ਗੁਲਜ਼ਾਰ ਸਿੰਘ ਸੰਧੂ
ਮੈਂ ਸ੍ਰੀ ਗੁਰੂ ਗੋਬਿਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਦਾ ਗਰੈਜੂਏਟ ਹਾਂ। ਇਹ ਸੰਸਥਾ ਪ੍ਰਿੰਸੀਪਲ ਹਰਭਜਨ ਸਿੰਘ (ਸਵਰਗਵਾਸੀ) ਦੀ ਦੇਣ ਹੈ। ਕੰਢੀ ਖੇਤਰ ਲਈ ਉਨ੍ਹਾਂ ਦਾ ਯੋਗਦਾਨ ਇਸੇ ਤਰ੍ਹਾਂ ਦਾ ਸੀ, ਜਿਹੋ ਜਿਹਾ ਅਣਵੰਡੇ ਪੰਜਾਬ ਲਈ ਦਿਆਲ ਸਿੰਘ ਮਜੀਠੀਆ ਦਾ। ਉਨ੍ਹਾਂ ਨੇ ਇਹ ਕਾਲਜ 1946 ਵਿਚ ਸਥਾਪਤ ਕੀਤਾ, ਜਿੱਥੇ ਮੈਂ 1949 ਤੋਂ 1953 ਦੌਰਾਨ ਵਿਦਿਆ ਪ੍ਰਾਪਤ ਕੀਤੀ। ਇਸ ਸੰਸਥਾ ਨੇ ਹੀ ਮੇਰੇ ਜੀਵਨ ਦੀ ਨੀਂਹ ਰੱਖੀ। ਮੈਂ ਆਪਣੇ ਜੀਵਨ ਦੇ 85 ਵਰ੍ਹਿਆਂ ਵਿਚੋਂ 70 ਵਰ੍ਹੇ ਇਸ ਖੇਤਰ ਤੋਂ ਦੂਰ ਰਿਹਾ ਹਾਂ-ਦਿੱਲੀ ਤੇ ਚੰਡੀਗੜ੍ਹ। ਫੇਰ ਵੀ ਜਦੋਂ ਦਾਅ ਲਗਦਾ ਹੈ, ਮੈਂ ਆਪਣੇ ਇਸ ਮੱਕੇ ਫੇਰੀ ਮਾਰਦਾ ਹਾਂ।
ਮੇਰੀ ਸੱਜਰੀ ਫੇਰੀ ਸਮੇਂ ਪ੍ਰਿੰ. ਪਰਵਿੰਦਰ ਸਿੰਘ ਦੇ ਦਫਤਰ ਵਿਚ ਸੇਵਾ ਮੁਕਤ ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ ਨਾਲ ਵੀ ਮੁਲਾਕਾਤ ਹੋਈ, ਜੋ ਕਾਲਜ ਨੂੰ ਚਲਾਉਣ ਵਾਲੀ ਸਿੱਖ ਵਿਦਿਅਕ ਕੌਂਸਲ ਦਾ ਮੀਤ ਪ੍ਰਧਾਨ ਹੈ। ਉਨ੍ਹਾਂ ਤੋਂ ਪਤਾ ਲੱਗਾ ਕਿ ਮੇਰੇ ਸਮੇਂ ਸਿਰਫ ਫੁਟਬਾਲ ਦੀ ਨਰਸਰੀ ਵਜੋਂ ਜਾਣੀ ਜਾਂਦੀ ਇਹ ਸੰਸਥਾ ਅੱਜ ਦੇ ਦਿਨ ਅਨੇਕਾਂ ਟੀਸੀਆਂ ਛੂਹ ਚੁਕੀ ਹੈ। ਖੂਬੀ ਇਹ ਕਿ ਇਥੇ ਮੇਰੇ ਸਮਿਆਂ ਦੇ ਅਰਜਨ ਅਵਾਰਡੀ ਫੁਟਬਾਲਰ ਜਰਨੈਲ ਸਿੰਘ ਪਨਾਮ ਤੇ ਗੁਰਦੇਵ ਸਿੰਘ ਗਿੱਲ ਨੂੰ ਅੱਜ ਵੀ ਮਾਣ ਨਾਲ ਚੇਤੇ ਕੀਤਾ ਜਾਂਦਾ ਹੈ।
ਪਿਛਲੇ ਦਿਨੀਂ ਜਦ ਪੰਜਾਬ ਯੂਨੀਵਰਸਿਟੀ ਦੀ ਅੰਤਰ-ਕਾਲਜ ਚੈਂਪੀਅਨਸ਼ਿਪ ਵਿਚ ਕਾਲਜ ਦੀ ਫੁੱਟਬਾਲ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤਾਂ ਮੈਨੂੰ ਆਪਣੇ ਸਮੇਂ ਦੇ ਫੁੱਟਬਾਲਰ ਚੇਤੇ ਆ ਗਏ। ਸ਼ਾਇਦ ਇਸ ਪ੍ਰਾਪਤੀ ਨੇ ਹੀ ਕਾਲਜ ਵਿਚ ਪ੍ਰਿੰਸੀਪਲ ਹਰਭਜਨ ਸਿੰਘ ਅਕਾਦਮੀ ਸਥਾਪਤ ਕਰਵਾਈ। ਮਾਰਚ 2019 ਵਿਚ ਬਣੀ ਇਸ ਅਕਾਦਮੀ ਵਿਚ 19 ਸਾਲ ਤੋਂ ਘੱਟ ਉਮਰ ਦੇ 26 ਖਿਡਾਰੀ ਹਨ। ਪਰਮਵੀਰ ਚੱਕਰ ਵਿਜੇਤਾ ਤੇ ਪੰਜਾਬ ਰਤਨ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਤੇ ਵੀਰ ਚੱਕਰ ਵਿਜੇਤਾ ਸਵਿੰਦਰ ਸਿੰਘ ਬੈਂਸ ਵੀ ਇਥੋਂ ਦੇ ਵਿਦਿਆਰਥੀ ਸਨ। ਸਿਵਲ ਤੇ ਪੁਲਿਸ ਸਰਵਿਸ ਵਾਲੇ ਮਹਿੰਦਰ ਸਿੰਘ (ਉਤਰ ਪ੍ਰਦੇਸ਼ ਦੇ ਚੀਫ ਸੈਕਟਰੀ), ਏ. ਐਸ਼ ਬੱਲ (ਡੀ. ਜੀ. ਪੀ.), ਜੇ. ਆਰ. ਅਹੀਰ (ਆਈ. ਜੀ. ਪੀ.) ਅਤੇ ਇਕਬਾਲ ਨਰਾਇਣ ਸੰਧੂ (ਡੀ. ਆਈ. ਜੀ.) ਵੀ ਇਸੇ ਸੰਸਥਾ ਤੋਂ ਪੜ੍ਹ ਕੇ ਉੱਚ ਅਹੁਦਿਆਂ ‘ਤੇ ਪਹੁੰਚੇ।
ਇਹ ਜਾਣ ਕੇ ਖੁਸ਼ੀ ਹੋਈ ਕਿ ਅੱਜ ਦੇ ਦਿਨ ਇਸ ਕਾਲਜ ਦੇ ਬੀ. ਐਸਸੀ, ਐਮ. ਐਸਸੀ (ਕੈਮਿਸਟਰੀ, ਫਿਜ਼ਿਕਸ) ਵਿਭਾਗਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਸਮੇਤ ਕਾਲਜ ਦੇ ਵਿੱਦਿਅਕ ਢਾਂਚੇ, ਖੇਡ ਗਤੀਵਿਧੀਆਂ, ਯੂਨੀਵਰਸਿਟੀ ਨਤੀਜੇ ਤੇ ਅਧਿਆਪਕਾਂ ਦੇ ਖੋਜ ਕਾਰਜਾਂ ਦੇ ਮੱਦੇਨਜ਼ਰ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੌਜੀ (ਨਵੀਂ ਦਿੱਲੀ) ਦੇ ਬਾਇਓਟੈਕਨੌਲੋਜੀ ਵਿਭਾਗ ਨੇ ਇਸ ਕਾਲਜ ਨੂੰ ਸਟਾਰ ਕਾਲਜ ਸਕੀਮ ਦਿੱਤੀ ਹੈ।
ਕਾਲਜ ਵਿਚ ਚੱਲ ਰਹੇ ਐਨ. ਸੀ. ਸੀ. ਅਤੇ ਐਨ. ਐਸ਼ ਐਸ਼ ਯੂਨਿਟ ਵੀ ਆਪਣੀਆਂ ਗਤੀਵਿਧੀਆਂ ਰਾਹੀਂ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਵੱਡੀ ਗੱਲ ਇਹ ਕਿ ਇਹ ਸੰਸਥਾ ਸਿੱਖੀ ਮਾਣ ਮਰਿਆਦਾ ਨਾਲ ਜੁੜੇ ਸਾਰੇ ਉਤਸਵਾਂ ਵਿਚ ਮੋਹਰੀ ਰੋਲ ਨਿਭਾਉਂਦੀ ਹੈ। ਹਾਲ ਹੀ ਵਿਚ ਪ੍ਰਥਮ ਪਾਤਿਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਵੀ। ਇਨ੍ਹਾਂ ਵਿਚ ਪ੍ਰਧਾਨਗੀ ਲਈ ਆਏ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਸਿਖਿਆ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਉਤੇ ਪਹਿਰਾ ਦੇਣ ਲਈ ਵੀ ਪ੍ਰੇਰਿਆ।
ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ Ḕਜੋਨ-ਏḔ ਦੇ 61ਵੇਂ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਵਿਚ ਇਸ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰ ਆਲ ਟਰਾਫੀ ਇਸ ਕਾਲਜ ਦੀ ਝੋਲੀ ਪਵਾਈ ਅਤੇ ਅੰਤਰ-ਖੇਤਰੀ ਯੁਵਕ ਤੇ ਵਿਰਾਸਤ ਮੇਲੇ ਵਿਚ ਮਹਿੰਦੀ ਸ਼ਿੰਗਾਰਨ ਮੁਕਾਬਲੇ ਵਿਚ ਕਾਲਜ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਸ਼ਾ ਵਿਭਾਗ ਵਲੋਂ ਕਰਵਾਏ ਗਏ ਜਿਲਾ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਵਿਦਿਆਰਥਣ ਲਵਜੀਤ ਕੌਰ ਨੇ 10,000 ਰੁਪਏ ਦਾ ਇਨਾਮ ਜਿੱਤਿਆ।
ਮੇਰੇ ਲਈ ਸਭ ਤੋਂ ਵੱਧ ਹੈਰਾਨੀ ਤੇ ਖੁਸ਼ੀ ਵਾਲੀ ਗੱਲ ਇਹ ਸੀ ਕਿ ਇਸ ਵੇਲੇ ਇਸ ਸੰਸਥਾ ਵਿਚ ਅੰਡਰ ਗਰੈਜੂਏਟ ਡਿਗਰੀ ਪ੍ਰੋਗਰਾਮ ਵਿਚ ਐਗਰੀਕਲਚਰ ਤੇ ਫੈਸ਼ਨ ਡਿਜ਼ਾਈਨਿੰਗ ਵੀ ਸ਼ਾਮਿਲ ਹਨ। ਇਹ ਵੀ ਕਿ ਹੁਣ ਇਥੇ ਐਮ. ਏ., ਐਮ. ਕਾਮ ਅਤੇ ਐਮ. ਐਸਸੀ. ਦੀ ਪੜ੍ਹਾਈ ਕਰਨ ਵਾਲਿਆਂ ਲਈ ਇਨਫਰਮੇਸ਼ਨ ਤਕਨਾਲੋਜੀ ਤੇ ਸੰਗੀਤ ਕਲਾ ਸਮੇਤ 10 ਵਿਸ਼ੇ ਪੜ੍ਹਨ ਦੀ ਸੁਵਿਧਾ ਹੈ। ਹੁਣ ਤਾਂ ਇਥੇ ਵੱਖ ਵੱਖ ਪੱਧਰ ‘ਤੇ ਬਾਗਬਾਨੀ, ਬੈਂਕਿੰਗ, ਹਾਰਡਵੇਅਰ, ਜਰਨਲਿਜ਼ਮ, ਪ੍ਰਿੰਟਿੰਗ ਤਕਨਾਲੋਜੀ, ਕਮੀਊਨੀਕੇਸ਼ਨ, ਐਨਰਜੀ ਮੈਨੇਜਮੈਂਟ, ਕੰਪਿਊਟਰ ਵਿਧੀਆਂ ਤੇ ਮਾਨਵੀ ਹੱਕਾਂ ਸਬੰਧੀ ਛੋਟੇ-ਵੱਡੇ ਕੋਰਸਾਂ ਦਾ ਪੂਰਾ ਪ੍ਰਬੰਧ ਹੈ। ਇਨ੍ਹਾਂ ਸੁਵਿਧਾਵਾਂ ਤੋ ਬਿਨਾ ਹੁਣ ਇਥੇ ਗਾਂਧੀ ਵਿਦਿਆ ਕੇਂਦਰ, ਅੰਬੇਦਕਰ ਵਿਦਿਆ ਕੇਂਦਰ ਤੇ ਇਸਤਰੀ ਵਿਦਿਆ ਕੇਂਦਰ ਵੀ ਸਥਾਪਤ ਹੋ ਚੁਕੇ ਹਨ। ਮੇਰੇ ਵੇਲੇ ਕਾਲਜ ਵਿਚ ਮਹਿਲਾ ਵਿਦਿਆਰਥੀਆਂ ਦੀ ਗਿਣਤੀ ਕੁਲ ਮਿਲਾ ਕੇ 50 ਤੋਂ ਵਧ ਨਹੀਂ ਹੋਣੀ, ਜੋ ਹੁਣ ਕਰੀਬ 1200 ਤੱਕ ਪਹੁੰਚ ਚੁਕੀ ਹੈ, ਜੋ ਮਰਦ ਵਿਦਿਆਰਥੀਆਂ ਦੇ ਟਾਕਰੇ ਵੱਧ ਹੈ।
ਜਾਂਦੇ ਜਾਂਦੇ ਇਹ ਵੀ ਦਸ ਦਿਆਂ ਕਿ ਪ੍ਰਸਿੱਧ ਪੰਜਾਬੀ ਸਾਹਿਤਕਾਰ ਅਜਾਇਬ ਕੰਵਲ, ਕਵੀ ਤੇ ਗਾਇਕ ਅਜੀਤ ਲੰਗੇਰੀ ਅਤੇ ਹਰਿਆਣਾ ਦਾ ਸੇਵਾ ਮੁਕਤ ਡੀ. ਜੀ. ਪੀ. ਹੰਸ ਰਾਜ ਸਵੈਨ ਵੀ ਮੇਰੇ ਵਾਂਗ ਇਸੇ ਕਾਲਜ ਦੇ ਵਿਦਿਆਰਥੀ ਸਨ ਤੇ ਮੈਥੋਂ ਦੋ ਸਾਲ ਪਿੱਛੋਂ ਵਾਲਾ ਅਮਰੀਕਾ ਨਿਵਾਸੀ ਵਿਦਿਆਰਥੀ ਯਸ਼ਦੀਪ ਬੈਂਸ ਸ਼ੇਕਸਪੀਅਰ ਦੇ ਵਿਦਵਾਨ ਤੇ ਗਿਆਤਾ ਵਜੋਂ ਸਾਰੇ ਸੰਸਾਰ ਵਿਚ ਜਾਣਿਆ ਜਾਂਦਾ ਹੈ। ਇਹ ਵੀ ਕਿ ਵੱਡੇ ਕਾਲਜਾਂ ਦੀ ਸਮੁੱਚੀ ਦੇਣ ਪਰਖਣ ਵਾਲੀ ਂAAਛ ਨੇ ਅਜੋਕੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਨੂੰ ਪ੍ਰਥਮ ਦਰਜਾ ਦਿੱਤਾ ਹੈ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਪ੍ਰਿੰਸੀਪਲ ਐਸੋਸੀਏਸ਼ਨ ਨੇ ਆਪਣਾ ਜਨਰਲ ਸਕੱਤਰ ਚੁਣ ਕੇ ਨਿਵਾਜਿਆ ਹੈ।
ਮੇਰਾ ਮਾਹਿਲਪੁਰ ਜ਼ਿੰਦਾਬਾਦ!
ਅੰਤਿਕਾ: ਸੁਸ਼ੀਲ ਦੁਸਾਂਝ
ਕਿਸੇ ਮੰਜ਼ਿਲ ਨੂੰ ਸਰ ਕਰਨਾ
ਕਦੇ ਮੁਸ਼ਕਿਲ ਨਹੀਂ ਹੁੰਦਾ,
ਹੈ ਲਾਜ਼ਿਮ ਸ਼ਰਤ ਇਹ
ਪੈਰੀਂ ਸੁਲਘਦਾ ਇੱਕ ਸਫਰ ਹੋਵੇ।