ਲੋਕ ਰੋਹ ਨੇ ਮੋਦੀ ਸਰਕਾਰ ਦੀ ਜੜ੍ਹਾਂ ਹਿਲਾਈਆਂ

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਮਾਮਲੇ ਉਤੇ ਮੋਦੀ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਇਕ ਪਾਸੇ ਪੂਰੇ ਮੁਲਕ ਵਿਚ ਉਠੇ ਰੋਹ ਨੇ ਭਾਜਪਾ ਨੂੰ ਗੋਡਿਆਂ ਪਰਨੇ ਕਰ ਦਿੱਤਾ ਹੈ, ਦੂਜੇ ਪਾਸੇ ਭਾਈਵਾਲ ਧਿਰਾਂ ਵੀ ਸਾਥ ਛੱਡ ਗਈਆਂ ਹਨ। ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕੁਝ ਉਤਰ-ਪੂਰਬੀ ਸੂਬਿਆਂ ਨੂੰ ਛੱਡ ਕੇ ਬਾਕੀ ਸਾਰੇ ਗੈਰ-ਭਾਜਪਾ ਸਰਕਾਰ ਵਾਲੇ ਸੂਬੇ ਤਜਵੀਜ਼ਤ ਐਨ.ਆਰ.ਸੀ. (ਨੈਸ਼ਨਲ ਰਜਿਸਟਰ ਆਫ ਸਿਟੀਜ਼ਨ) ਦੀ ਮੁਖਾਲਫਤ ਕਰ ਰਹੇ ਹਨ।

ਇਥੋਂ ਤੱਕ ਕਿ ਪੰਜਾਬ ਦੇ ਮਸਲਿਆਂ ਨੂੰ ਦਰਕਿਨਾਰ ਕਰਕੇ ਹਰ ਮੁੱਦੇ ਉਤੇ ਭਾਜਪਾ ਦਾ ਸਾਥ ਦੇਣ ਵਾਲਾ ਭਾਈਵਾਲ ਅਕਾਲੀ ਦਲ ਬਾਦਲ ਵੀ ਕੁਝ ਵੱਖਰੇ ਸੁਰ ਅਲਾਪ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਗਰਿਕਤਾ ਐਕਟ ਵਿਚ ਮੁਸਲਿਮ ਭਾਈਚਾਰੇ ਨੂੰ ਥਾਂ ਦੇਣ ਦੀ ਮੰਗ ਉਤੇ ਅੜ ਗਿਆ ਹੈ। ਬਿਹਾਰ ਵਿਚ ਭਾਜਪਾ ਦੇ ਭਾਈਵਾਲ ਜਨਤਾ ਦਲ (ਯੂ.) ਨੇ ਸਾਫ ਕਹਿ ਦਿੱਤਾ ਹੈ ਕਿ ਸੂਬੇ ‘ਚ ਕੌਮੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.)ਲਾਗੂ ਨਹੀਂ ਕੀਤਾ ਜਾਵੇਗਾ। ਸ਼ਿਵ ਸੈਨਾ ਸਮੇਤ ਹੋਰ ਧਿਰਾਂ ਵੀ ਭਾਜਪਾ ਤੋਂ ਕਿਨਾਰਾ ਕਰ ਗਈਆਂ ਹਨ। ਅਜਿਹੇ ਹਾਲਾਤ ਵਿਚ ਮੋਦੀ ਸਰਕਾਰ ਇਸ ਬਿੱਲ ਉਤੇ ਇਕੱਲੀ ਪੈ ਗਈ ਹੈ।
ਦਰਅਸਲ, ਨਾਗਰਿਕਤਾ ਸੋਧ ਕਾਨੂੰਨ ਦਾ ਪ੍ਰਤੀਕਰਮ ਦੇਸ਼ ਭਰ ਵਿਚ ਇੰਨਾ ਗੰਭੀਰ ਹੋਵੇਗਾ, ਇਸ ਦਾ ਅੰਦਾਜ਼ਾ ਸ਼ਾਇਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਨਹੀਂ ਸੀ ਕਿਉਂਕਿ ਜੰਮੂ ਕਸ਼ਮੀਰ ਵਿਚ ਹਾਲ ਹੀ ਵਿਚ ਖਤਮ ਕੀਤੀ ਧਾਰਾ 370 ਪਿੱਛੋਂ ਮੋਦੀ ਸਰਕਾਰ ਦੇ ਹੌਸਲੇ ਬੁਲੰਦ ਸਨ। ਸਰਕਾਰ, ਫੌਜੀ ਤਾਕਤ ਨਾਲ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਿਚ ਸਫਲ ਰਹੀ ਅਤੇ ਦਾਅਵਾ ਕੀਤਾ ਜਾਂਦਾ ਰਿਹਾ ਕਿ ਵਾਦੀ ਦੇ ਲੋਕ ਸਰਕਾਰ ਦੇ ਫੈਸਲੇ ਤੋਂ ਖੁਸ਼ ਹਨ। ਇਹੀ ਰਣਨੀਤੀ ਨਾਗਰਿਕਤਾ ਸੋਧ ਬਿੱਲ ਤੋਂ ਬਾਅਦ ਅਪਣਾਈ ਗਈ। ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਵਿਚ ਪੁਲਿਸ ਵਾੜ ਕੇ ਵਿਦਿਆਰਥੀਆਂ ਨੂੰ ਲਹੂ-ਲੁਹਾਣ ਕਰਨਾ ਇਸੇ ਰਣਨੀਤੀ ਦਾ ਹਿੱਸਾ ਸੀ ਪਰ ਇਸ ਵਾਰ ਮੋਦੀ ਸਰਕਾਰ ਦੀ ਰਣਨੀਤੀ ਪੁੱਠੀ ਪੈ ਗਈ ਤੇ ਸਾਰਾ ਦੇਸ਼ ਇਕ ਜ਼ੁਲਮ ਖਿਲਾਫ ਉਠ ਖਲੋਤਾ। ਮੌਕਾ ਵੇਖ ਭਾਜਪਾ ਦੀਆਂ ਭਾਈਵਾਲ ਧਿਰਾਂ ਨੇ ਵੀ ਪਾਲੇ ਬਦਲ ਲਏ। ਹੁਣ ਭਾਜਪਾ ਸਰਕਾਰ ਬੁਰੀ ਤਰ੍ਹਾਂ ਫਸ ਗਈ ਹੈ।
ਦਰਅਸਲ, 2014 ਵਿਚ ਕੇਂਦਰ ਵਿਚ ਮੋਦੀ ਸਰਕਾਰ ਦੇ ਬਣਦਿਆਂ ਹੀ ਇਸ ‘ਤੇ ਫਿਰਕੂ ਰੰਗ ਵਿਚ ਰੰਗਿਆ ਹੋਣ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਸਨ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਇਹ ਇਲਜ਼ਾਮ ਵਧਦੇ ਗਏ ਪਰ ਮੋਦੀ ਸਰਕਾਰ ਇਨ੍ਹਾਂ ਪ੍ਰਤੀ ਬੇਪਰਵਾਹ ਰਹੀ। ਇਨ੍ਹਾਂ ਨੀਤੀਆਂ ਵਿਚ ਜਿਉਂ-ਜਿਉਂ ਉਸ ਨੂੰ ਸਫਲਤਾ ਮਿਲਦੀ ਗਈ, ਇਸ ਦੇ ਆਗੂਆਂ ਦੇ ਹੌਸਲੇ ਵਧਦੇ ਗਏ। ਇਸੇ ਹੀ ਪਿਛੋਕੜ ਵਿਚ ਨਾਗਰਿਕਤਾ ਸੋਧ ਕਾਨੂੰਨ ਨੂੰ ਦੇਖਿਆ ਜਾ ਸਕਦਾ ਹੈ।
ਨਾਗਰਿਕਤਾ ਸੋਧ ਕਾਨੂੰਨ ਦੇ ਬਣਨ ਤੋਂ ਬਾਅਦ ਜਿਸ ਤਰ੍ਹਾਂ ਦੇਸ਼ ਭਰ ਵਿਚ ਰੋਸ ਮੁਜ਼ਾਹਰੇ ਸ਼ੁਰੂ ਹੋਏ, ਯੂਨੀਵਰਸਿਟੀਆਂ ਦੇ ਵਿਦਿਆਰਥੀ, ਸਿਆਸੀ ਆਗੂ, ਸਮਾਜਿਕ ਕਾਰਕੁਨ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਵਿਰੋਧ ਜਤਾਉਣਾ ਸ਼ੁਰੂ ਕੀਤਾ ਹੈ, ਇਸ ਦੇ ਨਾਲ ਹੀ ਕਈਆਂ ਥਾਂਵਾਂ ‘ਤੇ ਹਿੰਸਕ ਵਾਰਦਾਤਾਂ ਵੀ ਹੋਣ ਲੱਗੀਆਂ ਹਨ, ਉਨ੍ਹਾਂ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਿਲਸਿਲਾ ਹੁਣ ਛੇਤੀ ਰੁਕਣ ਵਾਲਾ ਨਹੀਂ ਹੈ।