ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਈ.ਏ.ਐਸ਼ ਅਧਿਕਾਰੀਆਂ ਤੇ ਪੀ.ਸੀ.ਐਸ਼ ਅਫਸਰਾਂ ਦੇ ਵੱਡੇ ਪੱਧਰ ਉਤੇ ਤਬਾਦਲੇ ਕਰਦਿਆਂ ਕੁਝ ਅਧਿਕਾਰੀਆਂ ਦੀ ਨਿਯੁਕਤੀ ਮੰਤਰੀਆਂ ਦੀ ਪਸੰਦ ਮੁਤਾਬਕ ਕਰ ਦਿੱਤੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਕਈ ਮੰਤਰੀਆਂ ਦੇ ਆਪਣੇ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨਾਲ ਮਤਭੇਦ ਸਨ ਤੇ ਮੰਤਰੀਆਂ ਵੱਲੋਂ ਆਪਣੀ ਪਸੰਦ ਦੇ ਅਫਸਰਾਂ ਨੂੰ ਤਾਇਨਾਤ ਕਰਨ ਲਈ ਸਰਕਾਰ ਉਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ। ਵੱਡੀ ਗਿਣਤੀ ਵਿਧਾਇਕ ਦੋਸ਼ ਲਾ ਰਹੇ ਹਨ ਕਿ ਅਫਸਰਸ਼ਾਹੀ ਉਨ੍ਹਾਂ ਦੀ ਸੁਣਦੀ ਨਹੀਂ। ਇਸ ਪਿੱਛੋਂ ਸਰਕਾਰ ਨੇ ਵਿਧਾਇਕਾਂ ਤੇ ਮੰਤਰੀਆਂ ਦੇ ਪਸੰਦ ਦੀਆਂ ਨਿਯੁਕਤੀਆਂ ਕਰਨ ਦਾ ਫੈਸਲਾ ਲਿਆ ਹੈ।
ਸਰਕਾਰ ਵੱਲੋਂ ਤਾਜ਼ਾ ਹੁਕਮਾਂ ਅਨੁਸਾਰ 16 ਆਈ.ਏ.ਐਸ਼ ਅਤੇ 5 ਪੀ.ਸੀ.ਐਸ਼ ਬਦਲੇ ਗਏ ਹਨ। ਸੰਜੈ ਕੁਮਾਰ ਨੂੰ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ, ਏ. ਵੇਣੂ ਪ੍ਰਸਾਦ ਨੂੰ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਨਿਯੁਕਤ ਕੀਤਾ ਗਿਆ ਹੈ। ਸਰਵਜੀਤ ਸਿੰਘ ਪ੍ਰਮੁੱਖ ਸਕੱਤਰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਹੀ ਰਹਿਣਗੇ। ਵਿਕਾਸ ਪ੍ਰਤਾਪ ਨੂੰ ਲੋਕ ਨਿਰਮਾਣ ਵਿਭਾਗ ਦਾ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ ਤੇ ਹੁਸਨ ਲਾਲ ਨੂੰ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦਾ ਸਕੱਤਰ ਲਾਇਆ ਗਿਆ ਹੈ। ਰਾਹੁਲ ਭੰਡਾਰੀ ਨੂੰ ਗ੍ਰਹਿ, ਪਰਵਾਸੀ ਮਾਮਲੇ ਤੇ ਜੇਲ੍ਹਾਂ ਦੇ ਨਾਲ ਉਚੇਰੀ ਸਿੱਖਿਆ ਵਿਭਾਗ ਦਾ ਸਕੱਤਰ ਵੀ ਲਾਇਆ ਗਿਆ ਹੈ। ਨੀਲਕੰਠ ਅਵਹਦ ਨੂੰ ਪੰਜਾਬ ਗੁਦਾਮ ਨਿਗਮ ਦਾ ਮੈਨੇਜਿੰਗ ਡਾਇਰੈਕਟਰ, ਦਿਲਰਾਜ ਸਿੰਘ ਨੂੰ ਲੋਕ ਨਿਰਮਾਣ ਵਿਭਾਗ ਦੇ ਵਿਸ਼ੇਸ਼ ਸਕੱਤਰ ਦਾ ਵਾਧੂ ਚਾਰਜ, ਅਭਿਨਵ ਨੂੰ ਡਾਇਰੈਕਟਰ ਖਜ਼ਾਨਾ ਤੇ ਵਿਸ਼ੇਸ਼ ਸਕੱਤਰ ਖਰਚਾ, ਪਰਵੀਨ ਕੁਮਾਰ ਥਿੰਦ ਨੂੰ ਕਿਰਤ ਕਮਿਸ਼ਨਰ, ਡੀ.ਪੀ.ਐਸ਼ ਖਰਬੰਦਾ ਨੂੰ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦਾ ਡਾਇਰੈਕਟਰ, ਵਿਮਲ ਕੁਮਾਰ ਸੇਤੀਆ ਨੂੰ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ, ਦੀਪਲੀ ਉਪਲ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ, ਸ਼ੀਨਾ ਅਗਰਵਾਲ ਨੂੰ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ ਅਤੇ ਸੀ.ਈ.ਓ. ਜਲੰਧਰ ਸਮਾਰਟ ਸਿਟੀ ਪ੍ਰੋਜੈਕਟ, ਸ਼ੌਕਤ ਅਹਿਮਦ ਨੂੰ ਸੀ.ਈ.ਓ. ਵਕਫ ਬੋਰਡ ਤੇ ਕਰ ਅਤੇ ਆਬਕਾਰੀ ਵਿਭਾਗ ‘ਚ ਵਧੀਕ ਕਮਿਸ਼ਨਰ, ਸੰਦੀਪ ਕੁਮਾਰ ਨੂੰ ਵਧੀਕ ਡਿਪਟੀ ਕਮਿਸ਼ਨਰ ਮੁਕਤਸਰ, ਆਈ.ਆਰ.ਐਸ਼ ਅਧਿਕਾਰੀ ਮੋਹਿਤ ਤਿਵਾੜੀ ਨੂੰ ਵਧੀਕ ਸਕੱਤਰ ਯੋਜਨਾ, ਪੀ.ਸੀ.ਐਸ਼ ਅਫਸਰਾਂ ਵਿਚ ਅਨੁਪਮ ਕਲੇਰ ਨੂੰ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜਲੰਧਰ, ਲਤੀਫ ਅਹਿਮਦ ਨੂੰ ਐਸ਼ਡੀ.ਐਮ. ਧੂਰੀ, ਹਰਸੁਹਿੰਦਰ ਸਿੰਘ ਬਰਾੜ ਨੂੰ ਪਹਿਲੀ ਤਾਇਨਾਤੀ ਦੇ ਨਾਲ ਬਾਲ ਕਮਿਸ਼ਨਰ ਦੇ ਸਕੱਤਰ ਦਾ ਚਾਰਜ, ਪੂਜਾ ਸਿਆਲ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੁਹਾਲੀ, ਅਮਿਤ ਸਰੀਨ ਨੂੰ ਡੀ.ਪੀ.ਆਈ. ਸਕੂਲ ਦੇ ਦਫਤਰ ਵਿਚ ਡਿਪਟੀ ਡਾਇਰੈਕਟਰ ਪ੍ਰਸ਼ਾਸਨ, ਹਰਦੀਪ ਸਿੰਘ ਧਾਲੀਵਾਲ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਜਲੰਧਰ, ਬਰਜਿੰਦਰ ਸਿੰਘ ਨੂੰ ਵਧੀਕ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਿਟੀ, ਸਤਵੰਤ ਸਿੰਘ ਨੂੰ ਐਸ਼ਡੀ.ਐਮ. ਮੋਗਾ, ਵਰਿੰਦਰ ਸਿੰਘ ਨੂੰ ਐਸ਼ਡੀ.ਐਮ. ਤਲਵੰਡੀ ਸਾਬੋ, ਰਣਦੀਪ ਸਿੰਘ ਨੂੰ ਕਾਰਜਕਾਰੀ ਮੈਜਿਸਟਰੇਟ ਜਲੰਧਰ, ਵਿਨੋਦ ਕੁਮਾਰ ਬਾਂਸਲ ਨੂੰ ਡਿਪਟੀ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਰਵਿੰਦਰ ਕੁਮਾਰ ਅਰੋੜਾ ਨੂੰ ਉਪ ਸਕੱਤਰ ਪਾਰਲੀਮਾਨੀ ਮਾਮਲੇ, ਗੁਰਵਿੰਦਰ ਸਿੰਘ ਜੌਹਲ ਨੂੰ ਐਸ਼ਡੀ.ਐਮ. ਫਗਵਾੜਾ ਅਤੇ ਕਰਮਜੀਤ ਸਿੰਘ ਨੂੰ ਡਿਪਟੀ ਡਾਇਰਕੈਟਰ ਲੋਕ ਨਿਰਮਾਣ ਵਿਭਾਗ ਲਾਇਆ ਹੈ।
________________________________________
ਅਫਸਰਾਂ ਨੂੰ ਛਿੱਤਰ ਤੇ ਗੰਢੇ ਦੋਵੇਂ ਖਾਣੇ ਪੈਣਗੇ: ਰਾਜਾ ਵੜਿੰਗ
ਲੰਬੀ: ਲੰਬੀ ਹਲਕੇ ‘ਚ ਪੰਜਾਵਾ ਪੁਲ ਉਤੇ ਕਿਸਾਨਾਂ ਵੱਲੋਂ ਲਾਏ ਧਰਨੇ ਉਤੇ ਪੁੱਜੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਲਿਫਟ ਪੰਪ ਬੰਦ ਕਰਨ ਦੇ ਫੈਸਲੇ ਦਾ ਸਾਰਾ ਨਜ਼ਲਾ ਅਫਸਰਸ਼ਾਹੀ ਉਤੇ ਸੁੱਟ ਦਿੱਤਾ ਹੈ। ਰਾਜਾ ਵੜਿੰਗ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹਿੰਦ ਫੀਡਰ ਨਹਿਰ ਦੇ ਲਿਫਟ ਪੰਪ ਬੰਦ ਕਰਨ ਬਾਰੇ ਕੋਈ ਆਦੇਸ਼ ਨਹੀਂ ਦਿੱਤਾ ਅਤੇ ਇਹ ਸਭ ਕੁਝ ਅਫ਼ਸਰਸ਼ਾਹੀ ਦੇ ਪੱਧਰ ਉਤੇ ਹੋ ਗਿਆ ਹੈ। ਧਰਨੇ ਮੌਕੇ ਰਾਜਾ ਵੜਿੰਗ ਨੇ ਅਫਸਰਾਂ ਉਤੇ ਭੜਾਸ ਕੱਢੀ। ਉਨ੍ਹਾਂ ਆਖਿਆ ਕਿ ਉਨ੍ਹਾਂ ਇਕ ਅਧਿਕਾਰੀ ਨੂੰ ਫੋਨ ‘ਤੇ ਆਖਿਆ, ‘ਤੂੰ ਛਿੱਤਰ ਵੀ ਖਾਵੇਂਗਾ ਅਤੇ ਗੰਡੇ ਵੀ, ਹੋਣਾ ਕੱਖ ਨਹੀਂ। ਐਵੇਂ ਸਾਨੂੰ ਖਰਾਬ ਕਰੇਂਗਾ।’ ਉਨ੍ਹਾਂ ਆਖਿਆ, ‘ਛਿੱਤਰ ਅਤੇ ਗੰਡੇ ਖਾਣ ਦਾ ਭਾਵ ਥੁੱਕ ਕੇ ਚੱਟਣਾ ਹੈ। ਇਸ ਲਈ ਪਹਿਲਾਂ ਹੀ ਮੰਨ ਜਾਓ।’ ਰਾਜਾ ਵੜਿੰਗ ਨੇ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦਿਆਂ ਆਖਿਆ ਕਿ ਪਿਛਾਂਹ ਨਹਿਰ ਬਣ ਚੁੱਕੀ ਹੈ ਅਤੇ ਉਹ ਨਹਿਰ ‘ਤੇ ਲਿਫਟ ਪੰਪਾਂ ਦੀਆਂ ਪਾਈਪਾਂ ਜੋੜ ਲੈਣ। ਜੇ ਕੋਈ ਆਵੇ ਤਾਂ ਕਹਿ ਦੇਣ ਕਿ ਜੇ ਕਿਸੇ ਨੇ ਕੇਸ ਦਰਜ ਕਰਨਾ ਹੈ ਤਾਂ ਰਾਜਾ ਵੜਿੰਗ ਉਤੇ ਕਰ ਦੇਣ।