ਚੰਡੀਗੜ੍ਹ: ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲਾਂ ਖਿਲਾਫ ਮੋਰਚਾਬੰਦੀ ਮਗਰੋਂ ਉਨ੍ਹਾਂ ਦੇ ਜੱਦੀ ਲੋਕ ਸਭਾ ਹਲਕਾ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਵਿਚ ਅਕਾਲੀ ਦਲ ਨੂੰ ਵੱਡਾ ਖੋਰਾ ਲੱਗਣ ਦਾ ਕਿਆਸ ਲਾਇਆ ਜਾ ਰਿਹਾ ਹੈ। ਇਨ੍ਹਾਂ ਦੋਹਾਂ ਜ਼ਿਲ੍ਹਿਆਂ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਪਹਿਲਾਂ ਹੀ ਪੱਛੜ ਰਹੇ ਅਕਾਲੀ ਦਲ ਲਈ ਢੀਂਡਸਾ ਦੀ ਬਗਾਵਤ ਮਾਰੂ ਸਾਬਤ ਹੋ ਸਕਦੀ ਹੈ। ਢੀਂਡਸਾ ਵੱਲੋਂ ਆਪਣੀ ਰਿਹਾਇਸ਼ ਵਿਚ ਵਰਕਰਾਂ ਦਾ ਇਕੱਠ ਬਾਦਲਾਂ ਲਈ ਵੱਡੀ ਵੰਗਾਰ ਖੜ੍ਹੀ ਕਰ ਗਿਆ। ਭਾਵੇਂ ਦੋਵੇਂ ਜ਼ਿਲ੍ਹਿਆਂ ਦੇ ਵੱਡੇ ਅਹੁਦੇਦਾਰਾਂ ਨੇ ਇਸ ਤੋਂ ਕਿਨਾਰਾ ਕੀਤਾ ਸੀ ਪਰ ਕਈਆਂ ਨੇ ਆਪਣੇ ਸਮਰਥਕਾਂ ਨੂੰ ਇਸ ਮੀਟਿੰਗ ਵਿਚ ਭੇਜ ਕੇ ਹਾਜ਼ਰੀ ਲਗਵਾਈ।
ਹਲਕੇ ਵਿਚ ਨਾ ਤਾਂ ਸੁਖਬੀਰ ਬਾਦਲ ਦੇ ਮੁੜ ਪਾਰਟੀ ਪ੍ਰਧਾਨ ਬਣਨ ਦੀ ਬਹੁਤੀ ਖੁਸ਼ੀ ਮਨਾਈ ਗਈ ਅਤੇ ਨਾ ਹੀ ਇਸ ਸਬੰਧੀ ਸੜਕਾਂ ਉਤੇ ਕੋਈ ਫਲੈਕਸ ਵਗੈਰਾ ਦੇਖਣ ਨੂੰ ਮਿਲੇ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ‘ਚੋਂ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਇਕ ਸੀਟ ਹੀ ਜਿੱਤੀ ਸੀ, ਜਦਕਿ ਆਮ ਆਦਮੀ ਪਾਰਟੀ ਪੰਜ ਅਤੇ ਕਾਂਗਰਸ 3 ਸੀਟਾਂ ਉਤੇ ਬਾਜ਼ੀ ਮਾਰ ਗਈ ਸੀ। ਪਰਮਿੰਦਰ ਸਿੰਘ ਢੀਂਡਸਾ ਹੀ ਲਹਿਰਾਗਾਗਾ ਤੋਂ ਇਕਲੌਤੀ ਸੀਟ ਜਿੱਤ ਕੇ ਹਲਕੇ ਵਿਚ ਪਾਰਟੀ ਦਾ ਖਾਤਾ ਖੋਲ੍ਹਣ ਲਈ ਕਾਮਯਾਬ ਰਹੇ ਸਨ।
ਬਰਨਾਲਾ ਜ਼ਿਲ੍ਹੇ ਵਿਚ ਤਾਂ ਚੋਣਾਂ ਦੌਰਾਨ ਅਕਾਲੀ ਦਲ ਦੀ ਕਾਰਗੁਜ਼ਾਰੀ ਹੋਰ ਵੀ ਮਾੜੀ ਰਹੀ। ਬਰਨਾਲਾ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਪਿਛਲੇ 10 ਸਾਲਾਂ ਤੋਂ ਅਕਾਲੀ ਦਲ ਬੁਰੀ ਤਰ੍ਹਾਂ ਹਾਰਦਾ ਆ ਰਿਹਾ ਹੈ। 2017 ਚੋਣਾਂ ਵਿਚ ਤਾਂ ਅਕਾਲੀ ਦਲ ਸਾਰੀਆਂ ਸੀਟਾਂ ਉਤੇ ਤੀਜੇ ਨੰਬਰ ‘ਤੇ ਹੀ ਰਿਹਾ। 2012 ਵਿਚ ਵੀ ਅਕਾਲੀ ਦਲ ਤਿੰਨੋਂ ਸੀਟਾਂ ਹਾਰ ਗਿਆ ਸੀ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਵੱਡੇ ਢੀਂਡਸਾ ਦੀ ਇੱਛਾ ਤੋਂ ਉਲਟ ਪਰਮਿੰਦਰ ਢੀਂਡਸਾ ਨੇ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ ਸੀ। ਭਾਵੇਂ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਪਰ ਖਾਸ ਗੱਲ ਇਹ ਸੀ ਕਿ ਸਹਿਯੋਗੀ ਭਾਜਪਾ ਨੇ ਪਹਿਲੀ ਵਾਰ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਵੱਡੇ ਪੱਧਰ ਉਤੇ ਭਖਾਇਆ ਸੀ।
ਇਨ੍ਹਾਂ ਜ਼ਿਲ੍ਹਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਕੋਲ ਢੀਂਡਸਾ ਦੀ ਸ਼ਖਸੀਅਤ ਮੁਕਾਬਲੇ ਕੋਈ ਆਗੂ ਨਾ ਹੋਣਾ ਪਾਰਟੀ ਲਈ ਵੱਡੀ ਪਰੇਸ਼ਾਨੀ ਹੈ। ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦਾ ਖੁੱਸ ਚੁੱਕਿਆ ਪੰਥਕ ਅਤੇ ਕਿਸਾਨੀ ਵੋਟ ਬੈਂਕ ਹਾਸਲ ਕਰਨ ਦੀ ਗੱਲ ਤਾਂ ਦੂਰ, ਹਾਲੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿਚਲੇ ਆਗੂਆਂ ਅਤੇ ਵਰਕਰਾਂ ਉਤੇ ਪਕੜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਨੂੰ ‘ਅੱਖਾਂ ਦਿਖਾਈਆਂ’ ਹਨ ਤਾਂ ਇਸ ਦਾ ਅਸਰ ਹੋਰ ਵੀ ਮਾੜਾ ਪੈ ਸਕਦਾ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਢੀਂਡਸਾ ਵੱਲੋਂ ਬਾਦਲਾਂ ਖਿਲਾਫ ਮੋਰਚਾਬੰਦੀ ਮਗਰੋਂ ਉਨ੍ਹਾਂ ਦੇ ਜੱਦੀ ਲੋਕ ਸਭਾ ਹਲਕਾ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਵਿਚ ਅਕਾਲੀ ਦਲ ਨੂੰ ਵੱਡਾ ਖੋਰਾ ਲੱਗ ਸਕਦਾ ਹੈ। ਇਨ੍ਹਾਂ ਦੋਹਾਂ ਜ਼ਿਲ੍ਹਿਆਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਪਹਿਲਾਂ ਹੀ ਪੱਛੜ ਰਹੇ ਅਕਾਲੀ ਦਲ ਲਈ ਢੀਂਡਸਾ ਦੀ ਬਗਾਵਤ ਮਾਰੂ ਸਾਬਤ ਹੋ ਸਕਦੀ ਹੈ।
_____________________________________________
ਸੁਖਬੀਰ ਅਕਾਲੀ ਦਲ ਦਾ ‘ਫਰਜ਼ੀ’ ਪ੍ਰਧਾਨ: ਢੀਂਡਸਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ‘ਫਰਜ਼ੀ’ ਕਰਾਰ ਦਿੰਦਿਆਂ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ‘ਨਾਮਜ਼ਦ ਡੈਲੀਗੇਟ’ ਤੋਂ ਮੋਹਰ ਲਵਾਈ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਅੰਦਰੂਨੀ ਚੋਣਾਂ ਲਈ ਅਪਣਾਈ ਗਈ ਪ੍ਰਕਿਰਿਆ ਇਕ ਤਰ੍ਹਾਂ ਨਾਲ ਖਾਨਾਪੂਰਤੀ ਸੀ ਤਾਂ ਜੋ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਜਾਵੇ। ਅਕਾਲੀ ਦਲ ਦੇ ‘ਬਾਗੀ’ ਆਗੂ ਨੇ ਕਿਹਾ ਕਿ ਪਾਰਟੀ ਅੰਦਰ ਪ੍ਰਧਾਨ ਦੀ ਚੋਣ ਲਈ ਬਾਕਾਇਦਾ ਇਕ ਪ੍ਰਕਿਰਿਆ ਰਹੀ ਹੈ। ਸਭ ਤੋਂ ਪਹਿਲਾਂ ਡੈਲੀਗੇਟਾਂ ਦੀ ਚੋਣ ਹੁੰਦੀ ਹੈ, ਉਸ ਤੋਂ ਬਾਅਦ ਸਰਕਲ ਜਥੇਦਾਰ ਚੁਣੇ ਜਾਂਦੇ ਹਨ ਤੇ ਫਿਰ ਡੈਲੀਗੇਟਾਂ ਵੱਲੋਂ ਪ੍ਰਧਾਨ ਚੁਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਜੋ ਪ੍ਰਕਿਰਿਆ ਚਲਾਈ ਗਈ, ਇਕ ਤਰ੍ਹਾਂ ਨਾਲ ਫਰਜ਼ੀ ਸੀ। ਸ੍ਰੀ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਮਹਿਜ਼ ਇਕ ਸਿਆਸੀ ਪਾਰਟੀ ਨਹੀਂ ਬਲਕਿ ਇਹ ਲੋਕ ਲਹਿਰ ਹੈ ਤੇ ਇਸ ਪਾਰਟੀ ਅੰਦਰ ਅੰਦਰੂਨੀ ਜਮਹੂਰੀਅਤ ਖਤਮ ਹੋਣਾ ਪੰਜਾਬ ਦੇ ਸਿੱਖਾਂ ਲਈ ਸਭ ਤੋਂ ਵੱਧ ਦੁਖਦਾਈ ਹੈ।
__________________________________________________
ਮੇਰੇ ਜਾਣ ਨਾਲ ਪਾਰਟੀ ਨੂੰ ਫਰਕ ਨਹੀਂ ਪੈਣਾ: ਸੁਖਬੀਰ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਧਰਨੇ ‘ਚ ਪਰਮਿੰਦਰ ਸਿੰਘ ਢੀਂਡਸਾ ਦੇ ਨਾ ਪੁੱਜਣ ਤੋਂ ਸਾਫ ਹੋ ਗਿਆ ਹੈ ਕਿ ਢੀਂਡਸਾ ਤੇ ਬਾਦਲ ਪਰਿਵਾਰ ਦਰਮਿਆਨ ਸਿਆਸੀ ਦੂਰੀਆਂ ਹੋਰ ਵਧ ਗਈਆਂ ਹਨ। ਭਾਵੇਂ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲਾਂ ਖਿਲਾਫ ਜਨਤਕ ਵਿਰੋਧ ਭਖਾਇਆ ਜਾ ਰਿਹਾ ਹੈ ਪਰ ਛੋਟੇ ਢੀਂਡਸਾ ਬਾਰੇ ਕਿਆਸੇ ਸਨ ਕਿ ਸ਼ਾਇਦ ਉਹ ਪਟਿਆਲਾ ਧਰਨੇ ‘ਚ ਪੁੱਜ ਜਾਣਗੇ ਪਰ ਅਜਿਹਾ ਨਾ ਹੋਣ ਉਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਅਕਾਲੀ ਦਲ ਵਿਚੋਂ ਭਾਵੇਂ ਸੁਖਬੀਰ ਬਾਦਲ ਸਮੇਤ ਕੋਈ ਵੀ ਚਲਾ ਜਾਵੇ, ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਣਾ। ਵੱਡੇ ਢੀਂਡਸਾ ਵੱਲੋਂ ਉਨ੍ਹਾਂ ਨੂੰ ਅਕਾਲੀ ਦਲ ਦਾ ਫਰਜ਼ੀ ਪ੍ਰਧਾਨ ਆਖਣ ਸਬੰਧੀ ਸੁਖਬੀਰ ਬਾਦਲ ਨੇ ਆਖਿਆ, ‘ਜੋ ਮਰਜ਼ੀ ਕਹੀ ਜਾਵੇ, ਮੇਰੇ ਬਜ਼ੁਰਗ ਸਮਾਨ ਹਨ’।