ਪਵਨ ਬਾਂਸਲ ਅਤੇ ਅਸ਼ਵਨੀ ਕੁਮਾਰ ਦੇ ਅਸਤੀਫੇ

-ਜਤਿੰਦਰ ਪਨੂੰ
ਭਾਰਤ ਸਰਕਾਰ ਦੇ ਦੋ ਮੰਤਰੀ ਅਸਤੀਫਾ ਦੇ ਗਏ ਹਨ। ਅਸਤੀਫਾ ਦੇ ਨਹੀਂ ਗਏ, ਦੇਣ ਲਈ ਮਜਬੂਰ ਹੋ ਗਏ ਸਨ। ਇੱਕ ਰੇਲਵੇ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਦੂਸਰਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ। ਦੋਹਾਂ ਦੇ ਅਸਤੀਫੇ ਭਾਵੇਂ ਇੱਕੋ ਦਿਨ ਅੱਗੜ-ਪਿੱਛੜ ਆਏ ਹਨ, ਪਰ ਕੇਸ ਵੀ ਦੋਹਾਂ ਦੇ ਵੱਖੋ-ਵੱਖ ਸਨ ਤੇ ਕਿਰਦਾਰ ਦੇ ਪੱਖ ਤੋਂ ਵੀ ਦੋਹਾਂ ਦੀ ਇਹ ਦੁਰਗਤ ਹੋਣ ਦਾ ਇੱਕੋ ਕਾਰਨ ਨਹੀਂ ਸੀ।
ਅਸ਼ਵਨੀ ਕੁਮਾਰ ਦਾ ਅਸਤੀਫਾ ਕਈ ਦਿਨ ਪੱਛੜ ਕੇ ਆਇਆ ਹੈ। ਇਹ ਉਸੇ ਦਿਨ ਆ ਜਾਣਾ ਚਾਹੀਦਾ ਸੀ, ਜਦੋਂ ਸੁਪਰੀਮ ਕੋਰਟ ਵਿਚ ਇਹ ਸਾਫ ਹੋ ਗਿਆ ਸੀ ਕਿ ਉਸ ਨੇ ਕੋਲੇ ਦੇ ਬਲਾਕਾਂ ਦੀ ਗਲਤ ਅਲਾਟਮੈਂਟ ਦੀ ਜਾਂਚ ਬਾਰੇ ਸੀ ਬੀ ਆਈ ਰਿਪੋਰਟਾਂ ਅਦਾਲਤ ਤੱਕ ਪਹੁੰਚਣ ਤੋਂ ਪਹਿਲਾਂ ਆਪ ਵੇਖੀਆਂ ਸਨ। ਸੁਪਰੀਮ ਕੋਰਟ ਇਹ ਸਾਫ ਕਰ ਚੁੱਕੀ ਸੀ ਕਿ ਰਿਪੋਰਟਾਂ ਸਿੱਧੀਆਂ ਉਸੇ ਨੂੰ ਵਿਖਾਈਆਂ ਜਾਣ, ਪਰ ਸੀ ਬੀ ਆਈ ਵਾਲੇ ਅਫਸਰਾਂ ਤੋਂ ਇਸ ਮੰਤਰੀ ਨੇ ਮੰਗਵਾ ਕੇ ਵੇਖੀਆਂ ਤੇ ਫਿਰ ਦੇਸ਼ ਦੇ ਐਡੀਸ਼ਨਲ ਸਾਲਿਸਟਰ ਜਨਰਲ ਤੋਂ ਅਦਾਲਤ ਵਿਚ ਝੂਠਾ ਹਲਫੀਆ ਬਿਆਨ ਦਿਵਾਇਆ ਕਿ ਇਹ ਕਿਸੇ ਨੇ ਨਹੀਂ ਵੇਖੀਆਂ। ਸੇਕ ਲੱਗਣ ਲੱਗਾ ਤਾਂ ਸੀ ਬੀ ਆਈ ਦੇ ਮੁਖੀ ਨੇ ਆਪ ਇਹ ਕਹਿ ਦਿੱਤਾ ਕਿ ਰਿਪੋਰਟਾਂ ਵਿਖਾਈਆਂ ਗਈਆਂ ਹਨ ਤੇ ਇਹ ਸਾਰਾ ਕੁਝ ਅਸ਼ਵਨੀ ਕੁਮਾਰ ਦੇ ਕਹਿਣ ਉਤੇ ਹੀ ਕੀਤਾ ਗਿਆ ਸੀ। ਇਸ ਦੇ ਬਾਅਦ ਅਸ਼ਵਨੀ ਕੁਮਾਰ ਨੂੰ ਖੜੇ ਪੈਰ ਅਸਤੀਫਾ ਦੇ ਦੇਣਾ ਬਣਦਾ ਸੀ। ਉਸ ਉਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੂੰ ਗੁੰਮਰਾਹ ਕਰਨ ਦਾ ਦੋਸ਼ ਸੀ। ਕਿਹਾ ਜਾ ਰਿਹਾ ਹੈ ਕਿ ਇਸ ਅਸਤੀਫੇ ਬਾਰੇ ਸਰਕਾਰ ਵਿਚ ਇੱਕ ਰਾਏ ਨਹੀਂ ਸੀ ਬਣ ਰਹੀ, ਇਸ ਕਰ ਕੇ ਲੇਟ ਹੁੰਦਾ ਗਿਆ।
ਕਾਂਗਰਸ ਪਾਰਟੀ ਵਿਚ ਅਸ਼ਵਨੀ ਕੁਮਾਰ ਦੇ ਅਸਤੀਫੇ ਬਾਰੇ ਇੱਕ ਰਾਏ ਕਿਉਂ ਨਹੀਂ ਸੀ, ਇਸ ਦੀ ਕਹਾਣੀ ਬੜੀ ਅਜੀਬ ਦੱਸੀ ਜਾ ਰਹੀ ਹੈ। ਸੋਨੀਆ ਗਾਂਧੀ ਦਾ ਥਿੰਕ-ਟੈਂਕ ਇਸ ਰਾਏ ਉਤੇ ਖੜਾ ਸੀ ਕਿ ਆਪਣੀ ਸਰਕਾਰ ਦਾ ਨੱਕ ਰੱਖਣ ਲਈ ਅਸ਼ਵਨੀ ਕੁਮਾਰ ਦੀ ਬਲੀ ਦੇ ਦੇਣੀ ਚਾਹੀਦੀ ਹੈ, ਪਰ ਪ੍ਰਧਾਨ ਮੰਤਰੀ ਆਪ ਜਾਂ ਉਸ ਦੇ ਜੋਟੀਦਾਰ ਇਸ ਨੂੰ ਇਸ ਕਰ ਕੇ ਬਚਾਉਣਾ ਚਾਹੁੰਦੇ ਸਨ ਕਿ ਬੰਦਾ ਬੇਗਾਨੀ ਕਬਰ ਵਿਚ ਲੇਟਣ ਜਾ ਰਿਹਾ ਸੀ। ਕੋਲੇ ਦੇ ਬਲਾਕਾਂ ਦੀ ਵੰਡ ਨਾਲ ਅਸ਼ਵਨੀ ਕੁਮਾਰ ਦਾ ਕੋਈ ਸਬੰਧ ਨਹੀਂ ਸੀ, ਉਹ ਤਾਂ ਇਹ ਚਿੰਤਾ ਕਰਦਾ ਰਿਹਾ ਸੀ ਕਿ ਜਿਹੜੇ ਸਮੇਂ ਦੀ ਵੰਡ ਦੀ ਜਾਂਚ ਹੋਣੀ ਹੈ, ਉਸ ਦੌਰਾਨ ਕੁਝ ਸਮਾਂ ਕੋਲੇ ਦਾ ਮਹਿਕਮਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕੋਲ ਵੀ ਰਿਹਾ ਸੀ, ਕਿਤੇ ਉਸ ਦਾ ਨਾਂ ਜਾਂਚ ਰਿਪੋਰਟ ਵਿਚ ਨਾ ਲਿਖਿਆ ਗਿਆ ਹੋਵੇ। ਪ੍ਰਧਾਨ ਮੰਤਰੀ ਦਾ ਪੱਲਾ ਸਾਫ ਸੀ ਜਾਂ ਨਹੀਂ, ਇਹ ਸਵਾਲ ਵੱਖਰਾ ਹੈ, ਪਰ ਏਨੀ ਗੱਲ ਸਾਫ ਹੈ ਕਿ ਅਸ਼ਵਨੀ ਕੁਮਾਰ ਉਸ ਨੂੰ ਬਚਾਉਣ ਦੇ ਆਹਰ ਵਿਚ ਹੱਦਾਂ ਟੱਪ ਗਿਆ ਸੀ।
ਜਿਹੜੀ ਸੋਨੀਆ ਗਾਂਧੀ ਦੇ ਜਵਾਈ ਦੇ ਜ਼ਮੀਨਾਂ ਦੇ ਸਕੈਂਡਲ ਨਹੀਂ ਗਿਣੇ ਜਾਂਦੇ ਅਤੇ ਉਸ ਨੂੰ ਬਚਾਉਣ ਲਈ ਕਾਂਗਰਸ ਦੀ ਸਾਰੀ ਟੀਮ ਝੋਕ ਦਿੱਤੀ ਗਈ ਸੀ, ਉਹ ਇਸ ਵਕਤ ਆਪਣੀ ਪਾਰਟੀ ਤੇ ਸਰਕਾਰ ਦਾ ਅਕਸ ਬਣਾਈ ਰੱਖਣ ਲਈ ਇਸ ਬੰਦੇ ਦੀ ਬਲੀ ਲੈਣ ਤੁਰ ਪਈ। ਜੇ ਸਰਕਾਰ ਤੇ ਪਾਰਟੀ ਦੇ ਅਕਸ ਦਾ ਏਨਾ ਹੀ ਖਿਆਲ ਸੀ ਤਾਂ ਇਹ ਵੀ ਦੱਸਣਾ ਚਾਹੀਦਾ ਹੈ ਕਿ ਸੋਨੀਆ ਗਾਂਧੀ ਦੇ ਦਾਮਾਦ ਦੇ ਕੇਸ ਵਿਚ ਕਿਸ ਆਗੂ ਜਾਂ ਅਫਸਰ ਦੀ ਬਲੀ ਦਿੱਤੀ ਗਈ ਸੀ? ਅਸ਼ਵਨੀ ਕੁਮਾਰ ਤਾਂ ਸਿਰਫ਼ ਇੱਕ ਮੋਹਰਾ ਸੀ, ਇਸ ਤਰ੍ਹਾਂ ਦੇ ਮੋਹਰੇ ਸਰਕਾਰ ਚਲਾਉਂਦੇ ਜਾਂ ਸਰਕਾਰ ਬਣਨ ਦੀ ਝਾਕ ਰੱਖਦੇ ਸਾਰੇ ਲੀਡਰਾਂ ਕੋਲ ਮੌਜੂਦ ਹੁੰਦੇ ਹਨ, ਵੇਲੇ-ਕੁਵੇਲੇ ਇਨ੍ਹਾਂ ਦੀ ਬਲੀ ਦੇ ਦੇਣੀ ਇਸ ਦੇਸ਼ ਵਿਚ ਕੋਈ ਵੱਡੀ ਗੱਲ ਨਹੀਂ।
ਹੁਣ ਆਈਏ ਦੂਸਰੇ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ ਵੱਲ, ਜਿਸ ਵੱਲੋਂ ਚਿੱਟੇ ਬੱਕਰੇ ਦੀ ਪੂਜਾ ਕੀਤੀ ਵੀ ਰਾਸ ਨਹੀਂ ਆਈ ਤੇ ਸ਼ਾਮ ਪੈਣ ਤੱਕ ਅਸਤੀਫਾ ਦੇਣਾ ਪੈ ਗਿਆ ਸੀ। ਅਸਤੀਫਾ ਅਸ਼ਵਨੀ ਕੁਮਾਰ ਨੇ ਵੀ ਦੇਂਦਿਆਂ ਦੇਰੀ ਕੀਤੀ ਸੀ, ਪਰ ਪਵਨ ਬਾਂਸਲ ਵੱਲੋਂ ਕੀਤੀ ਦੇਰੀ ਦਾ ਕਾਰਨ ਉਹਦੇ ਵਾਲਾ ਨਹੀਂ ਸੀ। ਪਵਨ ਬਾਂਸਲ ਨੂੰ ਜੇ ਜ਼ਰਾ ਵੀ ਸ਼ਰਮ ਹੁੰਦੀ ਤਾਂ ਓਸੇ ਦਿਨ ਅਸਤੀਫਾ ਦੇ ਦੇਣਾ ਚਾਹੀਦਾ ਸੀ, ਜਿਸ ਦਿਨ ਉਸ ਦਾ ਭਾਣਜਾ ਵਿਜੇ ਸਿੰਗਲਾ ਨੱਬੇ ਲੱਖ ਰੁਪਏ ਦੀ ਰਿਸ਼ਵਤ ਵਸੂਲ ਕਰਦਾ ਰੰਗੇ ਹੱਥੀਂ ਫੜਿਆ ਗਿਆ ਸੀ। ਉਸ ਨੂੰ ਇਹ ਕਹਿਣ ਵਿਚ ਵੀ ਜ਼ਰਾ ਝਿਜਕ ਨਾ ਹੋਈ ਕਿ ਮੇਰਾ ਆਪਣੇ ਭਾਣਜੇ ਨਾਲ ਕੋਈ ਰਿਸ਼ਤਾ ਨਹੀਂ, ਜਦ ਕਿ ਰਿਸ਼ਤੇ ਸਾਰੇ ਸਨ ਤੇ ਭਾਣਜਾ ਉਸ ਦੇ ਘਰ ਵਿਚ ਬੈਠ ਕੇ ਆਪਣਾ ਕਾਰੋਬਾਰ ਵੀ ਕਰਦਾ ਸੀ ਤੇ ਮਾਮੇ ਦਾ ਰਾਜਸੀ ਕਾਰੋਬਾਰ ਵੀ। ਕਿਸ ਅਫਸਰ ਦੀ ਕਿਸ ਪਾਸੇ ਬਦਲੀ ਕਰਨੀ ਹੈ ਤੇ ਬਦਲੀ ਦਾ ਸ਼ਗਨ ਕਿੰਨਾ ਵਸੂਲਣਾ ਹੈ, ਇਹ ਗੱਲ ਵਿਜੇ ਸਿੰਗਲਾ ਵੱਲੋਂ ਤੈਅ ਕਰਨ ਬਾਰੇ ਜਦੋਂ ਸਾਰਾ ਚੰਡੀਗੜ੍ਹ ਜਾਣਦਾ ਸੀ ਤਾਂ ਮਾਮਾ ਪਵਨ ਬਾਂਸਲ ਕਿਵੇਂ ਨਹੀਂ ਸੀ ਜਾਣਦਾ? ਜਦੋਂ ਤੱਕ ਮਾਮਾ ਮੰਤਰੀ ਨਹੀਂ ਬਣ ਗਿਆ, ਭਾਣਜੇ ਦਾ ਕਾਰੋਬਾਰ ਕਿਸੇ ਖਾਤੇ ਵਿਚ ਨਹੀਂ ਸੀ ਗਿਣਿਆ ਜਾਂਦਾ ਤੇ ਫਿਰ ਉਹ ਕਰੋੜਾਂ ਦੀਆਂ ਪੌੜੀਆਂ ਚੜ੍ਹਨ ਲੱਗ ਪਿਆ। ਉਸ ਦੇ ਜਿਹੜੇ ਪਲਾਜ਼ਾ ਵਿਚ ਮੰਤਰੀ ਦਾ ਭਤੀਜਾ ਵੀ ਅਹੁਦੇਦਾਰ ਸੀ, ਉਸ ਬਾਰੇ ਵੀ ਜਾਣਕਾਰੀ ਹੋਣਾ ਬਾਂਸਲ ਨੇ ਨਹੀਂ ਮੰਨਣਾ ਤੇ ਨਾ ਇਹ ਗੱਲ ਉਸ ਨੇ ਸੌਖੀ ਮੰਨਣੀ ਹੈ ਕਿ ਉਸ ਦਾ ਆਪਣਾ ਮੁੰਡਾ ਵੀ ਇਸ ਭਾਣਜੇ ਦੀ ਇੱਕ ਕੰਪਨੀ ਦਾ ਡਾਇਰੈਕਟਰ ਸੀ।
ਅਸਲੀਅਤ ਇਹ ਹੈ ਕਿ ਜਿਹੜੇ ਕੇਸ ਵਿਚ ਉਦੋਂ ਦੇ ਰੇਲਵੇ ਮੰਤਰੀ ਪਵਨ ਬਾਂਸਲ ਦਾ ਭਾਣਜਾ ਵਿਜੇ ਸਿੰਗਲਾ ਨੱਬੇ ਲੱਖ ਰੁਪਏ ਲੈਂਦਾ ਫੜਿਆ ਗਿਆ ਸੀ, ਉਹ ਸੌਦਾ ਕੁੱਲ ਬਾਰਾਂ ਕਰੋੜ ਰੁਪਏ ਦਾ ਸੀ। ਪੱਛਮੀ ਰੇਲਵੇ ਦਾ ਜਨਰਲ ਮੈਨੇਜਰ ਰਹਿ ਚੁੱਕੇ ਮਹੇਸ਼ ਕੁਮਾਰ ਨੂੰ ਰੇਲਵੇ ਬੋਰਡ ਦਾ ਮੁਖੀ ਲਾਉਣ ਲਈ ਇਹ ਸੌਦਾ ਹੋਇਆ ਸੀ ਤੇ ਉਹ ਕੁਰਸੀ ਹਾਲੇ ਜੁਲਾਈ ਵਿਚ ਵਿਹਲੀ ਹੋਣੀ ਸੀ। ਚੇਅਰਮੈਨ ਲਾਉਣ ਲਈ ਪਹਿਲਾਂ ਮਹੇਸ਼ ਕੁਮਾਰ ਨੂੰ ਰੇਲਵੇ ਬੋਰਡ ਦਾ ਮੈਂਬਰ ਲਾਇਆ ਜਾਣਾ ਜ਼ਰੂਰੀ ਸੀ ਤੇ ਇਹ ਲਾਉਣ ਦਾ ਫੈਸਲਾ ਹੋ ਚੁੱਕਾ ਸੀ। ਬਾਰਾਂ ਕਰੋੜ ਰੁਪਏ ਦੇ ਕੇ ਚੇਅਰਮੈਨੀ ਲੈਣ ਦੀ ਖਾਹਿਸ਼ ਰੱਖਦਾ ਮਹੇਸ਼ ਕੁਮਾਰ ਜਾਣਦਾ ਸੀ ਕਿ ਅਜੇ ਉਹ ਕੁਰਸੀ ਖਾਲੀ ਹੋਣ ਤੱਕ ਦੋ ਮਹੀਨੇ ਰਹਿੰਦੇ ਹਨ ਤੇ ਰਾਜਸੀ ਆਗੂਆਂ ਦੀ ਨੀਤ ਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਬਾਰਾਂ ਕਰੋੜ ਲੈ ਕੇ ਉਸ ਵੇਲੇ ਕਿਸੇ ਹੋਰ ਨੂੰ ਚੇਅਰਮੈਨ ਲਾ ਦੇਣ ਅਤੇ ਕਹਿ ਦੇਣ ਕਿ ਸੋਨੀਆ ਗਾਂਧੀ ਦਾ ਕਿਹਾ ਮੰਨਣਾ ਪੈ ਗਿਆ ਹੈ। ਇੰਜ ਬਾਰਾਂ ਕਰੋੜ ਦਾ ਜੂਆ ਖੇਡਣ ਦੀ ਥਾਂ ਉਹ ਇਹ ਸੌਦਾ ਮਾਰਨ ਵਿਚ ਸਫਲ ਰਿਹਾ ਕਿ ਹੁਣ ਮੈਂਬਰੀ ਦੇਣ ਦੇ ਦੋ ਕਰੋੜ ਖੜੇ ਪੈਰ ਲੈ ਲਵੋ ਤੇ ਜੁਲਾਈ ਵਿਚ ਜਦੋਂ ਚੇਅਰਮੈਨੀ ਦਾ ਹੁਕਮ ਜਾਰੀ ਹੋਵੇਗਾ, ਬਾਕੀ ਦਸ ਕਰੋੜ ਰੁਪਏ ਉਦੋਂ ਦੇ ਦੇਵਾਂਗਾ। ਪੈਸੇ ਉਸ ਨੇ ਆਪ ਦੇਣ ਦੀ ਥਾਂ ਅੱਗੋਂ ਇੱਕ ਬਿਜਲੀ ਦਾ ਸਾਮਾਨ ਬਣਾਉਣ ਤੇ ਰੇਲਵੇ ਨੂੰ ਸਪਲਾਈ ਕਰਨ ਵਾਲੀ ਕੰਪਨੀ ਦੇ ਮਾਲਕ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ। ਪੱਛਮੀ ਰੇਲਵੇ ਦਾ ਜਨਰਲ ਮੈਨੇਜਰ ਹੁੰਦਿਆਂ ਮਹੇਸ਼ ਕੁਮਾਰ ਦੇ ਹੱਥ ਉਸ ਕੰਪਨੀ ਦੇ ਮਾਲਕ ਨਾਲ ਰਲੇ ਰਹੇ ਸਨ ਤੇ ਉਹ ਵੀ ਜਾਣਦਾ ਸੀ ਕਿ ਜਦੋਂ ਮਹੇਸ਼ ਕੁਮਾਰ ਭਾਰਤ ਦੇ ਰੇਲਵੇ ਬੋਰਡ ਦਾ ਮੁਖੀ ਲੱਗ ਗਿਆ, ਫਿਰ ਆਪਣੀਆਂ ਪੰਜੇ ਉਂਗਲਾਂ ਘਿਓ ਵਿਚ ਹੋਣਗੀਆਂ। ਇਸ ਲਈ ਉਸ ਨੇ ਪੈਸੇ ਅੱਗੇ ਪੁਚਾਉਣ ਦਾ ਜ਼ਿੰਮਾ ਚੁੱਕਿਆ, ਪਰ ਰਾਹ ਵਿਚ ਫੜੇ ਨਾ ਜਾਣ, ਇਸ ਤੋਂ ਬਚਣ ਲਈ ਪੈਸਿਆਂ ਦੇ ਪੈਕੇਟ ਇੱਕ ਕੋਰੀਅਰ ਕੰਪਨੀ ਰਾਹੀਂ ਭੇਜ ਦਿੱਤੇ, ਜਿਨ੍ਹਾਂ ਵਿਚੋਂ ਇੱਕ ਨੱਬੇ ਲੱਖ ਵਾਲਾ ਪੈਕੇਟ ਫੜਿਆ ਗਿਆ। ਫਿਰ ਜਾਂਚ ਅੱਗੇ ਤੁਰੀ ਤਾਂ ਰੇਲਵੇ ਮੰਤਰੀ ਦੀ ਕੁਰਸੀ ਖੋਹਣ ਤੱਕ ਪਹੁੰਚ ਕੇ ਵੀ ਹੁਣ ਰੁਕਦੀ ਨਹੀਂ ਜਾਪਦੀ, ਜੇਲ੍ਹ ਭੇਜਣ ਤੱਕ ਜਾ ਸਕਦੀ ਹੈ।
ਆਖਰ ਇਹ ਗੁੱਝੀ ਸੌਦੇਬਾਜ਼ੀ ਦੀ ਸੂਹ ਜਾਂਚ ਏਜੰਸੀ ਸੀ ਬੀ ਆਈ ਤੱਕ ਕਿਵੇਂ ਪਹੁੰਚੀ? ਇਸ ਦਾ ਕਾਰਨ ਇਹ ਹੈ ਕਿ ਰੇਲਵੇ ਬੋਰਡ ਦੀ ਚੇਅਰਮੈਨੀ ਲਈ ਮਾਮਲਾ ‘ਇੱਕ ਅਨਾਰ ਤੇ ਸੌ ਬਿਮਾਰ’ ਵਾਲਾ ਹੈ। ਉਥੇ ਕਈ ਲੋਕ ਇਸ ਕੁਰਸੀ ਦੇ ਚਾਹਵਾਨ ਹਨ। ਸੌਦਾ ਵੀ ਕਈਆਂ ਨਾਲ ਚੱਲਦਾ ਰਿਹਾ ਤੇ ਸਿਰੇ ਨਹੀਂ ਸੀ ਚੜ੍ਹਿਆ। ਜਦੋਂ ਪਤਾ ਲੱਗ ਗਿਆ ਕਿ ਆਪਣਾ ਦਾਅ ਨਹੀਂ ਲੱਗਣਾ, ਫਿਰ ਉਨ੍ਹਾਂ ਵਿਚੋਂ ਕਿਸੇ ਨੇ ‘ਖੇਡਣਾ ਨਾ ਖੇਡਣ ਦੇਣਾ’ ਵਾਲਾ ਦਾਅ ਵਰਤਿਆ ਤੇ ਇਸ ਦੀ ਸੂਹ ਕਿਸੇ ਚੇਲੇ ਦੇ ਰਾਹੀਂ ਸੀ ਬੀ ਆਈ ਨੂੰ ਪੁਚਾ ਦਿੱਤੀ ਕਿ ਮੰਤਰੀ ਦਾ ਭਾਣਜਾ ਕਿਸੇ ਨਾਲ ਚੇਅਰਮੈਨੀ ਦਾ ਸੌਦਾ ਮਾਰਨ ਦਾ ਯਤਨ ਕਰ ਰਿਹਾ ਹੈ। ਸੀ ਬੀ ਆਈ ਨੇ ਭਾਣਜੇ ਦਾ ਫੋਨ ਟੈਪ ਕੀਤਾ ਤਾਂ ਕੁਰਸੀ ਦੇ ਖਾਹਿਸ਼ਮੰਦ ਮਹੇਸ਼ ਕੁਮਾਰ ਤੱਕ ਪਹੁੰਚ ਗਈ ਤੇ ਫਿਰ ਉਸ ਦੇ ਫੋਨ ਸੁਣਨ ਤੋਂ ਇਹ ਪਤਾ ਲੱਗਾ ਕਿ ਕਿਸੇ ਬਿਜਲੀ ਦੀ ਕੰਪਨੀ ਵਾਲੇ ਨੂੰ ਪੈਸਾ ਪੁਚਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕੰਪਨੀ ਵਾਲੇ ਦੇ ਫੋਨ ਸੁਣੇ ਤਾਂ ਕੋਰੀਅਰ ਰਾਹੀਂ ਭੇਜੇ ਪੈਕੇਟ ਦਾ ਪਤਾ ਲੱਗ ਗਿਆ ਤੇ ਉਸ ਕੋਰੀਅਰ ਦੇ ਨੰਬਰਾਂ ਤੋਂ ਸੀ ਬੀ ਆਈ ਇਹ ਲੱਭਣ ਵਿਚ ਕਾਮਯਾਬ ਰਹੀ ਕਿ ਪੈਕੇਟ ਫਲਾਣੇ ਵੇਲੇ ਪੁੱਜਣਾ ਹੈ। ਸਾਰਾ ਕੁਝ ਵਾਪਰ ਜਾਣ ਪਿੱਛੋਂ ਰੇਲਵੇ ਮੰਤਰੀ ਬਾਂਸਲ ਤੱਕ ਗੱਲ ਆਉਣੀ ਹੀ ਸੀ, ਕੋਈ ਬਚਾਅ ਹੀ ਨਹੀਂ ਸੀ ਸਕਦਾ।
ਇਸ ਚੱਕਰ ਵਿਚ ਇੱਕ ਚਾਰਟਰਡ ਅਕਾਊਂਟੈਂਟ ਸੁਨੀਲ ਗੁਪਤਾ ਦਾ ਨਾਂ ਵੀ ਆ ਗਿਆ ਹੈ। ਜਦੋਂ ਪਵਨ ਬਾਂਸਲ ਨੂੰ 2006 ਤੋਂ 2009 ਤੱਕ ਖਜ਼ਾਨਾ ਮਹਿਕਮੇ ਵਿਚ ਰਾਜ ਮੰਤਰੀ ਹੋਣ ਦਾ ਮੌਕਾ ਮਿਲਿਆ ਤੇ ਬੈਂਕਿੰਗ ਪ੍ਰਬੰਧ ਉਸ ਦੇ ਅਧੀਨ ਸੀ, ਉਸ ਨੇ ਮੰਤਰੀ ਹੋਣ ਦਾ ਫਾਇਦਾ ਲੈ ਕੇ ਆਪਣੀ ਕੰਪਨੀ ਦੇ ਚਾਰਟਰਡ ਅਕਾਊਂਟੈਂਟ ਸੁਨੀਲ ਗੁਪਤਾ ਨੂੰ ਸਰਕਾਰੀ ਖੇਤਰ ਦੇ ਕੇਨਰਾ ਬੈਂਕ ਦਾ ਡਾਇਰੈਕਟਰ ਲੱਗਵਾ ਦਿੱਤਾ। ਇਹ ਸੁਨੀਲ ਗੁਪਤਾ ਅੱਗੋਂ ਕਈ ਵਿਵਾਦਾਂ ਵਿਚ ਆਇਆ ਤੇ ਹੁਣ ਵਾਲੇ ਰੇਲਵੇ ਬੋਰਡ ਦੇ ਚੇਅਰਮੈਨੀਆਂ ਦੇ ਸੌਦੇ ਮਾਰਨ ਵਿਚ ਵੀ ਚਰਚਿਤ ਹੈ। ਉਹ ਅਕਾਊਂਟੈਂਟ ਦਾ ਕੰਮ ਹੀ ਨਹੀਂ ਕਰਦਾ, ਉਸ ਦਾ ਕੇਟਰਿੰਗ ਦਾ ਕਾਰੋਬਾਰ ਵੀ ਹੈ ਅਤੇ ਰੇਲਵੇ ਦੀਆਂ ਕਈ ਧਾਂਦਲੀਆਂ ਵਿਚ ਵੀ ਉਸ ਦਾ ਨਾਂ ਚਰਚਿਤ ਹੈ। ਸੁਨੀਲ ਗੁਪਤਾ ਜਦੋਂ ਕੇਨਰਾ ਬੈਂਕ ਦਾ ਡਾਇਰੈਕਟਰ ਸੀ ਤਾਂ ਪਵਨ ਕੁਮਾਰ ਬਾਂਸਲ ਦੇ ਭਾਣਜੇ ਵਿਜੇ ਸਿੰਗਲਾ ਵਾਲੀ ਕੰਪਨੀ ਨੂੰ ਕੇਨਰਾ ਬੈਂਕ ਤੋਂ ਪੰਝੀ ਕਰੋੜ ਰੁਪਏ ਦਾ ਕਰਜ਼ਾ ਮਿਲ ਗਿਆ, ਜਦ ਕਿ ਕੰਪਨੀ ਦੀ ਆਪਣੀ ਪੂੰਜੀ ਸਿਰਫ ਪੰਜ ਲੱਖ ਰੁਪਏ ਸੀ। ਪਵਨ ਕੁਮਾਰ ਬਾਂਸਲ ਦੇ ਪੁੱਤਰ ਦੀ ਕੰਪਨੀ ਨੂੰ ਵੀ ਕੇਨਰਾ ਬੈਂਕ ਨੇ ਦਸ ਕਰੋੜ ਰੁਪਏ ਦਾ ਕਰਜ਼ਾ ਦੇ ਦਿੱਤਾ। ਜਿਵੇਂ ਪਵਨ ਬਾਂਸਲ ਕਹੀ ਜਾਂਦਾ ਹੈ ਕਿ ਮੈਨੂੰ ਪਤਾ ਨਹੀਂ ਕਿ ਮੇਰਾ ਭਾਣਜਾ ਕੀ ਕਰਦਾ ਸੀ, ਉਵੇਂ ਹੀ ਸੁਨੀਲ ਗੁਪਤਾ ਕਹੀ ਜਾਂਦਾ ਹੈ ਕਿ ਉਸ ਨੂੰ ਪਵਨ ਬਾਂਸਲ ਨੇ ਆਪਣੇ ਪੁੱਤਰ ਤੇ ਭਾਣਜੇ ਦੇ ਕਾਰੋਬਾਰਾਂ ਲਈ ਕਰਜ਼ਾ ਦੇਣ ਨੂੰ ਨਹੀਂ ਸੀ ਕਿਹਾ। ਤਮਾਸ਼ਾ ਵੇਖੋ ਕਿ ਦੋਵਾਂ ਕੰਪਨੀਆਂ ਨੂੰ ਉਹ ਕੇਨਰਾ ਬੈਂਕ ਕਰਜ਼ੇ ਦੇਂਦਾ ਰਿਹਾ, ਜਿਸ ਦਾ ਡਾਇਰੈਕਟਰ ਸੁਨੀਲ ਗੁਪਤਾ ਸੀ ਤੇ ਦੋਵਾਂ ਕੰਪਨੀਆਂ ਦਾ ਆਡਿਟ ਕਰਨ ਵਾਲਾ ਚਾਰਟਰਡ ਅਕਾਊਂਟੈਂਟ ਵੀ ਸੁਨੀਲ ਗੁਪਤਾ ਸੀ। ਇਸ ਤੋਂ ਵੱਡੀ ਧਾਂਦਲੀ ਹੋਰ ਕਿਹੜੀ ਕਰਨੀ ਬਾਕੀ ਰਹਿ ਗਈ ਸੀ?
ਜਿਹੜੀ ਗੱਲ ਕਈ ਲੋਕਾਂ ਲਈ ਜ਼ਿਆਦਾ ਦੁਖੀ ਕਰਨ ਵਾਲੀ ਹੈ, ਉਹ ਇਹ ਹੈ ਕਿ ਪਵਨ ਕੁਮਾਰ ਬਾਂਸਲ ਦੀ ਪਛਾਣ ਇੱਕ ਈਮਾਨਦਾਰ ਰਾਜਸੀ ਆਗੂ ਵਜੋਂ ਬਣੀ ਹੋਈ ਸੀ। ਵਿਰੋਧੀ ਧਿਰ ਵਿਚੋਂ ਭਾਜਪਾ ਤਾਂ ਉਸ ਦਾ ਅਸਤੀਫਾ ਰਾਜਸੀ ਕਾਰਨਾਂ ਕਰ ਕੇ ਮੰਗਦੀ ਹੋਵੇਗੀ, ਜਾਂ ਇਸ ਲਈ ਕਿ ਚੰਡੀਗੜ੍ਹ ਵਿਚ ਉਸ ਪਾਰਟੀ ਦੇ ਉਮੀਦਵਾਰ ਸੱਤਪਾਲ ਜੈਨ ਨੂੰ ਹਰਾ ਕੇ ਪਵਨ ਬਾਂਸਲ ਜਿੱਤਿਆ ਸੀ, ਪਰ ਭਾਜਪਾ ਗੱਠਜੋੜ ਦਾ ਮੁਖੀ ਸ਼ਰਦ ਯਾਦਵ ਖੁੱਲ੍ਹ ਕੇ ਕਹੀ ਜਾਂਦਾ ਹੈ ਕਿ ਪਵਨ ਕੁਮਾਰ ਬਾਂਸਲ ਈਮਾਨਦਾਰ ਆਗੂ ਹੈ, ਭਾਣਜੇ ਦੇ ਕੀਤੇ ਨਾਲ ਉਸ ਦਾ ਕੋਈ ਵਾਸਤਾ ਨਹੀਂ ਬਣਦਾ। ਇਹ ਇਕੱਲਾ ਸ਼ਰਦ ਯਾਦਵ ਨਹੀਂ, ਕਈ ਹੋਰ ਲੋਕ ਵੀ ਸਮਝਦੇ ਸਨ, ਪਰ ਜਦੋਂ ਪਵਨ ਬਾਂਸਲ ਦੇ ਕੀਤੇ-ਕੱਤਰੇ ਦਾ ਸਾਰਾ ਕੱਚਾ ਚਿੱਠਾ ਬਾਹਰ ਆ ਗਿਆ ਹੈ, ਇਹ ਕਹਿਣ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ। ਹੁਣ ਸਗੋਂ ਜਿਨ੍ਹਾਂ ਨੂੰ ਲੋਕੀਂ ਹਾਲੇ ਤੱਕ ਈਮਾਨਦਾਰ ਮੰਨੀ ਜਾਂਦੇ ਹਨ, ਉਨ੍ਹਾਂ ਬਾਰੇ ਨਵੇਂ ਸਿਰੇ ਤੋਂ ਸੋਚਣਾ ਪਵੇਗਾ। ਅਸ਼ਵਨੀ ਕੁਮਾਰ ਵੱਲੋਂ ਪ੍ਰਧਾਨ ਮੰਤਰੀ ਦਾ ਅਕਸ ਬਚਾਉਣ ਦੀ ਕੋਸ਼ਿਸ਼ ਵਿਚ ਸੀ ਬੀ ਆਈ ਦੀ ਜਾਂਚ ਰਿਪੋਰਟ ਦੀ ਚੀਰ-ਪਾੜ ਕਰਨੀ ਤੇ ਇੰਜ ਕਰਦਿਆਂ ਆਪਣੀ ਕੁਰਸੀ ਗੁਆ ਦੇਣੀ ਇਸ ਪੱਖ ਤੋਂ ਸੋਚਣ ਲਈ ਦੇਸ਼ ਦੇ ਲੋਕਾਂ ਨੂੰ ਮਜਬੂਰ ਕਿਉਂ ਨਾ ਕਰੇਗੀ?

Be the first to comment

Leave a Reply

Your email address will not be published.