ਮੁਹੰਮਦ ਅੱਬਾਸ ਧਾਲੀਵਾਲ
ਫੋਨ: 91-98552-59650
ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਅਤੇ ਐਨ. ਆਰ. ਸੀ. ਨੂੰ ਲੈ ਕੇ ਪੂਰੇ ਭਾਰਤ ਵਿਚ ਜੋ ਵਬਾਲ ਮੱਚਿਆ ਹੈ, ਉਸ ਨੇ 90ਵਿਆਂ ਦੇ ਦਹਾਕੇ ਵਿਚ ਹੋਏ ਮੰਡਲ ਕਮੰਡਲ ਪ੍ਰਦਰਸ਼ਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਕਤ ਰੋਸ ਪ੍ਰਦਰਸ਼ਨ ਅੱਜ ਦੇਸ਼ ਦੇ ਉਤਰ-ਦੱਖਣ ਅਤੇ ਪੂਰਬ-ਪੱਛਮ ਸਭ ਹਿੱਸਿਆਂ ਵਿਚ ਫੈਲ ਗਿਆ ਹੈ। ਵਿਰੋਧ ਜਤਾਉਣ ਲਈ ਅੱਜ ਪੂਰਾ ਵਿਦਿਆਰਥੀ ਅਤੇ ਸੰਵਿਧਾਨ ਦਾ ਰਾਖਾ ਵਰਗ ਸੜਕਾਂ ‘ਤੇ ਆ ਗਿਆ ਹੈ।
ਪਿਛਲੇ ਦਿਨੀਂ ਦਿੱਲੀ ਪੁਲਿਸ ਫੋਰਸ ਨੇ ਜੋ ਤਸ਼ੱਦਦ ਜਾਮੀਆ ਮਿਲੀਆ ਇਸਲਾਮੀਆ ਕੈਂਪਸ ਵਿਚ ਬਿਨਾ ਇਜਾਜ਼ਤ ਘੁਸ ਕੇ ਵਿਦਿਆਰਥੀਆਂ ‘ਤੇ ਢਾਹਿਆ, ਉਸ ਦੀ ਗੂੰਜ ਅੱਜ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਸੁਣਨ ਨੂੰ ਮਿਲ ਰਹੀ ਹੈ। ਪੁਲਿਸ ਦੇ ਉਕਤ ਕਾਰੇ ਦੀ ਨਿੰਦਾ ਕਰਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਕਤ ਤਸ਼ੱਦਦ ਨੇ ਜੱਲਿਆਂਵਾਲੇ ਬਾਗ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ; ਪਰ ਸਿਤਮਜ਼ਰੀਫੀ ਇਹ ਕਿ ਜੱਲਿਆਂਵਾਲੇ ਬਾਗ ਵਿਚ ਭਾਰਤੀ ਲੋਕਾਂ ‘ਤੇ ਅੰਨੇਵਾਹ ਗੋਲੀਆਂ ਚਲਾਉਣ ਵਾਲੇ ਵਿਦੇਸ਼ੀ (ਅੰਗਰੇਜ਼) ਸਨ, ਜਦ ਕਿ ਨਿਹੱਥੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਡੇ ਆਪਣੇ ਪੁਲਿਸ ਜਵਾਨ ਸਨ।
ਇਸ ਤਸ਼ੱਦਦ ਨੇ ਜਿੱਥੇ ਸਮੁੱਚੇ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਜਾਮੀਆ ਮਿਲੀਆ ਦੇ ਵਿਦਿਆਰਥੀਆਂ ਨਾਲ ਲਿਆ ਖੜ੍ਹਾ ਕੀਤਾ, ਉਥੇ ਅਮਰੀਕਾ ਤੇ ਬਰਤਾਨੀਆ ਦੀਆਂ ਕਰੀਬ ਦੋ ਦਰਜਨ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਵੀ ਇਸ ਤਸ਼ੱਦਦ ਖਿਲਾਫ ਵਿਦਿਆਰਥੀਆਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ; ਪਰ ਦੇਸ਼ ਦੇ ਆਈ-ਕੋਨ ਸਮਝੇ ਜਾਂਦੇ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਆਮਿਰ ਖਾਨ ਅਤੇ ਸਲਮਾਨ ਖਾਨ ਆਦਿ ਕਿਸੇ ਵੀ ਵੱਡੇ ਅਦਾਕਾਰ ਨੇ ਕੋਈ ਇਕ ਬਿਆਨ ਤੱਕ ਨਹੀਂ ਦਿੱਤਾ। ਮਹਿਸੂਸ ਹੁੰਦਾ ਹੈ, ਜਿਵੇਂ ਇਹ ਸਭ ਤਮਾਸ਼ਬੀਨ ਹੋਣ। ਇਕ ਕਵੀ ਨੇ ਕਿੰਨੇ ਸੋਹਣੇ ਅੰਦਾਜ਼ ਵਿਚ ਕਿਹਾ ਹੈ,
ਐ ਮੌਜ-ਏ-ਬਲਾ ਉਨਕੋ ਭੀ ਦੋ
ਚਾਰ ਥਪੇੜੇ ਹਲਕੇ ਸੇ।
ਕੁਛ ਲੋਗ ਅਭੀ ਤੱਕ ਸਾਹਿਲ ਸੇ
ਤੂਫਾਂ ਕਾ ਨਜ਼ਾਰਾ ਕਰਤੇ ਹੈਂ।
ਰੇਣੁਕਾ ਸ਼ਹਾਨੇ, ਸ਼ਬਾਨਾ ਆਜ਼ਮੀ, ਫਰਹਾਨ ਅਖਤਰ, ਆਯੂਸ਼ਮਾਨ ਖੁਰਾਣਾ, ਪਰਣਿਤੀ ਚੋਪੜਾ, ਦੀਯਾ ਮਿਰਜ਼ਾ, ਮਨੋਜ ਵਾਜਪਾਈ, ਜਾਵੇਦ ਜਾਫਰੀ, ਤਾਪਸੀ ਪੰਨੂੰ ਆਦਿ ਅਦਾਕਾਰ ਵਿਦਿਆਰਥੀਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਰਹੇ ਹਨ।
ਦੀਯਾ ਮਿਰਜ਼ਾ ਨੇ ਆਪਣੇ ਇਕ ਟਵੀਟ ਵਿਚ ਕਿਹਾ ਹੈ, “ਆਈਡੀਆ ਆਫ ਇੰਡੀਆ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਇੱਕ ਜੁੱਟ ਹੋਣਾ ਚਾਹੀਦਾ ਹੈ।” ਫਿਲਮ ‘ਇਸ਼ਕਜ਼ਾਦੇ’ ਦੀ ਅਭਿਨੇਤਰੀ ਪਰਣਿਤੀ ਚੋਪੜਾ ਨੇ ਆਪਣੇ ਟਵੀਟ ਰਾਹੀਂ ਕਿਹਾ ਹੈ, “ਜੇ ਨਾਗਰਿਕਾਂ ਵਲੋਂ ਆਪਣੇ ਵਿਚਾਰ ਪ੍ਰਗਟਾਉਣ ‘ਤੇ ਹਰ ਵਾਰ ਇਹੋ ਹੁੰਦਾ ਰਿਹਾ ਤਾਂ ਕੈਬ (ਛAਭ) ਨੂੰ ਭੁਲਾ ਕੇ ਸਾਨੂੰ ਭਾਰਤ ਨੂੰ ਲੋਕਤੰਤਰੀ ਦੇਸ਼ ਕਹਿਣਾ ਛੱਡ ਦੇਣਾ ਚਾਹੀਦਾ ਹੈ।”
ਇਕ ਹੋਰ ਅਭਿਨੇਤਾ ਮਨੋਜ ਵਾਜਪਾਈ ਨੇ ਲਿਖਿਆ ਹੈ, “ਅਜਿਹਾ ਦੌਰ ਹੋ ਸਕਦਾ ਹੈ, ਜਦੋਂ ਨਾਇਨਸਾਫੀ ਨੂੰ ਰੋਕਣ ਲਈ ਸਾਡੇ ਕੋਲ ਸ਼ਕਤੀ ਨਾ ਹੋਵੇ, ਪਰ ਕਦੇ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਵਿਰੋਧ ਤੱਕ ਨਾ ਕਰ ਸਕੀਏ। ਮੈਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਲੋਕਤੰਤਰੀ ਹੱਕਾਂ ਦੇ ਨਾਲ ਹਾਂ।”
ਆਯੂਸ਼ਮਾਨ ਖੁਰਾਣਾ ਨੇ ਆਪਣੇ ਟਵੀਟ ‘ਚ ਕਿਹਾ ਹੈ, “ਵਿਦਿਆਰਥੀਆਂ ਨਾਲ ਜੋ ਹੋਇਆ, ਉਸ ਤੋਂ ਬੇਹੱਦ ਪ੍ਰੇਸ਼ਾਨ ਹਾਂ ਅਤੇ ਇਹ ਨਿੰਦਣਯੋਗ ਹੈ। ਸਾਨੂੰ ਸਭ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ, ਪਰ ਇਨ੍ਹਾਂ ਪ੍ਰਦਰਸ਼ਨਾਂ ਪਿਛੋਂ ਨਾ ਹੀ ਹਿੰਸਕ ਘਟਨਾਵਾਂ ਹੋਣੀਆਂ ਚਾਹੀਦੀਆਂ ਹਨ ਅਤੇ ਨਾ ਹੀ ਸਰਕਾਰੀ ਤੇ ਨਿਜੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਜਾਣਾ ਚਾਹੀਦਾ ਹੈ। ਮੇਰੇ ਦੇਸ਼ ਵਾਸੀਓ, ਇਹ ਗਾਂਧੀ ਦਾ ਦੇਸ਼ ਹੈ, ਅਹਿੰਸਾ ਹੀ ਹਥਿਆਰ ਹੋਣਾ ਚਾਹੀਦਾ ਹੈ। ਲੋਕਤੰਤਰ ਵਿਚ ਵਿਸ਼ਵਾਸ ਰੱਖਣਾ ਚਾਹੀਦਾ ਹੈ।”
ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇਕ ਟਵੀਟ ਵਿਚ ਲਿਖਿਆ ਹੈ, “ਇਹ ਸ਼ਾਂਤੀ, ਏਕਤਾ ਅਤੇ ਭਾਈਚਾਰਾ ਬਣਾਈ ਰੱਖਣ ਦਾ ਸਮਾਂ ਹੈ, ਸਭ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਅਤੇ ਝੂਠ ਤੋਂ ਦੂਰ ਰਹਿਣ।”
ਪ੍ਰਧਾਨ ਮੰਤਰੀ ਦੇ ਇਸ ਟਵੀਟ ਦੇ ਜਵਾਬ ਵਿਚ ‘ਹਮ ਆਪ ਕੇ ਹੈਂ ਕੌਨ’ ਦੀ ਅਦਾਕਾਰਾ ਰੇਣੂਕਾ ਸ਼ਹਾਨੇ ਨੇ ਕਿਹਾ, “ਸਰ, ਫੇਰ ਤੁਸੀਂ ਸਭਨਾਂ ਨੂੰ ਕਹੋ ਕਿ ਤੁਹਾਡੇ ਆਈ. ਟੀ. ਟਵਿਟਰ ਹੈਂਡਲ ਸੈਲ ਤੋਂ ਦੂਰ ਰਹਿਣ। ਉਹ ਸਭ ਵੱਧ ਅਫਵਾਹਾਂ ਤੇ ਝੂਠ ਫੈਲਾ ਰਹੇ ਹਨ ਅਤੇ ਪੂਰੀ ਤਰ੍ਹਾਂ ਭਾਈਚਾਰੇ, ਸ਼ਾਂਤੀ ਤੇ ਏਕਤਾ ਦੇ ਵਿਰੁਧ ਹਨ। ਅਸਲੀ ‘ਟੁਕੜੇ ਟੁਕੜੇ’ ਗੈਂਗ ਆਪ ਦਾ ਆਈ. ਟੀ. ਸੈਲ ਹੈ। ਕਿਰਪਾ ਕਰਕੇ ਉਨ੍ਹਾਂ ਨੂੰ ਨਫਰਤ ਫੈਲਾਉਣ ਤੋਂ ਰੋਕੋ।”
ਮਸ਼ਹੂਰ ਕਾਮੇਡੀ ਕਲਾਕਾਰ ਜਾਵੇਦ ਜਾਫਰੀ ਨੇ ਕਿਹਾ ਹੈ, “ਇਹ ਕਾਨੂੰਨ (ਸੀ. ਏ. ਏ.) ਸਾਡੇ ਸੰਵਿਧਾਨ ਦੀ ਰੂਹ ਦੇ ਖਿਲਾਫ ਹੈ…ਭਾਵੇਂ ਬਿਲ ਪਾਸ ਹੋ ਚੁਕਾ ਹੈ, ਪਰ ਲੋਕਾਂ ਦੇ ਦਿਲ ਇਸ ਵਿਚ ਨਹੀਂ ਹਨ।”
ਉਧਰ ਆਪਣੇ ਜ਼ਮਾਨੇ ਦੀ ਪ੍ਰਸਿੱਧ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਆਪਣੇ ਇਕ ਟਵੀਟ ਵਿਚ ਜਿੱਥੇ ਉਕਤ ਕਾਨੂੰਨ ਖਿਲਾਫ ਦੇਸ਼ ਦੇ ਲੋਕਾਂ ਦੇ ਸੜਕਾਂ ‘ਤੇ ਉਤਰਨ ਦਾ ਸਮਰਥਨ ਕਰਦਿਆਂ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਬੇਨਤੀ ਕੀਤੀ, ਨਾਲ ਹੀ ਆਪਣੇ ਪਤੀ ਜਾਵੇਦ ਅਖਤਰ ਦਾ ਇਹ ਸ਼ਿਅਰ ਵੀ ਪੜ੍ਹਿਆ,
ਜੋ ਮੁਝ ਕੋ ਜ਼ਿੰਦਾ ਜਲਾ ਰਹਾ ਹੈ
ਵੋਹ ਬੇਖਬਰ ਹੈ,
ਕਿ ਮੇਰੀ ਜੰਜ਼ੀਰ
ਧੀਰੇ ਧੀਰੇ ਪਿਘਲ ਰਹੀ ਹੈ।
ਮੈਂ ਕਤਲ ਹੋ ਤੋ ਗਿਆ
ਤੁਮਹਾਰੀ ਗਲੀ ਮੇਂ ਲੇਕਿਨ,
ਮੇਰੇ ਲਹੂ ਸੇ ਤੁਮਹਾਰੀ
ਦੀਵਾਰ ਗਿਰ ਰਹੀ ਹੈ।
ਬਾਲੀਵੁੱਡ ਦੇ ਇਕ ਹੋਰ ਅਭਿਨੇਤਾ ਸਾਕਿਬ ਸਲੀਮ ਨੇ ਕਿਹਾ ਹੈ, “ਅੱਜ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਮੁਸਲਮਾਨ ਹਾਂ, ਜੋ ਮੈਂ ਹੁਣ ਤੱਕ ਇਸ ਦੇਸ਼ ਵਿਚ ਰਹਿੰਦਿਆਂ ਕਦੇ ਵੀ ਨਹੀਂ ਸੀ ਕੀਤਾ।”
ਪ੍ਰਸਿੱਧ ਚੋਣ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਟਵੀਟ ਵਿਚ ਕਿਹਾ ਹੈ, “ਦਿੱਲੀ ਵਿਚ ਹੋਈ ਹਿੰਸਾ ਵਿਚ ਕਥਿਤ ਤੌਰ ‘ਤੇ ਸ਼ਾਮਲ ਲੋਕਾਂ ‘ਤੇ ਦਿੱਲੀ ਪੁਲਿਸ ਕਾਰਵਾਈ ਕਰ ਰਹੀ ਹੈ, ਇਹ ਹੋਣਾ ਵੀ ਚਾਹੀਦਾ ਹੈ, ਪਰ ਜੋ ਹਿੰਸਾ ਪੁਲਿਸ ਨੇ ਜਾਮੀਆ ਯੂਨੀਵਰਸਿਟੀ ਦੇ ਕੈਂਪਸ ‘ਚ ਵਿਦਿਆਰਥੀਆਂ ‘ਤੇ ਕੀਤੀ ਹੈ, ਉਨ੍ਹਾਂ ਵਿਰੁਧ ਕਾਰਵਾਈ ਕੌਣ ਕਰੇਗਾ?”
ਦੂਜੇ ਪਾਸੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ, “ਜਮਹੂਰੀਅਤ ਵਿਚ ਲੋਕਾਂ ਨੂੰ ਸਰਕਾਰ ਦੇ ਗਲਤ ਫੈਸਲਿਆਂ ਅਤੇ ਨੀਤੀਆਂ ਵਿਰੁਧ ਆਵਾਜ਼ ਉਠਾਉਣ ਦਾ ਹੱਕ ਹੈ। ਸਰਕਾਰ ਦਾ ਫਰਜ਼ ਹੈ ਕਿ ਉਹ ਲੋਕਾਂ ਦੀ ਆਵਾਜ਼ ਸੁਣੇ, ਪਰ ਭਾਜਪਾ ਸਰਕਾਰ ਲੋਕਾਂ ਦੀ ਆਵਾਜ਼ ਅਣਸੁਣੀ ਕਰ ਰਹੀ ਹੈ ਅਤੇ ਤਾਕਤ ਦੀ ਵਰਤੋਂ ਨਾਲ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।”
ਉਧਰ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਸਖਤ ਪ੍ਰਤੀਕ੍ਰਿਆ ਜਾਹਰ ਕਰਦਿਆਂ ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ ਅਭੈ ਐਸ਼ ਓਕਾ ਨੇ ਸਰਕਾਰ ਤੋਂ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਹੋਣ ਵਾਲੇ ਪ੍ਰਦਰਸ਼ਨਾਂ ਤੋਂ ਪਹਿਲਾਂ ਸਰਕਾਰ ਵਲੋਂ ਬੈਂਗਲੁਰੂ ਵਿਚ ਧਾਰਾ 144 ਲਾਗੂ ਕਰਨ ਦੇ ਫੈਸਲੇ ਬਾਰੇ ਪੁੱਛਿਆ ਹੈ, “ਕੀ ਤੁਸੀਂ ਹਰ ਕਿਸੇ ਦੇ ਵਿਰੋਧ ‘ਤੇ ਪਾਬੰਦੀ ਲਾਉਣ ਜਾ ਰਹੇ ਹੋ? ਤੁਸੀਂ ਇਸ ਪ੍ਰਕ੍ਰਿਆ ਦੇ ਕਾਰਨ ਭੂਤਕਾਲ ਵਿਚ ਦਿੱਤੀ ਗਈ ਸਹਿਮਤੀ ਨੂੰ ਕਿਵੇਂ ਰੱਦ ਕਰ ਸਕਦੇ ਹੋ?”
ਮਾਣਯੋਗ ਜੱਜ ਨੇ ਕਿਹਾ ਹੈ, “ਕੀ ਰਾਜ ਇਸ ਅਨੁਮਾਨ ਦੇ ਸਹਾਰੇ ਚਲਦਾ ਹੈ ਕਿ ਹਰ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਜਾਵੇਗਾ? ਕੀ ਕੋਈ ਲੇਖਕ ਜਾਂ ਕਲਾਕਾਰ, ਜੇ ਸਰਕਾਰ ਦੇ ਕਿਸੇ ਵੀ ਨਿਰਣੇ ਤੋਂ ਅਸਹਿਮਤ ਹੈ ਤਾਂ ਸ਼ਾਂਤੀਪੂਰਨ ਵਿਰੋਧ ਨਹੀਂ ਕਰ ਸਕਦਾ?”
ਜਸਟਿਸ ਪ੍ਰਦੀਪ ਸਿੰਘ ਯੂਰੂਰ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੇ ਪੁਲਿਸ ਫੈਸਲੇ ‘ਤੇ ਵੀ ਸਵਾਲ ਖੜ੍ਹੇ ਕੀਤੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਪ੍ਰਸਿੱਧ ਇਤਿਹਾਸਕਾਰ ਰਾਮਚੰਦਰ ਗੂਹਾ ਸਮੇਤ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ।
ਉਧਰ ਯੋਗਿੰਦਰ ਯਾਦਵ ਦਾ ਕਹਿਣਾ ਹੈ ਕਿ ਅੱਜ ਸਾਡੇ ਦੇਸ਼ ਨੂੰ ਐਨ. ਆਰ. ਸੀ. ਦੀ ਨਹੀਂ, ਸਗੋਂ ਯੂ. ਆਰ. ਸੀ. ਭਾਵ ਅਨ-ਇੰਪਲਾਇਮੈਂਟ ਰਜਿਸਟਰ ਸਿਟੀਜ਼ਨਸ ਦੀ ਲੋੜ ਹੈ।
ਕੁਲ ਮਿਲਾ ਕੇ ਉਕਤ ਕਾਨੂੰਨ ਨੂੰ ਲੈ ਕੇ ਦੇਸ਼ ‘ਚ ਜੋ ਧਰਨਿਆਂ, ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ, ਉਹ ਹਾਲ ਦੀ ਘੜੀ ਰੁਕਦਾ ਨਜ਼ਰ ਨਹੀਂ ਆ ਰਿਹਾ। ਸਿਆਸੀ ਮਾਹਿਰਾਂ ਦਾ ਖਿਆਲ ਹੈ ਕਿ ਇਸ ਸਮੇਂ ਦੇਸ਼ ਨੂੰ ਜਿਸ ਤਰ੍ਹਾਂ ਬੇਰੁਜ਼ਗਾਰੀ, ਗਰੀਬੀ, ਮਹਿੰਗਾਈ, ਲਗਾਤਾਰ ਡਿੱਗ ਰਹੀ ਵਿਕਾਸ ਦਰ ਅਤੇ ਔਰਤਾਂ ਵਿਚ ਵਧ ਰਹੀ ਅਸੁਰੱਖਿਆ ਜਿਹੀਆਂ ਸਮੱਸਿਆਵਾਂ ਵਿਚੋਂ ਲੰਘਣਾ ਪੈ ਰਿਹਾ ਹੈ, ਅਜਿਹੇ ਹਾਲਾਤ ਵਿਚ ਇਹੋ ਜਿਹਾ ਬੇਲੋੜਾ ਕਾਨੂੰਨ ਪਾਸ ਕਰਾਉਣਾ ਯਕੀਨਨ ਸਰਕਾਰ ਦੀ ਨੀਅਤ ‘ਤੇ ਕਈ ਸਵਾਲ ਖੜ੍ਹੇ ਕਰਦਾ ਹੈ। ਅੱਜ ਦੇਸ਼ ਨੂੰ ਤੋੜਨ ਵਾਲੇ ਕਾਨੂੰਨਾਂ ਦੀ ਨਹੀਂ, ਸਗੋਂ ਜੋੜਨ ਵਾਲੇ ਕਾਨੂੰਨ ਦੀ ਲੋੜ ਹੈ। ਦੂਜੇ ਮੁਲਕਾਂ ਦੇ ਲੋਕਾਂ ਨੂੰ ਨਾਗਰਿਕਤਾ ਜੀਅ ਸਦਕੇ ਦਿੱਤੀ ਜਾਵੇ, ਪਰ ਇਸ ਦੀ ਆੜ ਵਿਚ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਦਰ-ਬਦਰ ਕਰਨਾ ਕਦਾਚਿਤ ਦਰੁਸਤ ਨਹੀਂ ਹੈ। ਇਸ ਵਕਤ ਦੇਸ਼ ਵਿਚ ਜੋ ਹਾਲਾਤ ਹਨ, ਸ਼ਾਇਦ ਇਸੇ ਨੂੰ ਹੀ ਕਲਯੁਗ ਕਿਹਾ ਜਾਂਦਾ ਹੈ, ਕਿਉਂਕਿ ਪਿਛਲੇ ਸਮਿਆਂ ਵਿਚ ਅਕਸਰ ਰੇਡੀਓ ਤੋਂ ਮੁਹੰਮਦ ਰਫੀ ਦਾ ਇੱਕ ਗੀਤ ਸੁਣਿਆ ਕਰਦੇ ਸਾਂ, ਜਿਸ ਦੇ ਬੋਲ ਅੱਜ ਵੀ ਕੰਨਾਂ ਵਿਚ ਗੂੰਜ ਰਹੇ ਹਨ,
ਰਾਮਚੰਦਰ ਕਹਿ ਗਏ ਸੀਆ ਸੇ
ਐਸਾ ਕਲਯੁੱਗ ਆਏਗਾ,
ਹੰਸ ਚੁਣੇਗਾ ਦਾਣਾ ਦੁਨਕਾ
ਕਊਆ ਮੋਤੀ ਖਾਏਗਾ।