ਭਗਵੇਂ ਰਥ ਦੀ ਧੁਸ ਰੋਕਣ ਲਈ ਡਟੇ ਲੋਕ

ਬੂਟਾ ਸਿੰਘ
ਫੋਨ: +91-94634-74342
ਨਾਗਰਿਕਤਾ ਸੋਧ ਐਕਟ ਵਿਰੁਧ ਅਵਾਮ ਦੇ ਪੁਰਅਮਨ ਧਰਨਿਆਂ-ਮੁਜ਼ਾਹਰਿਆਂ ਨੂੰ ਲਾਠੀ-ਗੋਲੀ ਨਾਲ ਦਬਾਉਣ ਦੇ ਸੱਤਾਧਾਰੀ ਧਿਰ ਦੇ ਰਵੱਈਏ ਤੋਂ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਹੈ ਕਿ ਹਿੰਸਾ ਫੈਲਾਉਣ ਅਤੇ ਫਿਰਕੂ ਪਾਟਕ ਪਾਉਣ ਵਾਲੇ ਕੌਣ ਹਨ ਅਤੇ ਕੌਣ ਮੁਲਕ ਦੀ ਸਮਾਜੀ ਸਦਭਾਵਨਾ ਤੇ ਭਾਈਚਾਰਕ ਸਾਂਝ ਨੂੰ ਬਚਾਉਣ ਲਈ ਯਤਨਸ਼ੀਲ ਹਨ। ਪ੍ਰਧਾਨ ਮੰਤਰੀ ਦੀਆਂ ਨਾਗਰਿਕਾਂ ਨੂੰ ਹਿੰਸਾ ਤੋਂ ਦੂਰ ਰਹਿਣ ਅਤੇ ਅਮਨ-ਅਮਾਨ ਬਣਾਈ ਰੱਖਣ ਦੀਆਂ ਅਪੀਲਾਂ ਦਾ ਦੰਭ ਹੁਣ ਜ਼ਿਆਦਾਤਰ ਲੋਕਾਂ ਨੇ ਸਮਝਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਗਿਣ-ਮਿਥ ਕੇ ਹਿੰਸਾ ਤਾਂ ਸੱਤਾ ਦੇ ਇਸ਼ਾਰੇ ‘ਤੇ ਖੁਦ ਪੁਲਿਸ ਕਰ ਰਹੀ ਹੈ। ‘ਫਸਾਦੀਆਂ ਨੂੰ ਉਹਨਾਂ ਦੇ ਕੱਪੜਿਆਂ ਤੋਂ ਪਛਾਣ ਸਕਦੇ ਹੋ’ ਐਸੀ ਭੜਕਾਊ ਬਿਆਨਬਾਜ਼ੀ ਵੀ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਹੋਰ ਆਗੂ ਹੀ ਕਰ ਰਹੇ ਹਨ।

ਸੱਤਾਧਾਰੀ ਧਿਰ ਅਤੇ ਰਾਜ ਮਸ਼ੀਨਰੀ ਵਲੋਂ ਪੈਦਾ ਕੀਤੇ ਐਨੇ ਭੜਕਾਊ ਮਾਹੌਲ ਦੇ ਬਾਵਜੂਦ, ਕੁਝ ਆਪਮੁਹਾਰੀਆਂ ਘਟਨਾਵਾਂ ਨੂੰ ਛੱਡ ਕੇ, ਜ਼ਾਬਤਾਬੱਧ ਰੋਸ-ਮੁਜ਼ਾਹਰੇ ਨਿਆਂਪਸੰਦ ਨਾਗਰਿਕਾਂ ਦੀ ਆਪਣੇ ਵਤਨ ਨੂੰ ਪਾਟਕ-ਪਾਊ-ਹਿੰਸਕ ਹਿੰਦੂਤਵੀ ਸਾਜ਼ਿਸ਼ ਤੋਂ ਬਚਾਉਣ ਅਤੇ ਘੱਟਗਿਣਤੀ ਮੁਸਲਿਮ ਭਾਈਚਾਰੇ ਦਾ ਦਰਦ ਵੰਡਾਉਣ ਦੀ ਸਮੂਹਿਕ ਫਿਕਰਮੰਦੀ ਦੀ ਤਰਜਮਾਨੀ ਕਰਦੇ ਹਨ। ਦੂਜੇ ਪਾਸੇ, ਨਿਆਂ ਪ੍ਰਣਾਲੀ ਦੀ ਨਾਗਰਿਕਤਾ ਦੇ ਹੱਕ ਉਪਰ ਹਮਲੇ ਪ੍ਰਤੀ ਸੰਵੇਦਨਸ਼ੀਲਤਾ ਅਤੇ ਗੰਭੀਰਤਾ ਦਾ ਆਲਮ ਇਹ ਹੈ ਕਿ ਸੁਪਰੀਮ ਕੋਰਟ ਨੇ ਉਪਰੋਕਤ ਐਕਟ ਵਿਰੁਧ ਦਾਇਰ ਕੀਤੀਆਂ 59 ਪਟੀਸ਼ਨਾਂ ਦੀ ਸੁਣਵਾਈ 22 ਜਨਵਰੀ ‘ਤੇ ਪਾ ਦਿੱਤੀ ਹੈ।
ਸੱਜਰਾ ਅਵਾਮੀ ਉਭਾਰ ਭਾਰਤ ਦੀ ਸਾਂਝੀ ਵਿਰਾਸਤ ਅਤੇ ਫਿਰਕੂ ਇਕਸੁਰਤਾ ਨੂੰ ਬਚਾਉਣ ਦਾ ਕਾਬਲੇ-ਤਾਰੀਫ ਹੰਭਲਾ ਹੈ ਜਿਸ ਦਾ ਇਜ਼ਹਾਰ ‘ਜਬ ਹਿੰਦੂ-ਮੁਸਲਿਮ ਰਾਜ਼ੀ, ਤੋ ਕਯਾ ਕਰੇਗਾ ਨਾਜ਼ੀ’ ਵਰਗੇ ਨਾਅਰਿਆਂ ਦੀ ਸ਼ਕਲ ਵਿਚ ਹੋ ਰਿਹਾ ਹੈ। ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਪ੍ਰਾਜੈਕਟ ਤਹਿਤ ਲਿਆਂਦੇ ਨਾਗਰਿਕਤਾ ਸੋਧ ਐਕਟ ਅਤੇ ਪੂਰੇ ਮੁਲਕ ਲਈ ਐਨ.ਆਰ.ਸੀ. ਬਣਾਏ ਜਾਣ ਦੇ ਸੰਕੇਤਾਂ ਵਿਚ ਮੌਜੂਦ ਫਾਸ਼ੀਵਾਦੀ ਖਤਰਿਆਂ ਨੂੰ ਮਹਿਸੂਸ ਕਰਕੇ ਅਵਾਮ ਸੜਕਾਂ ਉਪਰ ਨਿਕਲ ਆਏ। ਉਹ ਹਿਟਲਰੀ ਤਰਜ਼ ਦੇ ਹਿੰਦੂ ਰਾਸ਼ਟਰ ਦੇ ਪ੍ਰਾਜੈਕਟ ਤਹਿਤ ਪੂਰੇ ਮੁਲਕ ਨੂੰ ਕਸ਼ਮੀਰ ਵਰਗੇ ਹਾਲਾਤ ਵਲ ਧੱਕਣ ਅਤੇ ਸੰਭਾਵੀ ਤਬਾਹੀ ਅਤੇ ਬਰਬਾਦੀ ਦੇ ਖਤਰੇ ਦੇ ਮੱਦੇਨਜ਼ਰ ਇਸ ਹਮਲੇ ਨੂੰ ਠੱਲਣ ਲਈ ਦ੍ਰਿੜ ਹਨ। ਦਿੱਲੀ ਵਿਚ ਇੰਟਰਨੈਟ ਅਤੇ ਮੈਟਰੋ ਸਟੇਸ਼ਨ ਬੰਦ ਰੱਖੇ ਗਏ। ਥੋਕ ਪੈਮਾਨੇ ‘ਤੇ ਜਬਰ ਤੇ ਗ੍ਰਿਫਤਾਰੀਆਂ ਵੀ ਅਵਾਮ ਦੇ ਹੌਸਲੇ ਪਸਤ ਨਹੀਂ ਕਰ ਸਕੇ। ਉਤਰ-ਪੂਰਬ ਵੀ ਸੜਕਾਂ ਉਪਰ ਹੈ, ਹਾਲਾਂਕਿ ਉਹਨਾਂ ਦੇ ਵਿਰੋਧ ਦੇ ਕਾਰਨ ਵੱਖਰੇ ਹਨ।
ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਪੁਲਿਸ ਨੇ ਪਹਿਲਾਂ ਦੋ ਯੂਨੀਵਰਸਿਟੀ ਕੈਂਪਸਾਂ, ਜਾਮੀਆ ਮਿਲੀਆ ਇਸਲਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਤੇ ਫਿਰ ਵੱਖ-ਵੱਖ ਥਾਈਂ ਮੁਜ਼ਾਹਰਾਕਾਰੀਆਂ ਉਪਰ ਹਮਲੇ ਕਰਕੇ, ਖੁਦ ਭੰਨ-ਤੋੜ ਕਰਕੇ ਅਤੇ ਵਹੀਕਲਾਂ ਨੂੰ ਅੱਗਾਂ ਲਾ ਕੇ ਵਿਰੋਧ ਨੂੰ ਦਬਾਉਣ ਦੀ ਅਸਫਲ ਕੋਸ਼ਿਸ਼ ਕੀਤੀ। ਕੈਂਪਸਾਂ ਦੇ ਵਿਦਿਆਰਥੀ-ਪ੍ਰੋਫੈਸਰ, ਆਮ ਲੋਕ ਅਤੇ ਪੁਲਿਸ ਦੀ ਬਦਸਲੂਕੀ ਦਾ ਸ਼ਿਕਾਰ ਹੋਏ ਪੱਤਰਕਾਰ ਇਸ ਦੇ ਚਸ਼ਮਦੀਦ ਗਵਾਹ ਹਨ। ਇਹਨਾਂ ਘਟਨਾਵਾਂ ਦੀ ਤਸਦੀਕ ਕਰਦੀਆਂ ਦਰਜਨਾਂ ਵੀਡੀਓ ਫੁੱਟੇਜ ਨਿਰਪੱਖ ਨਿਊਜ਼ ਪੋਰਟਲਾਂ ਅਤੇ ਸੋਸ਼ਲ ਮੀਡੀਆ ਮੰਚਾਂ ਉਪਰ ਨਸ਼ਰ ਹੋਈਆਂ।
ਪੁਲਿਸ ਦੇ ਹਮਲੇ ਹੁਣ ਤੱਕ 21 ਲੋਕਾਂ ਦੀ ਜਾਨ ਲੈ ਚੁੱਕੇ ਹਨ। ਪੁਲਿਸ ਅਮਨ-ਕਾਨੂੰਨ ਕਾਇਮ ਰੱਖਣ ਵਾਲੀ ਤਾਕਤ ਦੀ ਭੂਮਿਕਾ ਤਿਆਗ ਕੇ ਸ਼ਰੇਆਮ ਸੱਤਾਧਾਰੀ ਧਿਰ ਦੇ ਪ੍ਰਾਈਵੇਟ ਲੱਠਮਾਰਾਂ ਦੀ ਭੂਮਿਕਾ ਨਿਭਾਉਾਂਦੀ ਤੇ ਪੁਰਅਮਨ ਮੁਜ਼ਾਹਰਾਕਾਰੀਆਂ ਤੇ ਆਮ ਲੋਕਾਂ ਉਪਰ ਅੰਧਾਧੁੰਦ ਲਾਠੀਆਂ-ਗੋਲੀਆਂ ਚਲਾਉਂਦੀ ਦੇਖੀ ਗਈ। ਯੂਨੀਵਰਸਿਟੀ ਦੀ ਲਾਇਬਰੇਰੀ, ਹੋਸਟਲਾਂ, ਵਾਸ਼ਰੂਮਾਂ ਵਿਚ ਜਾ ਕੇ ਵਿਦਿਆਰਥੀਆਂ ਉਪਰ ਹਮਲਿਆਂ ਅਤੇ ਹਸਪਤਾਲ ਵਿਚ ਜ਼ਖਮੀਆਂ ਨਾਲ ਬਦਤਮੀਜ਼ੀ ਦੇ ਮੰਜ਼ਰ ਕੁਲ ਆਲਮ ਨੇ ਦੇਖੇ। ਦਿੱਲੀ ਵਿਚ ਮੁਜ਼ਾਹਰਾਕਾਰੀਆਂ ਦੀ ਸਾਦਾ ਕੱਪੜਿਆਂ ਵਾਲੇ ਸ਼ੱਕੀ ਵਿਅਕਤੀਆਂ ਵਲੋਂ ਕੁੱਟਮਾਰ ਵੀ ਮੁਸਤੈਦ ਕੈਮਰਿਆਂ ਨੇ ਦਿਖਾਈ। ਸੱਤਾਧਾਰੀ ਧਿਰ ਵਲੋਂ ਪੁਰਅਮਨ ਮੁਜ਼ਾਹਰਿਆਂ ਵਿਚ ਗੜਬੜ ਕਰਾਉਣ ਲਈ ਭੇਜੇ ‘ਘੁਸਪੈਠੀਆਂ’ ਦੀ ਤਸਦੀਕ ਪੱਛਮੀ ਬੰਗਾਲ ਵਿਚ ਮੁਸਲਿਮ ਪਹਿਰਾਵਾ ਪਹਿਨ ਕੇ ਅੱਗ ਲਗਾ ਰਹੇ ਛੇ ਜਣਿਆਂ ਦੀ ਗ੍ਰਿਫਤਾਰੀ ਨਾਲ ਹੋ ਗਈ।
ਚਾਹੇ ਭਾਜਪਾ ਸ਼ਾਸਤ ਯੂ.ਪੀ. ਜਾਂ ਕਰਨਾਟਕਾ ਹੈ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ, ਪੁਲਿਸ ਦੀ ਤੁਅੱਸਬੀ ਭੂਮਿਕਾ ਜੱਗ ਜ਼ਾਹਰ ਹੈ। ਯੂ.ਪੀ. ਵਿਚ ਮਹੰਤ ਅਦਿਤਿਆਨਾਥ ਦੇ ਰਾਜ ਵਿਚ ਪੁਲਿਸ ਵਲੋਂ ਬੇਤਹਾਸ਼ਾ ਹੱਤਿਆਵਾਂ ਕੀਤੀਆਂ ਗਈਆਂ। ਇਥੇ ਪੁਲਿਸ ਹਿੰਸਾ ਨਾਲ ਅੱਠ ਸਾਲ ਦੇ ਬੱਚੇ ਸਮੇਤ 19 ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ। ਮੈਂਗਲੂਰੂ ਵਿਚ ਦੋ ਵਿਅਕਤੀ ਪੁਲਿਸ ਦੀ ਗੋਲੀ ਨਾਲ ਮਾਰੇ ਗਏ। ਬਿਜਨੌਰ (ਪੱਛਮੀ ਯੂ.ਪੀ.) 131 ਲੋਕਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਇਸ ਰਾਜ ਵਿਚ ਨਾਮਜ਼ਦ ਮੁਜ਼ਾਹਰਾਕਾਰੀਆਂ ਦੇ ਨਾਲ-ਨਾਲ ਸੈਂਕੜੇ ‘ਬੇਪਛਾਣ’ ਲੋਕਾਂ ਵਿਰੁੱਧ ਪਰਚੇ ਦਰਜ ਦੀਆਂ ਰਿਪੋਰਟਾਂ ਹਨ। ਪੱਛਮੀ ਬੰਗਾਲ ਵਰਗੇ ਰਾਜਾਂ ਵਿਚ ਹਾਲਤ ਹੋਰ ਵੀ ਚਿੰਤਾਜਨਕ ਹੈ ਜਿਥੇ ਸੱਤਾ ਉਪਰ ਕਾਬਜ਼ ਹੋਣ ਲਈ ਭਗਵਾਂ ਕੈਂਪ ਫਿਰਕੂ ਪਾਲਾਬੰਦੀ ਲਈ ਹਰ ਹਰਬਾ ਵਰਤ ਰਿਹਾ ਹੈ।
ਪੁਲਿਸ ਦੀ ਭੂਮਿਕਾ ਦਾ ਅਤਿਅੰਤ ਖਤਰਨਾਕ ਪਹਿਲੂ ਇਸ ਦਾ ਫਿਰਕੂ, ਉਚ ਜਾਤੀ ਤੁਅੱਸਬੀ ਸੁਭਾਅ ਹੈ ਜੋ ਬੀਤੇ ਵਿਚ ਹਾਸ਼ਿਮਪੁਰਾ, ਪੀਲੀਭੀਤ, ਮੁਜ਼ੱਫਰਨਗਰ ਵਰਗੇ ਦਿਲ ਕੰਬਾਊ ਕਾਂਡਾਂ ਅਤੇ ਅਦਿਤਿਆਨਾਥ ਸਰਕਾਰ ਦੀ ਨੀਤੀ ਤਹਿਤ ਸੈਂਕੜੇ ਪੁਲਿਸ ਮੁਕਾਬਲਿਆਂ ਵਿਚ ਮੁਸਲਮਾਨਾਂ ਅਤੇ ਹੋਰ ਹਾਸ਼ੀਆਗ੍ਰਸਤ ਹਿੱਸਿਆਂ ਦੀਆਂ ਗੈਰਅਦਾਲਤੀ ਹੱਤਿਆਵਾਂ ਰਾਹੀਂ ਸਾਹਮਣੇ ਆ ਚੁੱਕਾ ਹੈ। ਇਸੇ ਵਤੀਰੇ ਦਾ ਦੁਹਰਾਓ ਹਾਲੀਆ ਹਮਲਿਆਂ ਵਿਚ ਦੇਖਿਆ ਗਿਆ, ਜਿਥੇ ਪੁਲਿਸ ਕਾਰਵਾਈ ਦੀ ਮਨਸ਼ਾ ਹਜੂਮ ਨੂੰ ਖਿੰਡਾਉਣਾ ਨਹੀਂ ਸਗੋਂ ਮੁਸਲਮਾਨਾਂ ਅਤੇ ਮੁਜ਼ਾਹਰਾਕਾਰੀ ਕਾਰਕੁਨਾਂ ਨੂੰ ਸਬਕ ਸਿਖਾਉਣਾ ਸੀ।
ਫਿਰ ਵੀ, ਮੁਲਕ ਦੀਆਂ ਮੁੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ ਨਾਗਰਿਕਤਾ ਦੇ ਹੱਕ ਉਪਰ ਹਮਲੇ ਅਤੇ ਜਬਰ ਵਿਰੁਧ ਸੰਘਰਸ਼ ਦੀਆਂ ਮੋਹਰਲੀਆਂ ਕਤਾਰਾਂ ਵਿਚ ਹਨ। ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਸਮੇਤ ਹਰ ਥਾਂ ਹੀ ਪੰਜਾਬ ਦੀ ਰਾਜਨੀਤਕ ਤੌਰ ‘ਤੇ ਜਾਗਰੂਕ ਜਵਾਨੀ ਹਿੰਦੂਤਵ ਫਾਸ਼ੀਵਾਦ ਨੂੰ ਲਲਕਾਰ ਰਹੀ ਹੈ। ਜਾਗਰੂਕ ਵਿਦਿਆਰਥਣਾਂ ਦੀ ਸੱਤਾ ਨੂੰ ਲਲਕਾਰ ਰਾਜਨੀਤਕ ਚੇਤਨਾ ਅਤੇ ਜਬਰ ਤੋਂ ਬੇਖੌਫ ਇਨਸਾਨੀ ਜਜ਼ਬੇ ਦਾ ਮੁਜੱਸਮਾ ਬਣ ਕੇ ਉਭਰੀ ਹੈ। ਵਿਦਿਆਰਥੀ ਤਾਕਤ ਦੇ ਸੱਜਰੇ ਉਭਾਰ ਪਿੱਛੇ ਕੰਮ ਕਰਦੀ ਤਾਕਤ ਉਹਨਾਂ ਦੀ ਵਰਤਮਾਨ ਦੀ ਬਜਾਏ ਭਵਿਖ ਨੂੰ ਮਹਿਫੂਜ਼ ਬਣਾਉਣ ਦੀ ਫਿਕਰਮੰਦੀ ਅਤੇ ਤਾਂਘ ਹੈ। ਉਹਨਾਂ ਨੇ ਆਰ.ਐਸ਼ਐਸ਼-ਭਾਜਪਾ ਦੇ ‘ਵਿਕਾਸ’ ਮਾਡਲ ਅੰਦਰ ਆਪਣੇ ਹਨੇਰੇ ਭਵਿਖ ਅਤੇ ਜ਼ਿਬਾਹ ਹੁੰਦੇ ਸੁਪਨਿਆਂ ਦੀ ਹਕੀਕਤ ਬੁੱਝਣੀ ਸ਼ੁਰੂ ਕਰ ਦਿੱਤੀ ਹੈ।
ਦੋ ਕੈਂਪਸਾਂ ਉਪਰ ਹਮਲੇ ਦੇ ਖਿਲਾਫ ਨਾ ਸਿਰਫ ਦੋ ਦਰਜਨ ਦੇ ਕਰੀਬ ਯੂਨੀਵਰਸਿਟੀਆਂ ਅਤੇ ਹੋਰ ਨਾਮਵਰ ਸੰਸਥਾਵਾਂ ‘ਚੋਂ ਗਿਣਨਯੋਗ ਆਵਾਜ਼ ਉਠੀ ਸਗੋਂ ਵਿਦੇਸ਼ੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਆਵਾਜ਼ ਵੀ ਇਸ ਵਿਚ ਆ ਰਲ਼ੀ। ਇਸ ਲਲਕਾਰ ਵਿਚ ਸਿੱਖਿਆ ਵਿਗਿਆਨੀ, ਵਕੀਲ ਅਤੇ ਹੋਰ ਪੜ੍ਹੇ-ਲਿਖੇ ਇਨਸਾਫਪਸੰਦ ਹਿੱਸੇ ਵੀ ਵਿਦਿਆਰਥੀਆਂ ਦੇ ਨਾਲ ਆ ਡਟੇ। ਨੋਮ ਚੌਮਸਕੀ, ਅਰੁੰਧਤੀ ਰਾਏ ਸਮੇਤ ਕੁਲ ਆਲਮ ਦੀਆਂ ਦਸ ਹਜ਼ਾਰ ਨਾਮਵਰ ਸ਼ਖਸੀਅਤਾਂ ਅਤੇ ਕਾਰਕੁਨਾਂ ਨੇ ਕੈਂਪਸਾਂ ਉਪਰ ਹਮਲੇ ਅਤੇ ਹਿੰਦੂਤਵੀ ਸਾਜ਼ਿਸ਼ ਦਾ ਡਟ ਕੇ ਵਿਰੋਧ ਕੀਤਾ ਹੈ। ਕੌਮਾਂਤਰੀ ਪ੍ਰੈਸ ਵੀ ਤਿੱਖੀ ਆਲੋਚਨਾ ਕਰ ਰਹੀ ਹੈ। ਸੰਯੁਕਤ ਰਾਸ਼ਟਰ, ਐਮਨੈਸਟੀ ਇੰਟਰਨੈਸ਼ਨਲ ਸਮੇਤ ਮਨੁੱਖੀ ਹੱਕਾਂ ਨਾਲ ਵਾਬਸਤਾ ਕਈ ਸੰਸਥਾਵਾਂ ਨੇ ਉਪਰੋਕਤ ਐਕਟ ਦੀ ਨਿਖੇਧੀ ਕੀਤੀ ਹੈ, ਕੁਝ ਅਮਰੀਕੀ ਕਾਨੂੰਨਸਾਜ਼ਾਂ ਨੇ ਤਾਂ ਮੋਦੀ ਸਰਕਾਰ ਵਿਰੁਧ ਪਾਬੰਦੀਆਂ ਲਗਾਏ ਜਾਣ ਦੀ ਮੰਗ ਵੀ ਕੀਤੀ ਹੈ। ਭਾਰਤ ਵਿਚ ਜਾਗਦੀ ਜ਼ਮੀਰ ਵਾਲੇ ਫਿਲਮੀ ਸਿਤਾਰਿਆਂ ਅਤੇ ਹੋਰ ਬੁੱਧੀਜੀਵੀਆਂ, ਚਿੰਤਕਾਂ ਅਤੇ ਸਮਾਜਿਕ ਕਾਰਕੁਨਾਂ ਨੇ ਆਪਣਾ ਇਤਿਹਾਸਕ ਫਰਜ਼ ਪਛਾਣਦੇ ਹੋਏ ਵੱਡੀ ਤਾਦਾਦ ਵਿਚ ਸੱਚ ਨਾਲ ਖੜ੍ਹਨ ਦਾ ਹੌਸਲਾ ਦਿਖਾਇਆ ਹੈ। ਇਹਨਾਂ ਵਿਚ ਹੁਣ ਕੁਝ ਉਹ ਚਿਹਰੇ ਵੀ ਹਨ ਜੋ ਮੋਦੀ ਸਰਕਾਰ ਦੇ ਹਮਾਇਤੀ ਰਹੇ ਹਨ। ਹਾਲੀਆ ਹਮਲਿਆਂ ਨੇ ਸੰਘ ਦਾ ਅਸਲ ਚਿਹਰਾ ਉਹਨਾਂ ਨੂੰ ਵੀ ਸਪਸ਼ਟ ਦਿਖਾ ਦਿੱਤਾ ਹੈ ਜਿਨ੍ਹਾਂ ਨੂੰ ਭਗਵੇਂ ਕੈਂਪ ਬਾਰੇ ਭਰਮ-ਭੁਲੇਖੇ ਸਨ। ਭਾਜਪਾ ਦੇ ਭਾਈਵਾਲਾਂ ਅੰਦਰ ਵੀ ਅਸਹਿਮਤੀ ਦੇ ਸੁਰ ਉਠਣੇ ਸ਼ੁਰੂ ਹੋ ਗਏ ਹਨ ਜਦਕਿ ਉਹਨਾਂ ਦੀ ਭਰੋਸੇਯੋਗਤਾ ਸਵਾਲਾਂ ਦੇ ਘੇਰੇ ‘ਚ ਹੈ। ਇਨਸਾਫਪਸੰਦਾਂ ਦੀ ਇਕਜੁੱਟਤਾ ਉਸ ਤੋਂ ਪੂਰੀ ਤਰ੍ਹਾਂ ਉਲਟ ਮਾਹੌਲ ਹੈ ਜਿਸ ਤਿੱਖੀ ਫਿਰਕੂ ਪਾਲਾਬੰਦੀ ਦੇ ਖਵਾਬ ਸੰਘ ਦੇਖ ਰਿਹਾ ਸੀ। ਨਾਗਪੁਰੀ ਹਾਈਕਮਾਨ ਸ਼ਾਇਦ ਇਹਨਾਂ ਸੈਨਤਾਂ ਨੂੰ ਸਮਝਣ ਵਿਚ ਟਪਲਾ ਖਾ ਗਈ ਕਿ ਜੁਮਲੇਬਾਜ਼ੀ ਦੇ ਜਾਦੂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਹਨਾਂ ਨੂੰ ਸ਼ਾਇਦ ਉਮੀਦ ਨਹੀਂ ਸੀ ਕਿ ਕਿ ਹਿੰਦੂਤਵ ਤੋਂ ਖੌਫਜ਼ਦਾ ਆਪਣੀ ਸੁਰੱਖਿਆ ਲਈ ਫਿਕਰਮੰਦ 20 ਕਰੋੜ ਮੁਸਲਮਾਨ ਜੋ ਬਾਬਰੀ ਮਸਜਿਦ ਫੈਸਲੇ ਦੇ ਵਕਤ ਜ਼ਿਆਦਾਤਰ ਖਾਮੋਸ਼ ਰਹੇ, ਇਉਂ ਸੜਕਾਂ ਉਪਰ ਨਿਕਲ ਆਉਣਗੇ ਅਤੇ ਹੋਰ ਘੱਟਗਿਣਤੀਆਂ, ਦਲਿਤ ਤੇ ਨਿਆਂਪਸੰਦ ਵੀ ਧਰਮਾਂ, ਜਾਤਾਂ, ਰਾਜਨੀਤਕ ਵਖਰੇਵਿਆਂ ਆਦਿ ਤੋਂ ਉਪਰ ਉਠ ਕੇ ਫਾਸ਼ੀਵਾਦੀ ਤਰਜ਼ ਦੇ ਕਾਨੂੰਨ ਵਿਰੁਧ ਇਸ ਕਦਰ ਇਕਜੁੱਟ ਹੋ ਜਾਣਗੇ। ਹਾਲੀਆ ਵਿਰੋਧ ਦਾ ਇਕ ਨਿਆਰਾ ਲੱਛਣ ਸਿਵਲ ਸੁਸਾਇਟੀ ਦੀ ਮੋਹਰੀ ਭੂਮਿਕਾ ਹੈ, ਪਾਰਲੀਮੈਂਟਰੀ ਵਿਰੋਧੀ-ਧਿਰ ਦੋਇਮ ਭੂਮਿਕਾ ਵਿਚ ਇਸ ਦੇ ਪਿੱਛੇ-ਪਿੱਛੇ ਪੈਰ ਮਲਦੀ ਦੇਖੀ ਜਾ ਸਕਦੀ ਹੈ। ਇਹੀ ਹਿੰਦੂਤਵੀ ਕੈਂਪ ਦੀ ਪ੍ਰੇਸ਼ਾਨੀ ਦੀ ਮੁੱਖ ਵਜ੍ਹਾ ਹੈ, ਕਿਉਂਕਿ ਪਾਰਲੀਮੈਂਟਰੀ ਵਿਰੋਧੀ-ਧਿਰ ਦਾ ਜੱਕੋਤੱਕੀ ਵਾਲਾ ਵਿਰੋਧ ਹਿੰਦੂਤਵੀ ਕੈਂਪ ਲਈ ਬਹੁਤਾ ਗੰਭੀਰ ਨਹੀਂ ਜਿਸ ਦੇ ਜ਼ਿਆਦਾਤਰ ਹਿੱਸੇ ਨੂੰ ਸੱਤਾ ਵਿਚ ਹਿੱਸੇਦਾਰੀ ਅਤੇ ਪੈਸੇ ਦੇ ਲਾਲਚ ਨਾਲ ਸੌਖਿਆਂ ਹੀ ‘ਮੈਨੇਜ’ ਕੀਤਾ ਜਾ ਸਕਦਾ ਹੈ।
ਵਿਆਪਕ ਰੋਸ ਮੁਜ਼ਾਹਰਿਆਂ ਤੋਂ ਫਿਕਰਮੰਦ ਹਿੰਦੂਤਵ ਬ੍ਰਿਗੇਡ ਝੂਠ ਦਾ ਸਹਾਰਾ ਲੈ ਰਿਹਾ ਹੈ। ਉਹਨਾਂ ਦਾ ਹਿਟਲਰੀ ਤਰੀਕਿਆਂ ਨਾਲ ਅਵਾਮ ਦੀ ਜ਼ੁਬਾਨਬੰਦੀ ਦਾ ਫਾਸ਼ੀਵਾਦੀ ਭਰੋਸਾ ਇਕ ਵਾਰ ਤਾਂ ਹਿੱਲ ਗਿਆ ਜਾਪਦਾ ਹੈ। ਜਾਗੇ ਅਵਾਮ ਦੀ ਤਾਕਤ ਅੱਗੇ ਬ੍ਰਾਹਮਣਵਾਦੀ ਚਲਾਕੀ ਬੇਵਸ ਮਹਿਸੂਸ ਕਰ ਰਹੀ ਹੈ। ਜੋ ਗ੍ਰਹਿ ਮੰਤਰੀ ਪਹਿਲਾਂ ‘ਘੁਸਪੈਠੀਆਂ ਨੂੰ ਚੁਣ-ਚੁਣ ਕੇ ਬਾਹਰ ਕੱਢਣ’ ਦੇ ਘੁਮੰਡੀ ਬਿਆਨ ਦਿੰਦਾ ਸੀ, ਉਸ ਦੇ ਸਮੇਤ ਭਗਵੇਂ ਆਗੂ ਹੁਣ ਵਾਰ-ਵਾਰ ਸਫਾਈਆਂ ਦੇ ਰਹੇ ਹਨ ਕਿ ਨਾਗਰਿਕਤਾ ਸੋਧ ਐਕਟ ਦਾ ਐਨ.ਆਰ.ਸੀ. ਨਾਲ ਕੋਈ ਸਬੰਧ ਨਹੀਂ ਹੈ ਅਤੇ ਮੁਸਲਮਾਨਾਂ ਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਆਰ.ਐਸ਼ਐਸ਼ ਵੀ ਇਸ ਐਕਟ ਨੂੰ ਸਹੀ ਠਹਿਰਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ, ਇਸ ਨੇ ਆਪਣਾ ਸਮੁੱਚਾ ਤੰਤਰ ਘਰ-ਘਰ ਜਾ ਕੇ ਨਾਗਰਿਕਤਾ ਸੋਧ ਐਕਟ ਦੀ ਵਿਆਖਿਆ ਕਰਨ ਉਪਰ ਲਗਾ ਦਿੱਤਾ ਹੈ।
ਹੁਣ ਉਹਨਾਂ ਅੱਗੇ ਅਵਾਮ ਦਾ ਧਿਆਨ ਹਟਾਉਣ ਦੇ ਦੋ ਰਸਤੇ ਹਨ: ਮੁਸਲਮਾਨਾਂ ਤੇ ਸੜਕਾਂ ‘ਤੇ ਉਤਰੇ ਹੋਰ ਹਿੱਸਿਆਂ ਵਿਰੁਧ ਅਫਵਾਹਾਂ ਫੈਲਾ ਕੇ ਅਤੇ ਹਿੰਦੂ ਰਾਸ਼ਟਰਵਾਦ ਦਾ ਪ੍ਰਭਾਵ ਕਬੂਲਣ ਵਾਲੇ ਹਜੂਮਾਂ ਨੂੰ ਸਮਾਂਤਰ ‘ਮੁਜ਼ਾਹਰਿਆਂ’ ਵਿਚ ਲਾਮਬੰਦ ਕਰਕੇ ਫਸਾਦ ਕਰਵਾਏ ਜਾਣ। ਦੂਜਾ, ਪਾਕਿਸਤਾਨ ਵਿਰੁਧ ਜੰਗਬਾਜ਼ ਬਿਆਨਬਾਜ਼ੀ ਨਾਲ ਜੰਗੀ ਜਨੂਨ ਦਾ ਮਾਹੌਲ ਬਣਾ ਕੇ ਦੇਸ਼-ਦੁਨੀਆ ਦਾ ਧਿਆਨ ਮੁਲਕ ਅੰਦਰਲੇ ਵਿਰੋਧ ਤੋਂ ਹਟਾ ਦਿੱਤਾ ਜਾਵੇ। ਫੌਜ ਦੇ ਮੁਖੀ ਸ੍ਰੀ ਬਿਪਨ ਰਾਵਤ ਦਾ ਜੋ ਅਕਸਰ ਹੀ ਆਪਣੀ ਸਿਆਸੀ ਬਿਆਨਬਾਜ਼ੀ ਨਾਲ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ, ਲਾਈਨ ਆਫ ਕੰਟਰੋਲ ਉਪਰਲੇ ਹਾਲਾਤ ਕਦੇ ਵੀ ਵਿਗੜਨ ਦਾ ਹਾਲੀਆ ਬਿਆਨ ਅਤੇ ਖੁਫੀਆ ਏਜੰਸੀ ਆਈ.ਬੀ. ਵਲੋਂ ਰੋਸ ਮੁਜ਼ਾਹਰਿਆਂ ਵਿਚ ਇਸਲਾਮੀ ਦਹਿਸ਼ਤੀ ਗੁੱਟਾਂ ਦੀ ਕਥਿਤ ਘੁਸਪੈਠ ਦੀਆਂ ‘ਚਿਤਾਵਨੀਆਂ’ ਇਸ ਪਾਸੇ ਇਸ਼ਾਰਾ ਕਰਦੇ ਹਨ।
ਸੱਤਾ ਦੇ ਹਮਲਿਆਂ ਦਾ ਟਾਕਰਾ ਕਰ ਰਹੇ ਅਵਾਮ ਨੂੰ ਇਸ ਖਤਰਨਾਕ ਸਾਜ਼ਿਸ਼ ਤੋਂ ਬਹੁਤ ਹੀ ਚੁਕੰਨੇ ਰਹਿ ਕੇ ਵਿਰੋਧ ਜਾਰੀ ਰੱਖਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਆਰ.ਐਸ਼ਐਸ਼-.ਭਾਜਪਾ ਦਾ ਇਹ ਫਾਸ਼ੀਵਾਦੀ ਹਮਲਾ ਹੋਰ ਵੀ ਤਿੱਖਾ ਹੋਵੇਗਾ। ਜੇ.ਐਨ.ਯੂ. ਤੋਂ ਬਾਅਦ ਜਾਮੀਆ ਮਿਲੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਕੈਂਪਸਾਂ ਦੀ ਵਿਸ਼ਾਲ ਲਾਮਬੰਦੀ ਅਤੇ ਸੜਕਾਂ ਉਪਰ ਅਵਾਮ ਦੇ ਵਿਸ਼ਾਲ ਸਮੁੰਦਰ ਨੇ ਦਰਸਾ ਦਿੱਤਾ ਹੈ ਕਿ ਅਵਾਮੀ ਇਕਜੁੱਟਤਾ ਨਾਲ ਹਿੰਦੂ ਰਾਸ਼ਟਰ ਦੇ ਮਨਸੂਬਿਆਂ ਨੂੰ ਪਛਾੜਿਆ ਜਾ ਸਕਦਾ ਹੈ।