭਰਮ ਫੈਲਾ ਰੱਖੇ ਸਨ। ਆਹ ਖਾਣਾ ਹੈ, ਅਹੁ ਨਹੀਂ ਖਾਣਾ। ਅਗਿਆਨੀ ਲੋਕ ਅਜੇ ਵੀ ਇਨ੍ਹਾਂ ਭਰਮਾਂ ਨੂੰ ਆਪਣੇ ਦਿਮਾਗਾਂ ਵਿਚ ਚੁਕੀ ਫਿਰਦੇ ਹਨ। ਬੇਸ਼ਕ ਗੁਰਮਤਿ ਦਾ ਬੜਾ ਸਪਸ਼ਟ ਨਿਰਣਾ ਹੈ,
ਖਾਣਾ ਪੀਣਾ ਪਵਿਤ੍ਰ ਹੈ
ਦਿਤੋਨੁ ਰਿਜਕੁ ਸੰਬਾਹਿ॥ (ਪੰਨਾ 472)
ਭਾਵ ਜੋ ਕੁਝ ਕੁਦਰਤ ਨੇ ਸਾਨੂੰ ਖਾਣ ਪੀਣ ਲਈ ਦਿਤਾ ਹੈ, ਉਹ ਸਾਰਾ ਕੁਝ ਖਾਣਾ ਪੀਣਾ ਜਾਇਜ਼ ਹੈ; ਪਰ ਇਸ ਲਈ ਇਕ ਜਰੂਰੀ ਸ਼ਰਤ ਹੈ,
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ॥ (ਪੰਨਾ 16)
ਜਿਸ ਦੇ ਖਾਣ-ਪੀਣ ਨਾਲ ਸਰੀਰ ਵਿਚ ਪੀੜ ਅਤੇ ਮਨ ਵਿਚ ਵਿਕਾਰ ਪੈਦਾ ਹੁੰਦੇ ਹੋਣ, ਉਹ ਖਾਣਾ-ਪੀਣਾ ਵਰਜਿਤ ਹੈ। ਅੱਜ ਤਕ ਕਿਸੇ ਮੈਡੀਕਲ ਸਾਇੰਸ ਨੇ ਖਾਣ-ਪੀਣ ਦਾ ਸਬੰਧ ਏਨੇ ਸਪਸ਼ਟ ਰੂਪ ਵਿਚ ਇਕੋ ਵੇਲੇ ਮਨ ਅਤੇ ਤਨ ਨਾਲ ਨਹੀਂ ਜੋੜਿਆ। ਖਾਣ-ਪੀਣ ਦਾ ਇਹ ਗੁਰ ਸਮੁੱਚੀ ਮੈਡੀਕਲ ਸਾਇੰਸ ਦਾ ਤਤ-ਨਿਚੋੜ ਹੈ।
ਫਿਟੁ ਇਵੇਹਾ ਜੀਵਿਆ
ਜਿਤੁ ਖਾਇ ਵਧਾਇਆ ਪੇਟੁ॥ (ਪੰਨਾ 790)

ਬਹੁ ਸਾਦਹੁ ਦੂਖੁ ਪਰਾਪਤਿ ਹੋਵੈ॥ (ਪੰਨਾ 1034)

ਅਧਿਕ ਸੁਆਦ ਰੋਗ ਅਧਿਕਾਈ॥ (ਪੰਨਾ 1255)
ਹੁਣ ਜੇ ਕਿਸੇ ਮਨੁੱਖ ਦੀ ਸੋਚ ਅਤੇ ਉਸ ਦੇ ਮਨ ਦੀ ਬੁਣਤਰ ਗੁਰਮਤਿ ਦੇ ਇਸ ਆਤਮਿਕ ਗਿਆਨ ਨੇ ਘੜੀ ਹੋਵੇ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਮਨੁੱਖ ਨਿਰੇ ਸੁਆਦਾਂ ਲਈ ਖਾ-ਖਾ ਕੇ ਆਪਣਾ ਢਿਡ ਵਧਾ ਲਵੇ!
ਕਿਸੇ ਮਨੁੱਖ ਦੀ ਸੋਚ ਅਤੇ ਉਸ ਦੇ ਸਰੀਰੀ ਮਨ ਦੀ ਅਜਿਹੀ ਘਾੜਤ ਹੀ ਦਿਨ-ਰਾਤ ਟੀ. ਵੀ. ਚੈਨਲਾਂ ਉਤੇ ਖਾਣ-ਪੀਣ ਦੇ ਕੀਤੇ ਜਾ ਰਹੇ ਖਪਤਕਾਰੀ ਕੂੜ ਪ੍ਰਚਾਰ ਦਾ ਮੁਕਾਬਲਾ ਕਰ ਸਕਦੀ ਹੈ। ਮਨੁੱਖ ਨੂੰ ਆਪਣੀ ਲੋੜ ਤੋਂ ਵਧੇਰੇ ਖਾਣ-ਪੀਣ ਤੋਂ ਵਰਜ ਸਕਦੀ ਹੈ।
ਪੱਛਮੀ ਤਰਜ ਦੀ ਵਿਦਿਆ ਨੇ ਸਾਡੀ ਸੋਚ ਅਤੇ ਸਾਡੇ ਮਨ ਦੀ ਜੋ ਬੁਣਤਰ ਘੜੀ ਹੈ, ਉਸ ਨੇ ਸਾਡੀ ਸੋਚ ਅਤੇ ਮਾਨਸਿਕਤਾ ਨੂੰ ਕੁਦਰਤੀ ਹਕੀਕਤ ਤੋਂ ਦੂਰ ਧੱਕ ਦਿਤਾ ਹੈ। ਪੱਛਮੀ ਸੋਚ ਦੇ ਚੌਖਟੇ ਵਿਚੋਂ ਬਾਹਰ ਨਿਕਲ ਕੇ ਹੀ ਅਸੀਂ ਬੁਨਿਆਦੀ ਸੱਚ ਦੀ ਥਾਹ ਪਾਉਣ ਦੇ ਯੋਗ ਹੋ ਸਕਦੇ ਹਾਂ। ਮਨੁੱਖੀ ਜ਼ਿੰਦਗੀ ਦੇ ਆਦਰਸ਼ ‘ਖਾਓ, ਪੀਓ, ਖੁਸ਼ ਰਹੋ’ ਨੂੰ ਅਜੋਕੇ ਖਪਤਕਾਰੀ ਪੱਛਮੀ ਸਭਿਆਚਾਰ ਨੇ ‘ਖਾਓ, ਪੀਓ, ਐਸ਼ ਕਰੋ’ ਦੇ ਰੂਪ ਵਿਚ ਐਸਾ ਵਿਗਾੜਿਆ ਹੈ ਕਿ ‘ਐਸ਼ ਕਰੋ’ ਨੂੰ ਹਰ ਵੇਲੇ ਭੋਗਾਂ ਵਿਚ ਰੁੱਝੇ ਰਹਿਣ ਦੀ ਲਾਲਸਾ ਤਕ ਸੀਮਤ ਕਰ ਦਿਤਾ ਗਿਆ ਹੈ। ਇਹੀ ਲਾਲਸਾ ਅੱਜ ਸਾਡੀ ਨੌਜਵਾਨ ਪੀੜ੍ਹੀ ਦੀ ਭਟਕਣ ਦਾ ਮੁਖ ਕਾਰਨ ਬਣੀ ਹੋਈ ਹੈ, ਜੋ ਉਨ੍ਹਾਂ ਨੂੰ ਜ਼ਿੰਦਗੀ ਤੋਂ ਭਗੌੜਾ, ਮੋਟਾ ਅਤੇ ਨਸ਼ੇੜੀ ਬਣਾ ਰਹੀ ਹੈ ਅਤੇ ਅਜੋਕਾ ਅਖੌਤੀ ਵਿਕਾਸ ਇਸ ਭਟਕਣ ਨੂੰ ਲਗਾਤਾਰ ਹੋਰ ਵਧਾ ਰਿਹਾ ਹੈ।
ਮਨੁੱਖੀ ਸਰੀਰ ਕੁਦਰਤ ਦੀ ਦੇਣ ਹੈ। ਇਸ ਦੀ ਇਹੋ ਹੀ ਖੂਬਸੂਰਤੀ ਹੈ ਕਿ ਮਨੁੱਖ ਇਸ ਨੂੰ ਤੰਦਰੁਸਤ ਰੱਖੇ। ਇਸ ਦੀ ਤੰਦਰੁਸਤੀ ਹੀ ਇਸ ਦੀ ਖੂਬਸੂਰਤੀ ਹੈ। ਇਸ ਨੂੰ ਹੋਰ ਖੂਬਸੂਰਤ ਬਣਾਉਣ ਦੇ ਬਾਕੀ ਸਾਰੇ ਨਕਲੀ ਢੰਗ ਅਤੇ ਸਾਧਨ ਫਜ਼ੂਲ ਹਨ। ਇਹ ਤੰਦਰੁਸਤੀ ਤਨ ਅਤੇ ਮਨ ਦੇ ਸਹਿਜ ਰਿਸ਼ਤੇ ਨਾਲ ਹੀ ਕਾਇਮ ਰੱਖੀ ਜਾ ਸਕਦੀ ਹੈ। ਇਨ੍ਹਾਂ ਦੋਹਾਂ ਦੀ ਸੰਤੁਲਿਤ ਹੋਂਦ ਹੀ ਮਨੁੱਖੀ ਤੰਦਰੁਸਤੀ ਦੀ ਗਾਰੰਟੀ ਹੈ।
ਜਦੋਂ ਕਿ ਮੌਜੂਦਾ ਤਰਜ ਦੀ ਵਿਦਿਆ ਬੱਚੇ ਨੂੰ ਏਨਾ ਕੁ ਆਮ ਸੱਚ ਵੀ ਦਸਣ ਤੋਂ ਇਨਕਾਰੀ ਹੈ, ਸਗੋਂ ਇਸ ਦੇ ਐਨ ਉਲਟ ਉਹ ਬੱਚਿਆਂ ਨੂੰ ਅਤਿ ਦੀਆਂ ਭੋਗੀ ਬਿਰਤੀਆਂ ਦਾ ਸ਼ਿਕਾਰ ਬਣਾ ਕੇ ਉਨ੍ਹਾਂ ਦੀ ਮਾਨਸਿਕ ਭਟਕਣ ਨੂੰ ਹੋਰ ਵਧਾ ਰਹੀ ਹੈ। ਅਜੋਕੀ ਵਿਦਿਆ ਸਾਡੇ ਬੱਚਿਆਂ ਨੂੰ ਗਿਆਨੀ ਬਣਾਉਣ ਦੀ ਥਾਂ ਅਗਿਆਨੀ ਬਣਾ ਰਹੀ ਹੈ। ਇਸ ਵਿਦਿਅਕ ਪ੍ਰਬੰਧ ਦੇ ਘਾੜੇ ਪੂੰਜੀਵਾਦੀ ਆਰਥਕ ਰਿਸ਼ਤਿਆਂ ਲਈ ਮਨੁੱਖ ਦੀ ਇਕ ਖਾਣ-ਪੀਣ-ਹਗਣ ਅਤੇ ਸਾਮਰਾਜੀ ਪੈਦਾਵਾਰੀ ਮਸ਼ੀਨ ਦਾ ਇਕ ਪੁਰਜਾ ਮਾਤਰ ਬਣੇ ਰਹਿਣ ਤੋਂ ਵੱਧ ਹੋਰ ਕੋਈ ਹੈਸੀਅਤ ਨਹੀਂ।
ਜ਼ਿੰਦਗੀ ਦਾ ਸੱਚ ਹੋਰ ਕੁਝ ਵੀ ਨਹੀਂ, ਸਿਰਫ ਕੁਦਰਤੀ ਸੱਚ ਭਾਵ ਹੁਕਮ (ਕੁਦਰਤੀ ਨੇਮਾਂ) ਦਾ ਹੋਇਆ ਗਿਆਨ ਅਤੇ ਇਤਿਹਾਸ ਵਿਚ ਪ੍ਰਗਟ ਹੋਏ ਕੁਦਰਤੀ ਸੱਚ ਨਾਲ ਘੜੇ ਸਮਾਜੀ ਰਿਸ਼ਤਿਆਂ ਦੀ ਜਾਣਕਾਰੀ ਹੈ। ਇਹ ਜਾਣਕਾਰੀ ਦੇਣਾ ਹੀ ਵਿਦਿਆ ਦਾ ਕੰਮ ਹੈ। ਇਨ੍ਹਾਂ ਕੁਦਰਤੀ ਨੇਮਾਂ ਅਤੇ ਸਮਾਜੀ ਰਿਸ਼ਤਿਆਂ ਨੂੰ ਜਾਣਨਾ ਅਤੇ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਅੰਗ ਬਣਾਉਣ ਦੀ ਜੁਗਤ ਹੀ ਵਿਗਿਆਨਕ ਜੀਵਨ ਜਾਚ ਦਾ ਆਧਾਰ ਹੈ। ਅਸਲੀ ਵਿਦਿਆ ਦਾ ਇਹੀ ਮੰਤਵ ਹੈ, ਪਰ ਅਜੋਕੀ ਵਿਦਿਆ ਵਿਚੋਂ ਇਹ ਮੰਤਵ ਗਾਇਬ ਹੈ। ਵਿਦਿਆ ਦੇ ਇਸੇ ਮੰਤਵ ਨੇ ਸਾਨੂੰ ਆਪਣੇ ਨਿਜ ਨੂੰ ਸਮੂਹ (ਸਮਾਜ) ਦੇ ਅਧੀਨ ਰੱਖ ਕੇ ਜਿਉਣ ਦੀ ਜਾਚ ਦਸਣੀ ਹੈ। ਇਸ ਮੰਤਵ ਤੋਂ ਵਿਹੂਣੀ ਅਜੋਕੀ ਵਿਦਿਆ ਪਰਉਪਕਾਰੀ ਨਾ ਹੋ ਕੇ ਖੁਦਗਰਜੀ ਦੀ ਟਕਸਾਲ ਬਣੀ ਹੋਈ ਹੈ।
ਪੰਜਾਬ ਵਿਚ ਬੇਰੁਜਗਾਰੀ, ਨਸ਼ੇੜੀਪੁਣੇ ਅਤੇ ਪਰਵਾਸ ਦਾ ਮੁਖ ਕਾਰਨ ਸਾਡਾ ਅਜੋਕਾ ਵਿਦਿਅਕ ਪ੍ਰਬੰਧ ਹੈ। ਇਹ ਵਿਦਿਅਕ ਪ੍ਰਬੰਧ ਵਿਦਿਆਰਥੀਆਂ ਦੇ ਅਚੇਤ ਮਨਾਂ ਨੂੰ ਭਟਕਾ ਕੇ ਉਨ੍ਹਾਂ ਨੂੰ ਹੱਥੀਂ ਕਿਰਤ ਨਾਲੋਂ ਤੋੜਦਾ ਹੈ ਅਤੇ ਖਪਤਕਾਰੀ ਸਭਿਆਚਾਰ ਦਾ ਸ਼ਿਕਾਰ ਬਣਾਉਂਦਾ ਹੈ। ਆਪਣੇ ਜਜ਼ਬਿਆਂ ਨੂੰ ਸਵੈ-ਜਬਤ ਵਿਚ ਰਖ ਕੇ ਕਿਵੇਂ ਜਿਉਣਾ ਹੈ, ਬੱਚਿਆਂ ਨੂੰ ਇਹ ਸਿਖਾਉਣ ਦੀ ਥਾਂ ਉਨ੍ਹਾਂ ਦੇ ਜਜ਼ਬਿਆਂ ਨੂੰ ਬੇਲਗਾਮ ਕਰਦਾ ਹੈ। ਬੱਚਿਆਂ ਨੂੰ ਘੋਰ ਸੁਆਰਥੀ ਅਤੇ ਲਾਲਚੀ ਬਣਾਉਂਦਾ ਹੈ। ਇਸੇ ਵਿਦਿਆ ਦੇ ਡੰਗੇ ਸਾਡੇ ਨੌਜਵਾਨ ਘੋਰ ਖੁਦਗਰਜ ਅਤੇ ਕਮੀਨੇ ਬਣਦੇ ਜਾ ਰਹੇ ਹਨ। ਇਸੇ ਵਰਤਾਰੇ ਕਰਕੇ ਅੱਜ ਪਰਿਵਾਰਕ ਅਤੇ ਸਮਾਜੀ ਰਿਸ਼ਤੇ ਟੁਟ ਰਹੇ ਹਨ।
ਇਹ ਵਿਦਿਅਕ ਪ੍ਰਬੰਧ ਬੱਚਿਆਂ ਨੂੰ ਆਪਣੇ ਬਜੁਰਗਾਂ ਦੀ ਅਨੁਭਵੀ ਸਿਆਣਪ ਤੋਂ ਤੋੜਦਾ ਹੈ। ਮੂਰਤੀ ਅਤੇ ਪੈਸਾ ਪੂਜ ਆਰਥਕ ਰਿਸ਼ਤੇ ਪਹਿਲੀ ਤੇ ਹਰ ਅਗਲੀ ਪੀੜ੍ਹੀ ਵਿਚਾਲੇ ਇਕ ਸਥਾਈ ਪਾੜਾ ਪੈਦਾ ਕਰ ਰਹੇ ਹਨ। ਹਰ ਪੀੜ੍ਹੀ ਨੂੰ ਇਹ ਗੁੜ੍ਹਤੀ ਦਿਤੀ ਜਾ ਰਹੀ ਹੈ ਕਿ ਉਹ ਆਪਣੀਆਂ ਪਹਿਲੀਆਂ ਪੀੜ੍ਹੀਆਂ ਦੇ ਗਿਆਨ ਨੂੰ ਨਫਰਤ ਕਰੇ ਅਤੇ ਇਸ ਤਰ੍ਹਾਂ ਆਪਣੀ ਇਤਿਹਾਸਕ ਚੇਤਨਾ ਤੋਂ ਟੁਟ ਕੇ ਖਪਤਕਾਰੀ ਮਨੋਰੋਗ ਦਾ ਸ਼ਿਕਾਰ ਹੋ ਜਾਏ ਅਤੇ ਪੂੰਜੀਵਾਦੀ ਮੁਨਾਫੇਖੋਰ ਪੈਦਾਵਾਰੀ ਮਸ਼ੀਨ ਦਾ ਮਹਿਜ ਇਕ ਪੁਰਜਾ ਬਣਿਆ ਰਹੇ।
ਇਹ ਵਿਦਿਅਕ ਪ੍ਰਬੰਧ ਹੱਥੀਂ ਕਿਰਤ ਪ੍ਰਤੀ ਨਫਰਤ ਪੈਦਾ ਕਰਦਾ ਹੈ। ਇਹ ਵਿਦਿਆ ਸਰਬ-ਸਾਂਝੀਵਾਲਤਾ ਅਤੇ ਸਰਬਤ ਦੇ ਭਲੇ ਦੇ ਪੈਰੋਕਾਰ ਮਨੁੱਖ ਨਹੀਂ, ਸਗੋਂ ਹੱਥੀਂ ਕਿਰਤ ਤੋਂ ਟੁਟੀਆਂ ਪੈਸਾ ਕਮਾਉਣ ਵਾਲੀਆਂ ਮਸ਼ੀਨਾਂ ਪੈਦਾ ਕਰ ਰਹੀ ਹੈ, ਜੋ ਵਧ ਤੋਂ ਵਧ ਪੈਸੇ ਕਮਾਉਣ ਵਾਲੀਆਂ ਚਿੱਟ ਕੱਪੜੀਆ ਨੌਕਰੀਆਂ ਭਾਲਦੀਆਂ ਹਨ। ਮੁਨਾਫਾ-ਮੁਕਾਬਲਾ ਅਤੇ ਅਨਾਰਕੀ ਭਾਵ ਖੋਹ-ਖਿੰਝ ਆਧਾਰਿਤ ਇਸ ਅੰਨੇ-ਬੋਲੇ ਮਾਇਆਧਾਰੀ ਸਮਾਜ ਵਿਚ ਸਭ ਨੂੰ ਮਨ ਚਾਹੇ ਰੁਜ਼ਗਾਰ ਮਿਲਣੇ ਅਸੰਭਵ ਹਨ। ਜਦੋਂ ਨਹੀਂ ਮਿਲਦੇ ਤਾਂ ਇਹ ਮਸ਼ੀਨਾਂ ਆਪਣੇ-ਆਪ ਨੂੰ ਬੇਕਾਰ ਸਮਝਦੀਆਂ ਹਨ ਤੇ ਘੋਰ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਪ੍ਰੇਸ਼ਾਨ ਹੋ ਕੇ ਨਸ਼ੇੜੀ ਬਣਦੀਆਂ ਹਨ ਜਾਂ ਮਾਪਿਆਂ ਦੀ ਸੰਘੀ ਵਿਚ ਅੰਗੂਠਾ ਦੇ ਕੇ ਜਿਵੇਂ-ਕਿਵੇਂ ਪਰਦੇਸ ਵਲ ਕੂਚ ਕਰਦੀਆਂ ਹਨ।
ਗੁਰਮਤਿ ਦਾ ਆਤਮਿਕ ਗਿਆਨ ਹੀ ਇਹ ਦੱਸਦਾ ਹੈ ਕਿ ਇਹ ਦ੍ਰਿਸ਼ਟ-ਅਦ੍ਰਿਸ਼ਟ ਸਾਰਾ ਬ੍ਰਹਿਮੰਡੀ ਪਸਾਰਾ ਕਿਸੇ ਨੇਮ (ਹੁਕਮੁ) ਵਿਚ ਬੱਝਾ ਹੋਇਆ ਹੈ। ਇਸ ਨੇਮ ਤੋਂ ਕੋਈ ਵੀ ਬਾਹਰ ਨਹੀਂ। ਮਨੁੱਖ ਵੀ ਨਹੀਂ, “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥”
ਮਨੁੱਖ ਕੋਲ ਬਾਕੀ ਸਾਰੇ ਜੀਵਾਂ ਨਾਲੋਂ ਇਕ ਵਾਧੂ ਗੁਣ ਹੈ ਕਿ ਉਹ ਕੁਦਰਤ ਦੇ ਨੇਮਾਂ ਨੂੰ ਜਾਣਨ ਅਤੇ ਆਪਣੇ ਵਿਹਾਰ ਨੂੰ ਇਨ੍ਹਾਂ ਨੇਮਾਂ ਦੇ ਅਨੁਸਾਰ ਢਾਲਣ ਦੇ ਯੋਗ ਹੈ। ਗੁਰਮਤਿ ਸਾਨੂੰ ਕੁਦਰਤੀ ਨੇਮਾਂ (ਹੁਕਮੁ) ਨੂੰ ਜਾਣਨ ਅਤੇ ਇਨ੍ਹਾਂ ਨੇਮਾਂ ਨੂੰ ਆਪਣੀ ਸੋਚ ਦਾ ਧੁਰਾ ਬਣਾ ਕੇ ਆਪਣੇ ਮਨ ਨੂੰ ਸਵੈ-ਜਬਤ ਵਿਚ ਰੱਖਣ ਦੀ ਜੁਗਤ ਦਸਦੀ ਹੈ। ਇਹ ਸੱਚਾਈ ਜਾਣਨ ਪਿਛੋਂ ਹੀ ਮਨੁੱਖ ਨੂੰ ਆਪਣੀ ਅਸਲੀ ਨਾਸਵੰਤ ਹੋਂਦ ਦਾ ਅਹਿਸਾਸ ਹੁੰਦਾ ਹੈ ਤੇ ਉਸ ਨੂੰ ਪਤਾ ਲਗਦਾ ਹੈ ਕਿ ਮੇਰੀ ਹੋਂਦ ਥੋੜ੍ਹਚਿਰੀ ਹੈ। ਮੈਂ ਆਪਣੀ ਇਸ ਜ਼ਿੰਦਗੀ ਦੌਰਾਨ ਕੁਦਰਤੀ ਨੇਮਾਂ ਵਿਚ ਰਹਿ ਕੇ, ਆਪਣੀਆਂ ਸੀਮਤ ਮਨੁੱਖੀ ਲੋੜਾਂ ਦੀ ਸੁਚੇਤ ਪਛਾਣ ਕਰਕੇ ਅਤੇ ਕੁਦਰਤ ਤੇ ਬਾਕੀ ਮਨੁੱਖੀ ਸਮਾਜ ਨਾਲ ਸਾਂਝ ਪਾ ਕੇ ਹੀ ਸੁਖੀ ਭਾਵ ਸਹਿਜ ਅਨੁਭਵ ਕਰ ਸਕਦਾ ਹਾਂ। ਉਦੋਂ ਹੀ ਉਸ ਨੂੰ ਪਤਾ ਲਗਦਾ ਹੈ ਕਿ ਉਸ ਦੀ ਹਉਮੈ ਨਾਲ ਬਣੀ ਪਛਾਣ ਝੂਠੀ ਹੈ, “ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥”
ਇਹੀ ਮਨ ਦੀ ਮੁਕਤੀ ਹੈ। ਇਹੀ ਮਨੁੱਖੀ ਮੁਕਤੀ ਹੈ। ਭਾਵ ਚੇਤੰਨ ਸਰੀਰੀ ਆਤਮ (ਸਦਜਾਗਤ ਸਰੀਰੀ ਮਨ) ਦਾ ਮੂਲ ਹੋਂਦ ਵਿਚ ਆਉਣਾ,
ਗਿਆਨੀ ਹੋਇ ਜੋ ਚੇਤੰਨੁ ਹੋਇ
ਅਗਿਆਨੀ ਅੰਧੁ ਕਮਾਇ॥ (ਪੰਨਾ 556)
ਇਸ ਅਵਸਥਾ ਪਿਛੋਂ ਹੀ ਮਨੁੱਖ ਨੂੰ ਆਪਣੀ ਕਾਇਆ, ਮਨ ਅਤੇ ਬੁੱਧੀ ਦੇ ਆਪਸੀ ਅਨੁਭਵੀ ਰਿਸ਼ਤੇ ਦੀ ਸਮਝ ਆਉਂਦੀ ਹੈ। ਫਿਰ ਉਸ ਨੂੰ ਸਮਝ ਆਉਂਦੀ ਹੈ, “ਜੋ ਬ੍ਰਹਮੰਡੈ ਸੋਈ ਪਿੰਡੈ ਜੋ ਖੋਜੈ ਸੋ ਪਾਵੈ॥”
ਇਸ ਸਮਝ ਪਿਛੋਂ ਹੀ ‘ਹੁਕਮਿ ਰਜਾਈ ਚਲਣਾ’ ਤੇ ‘ਮਨਿ ਜੀਤੈ ਜਗੁ ਜੀਤੁ’ ਮਨੁੱਖੀ ਸੋਚ ਦੀ ਪਕੜ ਵਿਚ ਆਉਂਦੇ ਹਨ ਅਤੇ ਇਨ੍ਹਾਂ ਨੂੰ ਆਪਣੇ ਆਮ ਵਿਹਾਰ ਵਿਚ ਢਾਲਣ ਦੀ ਜਾਚ ਆਉਂਦੀ ਹੈ। ਗੁਰਮਤਿ ਅਨੁਸਾਰ ਇਹੀ ਮਨੁੱਖੀ ਜੀਵਨ ਜੁਗਤ ਹੈ, ਜਿਉਣ ਦੀ ਕਲਾ ਦਾ ਅਰੰਭ ਤੇ ਅਸਲੀ ਮਨੁੱਖੀ ਜ਼ਿੰਦਗੀ ਦੀ ਸ਼ੁਰੂਆਤ।
ਇਸ ਸਮੁੱਚੇ ਪ੍ਰਸੰਗ ਵਿਚ ਹੁਣ ਜਦੋਂ ਅਸੀਂ ਪੰਜਾਬ ਦੇ ਹੋ ਰਹੇ ਆਰਥਕ ਵਿਕਾਸ ਅਤੇ ਖਾਸ ਕਰਕੇ ਹਰੇ ਇਨਕਲਾਬ ਉਤੇ ਪਿੱਛਲਝਾਤ ਮਾਰਦੇ ਹਾਂ ਤਾਂ ਇਹ ਸਾਰਾ ਸਾਮਰਾਜੀ ਵਰਤਾਰਾ ਸਾਡੀਆਂ ਅੱਖਾਂ ਸਾਹਮਣੇ ਸਪਸ਼ਟ ਹੋ ਜਾਂਦਾ ਹੈ। ਸਾਨੂੰ ਪਤਾ ਲਗਦਾ ਹੈ ਕਿ ਕਿਵੇਂ ਪੱਛਮੀ ਸਾਮਰਾਜੀ ਸਭਿਅਤਾ ਤੋਂ ਪ੍ਰਭਾਵਿਤ ਕਾਂਗਰਸੀ ਆਗੂਆਂ ਤੇ ਅਫਸਰਸ਼ਾਹੀ ਨੇ ਮਿਲ ਕੇ ਪੰਜਾਬ ਅੰਦਰ ਹਰੇ ਇਨਕਲਾਬ ਦਾ ਮੁਢ ਬੰਨ੍ਹਿਆ ਸੀ। ਉਦੋਂ ਇਹ ਲਾਣਾ ਇਸ ਪੱਖੋਂ ਉਕਾ ਹੀ ਅਣਜਾਣ ਸੀ ਕਿ ਹਰੇ ਇਨਕਲਾਬ ਦੇ ਨਿਕਲੇ ਸਿੱਟੇ ਨਾ ਸਿਰਫ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਜ਼ਹਿਰੀ ਬਣਾ ਦੇਣਗੇ, ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਰਬਾਦ ਕਰਕੇ ਪੰਜਾਬ ਨੂੰ ਮਾਰੂਥਲ ਬਣਨ ਵਲ ਤੋਰਨਗੇ ਅਤੇ ਪੰਜਾਬ ਦੇ ਸਮੁੱਚੇ ਚੌਗਿਰਦੇ ਨੂੰ ਪਲੀਤ ਕਰ ਦੇਣਗੇ, ਸਗੋਂ ਉਹ ਇਸ ਗੱਲੋਂ ਵੀ ਅਣਜਾਣ ਸਨ ਕਿ ਹਰੇ ਇਨਕਲਾਬ ਦੇ ਸਿਟੇ ਪੰਜਾਬ ‘ਚ ਕੈਂਸਰ, ਸ਼ੂਗਰ, ਕਾਲੇ-ਚਿਟੇ ਪੀਲੀਏ, ਦਿਲ ਦੇ ਰੋਗ, ਵੱਡੀ ਪੱਧਰ ‘ਤੇ ਗੁਰਦਿਆਂ ਦੇ ਫੇਲ੍ਹ ਹੋਣ ਦੇ ਨਾਲ-ਨਾਲ ਅਨੇਕ ਹੋਰ ਭਿਆਨਕ ਬਿਮਾਰੀਆਂ ਦੇ ਜਨਕ ਵੀ ਹੋਣਗੇ।
ਉਹ ਇਸ ਗੱਲੋਂ ਵੀ ਅਸਲੋਂ ਹੀ ਅਣਜਾਣ ਸਨ ਕਿ ਇਸ ਹਰੇ ਇਨਕਲਾਬ ਦੇ ਨਿਕਲੇ ਰਾਜਸੀ ਤੇ ਸਮਾਜੀ ਸਿੱਟੇ ਨਾ ਸਿਰਫ ਪੰਜਾਬ ਦੇ ਸਮਾਜੀ ਅਤੇ ਰਾਜਸੀ ਮਾਹੌਲ ਨੂੰ ਵਹਿਸ਼ੀ ਭਾਵ ਮਨੁੱਖੀ ਤੇ ਸਮਾਜੀ ਰਿਸ਼ਤਿਆਂ ਪੱਖੋਂ ਕੋਰਾ ਬਣਾ ਦੇਣਗੇ, ਸਗੋਂ ਸਾਮਰਾਜੀ ਠੱਗਾਂ ਦਾ ਇਕ ਅਜਿਹਾ ਮੱਕੜਜਾਲ ਪੰਜਾਬ ਦੇ ਲੋਕਾਂ ਦੇ ਸਿਰ ਮੜ੍ਹ ਦੇਣਗੇ, ਜੋ ਨਾ ਉਨ੍ਹਾਂ ਨੂੰ ਚੱਜ ਨਾਲ ਜਿਉਣ ਦੇਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਅਣਖ ਨਾਲ ਮਰਨ ਦੇਵੇਗਾ।
ਇਹ ਤਾਂ ਕਦੇ ਉਨ੍ਹਾਂ ਦੇ ਚਿਤ-ਚੇਤੇ ਵਿਚ ਵੀ ਨਹੀਂ ਹੋਵੇਗਾ ਕਿ ਇਸ ਹਰੇ ਇਨਕਲਾਬ ਦੇ ਮਾਰੂ ਪ੍ਰਭਾਵ ਪੰਜਾਬ ਦੇ ਲੋਕਾਂ ਨੂੰ ਆਤਮਿਕ ਅਤੇ ਬੌਧਿਕ ਤੌਰ ‘ਤੇ ਇਸ ਹੱਦ ਤਕ ਕੰਗਾਲ ਕਰ ਦੇਣਗੇ ਕਿ ਉਨ੍ਹਾਂ ਦੇ ਪੁੱਤ-ਪੋਤਰੇ ਉਨ੍ਹਾਂ ਦੀਆਂ ਅੱਖਾਂ ਦੇ ਐਨ ਸਾਹਮਣੇ ਹੀ ਇਨ੍ਹਾਂ ਸਾਮਰਾਜੀ ਠੱਗਾਂ ਵਲੋਂ ਪੰਜਾਬ ‘ਚ ਫੈਲਾਏ ਗਏ ਮਾਰੂ ਨਸ਼ਿਆਂ ਦੇ ਜਾਲ ਵਿਚ ਛਟਪਟਾਉਂਦੇ ਮਰ ਜਾਇਆ ਕਰਨਗੇ ਅਤੇ ਬਾਕੀ ਦੇ ਬਚੇ ਪੁੱਤ-ਪੋਤਰੇ ਕੁਝ ਕੁ ਭਰਮਾਊ ਸੁਖ-ਸਹੂਲਤਾਂ ਦੀ ਭਾਲ ਵਿਚ ਅਣਕਿਆਸੇ ਕਸ਼ਟ ਸਹਾਰਦੇ ਪਰਦੇਸਾਂ ਨੂੰ ਪਰਵਾਸ ਕਰ ਜਾਣਗੇ।
ਪੰਜਾਬ ਦੇ ਹਰੇ ਇਨਕਲਾਬ ਵਾਂਗ ਹੀ ਦੁਨੀਆਂ ਭਰ ਵਿਚ ਹੋ ਰਹੇ ਇਸ ਅੰਧਾਧੁੰਦ ਸਾਮਰਾਜੀ ਵਿਕਾਸ ਦੇ ਇਹੀ ਨਕਾਰੀ ਸਿੱਟੇ ਨਿਕਲੇ ਹਨ। ਇਸ ਤਰਜ ਦੇ ਹੋ ਰਹੇ ਸਾਮਰਾਜੀ ਵਿਕਾਸ ਨੇ ਹੀ ਅੱਜ ਦੁਨੀਆਂ ਭਰ ਵਿਚ ਉਥਲ-ਪੁਥਲ ਮਚਾਈ ਹੋਈ ਹੈ। ਦੁਨੀਆਂ ਭਰ ਵਿਚ ਵਾਤਾਵਰਣ ਦੀ ਤਬਾਹੀ ਨਾਲ ਮਨੁੱਖ ਜਾਤੀ ਦੀ ਹੋਂਦ ਨੂੰ ਪੈਦਾ ਹੋਇਆ ਖਤਰਾ ਤੇ ਸੰਸਾਰ ਭਰ ਵਿਚ ਫੈਲਿਆ ਪੂੰਜੀਵਾਦੀ ਆਰਥਕ ਸੰਕਟ ਇਸੇ ਤਰਜ ਦੇ ਸਾਮਰਾਜੀ ਵਿਕਾਸ ਦੀ ਦੇਣ ਹੈ। ਇਸ ਅਖੌਤੀ ਸਾਮਰਾਜੀ ਵਿਕਾਸ ਨੂੰ ਠੱਲ੍ਹ ਪਾਉਣੀ ਅੱਜ ਸਮੁੱਚੀ ਮਨੁੱਖ ਜਾਤੀ ਦੀ ਮੁਢਲੀ ਲੋੜ ਹੈ।
ਇਸ ਤੋਂ ਬਿਨਾ ਵੱਡੀ ਪੱਧਰ ‘ਤੇ ਹੋ ਰਹੀ ਵਾਤਾਵਰਣ ਦੀ ਤਬਾਹੀ ਨੂੰ ਕਿਵੇਂ ਵੀ ਰੋਕਿਆ ਨਹੀਂ ਜਾ ਸਕਦਾ ਅਤੇ ਨਾ ਹੀ ਸਹਿਜ ਸੰਤੁਲਤ ਮਨੁੱਖੀ ਜ਼ਿੰਦਗੀ ਜਿਉਣ ਦਾ ਕੋਈ ਬਾਨਣੂ ਬੰਨਿਆ ਜਾ ਸਕਦਾ ਹੈ। ਸਹਿਜ ਸੰਤੁਲਿਤ ਮਨੁੱਖੀ ਜ਼ਿੰਦਗੀ ਜਿਉਣ ਲਈ ਹੀ ਅੱਜ ਗੁਰਮਤਿ ਦੇ ਆਤਮਿਕ ਗਿਆਨ ਦੀ ਲੋੜ ਹੈ।