ਚੰਡੀਗੜ੍ਹ: ਕੈਪਟਨ ਸਰਕਾਰ ਵਿਚ ਅੰਦਰੂਨੀ ਖਿੱਚੋਤਾਣ ਰੁਕਣ ਦਾ ਨਾਮ ਨਹੀਂ ਲੈ ਰਹੀ। ਨਿੱਤ ਦਿਨ ਕੈਪਟਨ ਦੇ ਮੰਤਰੀ ਆਪਣੀ ਹੀ ਸਰਕਾਰ ਉਤੇ ਸਵਾਲ ਚੁੱਕੇ ਕੇ ਨਵਾਂ ਵਿਵਾਦ ਖੜ੍ਹਾ ਕਰ ਰਹੇ ਹਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਥੇ ਬੇਅਦਬੀ ਮਾਮਲਿਆਂ ਉਤੇ ਆਪਣੀ ਹੀ ਸਰਕਾਰ ਨੂੰ ਘੇਰ ਚੁੱਕੇ ਹਨ, ਉਥੇ ਹੁਣ ਕਾਂਗਰਸ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਵਿੱਤ ਵਿਭਾਗ ਦੇ ਕੰਮ-ਕਾਜ ਉਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿਸ ਪਿੱਛੋਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੋੜਵਾਂ ਜਵਾਬ ਦਿੱਤਾ ਹੈ।
ਰਵਨੀਤ ਬਿੱਟੂ ਦੇ ਬਿਆਨ ਉਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਨੂੰ ਹਰ ਜਗ੍ਹਾ ਚੁੱਕਣਾ ਠੀਕ ਨਹੀਂ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੀਡੀਆ ਸਾਹਮਣੇ ਵਿੱਤ ਮੰਤਰਾਲੇ ਉਤੇ ਸਵਾਲ ਚੁੱਕਣੇ ਸਹੀ ਨਹੀਂ ਹਨ, ਜੇਕਰ ਉਨ੍ਹਾਂ ਨੂੰ ਮੇਰੇ ਉਤੇ ਵਿਸ਼ਵਾਸ ਨਹੀਂ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਜਾਂ ਪਾਰਟੀ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਕੇ ਆਪਣੀ ਗੱਲ ਰੱਖ ਸਕਦੇ ਹਨ।
ਦੱਸਣਯੋਗ ਹੈ ਕਿ ਬਿੱਟੂ ਨੇ ਕਾਂਗਰਸ ਸਰਕਾਰ ਦੇ ਮਾੜੇ ਅਕਸ ਲਈ ਸਿੱਧੇ ਤੌਰ ਉਤੇ ਮਨਪ੍ਰੀਤ ਬਾਦਲ ਨੂੰ ਜ਼ਿੰਮੇਵਾਰ ਦੱਸਿਆ ਸੀ। ਬਿੱਟੂ ਨੇ ਆਖਿਆ ਕਿ ਵਿੱਤ ਮੰਤਰੀ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਨਿਭਾਅ ਸਕੇ ਹਨ। ਆਮ ਲੋਕ ਇਸ ਲਈ ਦੁਖੀ ਹਨ ਕਿਉਂਕਿ ਜ਼ਿਆਦਾਤਰ ਵਿਕਾਸ ਕਾਰਜ ਨਹੀਂ ਹੋ ਰਹੇ। ਵਿਧਾਇਕ ਜਾਂ ਅਧਿਕਾਰੀ ਕਾਂਗਰਸੀ ਵਰਕਰਾਂ ਨੂੰ ਕੰਮ ਕਰਨ ਤੋਂ ਜਵਾਬ ਦੇ ਰਹੇ ਹਨ। ਇਸ ਲਈ ਵਰਕਰਾਂ ‘ਚ ਵੀ ਰੋਸ ਹੈ। ਜਿਸ ਦਾ ਸਪੱਸ਼ਟ ਤੌਰ ਉਤੇ ਕਾਰਨ ਫੰਡਾਂ ਦੀ ਘਾਟ ਹੀ ਹੈ। ਜੇਕਰ ਹਰੇਕ ਵਿਧਾਇਕ ਜਾਂ ਵਿਭਾਗਾਂ ਨੂੰ ਲੋੜੀਂਦੇ ਫੰਡ ਮਿਲੇ ਹੁੰਦੇ ਤਾਂ ਵਰਕਰ ਤੇ ਵਿਧਾਇਕ ਲੋਕਾਂ ਦੇ ਕੰਮ ਕਰਵਾ ਸਕਦੇ ਸਨ ਪਰ ਅਜਿਹਾ ਨਹੀਂ ਹੋ ਸਕਿਆ।
ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਲੰਬੇ ਹੱਥੀਂ ਲੈਂਦਿਆਂ ਇਹ ਵੀ ਕਹਿ ਦਿੱਤਾ ਕਿ ਨਵੇਂ ਬਣੇ ਕਾਂਗਰਸੀਆਂ ਦਾ ਚੋਟੀ ਦੇ ਮੰਤਰੀ ਬਣਨਾ ਵੀ ਸੂਬੇ ਦੇ ਕਾਂਗਰਸੀਆਂ ਨੂੰ ਚੁਭਦਾ ਹੈ। ਅਨੇਕਾਂ ਕਾਂਗਰਸੀ ਹਨ, ਜਿਨ੍ਹਾਂ ਨੇ ਆਪਣੀ ਪੂਰੀ-ਪੂਰੀ ਜ਼ਿੰਦਗੀ ਕਾਂਗਰਸ ਨੂੰ ਦੇ ਦਿੱਤੀ, ਜੋ ਕਿ ਅਜੇ ਵੀ ਉਡੀਕ ‘ਚ ਹਨ ਕਿ ਉਨ੍ਹਾਂ ਨੂੰ ਕੁਝ ਹਾਸਲ ਹੋਵੇਗਾ ਪਰ ਉਪਰੋਕਤ ਦਾ ਨਵੇਂ ਆਗੂਆਂ ਦਾ ਮੰਤਰੀ ਬਣਨਾ ਜਾਇਜ਼ ਨਹੀਂ ਲੱਗਦਾ।
ਦੱਸ ਦਈਏ ਕਿ ਇਸ ਵੇਲੇ ਕਾਂਗਰਸੀਆਂ ਨੂੰ ਰਾਜ ਅੰਦਰ ਆਪਣੀ ਸਰਕਾਰ ਨਾ ਹੋਣ ਦਾ ਅਹਿਸਾਸ ਬੇਹੱਦ ਚੁੱਭਣ ਲੱਗ ਪਿਆ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਹਕੂਮਤੀ ਪਾਰਟੀ ਦੇ ਆਮ ਵਰਕਰ ਤੋਂ ਲੈ ਕੇ ਸਿਖਰਲੀ ਲੀਡਰਸ਼ਿਪ ਤੱਕ ਸਰਕਾਰ ਖਾਸ ਕਰ ਮੁੱਖ ਮੰਤਰੀ ਦੀ ਕਾਰਜਸ਼ੈਲੀ ਉਤੇ ਸਵਾਲ ਚੁੱਕ ਰਹੇ ਹਨ। ਇਥੋਂ ਪਹਿਲਾਂ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਅਫਸਰਸ਼ਾਹੀ ਤੋਂ ਰਾਜ ਨੂੰ ਨਿਜਾਤ ਦੁਆਉਣ ਲਈ ਸਰਕਾਰ ਦੀ ਕਮਾਨ ਸੰਭਾਲਣ ਦਾ ਬਿਆਨ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਨੂੰ ਵੱਡੀ ਵੰਗਾਰ ਪੇਸ਼ ਕੀਤੀ ਸੀ। ਬੇਅਦਬੀ ਮਾਮਲੇ ‘ਚ ਕੋਈ ਕਾਰਵਾਈ ਨਾ ਹੋਣ ਕਾਰਨ ਮਾਝੇ ਦੇ ਕਈ ਮੰਤਰੀ ਪਹਿਲਾਂ ਹੀ ਨਾਰਾਜ਼ਗੀ ਜ਼ਾਹਰ ਕਰਦੇ ਆ ਰਹੇ ਹਨ। ਸਰਕਾਰ ਅੰਦਰ ਅਫਸਰਸ਼ਾਹੀ ਦੇ ਬੋਲਬਾਲੇ ਤੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਸਰਕਾਰੇ-ਦਰਬਾਰੇ ਕੋਈ ਪੁੱਛ ਨਾ ਹੋਣ ਦਾ ਮਾਮਲਾ ਇਸ ਵੇਲੇ ਬੇਹੱਦ ਭਖਿਆ ਹੋਇਆ ਹੈ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉੱਤੇ ਪੰਥਕ ਜਥੇਬੰਦੀਆਂ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ। ਪਿਛਲੇ ਦਿਨੀਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਸਾਹਮਣੇ ਰੋਸ ਪ੍ਰਗਟ ਕਰਦਿਆਂ ਮੰਤਰੀ ਨੂੰ ਸੰਗਤ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੀ ਯਾਦ ਤਾਜ਼ਾ ਕਰਵਾਈ ਗਈ। ਖੁਦ ਰੰਧਾਵਾ ਉਨ੍ਹਾਂ ਦੇ ਰੋਸ ਧਰਨੇ ਵਿਚ ਆ ਬੈਠੇ ਅਤੇ ਆਪਣਾ ਪੁਰਾਣਾ ਬਿਆਨ ਦੁਹਰਾਇਆ ਕਿ ਅਹੁਦੇ ਆਉਂਦੇ ਰਹਿੰਦੇ ਹਨ ਪਰ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ। ਪੰਥਕ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਇਸ ਜਾਂਚ ਨੂੰ ਸੀ.ਬੀ.ਆਈ. ਅਤੇ ਪੰਜਾਬ ਪੁਲਿਸ ਦੇ ਚੱਕਰ ਵਿਚ ਫਸਾ ਰੱਖਿਆ ਹੈ।
__________________________________
ਸਿੱਧੂ ਛੱਕਾ ਲਾਉਣ ਦੇ ਚੱਕਰ ‘ਚ ਆਊਟ ਹੋਏ: ਬਿੱਟੂ
ਬਠਿੰਡਾ: ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਦੀ ਸਿਆਸਤ ਤੋਂ ਲਾਂਭੇ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ਉਤੇ ਲਿਆ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਸਰਕਾਰ ਦੇ ਤਿੰਨ ਸਾਲ ਬੀਤ ਗਏ ਹਨ ਪਰ ਹਾਲੇ ਤੱਕ ਵਿੱਤ ਮੰਤਰੀ ਵੱਲੋਂ ਖਜ਼ਾਨਾ ਖਾਲੀ ਹੋਣ ਦੀ ਗੱਲ ਆਖੀ ਜਾ ਰਹੀ ਹੈ। ਉਨ੍ਹਾਂ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਉਤੇ ਵਰ੍ਹਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਵਿਚ ਪਹਿਲੀ ਗੇਂਦ ਉਤੇ ਛੱਕਾ ਲਗਾਉਣ ਦੇ ਚੱਕਰ ਵਿਚ ਆਊਟ ਹੋ ਗਏ ਹਨ। ਉਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਕਿ ਸਿਆਸਤ ਵਿਚ ਕਾਹਲੀ ਨਹੀਂ ਚੱਲਦੀ। ਕਾਂਗਰਸ ਵਿਚ ਕਈ ਨਵੇਂ ਆਏ ਲੀਡਰ ਅਹੁਦੇ ਲੈ ਜਾਂਦੇ ਹਨ ਪਰ ਚੰਗਾ ਕੰਮ ਕਰਨ ਵਾਲੇ ਵਿਧਾਇਕਾਂ ਨੂੰ ਮੌਕਾ ਨਹੀਂ ਮਿਲਦਾ।