ਡਾæ ਗੁਰਨਾਮ ਕੌਰ, ਕੈਨੇਡਾ
ਇਹ ਸ਼ਬਦ ਰਾਗੁ ਗੂਜਰੀ ਵਿਚ ਪੰਜਵੀਂ ਨਾਨਕ ਜੋਤਿ ਗੁਰੂ ਅਰਜਨ ਦੇਵ ਜੀ ਦਾ ਹੈ। ਇਸ ਸ਼ਬਦ ਵਿਚ ਮਾਂ ਵੱਲੋਂ ਆਪਣੇ ਪੁੱਤਰ ਨੂੰ ਅਸੀਸ ਦਿੱਤੀ ਗਈ ਹੈ ਕਿ ਉਸ ਨੂੰ ਅਕਾਲ ਪੁਰਖ ਹਮੇਸ਼ਾ ਯਾਦ ਰਹੇ, ਕਦੇ ਅੱਖ ਝਮਕਣ ਜਿੰਨੇ ਸਮੇਂ ਲਈ ਵੀ ਨਾ ਵਿਸਰੇ ਅਤੇ ਪੁੱਤਰ ਹਮੇਸ਼ਾ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਰਹੇ। ਉਹ ਉਸ ਪਰਮਾਤਮਾ ਦਾ ਨਾਮ ਸਦੀਵੀ ਸਿਮਰਦਾ ਰਹੇ ਜਿਸ ਦਾ ਸਿਮਰਨ ਕਰਨ ਨਾਲ ਹਰ ਤਰ੍ਹਾਂ ਦੇ ਪਾਪ ਖ਼ਤਮ ਹੋ ਜਾਂਦੇ ਹਨ, ਸਿਮਰਨ ਕਰਨ ਵਾਲੇ ਦੇ ਵਡੇਰੇ ਪਿੱਤਰਾਂ ਦਾ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ। ਉਸ ਪਰਮਾਤਮਾ ਦਾ ਨਾਮ ਉਹ ਸਦਾ ਜਪਦਾ ਰਹੇ, ਜਿਸ ਦੇ ਬੇਅੰਤ ਗੁਣ ਹਨ, ਜਿਨ੍ਹਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਪੁੱਤਰ ਨੂੰ ਅਸੀਸ ਦਿੱਤੀ ਹੈ ਕਿ ਅਕਾਲ ਪੁਰਖ ਦੀ ਮਿਹਰ ਸਦਾ ਉਸ ਤੇ ਬਣੀ ਰਹੇ ਅਤੇ ਗੁਰੂ ਨਾਲ ਪਿਆਰ ਬਣਿਆ ਰਹੇ। ਜਿਸ ਤਰ੍ਹਾ ਕੱਪੜਾ ਮਨੁੱਖ ਦੀ ਇੱਜ਼ਤ ਢੱਕ ਲੈਂਦਾ ਹੈ, ਇਸੇ ਤਰ੍ਹਾਂ ਪਰਮਾਤਮਾ ਇੱਜ਼ਤ ਬਣਾਈ ਰੱਖੇ ਅਤੇ ਅਕਾਲ ਪੁਰਖ ਦੀ ਸਿਫਤਿ-ਸਾਲਾਹ ਉਸ ਦੀ ਆਤਮਕ ਖੁਰਾਕ ਬਣੀ ਰਹੇ। ਅੱਗੇ ਕਿਹਾ ਹੈ ਕਿ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਰੂਪੀ ਅੰਮ੍ਰਿਤ ਉਹ ਸਦਾ ਪੀਂਦਾ ਰਹੇ ਜਿਸ ਨਾਲ ਉਹ ਆਤਮਕ ਜੀਵਨ ਦੀਆਂ ਬੁਲੰਦੀਆਂ ਨੂੰ ਛੂਹ ਲਵੇ। ਪਰਮਾਤਮਾ ਦਾ ਸਿਮਰਨ ਇੱਕ ਅਜਿਹੀ ਦਾਤ ਹੈ ਜਿਸ ਨਾਲ ਸਦੀਵੀ ਅਨੰਦ ਬਣਿਆ ਰਹਿੰਦਾ ਹੈ, ਆਤਮਕ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ, ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਕਦੇ ਵੀ ਚਿੰਤਾ ਨਹੀਂ ਵਿਆਪਦੀ। ਇਹ ਮਨ ਭੌਰੇ ਦੀ ਤਰ੍ਹਾਂ ਅਕਾਲ-ਪੁਰਖ ਦੇ ਚਰਨ-ਕੰਵਲਾਂ ਵੱਲ ਭਾਉਂਦਾ ਰਹੇ। ਪਰਮਾਤਮਾ ਦਾ ਸੇਵਕ ਉਨ੍ਹਾਂ ਚਰਨ-ਕੰਵਲਾਂ ਨਾਲ ਇਸ ਤਰ੍ਹਾ ਜੁੜਿਆ ਰਹਿੰਦਾ ਹੈ ਜਿਵੇਂ ਪਪੀਹਾ ਵਰਖਾ ਦੀ ਬੂੰਦ ਪੀ ਕੇ ਖਿੜਦਾ ਹੈ। (ਪੰਨਾ 496)। ਇਸ ਸ਼ਬਦ ਦਾ ਜ਼ਿਕਰ ਕਰਨਾ ਇਥੇ ਸਹੀ ਜਾਪਦਾ ਹੈ ਕਿਉਂਕਿ ਅੱਗੇ ਮਾਤਾ ਗੁਜਰੀ ਜੀ ਦੀ ਸਿੱਖ ਧਰਮ ਅਤੇ ਇਤਿਹਾਸ ਨੂੰ ਦੇਣ ਬਾਰੇ ਗੱਲ ਕੀਤੀ ਜਾਣੀ ਹੈ, ਜਿਨ੍ਹਾਂ ਨੇ ਅਜਿਹੀ ਹੀ ਅਸੀਸ ਆਪਣੇ ਸਪੁੱਤਰ ਗੁਰੂ ਗੋਬਿੰਦ ਸਿੰਘ ਅਤੇ ਲਾਡਲੇ ਪੋਤਰਿਆਂ ਨੂੰ ਦਿੱਤੀ।
ਮਾਤਾ ਗੁਜਰੀ: ਮਾਤਾ ਗੁਜਰੀ ਦਾ ਜਨਮ ਭਾਈ ਲਾਲ ਚੰਦ ਅਤੇ ਬਿਸ਼ਨ ਕੌਰ ਦੇ ਘਰ ਕਰਤਾਰਪੁਰ (ਹੁਣ ਜ਼ਿਲ੍ਹਾ ਕਪੂਰਥਲਾ) ਵਿਚ ਹੋਇਆ। ਭਾਈ ਲਾਲ ਚੰਦ ਦਾ ਜੱਦੀ ਪਿੰਡ ਲਖਨੌਰ, ਜ਼ਿਲ੍ਹਾ ਅੰਬਾਲਾ ਸੀ। ਮਾਤਾ ਗੁਜਰੀ ਦਾ ਵਿਆਹ ਛੇਵੀਂ ਨਾਨਕ ਜੋਤਿ ਦੇ ਪੁੱਤਰ ਤੇਗ ਬਹਾਦਰ ਨਾਲ 4 ਫਰਵਰੀ 1633 ਈਸਵੀ ਨੂੰ ਹੋਇਆ। ਵਿਆਹ ਤੋਂ ਪਿੱਛੋਂ ਭਾਈ ਲਾਲ ਚੰਦ ਦਾ ਪਰਿਵਾਰ ਅੰਮ੍ਰਿਤਸਰ ਚਲਾ ਗਿਆ। 1635 ਈæ ਵਿਚ ਮਾਤਾ ਗੁਜਰੀ ਨੇ ਅੰਮ੍ਰਿਤਸਰ ਛੱਡ ਦਿੱਤਾ ਅਤੇ ਗੁਰੂ ਪਰਿਵਾਰ ਨਾਲ ਰਹਿਣ ਲਈ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿਚ ਵਸਾਏ ਕੀਰਤਪੁਰ ਆ ਗਈ। 1644 ਈæ ਵਿਚ ਗੁਰੂ ਹਰਗੋਬਿੰਦ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਆਪਣੇ ਪਤੀ ਅਤੇ ਮਾਤਾ ਨਾਨਕੀ ਨਾਲ ਬਾਬਾ ਬਕਾਲਾ ਆ ਗਏ, ਜਿਥੇ ਅਮਨ-ਭਰਪੂਰ ਜੀਵਨ ਬਤੀਤ ਹੋ ਰਿਹਾ ਸੀ ਅਤੇ ਤੇਗ ਬਹਾਦਰ ਬਹੁਤਾ ਸਮਾਂ ਅਕਾਲ ਪੁਰਖ ਦੀ ਭਗਤੀ ਕਰਦਿਆਂ ਲੰਘਾਉਂਦੇ। ਜਦੋਂ 1644 ਈæ ਵਿਚ ਗੁਰੂ ਤੇਗ ਬਹਾਦਰ ਨੂੰ ਗੁਰਗੱਦੀ ਸੌਂਪੀ ਗਈ ਤਾਂ ਉਹ ਮਾਤਾ ਗੁਜਰੀ ਨਾਲ ਅੰਮ੍ਰਿਤਸਰ ਆ ਗਏ ਅਤੇ ਉਥੋਂ ਕੀਰਤਪੁਰ ਪਹੁੰਚੇ। 1665 ਈæ ਵਿਚ ਗੁਰੂ ਤੇਗ ਬਹਾਦਰ ਸਾਹਿਬ ਨੇ ਮੱਖੋਵਾਲ ਦੇ ਨੇੜੇ ਨਵਾਂ ਨਗਰ ਆਪਣੀ ਮਾਤਾ ਦੇ ਨਾਮ ਤੇ ‘ਚੱਕ ਨਾਨਕੀ’ ਵਸਾਇਆ ਜਿਸ ਦੀ ਨੀਂਹ ਬਾਬਾ ਗਰੁਦਿੱਤਾ ਜੀ ਨੇ ਪੁੱਟੀ ਅਤੇ ਗੁਰੂ ਪਰਿਵਾਰ ਇਸ ਨਵੇਂ ਨਗਰ ਵਿਚ ਰਹਿਣ ਲੱਗ ਪਏ। ਪਿੱਛੋਂ ਇਸ ਦਾ ਨਾਮ ‘ਅਨੰਦਪੁਰ’ ਪਿਆ।
ਕੁੱਝ ਹੀ ਸਮੇਂ ਬਾਅਦ ਗੁਰੂ ਤੇਗ ਬਹਾਦਰ ਆਪਣੀ ਮਾਤਾ ਨਾਨਕੀ ਅਤੇ ਪਤਨੀ ਗੁਜਰੀ ਨਾਲ ਲੰਬੇ ਸਫ਼ਰ ‘ਤੇ ਨਿਕਲ ਪਏ ਅਤੇ ਦੋਵਾਂ ਨੂੰ ਪਟਨਾ ਛੱਡ ਕੇ ਆਪ ਬੰਗਾਲ ਅਤੇ ਅਸਾਮ ਵੱਲ ਚਲੇ ਗਏ। ਪਟਨਾ ਵਿਚ ਮਾਤਾ ਗੁਜਰੀ ਨੇ 22 ਦਸੰਬਰ 1666 ਨੂੰ ਬਾਲਕ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ) ਨੂੰ ਜਨਮ ਦਿੱਤਾ। ਮਾਤਾ ਗੁਜਰੀ ਨੇ ਇਕੱਲਿਆਂ ਗੋਬਿੰਦ ਰਾਇ ਦੀ ਹਰ ਤਰ੍ਹਾਂ ਦੀ ਸਿੱਖਿਆ-ਦੀਖਿਆ (ਪੜਨ੍ਹ-ਲਿਖਣ ਅਤੇ ਸ਼ਸਤਰ ਵਿੱਦਿਆ) ਦਾ ਪ੍ਰਬੰਧ ਕੀਤਾ। ਗੁਰੂ ਤੇਗ ਬਹਾਦਰ 1670 ਈæ ਵਿਚ ਵਾਪਸ ਪਟਨਾ ਆਏ ਅਤੇ ਕੁੱਝ ਦੇਰ ਰਹਿ ਕੇ ਦਿੱਲੀ ਆ ਗਏ ਅਤੇ ਪਰਿਵਾਰ ਨੂੰ ਲਖਨੌਰ ਆਉਣ ਲਈ ਕਹਿ ਦਿੱਤਾ। ਮਾਤਾ ਗੁਜਰੀ ਬਿਰਧ ਮਾਤਾ ਨਾਨਕੀ ਅਤੇ ਬਾਲਕ ਗੋਬਿੰਦ ਰਾਇ ਨਾਲ 13 ਦਸੰਬਰ 1670 ਨੂੰ ਆਪਣੇ ਭਰਾ ਮਿਹਰ ਚੰਦ ਕੋਲ ਲਖਨੌਰ ਪਹੁੰਚੇ ਅਤੇ ਗੁਰੂ ਤੇਗ ਬਹਾਦਰ ਦੇ ਆਉਣ ਤੱਕ ਠਹਿਰੇ। ਲਖਨੌਰ ਦੇ ਬਾਹਰ ਹੁਣ ਵੀ ਖੂਹ ਹੈ, ਜਿਸ ਨੂੰ ‘ਮਾਤਾ ਦਾ ਖੂਹ’ ਜਾਂ ‘ਮਾਤਾ ਗੁਜਰੀ ਦਾ ਖੂਹ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। 11 ਜੁਲਾਈ 1675 ਦਾ ਦਿਨ ਚੱਕ ਨਾਨਕੀ ਵਿਚ ਬਹੁਤ ਹੀ ਮਹੱਤਵਪੂਰਨ ਦਿਨ ਸੀ ਜਦੋਂ ਗੁਰੂ ਤੇਗ ਬਹਾਦਰ ਸ਼ਹਾਦਤ ਦੇਣ ਲਈ ਦਿੱਲੀ ਰਵਾਨਾ ਹੋਏ ਅਤੇ ਗੁਰੂ ਗੋਬਿੰਦ ਸਿੰਘ ਬਹੁਤ ਹੀ ਛੋਟੀ ਉਮਰ ਦੇ ਸਨ।
ਚੱਕ ਨਾਨਕੀ ਦੇ ਪ੍ਰਬੰਧ ਦੀ ਸਾਰੀ ਜਿੰਮੇਵਾਰੀ ਮਾਤਾ ਗੁਜਰੀ ਦੇ ਮੋਢਿਆਂ ‘ਤੇ ਆ ਪਈ ਅਤੇ ਉਨ੍ਹਾਂ ਦੀ ਮਦਦ ਛੋਟਾ ਭਰਾ ਕ੍ਰਿਪਾਲ ਚੰਦ ਕਰਦਾ। ਜਦੋਂ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨਾਲ ਯੁੱਧ ਦੌਰਾਨ ਉਨ੍ਹਾਂ ਵੱਲੋਂ ਝੂਠੀਆਂ ਕਸਮਾਂ ਦੇਣ ‘ਤੇ ਗੁਰੂ ਗੋਬਿੰਦ ਸਿੰਘ ਨੂੰ ਖ਼ਾਲਸੇ ਸਮੇਤ ਅਨੰਦਪੁਰ ਸਾਹਿਬ ਖਾਲੀ ਕਰਨਾ ਪਿਆ ਤਾਂ 5-6 ਦਸੰਬਰ 1705 ਦੀ ਕਾਲੀ-ਬੋਲੀ ਹਨੇਰੀ ਰਾਤ ਨੂੰ ਸਰਸਾ ਨਦੀ ਪਾਰ ਕਰਦਿਆਂ ਮਾਤਾ ਗੁਜਰੀ ਆਪਣੇ ਛੋਟੇ ਪੋਤਰਿਆਂ-ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨਾਲ, ਜੋ ਕਿ 9 ਅਤੇ 6 ਸਾਲ ਦੀ ਉਮਰ ਦੇ ਸਨ, ਬਾਕੀ ਪਰਿਵਾਰ ਤੋਂ ਵਿਛੜ ਗਏ। ਤਿੰਨਾਂ ਨੂੰ ਗੰਗੂ ਰਸੋਈਆ ਮੋਰਿੰਡੇ ਨੇੜੇ ਆਪਣੇ ਪਿੰਡ ਸਹੇੜੀ ਲੈ ਗਿਆ। ਉਥੇ ਵਿਸ਼ਵਾਸਘਾਤ ਕਰਦਿਆਂ ਧੋਖੇ ਨਾਲ ਉਸ ਨੇ ਉਨ੍ਹਾਂ ਨੂੰ ਸਥਾਨਕ ਪੁਲਿਸ ਨੂੰ ਫੜਾ ਦਿੱਤਾ, ਜਿੱਥੋਂ ਉਨ੍ਹਾਂ ਨੂੰ ਸਰਹਿੰਦ ਲਿਆ ਕੇ ਠੰਢੇ ਬੁਰਜ ਵਿਚ ਰੱਖਿਆ ਗਿਆ। ਮਾਤਾ ਗੁਜਰੀ ਨੇ ਆਪਣੇ ਪੋਤਰਿਆਂ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਬਜੁਰਗਾਂ ਦੀ ਬਹਾਦਰੀ ਅਤੇ ਸ਼ਹਾਦਤ ਦੀਆਂ ਸਾਖੀਆਂ ਸੁਣਾਉਂਦਿਆਂ ਕੀਤਾ ਸੀ। ਸਰਹਿੰਦ ਉਨ੍ਹਾਂ ਨੂੰ ਹਰ ਰੋਜ਼ ਸੂਬੇ ਦੀ ਕਚਹਿਰੀ ਵਿਚ ਜਾਣਾ ਪੈਂਦਾ ਸੀ ਜਿਥੇ ਉਹ ਬੱਚਿਆਂ ਨੂੰ ਇਸਲਾਮ ਕਬੂਲ ਕਰਾਉਣ ਲਈ ਤਰ੍ਹਾਂ ਤਰ੍ਹਾਂ ਦੇ ਲਾਲਚ ਅਤੇ ਡਰਾਵੇ ਦਿੰਦਾ ਸੀ। ਮਾਤਾ ਗੁਜਰੀ ਉਨ੍ਹਾਂ ਨੂੰ ਹੌਸਲੇ ਬਣਾਈ ਰੱਖਣ ਲਈ ਹੱਲਾ-ਸ਼ੇਰੀ ਦਿੰਦੇ ਰਹੇ ਅਤੇ ਵਿਰਸੇ ਦੀ ਯਾਦ ਦੁਆਉਂਦੇ ਰਹੇ। ਜਦੋਂ ਸਾਹਿਬਜ਼ਾਦੇ ਕਿਸੇ ਤਰ੍ਹਾਂ ਵੀ ਨਹੀਂ ਝੁਕੇ ਅਤੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ 11 ਦਸੰਬਰ ਨੂੰ ਜਿਉਂਦੇ ਨੀਂਹਾਂ ਵਿਚ ਚਿਣਵਾ ਦਿੱਤਾ ਗਿਆ ਅਤੇ ਮਾਤਾ ਗੁਜਰੀ ਨੇ ਵੀ ਪ੍ਰਾਣ ਤਿਆਗ ਦਿੱਤੇ। ਗੁਰੂ ਨਾਨਕ ਸਾਹਿਬ ਨੇ ਇਸਤਰੀ ਨੂੰ ਪੁਰਸ਼ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਮੰਨਿਆ ਸੀ ਅਤੇ ਮਾਤਾ ਗੁਜਰੀ ਨੇ ਉਸ ਕਥਨ ਨੂੰ ਸੱਚ ਕਰ ਦਿਖਾਇਆ। ਮਾਤਾ ਗੁਜਰੀ ਨੇ ਆਪਣੇ ਪੋਤਰਿਆਂ ਦੀ ਪਾਲਣਾ ਰਾਹੀਂ ਇਹ ਸਾਬਤ ਕਰ ਦਿੱਤਾ ਅਤੇ ਉਹ ਮਾਤਾ ਦੀ ਸਿੱਖਿਆ ਕਾਰਨ ਆਪਣੇ ਧਰਮ ਵਿਚ ਪੱਕੇ ਰਹੇ ਅਤੇ ਆਪਣੇ ਬਜ਼ੁਰਗਾਂ ਦੀ ਸ਼ਹਾਦਤ ਦੀ ਪਰੰਪਰਾ ਨੂੰ ਕਾਇਮ ਰੱਖਿਆ। ਮਾਤਾ ਗੁਜਰੀ ਪਹਿਲੀ ਇਸਤਰੀ ਸਿੱਖ ਸ਼ਹੀਦ ਹੋਏ ਹਨ।
ਮਾਤਾ ਸੁੰਦਰੀ: ਗੁਰੂ ਗੋਬਿੰਦ ਸਿੰਘ ਦੀ ਪਤਨੀ, ਪੁੱਤਰੀ ਭਾਈ ਰਾਮ ਸਰਨ ਖੱਤਰੀ, ਬਿਜਵਾੜਾ (ਜ਼ਿਲ੍ਹਾ ਹੁਸ਼ਿਆਰਪੁਰ) ਨਿਵਾਸੀ ਦੀ ਸ਼ਾਦੀ ਦਸਵੀਂ ਨਾਨਕ ਜੋਤਿ ਗੁਰੂ ਗੋਬਿੰਦ ਸਿੰਘ ਨਾਲ ਅਨੰਦਪੁਰ ਸਾਹਿਬ ਵਿਖੇ 4 ਅਪਰੈਲ 1684 ਈæ ਨੂੰ ਹੋਈ। ਉਨ੍ਹਾਂ 26 ਜਨਵਰੀ 1687 ਈæ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਪਾਊਂਟਾ ਸਾਹਿਬ ਵਿਖੇ ਜਨਮ ਦਿੱਤਾ। ਦਸੰਬਰ 1705 ਨੂੰ ਜਦੋਂ ਗੁਰੂ ਸਾਹਿਬ ਨੇ ਖ਼ਾਲਸੇ ਸਮੇਤ ਅਨੰਦਪੁਰ ਖਾਲੀ ਕੀਤਾ ਤਾਂ ਭਾਈ ਮਨੀ ਸਿੰਘ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਨੂੰ ਨਾਲ ਲੈ ਕੇ ਦਿੱਲੀ ਚਲੇ ਗਏ। 1706 ਵਿਚ ਉਹ ਤਲਵੰਡੀ ਸਾਬੋ ਵਿਚ ਗੁਰੂ ਗੋਬਿੰਦ ਸਿੰਘ ਨੂੰ ਆ ਕੇ ਮਿਲੇ ਅਤੇ ਇਥੇ ਆ ਕੇ ਹੀ ਉਨ੍ਹਾਂ ਨੂੰ ਮਾਤਾ ਗੁਜਰੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਿਆ। ਜਦੋਂ ਗੁਰੂ ਗੋਬਿੰਦ ਸਿੰਘ ਦੱਖਣ ਵੱਲ ਗਏ ਤਾਂ ਮਾਤਾ ਸੁੰਦਰੀ ਵਾਪਸ ਦਿੱਲੀ ਆ ਗਏ। ਦਿੱਲੀ ਮਾਤਾ ਸੁੰਦਰੀ ਨੇ ਇੱਕ ਲੜਕਾ ਗੋਦ ਲਿਆ। 1708 ਈæ ਵਿਚ ਗੁਰੂ ਗੋਬਿੰਦ ਸਿੰਘ ਦੇ ਨਾਂਦੇੜ (ਹਜ਼ੂਰ ਸਾਹਿਬ) ਵਿਚ ਜੋਤੀ ਜੋਤਿ ਸਮਾਉਣ ਪਿੱਛੋਂ ਸਿੱਖ ਨੇਤਾਵਾਂ ਨੇ ਮਾਤਾ ਸੁੰਦਰੀ ਤੋਂ ਅਗਵਾਈ ਲੈਣੀ ਚਾਹੀ। ਮਾਤਾ ਜੀ ਨੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਦੇਖ-ਭਾਲ ਦੀ ਜਿੰਮੇਵਾਰੀ ਸੌਂਪੀ। ਮਾਤਾ ਸੁੰਦਰੀ ਨੇ ਆਪਣੀ ਮੁਹਰਛਾਪ ਹੇਠ ਸਿੱਖ ਸੰਗਤਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ। ਖੋਜਕਾਰਾਂ ਅਨੁਸਾਰ ਹੁਕਮਨਾਮਿਆਂ ਦੇ ਮੁਤਾਲਿਆ ਤੋਂ 12 ਅਕਤੂਬਰ 1717 ਤੋਂ 10 ਅਗਸਤ 1730 ਦੀਆਂ ਤਾਰੀਖਾਂ ਮਿਲਦੀਆਂ ਹਨ। ਮਾਤਾ ਸੁੰਦਰੀ ਨੂੰ ਗੋਦ ਲਏ ਪੁੱਤਰ ਤੋਂ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ। ਬਹਾਦਰ ਸ਼ਾਹ ਉਸ ਨੂੰ ਗੁਰੂ ਗੋਬਿੰਦ ਸਿੰਘ ਦਾ ਜਾਂਨਸ਼ੀਨ ਮੰਨਦਾ ਸੀ ਅਤੇ 1710 ਵਿਚ ਉਸ ਨੂੰ ਦਰਬਾਰ ਵਿਚ ਬੁਲਾ ਕੇ ਸਤਿਕਾਰ ਕੀਤਾ ਜਿਸ ਨਾਲ ਉਹ ਹੰਕਾਰ ਗਿਆ। ਉਹ ਮਾਤਾ ਸੁੰਦਰੀ ਨਾਲ ਵੀ ਰੁੱਖਾ ਵਰਤਣ ਲੱਗਾ, ਜਿਸ ‘ਤੇ ਮਾਤਾ ਜੀ ਨੇ ਉਸ ਨੂੰ ਬੇਦਖਲ ਕਰ ਦਿੱਤਾ ਅਤੇ ਮਥਰਾ ਚਲੇ ਗਏ। ਅਜੀਤ ਸਿੰਘ ‘ਤੇ ਪਿੱਛੋਂ ਖੂਨ ਦਾ ਇਲਜ਼ਾਮ ਲੱਗ ਗਿਆ ਅਤੇ 18 ਜਨਵਰੀ ਨੂੰ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ। ਮਾਤਾ ਸੁੰਦਰੀ ਦਿੱਲੀ ਵਾਪਸ ਆ ਗਏ ਅਤੇ 1747 ਵਿਚ ਅਕਾਲ ਚਲਾਣਾ ਕਰ ਗਏ। ਮਾਤਾ ਸੁੰਦਰੀ ਪਹਿਲੀ ਸਿੱਖ ਇਸਤਰੀ ਹਨ ਜਿਨ੍ਹਾਂ ਨੇ ਸਿੱਖ-ਸੰਗਤਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖ ਇਸਤਰੀ ਨੂੰ ਪ੍ਰਬੰਧਕੀ ਕਾਰਜਾਂ ਵਿਚ ਹਿੱਸਾ ਲੈਣ ਦਾ ਅਤੇ ਉਨ੍ਹਾਂ ਨੂੰ ਸੰਭਾਲਣ ਦਾ ਪੂਰਨ ਅਧਿਕਾਰ ਹੈ।
ਮਾਤਾ ਜੀਤੋ: ਲਾਹੌਰ ਦੇ ਸੁਭੀਖੀ ਖੱਤਰੀ ਭਾਈ ਹਰਿਜਸ ਦੀ ਪੁੱਤਰੀ ਜੀਤੋ ਦੀ ਸ਼ਾਦੀ ਗੁਰੂ ਗੋਬਿੰਦ ਸਿੰਘ ਨਾਲ 1673 ਈæ ਵਿਚ ਹੋਈ। ਉਨ੍ਹਾਂ ਦੇ ਪਿਤਾ ਦੀ ਇੱਛਾ ਸੀ ਕਿ ਲਾੜਾ ਬਰਾਤ ਲੈ ਕੇ ਲਾਹੌਰ ਆਵੇ, ਪਰ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਕਾਰਨ ਬਦਲੇ ਹੋਏ ਹਾਲਾਤ ਵਿਚ ਲਾਹੌਰ ਜਾਣਾ ਸੰਭਵ ਨਹੀਂ ਸੀ। ਇਸ ਲਈ ਅਨੰਦਪੁਰ ਤੋਂ 10 ਮੀਲ ਦੇ ਫਾਸਲੇ ‘ਤੇ ਬਸੰਤਗੜ੍ਹ ਦੇ ਨੇੜੇ ਅਸਥਾਈ ਸਥਾਨ ਉਸਾਰਿਆ ਗਿਆ ਜਿਸ ਦਾ ਨਾਮ ‘ਗੁਰੂ ਕਾ ਲਾਹੌਰ’ ਰੱਖਿਆ ਗਿਆ ਅਤੇ ਇਥੇ ਗੁਰੂ ਜੀ ਨਾਲ ਜੀਤੋ ਜੀ ਦਾ ਵਿਆਹ ਰਚਾਇਆ ਗਿਆ। 30 ਮਾਰਚ 1699 ਦੀ ਵਿਸਾਖੀ ਨੂੰ ਦਸਮ ਗੁਰੂ ਨੇ ਅਨੰਦਪੁਰ ਵਿਚ ਖਾਲਸੇ ਦੀ ਸਾਜਨਾ ਕੀਤੀ। ਜਦੋਂ ਗੁਰੂ ਸਾਹਿਬ ਸਰਬ-ਲੋਹ ਦੇ ਬਾਟੇ ਵਿਚ ਖੰਡੇ ਨਾਲ ਅੰਮ੍ਰਿਤ ਤਿਆਰ ਕਰ ਰਹੇ ਸਨ ਤਾਂ ਮਾਤਾ ਜੀਤੋ ਨੇ ਪਤਾਸੇ ਲਿਆ ਕੇ ਬਾਟੇ ਵਿਚ ਪਾ ਦਿੱਤੇ। ਇਸ ਤਰ੍ਹਾਂ ਮਾਤਾ ਜੀ ਨੇ ਲੋਹੇ ਵਿਚ ਮਿਠਾਸ ਮਿਲਾ ਦਿੱਤੀ ਅਤੇ ਸਿੱਖ ਇਤਿਹਾਸ ਦੀ ਇਸ ਮਹਾਨ ਪਰੰਪਰਾ, ਜਿਸ ਨੇ ਮਨੁੱਖ ਦਾ ਕਾਇਆ-ਕਲਪ ਹੀ ਕਰ ਦਿੱਤਾ, ਵਿਚ ਹਿੱਸਾ ਪਾਇਆ। ਖਾਲਸੇ ਦੇ ਰੂਪ ਵਿਚ ਸੰਤ ਅਤੇ ਸਿਪਾਹੀ ਅਰਥਾਤ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੇ ਇੱਕ ਨਵੇਂ ਮਨੁੱਖ ਨੂੰ ਜਨਮ ਦਿੱਤਾ ਜਿਸ ਨੂੰ ਸਰਬਤ ਦੇ ਭਲੇ ਲਈ ਜੂਝਣਾ ਸਿਖਾਇਆ ਗਿਆ। ਇਹ ਕਿਸੇ ਕ੍ਰਿਸ਼ਮੇ ਨਾਲੋਂ ਘੱਟ ਨਹੀਂ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਸਿੱਖ ਇਸਤਰੀ ਵੱਡੀ ਤੋਂ ਵੱਡੀ ਕੌਮੀ ਪਰੰਪਰਾ ਵਿਚ ਸ਼ਮੂਲੀਅਤ ਕਰਨ ਦੀ ਅਧਿਕਾਰੀ ਵੀ ਹੈ ਅਤੇ ਯੋਗਤਾ ਵੀ ਰੱਖਦੀ ਹੈ।
ਮਾਤਾ ਜੀਤੋ ਦੇ ਤਿੰਨ ਪੁੱਤਰ ਹੋਏ-ਸਾਹਿਬਜ਼ਾਦਾ ਜੂਝਾਰ ਸਿੰਘ (14 ਮਾਰਚ 1691), ਸਾਹਿਬਜ਼ਾਦਾ ਜ਼ੋਰਾਵਰ ਸਿੰਘ (17 ਨਵੰਬਰ 1696), ਸਾਹਿਬਜ਼ਾਦਾ ਫਤਿਹ ਸਿੰਘ (25 ਫਰਵਰੀ 1699)। ਮਾਤਾ ਜੀਤੋ ਨੇ ਆਪਣੇ ਪੁੱਤਰਾਂ ਨੂੰ ਉਨ੍ਹਾਂ ਦੇ ਬਜ਼ੁਰਗਾਂ-ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਅਤੇ ਗੁਰੂ ਤੇਗ ਬਹਾਦਰ ਦੀਆਂ ਸ਼ਹੀਦੀਆਂ ਅਤੇ ਬਹਾਦਰੀ ਦੇ ਪ੍ਰਸੰਗ ਸੁਣਾਉਂਦਿਆਂ ਪਾਲ-ਪੋਸ ਕੇ ਵੱਡਾ ਕੀਤਾ। ਮਾਤਾ ਜੀਤੋ ਨੇ ਉਨ੍ਹਾਂ ਨੂੰ ਸਿਖਾਇਆ ਕਿ ਸਿੱਖ ਕਦੇ ਵੀ ਧਰਮ ਨਹੀਂ ਹਾਰਦਾ ਅਤੇ ਯੁੱਧ ਦੇ ਮੈਦਾਨ ਨੂੰ ਛੱਡ ਕੇ ਭੱਜਦਾ ਨਹੀਂ। ਇਸ ਸਿੱਖਿਆ ਸਦਕਾ ਹੀ ਸਾਹਿਬਜ਼ਾਦਿਆਂ ਨੇ ਏਨੀ ਛੋਟੀ ਉਮਰ ਵਿਚ ਆਪਣੇ ਧਰਮ ਨੂੰ ਪੂਰੀ ਦ੍ਰਿੜਤਾ ਨਾਲ ਨਿਭਾਇਆ ਅਤੇ ਹੱਸਦੇ ਹੱਸਦੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਜਦੋਂ ਚਮਕੌਰ ਦੀ ਕੱਚੀ ਗੜ੍ਹੀ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਮੁਗਲਾਂ ਨਾਲ ਦੋ-ਦੋ ਹੱਥ ਕਰਦਿਆਂ ਸ਼ਹੀਦ ਹੋ ਗਏ ਤਾਂ ਸਾਹਿਬਜ਼ਾਦਾ ਜੂਝਾਰ ਸਿੰਘ ਨੇ ਗੁਰੂ ਪਿਤਾ ਤੋਂ ਜੰਗ ਦੇ ਮੈਦਾਨ ਵਿਚ ਜਾਣ ਦੀ ਆਗਿਆ ਲਈ ਅਤੇ ਦੁਸ਼ਮਣ ਦੇ ਆਹੂ ਲਾਹੁੰਦਿਆਂ ਸ਼ਹੀਦ ਹੋ ਗਏ। ਉਸ ਵੇਲੇ ਉਸ ਦੀ ਉਮਰ ਸਿਰਫ 15 ਸਾਲ ਸੀ। ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ 9 ਸਾਲ ਅਤੇ 6 ਸਾਲ ਦੀ ਉਮਰ ਵਿਚ ਸ਼ਹੀਦੀ ਪਾ ਗਏ ਜਦੋਂ ਸੂਬਾ ਸਰਹਿੰਦ ਵਜ਼ੀਰ ਖਾਨ ਨੇ ਇਸਲਾਮ ਕਬੂਲ ਨਾ ਕਰਨ ‘ਤੇ ਉਨ੍ਹਾਂ ਨੂੰ ਜਿੰਦਾ ਨੀਂਹਾਂ ਵਿਚ ਚਿਣਵਾ ਦਿੱਤਾ। ਮਾਤਾ ਜੀਤੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪਹਿਲਾਂ 1700 ਈæ ਨੂੰ ਅਨੰਦਪੁਰ ਸਾਹਿਬ ਵਿਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਮ ਸੰਸਕਾਰ ਅਗਮਪੁਰ ਦੇ ਨੇੜੇ ਲੋਹਗੜ੍ਹ ਕਿਲੇ ਪਾਸ ਕੀਤਾ ਗਿਆ, ਜਿੱਥੇ ਉਨ੍ਹਾਂ ਦਾ ਯਾਦ-ਚਿੰਨ੍ਹ ਉਸਾਰਿਆ ਗਿਆ ਹੈ।
ਮਾਤਾ ਸਾਹਿਬ ਕੌਰ: ਮਾਤਾ ਸਾਹਿਬ ਕੌਰ ਦਾ ਜਨਮ ਪੰਜਾਬ ਦੇ ਰੋਹਤਾਸ, ਹੁਣ ਦੇ ਜੇਹਲਮ (ਪਾਕਿਸਤਾਨ) ਵਿਚ ਸਿੱਖ ਪਰਿਵਾਰ ਭਾਈ ਰਾਮੂ ਬਾਸੀ ਅਤੇ ਮਾਤਾ ਜੱਸ ਦੇਵੀ ਦੇ ਘਰ ਹੋਇਆ, ਜਿਸ ਦਾ ਨਾਮ ਸਾਹਿਬ ਦੇਵਾਂ ਜਾਂ ਸਾਹਿਬ ਦੇਵੀ ਰੱਖਿਆ ਗਿਆ। ਉਤਰੀ ਪੰਜਾਬ ਤੋਂ ਸਿੱਖ ਸੰਗਤ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਲਈ ਜਾ ਰਹੀ ਸੀ। ਗੁਰੂ ਸਾਹਿਬ ਦੇ ਬਹੁਤ ਹੀ ਸ਼ਰਧਾਲੂ ਸਿੱਖ ਭਾਈ ਰਾਮੂ ਆਪਣੀ ਪੁੱਤਰੀ ਦਾ ਡੋਲਾ ਸਜਾ ਕੇ ਗੁਰੂ ਸਾਹਿਬ ਦੀ ਪਤਨੀ ਬਣਾਉਣ ਲਈ ਲੈ ਆਏ। ਗੁਰੂ ਸਾਹਿਬ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਪਹਿਲਾਂ ਹੀ ਚਾਰ ਬੱਚਿਆਂ ਦੇ ਪਿਤਾ ਸਨ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਸਭ ਨੂੰ ਦੱਸ ਚੁੱਕੇ ਸਨ ਕਿ ਲੜਕੀ ਨੇ ਗੁਰੂ ਸਾਹਿਬ ਨਾਲ ਸ਼ਾਦੀ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਅਤੇ ਲੋਕਾਂ ਨੇ ਉਸ ਨੂੰ ‘ਮਾਤਾ’ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ। ਭਾਈ ਰਾਮੂ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਜੇ ਉਨ੍ਹਾਂ ਨੇ ਨਾਂਹ ਕਰ ਦਿੱਤੀ ਤਾਂ ਉਸ ਦੀ ਬਦਨਾਮੀ ਹੋ ਜਾਵੇਗੀ ਅਤੇ ਕੋਈ ਉਸ ਨਾਲ ਸ਼ਾਦੀ ਨਹੀਂ ਕਰੇਗਾ, ਜਿਸ ਦਾ ਪਾਪ ਉਸ ਦੇ ਮਾਪਿਆਂ ਨੂੰ ਲੱਗੇਗਾ। ਦਇਆ ਦੇ ਪੁੰਜ ਗੁਰੂ ਸਾਹਿਬ ਪਸੀਜ ਗਏ। ਲੜਕੀ ਦੀ ਇੱਜ਼ਤ ਅਤੇ ਮਾਪਿਆਂ ਦੀ ਇੱਛਾ ‘ਤੇ ਆਪਣੇ ਘਰ ਰੱਖਣਾ ਮੰਨ ਗਏ, ਜਿੱਥੇ ਉਹ ਉਨ੍ਹਾਂ ਦੀ ਰੱਖਿਆ ਵਿਚ ਰਹਿ ਸਕਦੀ ਸੀ ਅਤੇ ਸੇਵਾ ਕਰ ਸਕਦੀ ਸੀ ਬਸ਼ਰਤੇ ਕਿ ਉਹ ਦੁਨਿਆਵੀ ਰਿਸ਼ਤੇ ਨਾਲੋਂ ਆਤਮਕ ਰਿਸ਼ਤੇ ਨੂੰ ਮੰਨਣ ਲਈ ਤਿਆਰ ਹੋਵੇ। ਸਾਹਿਬ ਦੇਵਾਂ ਮੰਨ ਗਈ ਅਤੇ ਵਿਆਹ ਦੀ ਰਸਮ ਕੀਤੀ ਗਈ, ਉਸ ਨੇ ਮਾਤਾ ਗੁਜਰੀ ਦੇ ਨਿਵਾਸ ‘ਤੇ ਰਹਿਣਾ ਸ਼ੁਰੂ ਕਰ ਦਿੱਤਾ। ਜਦੋਂ ਗੁਰੂ ਸਾਹਿਬ ਨੇ 1699 ਦੀ ਵੈਸਾਖੀ ਨੂੰ ਖਾਲਸੇ ਦੀ ਸਿਰਜਣਾ ਕੀਤੀ ਤਾਂ ਉਹ ਆਪ ਵੀ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣ ਗਏ ਅਤੇ ਖਾਲਸੇ ਦੇ ਪਿਤਾ ਕਹਾਏ। ਮਾਤਾ ਸਾਹਿਬ ਦੇਵਾਂ ਅੰਮ੍ਰਿਤ ਛੱਕ ਕੇ ਸਾਹਿਬ ਕੌਰ ਬਣ ਗਏ ਅਤੇ ਉਨ੍ਹਾਂ ਨੂੰ ਖਾਲਸੇ ਦੀ ਮਾਤਾ ਹੋਣ ਦਾ ਖਿਤਾਬ ਬਖਸ਼ਿਸ਼ ਕੀਤਾ ਗਿਆ। ਇਸ ਤਰ੍ਹਾਂ ਖਾਲਸੇ ਦੀ ਮਾਤਾ ਵਜੋਂ ਸਾਹਿਬ ਕੌਰ ਸਦਾ ਲਈ ਅਮਰ ਹੋ ਗਈ। ਜੋ ਵੀ ਸਿੱਖ ਅੰਮ੍ਰਿਤ ਪਾਨ ਕਰਦਾ ਹੈ ਉਹ ਅਨੰਦਪੁਰ ਦਾ ਵਾਸੀ, ਉਸ ਦਾ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਹੋ ਜਾਂਦੀ ਹੈ। ਮਾਤਾ ਸਾਹਿਬ ਕੌਰ ਹਮੇਸ਼ਾ ਗੁਰੂ ਦੀ ਸੇਵਾ ਕਰਦੇ ਭਾਵੇਂ ਉਹ ਯੁੱਧ ਵਿਚ ਵੀ ਹੁੰਦੇ। ਉਹ ਨਾਂਦੇੜ ਵੀ ਗੁਰੂ ਸਾਹਿਬ ਦੇ ਨਾਲ ਗਏ ਅਤੇ ਜਦੋਂ 1708 ਵਿਚ ਗੁਰੂ ਸਾਹਿਬ ਜੋਤੀ ਜੋਤਿ ਸਮਾ ਗਏ ਤਾਂ ਭਾਈ ਮਨੀ ਸਿੰਘ ਮਾਤਾ ਜੀ ਨੂੰ ਮਾਤਾ ਸੁੰਦਰੀ ਕੋਲ ਦਿੱਲੀ ਲੈ ਆਏ। ਉਨ੍ਹਾਂ ਵੱਲੋਂ ਜ਼ਾਰੀ ਕੀਤੇ ਅੱਠ ਫੁਰਮਾਨਾਂ ਨੇ ਖਾਲਸੇ ਨੂੰ ਨੁਹਾਰਿਆ। ਉਨ੍ਹਾਂ ਨੇ ਰਹਿੰਦੀ ਸਾਰੀ ਉਮਰ ਖਾਲਸੇ ਦੀ ਸੇਵਾ ਕੀਤੀ ਅਤੇ 66 ਸਾਲ ਦੀ ਉਮਰ ਵਿਚ ਦਿੱਲੀ ਵਿਚ ਅਕਾਲ ਚਲਾਣਾ ਕਰ ਗਏ ਜਿੱਥੇ ਉਨ੍ਹਾਂ ਦੀ ਯਾਦਗਾਰ ਬਣੀ ਹੋਈ ਹੈ।
Leave a Reply