ਨਵੀਂ ਦਿੱਲੀ: ਇਥੋਂ ਦੀ ਅਦਾਲਤ ਨੇ 29 ਸਾਲ ਪੁਰਾਣੇ 1984 ਦੇ ਸਿੱਖ ਕਤਲ-ਏ-ਆਮ ਮਾਮਲੇ ਵਿਚ ਪੰਜ ਦੋਸ਼ੀਆਂ ਵਿਚੋਂ ਤਿੰਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਦਕਿ ਦੋ ਨੂੰ ਤਿੰਨ-ਤਿੰਨ ਸਾਲਾਂ ਦੀ ਸਜ਼ਾ ਸੁਣਾ ਕੇ ਉਨ੍ਹਾਂ ਦੀਆਂ ਜ਼ਮਾਨਤਾਂ ਮਨਜ਼ੂਰ ਕਰ ਲਈਆਂ। ਜ਼ਿਲ੍ਹਾ ਤੇ ਸੈਸ਼ਨ ਜੱਜ ਜੇæਆਰæ ਆਰੀਅਨ ਸੀæਬੀæਆਈæ ਵੱਲੋਂ ਬਲਵਾਨ ਖੋਖਰ, ਗਿਰਧਾਰੀ ਲਾਲ ਤੇ ਕੈਪਟਨ ਭਾਗਮਲ ਲਈ ਸਜ਼ਾ-ਏ-ਮੌਤ ਦੀ ਕੀਤੀ ਮੰਗ ਠੁਕਰਾਉਂਦਿਆਂ ਇਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਇਨ੍ਹਾਂ ਤਿੰਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਨ੍ਹਾਂ ਨੇ ਯੋਜਨਾਬੱਧ ਢੰਗ ਨਾਲ ਫਿਰਕੂ ਦੰਗੇ ਤੇ ਧਾਰਮਿਕ ਕਤਲ-ਏ-ਆਮ ਕਰਵਾਏ। ਅਦਾਲਤ ਨੇ ਸਾਬਕਾ ਕੌਂਸਲਰ ਮਹਿੰਦਰ ਯਾਦਵ ਤੇ ਸਾਬਕਾ ਵਿਧਾਇਕ ਕਿਸ਼ਨ ਖੋਖਰ ਨੂੰ ਦੰਗੇ ਕਰਨ ਦੇ ਦੋਸ਼ ਹੇਠ ਤਿੰਨ ਸਾਲਾਂ ਦੀ ਸਜ਼ਾ ਸੁਣਾਈ ਤੇ ਨਾਲ ਹੀ ਦੋਵਾਂ ਦੀ ਅਦਾਲਤ ਨੇ ਜ਼ਮਾਨਤ ਵੀ ਮਨਜ਼ੂਰ ਕਰ ਲਈ। ਇਨ੍ਹਾਂ ਪੰਜਾਂ ਨੂੰ 31 ਅਕਤੂਬਰ 1984 ਵਿਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਭੜਕੇ ਦੰਗਿਆਂ ਵਿਚ ਕੇਹਰ ਸਿੰਘ, ਗੁਰਪ੍ਰੀਤ ਸਿੰਘ, ਰਘੁਵੀਰ ਸਿੰਘ, ਨਰਿੰਦਰਪਾਲ ਸਿੰਘ ਤੇ ਕੁਲਦੀਪ ਸਿੰਘ ਦੀ ਹੱਤਿਆ ਨਾਲ ਸਬੰਧ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਇਨ੍ਹਾਂ ਇਕ ਹੀ ਪਰਿਵਾਰ ਦੇ ਮੈਂਬਰਾਂ ਦੀ ਦਿੱਲੀ ਛਾਉਣੀ ਇਲਾਕੇ ਵਿਚ ਸਥਿਤ ਰਾਜਨਗਰ ਵਿਚ ਦੰਗਾਕਾਰੀਆਂ ਨੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਵੀ ਮੁਲਜ਼ਮ ਸੀ ਪਰ ਉਸ ਨੂੰ ਅਦਾਲਤ ਨੇ 30 ਅਪਰੈਲ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਸੀ। ਅਦਾਲਤ ਨੇ ਬਲਵਾਨ ਖੋਖਰ, ਗਿਰਧਾਰੀ ਲਾਲ ਤੇ ਕੈਪਟਨ ਭਾਗਮਲ ਨੂੰ ਆਈਪੀਸੀ ਦੀ ਧਾਰਾ 312 ਤਹਿਤ ਤੇ ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਨੂੰ ਸਿਰਫ ਦੰਗਿਆਂ ਦਾ ਦੋਸ਼ੀ ਕਰਾਰ ਦਿੱਤਾ।
ਸਜ਼ਾ ਤੈਅ ਕਰਨ ਮੌਕੇ ਦਲੀਲ ਦਿੰਦਿਆਂ ਸੀਬੀਆਈ ਦੇ ਵਕੀਲ ਆਰæਐਸ਼ ਚੀਮਾ ਨੇ ਕਿਹਾ ਕਿ ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤੇ ਗਏ ਦੰਗੇ ਸਨ ਜਿਸ ਵਿਚ ਪੀੜਤਾਂ ਨੂੰ ਅਲੱਗ-ਥਲੱਗ ਕੀਤਾ ਗਿਆ। ਇਹ ਧਾਰਮਿਕ ਜਿਸ ਵਿਚ ਸਿੱਖਾਂ ਚੁਣ-ਚੁਣ ਕੇ ਮਾਰਿਆ ਗਿਆ। ਜਿਹੜੇ ਖੇਤਰਾਂ ਵਿਚ ਸਿੱਖਾਂ ਦਾ ਕਤਲ ਕੀਤਾ ਗਿਆ, ਉਥੇ ਪੀੜਤ ਮੁੜ ਕੇ ਨਹੀਂ ਗਏ। ਉਨ੍ਹਾਂ ਕਿਹਾ ਕਿ ਪੀੜਤ ਪੂਰੀ ਤਰ੍ਹਾਂ ਨਿਰਦੋਸ਼ ਸਨ। ਉਨ੍ਹਾਂ ਨੇ ਕਿਸੇ ਨੂੰ ਵੀ ਨਹੀਂ ਭੜਕਾਇਆ। ਇਸ ਮੌਕੇ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੇ ਮਕਾਨ ਫੂਕ ਦਿੱਤੇ ਗਏ। ਨਾਲ ਹੀ ਸਿੱਖਾਂ ਨੂੰ ਅੱਗ ਨਾਲ ਸਾੜ ਕੇ ਉਨ੍ਹਾਂ ਦੀ ਪਛਾਣ ਵੀ ਖਤਮ ਕਰ ਦਿੱਤੀ ਗਈ। ਸ਼ ਚੀਮਾ ਨੇ ਕਿਹਾ ਕਿ ਪੀੜਤਾਂ ਦੀ ਪਛਾਣ ਸਿਰਫ ਕੱਪੜਿਆਂ ਤੇ ਕੇਹਰ ਸਿੰਘ ਦੇ ਸਿਰ ਤੋਂ ਹੋਈ ਜਿਸ ਨੂੰ ਦੋਸ਼ੀਆਂ ਨੇ ਕੁਚਲ ਦਿੱਤਾ ਸੀ। ਪੀੜਤ ਪਰਿਵਾਰ ਦੇ ਸਾਰੇ ਮਰਦ ਕਤਲ ਕੀਤੇ ਜਾਣ ਮਗਰੋਂ ਪਰਿਵਾਰ ਵਿਚ ਸਿਰਫ ਵਿਧਵਾਵਾਂ ਤੇ ਅਨਾਥ ਬੱਚੇ ਰਹਿ ਗਏ ਜਿਨ੍ਹਾਂ ਕੋਲ ਰੋਟੀ ਦਾ ਕੋਈ ਸਾਧਨ ਨਹੀਂ ਸੀ।
ਦੂਜੇ ਪਾਸੇ ਬਚਾਅ ਧਿਰ ਦੇ ਵਕੀਲ ਅਨਿਲ ਸ਼ਰਮਾ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲਾਂ ਦਾ ਕਤਲ-ਏ-ਆਮ ਵਿਚ ਸਿੱਧਾ ਹੱਥ ਹੋਣਾ ਸਾਬਤ ਨਹੀਂ ਹੁੰਦਾ। ਇਸ ਕਰਕੇ ਉਨ੍ਹਾਂ ਨੂੰ ਸਜ਼ਾ-ਏ-ਮੌਤ ਨਹੀਂ ਦਿੱਤੀ ਜਾ ਸਕਦੀ। ਕੈਪਟਨ ਭਾਗਮਲ, ਇਸ ਵੇਲੇ 85 ਸਾਲਾਂ ਦਾ ਹੈ ਤੇ ਉਹ ਕਤਲ-ਏ-ਆਮ ਵੇਲੇ ਸਰਕਾਰੀ ਮੁਲਾਜ਼ਮ ਸੀ। ਉਸ ਨੂੰ ਗੁੰਡਾ ਨਹੀਂ ਕਿਹਾ ਜਾ ਸਕਦਾ। ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਬਾਰੇ ਉਸ ਨੇ ਕਿਹਾ ਇਨ੍ਹਾਂ ਨੂੰ ਪ੍ਰੋਬੇਸ਼ਨ ‘ਤੇ ਛੱਡ ਦਿੱਤਾ ਜਾਵੇ ਕਿਉਂਕਿ ਇਹ ਮਾਮਲੇ ਦੀ ਸੁਣਵਾਈ ਦੌਰਾਨ ਕਾਫੀ ਖੱਜਲ ਹੋ ਚੁੱਕੇ ਹਨ। ਇਸ ‘ਤੇ ਸੀæਬੀæਆਈæ ਵਕੀਲ ਨੇ ਕਿਹਾ ਕਿ ਇਹ ਪ੍ਰੋਬੇਸ਼ਨ ਦਾ ਮਾਮਲਾ ਹੀ ਨਹੀਂ ਬਣਦਾ ਹੈ, ਜੇਕਰ ਇਹ ਮਾਮਲਾ ਪ੍ਰੋਬੇਸ਼ਨ ਦਾ ਬਣਦਾ ਹੈ ਤਾਂ ਮੌਤ ਦੀ ਸਜ਼ਾ ਕਿਸ ਕੇਸ ਵਿਚ ਦਿੱਤੀ ਜਾ ਸਕਦੀ ਹੈ।
Leave a Reply