ਸ਼ਹਾਦਤਾਂ ਅਤੇ ਸਰਗਰਮੀ

ਦੇਸੀ ਮਹੀਨੇ ਪੋਹ ਦੀ ਸ਼ੁਰੂਆਤ, ਭਾਵ ਅੰਗਰੇਜ਼ੀ ਮਹੀਨੇ ਦਸੰਬਰ ਦੇ ਅੱਧ ਤੋਂ ਬਾਅਦ ਦਾ ਸਮਾਂ ਪੰਜਾਬ ਅਤੇ ਸਿੱਖ ਭਾਈਚਾਰੇ ਲਈ ਵਿਸ਼ੇਸ਼ ਅਰਥ ਰੱਖਦਾ ਹੈ। ਇਨ੍ਹਾਂ ਦਿਨਾਂ ਦੌਰਾਨ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਪੰਥ ਤੋਂ ਆਪਣਾ ਸਰਬੰਸ ਵਾਰਿਆ। ਚਾਰੇ ਸਾਹਿਜ਼ਾਦਿਆਂ ਅਤੇ ਮਾਤਾ ਗੁਜਰੀ ਦੀਆਂ ਸ਼ਹਾਦਤਾਂ ਸਿੱਖ ਇਤਿਹਾਸ ਦੇ ਸੋਨ-ਵਰਕਿਆਂ ਉਤੇ ਦਰਜ ਹੋ ਚੁਕੀਆਂ ਹਨ। ਇਨ੍ਹਾਂ ਦਿਨਾਂ ਵਿਚ ਜਦੋਂ ਕਹਿਰਾਂ ਦੀ ਠੰਢ ਅਸਮਾਨ ਵਿਚੋਂ ਝਰਦੀ ਹੈ ਤਾਂ ਇਨ੍ਹਾਂ ਜਿੰਦਾਂ ਦੀਆਂ ਸਰਗਰਮੀਆਂ ਦਾ ਨਿੱਘ ਪੂਰੇ ਮਾਹੌਲ ਨੂੰ ਨਿੱਘਾ ਕਰਦਾ ਪ੍ਰਤੀਤ ਹੁੰਦਾ ਹੈ। ਇਨ੍ਹਾਂ ਸ਼ਹਾਦਤਾਂ ਨੂੰ ਸਿਜਦਾ ਕਰਨ ਲਈ ਸੰਗਤ ਦੂਰ-ਦੂਰ ਤੋਂ ਵਹੀਰਾਂ ਘੱਤ ਕੇ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ/ਸਰਹਿੰਦ ਵਿਖੇ ਪਹੁੰਚਦੀ ਹੈ ਅਤੇ ਸ਼ਹਾਦਤਾਂ ਨੂੰ ਨਤਮਸਤਕ ਹੁੰਦੀ ਹੈ। ਇਹ ਵੀ ਚੰਗੀ ਗੱਲ ਹੋਈ ਹੈ ਕਿ ਸੰਗਤ ਅਤੇ ਕੁਝ ਸੁਘੜ ਵਿਦਵਾਨਾਂ ਦੀਆਂ ਕੋਸ਼ਿਸ਼ਾਂ ਸਦਕਾ ਇਹ ਜੋੜ-ਮੇਲ, ਜੋ ਕਦੀ ਭੁਲੇਖੇਵੱਸ ਜੋੜ-ਮੇਲਿਆਂ ਵਿਚ ਤਬਦੀਲ ਹੋ ਗਏ ਸਨ, ਹੁਣ ਮੁੜ ਪਹਿਲੇ ਰੂਪ ਵਿਚ ਬਦਲ ਰਹੇ ਹਨ ਅਤੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਹੋ ਰਹੇ ਹਨ। ਕਹਿਰਾਂ ਦੀ ਠੰਢ ਦੇ ਬਾਵਜੂਦ ਇਸ ਜੋੜ-ਮੇਲ ਵਿਚ ਵਿਚ ਸੰਗਤ ਦੀ ਭਰਪੂਰ ਸ਼ਿਰਕਤ ਦੱਸਦੀ ਹੈ ਕਿ ਸੰਗਤ ਦੇ ਦਿਲਾਂ ਅੰਦਰ ਇਨ੍ਹਾਂ ਸ਼ਹਾਦਤਾਂ ਦਾ ਰੰਗ ਕਿੰਨਾ ਗੂੜ੍ਹਾ ਚੜ੍ਹਿਆ ਹੋਇਆ ਹੈ। ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਇਹ ਬੇਮਿਸਾਲ ਸ਼ਹਾਦਤ ਸਾਡੇ ਇਤਿਹਾਸ ਦਾ ਬਹੁਤ ਅਹਿਮ ਅਧਿਆਇ ਹੈ ਅਤੇ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ੁਲਮ ਨਾਲ ਲੋਹਾ ਲੈਣ ਦਾ ਜਿਗਰਾ ਬਖਸ਼ਦੀ ਰਹੇਗੀ।
ਅੰਤਾਂ ਦੇ ਠੰਢੇ ਇਸ ਮੌਸਮ ਵਿਚ ਐਤਕੀਂ ਇਕ ਹੋਰ ਸਰਗਰਮੀ ਨਮੂਦਾਰ ਹੋਈ ਹੈ, ਜਿਸ ਦਾ ਘੇਰਾ ਪੰਜਾਬ ਹੀ ਨਹੀਂ, ਸਮੁੱਚੇ ਮੁਲਕ ਅੰਦਰ ਫੈਲਿਆ ਹੋਇਆ ਹੈ। ਜਦੋਂ ਤੋਂ ਕੇਂਦਰ ਦੀ ਹਿੰਦੂਤਵ ਪੱਖੀ ਮੋਦੀ ਸਰਕਾਰ ਨੇ ਕੌਮੀ ਨਾਗਰਿਕਤਾ ਰਜਿਸਟਰ (ਐਨ. ਆਰ. ਸੀ.) ਅਤੇ ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਦੇ ਮਸਲੇ ਛੇੜੇ ਹਨ, ਲੋਕ ਆਪਣੇ ਸਭ ਮੱਤਭੇਦ ਭੁਲਾ ਕੇ ਇਸ ਵਧੀਕੀ ਖਿਲਾਫ ਇਕਜੁਟ ਹੋਏ ਹਨ ਅਤੇ ਇਕ ਵਾਰ ਤਾਂ ਸ਼ਾਸਕਾਂ ਦੇ ਨਾਸੀਂ ਧੂੰਆਂ ਲਿਆ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਇਨ੍ਹਾਂ ਦੀ ਕਰਤਾ-ਧਰਤਾ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐਸ਼ ਐਸ਼) ਨੂੰ ਲਗਦਾ ਸੀ ਕਿ ਐਨ. ਆਰ. ਸੀ. ਅਤੇ ਸੀ. ਏ. ਏ. ਦੇ ਮਾਮਲਿਆਂ ‘ਤੇ ਲੋਕਾਂ ਨੂੰ ਗੁੰਮਰਾਹ ਕਰਕੇ ਘੱਟਗਿਣਤੀਆਂ ਨੂੰ ਖੂੰਜੇ ਲਾਇਆ ਜਾ ਸਕਦਾ ਹੈ, ਪਰ ਇਨ੍ਹਾਂ ਦੋਹਾਂ ਮਸਲਿਆਂ ‘ਤੇ ਲੋਕ ਜਿਸ ਢੰਗ ਨਾਲ ਸੜਕਾਂ ਉਤੇ ਨਿੱਤਰੇ ਅਤੇ ਸਰਕਾਰ ਨੂੰ ਸਖਤ ਸੁਨੇਹਾ ਦਿੱਤਾ ਹੈ ਤਾਂ ਇਨ੍ਹਾਂ ਹਿੰਦੂਤਵਵਾਦੀਆਂ ਨੂੰ ਇਕ ਵਾਰ ਤਾਂ ਪਿਛਾਂਹ ਹਟਣ ਲਈ ਮਜਬੂਰ ਹੋਣਾ ਪੈ ਗਿਆ ਹੈ। ਕਿਥੇ ਤਾਂ ਅਮਿਤ ਸ਼ਾਹ ਆਪਣੀ ਰੈਲੀਆਂ ਵਿਚ ਅਤੇ ਸੰਸਦ ਵਿਚ ਵੀ ਟਾਹਰਾਂ ਮਾਰ ਰਿਹਾ ਸੀ ਕਿ ਐਨ. ਆਰ. ਸੀ. ਪੂਰੇ ਮੁਲਕ ਵਿਚ ਲਾਗੂ ਕਰਕੇ ਕਥਿਤ ਘੁਸਪੈਠੀਆਂ ਨੂੰ ਮੁਲਕ ਵਿਚੋਂ ਬਾਹਰ ਕੱਢਿਆ ਜਾਵੇਗਾ, ਤੇ ਕਿੱਥੇ ਹੁਣ ਪ੍ਰਧਾਨ ਮੰਤਰੀ ਨੂੰ ਸਫਾਈਆਂ ਦੇਣੀਆਂ ਪੈ ਰਹੀਆਂ ਹਨ ਕਿ ਐਨ. ਆਰ. ਸੀ. ਪੂਰੇ ਮੁਲਕ ਵਿਚ ਕਰਵਾਉਣ ਬਾਰੇ ਤਾਂ ਅਜੇ ਕਿਤੇ ਕੋਈ ਗੱਲ ਵੀ ਨਹੀਂ ਤੁਰੀ ਹੈ ਅਤੇ ਨਾ ਹੀ ਕਿਸੇ ਮੰਚ ‘ਤੇ ਇਸ ਬਾਰੇ ਕੋਈ ਚਰਚਾ ਹੋਈ ਹੈ। ਭਾਵੇਂ ਇਸ ਮਸਲੇ ‘ਤੇ ਮੀਡੀਆ ਨੇ ਪ੍ਰਧਾਨ ਮੰਤਰੀ ਨੂੰ ‘ਸਿਰੇ ਦਾ ਝੂਠਾ’ ਕਰਾਰ ਦਿੱਤਾ ਹੈ, ਪਰ ਇਕ ਗੱਲ ਸਾਫ ਹੈ ਕਿ ਹਿੰਦੂਤਵਵਾਦੀ ਮੁਲਕ ਦੇ ਲੋਕਾਂ ਨਾਲ ਇੰਨੀ ਵੀ ਵਧੀਕੀ ਨਹੀਂ ਕਰ ਸਕਦੇ।
ਇਸ ਅਹਿਮ ਮਸਲੇ ‘ਤੇ ਪੰਜਾਬ ਨੇ ਆਪਣੀ ਭਰਵੀਂ ਹਾਜ਼ਰੀ ਲੁਆਈ ਹੈ। ਇਸ ਮਾਮਲੇ ‘ਤੇ ਤਾਂ ਹੁਣ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਿਛਾਂਹ ਮੁੜਨਾ ਪੈ ਗਿਆ ਹੈ। ਇਸ ਮਸਲੇ ‘ਤੇ ਅਕਾਲੀ ਦਲ ਨੇ ਸੰਸਦ ਵਿਚ ਹਿੰਦੂਤਵਵਾਦੀਆਂ ਦੀ ਹਮਾਇਤ ਕੀਤੀ ਸੀ, ਪਰ ਜਦੋਂ ਸਮੁੱਚੇ ਮੁਲਕ ਵਿਚ ਲੋਕਾਂ ਦਾ ਰੁਖ ਦੇਖਿਆ ਤਾਂ ਇਸ ਨੂੰ ਵੀ ਕੇਂਦਰ ਸਰਕਾਰ ਨੂੰ ਸਵਾਲ ਕਰਨੇ ਪੈ ਗਏ। ਇਹ ਅਸਲ ਵਿਚ ਲੋਕਾਂ ਦੇ ਏਕੇ ਦੀ ਜਿੱਤ ਹੋਈ ਹੈ ਅਤੇ ਹਾਲ ਹੀ ਵਿਚ ਝਾਰਖੰਡ ਵਿਚ ਹੋਈ ਵਿਧਾਨ ਸਭਾ ਦੀ ਚੋਣ ਇਸ ਮਾਮਲੇ ਵਿਚ ਸੋਨੇ ‘ਤੇ ਸੁਹਾਗਾ ਸਾਬਤ ਹੋਈ ਹੈ। ਇਸ ਵਿਧਾਨ ਸਭਾ ਚੋਣ ਵਿਚ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਬੁਰੀ ਪਛਾੜ ਪਈ ਹੈ। ਇਸ ਚੋਣ ਦੌਰਾਨ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਨਾਗਰਿਕਤਾ ਰਜਿਸਟਰ ਅਤੇ ਨਾਗਰਿਕਤਾ ਸੋਧ ਬਿਲ ਦੇ ਮਾਮਲੇ ਬਹੁਤ ਜ਼ੋਰ-ਸ਼ੋਰ ਨਾਲ ਪ੍ਰਚਾਰੇ ਸਨ, ਪਰ ਉਥੋਂ ਦੀ ਜਨਤਾ ਨੇ ਜੋ ਨਤੀਜਾ ਬਾਹਰ ਲਿਆਂਦਾ ਹੈ, ਉਸ ਨੇ ਸਾਫ ਸੁਨੇਹਾ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਇਉਂ ਮਨਆਈ ਨਹੀਂ ਕਰ ਸਕਦੀ। ਵਿਰੋਧੀ ਸਿਆਸੀ ਧਿਰਾਂ ਦੇ ਏਕੇ ਨੇ ਭਾਰਤੀ ਜਨਤਾ ਪਾਰਟੀ ਦੀ ਇਕ ਨਹੀਂ ਚੱਲਣ ਦਿੱਤੀ। ਹੁਣ ਮੁਲਕ ਦਾ ਸੀਨ ਬਿਲਕੁਲ ਸਾਫ ਹੈ। ਜਿਥੇ-ਜਿਥੇ ਵਿਰੋਧੀ ਧਿਰ ਨੇ ਇਕਜੁੱਟ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਵੰਗਾਰਿਆ ਹੈ, ਉਥੇ-ਉਥੇ ਹਿੰਦੂਤਵੀ ਰਥ ਨੂੰ ਬਰੇਕਾਂ ਲੱਗੀਆਂ ਹਨ। ਅਜਿਹਾ ਉਸ ਸੂਰਤ ਵਿਚ ਹੋਇਆ ਹੈ, ਜਦੋਂ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਨੂੰ ਆਪਸ ਵਿਚ ਵੰਡ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਅਸਲ ਵਿਚ ਹਿੰਦੂਤਵਵਾਦੀਆਂ ਦੇ ਰਾਜਭਾਗ ਦੌਰਾਨ ਮੁਲਕ ਦੀ ਆਰਥਕਤਾ ਦਾ ਜੋ ਹਾਲ ਹੋਇਆ ਹੈ ਅਤੇ ਆਮ ਲੋਕਾਂ ਤੋਂ ਜਿਸ ਤਰ੍ਹਾਂ ਇਕ-ਇਕ ਕਰਕੇ ਸਭ ਸਹੂਲਤਾਂ ਖੁੱਸ ਰਹੀਆਂ ਹਨ, ਉਸ ਨੇ ਸਰਕਾਰ ਖਿਲਾਫ ਇਹ ਰਾਏ ਬਣਾ ਦਿੱਤੀ ਹੈ ਕਿ ਇਹ ਸਰਕਾਰ ਆਮ ਲੋਕਾਂ ਵਲ ਉਕਾ ਹੀ ਧਿਆਨ ਨਹੀਂ ਦੇ ਰਹੀ ਹੈ, ਸਿਰਫ ਰਾਸ਼ਟਰਵਾਦ ਦਾ ਪ੍ਰਚਾਰ ਕਰਕੇ ਚੋਣਾਂ ਜਿੱਤਦੀ ਹੈ। ਇਸ ਪੱਖ ਤੋਂ ਇਕ ਨੁਕਤਾ ਹੋਰ ਵੀ ਹੈ। ਭਾਰਤੀ ਜਨਤਾ ਪਾਰਟੀ ਨੂੰ ਦਿਨੇ ਤਾਰੇ ਦਿਖਾਉਣ ਦਾ ਕਾਰਜ ਮੁੱਖ ਵਿਰੋਧੀ ਧਿਰ ਮੰਨੀ ਜਾਂਦੀ ਕਾਂਗਰਸ ਦੀ ਥਾਂ ਖੇਤਰੀ ਪਾਰਟੀਆਂ ਜਾਂ ਲੀਡਰਾਂ ਨੇ ਕੀਤਾ ਹੈ। ਇਸ ਲਈ ਇਹ ਸੰਭਵ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਮੁਲਕ ਵਿਚ ਇਕ ਵਾਰ ਫਿਰ ਖੇਤਰੀ ਸਿਆਸਤ ਦੀ ਚੜ੍ਹਤ ਹੋਵੇ। ਇਸ ਸੂਰਤ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਵੱਕਾਰ ਇਕ ਵਾਰ ਫਿਰ ਦਾਅ ਉਤੇ ਲੱਗੇਗਾ।