ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਗੁਆਂਢੀ ਮੁਲਕ ਪਾਕਿਸਤਾਨ ਵਿਚ ਹੋ ਰਹੀ ਸੱਤਾ ਤਬਦੀਲੀ ਨੂੰ ਭਾਰਤ-ਪਾਕਿ ਸਬੰਧਾਂ ਵਿਚ ਸੁਧਾਰ ਲਈ ਸ਼ੁਭ ਸ਼ਗਨ ਵਜੋਂ ਵੇਖਿਆ ਜਾ ਰਿਹਾ ਹੈ। ਸ਼ਾਨਦਾਰ ਜਿੱਤ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਮੁਖੀ ਨਵਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਗੁਆਂਢੀ ਮੁਲਕ ਨਾਲ ਨਿੱਘੇ ਸਬੰਧ ਰੱਖੇ ਜਾਣਗੇ। ਭਾਰਤ ਨੇ ਵੀ ਸੱਤਾ ਤਬਦੀਲੀ ਦਾ ਸਵਾਗਤ ਕਰਦਿਆਂ ਦੋਵਾਂ ਮੁਲਕ ਨੂੰ ਮਿਲ ਕੇ ਚੱਲਣ ਦਾ ਸੱਦਾ ਦਿੱਤਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਮੀਆਂ ਨਵਾਜ਼ ਸ਼ਰੀਫ ਨੂੰ ਭਾਰਤ ਆਉਣ ਦਾ ਸੱਦਾ ਦੇ ਕੇ ਆਪਣੇ ਗੁਆਂਢੀ ਮੁਲਕ ਵੱਲ ਇਕ ਵਾਰ ਫਿਰ ਦੋਸਤੀ ਦਾ ਹੱਥ ਵਧਾਉਣ ਦੀ ਪਹਿਲ ਕੀਤੀ ਹੈ। ਡਾæ ਮਨਮੋਹਨ ਸਿੰਘ ਨੇ ਭਾਰਤ ਵੱਲੋਂ ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਰਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ। ਦੂਜੇ ਪਾਸੇ ਮੀਆਂ ਨਵਾਜ਼ ਸ਼ਰੀਫ਼ ਨੇ ਵੀ ਸਪਸ਼ਟ ਕੀਤਾ ਹੈ ਕਿ ਉਹ ਭਾਰਤ-ਪਾਕਿ ਸਬੰਧਾਂ ਨੂੰ ਉਥੋਂ ਸ਼ੁਰੂ ਕਰਨਾ ਚਾਹੁੰਦੇ ਹਨ ਜਿੱਥੋਂ 1999 ਵਿਚ ਤਖ਼ਤਾ ਪਲਟਣ ਸਮੇਂ ਇਹ ਸਬੰਧ ਸਨ। ਭਾਰਤ ਵੱਲੋਂ 1998 ਵਿਚ ਕੀਤੇ ਗਏ ਪਰਮਾਣੂ ਤਜਰਬੇ ਦੇ ਜਵਾਬ ਵਿਚ ਪਰਮਾਣੂ ਤਜਰਬਾ ਕਰਨ ਮਗਰੋਂ ਸ਼ਰੀਫ਼ ਨੇ ਆਪਣੇ ਤਤਕਾਲੀ ਭਾਰਤੀ ਹਮਰੁਤਬਾ ਅਟਲ ਬਿਹਾਰੀ ਵਾਜਪਾਈ ਨਾਲ ਸਬੰਧ ਸੁਧਾਰਨ ਲਈ ਗੱਲਬਾਤ ਤੋਰੀ ਸੀ। ਦੋਵਾਂ ਮੁਲਕਾਂ ਲਈ ਇਸ ਨੂੰ ਸ਼ੁਭ ਸ਼ਗਨ ਮੰਨਿਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਪਾਕਿ ਚੋਣ ਨਤੀਜਿਆਂ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਹੈ ਕਿ ਨਵੀਂ ਸਰਕਾਰ ਦੇ ਭਾਰਤ ਨਾਲ ਚੰਗੇ ਸਬੰਧ ਬਰਕਰਾਰ ਰਹਿਣਗੇ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀਆਂ ਇਤਿਹਾਸਕ ਆਮ ਚੋਣਾਂ ਵਿਚ ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਪੀæਐਮæਐਲ਼-ਐਨæ) 272 ਸੀਟਾਂ ‘ਤੇ ਪਈਆਂ ਵੋਟਾਂ ਦੌਰਾਨ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਪਾਰਟੀ ਸੁਪਰੀਮੋ ਨਵਾਜ਼ ਸ਼ਰੀਫ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਰਹੇ ਹਨ। ਇਸ ਤੋਂ ਪਹਿਲਾਂ ਉਹ 1990-1993 ਤੇ 1997-1999 ਤੱਕ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਉਪਰ ਭ੍ਰਿਸ਼ਟਾਚਾਰ ਦਾ ਦੋਸ਼ ਲੱਗਿਆ ਸੀ ਅਤੇ ਦੂਜੀ ਵਾਰ ਪਰਵੇਜ਼ ਮੁਸ਼ੱਰਫ ਦੀ ਅਗਵਾਈ ਵਿਚ ਫੌਜ ਨੇ ਉਨ੍ਹਾਂ ਦਾ ਤਖਤ ਪਲਟ ਦਿੱਤਾ ਸੀ।
ਇਸੇ ਤਰ੍ਹਾਂ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਸੂਬਾ ਪੰਜਾਬ ਵਿਚ ਨਵਾਜ਼ ਸ਼ਰੀਫ ਦੀ ਪਾਰਟੀ, ਖ਼ੈਬਰ ਪਖਤੂਨਖਵਾ ਵਿਚ ਇਮਰਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਤੇ ਸਿੰਧ ਵਿਚ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ ਵੱਲੋਂ ਸਰਕਾਰਾਂ ਬਣਾਉਣਾ ਯਕੀਨੀ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਜਿਸ ਨੇ 2008 ਦੀਆਂ ਚੋਣਾਂ ਵਿਚ 124 ਸੀਟਾਂ ਜਿੱਤ ਕੇ ਦੇਸ਼ ‘ਤੇ ਪੰਜ ਸਾਲ ਹਕੂਮਤ ਕੀਤੀ ਤੇ ਇਤਿਹਾਸ ਸਿਰਜਿਆ, ਇਸ ਵਾਰ ਸਿਰਫ 32 ਸੀਟਾਂ ਹੀ ਜਿਤ ਸਕੀ।
ਪੀæਐਮæਐਲ਼-ਐਨæ ਨੂੰ ਭਾਵੇਂ ਸਪਸ਼ਟ ਬਹੁਮਤ ਨਹੀਂ ਮਿਲ ਸਕਿਆ ਪਰ ਉਹ ਆਜ਼ਾਦ ਤੇ ਸਹਿਯੋਗੀ ਪਾਰਟੀਆਂ ਨਾਲ ਮਿਲ ਕੇ ਨਵੀਂ ਸਰਕਾਰ ਦਾ ਗਠਨ ਕਰੇਗੀ। 14 ਮਈ ਤੱਕ 250 ਸੀਟਾਂ ਦੇ ਐਲਾਨੇ ਗਏ ਨਤੀਜਿਆਂ ਵਿਚ ਪੀæਐਮæਐਲ਼-ਐਨæ ਨੂੰ 123 ਸੀਟਾਂ ਮਿਲੀਆਂ। ਪੀæਐਮæਐਲ਼-ਐਨæ ਦੀਆਂ ਦੋ ਮੁੱਖ ਵਿਰੋਧੀ ਪਾਰਟੀਆਂ ਪਾਕਿਸਤਾਨ ਪੀਪਲਜ਼ ਪਾਰਟੀ (ਪੀæਪੀæਪੀæ) ਤੇ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਕ੍ਰਮਵਾਰ 32 ਤੇ 27 ਸੀਟਾਂ ‘ਤੇ ਜਿੱਤ ਹਾਸਲ ਕਰ ਸਕੀਆਂ ਹਨ।
ਜ਼ਿਕਰਯੋਗ ਹੈ ਕਿ ਬਹੁਮਤ ਲਈ 137 ਸੀਟਾਂ ਦੀ ਲੋੜ ਹੈ ਤੇ ਉਮੀਦ ਹੈ ਕਿ ਨਵਾਜ਼ ਸ਼ਰੀਫ਼ ਦੀ ਪੀæਐਮæਐਲ਼-ਐਨæ ਪਾਰਟੀ ਇਕ ਜਾਂ ਦੋ ਛੋਟੇ ਦਲਾਂ ਜਾਂ ਆਜ਼ਾਦ ਮੈਂਬਰਾਂ ਦੇ ਸਹਿਯੋਗ ਨਾਲ ਆਪਣੀ ਸਰਕਾਰ ਬਣਾ ਲਵੇਗੀ। ਪਿਛਲੀ ਪਾਕਿਸਤਾਨ ਪੀਪਲਜ਼ ਪਾਰਟੀ ਵਿਚ ਮਹੱਤਵਪੂਰਨ ਸਹਿਯੋਗੀ ਰਹੀ ਮੁਤਾਹਿਦਾ ਕੌਮੀ ਮੂਵਮੈਂਟ ਨੂੰ 16 ਸੀਟਾਂ ਮਿਲੀਆਂ ਹਨ ਜਦਕਿ ਮੌਲਾਨਾ ਫਜ਼ਲ-ਉਰ ਰਹਿਮਾਨ ਦੀ ਜਮਾਇਤ ਉਲੇਮਾ-ਏ-ਇਸਲਾਮ ਨੂੰ ਨੈਸ਼ਨਲ ਅਸੈਂਬਲੀ ਵਿਚ 10 ਸੀਟਾਂ ਮਿਲੀਆਂ ਹਨ। ਜਮਾਤ-ਏ-ਇਸਲਾਮੀ ਤੇ ਪੀæਐਮæਐਲ਼-ਐਫ਼æ ਨੇ ਤਿੰਨ-ਤਿੰਨ ਸੀਟਾਂ ਜਿੱਤੀਆਂ ਹਨ ਜਦਕਿ ਪਖਤੂਨਖਵਾ ਮਿਲੀ ਅਵਾਮੀ ਪਾਰਟੀ ਤੇ ਨੈਸ਼ਨਲ ਪੀਪਲਜ਼ ਪਾਰਟੀ ਨੇ ਦੋ-ਦੋ ਸੀਟਾਂ ਹਾਸਿਲ ਕੀਤੀਆਂ ਹਨ। ਅਵਾਮੀ ਨੈਸ਼ਨਲ ਪਾਰਟੀ, ਕੌਮੀ ਵਤਨ ਪਾਰਟੀ ਸ਼ੇਰਪਾਓ, ਅਵਾਮੀ ਜਮਹੂਰੀ ਇਤਹਾਦ ਪਾਕਿਸਤਾਨ, ਪਰਵੇਜ਼ ਮੁਸ਼ੱਰਫ਼ ਦੀ ਆਲ ਪਾਕਿਸਤਾਨ ਮੁਸਲਿਮ ਲੀਗ, ਅਵਾਮੀ ਮੁਸਲਿਮ ਲੀਗ ਬਲੋਚਿਸਤਾਨ ਨੈਸ਼ਨਲ ਪਾਰਟੀ, ਨੈਸ਼ਨਲ ਪਾਰਟੀ ਤੇ ਪੀæਐਮæਐਲ਼ ਜ਼ੈਡ ਨੇ ਇਕ-ਇਕ ਸੀਟ ਜਿੱਤੀ ਹੈ। ਆਜ਼ਾਦ ਉਮੀਦਵਾਰਾਂ ਨੇ 25 ਸੀਟਾਂ ‘ਤੇ ਕਬਜ਼ਾ ਜਮਾਇਆ ਹੈ।
________________________
ਪਾਕਿਸਤਾਨ ਵਿਚ ਦੋ ਸਿੱਖ ਮੈਂਬਰ ਨਾਮਜ਼ਦ
ਅੰਮ੍ਰਿਤਸਰ: ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਸਵਰਨ ਸਿੰਘ ਨੂੰ ਰਿਆਸਤੀ ਅਸੈਂਬਲੀ ਪੰਜਾਬ ਦਾ ਮੈਂਬਰ ਨਾਮਜ਼ਦ ਕੀਤਾ ਹੈ। ਉਹ ਦੂਜਾ ਸਿੱਖ ਹੈ ਜਿਸ ਨੂੰ ਰਿਆਸਤੀ ਅਸੈਂਬਲੀ ਵਿਚ ਪੁੱਜਣ ਦਾ ਮਾਣ ਹਾਸਲ ਹੋਇਆ ਹੈ। ਪਹਿਲਾਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਰਮੇਸ਼ ਸਿੰਘ ਅਰੋੜਾ ਨੂੰ ਪੰਜਾਬ ਅਸੈਂਬਲੀ ਦਾ ਮੈਂਬਰ ਨਾਮਜ਼ਦ ਕੀਤਾ ਸੀ।
ਸਵਰਨ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀæਐਸ਼ਜੀæਪੀæਸੀæ) ਦਾ ਸਾਬਕਾ ਪ੍ਰਧਾਨ ਹੈ। ਪਾਕਿਸਤਾਨ ਵਿਚ 172 ਇਤਿਹਾਸਕ ਗੁਰਦੁਆਰੇ ਹਨ ਜਿਨ੍ਹਾਂ ਵਿਚੋਂ ਸਿਰਫ਼ ਛੇ ਵਿਚ ਵਿਦੇਸ਼ੀ ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਹੁਣ ਦੋ ਅਸੈਂਬਲੀ ਮੈਂਬਰਾਂ ਸਦਕਾ ਪਾਕਿਸਤਾਨੀ ਸਿੱਖ ਬਾਕੀ ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਵੱਧ ਖੁੱਲ੍ਹਾਂ ਦੀ ਮੰਗ ਕਰ ਸਕਣਗੇ।
Leave a Reply