ਔਰਤ-ਪੁਰਸ਼ ਬਰਾਬਰੀ: ਭਾਰਤ ਦੀ ਨਮੋਸ਼ੀ ਵਾਲੀ ਹਾਲਤ

ਨਵੀਂ ਦਿੱਲੀ: ਔਰਤਾਂ ਦੀ ਸਿਹਤ ਅਤੇ ਆਰਥਿਕ ਹਿੱਸੇਦਾਰੀ ਦੇ ਖੇਤਰ ‘ਚ ਸਥਿਤੀ ਖਰਾਬ ਹੋਣ ਦਰਮਿਆਨ ਔਰਤ-ਪੁਰਸ਼ ਨਾ-ਬਰਾਬਰੀ ਬਾਰੇ ਤਿਆਰ ਇਕ ਰਿਪੋਰਟ ਵਿਚ ਭਾਰਤ ਪਿਛਲੇ ਸਾਲ ਦੇ ਮੁਕਾਬਲੇ ਚਾਰ ਥਾਂਵਾਂ ਖਿਸਕ ਕੇ 112ਵੇਂ ਨੰਬਰ ਉਤੇ ਪਹੁੰਚ ਗਿਆ ਹੈ।

ਸਿਹਤ ਤੇ ਆਰਥਿਕ ਹਿੱਸੇਦਾਰੀ ਖੇਤਰਾਂ ‘ਚ ਭਾਰਤ ਸਭ ਤੋਂ ਹੇਠਲੀ ਥਾਂ ਪਾਉਣ ਵਾਲੇ ਪੰਜ ਦੇਸ਼ਾਂ ਵਿਚ ਸ਼ਾਮਲ ਹੈ। ਵਿਸ਼ਵ ਆਰਥਿਕ ਮੰਚ (ਵਰਲਡ ਇਕਨਾਮਿਕ ਫੋਰਮ) ਦੀ ਮਹਿਲਾਵਾਂ ਤੇ ਪੁਰਸ਼ਾਂ ਵਿਚਾਲੇ ਵੱਖ-ਵੱਖ ਖੇਤਰਾਂ ਵਿਚ ਵਧਦੇ ਫਾਸਲੇ ਨਾਲ ਸਬੰਧਤ ਇਸ ਸਾਲਾਨਾ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਪਿਛਲੇ ਸਾਲ ਭਾਰਤ ਇਸ ਸੂਚੀ ‘ਚ 108ਵੇਂ ਨੰਬਰ ਉਤੇ ਸੀ। ਭਾਰਤ ਦਾ ਸਥਾਨ ਚੀਨ (106), ਸ੍ਰੀਲੰਕਾ (102), ਨੇਪਾਲ (101), ਬ੍ਰਾਜ਼ੀਲ (92), ਇੰਡੋਨੇਸ਼ੀਆ (85) ਤੇ ਬੰਗਲਾਦੇਸ਼ (50) ਤੋਂ ਵੀ ਹੇਠਾਂ ਹੈ। ਪੁਰਸ਼-ਮਹਿਲਾਵਾਂ ਵਿਚਾਲੇ ਸਭ ਤੋਂ ਵੱਧ ਬਰਾਬਰੀ ਆਈਸਲੈਂਡ ਵਿਚ ਹੈ। ਇਸ ਨਾ-ਬਰਾਬਰੀ ਨੂੰ ਚਾਰ ਮੁੱਖ ਨੁਕਤਿਆਂ ਤੋਂ ਤੈਅ ਕੀਤਾ ਗਿਆ ਹੈ। ਇਸ ਵਿਚ ਉਪਲਬਧ ਆਰਥਿਕ ਮੌਕੇ, ਸਿਆਸੀ ਮਜ਼ਬੂਤੀ, ਅਕਾਦਮਿਕ ਪ੍ਰਾਪਤੀਆਂ ਤੇ ਸਿਹਤ ਪੱਖ ਸ਼ਾਮਲ ਕੀਤੇ ਗਏ ਹਨ।
ਵਿਸ਼ਵ ਆਰਥਿਕ ਫੋਰਮ ਦੀ ਹਾਲੀਆ ਰਿਪੋਰਟ ਅਨੁਸਾਰ ਜੇਕਰ ਬਰਾਬਰੀ ਵੱਲ ਵਧਣ ਦੀ ਰਫਤਾਰ ਇਹੀ ਰਹੀ ਤਾਂ ਕੰਮ ਵਾਲੀ ਥਾਂ ਉਤੇ ਬਰਾਬਰੀ ਹਾਸਲ ਕਰਨ ਲਈ ਔਰਤਾਂ ਨੂੰ 257 ਸਾਲ ਹੋਰ ਲੱਗਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਲੰਘੇ ਸਾਲ ਵਿਚ ਗੈਰ-ਬਰਾਬਰੀ ਪਹਿਲਾਂ ਨਾਲੋਂ ਵਧੀ ਹੈ। ਫੋਰਮ ਚਾਰ ਖੇਤਰਾਂ ਸਿੱਖਿਆ, ਸਿਹਤ, ਆਰਥਿਕ ਮੌਕੇ ਅਤੇ ਸਿਆਸੀ ਸ਼ਕਤੀਕਰਨ ਦੇ ਜਾਇਜ਼ੇ ਦੇ ਆਧਾਰ ਉਤੇ 153 ਦੇਸ਼ਾਂ ਬਾਰੇ ਆਪਣੀ ਰਿਪੋਰਟ ਤਿਆਰ ਕਰਦਾ ਹੈ। ਦੁਨੀਆਂ ਵਿਚ ਮਹਾਂਸ਼ਕਤੀ ਬਣਨ ਦੇ ਸੁਪਨੇ ਦੇਖ ਰਿਹਾ ਭਾਰਤ ਪਿਛਲੇ ਸਾਲ ਦੇ ਮੁਕਾਬਲੇ ਚਾਰ ਥਾਂਵਾਂ ਹੇਠਾਂ ਖਿਸਕ ਕੇ 112ਵੇਂ ਨੰਬਰ ਉੱਤੇ ਚਲਾ ਗਿਆ ਹੈ। ਸਿਹਤ ਅਤੇ ਆਰਥਿਕ ਹਿੱਸੇਦਾਰੀ ਦੇ ਖੇਤਰ ਵਿਚ ਤਾਂ ਇਹ ਹੇਠਲੇ ਪੰਜਾਂ ਵਿਚ ਸ਼ੁਮਾਰ ਹੋ ਗਿਆ ਹੈ। ਗੁਆਂਢੀ ਦੇਸ਼ ਚੀਨ, ਲੰਕਾ, ਨੇਪਾਲ ਵੀ ਇਸ ਮਾਮਲੇ ਵਿਚ ਭਾਰਤ ਤੋਂ ਅੱਗੇ ਹਨ।
ਰਿਪੋਰਟ ਦੱਸਦੀ ਹੈ ਕਿ 21ਵੀਂ ਸਦੀ ਦੀ ਵਿਗਿਆਨਕ ਤੇ ਤਕਨੀਕੀ ਖੇਤਰ ਵਿਚ ਅੱਖਾਂ ਚੁੰਧਿਆਉਣ ਵਾਲੀ ਤਰੱਕੀ ਦੇ ਬਾਵਜੂਦ ਸਮਾਜਿਕ ਖੇਤਰ ਦੀਆਂ ਪੁਰਾਣੀਆਂ ਧਾਰਨਾਵਾਂ ਟੁੱਟਣ ਦੀ ਰਫਤਾਰ ਬਹੁਤੀ ਤੇਜ਼ ਨਹੀਂ ਹੈ। ਪਿਤਰ ਸੱਤਾ ਅਤੇ ਮਰਦ ਪ੍ਰਧਾਨ ਸੋਚ ਦਾ ਗਲਬਾ ਇਸ ਕਦਰ ਭਾਰੀ ਹੈ ਕਿ ਕੋਸ਼ਿਸ਼ਾਂ ਦੇ ਬਾਵਜੂਦ ਜਕੜ ਸਦੀਆਂ ਤੱਕ ਬਣੇ ਰਹਿਣ ਦਾ ਖਦਸ਼ਾ ਹੈ। ਆਇਸਲੈਂਡ ਜਿਹਾ ਬਰਾਬਰੀ ਦੇ ਮਾਮਲੇ ਵਿਚ ਪਹਿਲੇ ਨੰਬਰ ਉਤੇ ਹੈ। ਕੋਈ ਵੱਡਾ ਤਾਕਤਵਰ ਦੇਸ਼ ਇਸ ਖੇਤਰ ਵਿਚ ਰੋਲ ਮਾਡਲ ਬਣਨ ਦੀ ਹਾਲਤ ਵਿਚ ਨਹੀਂ ਹੈ। ਸੰਯੁਕਤ ਰਾਸ਼ਟਰ ਵਿਚ ਵੀਟੋ ਪਾਵਰ ਹਾਸਲ ਕੋਈ ਵੀ ਦੇਸ਼ ਪਹਿਲੇ ਦਸਾਂ ਵਿਚ ਸਥਾਨ ਨਹੀਂ ਬਣਾ ਸਕਿਆ। ਅਮਰੀਕਾ ਵੀ ਦੋ ਥਾਂਵਾਂ ਖਿਸਕ ਕੇ ਇਸ ਸਾਲ 53ਵੇਂ ਨੰਬਰ ਉੱਤੇ ਚਲਾ ਗਿਆ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਕੇਵਲ ਆਰਥਿਕ ਅਤੇ ਸਿਆਸੀ ਮਹਾਂਸ਼ਕਤੀ ਹੋਣਾ ਹੀ ਕਾਫੀ ਨਹੀਂ ਹੈ ਇਸ ਲਈ ਸੰਵੇਦਨਸ਼ੀਲ ਤਰੀਕੇ ਨਾਲ ਸਮਾਜਿਕ ਤਬਦੀਲੀ ਵੱਲ ਅੱਗੇ ਵਧਣ ਲਈ ਵੱਖਰੇ ਤਰ੍ਹਾਂ ਦੀ ਪਹਿਲ ਦੀ ਲੋੜ ਹੈ।
__________________________________
ਕੈਪਟਨ ਵਲੋਂ ਪੰਜ ਸ਼ਹਿਰਾਂ ਵਿਚ ਮਹਿਲਾ ਪੀ.ਸੀ.ਆਰ. ਵੈਨਾਂ ਚਲਾਉਣ ਦੇ ਹੁਕਮ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਕਟ ਵਿਚ ਫਸੀਆਂ ਔਰਤਾਂ ਲਈ ਪਿਕਅੱਪ ਤੇ ਡਰਾਪ ਦੀ ਸਹੂਲਤ ਵਿਚ ਵਾਧਾ ਕਰਨ ਦੇ ਮੱਦੇਨਜ਼ਰ ਸੂਬੇ ਦੇ ਪੰਜ ਪ੍ਰਮੁੱਖ ਸ਼ਹਿਰਾਂ ਵਿਚ ਮਹਿਲਾਵਾਂ ਉਤੇ ਆਧਾਰਿਤ ਪੀ.ਸੀ.ਆਰ. ਵੈਨਾਂ ਚਲਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਔਰਤਾਂ ਨੂੰ ਸੁਰੱਖਿਅਤ ਤਰੀਕੇ ਨਾਲ ਘਰ ਪਹੁੰਚਾਇਆ ਜਾ ਸਕੇ।
ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਸੰਕਟ ‘ਚ ਫਸੀਆਂ ਔਰਤਾਂ ਨੂੰ ਉਨ੍ਹਾਂ ਦੇ ਘਰ ਜਾਂ ਕੰਮਕਾਜ ਵਾਲੀਆਂ ਥਾਂਵਾਂ ਉਤੇ ਸੁਰੱਖਿਅਤ ਪਹੁੰਚਾਉਣ ਲਈ ਮੁਹਾਲੀ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਜਲੰਧਰ ਵਿਚ ਚਲਾਈਆਂ ਜਾ ਰਹੀਆਂ ਪੀ.ਸੀ.ਆਰ. ਵੈਨਾਂ ਦੀਆਂ ਚਾਲਕ ਵੀ ਔਰਤਾਂ ਹੀ ਹੋਣਗੀਆਂ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਦਸੰਬਰ 2019 ਨੂੰ ਔਰਤਾਂ ਦੀ ਸੁਰੱਖਿਆ ਸਬੰਧੀ ਵਧ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਜਿਸ ਤਹਿਤ ਰਾਤ 9.00 ਤੋਂ ਸਵੇਰੇ 6.00 ਵਜੇ ਤੱਕ ਔਰਤਾਂ ਨੂੰ ਮੁਫ਼ਤ ਪੁਲਿਸ ਸਹਾਇਤਾ ਦਿੱਤੀ ਜਾਂਦੀ ਹੈ।