ਪ੍ਰਥਮ ਪਾਤਿਸ਼ਾਹੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਿੱਖ ਕੌਮ ਨੇ ਹਾਲ ਹੀ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਹੈ, ਪਰ ਕੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ ‘ਤੇ ਚੱਲ ਰਹੇ ਹਾਂ? ਹਾਲ ਹੀ ਵਿਚ ਖੁੱਲ੍ਹੇ ਕਰਤਾਰਪੁਰ ਦੇ ਲਾਂਘੇ ਲਈ ਤਾਂ ਬੜੇ ਯਤਨ ਹੋਏ ਨੇ, ਪਰ ਗੁਰੂ ਲਈ ਆਪਣੇ ਦਿਲਾਂ ਦੇ ਬੰਦ ਪਏ ਦਰਵਾਜੇ ਕਦੋਂ ਖੋਲ੍ਹਾਂਗੇ? ਗੁਰੂ ਸਾਹਿਬ ਦੀ ਬਾਣੀ ਤਾਂ ਹੋਰ ਕਹਿੰਦੀ ਹੈ, ਪਰ ਧਰਮ ਦੇ ਠੇਕੇਦਾਰਾਂ ਨੇ ਸਭ ਕੁਝ ਬਾਣੇ ਨੂੰ ਬਣਾ ਲਿਆ ਏ। ਭਾਈ ਮਰਦਾਨਾ ਹਮੇਸ਼ਾ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਹਾ, ਅੱਜ ਉਸ ਦੇ ਵਾਰਸਾਂ ਨੂੰ ਹਰਿਮੰਦਰ ਸਾਹਿਬ ਕੀਰਤਨ ਕਰਨ ਦੀ ਇਜਾਜ਼ਤ ਨਹੀਂ। ਗੁਰੂ ਸਾਹਿਬ ਨੇ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’
ਕਹਿ ਕੇ ਔਰਤ ਨੂੰ ਵੱਡਾ ਦਰਜਾ ਦਿੱਤਾ ਸੀ। ਕੀ ਅੱਜ ਔਰਤਾਂ ਨੂੰ ਉਹ ਦਰਜਾ ਹਾਸਲ ਹੈ? ਗੁਰੂ ਸਾਹਿਬ ਹਿੰਦੂਆਂ ਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਸਨ। ਅੱਜ ਵੰਡੀਆਂ ਕਿਉਂ ਪਈਆਂ ਹਨ? ਅਸੀਂ ਗੁਰੂ ਨੂੰ ਆਪਣਾ ਬਣਾ ਲਿਆ, ਦੂਜਿਆਂ ਤੋਂ ਖੋਹ ਲਿਆ। ਗੁਰੂ ਦੁਆਲੇ ਧੁੰਦ ਲਪੇਟ ਦਿੱਤੀ। ਸਾਂਝੀਵਾਲਾਤਾ ਦੀ ਥਾਂ ਕੇਵਲ ਮੈਂ, ਮੇਰੀ ਭਾਰੂ ਹੋ ਗਈ ਏ। ਬਾਬੇ ਦਾ ਤੂੰ ਤੇਰਾ ਦਾ ਸਬਕ ਕਿਉਂ ਭੁੱਲ ਗਏ ਹਾਂ? ਇਹ ਕੁਝ ਸਵਾਲ ਹਨ ਜੋ ਨਾਮੀ ਸਾਹਿਤਕਾਰ ਵਰਿਆਮ ਸਿੰਘ ਸੰਧੂ ਨੇ ਆਪਣੇ ਇਸ ਗਹਿਰ ਗੰਭੀਰ ਲੇਖ ਵਿਚ ਉਠਾਏ ਹਨ। ਪੇਸ਼ ਹੈ, ਲੇਖ ਦੀ ਦੂਜੀ ਤੇ ਆਖਰੀ ਕਿਸ਼ਤ। -ਸੰਪਾਦਕ
ਵਰਿਆਮ ਸਿੰਘ ਸੰਧੂ
ਰਾਬਿੰਦਰ ਨਾਥ ਟੈਗੋਰ ਤੋਂ ਵੱਡਾ ਹਿੰਦੂ ਕਿਹੜਾ ਹੋ ਸਕਦਾ ਏ, ਜੋ ਜਦ ਵੀ ਲਾਹੌਰ ਆਉਂਦਾ, ਉਦੋਂ ਹੀ ਅੰਮ੍ਰਿਤਸਰ ਆ ਕੇ ਸ੍ਰੀ ਦਰਬਾਰ ਸਾਹਿਬ ਵਿਚ ਗੁਰਬਾਣੀ ਦਾ ਕੀਰਤਨ ਘੰਟਿਆਂ ਬੱਧੀ ਸੁਣਦਾ। ਜਦੋਂ ਕਿਸੇ ਨੇ ਕਿਹਾ ਕਿ ਤੁਸੀਂ ਦੇਸ਼ ਦਾ ਕੌਮੀ ਤਰਾਨਾ ਲਿਖਿਆ ਏ, ਹੁਣ ਵਿਸ਼ਵ ਦਾ ਤਰਾਨਾ ਵੀ ਲਿਖੋ। ਤਾਂ ਉਹਨੇ ਬੜੀ ਨਿਮਰਤਾ ਨਾਲ ਕਿਹਾ ਸੀ, “ਮੈਂ ਤਾਂ ਭਾਰਤ ਦਾ ਤਰਾਨਾ ਲਿਖਿਆ ਏ, ਪਰ ਗੁਰੂ ਨਾਨਕ ਸਾਹਿਬ ਤਾਂ ਪੰਜ ਸੌ ਸਾਲ ਪਹਿਲਾਂ ਹੀ ਪੂਰੇ ਵਿਸ਼ਵ ਦਾ, ਪੂਰੇ ਬ੍ਰਹਿਮੰਡ ਦਾ ਤਰਾਨਾ ਲਿਖ ਗਏ ਨੇ।”
ਜਦੋਂ ਬਲਰਾਜ ਸਾਹਨੀ ਨੇ ਸ਼ਾਂਤੀ ਨਿਕੇਤਨ ਵਿਚ ‘ਹਿੰਦੀ ਸਾਹਿਤ ਸੰਮੇਲਨ’ ਕਰਵਾਉਣ ਦਾ ਫੈਸਲਾ ਲਿਆ ਤਾਂ ਟੈਗੋਰ ਨੂੰ ਸੱਦਾ ਦੇਣ ਗਿਆ। ਟੈਗੋਰ ਨੇ ਕਿਹਾ, ‘‘ਮੈਂ ਹੈਰਾਨ ਹਾਂ, ਤੂੰ ਹਿੰਦੀ ਵਿਚ ਕਿਉਂ ਲਿਖਦਾਂ ਏਂ, ਤੇਰੀ ਮਾਂ ਬੋਲੀ ਤਾਂ ਪੰਜਾਬੀ ਹੈ।”
ਬਲਰਾਜ ਸਾਹਨੀ ਨੇ ਜੁਆਬ ਦਿੱਤਾ, ‘‘ਪੰਜਾਬੀ ਨੂੰ ਪੱਛੜੀ, ਤੇ ਗਵਾਰੂ ਜ਼ੁਬਾਨ ਮੰਨਿਆ ਜਾਂਦਾ ਹੈ; ਇਸੇ ਕਰ ਕੇ ਪੰਜਾਬ ਵਿਚ ਉਰਦੂ ਜਾਂ ਹਿੰਦੀ ਵਿਚ ਲਿਖਣ ਵਾਲੇ ਹੀ ਜ਼ਿਆਦਾ ਹਨ।”
ਟੈਗੋਰ ਨੇ ਕਿਹਾ, ‘‘ਮੈਂ ਤੇਰੇ ਨਾਲ ਸਹਿਮਤ ਨਹੀਂ। ਜਿਸ ਭਾਸ਼ਾ ਵਿਚ ਗੁਰੂ ਨਾਨਕ ਨੇ ਲਿਖਿਆ ਹੋਵੇ, ਉਹ ਪੱਛੜੀ ਹੋਈ ਕਿਵੇਂ ਕਹੀ ਜਾ ਸਕਦੀ ਹੈ।”
ਸਰਬਸਾਂਝੀਵਾਲਤਾ ਵਾਲੇ ਪੰਜਾਬ ਬਾਰੇ ਝਾਤੀ ਮਾਰਦਿਆਂ ਮੇਰਾ ਧਿਆਨ ਬਚਪਨ ਵੱਲ ਪਰਤਦਾ ਹੈ। ਅਸੀਂ ਵੇਖਦੇ ਰਹੇ ਹਾਂ ਕਿ ਸਾਡੇ ਪਿੰਡਾਂ ਵਿਚ ਹਿੰਦੂ ਗੁਰਦੁਆਰੇ ਵੀ ਜਾਂਦੇ ਸਨ ਤੇ ਦਿਨ-ਸੁਦ ‘ਤੇ ਘਰਾਂ ਵਿਚ ਅਖੰਡ ਪਾਠ ਵੀ ਰਖਾਉਂਦੇ ਸਨ; ਪਰ ਅਸੀਂ ਸਿੱਖਾਂ ਨੇ ਹਿੰਦੂਆਂ ਕੋਲੋਂ ਵੀ ਗੁਰੂ ਨੂੰ ਖੋਹ ਲਿਆ।
ਹਰ ਮੇਲੇ ਉਤੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਮੇਤ ਕੀਰਤਨ ਕਰਦਾ ਜਲੂਸ ਸਾਰੇ ਪਿੰਡ ਵਿਚੋਂ ਗੁਜ਼ਰਦਾ। ਸਾਡਾ ਘਰ ਬਾਜ਼ਾਰ ਵਿਚ ਸੀ। ਜਲੂਸ ਬਾਜ਼ਾਰ ਵਿਚੋਂ ਗੁਜ਼ਰ ਰਿਹਾ ਹੁੰਦਾ ਤਾਂ ਢੋਲਕੀ ਛੈਣਿਆਂ ਵਾਲੇ ਸਿੰਘ ਅਕਸਰ ਇਹ ਸ਼ਬਦ ਹੀ ਪੜ੍ਹਿਆ ਕਰਦੇ,
“ਰੰਗ ਰੰਗ ਦੀ ਵਜਾਉਂਦਾ ਬੰਸਰੀ; ਨਾਲੇ ਕਾਹਨ ਗਊਆਂ ਚਾਰਦਾ।”
ਉਦੋਂ ਬੱਚਾ ਹੋਣ ਕਰਕੇ ਕਈ ਸਾਲ ਤਾਂ ਮੇਰੇ ਮਨ ਵਿਚ ਇਹੋ ਹੀ ਰਿਹਾ ਕਿ ਸ਼ਾਇਦ ਜਲੂਸ ਵਿਚ ਸਾਰੇ ਰਾਹ ਇਹੋ ਇੱਕੋ ਸ਼ਬਦ ਹੀ ਗਾਇਆ ਜਾਂਦਾ ਹੋਵੇ, ਪਰ ਥੋੜ੍ਹੀ ਸੋਝੀ ਆਉਣ ‘ਤੇ ਮੈਂ ਮਹਿਸੂਸ ਕੀਤਾ ਕਿ ਇਹ ਤਾਂ ‘ਹਿੰਦੂ ਇਲਾਕੇ’ ਵਿਚੋਂ ਲੰਘਦਿਆਂ ਹਿੰਦੂ ਭਾਈਚਾਰੇ ਪ੍ਰਤੀ ਆਪਸੀ ਸਾਂਝ ਅਤੇ ਪਿਆਰ ਪ੍ਰਗਟਾਉਣ ਦਾ ਇੱਕ ਸੂਖਮ ਇਸ਼ਾਰਾ ਸੀ ਅਤੇ ਇਹ ਦੱਸਣ ਦਾ ਯਤਨ ਸੀ ਕਿ ‘ਬੰਸਰੀ ਵਾਲਾ ਵੀ ਉਨ੍ਹਾਂ ਦਾ ਆਪਣਾ ਹੀ ਹੈ।’
ਜਿਸ ਦਿਨ ਜਲੂਸ ਲੰਘਣਾ ਹੁੰਦਾ, ਉਸ ਦਿਨ ਬਾਜ਼ਾਰ ਵਾਲਿਆਂ ਵੱਲੋਂ ਸਾਰੇ ਬਾਜ਼ਾਰ ਦੀ ਉਚੇਚੀ ਸਫਾਈ ਕਰਵਾਈ ਜਾਂਦੀ। ਪਾਣੀ ਤਰੌਂਕਿਆ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਬੀੜ ਲੰਘਦੀ ਤਾਂ ਦੁਕਾਨਾਂ ਵਿਚੋਂ ਬਾਹਰ ਨਿਕਲ ਕੇ ਹੱਥ ਜੋੜੀ ਖਲੋਤੇ ਹਿੰਦੂ ਦੁਕਾਨਦਾਰ ਅੱਗੇ ਵਧ ਕੇ, ਸਿਰ ਝੁਕਾ ਕੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ। ਜਿੰਨਾ ਚਿਰ ਜਲੂਸ ਲੰਘ ਨਾ ਜਾਂਦਾ, ਉਹ ਹੱਥ ਜੋੜ ਕੇ ਅਦਬ ਵਿਚ ਖਲੋਤੇ ਰਹਿੰਦੇ। ਜਦੋਂ ਜਲੂਸ ‘ਦੇਵੀ-ਦੁਆਰੇ’ ਵਾਲੇ ਪੜਾਅ ‘ਤੇ ਪਹੁੰਚਦਾ ਤਾਂ ਅੱਗੇ ਪਿੰਡ ਦੇ ਮੁਖੀ ਹਿੰਦੂ ਸਿਰ ਉਤੇ ਚਿੱਟੀਆਂ ਪੱਗਾਂ ਬੰਨ੍ਹ ਕੇ ਸੁਆਗਤ ਲਈ ਹਾਜ਼ਰ ਹੁੰਦੇ। ਗੁਰਦੁਆਰੇ ਲਈ ਮਾਇਆ ਅਰਦਾਸ ਕਰਾਉਂਦੇ। ਕਵੀਸ਼ਰ ਅਤੇ ਢਾਡੀ ਸਿੰਘ ਹਿੰਦੂ-ਮਿਥਿਹਾਸ ਵਿਚੋਂ ਕਿਸੇ ਨਾ ਕਿਸੇ ਕਥਾ ਦਾ ਗਾਇਨ ਕਰਦੇ। ਆਮ ਤੌਰ ‘ਤੇ ਦ੍ਰੋਪਦੀ ਦੇ ਚੀਰ-ਹਰਣ ਅਤੇ ਭਗਵਾਨ ਕ੍ਰਿਸ਼ਨ ਵੱਲੋਂ ਉਸ ਦੀ ਰੱਖਿਆ ਕੀਤੇ ਜਾਣ ਜਾਂ ਰਾਮ ਜੀ ਵੱਲੋਂ ਭੀਲਣੀ ਦੇ ਬੇਰ ਖਾਣ ਵਾਲੀ ਕਥਾ ਸੁਣਾਈ ਜਾਂਦੀ। ਉਸ ਪਿਛੋਂ ਜੈਕਾਰੇ ਛੱਡਦਾ ਜਲੂਸ ਅਗਲੇ ਪੜਾਅ ਲਈ ਤੁਰ ਪੈਂਦਾ।
ਦੇਵੀ-ਦੁਆਰੇ ਵਿਚ ਹਰ ਸਾਲ ਜਨਮ-ਅਸ਼ਟਮੀ ਮਨਾਈ ਜਾਂਦੀ। ਸ਼ਹਿਰਾਂ ‘ਚੋਂ ਮੰਗਵਾਏ ਗਏ ਪ੍ਰਸਿੱਧ ਹਿੰਦੂ ਕੀਰਤਨੀਏ ਦੀਵਾਨ ਲਾਉਂਦੇ। ਭਗਵਾਨ ਕ੍ਰਿਸ਼ਨ ਦੇ ਜੀਵਨ-ਸਮਾਚਾਰ ਅਤੇ ਭਗਤੀ-ਗਾਇਨ ਸੁਣਨ ਲਈ ਪਿੰਡ ਦੇ ਕਿਸਾਨ ਅਤੇ ਹੋਰ ਜਾਤਾਂ ਦੇ ਲੋਕ ਦੀਵਾਨ ਵਿਚ ਪੁੱਜਦੇ। ਉਗਰਾਹੀ ਵੀ ਦਿੰਦੇ। ਇਸ ਤਰ੍ਹਾਂ ਜਨਮ-ਅਸ਼ਟਮੀ ਵੀ ਪਿੰਡ ਦਾ ਸਾਂਝਾ ਤਿਓਹਾਰ ਹੋ ਨਿੱਬੜਦਾ। ਏਨਾ ਹੀ ਨਹੀਂ, ਬਾਜ਼ਾਰ ਵਿਚ ਚਮੜੇ ਦਾ ਕੰਮ ਕਰਨ ਵਾਲੇ ਕਾਰੀਗਰ ਹਰ ਸਾਲ ਭਗਤ ਰਵਿਦਾਸ ਜੀ ਦਾ ਜਨਮ-ਦਿਹਾੜਾ ਮਨਾਉਂਦੇ। ਉਹ ਬਾਜ਼ਾਰ ਵਿਚ ਹੀ ਕਿਸੇ ਖੁੱਲ੍ਹੇ ਥਾਂ ‘ਤੇ ਸ਼ਾਮਿਆਨੇ ਤੇ ਕਨਾਤਾਂ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਅਤੇ ਉਨ੍ਹਾਂ ਵੱਲੋਂ ਸੱਦੇ ਬੁਲਾਰੇ ਅਤੇ ਕੀਰਤਨੀਏ ਭਗਤ ਰਵਿਦਾਸ ਜੀ ਦੀ ਬਾਣੀ ਦਾ ਗਾਇਨ ਵੀ ਕਰਦੇ ਤੇ ਸੰਗਤਾਂ ਨੂੰ ਉਨ੍ਹਾਂ ਦੇ ਜੀਵਨ-ਸਮਾਚਾਰ ਵੀ ਸੁਣਾਉਂਦੇ। ਇਥੇ ਵੀ ਪਿੰਡ ਦੇ ਸਾਰੀਆਂ ਜਾਤਾਂ ਦੇ ਲੋਕ ਸਤਿਕਾਰ ਵਜੋਂ ਹਾਜ਼ਰੀ ਭਰਦੇ।
ਇੰਜ ਹੀ ਸਾਡੇ ਪਿੰਡ ਬਾਬੇ ਸ਼ਾਹ ਮਾਲਕ ਅਤੇ ਬਾਬੇ ਸ਼ਾਹ ਜਮਾਲ ਦੀਆਂ ਕਬਰਾਂ ‘ਤੇ ਵੀ ਦੇਸ਼-ਵੰਡ ਤੋਂ ਪਹਿਲਾਂ ਮੇਲੇ ਲੱਗਦੇ ਹੁੰਦੇ ਸਨ। ਹੁਣ ਭਾਵੇਂ ਮੁਸਲਮਾਨ ਚਲੇ ਗਏ ਸਨ, ਪਰ ਕਦੀ ਕਦੀ ਕੋਈ ਖੁੱਲ੍ਹ-ਦਿਲੇ ਫਕੀਰੀ ਰੂਹ ਵਾਲੇ ਲੋਕ ਇਨ੍ਹਾਂ ਪੀਰਾਂ ਦੀ ਜਗ੍ਹਾ ‘ਤੇ ਵੀ ਉਗਰਾਹੀ ਕਰਕੇ ਮੇਲਾ-ਗੇਲਾ ਕਰਾ ਦਿੰਦੇ। ਉਹ ਕਵਾਲਾਂ ਨੂੰ ਸੱਦਦੇ ਅਤੇ ਕਵੀ-ਕਵੀਸ਼ਰਾਂ ਨੂੰ ਵੀ। ਮਿੱਠੇ ਚੌਲਾਂ ਦੀਆਂ ਦੇਗਾਂ ਚੜ੍ਹਦੀਆਂ ਤੇ ਲੰਗਰ ਲਾਇਆ ਜਾਂਦਾ।
ਇਹ ਸੀ ਪੰਜਾਬੀਆਂ ਦੀ ਸਰਬ-ਸਾਂਝੀਵਾਲਤਾ ਵਾਲਾ ਪੰਜਾਬ। ਪਰ ਅੱਜ ਤਾਂ ਦੀਵਾਲੀ ਵੀ ਸਾਡੀ ਨਹੀਂ, ਰੱਖੜੀ ਵੀ ਸਾਡੀ ਨਹੀਂ, ਲੋਹੜੀ ਵੀ ਸਾਡੀ ਨਹੀਂ। ਸਾਂਝੀਵਾਲਤਾ ਵਾਲੇ ਪੰਜਾਬ ਬਾਰੇ ਹੋਰ ਚੰਗੀ ਤਰ੍ਹਾਂ ਜਾਣਨ ਲਈ ਥੋੜਾ ਪਿੱਛੇ ਪਰਤੀਏ।
ਜਦੋਂ 1762 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਮੁੜ ਦਰਬਾਰ ਸਾਹਿਬ ਦੀ ਇਮਾਰਤ ਢਾਹ ਕੇ ਸਰੋਵਰ ਪੂਰ ਦਿੱਤਾ ਤਾਂ ਦੋ ਕੁ ਸਾਲਾਂ ਵਿਚ ਸਿੱਖ ਸਰਦਾਰਾਂ ਨੇ ਮਾਇਆ ਇਕੱਠੀ ਕਰ ਕੇ ਸ਼ ਜੱਸਾ ਸਿੰਘ ਆਹਲੂਵਾਲੀਏ ਤੋਂ ਦਰਬਾਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ ਤੇ ਸਾਰੀ ਮਾਇਆ ਸੁਰ ਸਿੰਘ (ਮੇਰੇ ਪਿੰਡ) ਦੇ ਗੁਰ-ਸਿੱਖ ਸ਼ਾਹੂਕਾਰ ਖੱਤਰੀ ਭਾਈ ਦੇਸ ਰਾਜ ਨੂੰ ਦੇ ਕੇ ਦਰਬਾਰ ਸਾਹਿਬ ਦੀ ਇਮਾਰਤ ਤਾਮੀਰ ਕਰਵਾਉਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ।
ਉਹਨੇ ਕਿਹਾ ਕਿ ਪੰਥ ਨੇ ਮੇਰੇ ‘ਤੇ ਐਨਾ ਭਰੋਸਾ ਕੀਤਾ ਏ ਤੇ ਮੇਰੀ ਸ਼ਾਹਗਿਰੀ ਹੁਣ ਕਿਹੜੇ ਕੰਮ ਦੀ ਏ। ਮੈਂ ਤੇ ਉਸ ਸ਼ਾਹ ਦਾ ਗੁਲਾਮ ਹੋ ਗਿਆ ਹਾਂ। ਆਪਣੀ ਸਾਰੀ ਜਾਇਦਾਦ ਵੇਚ ਦਿੱਤੀ ਤੇ ਜੋ ਵੀ ਪੈਸਾ ਇਕੱਠਾ ਹੋਇਆ, ਉਹ ਵੀ ਦਰਬਾਰ ਸਾਹਿਬ ਦੀ ਉਸਾਰੀ ਵਾਸਤੇ ਲਾ ਦਿੱਤਾ ਤੇ ਖੁਦ ਅੰਮ੍ਰਿਤਸਰ ਵਿਚ ਜਾ ਕੇ ਦੋਹਾਂ ਜੀਆਂ ਨੇ ਅੱਠ ਫੁੱਟ ਜਰਬ ਦਸ ਫੁੱਟ ਦੀ ਕੋਠੜੀ ਵਿਚ ਵਾਸਾ ਕਰ ਲਿਆ।
ਸੰਗਤਾਂ ਚੂਨਾ ਪੀਸਦੀਆਂ ਨੇ ਚੱਕੀਆਂ ‘ਤੇ। ਚੂਨਾ ਪਿਸਦਾ ਪਿਆ, ਆਵੇ ਚੜ੍ਹੇ ਪਏ ਨੇ, ਇੱਟਾਂ ਪੱਕਦੀਆਂ ਪਈਆਂ ਨੇ, ਇਸ ਸਭ ਕੁਝ ਨਾਲ ਦਰਬਾਰ ਸਾਹਿਬ ਦੀ ਇਮਾਰਤ ਉਸਾਰੀ ਜਾਣੀ ਏ। ਇਕ ਰਾਤ ਦੋਵੇਂ ਜੀਅ ਲੇਟੇ ਹੋਏ ਨੇ। ਸਰੋਂ ਦੇ ਤੇਲ ਦਾ ਦੀਵਾ ਬਲਦਾ ਪਿਆ ਏ। ਪਤਨੀ ਕਹਿੰਦੀ ਏ, “ਸੁਆਮੀ ਜੀ, ਮੇਰੇ ਮਨ ਵਿਚ ਇਕ ਖਿਆਲ ਆਇਐ; ਆਖੋ ਤਾਂ ਆਪ ਨਾਲ ਸਾਂਝਾ ਕਰ ਲਵਾਂ?
ਉਹ ਕਹਿੰਦਾ, “ਦਸ ਭਾਗਵਾਨੇ! ਕੀ ਖਿਆਲ ਆਇਆ?”
ਕਹਿੰਦੀ, “ਜੇ ਤੁਸੀਂ ਆਗਿਆ ਦਿਓ ਤਾਂ ਇਸ ਕੰਧ ‘ਤੇ ਔਹ ਨੁੱਕਰ ਵਿਚ ਥੋੜ੍ਹੀ ਜਿਹੀ ਤਰੇੜ ਆਈ ਹੋਈ ਏ, ਮੈਂ ਸਵੇਰੇ ਇਕ ਮੁੱਠ ਚੂਨਾ ਲੈ ਕੇ, ਗਿੱਲਾ ਕਰਕੇ ਇਸ ਤਰੇੜ ਉਤੇ ਲਾ ਦਵਾਂ?”
ਭਾਈ ਦੇਸ ਰਾਜ ਨੇ ਆਖਿਆ, “ਓ! ਭਲੀਏ ਲੋਕੇ! ਕਿੱਡਾ ਵੱਡਾ ਪਾਪ ਕੀਤਾ ਈ। ਗੁਰੂ ਘਰ ਦੀ ਇਮਾਰਤ ਵਾਸਤੇ ਪੀਸੇ ਜਾ ਰਹੇ ਚੂਨੇ ਵਿਚੋਂ ਇਕ ਮੁੱਠ ਲੈ ਕੇ ਭਾਵੇਂ ਤੂੰ ਆਪਣੀ ਕੋਠੜੀ ਦੀ ਤਰੇੜ ਨੂੰ ਨਹੀਂ ਲਾਈ, ਪਰ ਜੇ ਤੂੰ ਉਹਦਾ ਸੰਕਲਪ ਵੀ ਕਰ ਲਿਆ ਤਾਂ ਆਪਣੇ ਆਪ ਵਿਚ ਬਹੁਤ ਵੱਡਾ ਪਾਪ ਕੀਤਾ ਏ। ਤੈਨੂੰ ਉਸ ਪਾਪ ਦਾ ਪ੍ਰਾਸ਼ਚਿਤ ਕਰਨਾ ਪਵੇਗਾ। ਜਿੰਨਾ ਚੂਨਾ ਰੋਜ਼ ਪੀਸਦੀ ਏਂ, ਉਸ ਤੋਂ ਦੁਗਣਾ ਚੂਨਾ ਪੀਸਣਾ ਪਵੇਗਾ, ਤੇਰੇ ਗੁਨਾਹ ਦਾ ਕਫਾਰਾ ਤਾਂ ਹੀ ਹੋਵੇਗਾ।
ਗੁਰਦੁਆਰੇ ਦੀ ਇਮਾਰਤ ਨੂੰ ਬਣਾਉਣ ਵਾਸਤੇ ਪੀਸੇ ਜਾ ਰਹੇ ਚੂਨੇ ਦੀ ਇਕ ਮੁੱਠ ਆਪਣੇ ਘਰ ਲਾਉਣ ਦਾ ਸੰਕਲਪ ਹੀ ਲਿਆ ਸੀ ਤੇ ਇਹਨੂੰ ਬਹੁਤ ਵੱਡਾ ਗੁਨਾਹ ਮੰਨਿਆ ਸੀ, ਪਰ ਅੱਜ ਉਸ ਗੁਰੂ ਘਰਾਂ ਨੂੰ ਲੱਗ ਰਹੇ ‘ਚੂਨੇ’ ਦਾ ਕੀ ਹੋ ਰਿਹਾ ਹੈ, ਇਹ ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਈ ਓ, ਪਰ ਜੇ ਦਰਬਾਰ ਸਾਹਿਬ ਦਾ ਉਸਰੱਈਆ ਭਾਈ ਦੇਸ ਰਾਜ ਅੱਜ ਆਵੇ ਤਾਂ ਉਹਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੋਟ ਪਾਉਣ ਦੀ ਆਗਿਆ ਨਹੀਂ ਹੋਵੇਗੀ, ਕਿਉਂਕਿ ਉਹ ਅਜੋਕੀ ਰਾਜਨੀਤੀ ਦੇ ਮਿਆਰਾਂ ਮੁਤਾਬਕ ‘ਸਿੱਖ’ ਨਹੀਂ। ਹੋਵੇਗਾ ਉਹ ‘ਗੁਰਸਿੱਖ ਖੱਤਰੀ’ (ਇਤਿਹਾਸ ਵਿਚ ਉਸ ਬਾਰੇ ਏਹੋ ਲਿਖਿਆ ਏ), ਸ਼ ਜੱਸਾ ਸਿੰਘ ਆਹਲੂਵਾਲੀਏ ਤੇ ਹੋਰ ਮਿਸਲਾਂ ਦੇ ਸਰਦਾਰਾਂ ਅਤੇ ਤਦੋਕੇ ਸਮੁੱਚੇ ਪੰਥ ਲਈ, ਪਰ ਅਜੋਕੇ ਪੰਥ ਨੇ ਉਹਨੂੰ ਤੇ ਪਤਾ ਨਹੀਂ ਹੋਰ ਕਿੰਨੇ ਲੋਕਾਂ ਨੂੰ ਪੰਥ ਤੋਂ ਵੱਖ ਕਰ ਦਿੱਤਾ ਏ।
ਯਾਦ ਰੱਖੋ ‘ਗੁਰਸਿੱਖ ਖੱਤਰੀ’ ਭਾਈ ਦੇਸ ਰਾਜ ਅੱਜ ਵੋਟ ਨਹੀਂ ਪਾ ਸਕਦਾ, ਗੁਰਦੁਆਰਿਆਂ ਦੇ ਪ੍ਰਬੰਧ ਤੇ ਸਾਂਭ-ਸੰਭਾਲ ਵਾਸਤੇ।
ਜਦੋਂ ਤੁਸੀਂ ਅਗਲੇ ਨੂੰ ਆਪ ਹੀ ਆਖੋਗੇ ਕਿ ਤੂੰ ਸਾਡਾ ਆਪਣਾ ਨਹੀਂ ਤਾਂ ਅਗਲਾ ਕਿਉਂ ਤੁਹਾਨੂੰ ਆਪਣਾ ਸਮਝੂ?
ਕਾਰਨ ਕੋਈ ਵੀ ਹੋਵੇ, ਪਰ ਜਿਸ ਮਰਦਾਨੇ ਨੂੰ ਬਾਬੇ ਨਾਨਕ ਨੇ ਸਾਰੀ ਉਮਰ ਗਲ ਨਾਲ ਲਾ ਕੇ ਰੱਖਿਆ; ਅਸੀਂ ਉਸੇ ਮਰਦਾਨੇ ਨੂੰ ਆਪਣੇ ਗਲ ਨਾਲੋਂ ਤੋੜ ਵਿਛੋੜ ਦਿੱਤਾ ਜਾਂ ਉਹ ਸਾਥੋਂ ਵਿਛੜ ਗਿਆ, ਪਰ ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਮੁਸਲਮਾਨ ਗੁਰੂ ਜੀ ਨੂੰ ਆਪਣਾ ਪੀਰ ਮੰਨਦੇ ਸਨ। ਸਦੀਆਂ ਤੋਂ ਹੀ ਉਕਤੀ ਪ੍ਰਚਲਿਤ ਹੈ,
ਨਾਨਕ ਸ਼ਾਹ ਫਕੀਰ
ਹਿੰਦੂ ਦਾ ਗੁਰੂ, ਮੁਸਲਮਾਨਾਂ ਦਾ ਪੀਰ।
ਮੱਕੇ ਤੋਂ ਵਾਪਸੀ ਤੇ ਬਗਦਾਦ ਠਹਿਰੇ
ਲਿਖਿਆ ਮਿਲਦਾ: ਗੁਰੂ ਨਾਨਕ ਐਲਦੀ ਹਜ਼ਰਤ ਰਬੁੱਲ ਮਜੀਦ। ਬਾਬਾ ਨਾਨਕ ਫਕੀਰ
ਅਰਥ ਬਣੇ: ਗੁਰੂ ਬਾਬਾ ਅਕਾਲ ਪੁਰਖ।
ਇਕੋ ਖੁਦਾ ਨੂੰ ਮੰਨਣ ਵਾਲੇ ਮੁਸਲਮਾਨ ਜੇ ਉਨ੍ਹਾਂ ਨੂੰ ਇੰਜ ਯਾਦ ਕਰਦੇ ਨੇ ਤਾਂ ਉਨ੍ਹਾਂ ਦੀ ਵਡਿਆਈ ਸਮਝ ਪੈ ਜਾਂਦੀ ਹੈ। ਇਕ ਰੱਬ ਦੇ ਸਿਧਾਂਤ ਨੂੰ ਇਸਲਾਮ ਵਿਚ ਵੀ ਮਾਨਤਾ ਹੈ। ਡਾ. ਇਕਬਾਲ ਨੇ ਗੁਰੂ ਸਾਹਿਬ ਦੀ ਅਜ਼ਮਤ ਦਾ ਬਿਆਨ ਕੁਝ ਇੰਜ ਕੀਤਾ ਸੀ,
ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦੇ-ਕਾਮਿਲ ਨੇ ਜਗਾਇਆ ਖਵਾਬ ਸੇ।
ਸਾਂਝੀ ਪੰਜਾਬੀਅਤ ਦੇ ਸ਼ੈਦਾਈ ਬਾਬੂ ਫਿਰੋਜ਼ਦੀਨ ਸ਼ਰਫ ਨੇ ਕਦੀ ਲਿਖਿਆ ਸੀ,
ਦੁਨੀਆਂ ਥੱਕ ਗਈ ਏ ਗਿਣ ਗਿਣ ਗੁਣ ਤੇਰੇ,
ਪਾਇਆ ਅੰਤ ਨਾ ਗੁਣੀ ਗਹੀਰ ਨਾਨਕ।
ਕਰਾਂ ਦੱਸ ਕੀ ਸ਼ਾਨ ਬਿਆਨ ਤੇਰੀ?
ਗੁਰੂ ਸਿੱਖਾਂ ਦੇ ‘ਸ਼ਰਫ’ ਦੇ ਪੀਰ ਨਾਨਕ।
ਡਾ. ਹਰਿਭਜਨ ਸਿੰਘ ਦੀ ਨਜ਼ਮ ਸੀ,
ਮੇਰਾ ਨਾਨਕ ਇਕੱਲਾ ਰਹਿ ਗਿਆ ਹੈ, ਬਹੁਤ ਦਿਨ ਹੋਏ ਸੰਗਤ ‘ਚ ਹੁਣ ਕਦੇ ਮਰਦਾਨਾ ਨਹੀਂ ਆਇਆ!
ਦੇਸ਼ ਵੰਡ ਤੋਂ ਪਹਿਲਾਂ ਮੁਸਲਮਾਨ ਕੀਰਤਨੀਏ ਗੁਰੂ ਘਰਾਂ ਵਿਚ ਗੁਰਬਾਣੀ ਦਾ ਕੀਰਤਨ ਕਰਦੇ ਰਹੇ। ਪ੍ਰਸਿੱਧ ਲੋਕ ਗਾਇਕ ਤੁਫੈਲ ਨਿਆਜ਼ੀ ਪਾਕਿਸਤਾਨ ਬਣਨ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਗੁਰਦੁਆਰੇ ਵਿਚ ਹਜ਼ੂਰੀ ਰਾਗੀ ਵਜੋਂ ਕੀਰਤਨ ਕਰਦਾ ਰਿਹਾ। ਆਸਾ ਦੀ ਵਾਰ ਉਹਨੂੰ ਮਰਨ ਤੱਕ ਪੂਰੀ ਯਾਦ ਸੀ। ਭਾਈ ਮਰਦਾਨੇ ਦੇ ਵਾਰਸ ਹੋਰਨਾਂ ਗੁਰਦੁਆਰਿਆਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਵਿਚ ਵੀ ਕੀਰਤਨ ਕਰਦੇ ਰਹੇ, ਪਰ ਕੁਝ ਸਾਲ ਪਹਿਲਾਂ ਉਸੇ ਮਰਦਾਨੇ ਦੇ ਵਾਰਸ ਆਏ ਤਾਂ ਉਨ੍ਹਾਂ ਵੱਲੋਂ ਬੇਨਤੀ ਕਰਨ ਦੇ ਬਾਵਜੂਦ ਦਰਬਾਰ ਸਾਹਿਬ ਵਿਚ ਕੀਰਤਨ ਨਾ ਕਰਨ ਦਿੱਤਾ ਗਿਆ। ਅੰਮ੍ਰਿਤਧਾਰੀ ਹੋਣ ਦੀ ਜੋ ਸ਼ਰਤ ਉਹ ਪੂਰੀ ਨਹੀਂ ਸਨ ਕਰਦੇ, ਉਹ ਸ਼ਰਤ ਤਾਂ ਬਾਬਾ ਨਾਨਕ ਤੇ ਮਰਦਾਨਾ ਵੀ ਸ਼ਾਇਦ ਪੂਰੀ ਨਹੀਂ ਕਰਦੇ। ਜੇ ਅੱਜ ਉਹ ਆ ਜਾਣ ਤਾਂ ਕੀ ਉਨ੍ਹਾਂ ਨੂੰ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ? ਤੁਹਾਡੇ ਕੋਲ ਮੇਰੇ ਨਾਲੋਂ ਸ਼ਾਇਦ ਬਿਹਤਰ ਜਵਾਬ ਹੋਵੇ।
ਦੁੱਖ ਤੇ ਸ਼ਰਮ ਦੀ ਗੱਲ ਹੈ ਕਿ ਅਸੀਂ ਭਾਈ ਮਰਦਾਨੇ ਦੇ ਵਾਰਸਾਂ ਨੂੰ ਸਾਂਭ ਨਾ ਸਕੇ। ਉਹ ਅੱਜ ਤੱਕ ਕੀਰਤਨ ਨਾਲ ਜੁੜੇ ਰਹੇ, ਪਰ ਹੁਣ ਰੋਟੀ ਤੋਂ ਆਤੁਰ ਹੋਣ ਕਰ ਕੇ ਉਨ੍ਹਾਂ ਦੀ ਔਲਾਦ ਵਿਚੋਂ ਇਕ ਨੌਜਵਾਨ ਸਟੇਜਾਂ ਉਤੇ ਗਾਉਣ ਵਾਲਿਆਂ ਵਿਚ ਸ਼ਾਮਲ ਹੋਣ ਲਈ ਮਜਬੂਰ ਹੋ ਗਿਆ ਹੈ।
ਦਿੱਖ ਅਤੇ ਤੱਤ ਦਾ ਫਰਕ:
ਬਾਣੀ ਤੇ ਬਾਣੇ ਦੀ ਪ੍ਰਚਲਿਤ ਧਾਰਨਾ ਦੀ ਗੱਲ ਕਰੀਏ ਤਾਂ ਲੱਗਦਾ ਇਹੋ ਹੈ ਕਿ ਅੱਜ ਬਾਹਰੀ ਦਿੱਖ ਨੂੰ ਹੀ ਸਭ ਕੁਝ ਮੰਨ ਲਿਆ ਗਿਆ ਹੈ ਤੇ ਬਾਣੀ ਭੁਲਾ ਦਿੱਤੀ ਗਈ ਹੈ, ਪਰ ਬਾਹਰੀ ਦਿੱਖ ਬਾਰੇ ਗੁਰੂ ਸਾਹਿਬ ਤਾਂ ਬੜੇ ਸਾਫ ਸਨ। ਜਿੱਥੇ ਤੇ ਜਿਹੜੇ ਇਲਾਕੇ ਵਿਚ ਜਾਂਦੇ ਸਨ, ਉਨ੍ਹਾਂ ਲੋਕਾਂ ਨਾਲ ਅਪਣਤ ਦਾ ਰਿਸ਼ਤਾ ਬਣਾਉਣ ਲਈ ਓਹੋ ਜਿਹਾ ਵੇਸ ਬਣਾ ਲੈਂਦੇ ਸਨ,
ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ॥
ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ॥
ਬਾਹਰੀ ਪਹਿਰਾਵੇ ਜਾਂ ਬਾਹਰੀ ਚਿੰਨ੍ਹਾਂ ਦੀ ਥਾਂ ਗੁਰੂ ਸਾਹਿਬ ਸਦਾ ਅੰਦਰਲੇ ਮਾਨਵੀ ਗੁਣਾਂ ਨੂੰ ਤਰਜੀਹ ਤੇ ਮਾਣ ਦਿੰਦੇ ਹਨ। ਉਹ ਬਾਹਰਲੇ ਭੇਖ ਓਹਲੇ ਲੁਕੇ ਪਖੰਡ ਅਤੇ ਦੰਭ ਨੂੰ ਵਾਰ ਵਾਰ ਬੇਨਕਾਬ ਕਰਦੇ ਹਨ,
ਮਥੇ ਟਿਕਾ ਤੇੜ ਧੋਤੀ ਕਖਾਈ॥
ਹਥ ਛੁਰੀ ਜਗਤ ਕਸਾਈ॥
ਜਾਂ
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ॥
ਜੇ ਬਾਹਰੀ ਚਿੰਨ੍ਹ ਆਪਣੇ ਪਿਛਲੇ ਅਰਥਾਂ ਤੋਂ ਵਿਜੋਗੇ ਜਾਂ ਵਿਛੁੰਨੇ ਜਾ ਚੁਕੇ ਹੋਣ ਤਾਂ ਉਹ ਚਿੰਨ੍ਹ ਧਾਰਨੇ ਕਿਸ ਅਰਥ? ਇਸੇ ਲਈ ਉਹ ਜਨੇਊ ਪਾਉਣ ਤੋਂ ਜਾਹਰਾ ਤੌਰ ‘ਤੇ ਭਾਵੇਂ ਇਨਕਾਰੀ ਤਾਂ ਨਹੀਂ ਹੁੰਦੇ, ਸਗੋਂ ਸੂਖਮ ਢੰਗ ਨਾਲ ਇਹ ਸਮਝਾਉਂਦੇ ਨੇ ਕਿ ਅੰਦਰਲੇ ਮਾਨਵੀ ਗੁਣਾਂ ਤੋਂ ਖਾਲੀ ਬਾਣਾ ਜਾਂ ਬਾਹਰੀ ਚਿੰਨ੍ਹ ਅਤੇ ਤੀਰਥਾਂ ‘ਤੇ ਇਸ਼ਨਾਨ ਕਰ ਕੇ ਪਵਿੱਤਰ ਹੋ ਜਾਣ ਵਾਲੇ ਬਾਹਰੀ ਕਰਮ-ਕਾਂਡ ਤਾਂ ਇਸ ਤਰ੍ਹਾਂ ਹੀ ਹਨ ਜਿਵੇ, ਬਾਹਰੋਂ ਧੋਤੀ ਤੂੰਬੜੀ ਅੰਦਰ ਵਿੱਸ ਨਕੋਰ।
ਇਸੇ ਕਰ ਕੇ ਉਹ ਦਇਆ ਦੀ ਕਪਾਹ, ਸੰਤੋਖ ਦੇ ਸੂਤ ਤੇ ਜਤ ਦੀ ਗੰਢ ਤੇ ਸਤ ਦੇ ਵੱਟ ਵਾਲਾ ਜਨੇਊ ਪਹਿਨਾਏ ਜਾਣ ਦੀ ਮੰਗ ਕਰਦੇ ਹਨ।
ਗੁਰੂ ਜੀ ਨੇ ਵੇਲੇ ਦੇ ਦੋਵਾਂ ਧਰਮਾਂ ਦੇ ਬਾਹਰੀ ਭੇਖ ਤੇ ਪਖੰਡ ਨੂੰ ਰੱਦ ਕੀਤਾ ਤੇ ਧਰਮ ਦਾ ਤੱਤ ਤੇ ਸੱਚ ਸਾਂਝਾ ਕਰਦਿਆਂ ਹਿੰਦੂ ਵਾਂਗ ਹੀ ਮੁਸਲਮਾਨ ਨੂੰ ਕਿਹਾ,
ਮਿਹਰ ਮਸੀਤਿ ਸਿਦਕੁ ਮੁਸਲਾ ਹਕ ਹਲਾਲੁ ਕੁਰਾਣੁ॥
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥
ਸੋ ਗੁਰੂ ਸਾਹਿਬ ਦੀ ਬਾਣੀ ਤਾਂ ਹੋਰ ਕਹਿੰਦੀ ਹੈ, ਪਰ ਧਰਮ ਦੇ ਠੇਕੇਦਾਰਾਂ ਨੇ ਸਭ ਕੁਝ ਬਾਣੇ ਨੂੰ ਬਣਾ ਲਿਆ ਏ। ਅਸੀਂ ਬਾਣੇ ਦਾ ਵਿਰੋਧ ਨਹੀਂ ਕਰਦੇ। ਸਾਡੀ ਇੱਛਾ ਵੀ ਹੈ ਤੇ ਬੜੀ ਵਾਜਬ ਮੰਗ ਹੈ ਕਿ ਉਹ ਬਾਣਾ ਜੰਮ ਜੰਮ ਪਹਿਨਣ। ਹੋਰਾਂ ਨੂੰ ਪਹਿਨਣ ਲਈ ਵੀ ਪ੍ਰੇਰਨ, ਪਰ ਬੁਨਿਆਦੀ ਗੱਲ ਤਾਂ ਆਪਣੇ ਕਿਰਦਾਰ ਨੂੰ ਬਾਣੀ ਅਨੁਸਾਰ ਢਾਲਣ ਦੀ ਹੈ। ਬਾਣੇ ਵਾਲੇ ਦਾ ਕਿਰਦਾਰ ਜੇ ‘ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ।’ ਵਾਂਗ ਕਹੇਂ ਦੀ ਧਾਤ ਨੂੰ ਘੋਟਣ ਬਾਅਦ ਹੇਠੋਂ ਕਾਲੇ ਕਿਰਦਾਰ ਵਾਲਾ ਨਿਕਲਣਾ ਹੈ ਤਾਂ ਦੂਜਿਆਂ ਨੂੰ ਗੁਰੂ ਵਾਲੇ ਨਾ ਹੋਣ ਜਾਂ ਨਾ ਬਣਨ ਦਾ ਸਵਾਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਅੰਦਰ ਜ਼ਰੂਰ ਝਾਤ ਮਾਰਨ ਦੀ ਲੋੜ ਹੈ।
ਪਰ ਨਿਰੋਲ ਰਹਿਤ ‘ਤੇ ਜ਼ੋਰ ਦੇਣ ਵਾਲਿਆਂ ਨੇ ਸਾਡੇ ਵਿਚੋਂ ਬਹੁਤਿਆਂ ਨੂੰ ਤਾਂ ਸਿੱਖੀ ਵਿਚੋਂ ਹੀ ਛੇਕ ਛੱਡਿਆ ਹੈ।
ਸਾਡੇ ਤੁਹਾਡੇ ਵਿਚੋਂ ਬਹੁਤੇ ਆਪਣੇ ਆਪ ਨੂੰ ਭਾਵੇਂ ਲੱਖ ਸਿੱਖ ਸਮਝਦੇ ਤੇ ਮੰਨਦੇ ਹੋ ਸਕਦੇ ਨੇ, ਪਰ ਹਕੀਕਤ ਇਹ ਹੈ ਕਿ ਸਥਾਪਤ ਅਜੋਕੀ ਮਰਿਆਦਾ ਮੁਤਾਬਕ ਸਾਡੇ ਵਿਚੋਂ 90% ਤੋਂ ਵੱਧ ਲੋਕ ਸਿੱਖ ਨਹੀਂ ਹਨ। ਇਹ ਵੱਖਰੀ ਗੱਲ ਏ ਕਿ ਵੋਟਾਂ ਲੈਣ ਵੇਲੇ, ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਜਾਂ ਪ੍ਰਬੰਧ ਖੋਹਣ ਵਾਸਤੇ ਵੋਟਰ ਬਣਾ ਕੇ ਬਿਹਾਰੀ ਭਈਏ ਵੀ ਪੀਲੇ ਪਟਕੇ ਬੰਨ੍ਹਵਾ ਕੇ ਸਿੱਖ ਸਜਾ ਲਏ ਜਾਂਦੇ ਨੇ ਤੇ ਉਦੋਂ ਗੁਰੂ ਦੇ ਨਾਂ ਦਾ ਵਾਸਤਾ ਦੇ ਕੇ ਸਾਨੂੰ-ਤੁਹਾਨੂੰ ਵੀ ਸਿੱਖ ਮੰਨ ਕੇ ਸਾਡੀਆਂ ਵੋਟਾਂ ਵੀ ਆਪਣੇ ਹੱਕ ਵਿਚ ਭੁਗਤਾਈਆਂ ਜਾ ਸਕਦੀਆਂ ਨੇ; ਪਰ ਅੱਗੋਂ ਪਿੱਛੋਂ ਦਾੜ੍ਹੀ-ਕੇਸ ਮੁਨਾਉਣ ਵਾਲਿਆਂ ਦੀ ਗੱਲ ਤਾਂ ਹਾਲ ਦੀ ਘੜੀ ਛੱਡੋ, ਦਾੜ੍ਹੀ ਕੇਸ ਵਾਲੇ ਦਸਤਾਰਧਾਰੀਆਂ ਬਾਰੇ-ਇਹ ਦਾੜ੍ਹੀ ਕੱਟਦਾ, ਇਹ ਦਾੜ੍ਹੀ ਬੰਨ੍ਹਦਾ, ਇਹ ਦਾੜ੍ਹੀ ਰੰਗਦਾ ਜਾਂ ਇਹ ਬੀਬੀਆਂ ਬਿਊਟੀ ਪਾਰਲਰ ਜਾਂਦੀਆਂ, ਭਰਵੱਟੇ ਪੁੱਟਦੀਆਂ, ਰੋਮਾਂ ਦੀ ਬੇਅਦਬੀ ਕਰਦੀਆਂ ਆਖ ਕੇ ਸਭ ਨੂੰ ਸਿੱਖੀ ‘ਚੋਂ ਬਾਹਰ ਧੱਕ ਦਿੱਤਾ ਗਿਆ ਹੈ। ਸਹਿਜਧਾਰੀਆਂ ਨੂੰ ਮੁੰਨੀਆਂ ਹੋਈਆਂ ਭੇਡਾਂ, ਗੁਰੂ ਦੀ ਬਾਹਰੀ ਦਿੱਖ ਨਾਲ ਨਾ ਮਿਲਦੇ ਹੋਣ ਕਰ ਕੇ ‘ਗੁਰੂ ਦੇ ਪੁੱਤ’ ਨਹੀਂ ਮੰਨਿਆ ਜਾਂਦਾ ਸਗੋਂ ਅਲੰਕਾਰ ਦੀ ਭਾਸ਼ਾ ਵਿਚ ਇਹ ਆਖ ਕੇ ਕਿ ਜਿਹਦੀ ਸ਼ਕਲ ਪਿਉ ਨਾਲ ਨਾ ਮਿਲਦੀ ਹੋਵੇ, ਉਹਨੂੰ ‘ਹਰਾਮ ਦਾ’ ਕਹਿ ਕੇ ਜ਼ਲੀਲ ਕੀਤਾ ਜਾਂਦਾ ਹੈ, ਪਰ ਜਿਹੜਾ ਬਾਣਾ ਤਾਂ ਪਹਿਨੇ ਪਰ ਬਾਣੀ ਉਹਦੀ ਆਤਮਾ ਵਿਚ ਵੱਸੀ ਨਾ ਹੋਵੇ, ਕਿਰਦਾਰ ਉਹਦਾ ਗੁਰ-ਬਚਨਾਂ ਦਾ ਵਿਰੋਧੀ ਹੋਵੇ ਤਾਂ ਅਸੀਂ ਉਸ ਨੂੰ, ਉਨ੍ਹਾਂ ਵਾਂਗ ਗਾਲ੍ਹ ਨਹੀਂ ਕੱਢਾਂਗੇ ਸਗੋਂ ਗੁਰੂ ਦੇ ਬੋਲ ਹੀ ਚੇਤੇ ਕਰਵਾ ਸਕਦੇ ਹਾਂ, ਜੋ ਉਨ੍ਹਾਂ ਨੇ ‘ਸੱਜਣ ਸੇਈ ਨਾਮ ਮੈਂ ਚਲਦਿਆਂ ਨਾਲ ਚਲੰਨਿ’ ਵਾਲਾ ਸ਼ਬਦ ਉਚਾਰਦਿਆਂ ਇਕ ਤਰ੍ਹਾਂ ਸੱਜਣ ਨੂੰ ਆਖੇ ਸਨ, “ਨਾਮ ਤਾਂ ਸੱਜਣ ਰੱਖ ਲਿਆ ਏ, ਪਰ ਉਮਰ ਭਰ ਕਦੀ ਕੋਈ ਸੱਜਣਾਂ ਵਾਲਾ ਕੰਮ ਵੀ ਕੀਤਾ ਈ?”
ਭਾਈਆ ਈਸ਼ਰ ਸਿੰਘ ਨੇ ਕਦੀ ਬੜਾ ਠੀਕ ਲਿਖਿਆ ਸੀ,
ਕਿਸੇ ਇੱਟ ਉਖਾੜੀ ਤਾਂ ਧਰਮ ਨੂੰ ਖਤਰਾ।
ਕਿਸੇ ਬੱਧੀ ਦਾੜ੍ਹੀ ਤੇ ਧਰਮ ਨੂੰ ਖਤਰਾ
ਕਿਸੇ ਲਾਈ ਸਾੜ੍ਹੀ ਤਾਂ ਧਰਮ ਨੂੰ ਖਤਰਾ
ਇਹ ਧਰਮ ਨਾ ਹੋਇਆ, ਹੋਈ ਮੋਮਬੱਤੀ
ਪਿਘਲ ਜਾਂਦਾ ਝੱਟ, ਲੱਗੇ ਵਾਅ ਤੱਤੀ।
ਕਿਰਦਾਰ:
ਸਿਆਣੇ ਲੋਕਾਂ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਅਸੀਂ ਗੁਰੂਆਂ ਦੇ ਪੁਰਬ ਮਨਾਉਂਦੇ ਹਾਂ, ਗੁਰੂ ਨੂੰ ਮੰਨਦੇ ਵੀ ਹਾਂ, ਪਰ ਗੁਰੂ ਦੀ ਨਹੀਂ ਮੰਨਦੇ। ਅਸੀਂ ਦੰਭੀ, ਪਖੰਡੀ, ਦੋਗਲੇ ਤੇ ਦੋ-ਮੂੰਹੇ ਵੀ ਹਾਂ।
ਸਾਰੀ ਦੁਨੀਆਂ ਤੇ ਸਰਬੱਤ ਦੇ ਗੁਰੂ ਨੂੰ ਉਹਦੇ ਦੁਆਲੇ ਆਪਣੇਪਨ ਦੀਆਂ ਅਜਿਹੀਆਂ ਕੰਧਾਂ ਖੜੀਆਂ ਕਰ ਲਈਆਂ ਤੇ ਗੁਰੂ ਨੂੰ ਅਸੀਂ ਏਨਾ ਆਪਣਾ ਬਣਾ ਲਿਆ ਕਿ ਦੂਜਿਆਂ ਤੋਂ ਖੋਹ ਵੀ ਲਿਆ ਤੇ ਲੁਕੋ ਵੀ ਲਿਆ। ਜਿਹੜੇ ਗੁਰੂ ਦੀ ਆਮਦ ਨਾਲ ਅਗਿਆਨ ਦੀ ਧੁੰਦ ਤੇ ਹਨੇਰਾ ਮਿਟ ਗਿਆ ਸੀ, ਅਸੀਂ ਉਸੇ ਗੁਰੂ ਦੁਆਲੇ ਧੁੰਦ ਲਪੇਟ ਦਿੱਤੀ। ਬ੍ਰਹਿਮੰਡ ਵਿਚ ਫੈਲਣ ਵਾਲੇ ਗੁਰੂ ਨੂੰ ਛੋਟੇ ਜਿਹੇ ਦਾਇਰੇ ਵਿਚ ਵਲ ਲਿਆ। ਨਿਰਮਲੇ, ਨਾਮਧਾਰੀ, ਨਿਰੰਕਾਰੀ, ਰਾਧਾਸੁਆਮੀਏ, ਸੇਵਾ ਪੰਥੀਏ ਤੇ ਹੋਰ ਬਹੁਤ ਸਾਰੀਆਂ ਸੰਪਰਦਾਵਾਂ ਤਾਂ ਪਹਿਲਾਂ ਹੀ ਮੁੱਖ ਧਾਰਾ ਦੀ ਸਿੱਖੀ ਵਿਚੋਂ ਖਾਰਜ ਕੀਤੀਆਂ ਹੋਈਆਂ ਨੇ, ਪਰ ਹੁਣ ਤਾਂ ਆਪਸ ਵਿਚ ਵੀ ਵੰਡੀਆਂ ਪਾਈਆਂ ਹੋਈਆਂ ਨੇ। ਕੋਈ ਜੱਟ ਸਿੱਖ ਹੈ, ਕੋਈ ਰਾਮਗੜ੍ਹੀਆ ਸਿੱਖ ਹੈ, ਕੋਈ ਰਵਿਦਾਸੀਆ ਸਿੱਖ ਹੈ, ਕੋਈ ਭਾਪਾ ਸਿੱਖ ਹੈ, ਕੋਈ ਅਕਾਲੀ ਸਿੱਖ ਹੈ, ਕੋਈ ਕਾਂਗਰਸੀ ਸਿੱਖ ਹੈ, ਕੋਈ ਕਮਿਊਨਿਸਟ ਸਿੱਖ ਹੈ, ਕੋਈ ਟਕਸਾਲੀਆ ਸਿੱਖ ਹੈ, ਕੋਈ ਢਡਰੀਆਂ ਵਾਲਾ ਸਿੱਖ ਹੈ, ਕੋਈ ਬਾਦਲ ਕਿਆਂ ਦਾ ਸਿੱਖ ਹੈ, ਕੋਈ ਮਾਨ ਕਿਆਂ ਦਾ ਸਿੱਖ ਹੈ, ਕੋਈ ਭਾਜਪਾਈ ਜਾਂ ਆਰ. ਐਸ਼ ਐਸ਼ ਵਾਲਾ ਸਿੱਖ ਹੈ। ਸਭ ਦੇ ਸਿੱਖ ਹਨ, ਪਰ ਗੁਰੂ ਦਾ ਸਿੱਖ ਕਿੱਥੇ ਹੈ? ਅਸੀਂ ਸਭ ਨੂੰ ਆਖਦੇ ਹਾਂ, ਆਹ ਵੀ ਸਿੱਖ ਨਹੀਂ, ਔਹ ਵੀ ਸਿੱਖ ਨਹੀਂ। ਪਰ ਕਦੀ ਆਪਣੇ ਆਪ ਨੂੰ ਵੀ ਪੁੱਛਿਆ ਹੈ ਕਿ ਮੈਂ ਕਿੰਨਾ ਕੁ ਸਿੱਖ ਹਾਂ!
ਸਿੱਖ ਉਹ ਹੈ, ਜਿਹਨੇ ਆਪਣਾ ਜੀਵਨ ਗੁਰੂ ਦੀ ਸਿੱਖਿਆ ਅਨੁਸਾਰ ਢਾਲ ਲਿਆ ਹੈ। ਜੋ ਨਾ ਕੋ ਬੈਰੀ, ਨਾਹਿ ਬੇਗਾਨਾ ਦੀ ਅਵਸਥਾ ਵਿਚ ਪਹੁੰਚ ਕੇ ਕੁੱਲ ਮਨੁੱਖਤਾ ਨੂੰ ਕਲਾਵੇ ਵਿਚ ਲੈ ਕੇ ਆਖਦਾ ਹੈ, ‘ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ!’ ਪਰ ਇਹ ਆਖਣਾ ਓਸੇ ਸ਼ਖਸ ਦਾ ਹੀ ਬਣਦਾ ਹੈ, ਜਿਸ ਪਿੱਛੇ ਗੁਰੂ ਦੇ ਬਖਸ਼ੇ ਕਿਰਦਾਰ ਦੀ ਸੁੱਚੀ ਤੇ ਸੱਚੀ ਤਾਕਤ ਹੋਵੇਗੀ।
ਗੁਰੂ ਜੀ ਨੇ ਤਾਂ ਇਹ ਆਖ ਕੇ ਨਿਬੇੜਾ ਕਰ ਦਿੱਤਾ ਸੀ, “ਸਚਹੁ ਉਰਹਿ ਸਭ ਕੋ ਊਪਰ ਸੱਚ ਆਚਾਰ॥”
ਇਕੱਲਾ ਸੱਚ ਵੱਡਾ ਤਾਂ ਹੈ, ਪਰ ਸਭ ਤੋਂ ਵੱਡਾ ਉਚਾ ਕਿਰਦਾਰ ਹੈ। ਸਤਯਮੇਵ ਜਯਤੇ ਨਹੀਂ ਹੁੰਦੀ, ਸੱਚੇ ਕਿਰਦਾਰ ਦੀ ਜਿੱਤ ਹੁੰਦੀ ਹੈ। ਕਤਲ ਕਰ ਕੇ, ਜ਼ਨਾਹ ਕਰ ਕੇ, ਪਾਪ ਕਰ ਕੇ ਮੰਨ ਜਾਓ। ਗੁਨਾਹ ਕਬੂਲ ਕਰ ਲਵੋ। ਫਾਹੇ ਲੱਗਣਾ ਵੀ ਪ੍ਰਵਾਨ ਕਰ ਲਵੋ, ਤਦ ਵੀ ਕਿਰਦਾਰ ਦੀ ਸੁਚਮਤਾ ਸਰਵਉਪਰ ਹੈ, ਕਿਉਂਕਿ ਸੱਚੇ ਕਿਰਦਾਰ ਵਾਲਾ ਗੁਨਾਹ ਕਰੇਗਾ ਹੀ ਨਹੀਂ।
ਪੁੱਛਣ ਖੋਲ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਾਨੋਈ?
ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਬਾਝੋਂ ਦੋਨੋ ਰੋਈ।
ਇਸ ਜੰਗ ਵਿਚ ਗੁਫਤਾਰ ਦੇ ਗਾਜ਼ੀਆਂ ਦੀ ਨਹੀਂ, ਕਿਰਦਾਰ ਦੇ ਗਾਜ਼ੀਆਂ ਦੀ ਲੋੜ ਸੀ। ਜਪ ‘ਪ੍ਰੇਮ ਖੇਲਨ ਕਾ ਚਾਓ’ ਮਨ ਵਿਚ ਲੈ ਕੇ ਤੇ ਤਲੀ ‘ਤੇ ਸੀਸ ਧਰ ਕੇ ‘ਨਿਸਚੈ ਕਰੁ ਅਪੁਨੀ ਜੀਤ ਕਰੋਂ’ ਦਾ ਅਜ਼ਮ ਲੈ ਕੇ ਮੈਦਾਨ ਵਿਚ ਨਿੱਤਰਦੇ ਹਨ।
ਸੋ ਅਜਿਹੇ ਕਿਰਦਾਰ ਦੀ ਬੁਲੰਦੀ ਵਾਲਾ ਜਿਹੜਾ ਸਿੱਖ ਗੁਰੂ ਸਾਹਿਬ ਨੇ ਸਿਰਜਿਆ ਸੀ, ਉਹ ਲੱਭਦਾ ਕਿੱਥੇ ਹੈ?
ਮੱਥਾ ਟੇਕਣਾ ਤਾਂ ਇਕ ਰਸਮ ਬਣ ਗਈ,
ਭੇਟਾ ਸੀਸ ਚੜ੍ਹਾਵਣਾ ਬੜਾ ਔਖਾ।
ਕਿਹੜਾ ਸਿੱਖ ਦਿਆਲੇ ਤੋਂ ਘੱਟ ਬਣਦਾ,
ਦੇਗਾਂ ਵਿਚ ਸੜ ਜਾਵਣਾ ਬੜਾ ਔਖਾ।
ਮਤੀ ਦਾਸ ਵਰਗਾ ਹਰ ਕੋਈ ਚਾਹੇ ਬਣਨਾ,
ਆਰੇ ਨਾਲ ਚਿਰ ਜਾਵਣਾ ਬੜਾ ਔਖਾ।
ਵਲੀ ਦੇਵਤਾ ਸੌਖਾ ਬਣ ਜਾਣਾ ਸੀਤਲ,
ਬਣ ਕੇ ਸਿੱਖ ਨਿਭਾਵਣਾ ਬੜਾ ਔਖਾ।
ਰੱਬ ਨੂੰ ਪਾਉਣ ਲਈ ਅੰਨ੍ਹੀ-ਸ਼ਰਧਾ ਨਹੀਂ, ਅਕਲ ਦੀ ਲੋੜ:
ਗੁਰੂ ਜੀ ਨੇ ਕਿਸੇ ਅੰਧ-ਵਿਸ਼ਵਾਸ, ਨਰਕ-ਸੁਰਗ ਤੇ ਡਰ-ਭੈਅ, ਭਰਮ, ਬੇਲੋੜੀ ਸ਼ਰਧਾ ਦੀ ਜਕੜ ਤੋਂ ਮੁਕਤ ਹੋ ਕੇ, ਕਿਸੇ ਨਰਕ-ਸੁਰਗ ਦੇ ਡਰਾਵੇ ਦੇ ਕੇ ਲੋਕ ਨਹੀਂ ਜੋੜੇ। ਦਲੀਲ ਨਾਲ ਜੋੜੇ। ਸਿੱਧਾਂ ਨੂੰ ਕਿਹਾ ਕਿ ਜੇ ਤੁਹਾਡੇ ਜਿਹੇ ਲੋਕ ਜੰਗਲਾਂ ਵਿਚ ਆ ਜਾਣਗੇ। ਪਹਿਲੇ ਦਰਜੇ ਦੀ ਪ੍ਰਤਿਭਾ ਪਲਾਇਨ ਕਰ ਜਾਵੇਗੀ ਤਾਂ ਸੰਸਾਰ ਦਾ ਕਾਰ-ਵਿਹਾਰ ਦੂਜੇ ਜਾਂ ਤੀਜੇ ਦਰਜੇ ਦੀ ਪ੍ਰਤਿਭਾ ਹੀ ਸੰਭਾਲੇਗੀ।
ਗੁਰੂ ਜੀ ਨੇ ਕਿਹਾ ਸੀ, “ਗੱਲੀ ਭਿਸਤੁ ਨਾ ਪਾਈਐ॥” ਜਾਹਰ ਹੈ, ਕਰਮ ‘ਤੇ ਬਲ ਦੇ ਰਹੇ ਸਨ। ਉਹ ਚਾਹੁੰਦੇ ਸਨ ਕਿ ‘ਰਈਅਤ ਗਿਆਨ ਵਿਹੂਣੀ ਹੋਵੇਗੀ ਤਾਂ ਅੰਨ੍ਹੀ ਰਹੇਗੀ। ਅੰਨ੍ਹਾ ਬੰਦਾ ਸੱਚ ਨਹੀਂ ਵੇਖ ਸਕਦਾ, “ਅੰਧੀ ਰਈਅਤ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰ॥”
ਉਹ ਚਾਹੁੰਦੇ ਸਨ,
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜ ਕੈ ਬੁਝੀਐ ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥
ਜਾਹਰ ਹੈ, ਅਕਲ ਦੇ ਚਾਨਣ ਬਿਨਾ ਕਿਸੇ ਵੀ ਤਰ੍ਹਾਂ ਦੇ ਕੂੜ ਹਨੇਰੇ ‘ਚੋਂ ਬਾਹਰ ਨਹੀਂ ਨਿਕਲਿਆ ਜਾ ਸਕਦਾ। ਬਾਬੇ ਨਾਨਕ ਦੀ ਵਿਚਾਰਧਰਾ ਤੋਂ ਅਕਲ ਲੈਣ ਦੀ ਲੋੜ ਹੈ। ਲੋਕਾਈ ਨੂੰ ਅਗਿਆਨ ਦੇ ਹਨੇਰੇ ਵਿਚੋਂ ਬਾਹਰ ਕੱਢਣ ਲਈ ਅਕਲ ਤੇ ਗਿਆਨ ਦੇ ਦੀਵੇ ਬਾਲਣ ਦੀ ਲੋੜ ਹੈ। ਇਕ ਧਿਰ ਦੂਜੀ ਦਾ ਸ਼ੋਸ਼ਣ ਹੀ ਇਸੇ ਕਰਕੇ ਕਰਦੀ ਹੈ ਕਿ ਦੂਜੀ ਦਾ ਬੌਧਿਕ ਪੱਧਰ ਨੀਵਾਂ ਹੁੰਦਾ ਹੈ, ਸੋਸ਼ਿਤ ਧਿਰ ਨੂੰ ਗਿਆਨ ਦੇ ਦੀਵੇ ਫੜਾ ਕੇ ਸਮਾਜ ਨੂੰ ਰੌਸ਼ਨ ਕਰਨ ਦਾ ਢੁਕਵਾਂ ਵੇਲਾ ਹੈ।
ਸ਼ਬਦ ਤੇ ਸੰਗੀਤ ਦੀ ਜੁਗਲਬੰਦੀ
ਅਸੀਂ ਪੰਜਾਬੀ ਸ਼ਬਦ ਤੇ ਸੰਗੀਤ ਦੇ ਪੁੱਤਰ ਸਾਂ। ਗੁਰੂ ਜੀ ਜਿੱਥੇ ਵੀ ਜਾਂਦੇ, ਇਹੋ ਆਖਦੇ, “ਮਰਦਾਨਿਆਂ ਰਬਾਬ ਵਜਾਇ। ਬਾਣੀ ਆਈ ਹੈ।” ਸ਼ਾਇਰੀ ਤੇ ਸੰਗੀਤ ਦੀ ਬਾਰਿਸ਼ ਵਿਚ ਲੋਕਾਂ ਦੇ ਮਨ ਭਿੱਜ ਜਾਂਦੇ। ਮਨਾਂ ਦੀ ਮੈਲ ਧੁਪ ਜਾਂਦੀ। ਅੰਦਰੋਂ ਸੱਚਾ ਤੇ ਸੁੱਚਾ ਇਨਸਾਨ ਲਿਸ਼ਕ ਉਠਦਾ।
ਅੱਜ ਦਾ ਸੰਗੀਤ ਬਾਬੇ ਨਾਨਕ ਦੀ ਰਵਾਇਤ ਤੋਂ ਪਾਸੇ ਜਾ ਚੁਕਾ ਹੈ। ਅੱਜ ਅਸ਼ਲੀਲ ਤੇ ਨੰਗੇ ਨਾਚ, ਲੁੱਚੇ ਬੋਲ, ਬਾਂਦਰ ਟਪੂਸੀਆਂ ਤੇ ਬੇਸੁਰੀਆਂ ਚੀਕਾਂ ਪੰਜਾਬੀ ਸੰਗੀਤ ਤੇ ਸਭਿਆਚਾਰ ਦਾ ਪ੍ਰਤੀਨਿਧ ਨਮੂਨਾ ਬਣ ਗਏ ਹਨ। ਇਸ ਸੰਗੀਤ ਦੇ ਭਿਆਨਕ ਸ਼ੋਰ ਪਿੱਛੇ ਉਨ੍ਹਾਂ ਹਜ਼ਾਰਾਂ ਮਾਂਵਾਂ, ਭੈਣਾਂ ਤੇ ਪਤਨੀਆਂ ਦੇ ਵੈਣ ਦੱਬੇ ਜਾਂਦੇ ਨੇ, ਜਿਨ੍ਹਾਂ ਦੇ ਪੁੱਤ, ਭਰਾ ਤੇ ਪਤੀ ਨਸ਼ੇ ਦੇ ਦੈਂਤ ਨੇ ਖਾ ਲਏ ਨੇ, ਜਿਨ੍ਹਾਂ ਦੇ ਘਰ ਦੇ ਜੀਅ ਗਲ ਵਿਚ ਫਾਹਾ ਲੈ ਕੇ ਜਾਂ ਸਲਫਾਸ ਖਾ ਕੇ ਜਹਾਨੋਂ ਕੂਚ ਕਰ ਗਏ ਨੇ। ਇਸ ਬੇਸੁਰੇ ਸੰਗੀਤ ਦੇ ਸ਼ੋਰ ਵਿਚ ਬਾਬੇ ਨਾਨਕ ਦੇ ਬੋਲ ਕਿਧਰੇ ਬਹੁਤ ਦੂਰ ਤੋਂ ਅਣਸੁਣੇ ਹੋ ਰਹੇ ਨੇ।
ਸ਼ੇਕਸਪੀਅਰ ਨੇ ਕਿਹਾ ਸੀ, “ਜਿਹੜਾ ਬੰਦਾ ਸੰਗੀਤ ਨੂੰ ਪਿਆਰ ਨਹੀਂ ਕਰਦਾ, ਉਹ ਜ਼ਰੂਰ ਕਦੀ ਨਾ ਕਦੀ ਕਿਸੇ ਦਾ ਕਤਲ ਕਰੇਗਾ।”
ਅੱਜ ਪੰਜਾਬੀ ਕੌਮ ਵਿਚਾਰਧਾਰਕ ਤੌਰ ‘ਤੇ ਕਤਲ ਹੋ ਰਹੀ ਹੈ ਜਾਂ ਕਤਲ ਕੀਤੀ ਜਾ ਰਹੀ ਹੈ।
ਸਾਡੇ ਸਾਹਮਣੇ ਕਈ ਸਵਾਲ ਫੰਨ ਚੁੱਕੀ ਖਲੋਤੇ ਹਨ:
ਅਸੀਂ ਗੁਰੂ ਨੂੰ ਆਪਣਾ ਬਣਾ ਲਿਆ, ਦੂਜਿਆਂ ਤੋਂ ਖੋਹ ਲਿਆ। ਗੁਰੂ ਦੁਆਲੇ ਧੁੰਦ ਲਪੇਟ ਦਿੱਤੀ। ਸਾਂਝੀਵਾਲਾਤਾ ਦੀ ਥਾਂ ਕੇਵਲ ਮੈਂ, ਮੇਰੀ ਭਾਰੂ ਹੋ ਗਈ ਏ। ਬਾਬੇ ਦਾ ਤੂੰ ਤੇਰਾ ਦਾ ਸਬਕ ਕਿਉਂ ਭੁੱਲ ਗਏ ਹਾਂ?
ਹਿੰਦੂਸਤਾਨ ਦੀ ਥਾਂ ਗੁਰੂ ਨਾਨਕ ਦੀ ਕਲਪਨਾ ਵਾਲੇ ਹਿੰਦੁਸਤਾਨ ਵਿਚ ਆਪਣੀ ਸਪੇਸ ਬਣਾਉਣੀ ਤੇ ਸਾਂਝੀਵਾਲਤਾ ਮੁਹੱਬਤੀ ਤੇ ਆਪਸੀ ਰਵਾਦਾਰੀ ਵਾਲਾ ਸਮਾਜ ਕਾਇਮ ਕਰਨ ਦੀ ਲੜਾਈ ਲੜਨੀ ਹੈ ਜਾਂ ਸੀਸ-ਗੰਜ, ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਵਾਸਤੇ ਪਾਸਪੋਰਟ ਲੈਣ ਦਾ ਪ੍ਰਬੰਧ ਕਰਨ ਦੀ ਲੜਾਈ ਲੜਨੀ ਹੈ। ਕਰਤਾਰਪੁਰ ਦੇ ਲਾਂਘੇ ਨੂੰ ਲੈਣ ਲਈ ਸੱਤਰ ਸਾਲਾਂ ਤੋਂ ਮੰਗ ਤੇ ਤਰਲੇ ਕਰਦੇ ਰਹੇ। ਫਿਰ ਕਿਹੜਾ ਕਿਹੜਾ ਲਾਂਘਾ ਮੰਗਦੇ ਫਿਰੋਗੇ?
ਅੱਜ ਤਾਂ ਵੈਰਾਗੇ ਹੋਏ ਹਾਂ ਕਿ ਮੇਰਾ ਨਾਨਕ ਇਕੱਲਾ ਰਹਿ ਗਿਆ ਏ। ਬਹੁਤ ਦਿਨ ਹੋਏ ਸੰਗਤ ‘ਚ ਹੁਣ ਕਦੇ ਮਰਦਾਨਾ ਨਹੀਂ ਆਇਆ।
ਫਿਰ ਕਿਤੇ ਇਹ ਨਾ ਕਹਿਣਾ ਪਵੇ,
ਮੇਰਾ ਗੋਬਿੰਦ ਬਹੁਤ ਇਕੱਲਾ ਰਹਿ ਗਿਆ ਏ, ਬਹੁਤ ਦਿਨ ਹੋਏ ਸੰਗਤ ‘ਚ ਹੁਣ ਕਦੀ ਭਾਈ ਨੰਦ ਲਾਲ ਨਹੀਂ ਆਇਆ।
ਕਰਤਾਰਪੁਰ ਦਾ ਲਾਂਘਾ ਖੋਲ੍ਹਣ ਲਈ ਤਾਂ ਬੜੇ ਯਤਨ ਹੋਏ ਨੇ, ਪਰ ਗੁਰੂ ਲਈ ਆਪਣੇ ਦਿਲਾਂ ਦੇ ਬੰਦ ਪਏ ਦਰਵਾਜੇ ਕਦੋਂ ਖੋਲ੍ਹਾਂਗੇ?
ਮੂਰਤੀ ਪੂਜਾ ਨਹੀਂ ਕਰਨੀ, ਅਸੀਂ ਨਿਸ਼ਾਨ ਸਾਹਿਬ ਦੇ ਥੜ੍ਹਿਆਂ ਦੀਆਂ ਮੁੱਠੀਆਂ ਭਰਦੇ ਹਾਂ।
ਔਰਤ ਨੂੰ ਇਨਸਾਨੀ ਗੌਰਵ ਬਖਸ਼ਿਆ ਤੇ ਮਰਦ ਤੋਂ ਉਚਾ ਦਰਸਾਇਆ, ਓਹੋ ਔਰਤ ਦਰਬਾਰ ਸਾਹਿਬ ਵਿਚ ਕੀਰਤਨ ਨਹੀਂ ਕਰ ਸਕਦੀ, ਸੇਵਾ ਨਹੀਂ ਕਰ ਸਕਦੀ।
ਜਿਹੜਾ ਭਾਈ ਮਰਦਾਨਾ ਸਾਰੀ ਉਮਰ ਗੁਰੂ ਨੂੰ ਗਾਉਂਦਾ ਰਿਹਾ ਤੇ ਜਿਹਦੀਆਂ ਸਭ ਪੀੜ੍ਹੀਆਂ ਗੁਰਬਾਣੀ ਨਾਲ ਜੁੜੀਆਂ ਰਹੀਆਂ, ਉਨ੍ਹਾਂ ਲਈ ਕੀਰਤਨ ਲਈ ਵਰਜਣਾ ਹੋ ਗਈ। ਗੁਰੂ ਨਾਨਕ ਤੇ ਭਾਈ ਮਰਦਾਨਾ ਵੀ ਕੀਰਤਨ ਨਾ ਕਰ ਸਕਣ।
ਸੰਵਾਦ ਦੀ ਪਰਿਪਾਟੀ ਤੋਰੀ ਪਰ ਅੱਜ ਗੁਰਦੁਆਰਿਆਂ ‘ਤੇ ਕਬਜ਼ੇ ਲਈ ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਵੀ ਲੱਥਦੀਆਂ ਪੱਗਾਂ ਤੇ ਲਿਸ਼ਕਦੀਆਂ ਤਲਵਾਰਾਂ ਸੰਵਾਦ ਰਚਾ ਰਹੀਆਂ ਨੇ। ਹਰ ਸਾਲ ਅਕਾਲ ਤਖਤ ‘ਤੇ ਇਹ ਭਾਣਾ ਵਰਤਦਾ ਤੁਸੀਂ ਵੇਖਦੇ ਓ।
ਆਪਣੀ ਭਾਖਾ ਛੱਡ ਕੇ ਮਲੇਸ਼ ਭਾਖਾ ਅਪਣਾ ਲਈ।
ਕਰਤਾਰਪੁਰ ਦਾ ਲਾਂਘਾ ਖੋਲਣ ਲਈ ਅਰਦਾਸਾਂ ਕਰਦੇ ਹਾਂ, ਪਰ ਗੁਰੂ ਲਈ ਦਿਲ ਦੇ ਦਰਵਾਜੇ ਬੰਦ ਕੀਤੇ ਹੋਏ ਹਨ।
ਰਾਜੇ ਸ਼ੀਂਹ ਤੇ ਮੁਕਦਮ ਕੁੱਤੇ ਕਹਿਣ ਵਾਲੇ ਗੁਰੂ ਦੇ ਤਥਾਕਥਿਤ ਸਿੱਖਾਂ ਨੇ ਆਪਣੇ ਗੁਰੂ ਦੀਆਂ ਸੰਸਥਾਵਾਂ ਨਵੇਂ ਰਾਜਿਆਂ ਨੂੰ ਸੌਂਪ ਦਿੱਤੀਆਂ ਨੇ। ਉਨ੍ਹਾਂ ਦੀ ਜੇਬ ਵਿਚਲੇ ਲਿਫਾਫੇ ਵਿਚ ਹਨ।
ਪੰਜਾਬ ਦੀ ਧਰਤੀ ਜੋ ਮਾਂ ਸੀ, ਦੇ ਪਾਣੀ ਜੋ ਪਿਤਾ ਸਨ, ਜਿਨ੍ਹਾਂ ਵਿਚ ਅੰਮ੍ਰਿਤ ਵਹਿੰਦਾ ਸੀ, ਹੁਣ ਜ਼ਹਿਰ ਵਗਦਾ ਹੈ।
ਜਨੇਊ ਵਿਚ ਦਇਆ, ਸੰਤੋਖ, ਜਤ ਸਤ ਲੋੜੀਂਦੇ ਨੇ ਤਾਂ ਕਿਰਪਾਨ ‘ਚ ਕਿਰਪਾ ਕਿਉਂ ਨਹੀਂ?
ਜੇ ਇਨ੍ਹਾਂ ਸਵਾਲਾਂ ਦੇ ਸੰਤੋਖਜਨਕ ਜਵਾਬ ਲੱਭ ਲਵਾਂਗੇ ਤਾਂ ਵੇਖਾਂਗੇ ਕਿ ਸਾਡਾ ਬਾਬਾ ਵੀ ਕਿਤੇ ਨਹੀਂ ਗਿਆ। ਉਹ ਸਾਡੀਆਂ ਅੱਖਾਂ ਵਿਚ ਰੋਸ਼ਨੀ ਬਣ ਕੇ ਟਿਕ ਗਿਆ ਹੈ, ਪਰ ਸ਼ਰਤ ਇਹ ਹੈ ਕਿ ਅੱਖਾਂ ਵਾਲੇ ਹੀ ਉਹਨੂੰ ਵੇਖ ਸਕਣਗੇ। ਉਹਦਾ ਵਾਸਾ ਚੂਨੇ-ਗਾਰੇ ਤੇ ਇੱਟਾਂ ਦੀ ਬਣੀ ਕਿਸੇ ਇਮਾਰਤ ਵਿਚ ਨਹੀਂ, ਸਾਡੇ ਦਿਲਾਂ ਵਿਚ ਹੋਵੇਗਾ ਬਾਸ਼ਰਤੇ ਸਾਡੇ ਦਿਲ ਸਾਫ ਹੋਣ!